ਪੂੰਜੀਪਤੀਆਂ ਦੇ ਬਾਈਕਾਟ ਦਾ ਸਮਾਂ ਆਇਆ: ਰਾਜੇਵਾਲ

ਲੁਧਿਆਣਾ: ਸੂਬੇ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਲੁਧਿਆਣਾ ਦੇ ਗਿੱਲ ਰੋਡ ਸਥਿਤ ਦਾਣਾ ਮੰਡੀ ਵਿਚ ‘ਕਾਰਪੋਰੇਟ ਭਜਾਓ, ਦੇਸ਼ ਬਚਾਓ, ਪੰਜਾਬ ਬਚਾਓ` ਮਹਾਰੈਲੀ ਕੀਤੀ। ਰੈਲੀ ਵਿਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕਰ ਕੇ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ।

ਜਾਣਕਾਰੀ ਮੁਤਾਬਕ ਇਸ ਮਹਾਰੈਲੀ ਵਿਚ 37 ਜਥੇਬੰਦੀਆਂ ਨੂੰ ਮਿਲਾ ਕਿ ਬਣੇ ‘ਪੰਜਾਬ ਬਚਾਓ ਸੰਯੁਕਤ ਮੋਰਚਾ` ਦੇ ਕਾਰਕੁਨ ਹਾਜ਼ਰ ਸਨ। ਆਗੂਆਂ ਨੇ ਕਿਹਾ ਕਿ ਕਿਸਾਨ-ਮਜ਼ਦੂਰ ਦੇ ਸਾਂਝੇ ਸੰਘਰਸ਼ ਸਦਕਾ ਹੀ ਕੇਂਦਰ ਨੂੰ ਖੇਤੀ ਕਾਨੂੰਨ ਰੱਦ ਕਰਨ ਲਈ ਮਜਬੂਰ ਹੋਣਾ ਪਿਆ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜਦੋਂ ਤੋਂ ਨਰਿੰਦਰ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਹੈ, ਉਦੋਂ ਤੋਂ ਦੇਸ਼ ਵਿਚ ਪੂੰਜੀਵਾਦ ਭਾਰੂ ਹੋ ਗਿਆ। ਪ੍ਰਧਾਨ ਮੰਤਰੀ ਮੋਦੀ ਸਾਰਾ ਦੇਸ਼ ਪੂੰਜੀਪਤੀਆਂ ਨੂੰ ਦੇਣਾ ਚਾਹੁੰਦੇ ਹਨ। ਇਸ ਕਰ ਕੇ ਅੰਦੋਲਨ ਦੀ ਜਿੱਤ ਤੋਂ ਬਾਅਦ ਹੁਣ ਪਿੰਡ-ਪਿੰਡ, ਸ਼ਹਿਰ ਸ਼ਹਿਰ ਘਰਾਂ ਵਿਚ, ਦੁਕਾਨਾਂ `ਤੇ, ਫੈਕਟਰੀਆਂ ਵਿਚ ਪੂੰਜੀਪਤੀਆਂ ਦੇ ਬਾਈਕਾਟ ਦੀ ਮੁਹਿੰਮ ਸ਼ੁਰੂ ਕੀਤੀ ਜਾਵੇ ਤਾਂ ਕਿ ਪੂੰਜੀਪਤੀਆਂ ਨੂੰ ਵੀ ਪਤਾ ਲੱਗੇ ਕਿ ਉਨ੍ਹਾਂ ਦਾ ਪੇਚਾ ਕਿੱਥੇ ਪਿਆ ਹੈ।
ਰਾਜੇਵਾਲ ਨੇ ਕਿਹਾ ਕਿ ਇਹ ਮਿੱਥ ਬਣ ਗਈ ਸੀ ਕਿ ਜਿੱਥੇ ਮੋਦੀ ਹੈ ਉਥੇ ਸਭ ਕੁਝ ਸੰਭਵ ਹੈ ਪਰ ਕਿਸਾਨਾਂ-ਮਜਦੂਰਾਂ ਦਾ ਏਕਾ ਮੋਦੀ ਨੂੰ ਹਰਾਉਣ ਵਿਚ ਸਫਲ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿਚ ਸਾਰੇ ਜਾਗਰੂਕ ਦਿਮਾਗ ਬੈਠੇ ਹਨ, ਇਸ ਲਈ ਮਹਿੰਗਾਈ, ਗਰੀਬੀ ਅਤੇ ਬੇਰੁਜ਼ਗਾਰੀ ਦੂਰ ਕਰਨ ਲਈ ਸਿਸਟਮ ਨੂੰ ਬਦਲਣ ਦੀ ਲੋੜ ਹੈ।