ਹਾਲ-ਏ-ਫੇਸਬੁੱਕ!

ਜਾਣਦੇ ਭਵਿੱਖ ਦੀਆਂ ਸਾਰੇ ‘ਵਿਦਵਾਨ’ ਇੱਥੇ, ਨਿਵਦੇ ਨਾ ਆਪ ਕਹਿੰਦੇ ਦੂਜੇ ਜਾਣ ਝੁਕ ਜੀ।
‘ਹਾਂ ਦੇ ਵਿਚ ਹਾਂ’ ਜੇ ਮਿਲਾਈ ਜਾਵੇ ਦੋਸਤੀ ਐ, ਹੋਵੇ ‘ਵਖਰੇਵਾਂ’ ਤਾਂ ‘ਸਬੰਧ’ ਜਾਂਦੇ ਮੁੱਕ ਜੀ।
ਛੋਟਾ-ਵੱਡਾ ਦੇਖਦੇ ਨ੍ਹੀਂ ਮਾਰੀ ਜਾਂਦੇ ਠਾਹ ਸੋਟੇ, ਹਰ ਇੱਕ ਵਿਸ਼ੇ ਨੂੰ ਝੱਟ ਪਾ ਲੈਂਦੇ ‘ਹੁੱਕ’ ਜੀ।
ਰਾਇ ਕੋਈ ਲਿਖੋ ਜਾਂ ਹਸੌਣੀ ਹੱਡ-ਬੀਤੀ ਕੋਈ, ਰੋਜ ਹੀ ਦਿਖਾਉਂਦੇ ਕਈ ਆਪਣੀ ਹੀ ‘ਲੁੱਕ’ ਜੀ।
ਮੰਦਾ-ਚੰਗਾ ਲਿਖੇ ਅਤੇ ਯੱਭਲੀਆਂ ਮਾਰਦਾ ਜੋ, ਕਰਕੇ ‘ਬਲੌਕ’ ਉਹਨੂੰ ਗੁੱਸਾ ਦੇਈਏ ਥੁੱਕ ਜੀ।
ਫੇਸਬੁੱਕ ਬਣੀ ਏਂ ਵਿਚਾਰਾਂ ਦੇ ਵਟਾਂਦਰੇ ਲਈ, ਆਪਾਂ ਨੇ ਬਣਾ ਕੇ ਰੱਖ’ਤੀ ‘ਕਲੇਸ਼-ਬੁੱਕ’ ਜੀ!