ਹੁਣ ਸੰਸਾਰ ਭਰ ਵਿਚ ਕਰੋਨਾ ਦੇ ਨਵੇਂ ਰੂਪ ‘ਓਮੀਕਰੋਨ` ਦੀ ਦਹਿਸ਼ਤ

ਸਿਡਨੀ: ਕਰੋਨਾ ਵਾਇਰਸ ਦੇ ਨਵੇਂ ਸਰੂਪ ‘ਓਮੀਕਰੋਨ` ਕਾਰਨ ਇਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਓਮੀਕਰੋਨ ਪਿਛਲੇ ਚਾਰ ਦਿਨਾਂ ਵਿਚ ਅੱਠ ਦੇਸ਼ਾਂ ਵਿਚ ਮਾਰ ਕਰ ਚੁੱਕਾ ਹੈ।

ਇਨ੍ਹਾਂ ਵਿਚ ਦੱਖਣੀ ਅਫਰੀਕਾ, ਇਜਰਾਇਲ, ਹਾਂਗਕਾਂਗ, ਬੋਤਸਵਾਨਾ, ਬੈਲਜੀਅਮ, ਜਰਮਨੀ, ਚੈਕ ਗਣਰਾਜ ਤੇ ਬਰਤਾਨੀਆ ਸ਼ਾਮਲ ਹੈ। ਆਸਟਰੇਲੀਆ, ਜਰਮਨੀ ਅਤੇ ਇੰਗਲੈਂਡ `ਚ ‘ਓਮੀਕਰੋਨ` ਦੇ ਕੇਸ ਮਿਲੇ ਹਨ। ਇੰਗਲੈਂਡ `ਚ ਦੋ ਅਤੇ ਆਸਟਰੇਲੀਆ ਤੇ ਜਰਮਨੀ `ਚ ਇਕ-ਇਕ ਵਿਅਕਤੀ `ਚ ਨਵੀਂ ਲਾਗ ਦੇ ਲੱਛਣ ਪਾਏ ਗਏ ਹਨ। ਓਮੀਕਰੋਨ ਦਾ ਪਹਿਲਾ ਮਾਮਲਾ ਦੱਖਣੀ ਅਫਰੀਕਾ ਵਿਚ 9 ਨਵੰਬਰ ਨੂੰ ਪਾਇਆ ਗਿਆ ਸੀ। ਯੂਰਪ, ਬ੍ਰਿਟੇਨ, ਅਮਰੀਕਾ, ਇਜਰਾਈਲ ਅਤੇ ਸ੍ਰੀਲੰਕਾ ਸਮੇਤ ਹੋਰ ਮੁਲਕਾਂ ਨੇ ਵੀ ਯਾਤਰਾ `ਤੇ ਪਾਬੰਦੀਆਂ ਲਾਗੂ ਕੀਤੀਆਂ ਹਨ।
ਦੱਖਣੀ ਅਫਰੀਕਾ ਨੇ 24 ਨਵੰਬਰ ਨੂੰ ਵਿਸ਼ਵ ਸਿਹਤ ਸੰਸਥਾ ਨੂੰ ਜਾਣਕਾਰੀ ਦਿੱਤੀ ਸੀ। ਡਬਲਿਊ.ਐਚ.ਓ. ਨੇ ਦੱਖਣੀ ਏਸ਼ਿਆਈ ਦੇਸ਼ਾਂ ਨੂੰ ਕਰੋਨਾ ਦੇ ਨਵੇਂ ਰੂਪ ਤੋਂ ਚੌਕਸ ਰਹਿਣ ਲਈ ਕਿਹਾ ਸੀ।
ਇਧਰ, ‘ਓਮੀਕਰੋਨ` ਤੋਂ ਸੁਰੱਖਿਆ ਦੇ ਮੱਦੇਨਜਰ ਜਾਰੀ ਸੱਜਰੇ ਦਿਸ਼ਾ-ਨਿਰਦੇਸ਼ਾਂ ਵਿਚ ਭਾਰਤ ਦੇ ਕੇਂਦਰੀ ਸਿਹਤ ਮੰਤਰਾਲੇ ਨੇ ਕੌਮਾਂਤਰੀ ਯਾਤਰੀਆਂ ਲਈ ਪਿਛਲੇ 14 ਦਿਨਾਂ ਦੀ ਯਾਤਰਾ ਹਿਸਟਰੀ ਸਾਂਝੀ ਕਰਨੀ ਲਾਜ਼ਮੀ ਕਰ ਦਿੱਤੀ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਨਵੀਆਂ ਸੇਧਾਂ ਮੁਤਾਬਕ ਯੂਕੇ, ਦੱਖਣੀ ਅਫਰੀਕਾ, ਹਾਂਗ ਕਾਂਗ ਤੇ ਹੋਰਨਾਂ ਜੋਖਮ ਵਾਲੇ ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਆਨਲਾਈਨ ਏਅਰ ਸੁਵਿਧਾ ਪੋਰਟਲ `ਤੇ ਫਾਰਮ ਭਰ ਕੇ ਪਿਛਲੇ 14 ਦਿਨਾਂ ਦੀ ਯਾਤਰਾ ਹਿਸਟਰੀ ਵਿਖਾਉਣੀ ਹੋਵੇਗੀ।
ਯਾਤਰਾ ਤੋਂ ਪਹਿਲਾਂ 72 ਘੰਟੇ ਪੁਰਾਣੀ ਆਰ.ਸੀ-ਪੀ.ਸੀ.ਆਰ. ਨੈਗੇਟਿਵ ਰਿਪੋਰਟ ਵੀ ਨਾਲ ਟੈਗ ਕਰਨੀ ਹੋਵੇਗੀ। ਇਸ ਵਾਇਰਸ ਦੇ ਜੋਖਮ ਵਾਲੇ ਦੇਸ਼ਾਂ ਵਿਚ ਬਰਤਾਨੀਆ, ਦੱਖਣੀ ਅਫਰੀਕਾ, ਚੀਨ, ਬੋਤਸਵਾਨਾ, ਬ੍ਰਾਜ਼ੀਲ, ਬੰਗਲਾਦੇਸ਼, ਚੀਨ, ਮੌਰੀਸਸ, ਨਿਊਜ਼ੀਲੈਂਡ, ਜ਼ਿੰਬਾਬਵੇ, ਸਿੰਗਾਪੁਰ, ਹਾਂਗਕਾਂਗ ਅਤੇ ਇਜਰਾਇਲ ਸ਼ਾਮਲ ਹਨ। ਨਵੀਂ ਹਦਾਇਤਾਂ ਵਿਚ ਮੰਤਰਾਲੇ ਨੇ ਕਿਹਾ ਕਿ ਉਪਰੋਕਤ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਪਹੁੰਚਣ ਤੋਂ ਪਹਿਲਾਂ ਆਪਣਾ ਕੋਵਿਡ-19 ਦਾ ਸੈਂਪਲ ਜਮ੍ਹਾਂ ਕਰਵਾਉਣਾ ਹੋਵੇਗਾ। ਹਦਾਇਤਾਂ ਮੁਤਾਬਕ, ਅਜਿਹੇ ਯਾਤਰੀਆਂ ਨੂੰ ਹਵਾਈ ਅੱਡਾ ਛੱਡਣ ਜਾਂ ਸਬੰਧਤ ਉਡਾਣ ਲੈਣ ਤੋਂ ਪਹਿਲਾਂ ਆਪਣੇ ਦਿੱਤੇ ਗਏ ਟੈਸਟਾਂ ਦੇ ਨਤੀਜੇ ਦੀ ਉਡੀਕ ਕਰਨੀ ਹੋਵੇਗੀ। ਟੈਸਟ ਨੈਗੇਟਿਵ ਆਉਣ ਮਗਰੋਂ ਉਹ ਸੱਤ ਦਿਨ ਘਰ ‘ਚ ਇਕਾਂਤਵਾਸ ਰਹਿਣਗੇ ਅਤੇ ਭਾਰਤ ਵਿਚ ਪਹੁੰਚਣ ਦੇ ਅੱਠਵੇਂ ਦਿਨ ਮੁੜ ਟੈਸਟ ਕਰਵਾਉਣਾ ਹੋਵੇਗਾ। ਜੇ ਟੈਸਟ ਫਿਰ ਵੀ ਨੈਗੇਟਿਵ ਆਉਂਦਾ ਹੈ ਤਾਂ ਅਗਲੇ ਸੱਤ ਦਿਨ ਉਨ੍ਹਾਂ ਨੂੰ ਖੁਦ ਸਿਹਤ ਦਾ ਧਿਆਨ ਰੱਖਣਾ ਹੋਵੇਗਾ।

‘ਦੱਖਣ-ਪੂਰਬੀ ਏਸ਼ਿਆਈ ਮੁਲਕ ਚੌਕਸ ਰਹਿਣ’
ਨਵੀਂ ਦਿੱਲੀ: ਕਰੋਨਾ ਵਾਇਰਸ ਦੇ ਨਵੇਂ ਸਰੂਪ ਦਾ ਪਤਾ ਲੱਗਣ ਅਤੇ ਕੇਸਾਂ ‘ਚ ਵਾਧੇ ਕਾਰਨ ਵਿਸ਼ਵ ਸਿਹਤ ਸੰਸਥਾ (ਡਬਲਿਊ.ਐਚ.ਓ.) ਨੇ ਦੱਖਣ-ਪੂਰਬੀ ਏਸ਼ਿਆਈ ਖਿੱਤੇ ਦੇ ਮੁਲਕਾਂ ਨੂੰ ਕਿਹਾ ਹੈ ਕਿ ਉਹ ਨਿਗਰਾਨੀ ਵਧਾਉਣ, ਜਨ ਸਿਹਤ ਨੂੰ ਮਜ਼ਬੂਤ ਬਣਾਉਣ, ਸਮਾਜਿਕ ਉਪਰਾਲੇ ਕਰਨ ਅਤੇ ਵੈਕਸੀਨੇਸ਼ਨ ਕਵਰੇਜ਼ ਵਧਾਉਣ ਵੱਲ ਧਿਆਨ ਦੇਣ। ਸੰਸਥਾ ਨੇ ਕਿਹਾ ਕਿ ਤਿਉਹਾਰਾਂ ਤੇ ਜਸ਼ਨਾਂ ਦੌਰਾਨ ਸਾਰੇ ਇਹਤਿਆਤੀ ਕਦਮ ਉਠਾਏ ਜਾਣ ਤੇ ਭੀੜ ਅਤੇ ਵੱਡੇ ਇਕੱਠ ਕਰਨ ਤੋਂ ਗੁਰੇਜ਼ ਕੀਤਾ ਜਾਵੇ।