ਫੁੱਲਾਂ ਦੀਆਂ ਕਲਮਾਂ ਲਾਈਏ

ਡਾ. ਗੁਰਬਖ਼ਸ਼ ਸਿੰਘ ਭੰਡਾਲ
ਫੁੱਲ, ਕੁਦਰਤ ਦਾ ਸਭ ਤੋਂ ਸੁੰਦਰ ਸਰੂਪ।ਕੁਦਰਤ ਦੀ ਰੰਗ-ਬਿਰੰਗਤਾ ਨੂੰ ਭਾਗ ਲਾਉਣ ਵਾਲੇ। ਚੌਗਿਰਦੇ ਨੂੰ ਮਹਿਕਾਂ ਨਾਲ ਲਬਰੇਜ਼ ਕਰਦੇ ਅਤੇ ਭੌਰਿਆਂ ਤੇ ਤਿਤਲੀਆਂ ਦਾ ਰੈਣ-ਬਸੇਰਾ।

ਫੁੱਲ ਹਰ ਬਿਰਖ਼ ਦੀ ਹਿੱਕ ‘ਤੇ ਆਪਣਾ ਆਲ੍ਹਣਾ ਪਾਉਂਦਾ।ਇਸ ਨੂੰ ਮਾਣ ਦਿੰਦਾ ਅਤੇ ਇਸ ਮਾਣਮੱਤਾ ਵਿਚੋਂ ਹੀ ਰੁੱਖ ਦੀ ਪਛਾਣ ਬਣਦੀ ਕਿਉਂਕਿ ਕੁਝ ਰੁੱਖ ਨਿਪੱਤਰੇ ਹੁੰਦੇ, ਕੁਝ ਫੁੱਲਾਂ ਨਾਲ ਲੱਧੇ ਅਤੇ ਕੁਝ ਫੁੱਲਾਂ ਨੂੰ ਤਰਸਦੇ।
ਫੁੱਲ ਨੂੰ ਸਹਿਲਾਉਣਾ, ਇਸ ਦੀਆਂ ਪੱਤੀਆਂ ਨੂੰ ਪਿਆਰ ਕਰਨਾ ਅਤੇ ਇਸ ਦੇ ਰੰਗਾਂ ਦੀ ਤਾਸੀਰ ਨੂੰ ਆਪਣੀ ਜੀਵਨ-ਜੁਗਤ ਵਿਚੋਂ ਨਿਹਾਰਨਾ ਹੀ ਰੰਗੀਨਮਈ ਜ਼ਿੰਦਗੀ ਦਾ ਰਾਜ਼ ਹੈ। ਫੁੱਲਾਂ ਦੀ ਛੋਹ ਮਾਣਨ ਲਈ ਫੁੱਲਾਂ ਵਰਗਾ ਬਣਨਾ ਲਾਜ਼ਮੀ ਹੈ।ਮਨ ਵਿਚ ਫੁੱਲਾਂ ਜੇਹੀ ਸੁਹਜਤਾ ਅਤੇ ਕੋਮਲਤਾ ਹੋਵੇ ਤਾਂ ਫੁੱਲ ਦੇ ਪਿੰਡੇ `ਤੇ ਨਿਕਲਦੀਆਂ ਕੁਤਕੁਤਾਰੀਆਂ, ਭਾਵਾਂ ਲਈ ਅੰਬਰੀਂ ਉਡਾਣ ਖ਼ਰਵੇ ਹੱਥਾਂ ਨਾਲ ਤਾਂ ਫੁੱਲ ਛੂਹਣ ਤੋਂ ਪਹਿਲਾਂ ਹੀ ਕੁਮਲਾ ਜਾਂਦੇ।
ਕੁਝ ਫੁੱਲ ਡੋਡੀਆਂ ‘ਚ ਬੰਦ, ਕੁਝ ਖਿੜਨਾ ਲੋਚਦੇ ਅਤੇ ਕੁਝ ਅੱਧ ਖਿੜੇ ਪਰ ਕੁਝ ਫੁੱਲ ਪੂਰਨ ਰੂਪ ਵਿਚ ਖਿੜੇ, ਜੋਬਨ-ਮੱਤੇ ਰੰਗਾਂ ਵਿਚ ਰੰਗੇ।ਇਨ੍ਹਾਂ ਰੰਗਾਂ ਵਿਚੋਂ ਸੰਧੂਰੀ ਅਤੇ ਗੰਧਮੀ ਰੰਗਾਂ ਨੂੰ ਜਿੰ਼ਦਗੀ ਦੇ ਨੈਣਾਂ ਵਿਚ ਦੇਖਣ ਦੀ ਜਾਚ ਆਉਂਦੀ।
ਅੱਧ ਖਿੜੇ ਫੁੱਲ ਦਾ ਖਿੜਨਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਉਸ ਦੀ ਹਿੱਕ ਵਿਚ ਪਲਦੀਆਂ ਨੇ ਹਿਚਕੀਆਂ ਤੇ ਹਉਕੇ, ਜੋ ਇਸ ਨੂੰ ਅੰਦਰੋਂ ਖ਼ੋਰਦੇ।ਫੁੱਲ ਨੂੰ ਆਪਣੀ ਆਉਧ ਹੰਢਾਉਣ ਤੋਂ ਵੀ ਵਰਜਦੇ। ਫੁੱਲ ਦੇ ਖਿੜਨ ਲਈ ਕੂਲੀਆਂ ਲਗਰਾਂ, ਨਰੋਏ ਤਣੇ ਅਤੇ ਬਿਰਖ਼ ਦੀ ਹਿੱਕ ਦਾ ਉਭਾਰ ਜ਼ਰੂਰੀ ਹੈ ਤਾਂ ਹੀ ਹਿੱਕ ਡੋਡੀ ਦਾ ਰੂਪ ਧਾਰ, ਪੱਤੀਆਂ ਵਿਚ ਰੰਗ ਅਤੇ ਮਹਿਕ ਭਰਦੀ ਹੈ।ਖਿੜਿਆ ਫੁੱਲ ਲਗਰ ਨੂੰ ਝੁਕਾਉਂਦਾ, ਕਦੇ ਹਿਲਾਉਂਦਾ ਅਤੇ ਕਦੇ ਮਟਕਾਉਂਦਾ।
ਫੁੱਲ ਨੂੰ ਫੁੱਲਾਂ ਦਾ ਸਾਥ ਸਭ ਤੋਂ ਚੰਗਾ ਲੱਗਦਾ।ਸੰਗੀਆਂ ਸੰਗ ਉਹ ਹੋਰ ਫੁੱਲਾਂ ਲਈ ਨਵੀਂ ਰਹਿਤਲ ਸਿਰਜਦਾ।ਇਹ ਫੁੱਲਾਂ ਦਾ ਬਗੀਚਾ ਹੀ ਹੁੰਦਾ, ਜੋ ਕਿਸੇ ਵਿਹੜੇ ਨੂੰ ਵੈਰਾਨਗੀ ਤੋਂ ਬਚਾਉਂਦਾ, ਬਾਗ ਲਈ ਮਾਣ ਹੁੰਦਾ ਅਤੇ ਮਾਲੀ ਦੀ ਅੱਖ ਵਿਚ ਤੈਰਦੇ ਸੁਪਨੇ ਦਾ ਸੱਚ ਬਣਦਾ।
ਕੁਝ ਫੁੱਲ ਧਾਗੇ ‘ਚ ਪਰੋਏ ਜਾਂਦੇ ਤੇ ਕੁਝ ਫੁੱਲ ਖੁ਼ਦਾ ਦੇ ਦਰਬਾਰ ਚੜ੍ਹਾਏ ਜਾਂਦੇ।ਕੁਝ ਫੁੱਲਾਂ ਨੂੰ ਸੂਲਾਂ ਦਾ ਸਾਥ ਮਿਲਦਾ ਤੇ ਕੁਝ ਪੈਰਾਂ ਹੇਠ ਮਸਲੇ ਜਾਂਦੇ।ਕੁਝ ਪੱਤੀ-ਪੱਤੀ ਕਰ ਕੇ ਹਵਾ ‘ਚ ਖਿੰਡਾਏ ਜਾਂਦੇ ਪਰ ਕੁਝ ਫੁੱਲ ਜਸ਼ਨ ਵੀ ਬਣਦੇ ਜਦ ਇਹ ਪਿਆਰ ਦਾ ਸੁਨੇਹਾ ਕਿਸੇ ਕੋਰੀ ਤਲੀ `ਤੇ ਧਰਦੇ।ਕਿਸੇ ਦੀ ਸੁਪਨਸਾਜ਼ੀ ਦਾ ਹਿੱਸਾ ਬਣਦੇ ਜਾਂ ਫੁੱਲਾਂ ਵਾਂਗ ਖਿੜੀਆਂ ਰੂਹਾਂ ਦੇ ਮਿਲਾਪ ਦਾ ਸੰਯੋਗ ਬਣਦੇ।
ਗੁਲਾਬ ਦੇ ਫੁੱਲਾਂ ਦੀ ਹਰ ਕੋਈ ਸੰਭਾਲ ਕਰਦਾ, ਇਸ ਦੀ ਪਹਿਰੇਦਾਰੀ ਕਰਦਿਆਂ, ਇਸ ਵਰਗਾ ਬਣਨ ਦੀ ਲੋਚਾ ਮਨ ਵਿਚ ਪੈਦਾ ਹੁੰਦੀ ਪਰ ਕਿੱਕਰ ਦੇ ਫੁੱਲ ਤਾਂ ਆਪਣੀ ਗਵਾਚੀ ਹੋਂਦ ਭਾਲਣ ਜੋਗੇ ਹੀ ਰਹਿ ਜਾਂਦੇ।ਅੱਕੜੇ ਦੇ ਫੁੱਲ ਤਾਂ ਛੱਪੜ ਦੇ ਕੰਢੇ ਨੂੰ ਮਿੱਤਰ ਮਿਲਣੀ ਦਾ ਸਬੱਬ ਬਣਾ ਦੇਂਦੇ। ਰੱਬ-ਸਬੱਬੀਂ ਜਦ ਥੋਹਰ ਦਾ ਫੁੱਲ ਕੰਡਿਆਂ ਵਿਚੋਂ ਆਪਣੀ ਹਸਤੀ ਜ਼ਾਹਰ ਕਰਦਾ ਤਾਂ ਥੋਹਰਾਂ ਵਰਗੇ ਲੋਕਾਂ ਨੂੰ ਆਪਣੇ ਅੰਦਰ ਬੈਠੈ ਉਸ ਰੂਪ ਦਾ ਅਹਿਸਾਸ ਹੁੰਦਾ, ਜੋ ਉਨ੍ਹਾਂ ਲਈ ਵੀ ਬੇ-ਪਛਾਣ ਹੁੰਦਾ।
ਫੁੱਲ ਦੀ ਡੋਡੀ ਨੂੰ ਪਲੋਸੋ, ਇਸ ਦੀ ਮਾਸੂਮੀਅਤ ਅਤੇ ਰੰਗਤਾ ਨੂੰ ਆਪਣੇ ਅੰਤਰੀਵ ਵਿਚ ਉਤਾਰੋ। ਤੁਹਾਨੂੰ ਅਹਿਸਾਸ ਹੋਵੇਗਾ ਕਿ ਫੁੱਲ ਬਣਨਾ ਕਿੰਨਾ ਕਠਿਨ ਹੁੰਦਾ ਅਤੇ ਉਸ ਤੋਂ ਵੀ ਔਖਾ ਹੁੰਦਾ ਹੈ ਪੱਥਰ ਦੇ ਸ਼ਹਿਰ ਵਿਚ ਰਹਿਣ ਵਾਲੇ ਕਠੋਰ ਲੋਕਾਂ ਵਿਚ ਫੁੱਲ ਬਣ ਕੇ ਵਿਚਰਨਾ। ਜ਼ਾਹਲ ਹੁੰਦੇ ਨੇ ਉਹ ਲੋਕ ਜੋ ਫੁੱਲ ਦੀ ਅਜ਼ਮਤ ਨੂੰ ਪੈਰਾਂ ਵਿਚ ਰੋਲ, ਬਾਜ਼ਾਰ ਦੀ ਵਸਤ ਬਣਾਉਣ ਵਿਚ ਢਿੱਲ ਨਹੀਂ ਲਾਉਂਦੇ।ਵਰਤ ਕੇ ਡਸਟਬਿਨ ਵਿਚ ਸੁੱਟਣ ਦੀ ਫ਼ਿਤਰਤ ਭਾਰੂ ਹੁੰਦੀ ਹੈ, ਇਨ੍ਹਾਂ ਦੀ ਸੋਚ `ਤੇ।
ਕੁਝ ਫੁੱਲ ਡੋਡੀ ਨੂੰ ਆਪਣੀ ਕਬਰ ਬਣਾਉਂਦੇ ਅਤੇ ਅਣਖਿੜੀ ਜੂਨ ਹੰਢਾਉਂਦੇ ਪਰ ਕੁਝ ਫੁੱਲ ਅਜਿਹੇ ਹੁੰਦੇ, ਜਿਨ੍ਹਾਂ ਨੂੰ ਖਿੜਨ ਦੀ ਪੂਰਨ ਆਜ਼ਾਦੀ, ਰੰਗ ਤੇ ਮਹਿਕਾਂ ਲੁਟਾਉਣ ਦੀ ਖੁੱਲ੍ਹ ਅਤੇ ਚੌਗਿਰਦੇ ਦੀ ਫਿਜ਼ਾ ਨੂੰ ਆਪਣੇ ਰੰਗ ਵਿਚ ਰੰਗਣ ਦੀ ਪੂਰਨ ਹਾਸਲਤਾ ਹੁੰਦੀ।
ਵਕਤ ਦੀ ਕੈਸੀ ਅਵਕਤੀ ਹੈ ਕਿ ਅੱਜ-ਕੱਲ੍ਹ ਫੁੱਲ ਕਬਰਾਂ `ਤੇ ਸੋਂਹਦੇ ਨੇ।ਧਾਰਮਿਕ ਅਸਥਾਨਾਂ ਵਿਚ ਆਪਣੀ ਅੰਤਿਮ ਅਰਦਾਸ ਪੜ੍ਹਦੇ ਨੇ। ਪਿਆਰੇ ਦੀ ਬੇਵਕਤੀ ਮੌਤ ‘ਤੇ ਹੰਝੂਆਂ ਵਿਚ ਡੁੱਬੇ ਹੁੰਦੇ ਨੇ ਜਾਂ ਧਾਰਮਿਕ ਕੱਟੜਤਾ ਵਿਚ ਵੰਡੇ ਆਪਣਾ ਦਰਦ ਸੁਣਾਉਣ ਤੋਂ ਵੀ ਵਿਰਵੇ। ਅੰਦਰ ਜਮ੍ਹਾਂ ਹੋ ਚੁੱਕਿਆ ਰੋਣ, ਹੰਝੂਆਂ ਦੀ ਉੱਗੀ ਹੋਈ ਸੈਲਾਬ, ਹਿਚਕੀਆਂ ਦੀ ਮਾਤਮੀ ਚੁੱਪ। ਇਸ ਸਭ ਕੁਝ ਨੂੰ ਹੰਢਾਉਂਦਿਆਂ ਕਿਵੇਂ ਫੁੱਲ ਫ਼ੱਕਰ ਜਿਹੀ ਜੂਨ ਹੰਢਾਵੇ? ਤਾਂ ਹੀ ਫੁੱਲ ਸਿਵਿਆਂ ਵੱਲ ਨੂੰ ਤੁਰਿਆ ਜਾਵੇ ਅਤੇ ਆਪਣਾ ਮਰਸੀਆ ਖ਼ੁਦ ਹੀ ਅਲਾਹੇ।
ਇਹ ਵੀ ਅਜੋਕੇ ਸਮੇਂ ਨੇ ਹੀ ਦੇਖਣਾ ਸੀ ਕਿ ਫੁੱਲਾਂ ਦੇ ਹਿੱਸੇ ਵੀ ਰੋਣੇ ਆਉਣੇ ਸਨ ਅਤੇ ਉਨ੍ਹਾਂ ਨੇ ਆਪਣੇ ਹਿੱਸੇ ਦੇ ਹਾਸਿਆਂ ਨਾਲ ਲੋਕਾਂ ਨੂੰ ਵਰਾਉਣ ਦੀ ਬਜਾਏ ਹੁਣ ਰੁਆਉਣਾ ਸੀ। ਕਿੱਧਰ ਗਿਆ ਹੈ ਮੂੰਹੋਂ ਫੁੱਲਾਂ ਵਾਂਗ ਕਿਰਨ ਵਾਲੇ ਬੋਲਾਂ ਦੀ ਫੁੱਲਾਂ ਵਰਗੀ ਤਾਸੀਰ ਨੂੰ ਆਪਣੀ ਤਬੀਅਤ ਦੇ ਨਾਮ ਕਰਨ ਦਾ ਹੁਨਰ? ਫੁੱਲਾਂ ਵਰਗਾ ਬਣਨ ਦੀ ਲੋਚਾ ਅਤੇ ਫੁੱਲਾਂ ਵਰਗੀ ਹੁਸੀਨ ਵਾਦੀ ਨੂੰ ਮਨ ਮੰਦਰ ਵਿਚ ਉਪਜਾਉਣ ਦੀ ਚਾਹਨਾ? ਕਿਉਂ ਅਜੋਕਾ ਮਨੁੱਖ ਕੰਡਿਆਂ ਦੀ ਵਿਛਾਈ `ਚ ਰੁੱਝਿਆ? ਕਿਉਂ ਉਹ ਰਾਹਾਂ ਵਿਚ ਸੂਲਾਂ ਬੀਜਣ ਲਈ ਉਤਾਵਲਾ? ਕਿਉਂ ਧਾਰਮਿਕ ਆਗੂਆਂ ਨੇ ਫੁੱਲਾਂ ਨੂੰ ਵੀ ਆਪਣੇ ਧਰਮ ਮੁਤਾਬਕ ਵੰਡ ਲਿਆ ਏ? ਮਨੁੱਖ ਨੇ ਕੁਦਰਤੀ ਅਮੁਲਤਾ ਨੂੰ ਆਪਣੇ ਧਰਮ ਅਨੁਸਾਰ ਵੰਡ ਲਿਆ ਏ। ਹਾਕਮ ਕਿਹੀ ਚਾਲ ਚੱਲੀ ਕਿ ਕਰਦੇ ਫੁੱਲ ਕੰਡਿਆਂ ਦੀ ਰਾਖ਼ੀ ਤੇ ਕੰਡੇ ਫੁੱਲਾਂ ਦਾ ਮਰਸੀਆ ਗਾਵਣ ਬਣੀਆਂ ਸੂਲਾਂ ਸੱਜਣਾ ਸਾਕੀ।ਪਰ ਸਮਿਆਂ ਦਾ ਸੱਚ ਹੀ ਇਹ ਹੈ:
ਫੁੱਲ ਫੁੱਲਾਂ ਦੇ ਹਮਜੋਲੀ ਤੇ ਫੁੱਲ ਫੁੱਲਾਂ ਦੀਆਂ ਸਾਹਾਂ,
ਫੁੱਲਾਂ ਦੇ ਵਿਚ ਫੁੱਲਾਂ ਵਿਚੋਂ ਮਹਿਕਾਂ ਭਰੀਆਂ ਰਾਹਾਂ,
ਫੁੱਲ ਫੁੱਲਾਂ ਦਾ ਹਾਣ ਭਾਲਦੇ ਤੇ ਫੁੱਲ ਫੁੱਲਾਂ ਨਾਲ ਸੋਂਹਦੇ,
ਤਾਂ ਹੀ ਲੋਕ ਘਰ ਤੇ ਵਿਹੜੇ ਫੁੱਲਾਂ ਨਾਲ ਸਜਾਉਂਦੇ।
ਫੁੱਲਾਂ ਵਰਗੇ ਲੋਕ ਪਤਾ ਨਹੀਂ ਕਿਹੜੇ ਨਗਰ ਵਸੇਂਦੇ
ਤੇ ਫੁੱਲਾਂ ਦੀ ਸੱਦ ਲਾ ਕੇ ਰੂਹ ਦੇ ਨਗ਼ਮੇ ਗਾਉਂਦੇ।
ਸਾਡੀ ਗਲੀਏ ਫੁੱਲਾਂ ਜੇਹੇ ਫੱਕਰਾਂ ਪਾਈ ਕਿਉਂ ਨਾ ਫੇਰੀ,
ਫੁੱਲਾਂ ਦੀ ਨਗਰੀ ਤਾਂ ਆਪਣਿਆਂ ਕਰਤੀ ਖ਼ਾਕ ਦੀ ਢੇਰੀ।
ਫੁੱਲਾਂ ਬਾਝੋਂ ਸੋਹਣਿਆ ਸੱਜਣਾ, ‘ਵਾਵੀਂ ਉਡਦੇ ਪੱਤੇ,
ਚਮਨ ਦੀ ਬੀਹੀਏ ਕਿਸ ਨੇ ਗਾਉਣੇ ਗੀਤ ਸੁਮੱਤੇ।
ਫੁੱਲਾਂ ਵਰਗੀਆਂ ਸੋਚਾਂ ਪੱਲੇ ਸੁਖ਼ਨ, ਸਕੂਨ ਸੁਗਾਤਾਂ,
ਫੁੱਲਾਂ ਦੀ ਨਿੱਘੀ ਬੁੱਕਲ ਦੇ ਵਿਚ ਚਾਨਣ ਰੱਤੀਆਂ ਰਾਤਾਂ।
ਰਾਤ ਦੇ ਮੱਥੇ ਦਸਤਕ ਦਿੰਦੀਆਂ ਸੋਨ ਰੰਗੀਆਂ ਪ੍ਰਭਾਤਾਂ,
ਤੇ ਦਿਨ ਦੀ ਤਲੀ `ਤੇ ਧਰਦੀਆਂ ਜਿਊਣ ਦੀਆਂ ਸੁਗਾਤਾਂ।
ਫੁੱਲਾਂ ਵਰਗੇ ਬੋਲਾਂ ਨੂੰ ਲੋਚੇ ਹਰ ਨਗਰ ਦੀ ਜੂਹ,
ਹਰ ਭਿਣਕ ਨਾਲ ਲੈਂਦੀ ਫਿਰਦੀ ਫੁੱਲ ਦੇ ਆਉਣ ਦੀ ਸੂਹ।
ਬਿਰਖ਼ ਵਿਚਾਰਾ ਫੁੱਲ ਆਪਣੇ ਉਡੀਕੇ ਦਿਨ ਤੇ ਰਾਤੀਂ,
ਪਰ ਉਸ ਦੀ ਝੋਲੀ ਪਈ ਨਾ ਫੁੱਲ ਜਿਹੀ ਬੂੰਦ-ਸਵਾਂਤੀ।
ਫੁੱਲਾਂ `ਤੇ ਲੱਗੀਆਂ ਪਾਬੰਦੀਆਂ, ਇਨ੍ਹਾਂ ਦੇ ਦੁਆਲੇ ਵਾੜਾਂ ਦਾ ਘੇਰਾ, ਮਾਲੀ ਦੀ ਬੇਦਖ਼ਲੀ ਤੇ ਝਪੱਟਾ ਮਾਰਨ ਵਾਲਿਆਂ ਦੀ ਕਿਲ੍ਹਾਬੰਦੀ। ਫੁੱਲ ਦਾ ਘੁਟਦਾ ਏ ਸਾਹ, ਸੀਨੇ ਵਿਚ ਉਠਦੀ ਏ ਆਹ। ਉਸ ਦੀ ਕੋਈ ਨਹੀਂ ਲੈਂਦਾ ਸੋਅ, ਨਾ ਹੀ ਫੁੱਲ ਦੀ ਵੇਦਨਾ ਪਾਉਂਦੀ ਦਿਲ ਵਿਚ ਖੋਹ ਅਤੇ ਨਾ ਹੀ ਕਿਧਰੇ ਦਿਸਦਾ ਗ਼ੈਰਤਮੰਦਾਂ ਦਾ ਰੋਹ।ਪਤਾ ਨਹੀਂ ਕਿਧਰ ਤੁਰ ਗਏ ਫੁੱਲ ਬੀਜਣ ਵਾਲੇ, ਇਨ੍ਹਾਂ ਦੀ ਰਾਖ਼ੀ ਕਰਨ ਵਾਲੇ ਅਤੇ ਇਨ੍ਹਾਂ ਦੇ ਵਣਜ ਵਿਚੋਂ ਜ਼ਿੰਦਗੀ ਨੂੰ ਮਹਿਕਾਂ ਤੇ ਰੰਗਾਂ ਦਾ ਸੰਧਾਰਾ ਵਣਜਣ ਵਾਲੇ। ਕਿਧਰੇ ਨਹੀਂ ਥਿਆਉਂਦੇ ਫੁੱਲਾਂ ਦੀਆਂ ਕਲਮਾਂ ਲਾਉਣ ਵਾਲੇ।ਇਸ ਦੀ ਕਾਂਟ-ਛਾਂਟ ਨਾਲ ਇਸ ਦੀ ਦਿੱਖ ਨਿਖ਼ਾਰਨ ਅਤੇ ਕਰੂੰਬਲਾਂ ਨੂੰ ਪਲੋਸਣ ਵਾਲੇ? ਇਸ ਦੀ ਹਿੱਕ ਵਿਚ ਉੱਗਦੇ ਪੁੰਗਾਰੇ ਨੂੰ ਵਾਚਣ ਵਾਲੇ ਅਤੇ ਵਾਧੇ ਵਿਚੋਂ ਹੀ ਚਮਨ ਦੀ ਹਿੱਕ ਵਿਚ ਹੁਲਾਸ ਅਤੇ ਆਸ ਦਾ ਖ਼ੁਮਾਰ ਪੈਦਾ ਕਰਨ ਵਾਲੇ।
ਚਮਨ ਵਿਚਾਰਾ ਕੀ ਕਰੇ ਜਦ ਕੋਈ ਮਾਲੀ ਹੀ ਇਸ ਦੀ ਸਾਰ ਨਾ ਲਵੇ। ਇਸ ਦੀ ਬੀਆਬਾਨੀ ਨੂੰ ਆਪਣੇ ਖ਼ਿਆਲਾਂ ਵਿਚ ਨਾ ਲਿਆਵੇ ਅਤੇ ਨਾ ਹੀ ਇਸ ਦੀ ਤਰਾਸਦੀ `ਤੇ ਹੰਝੂ ਵਹਾਵੇ।
ਵਕਤ ਦੀ ਲੋੜ ਹੈ ਕਿ ਹਰਫ਼ਾਂ ਵਿਚੋਂ ਸ਼ਬਦਾਂ ਦੀਆਂ ਪੱਤੀਆਂ ਨਜ਼ਰ ਆਉਣ, ਇਨ੍ਹਾਂ ਵਿਚ ਅਰਥਾਂ ਦੇ ਫੁੱਲ ਖਿੜਨ ਅਤੇ ਇਨ੍ਹਾਂ ਫੁੱਲਾਂ ਦੀ ਖੁਸ਼ਬੋਈ ਵਿਚ ਮਾਨਵਤਾ ਨੂੰ ਸੁਖ਼ਨ ਭਰਿਆ ਸੁਨੇਹਾ ਮਿਲੇ, ਆਸ ਤੇ ਧਰਵਾਸ ਰੂਪੀ ਸਕੂਨ ਪ੍ਰਾਪਤ ਹੋਵੇ। ਵਰਕਿਆਂ `ਤੇ ਵਿਛੀਆਂ ਫੁੱਲਾਂ ਦੀਆਂ ਲੜੀਆਂ ਵਿਚੋਂ ਕਿਰਨ-ਮ-ਕਿਰਨੀਂ ਅੰਮ੍ਰਿਤ ਵਰਖਾ ਹੋਵੇ ਤੇ ਕਿਤਾਬ ਵਿਚੋਂ ਝਰਦਾ ਚਾਨਣ ਹਨੇਰਿਆਂ ਨਾਲ ਭਰੇ ਮਸਤਕਾਂ ਨੂੰ ਰੁਸ਼ਨਾਵੇ।ਅਜਿਹੀ ਕਿਤਾਬ ਘਰ ਦੇ ਕਿਸੇ ਖੂੰਝੇ ਵਿਚ ਹੱਥਾਂ ਦੀ ਛੂਹ ਨੂੰ ਨਾ ਤਰਸੇ ਸਗੋਂ ਅੱਖ਼ਰਾਂ ਦੇ ਪ੍ਰੇਮੀ ਇਸ ਵਿਚੋਂ ਜੀਵਨ-ਜੁਗਤਾਂ ਨੂੰ ਆਪਣਾ ਹਾਸਲ ਬਣਾਉਣ।
ਲੋੜ ਹੈ ਕਿ ਫੁੱਲਾਂ ਦੀਆਂ ਇਹ ਕਲਮਾਂ ਸਾਡੀਆਂ ਕਿਰਤਾਂ, ਕੀਰਤੀਆਂ, ਕਰਮਯੋਗਤਾ ਅਤੇ ਕਾਰਨਾਮਿਆਂ ਵਿਚੋਂ ਉਜਾਗਰ ਹੋਣ, ਕਵਿਤਾਵਾਂ, ਗੀਤਾਂ, ਗ਼ਜ਼ਲਾਂ ਅਤੇ ਕਹਾਣੀਆਂ ਵਿਚੋਂ ਫੁੱਲਾਂ ਦੀ ਖੁਸ਼ਬੂ ਆਵੇ ਤੇ ਸਾਡੇ ਕਰਮ-ਧਰਮ ਅਤੇ ਜ਼ਿੰਦਗੀ ਦੇ ਮੁਹਾਂਦਰੇ ਵਿਚੋਂ ਇਸ ਦੀ ਝਲਕ ਪਵੇ। ਸਾਡੇ ਪੈਰਾਂ ਹੇਠ ਕਿਸੇ ਫੁੱਲ ਦੇ ਮਸਲੇ ਜਾਣ ਦੀ ਚੀਸ ਪੈਦਾ ਨਾ ਹੋਵੇ ਸਗੋਂ ਫੁੱਲ ਦੇ ਮਸਲੇ ਜਾਣ ਦਾ ਦਰਦ ਸਾਡੀ ਹਿੱਕ ਵਿਚ ਛੇਕ ਕਰੇ।ਮਨ ਠੰਢਾ ਹਉਕਾ ਭਰੇ ਅਤੇ ਅੰਤਰੀਵ ਖ਼ਾਰੇ ਪਾਣੀ ਦਾ ਸਾਗਰ ਤਰੇ।
ਫੁੱਲ ਤਾਂ ਗੱਲਾਂ ਕਰਨਾ ਲੋਚਦੇ, ਹੁੰਗਾਰਾ ਭਰਦੇ ਨੇ।ਉਨ੍ਹਾਂ ਨੂੰ ਲੋਚਾ ਹੁੰਦੀ ਏ ਕਿ ਕੋਈ ਤਾਂ ਉਨ੍ਹਾਂ ਦਾ ਹਾਲ ਜਾਣੇ ਤੇ ਉਹ ਆਪਣੀ ਦਰਦ-ਗਾਥਾ ਛੋਹੇ।ਉਹ ਤਾਂ ਹਰੇਕ ਦੀ ਅੱਖ ਵਿਚ ਸੁਖ਼ਨ ਦਿੱਖ, ਸੋਚ ‘ਚ ਸੰਤੁਸ਼ਟੀ ਅਤੇ ਰੂਹ ਵਿਚ ਰੰਗੀਨੀ ਭਰਨ ਲਈ ਕਾਹਲੇ ਹੁੰਦੇ ਨੇ। ਸਿਰਫ਼ ਮਨੁੱਖ ਕੋਲ ਹੀ ਵਿਹਲ ਨਹੀਂ ਕਿ ਉਹ ਫੁੱਲਾਂ ਦਾ ਸਾਥ ਮਾਣੇ। ਉਨ੍ਹਾਂ ਨਾਲ ਕਲੋਲਾਂ ਕਰੇ।ਉਨ੍ਹਾਂ ਦੀ ਛੋਹ ਨਾਲ ਆਪਣੇ ਅੰਦਰ ਪੈਦਾ ਹੋਏ ਅਹਿਸਾਸ ਨੂੰ ਜੀਵੇ ਅਤੇ ਫੁੱਲਾਂ ਨੂੰ ਜਿਉਣ ਜੋਗਾ ਕਰੇ।
ਕੁਝ ਫੁੱਲ ਆਪਣੀ ਉਮਰ ਹੰਢਾਉਂਦੇ ਪਰ ਕੁਝ ਭਰੀ ਜਵਾਨੀ ਵਿਚ ਹੀ ਆਖ਼ਰੀ ਸਫ਼ਰ `ਤੇ ਤੁਰ ਜਾਂਦੇ।ਬੜਾ ਔਖਾ ਹੁੰਦਾ ਏ ਆਪਣਿਆਂ ਵਲੋਂ ਫੁੱਲ ਨੂੰ ਭਰੀ ਜਵਾਨੀ ਵਿਚ ਅਲਵਿਦਾ ਕਹਿਣਾ ਅਤੇ ਉਸ ਦੀ ਯਾਦ ਵਿਚ ਖੁ਼ਦ ਨੂੰ ਪਲ-ਪਲ ਖੋਰਨਾ।ਫੁੱਲ ਨੂੰ ਕਦੇ ਨਾ ਤੋੜੋ, ਨਾ ਹੀ ਮਰੋੜੋ, ਨਾ ਹੀ ਝੰਜੋੜੋ ਅਤੇ ਨਾ ਹੀ ਇਸ ਦੀ ਮੁਹਾਰਤਾ ਨੂੰ ਹੋੜੋ।ਇਸ ਨੂੰ ਸਿਰ ਉਚਾ ਕਰ ਕੇ ਜਿਊਣ ਦਿਓ। ਦੇਖਣਾ! ਇਹੋ ਫੁੱਲ ਹੀ ਤੁਹਾਡਾ ਸ਼ਮਲਾ ਉੱਚਾ ਕਰਨ ਦੇ ਯੋਗ ਹੋਵੇਗਾ।
ਫੁੱਲਾਂ ਦੀਆਂ ਕਲਮਾਂ ਬੀਜਣ ਵਾਲੇ ਜੋਗੜੇ ਕਿਰਤੀ ਲੋਕ।ਧਰਤੀ ਨਾਲ ਜੁੜੇ, ਮਿੱਟੀ ਵਿਚੋਂ ਮਹਿਕ ਪੈਦਾ ਕਰਨ ਦੇ ਆਦੀ ਅਤੇ ਫੁੱਲਾਂ ਦੀ ਅਕੀਦਤ ਕਰਦੇ।ਫੁੱਲਾਂ ਵਿਚੋਂ ਹੀ ਆਪਣੇ ਜੀਵਨ ਦੇ ਫ਼ਲਸਫ਼ੇ ਨੂੰ ਵਿਊਂਤਣ ਅਤੇ ਸੰਪੂਰਨ ਕਰਨ ਲਈ ਰੁਚਿਤ ਰਹਿੰਦੇ।ਆਪਣੀ ਮੌਜ ਵਿਚ ਜਿਊਣ ਵਾਲੇ ਸਾਡੇ ਬਜ਼ੁਰਗ ਸੁੱਚੇ ਫੁੱਲਾਂ ਵਰਗੇ ਹੀ ਸਨ, ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਅਤੇ ਸੁੱਚਤਾ ਨਾਲ ਜੀਵਨ ਵਿਚ ਮਹਿਕ ਖਿੰਡਾਈ। ਉਹ ਮਹਿਕਾਂ ਦਾ ਹੀ ਵਣਜ ਕਰਦੇ ਰਹੇ, ਰਿਸ਼ਤੇ ਕਮਾਉਂਦੇ ਰਹੇ।ਉਹ ਆਰਥਿਕ ਤੌਰ `ਤੇ ਸਾਡੇ ਜਿੰਨੇ ਅਮੀਰ ਨਹੀਂ ਸਨ ਪਰ ਉਹ ਭਾਵਨਾਤਮਕ ਤੇ ਮਾਨਸਿਕ ਤੌਰ `ਤੇ ਸਾਡੇ ਨਾਲੋਂ ਬਹੁਤ ਜ਼ਿਆਦਾ ਅਮੀਰ ਸਨ।
ਫੁੱਲਾਂ ਦੇ ਵਪਾਰੀ ਕਦੇ ਅਮੀਰ ਨਹੀਂ ਹੁੰਦੇ ਅਤੇ ਅਮੀਰ ਲੋਕ ਕਦੇ ਵੀ ਫੁੱਲਾਂ ਦਾ ਵਣਜ ਨਹੀਂ ਕਰਦੇ। ਉਨ੍ਹਾਂ ਦਾ ਸੋਚ-ਤਰਾਜ਼ੂ ਸਦਾ ਅਸਾਵਾਂ ਅਤੇ ਉਹ ਫੁੱਲਾਂ ਨੂੰ ਵੀ ਪੈਸਿਆਂ ਦੀ ਖ਼ਣਕਾਰ ਨਾਲ ਹੀ ਤੋਲਦੇ ਅਤੇ ਆਪਣੀ ਔਕਾਤ ਨੂੰ ਜੱਗ-ਜ਼ਾਹਰ ਕਰਦੇ।
ਸਮੁੱਚਾ ਬਦਨ ਕਮਾਲ ਦੀ ਖੁਸ਼ਬੂ ਨਾਲ ਭਰ ਜਾਂਦਾ ਹੈ, ਜਦ ਖ਼ਿਆਲਾਂ ਵਿਚ ਕਿਸੇ ਫੁੱਲ ਦੀ ਆਮਦ ਹੁੰਦੀ ਹੈ ਕਿਉਂਕਿ ਫੁੱਲ ਹੀ ਹੁੰਦੈ, ਜਿਸ ਦੀ ਹਾਜ਼ਰੀ ਵਿਚ ਰੂਹ ਖਿੜ ਜਾਂਦੀ ਏ।ਅੰਦਰ ਬਾਗੋ-ਬਾਗ ਹੋ ਜਾਂਦਾ ਹੈ ਕਿਉਂਕਿ ਫੁੱਲਾਂ ਵਰਗੇ ਖ਼ਾਬ ਅਤੇ ਖ਼ਿਆਲ ਹੀ ਮਨੁੱਖ ਦੀ ਸੋਚ ਨੂੰ ਅੰਬਰਾਂ ਦਾ ਹਾਣੀ ਬਣਾਉਂਦੇ ਹਨ।ਸਾਡੇ ਵਿਹੜਿਆਂ ਵਿਚ ਕਿਹੀ ਰੁੱਤ ਉੱਤਰੀ ਹੈ ਕਿ ਫੁੱਲ ਮੁਰਝਾਏ ਨੇ, ਪੰਖ਼ੜੀਆਂ ਨੇ ਸਿਰ ਸੁੱਟ ਲਏ ਨੇ ਪਰ ਜ਼ਖ਼ਮਾਂ `ਤੇ ਬਹਾਰ ਆਈ ਹੈ ਅਤੇ ਇਸ ਬਹਾਰ ਨੇ ਚੀਸਾਂ ਦਾ ਸੱਦਾ ਹਰ ਘਰ ਦੇ ਦਿੱਤਾ ਹੈ।
ਫੁੱਲ ਚੁੱਪ ਰਹਿ ਕੇ ਉਹ ਕੁਝ ਕਹਿ ਜਾਂਦੇ ਨੇ, ਜੋ ਕਦੇ ਵੀ ਸ਼ਬਦਾਂ ਦੇ ਮੇਚ ਨਹੀਂ ਆਉਂਦਾ ਪਰ ਇਨ੍ਹਾਂ ਅਬੋਲ ਬੋਲਾਂ ਨੂੰ ਸਮਝਣ ਲਈ ਮਨੁੱਖ ਦਾ ਖ਼ੁਦ ਨਾਲ ਰਾਬਤਾ ਬਹੁਤ ਜ਼ਰੂਰੀ ਹੈ। ਬਹੁਤ ਘੱਟ ਲੋਕ ਹੁੰਦੇ ਹਨ, ਜੋ ਫੁੱਲਾਂ ਨਾਲ ਫੁੱਲਾਂ ਵਰਗੀਆਂ ਗੱਲਾਂ ਕਰਦੇ ਅਤੇ ਖ਼ੁਦ ਵੀ ਫੁੱਲ ਬਣ ਬਹਿੰਦੇ।ਫੁੱਲਾਂ ਵਰਗੇ ਲੋਕ ਹੀ ਫੁੱਲਾਂ ਦੀ ਖੇਤੀ ਕਰਦੇ ਵਰਨਾ ਜ਼ਿਆਦਾਤਰ ਲੋਕ ਤਾਂ ਕੰਡਿਆਂ ਦੀ ਫ਼ਸਲ ਉਗਾਉਣ ਅਤੇ ਸੂਲਾਂ ਦੇ ਰਾਹ-ਸਿਰਜਣ ਲਈ ਹੀ ਖ਼ੁਦ ਦਾ ਸੰਤਾਪ ਸਿਰਜਦੇ।ਉਹ ਸਿਰਫ਼ ਮਨੁੱਖ ਹੋਣ ਦਾ ਭਰਮ ਹੁੰਦੇ।
ਐ ਮਨੁੱਖ! ਖੂਬਸੂਰਤ ਫੁੱਲਾਂ `ਤੇ ਕੁਝ ਤਾਂ ਤਰਸ ਕਰ ਕਿਉਂਕਿ ਇਨ੍ਹਾਂ ਤਾਂ ਮਸਲੇ ਜਾਣ `ਤੇ ਵੀ ਤੇਰੇ ਹੱਥਾਂ ਦੇ ਨਾਮ ਆਪਣੀ ਮਹਿਕ ਕਰ ਹੀ ਜਾਣੀ ਏ ਕਿਉਂਕਿ ਫੁੱਲ ਦਾ ਇਹ ਅੰਦਾਜ਼ ਏ ਕਿ ਉਹ ਮਰ ਕੇ ਵੀ ਮਹਿਕ ਦਾ ਵੀ ਵਣਜ ਕਰਦਾ ਏ। ਧਰਤੀ ਹੱਸਦੀ ਨਹੀਂ ਕਿਸੇ ਨੂੰ ਦਿਸਦੀ ਪਰ ਫੁੱਲਾਂ ਨੂੰ ਖਿੜੇ ਹੋਏ ਤੱਕਣਾ। ਇਹ ਦਰਅਸਲ ਧਰਤ ਮਾਂ ਦਾ ਹਾਸਾ ਹੀ ਹੁੰਦਾ ਹੈ, ਜੋ ਆਪਣੀ ਕਾਇਨਾਤ ਦੇ ਨਾਮ ਕਰਦੀ ਅਤੇ ਜੀਵ-ਸੰਸਾਰ ਨੂੰ ਜਿਊਣ ਦਾ ਵਲ ਸਿਖਾਉਣ ਦਾ ਆਹਰ ਕਰਦੀ। ਹਵਾ ਵੀ ਲਰਜ਼ਦੇ ਫੁੱਲਾਂ ਨਾਲ ਹੱਸਦੀ ਹੈ।ਝੀਲ ਦੇ ਪਾਣੀ ਦੀਆਂ ਲਹਿਰਾਂ ਵੀ ਕਮਲ ਦੇ ਫੁੱਲ ਰਾਹੀਂਂ ਹਾਸੇ ਅਤੇ ਖੇੜੇ ਵੰਡਦੀਆਂ ਹਨ। ਦੇਸੀ ਫੁੱਲਾਂ ਵਰਗੀ ਮਹਿਕ ਅਜੋਕੇ ਪਿਉਂਦ ਕੀਤੇ ਫੁੱਲਾਂ ਵਿਚੋਂ ਕਿੰਝ ਮਿਲੇਗੀ ਕਿਉਂਕਿ ਜਦ ਬੰਦਾ ਹੀ ਬਦਲ ਗਿਆ ਤਾਂ ਫੁੱਲਾਂ ਤੋਂ ਕੀ ਆਸ ਰੱਖੋਗੇ ਕਿ ਉਹ ਪਹਿਲਾਂ ਵਰਗੀ ਮਹਿਕ ਦਿੰਦੇ ਰਹਿਣ।ਬੰਦੇ ਨੇ ਤਾਂ ਫੁੱਲਾਂ ਨੂੰ ਵੀ ਆਪਣੇ ਵਰਗਾ ਬਣਾ ਲਿਆ। ਇਸ ਨੇ ਫੁੱਲਾਂ ਵਰਗਾ ਕੀ ਬਣਨਾ ਸੀ?
ਜਿੰ਼ਦਗੀ ਫੁੱਲਾਂ ਦੀ ਨਿਆਈਂ।ਡੋਡੀ ‘ਚੋਂ ਇਕ ਫੁੱਲ ਖਿੜਦਾ, ਰੰਗ ਤੇ ਮਹਿਕਾਂ ਵੰਡਦਿਆਂ ਜੋਬਨ ਰੁੱਤ ਹੰਢਾਉਂਦਾ ਫਿਰ ਮੌਸਮ ਬਦਲਦਾ, ਹੌਲੀ ਹੌਲੀ ਪੱਤੀਆਂ ਝੜ ਜਾਂਦੀਆਂ ਅਤੇ ਫਿਰ ਰਹਿ ਜਾਂਦੀ ਫੁੱਲ ਦੀ ਮਿੱਠੜੀ ਯਾਦ, ਜੋ ਉਸ ਦੇ ਮਿੱਤਰਾਂ, ਹਾਣੀਆਂ, ਸੰਗੀਆਂ ਅਤੇ ਨੇੜਲਿਆਂ ਦੇ ਚੇਤੇ ਵਿਚ ਤਰਦੀ ਰਹਿੰਦੀ।ਵਿਅਕਤੀ ਯਾਦਾਂ ਵਿਚ ਅਕਸਰ ਹੀ ਹੰਘਾਲਣ ਜੋਗਾ ਰਹਿ ਜਾਂਦਾ ਕਿਉਂਕਿ ਅਜਿਹੀ ਭਾਵ-ਭਿੰਨੀ ਯਾਦ ਫੁੱਲਾਂ ਦੀ ਮਹਿਕ ਵਾਂਗ ਮਰਿਆਂ ਵੀ ਨਹੀਂ ਮਰਦੀ ਪਰ ਫੁੱਲ ਅਤੇ ਬੰਦੇ ਵਿਚ ਇਕ ਫ਼ਰਕ ਹੁੰਦਾ ਕਿ ਫੁੱਲ ਦੀ ਖੁਸ਼ਬੂ ਹਵਾ ਦੇ ਰੁਖ ਵੱਲ ਫ਼ੈਲਦੀ ਜਦਕਿ ਬੰਦੇ ਦੀ ਬੰਦਿਆਈ ਚਾਰੇ ਪਾਸੇ ਹੀ ਫ਼ੈਲਦੀ।
ਲੋੜ ਹੈ ਫੁੱਲਾਂ ਵਰਗਾ ਕਰਮ ਕਮਾਉਂਦੇ ਰਹੀਏ। ਫੁੱਲਾਂ ਵਰਗੀ ਸੋਚ-ਸਾਧਨਾ ਅਤੇ ਸੰਵੇਦਨਾ ਲਈ ਫੁੱਲਾਂ ਦੀ ਖੇਤੀ ਕਰਨ ਦਾ ਅਹਿਦ ਕਰੀਏ। ਇਸ ਦੀ ਸ਼ੁਰੂਆਤ ਅੱਜ ਹੀ ਖ਼ੁਦ ਤੋਂ ਕਰੀਏ।