ਸਿੰਘੂ ਬਾਰਡਰ ‘ਤੇ ਕਤਲ, ਬੇਅਦਬੀ ਲਈ ਸਜ਼ਾ ਤੇ ਸਿੱਖ ਵਿਰਸਾ

ਉਤਰ ਪ੍ਰਦੇਸ਼ ਵਿਚ ਲਖੀਮਪੁਰ ਖੀਰੀ ਕਾਂਡ ਤੋਂ ਬਾਅਦ ਮੋਦੀ ਸਰਕਾਰ ਬਹੁਤ ਬੁਰੀ ਤਰ੍ਹਾਂ ਫਸੀ ਹੋਈ ਸੀ ਪਰ ਸਿੰਘੂ ਬਾਰਡਰ ‘ਤੇ ਕਤਲ ਤੋਂ ਬਾਅਦ ਕਿਸਾਨ ਅੰਦੋਲਨ ਦਾ ਬਿਰਤਾਂਤ ਹੀ ਬਦਲ ਗਿਆ। ਕਤਲ ਵਾਲੀ ਘਟਨਾ ਤੋਂ ਬਾਅਦ ਸਾਰੀ ਚਰਚਾ ਇਸ ਕਤਲ ਦੁਆਲੇ ਕੇਂਦਰ ਹੋ ਗਈ ਅਤੇ ਕੁਝ ਧਿਰਾਂ ਨੂੰ ਕਿਸਾਨ ਅੰਦੋਲਨ ਉਤੇ ਇਕ ਹੋਰ ਹਮਲਾ ਕਰਨ ਦਾ ਮੌਕਾ ਮਿਲ ਗਿਆ। ਇਸ ਪੱਖ ਤੋਂ ਇਕ ਖਾਸ ਧਿਰ ਵਲੋਂ ਨਿਭਾਈ ਭੂਮਿਕਾ ਬਾਰੇ ਚਰਚਾ ਬਲਰਾਜ ਦਿਓਲ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ ਅਤੇ ਇਸ ਧਿਰ ਨਾਲ ਜੁੜੇ ਵਿਦਵਾਨਾਂ ਦੀ ਨੀਅਤ ‘ਤੇ ਸਵਾਲ ਉਠਾਏ ਹਨ।

ਬਲਰਾਜ ਦਿਓਲ
ਸਿੰਘੂ ਬਾਰਡਰ ‘ਤੇ ਕਿਸਾਨ ਅੰਦੋਲਨ ਦੀ ਮੂਹਰਲੀ ਕਤਾਰ ਵਿਚ ਮੋਰਚਾ ਬਣਾਈ ਬੈਠੇ ਨਿਹੰਗਾਂ ਦੇ ਇੱਕ ਗੁੱਟ ਨੇ 15 ਅਕਤੂਬਰ ਤੜਕਸਾਰ ਲਖਬੀਰ ਸਿੰਘ ਨੂੰ ਬੰਨ੍ਹ ਕੇ ਬੇਰਹਿਮੀ ਨਾਲ ਹਲਾਲ ਕੀਤਾ। ਉਸ ਨੂੰ ਬੇਅਦਬੀ ਦਾ ਦੋਸ਼ੀ ਦੱਸਿਆ ਗਿਆ ਪਰ ਨਿਹੰਗ ਕੋਈ ਸਪਸ਼ਟ ਸਬੂਤ ਪੇਸ਼ ਨਹੀਂ ਕਰ ਸਕੇ। ਕਦੇ ਕਹਿੰਦੇ, ਉਹ ਗੁਰੂ ਮਹਾਰਾਜ ਦੀ ਬੇਅਦਬੀ ਕਰਨ ਲੱਗਾ ਸੀ ਅਤੇ ਕਦੇ ਕਹਿੰਦੇ ਉਸ ਨੇ ਸਰਬਲੋਹ ਗ੍ਰੰਥ ਚੁੱਕ ਲਿਆ ਸੀ। ਅਖੇ, ਸਰਕਾਰਾਂ ਬੇਅਦਬੀ ਦੇ ਕੇਸਾਂ ਵਿਚ ਇਨਸਾਫ ਨਹੀਂ ਦਿੰਦੀਆਂ ਜਿਸ ਕਾਰਨ ਲਖਬੀਰ ਸਿੰਘ ਨੂੰ ਤੁਰੰਤ ਮੌਕੇ ਉੱਤੇ ਹੀ ਸਜ਼ਾ ਦੇ ਦਿੱਤੀ ਗਈ ਹੈ। ਨਿਹੰਗ ਆਪੇ ਪੁਲਿਸ, ਆਪੇ ਜੱਜ ਜਿਊਰੀ ਬਣ ਗਏ ਅਤੇ ਸਿੱਖੀ ਦੇ ਨਾਮ ਉੱਤੇ ਗਰੀਬ ਮਜ਼ਦੂਰ ਨੂੰ ਕੋਹ-ਕੋਹ ਕੇ ਮਾਰ ਦਿੱਤਾ।
ਦੇਸ਼ ਵਿਦੇਸ਼ ਵਿਚ ਕਈ ਅਜਿਹੇ ਸਿੱਖ ਬੈਠੇ ਹਨ ਜੋ ਇਸ ਜ਼ੁਲਮ ਨੂੰ ਜਾਇਜ਼ ਠਹਿਰਾ ਰਹੇ ਹਨ। ਇੱਕ ਕਥਿਤ ਸਿੱਖ ਵਿਦਵਾਨ ਹੈ ਅਜਮੇਰ ਸਿੰਘ ਜੋ ਧਰਮ ਦੇ ਨਾਮ ਉੱਤੇ ਐਸੀ ਮਿੱਠੀ ਚਾਸ਼ਣੀ ਬਣਾਉਂਦਾ ਹੈ ਕਿ ਇਸ ਵਿਚ ਵਲੇਟੀ ਜ਼ਹਿਰ ਖਾਣ ਵਾਲੇ ਨੂੰ ਕੁੜੱਤਣ ਦਾ ਅਹਿਸਾਸ ਤੱਕ ਨਹੀਂ ਹੁੰਦਾ। ਕਦੇ ਖੱਬੀ ਅਤੇ ਨਕਸਲੀ ਸੋਚ ਦਾ ਧਾਰਨੀ ਰਿਹਾ ਅਜਮੇਰ ਸਿੰਘ ਅੱਜ ਵੱਖਵਾਦੀਆਂ ਦਾ ਰਾਹਦਸੇਰਾ ਅਤੇ ਫਿਲਾਸਫਰ ਬਣਿਆ ਹੋਇਆ ਹੈ।
ਨਿਹੰਗਾਂ ਵਲੋਂ ਬੇਰਹਿਮੀ ਨਾਲ ਕਤਲ ਕੀਤਾ ਗਿਆ ਗਰੀਬ ਦਲਿਤ ਸਿੱਖ ਲਖਬੀਰ ਸਿੰਘ ਤਿੰਨ ਬੱਚੀਆਂ ਦਾ ਬਾਪ ਸੀ ਅਤੇ ਨਸ਼ੇ ਦਾ ਆਦੀ ਸੀ। ਉਸ ਦੇ ਜਾਣਕਾਰ ਦੱਸਦੇ ਹਨ ਕਿ ਉਹ ਐਸਾ ਕੰਮ ਕਰਨ ਵਾਲਾ ਬੰਦਾ ਨਹੀਂ ਸੀ। ਅਜਮੇਰ ਸਿੰਘ ਨੇ ਆਪਣੀ ਆਦਤ ਮੁਤਾਬਿਕ ਲਗਦੇ ਹੱਥ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਕਿਹਾ ਹੈ ਕਿ ਸਿੰਘਾਂ ਨੇ “ਮਿਸਾਲੀ ਸਜ਼ਾ ਦਿੱਤੀ ਹੈ।”
ਨਿਹੰਗਾਂ ਦੀ ਇਸ ਦਰਿੰਦਗੀ ਨੂੰ ਕਈ ਮੀਡੀਆ ਰਿਪੋਰਟਾਂ ਵਿਚ ਜਦ ‘ਲਿੰਚਿੰਗ’ ਆਖਿਆ ਗਿਆ ਤਾਂ ਅਜਮੇਰ ਸੀਖ ਪਾ ਹੋ ਗਿਆ। ਜਦ ਭੀੜ ਇਕੱਠੀ ਹੋ ਕੇ ਕਿਸੇ ਕਥਿਤ ਦੋਸ਼ ਹੇਠ ਕਿਸੇ ਵਿਅਕਤੀ ਨੂੰ ਬੇਰਹਿਮੀ ਨਾਲ ਮਾਰ ਦੇਵੇ ਜਾਂ ਮਾਰ ਕੇ ਟੰਗ ਦੇਵੇ ਤਾਂ ਇਸ ਨੂੰ ਅੰਗਰੇਜ਼ੀ ਵਿਚ ਲਿੰਚਿੰਗ ਆਖਦੇ ਹਨ ਪਰ ਅਜਮੇਰ ਸਿੰਘ ਦੀ ਸੁਣੋ, “ਇਸ ਘਟਨਾ ਨੂੰ ਲਿੰਚਿੰਗ ਕਹਿਣਾ ਸਹੀ ਨਹੀਂ, ਇਹ ਸ਼ਬਦ ਅਮਰੀਕਾ ਤੋਂ ਆਇਆ ਹੈ ਜਦ ਕਾਲੇ ਰੰਗ ਦੇ ਗੁਲਾਮਾਂ ਨੂੰ ਕੁੱਟ-ਕੁੱਟ ਮਾਰਿਆ ਜਾਂਦਾ ਸੀ। ਕਾਲੇ ਮਜ਼ਲੂਮ ਸਨ ਅਤੇ ਗੋਰੇ ਤਾਕਤ ਦੀ ਦਹਿਸ਼ਤ ਪਾਉਂਦੇ ਸਨ।… ਮਾਰ ਕੇ ਲਾਸ਼ਾਂ ਟੰਗਦੇ ਸਨ। ਇੱਕ ਮਜ਼ਲੂਮ ਹੈ ਦੂਜਾ ਜ਼ਾਲਮ ਹੈ… ਜਿੱਥੋਂ ਲਿੰਚਿੰਗ ਸ਼ਬਦ ਨਿਕਲਿਆ ਹੈ। ਮੋਦੀ (ਰਾਜ) ਹੇਠ ਮੁਸਲਮਾਨਾਂ ਨੂੰ ਮਾਰਿਆ ਗਿਆ ਜੋ ਮਜ਼ਲੂਮ ਹਨ ਅਤੇ ਹਿੰਦੂ ਜਾਬਰ ਵਰਗ ਹੈ। ਧਾਰਮਿਕ ਨਫਰਤ ਹੇਠ ਭੀੜਾਂ ਨੇ ਮੁਸਲਮਾਨਾ ਨੂੰ ਨਿਸ਼ਾਨਾ ਬਣਾਇਆ … ਜੋ ਲਿੰਚਿੰਗ ਹੈ। ਸਿੰਘੂ ਵਾਲਾ ਵਿਅਕਤੀ ਕਿਸੇ ਮਜ਼ਲੂਮ ਵਰਗ ਦਾ ਬੰਦਾ ਨਹੀਂ ਸੀ। ਉਹ ਕੋਈ ਵੀ ਹੋ ਸਕਦਾ ਸੀ, ਉਸ ਨੂੰ ਸਜ਼ਾ ਦੋਸ਼ ਕਾਰਨ ਦਿੱਤੀ ਗਈ। ਨਿਹੰਗਾਂ ਨੇ ਸਿੱਖ ਵਿਰਸੇ ਮੁਤਾਬਿਕ ਸਜ਼ਾ ਦੇ ਦਿੱਤੀ ਹੈ। ਇਹ ਲਿੰਚਿੰਗ ਨਹੀਂ ਹੈ। ਦੁਸ਼ਮਣ ਭਾਵੇਂ ਇਹ ਸ਼ਬਦ ਵਰਤੇ ਪਰ ਸਿੱਖ ਨਾ ਵਰਤਣ। ਇਹ ਤੁਲਨਾ ਯੋਗ ਨਹੀਂ।”
ਇਹ ਕਮਾਲ ਦੀ ਪ੍ਰੀਭਾਸ਼ਾ ਹੈ, ਕਮਾਲ ਦਾ ਪ੍ਰਸੰਗ ਹੈ ਜਿਸ ਦਾ ਮੰਤਵ ਵੀ ਸਿੱਖਾਂ ਦੀ ਕਾਮਲ ਦੀ ‘ਬਰੇਨ-ਵਾਸ਼ਿੰਗ’ ਹੈ। ਨਿਹੰਗਾਂ ਦੀ ਇਸ ਕਰਤੂਤ ਨੂੰ ‘ਸਿੱਖ ਵਿਰਸੇ ਮੁਤਾਬਿਕ ਢੁਕਵੀਂ ਸਜ਼ਾ’ ਦੱਸ ਰਿਹਾ ਹੈ ਅਤੇ ਕੋਰਾ ਝੂਠ ਬੋਲਣ ਦੀ ਸ਼ਰਮ ਤੱਕ ਮਹਿਸੂਸ ਨਹੀਂ ਕਰ ਰਿਹਾ। ਨਿਹੰਗ ਆਖਦੇ ਹਨ ਕਿ ਲਖਬੀਰ ਬੇਅਦਬੀ ਕਰਨ ਲੱਗਾ ਸੀ, ਜਾਂ ਕਰਨ ਵਾਲਾ ਸੀ, ਜਾਂ ਉਸ ਨੇ ਸਰਬਲੋਹ ਗ੍ਰੰਥ ਚੁੱਕ ਲਿਆ ਸੀ। ਇੱਕ ਤਾਂ ਸਰਬਲੋਹ ਗ੍ਰੰਥ ਨੂੰ ਸਿੱਖਾਂ ਦੀ ਵੱਡੀ ਗਿਣਤੀ ਧਾਰਮਿਕ ਗ੍ਰੰਥ ਵਜੋਂ ਮਾਨਤਾ ਨਹੀਂ ਦਿੰਦੀ; ਦੂਜੀ ਗੱਲ ਜੋ ਸਰਬਲੋਹ ਦੀ ਕਿਤਾਬ ਪ੍ਰੈਸ ਨੂੰ ਦਿਖਾਈ ਗਈ ਸੀ, ਉਹ ਚੰਗੀ ਹਾਲਤ ਵਿਚ ਸੀ। ਉਸ ਨੂੰ ਝਰੀਟ ਤੱਕ ਨਹੀਂ ਸੀ ਆਈ ਹੋਈ। ਅਜਮੇਰ ਸਿੰਘ ਜੀ, ਕੀ ਕਿਸੇ ਨੂੰ ਨਿਰੋਲ ਸ਼ੱਕ ਦੇ ਆਧਾਰ ਉੱਤੇ ਕੋਹ-ਕੋਹ ਮਾਰਨਾ ਸਿੱਖੀ ਰਵਾਇਤ ਹੈ? ਕੀ ਕਦੇ ਗੁਰੂ ਸਹਿਬਾਨ ਨੇ ਇਸ ਕਿਸਮ ਦੀ ਸਿਖਿਆ ਦਿੱਤੀ ਸੀ, ਜਾਂ ਗੁਰਬਾਣੀ ਵਿਚ ਕਿਤੇ ਇਸ ਦੀ ਵਕਾਲਤ ਕੀਤੀ ਗਈ ਹੈ?
ਲਖਬੀਰ ਸਿੰਘ ਦੇ ਕਤਲ ਨੂੰ ਜਾਇਜ਼ ਦੱਸਣ ਲਈ ਅਜਮੇਰ ਸਿੰਘ ਆਪਣੇ ਵੀਡੀਓ ਸੰਦੇਸ਼ ਵਿਚ ਇੱਕ ਕਦਮ ਹੋਰ ਅੱਗੇ ਵਧਦਾ ਹੈ ਤਾਂ ਕਿ ਇਸ ਨੂੰ ਹਰ ਹਾਲਤ ਜਾਇਜ਼ ਸਾਬਤ ਕੀਤਾ ਜਾ ਸਕੇ। ਉਹ ਕਹਿੰਦਾ ਹੈ, “ਦੂਜੀ ਗੱਲ ਇਸ ਨੂੰ ਪ੍ਰਸੰਗ ਨਾਲੋਂ ਤੋੜ ਕੇ ਨਾ ਦੇਖੋ, ਸਿੱਖਾਂ ਨਾਲ ਅਸਹਿਣਸ਼ੀਲਤਾ ਲੰਮੇ ਸਮੇਂ ਤੋਂ ਚੱਲ ਰਹੀ ਹੈ। ਜੰਗਾਂ ਵਿਚ ਨੁਕਸਾਨ ਹੁੰਦਾ ਹੈ … ਜੋ ਸਿੱਖਾਂ ਲਈ ਸ਼ਹਾਦਤਾਂ ਹਨ। ਸਿੱਖਾਂ ਦੇ ਇੱਕ ਸੈਕਸ਼ਨ ਨਾਲ ਜਬਰ ਹੋ ਰਿਹਾ ਹੈ, ਸਿਖਾਂ ਦਾ ਇੱਕ ਹੋਰ ਵਰਗ ਹੱਥਾ ਬਣ ਰਿਹਾ ਹੈ, ਜਿਵੇਂ ਪਹਿਲਾਂ ਬਾਦਲਾਂ ਨੇ ਕੀਤਾ, ਫਿਰ ਅਮਰਿੰਦਰ ਨੇ ਕੀਤਾ। ਉਹ ਤਾਂ ਬਾਦਲਾਂ ਨਾਲੋਂ ਵੀ ਖਤਰਨਾਕ ਸਾਬਤ ਹੋਇਆ। ਨੈਸ਼ਨਲ ਸਕਿਓਰਿਟੀ ਦਾ ਰੌਲਾ ਪੌਂਦਾ ਰਿਹਾ ਜੋ ਹਿੰਦੂਤਵ ਨਾਲ ਮੇਲ ਖਾਂਦਾ ਸੀ। … ਅੱਜ ਚੰਨੀ ਬਣ ਗਿਆ ਜੋ ਬਹੁਤ ਕਮਜ਼ੋਰ ਹੈ ਅਤੇ ਬੀ.ਜੇ.ਪੀ. ਨੂੰ ਸੂਟ ਕਰਦਾ ਹੈ। ਚੰਨੀ ਨੇ ਇਹ ਦਿਖਾ ਦਿੱਤਾ ਹੈ। ਉਹ ਕਮਜ਼ੋਰ ਵਰਗ ਵਿਚੋਂ ਆਇਆ ਹੈ, ਇਹ ਚੰਗੀ ਗੱਲ ਹੈ ਪਰ ਉਹ ਸਿੱਖਾਂ … ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦਾ। ਅੱਧਾ ਪੰਜਾਬ ਬੀ.ਐਸ.ਐਫ. ਨੂੰ ਸੌਂਪ ਦਿੱਤਾ ਹੈ। ਇਸ ਘਟਨਾ ਦੀ ਵਰਤੋਂ ਜਿਸ ਢੰਗ ਨਾਲ ਕੀਤੀ ਜਾ ਰਹੀ ਹੈ, ਨਿਆਰੀ ਹਸਤੀ ਵਾਲਿਆਂ (ਸਿੱਖਾਂ) ਨੂੰ ਨਿਖੇੜ ਕੇ ਜ਼ੁਲਮ ਕਰਨਾ ਲੋੜ ਬਣੀ ਹੋਈ ਹੈ … ਸਿੱਖਾਂ ਨੂੰ ਕਾਤਲ ਬਣਾ ਕੇ ਪੇਸ਼ ਕੀਤਾ ਜਾਵੇ।”
ਅਜਮੇਰ ਸਿੰਘ ਨਿਹੰਗਾਂ ਦੇ ਕੀਤੇ ਗੁਨਾਹ ਨੂੰ ਸਿੱਖਾਂ ਉੱਤੇ ਲਗਾਤਾਰ ਹੋ ਰਹੇ ਕਥਿਤ ਜ਼ੁਲਮ ਨਾਲ ਜਾ ਜੋੜਦਾ ਹੈ ਅਤੇ 1947 ਤੋਂ 1984 ਦੀਆਂ ਘਟਨਾਵਾਂ ਨੂੰ ਵੀ ਇਸ ਦਾ ਹਿੱਸਾ ਬਣਾ ਲੈਂਦਾ ਹੈ। ਮਾਮਲਾ ਇੱਕ ਬੰਦੇ ਉੱਤੇ ਕਥਿਤ ਬੇਅਦਬੀ ਦਾ ਬਿਨਾ ਸਬੂਤ ਦੋਸ਼ ਲਗਾ ਕੇ ਉਸ ਨੂੰ ਹਲਾਲ ਕਰਨ ਦਾ ਹੈ ਪਰ ਅਜਮੇਰ ਸਿੰਘ ਲਈ ਇਸ ਦੀ ਜੜ੍ਹ ਪੌਣੀ ਸਦੀ ਪੁਰਾਣੀ ਹੈ। ਵੱਖਵਾਦੀ ਅਤੇ ਕੱਟੜਪੰਥੀ ਸਿੱਖ ਅਜਮੇਰ ਸਿੰਘ ਲਈ ‘ਨਿਆਰੀ ਹਸਤੀ ਵਾਲੇ’ ਸਿੱਖ ਹਨ ਜਿਹਨਾਂ ਨੂੰ ਨਖੇੜ ਕੇ ਉਹਨਾਂ ਉੱਤੇ ਸਟੇਟ ਨੇ ਜ਼ੁਲਮ ਕਰਨਾ ਹੈ। ਅਜਮੇਰ ਸਿੰਘ ਜੀ, ਸਾਰੇ ਸਿੱਖਾਂ ਨੂੰ ਕਿਸ ਨੇ ਕਾਤਲ ਬਣਾ ਕੇ ਪੇਸ਼ ਕੀਤਾ ਹੈ? ਜਿਹਨਾਂ ਨਿਹੰਗਾ ਨੇ ਗਰੀਬ ਨੂੰ ਕੋਹ ਕੇ ਮਾਰਿਆ ਹੈ, ਉਹ ਤਾਂ ਛਾਤੀ ਥਾਪੜ ਕੇ ਕਹਿੰਦੇ ਹਨ ਕਿ ਅਸੀਂ ਮਾਰਿਆ ਹੈ। ਉਹਨਾਂ ਨੇ ਫੋਟੋ ਅਤੇ ਵੀਡੀਓ ਬਣਾਈਆਂ ਹਨ। ਅਜੇ ਤੱਕ ਸਿਰਫ ਚਾਰ ਨਿਹੰਗ ਫੜੇ ਗਏ ਹਨ ਜਦਕਿ ਵੀਡੀਓ ਵਿਚ ਇਸ ਤੋਂ ਕਿਤੇ ਵੱਧ ਹਨ। ਇਹ ਕਾਰਾ ਕਰਨ ਵਾਲੇ ਨਿਹੰਗ ਉਹਨਾਂ ਵਲੋਂ ਆਪ ਦਾਗੇ ਬਿਆਨਾਂ ਅਤੇ ਸਬੂਤਾਂ ਕਾਰਨ ਕਾਤਲ ਸਾਬਤ ਹੁੰਦੇ ਹਨ। ਉਹ ਖੁਦ ਆਪਣੇ ਆਪ ਨੂੰ ਕਾਤਲ ਦੱਸਦੇ ਹਨ, ਇਹ ਵੱਖਰੀ ਗੱਲ ਹੈ ਕਿ ਉਹ ਇਸ ਨੂੰ ਬਹਾਦਰੀ ਸਮਝਦੇ ਹਨ। ਜੋ ਉਹਨਾਂ ਨੇ ਕੀਤਾ ਹੈ, ਉਹ ਸੰਸਾਰ ਦੇ ਹਰ ਸਭਿਅਕ ਦੇਸ਼ ਦੇ ਕਾਨੂੰਨ ਹੇਠ ਵੱਡਾ ਜੁਰਮ ਹੈ। ਸਾਰੇ ਸਿੱਖਾਂ ਨੂੰ ਕਾਤਲ ਕਿਸੇ ਨੇ ਨਹੀਂ ਆਖਿਆ ਸਗੋਂ ਐਸੇ ਸਿੱਖ ਵੀ ਬਹੁਤ ਹਨ ਜਿਹਨਾਂ ਨੂੰ ਬੇਕਿਰਕ ਨਿਹੰਗਾਂ ਤੋਂ ਕਚਿਆਣ ਆਉਣ ਲੱਗ ਪਈ ਹੈ ਅਤੇ ਉਹ ਇਸ ਨੂੰ ਘੋਰ ਅਪਰਾਧ ਦਾ ਨਾਮ ਦਿੰਦੇ ਹਨ। ਹਾਂ ਪਰ ਤੁਹਾਡੇ ਲਈ ਉਹ ਸਿੱਖ ਨਹੀਂ ਹਨ ਅਤੇ ਸਿੱਖ ਉਹ ਹਨ ਜਿਹਨਾਂ ਦੀ ‘ਨਿਆਰੀ ਹਸਤੀ’ ਹੈ। ਇਹ ਵੀ ਦੱਸ ਦੇਵਾਂ ਕਿ ਨਿਆਰੀ ਹਸਤੀ ਵਾਲੇ ਜੋ ਆਪ ਜੀ ਲਈ ਅਸਲੀ ਸਿੱਖ ਹਨ, ਉਹਨਾਂ ਦਾ ਪੰਜਾਬ ਦੇ ਸਿੱਖਾਂ ਵਿਚ ਆਧਾਰ ਕੋਈ ਨਹੀਂ ਹੈ। ਬੱਸ ਸਿੱਖੀ ਦੇ ਦਾਅਵੇ ਹੀ ਦਾਅਵੇ ਹਨ।
ਸੱਚ ਇਹ ਵੀ ਹੈ ਕਿ ਤੁਹਾਡੇ ਨਿਆਰੀ ਹਸਤੀ ਵਾਲੇ ਵੀ ਕਈ ਗੁੱਟਾਂ ਵਿਚ ਵੰਡੇ ਹੋਏ ਹਨ ਅਤੇ ਇੱਕ ਦੂਜੇ ਦੇ ਕਤਲ ਵੀ ਕਰ ਜਾਂ ਕਰਵਾ ਦਿੰਦੇ ਹਨ। ਅਜੇ ਮਹੀਨਾ ਕੁ ਪਹਿਲਾਂ ਹੀ ਵੱਡੇ ਖਾੜਕੂ ਹਰਮਿੰਦਰ ਸਿੰਘ ਸੰਧੂ ਦਾ 30 ਕੁ ਸਾਲ ਪਹਿਲਾਂ ਕੁਝ ਹੋਰ ਵੱਡੇ ਖਾੜਕੂਆਂ ਹੱਥੋਂ ਹੋਏ ਕਤਲ ਦੀ ਤੂੰ-ਤੂੰ ਮੈਂ-ਮੈਂ ਚੱਲੀ ਸੀ; ਇਸ ਬਹਿਸ ਵਿਚ ਅਜਮੇਰ ਸਿੰਘ ਆਪ ਜੀ ਵੀ ਸ਼ਾਮਲ ਸੀ ਅਤੇ ਕਤਲ ਕਾਂਡ ਵਿਚ ਕੁਝ ਧਿਰਾਂ ਆਪ ਜੀ ਦੇ ਵਿਸ਼ਵਾਸਪਾਤਰ ‘ਭਾਈ’ ਦਲਜੀਤ ਸਿੰਘ ਬਿੱਟੂ ਵੱਲ ਵੀ ਉਂਗਲਾਂ ਉਠਾਉਂਦੇ ਹਨ। ਜਾਪਦਾ ਹੈ, ਇਸ ਕਿਸਮ ਦੀ ‘ਮਿਸਾਲੀ ਸਜ਼ਾ’ ਕਈ ਵਾਰ ਤੁਹਾਡੀਆਂ ਖਾੜਕੂ ਸਫਾਂ ਵਿਚ ਵੀ ਦਿੱਤੀ ਜਾਂਦੀ ਰਹੀ ਹੈ ਜਿਸ ਨੂੰ ਤੁਸੀਂ ਗਲਤੀ ਨਾਲ ਸਿੱਖ ਵਿਰਸਾ ਸਮਝਣ ਲੱਗੇ ਹੋ।
ਅਜਮੇਰ ਸਿੰਘ ਸਮਝਦਾ ਹੈ ਕਿ ਜਿਸ ਕੰਮ (ਕਾਰੇ) ਵਿਚ ‘ਨਿਆਰੀ ਹਸਤੀ’ ਵਾਲੇ ਸਿੱਖ ਸ਼ਾਮਲ ਹੋਣ, ਉਸ ਬਾਰੇ ਮੀਡੀਆ ਦੜ ਵੱਟ ਕੇ ਬੈਠ ਜਾਵੇ ਅਤੇ ਕੋਈ ਆਲੋਚਨਾਤਮਿਕ ਰਿਪੋਰਟ ਜਾਂ ਟਿੱਪਣੀ ਨਾ ਕਰੇ; ਅਗਰ ਕੋਈ ਕਰੇ ਤਾਂ ਉਸ ਨੂੰ ਸਿੱਖਾਂ ਦਾ ਦੁਸ਼ਮਣ ਗਰਦਾਨ ਦਿਓ।
ਅਜਮੇਰ ਸਿੰਘ ਨੂੰ ਕਈ ਮੀਡੀਆਕਾਰ ਰੜਕਦੇ ਹਨ ਜਿਹਨਾਂ ਵਿਚ ਸ਼ੇਖਰ ਗੁਪਤਾ ਵੀ ਹੈ; ਤੇ ਵੀਡੀਓ ਵਿਚ ਅਜਮੇਰ ਸਿੰਘ ਇੰਝ ਲੜੀ ਅਗਾਂਹ ਤੋਰਦਾ ਹੈ, “ਪ੍ਰਿੰਟ ਉੱਤੇ ਸ਼ੇਖਰ ਗੁਪਤਾ ਲਗਾਤਾਰ ਸਰਗਰਮ ਰਿਹਾ ਹੈ, ਉਸ ਵਿਚ ਸਮਰੱਥਾ ਹੈ ਪਰ ਉਸ ਨੇ ਬਹੁਗਿਣਤੀ ਦਾ ਪੱਖ ਹੀ ਪੂਰਿਆ ਹੈ। ਉਹ ਇਸ ਬਹਾਨੇ ਭਿੰਡਰਾਂਵਾਲਾ ਨੂੰ ਨਿਸ਼ਾਨਾ ਬਣਾ ਰਿਹਾ ਹੈ। ਕਹਿ ਰਿਹਾ ਹੈ ਕਿ ਸਿੱਖਾਂ ਨੇ ਕੋਈ ਸਬਕ ਨਹੀਂ ਸਿੱਖਿਆ ਹੈ। ਸਾਡਾ ਜਵਾਬੀ ਸਵਾਲ ਹੈ ਕਿ ਕੀ ਜਾ਼ਲਮ ਵਰਗ ਨੇ ਕੋਈ ਸਬਕ ਸਿੱਖਿਆ ਹੈ? ਹਕੂਮਤੀ ਵਰਗ ਲਈ ਮਰਨ ਵਾਲਿਆਂ ਦਾ ਕੋਈ ਮਤਲਬ ਨਹੀਂ ਹੈ, ਭਾਵੇਂ ਹਾਕਮਾਂ ਲਈ ਲੋਕ, ਪੁਲਿਸ ਵਾਲੇ ਮਰਨ ਜਾਂ ਫੌਜੀ ਮਰਨ। … ਸਿੱਖਾਂ ਵਿਰੁੱਧ ਜ਼ਹਿਰ ਨਹੀਂ ਮਰੀ। ਸਿੱਖਾਂ ਖਿਾਫ ਨੈਰੇਟਿਵ ਸਿਰਜਿਆ ਜਾ ਰਿਹੈ … ਸਿੱਖਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਆਉਣ ਵਾਲਾ ਸਮਾਂ ਖਤਰਨਾਕ ਹੋ ਸਕਦਾ।”
ਅਜਮੇਰ ਸਿੰਘ ਆਪਣੇ ਹਰ ਪ੍ਰਵਚਨ ਵਿਚ ਆਉਣਾ ਵਾਲਾ ਸਮਾਂ ਖਤਰਨਾਕ ਹੋਣ ਦੀ ਪੇਸ਼ੀਨਗੋਈ ਕਰਦੇ ਹਨ। ਇੱਕ ਪਾਸੇ ਸਿੱਖਾਂ ਨੂੰ ਉਕਸਾਉਂਦੇ ਹਨ ਅਤੇ ਦੂਜੇ ਪਾਸੇ ਖਤਰਨਾਕ ਸਮੇਂ ਦੀ ਪੇਸ਼ੀਨਗੋਈ ਕਰਦੇ ਹਨ। ਜਾਪਦਾ ਹੈ, ਅਜਮੇਰ ਸਿੰਘ ਖਤਰਨਾਕ ਸਮੇਂ ਦੀ ਬੇਸਬਰੀ ਨਾਲ ਉਡੀਕ ਹੀ ਨਹੀਂ ਕਰ ਰਿਹਾ ਸਗੋਂ ਆਪਣੇ ਪ੍ਰਵਚਨ ਦੀ ਖਿੱਚ ਨਾਲ ਧੁਹ-ਧੂਹ ਨੇੜੇ ਲਿਆਉਣ ਦੀ ਕੋਸ਼ਿਸ਼ ਵਿਚ ਵੀ ਹੈ ਪਰ ਹੁਣ ਇਸ ਸੋਚ ਦੀ ਦਾਲ ਗਲਦੀ ਨਹੀਂ ਤੇ ਨਾ ਹੀ ਕੋਈ ਆਸ ਹੈ।
ਆਪਣੀ ਆਦਤ ਮੁਤਾਬਿਕ ਅਜਮੇਰ ਸਿੰਘ ਕਿਸਾਨ ਅੰਦੋਲਨ ਦੇ ਆਗੂਆਂ ਉੱਤੇ ਵੀ ਵਰ੍ਹਦਾ ਹੈ ਅਤੇ ਉਹਨਾਂ ਨੂੰ ਸਿੱਖਾਂ ਦੇ ਦੁਸ਼ਮਣ ਦੱਸਣ ਤੱਕ ਜਾਂਦਾ ਹੈ। ਗੱਲ ਵੀ ਉਹ ਉਹਨਾਂ ਕਿਸਾਨ ਆਗੂਆਂ ਦੀ ਕਰ ਰਿਹਾ ਹੈ ਜੋ ਸਿੱਖ ਹਨ ਨਾ ਕਿ ਜਾਟਾਂ ਜਾਂ ਯੂ.ਪੀ. ਵਾਲਿਆਂ ਦੀ। ਅਜਮੇਰ ਸਿੰਘ ਜਿਸ ਢੰਗ ਨਾਲ ਸਿੱਖਾਂ ਦੇ ਕਥਿਤ ਦੁਸ਼ਮਣਾਂ ਦੀ ਨਿਸ਼ਾਨਦੇਹੀ ਕਰਦਾ ਹੈ, ਓਸ ਢੰਗ ਨਾਲ ਅਸਲੀ ਸਿੱਖ ਤਾਂ ਉਹੀ ਬਚਦੇ ਹਨ ਜੋ ਅਕਸਰ ਅਜਮੇਰ ਸਿੰਘ ਦੇ ਸੱਜੇ ਖੱਬੇ ਬੈਠਦੇ ਹਨ ਤੇ ਉਸ ਨੂੰ ਵੱਡਾ ਬੁਧੀਜੀਵੀ ਸਮਝਦੇ ਹਨ। ਕਿਸਾਨ ਆਗੂ ਜਿਸ ਰਾਹ ਪੈ ਗਏ ਹਨ, ਉਸ ਵਿਚ ਵੀ ਵੱਖਵਾਦੀ ਲਾਬੀ ਦਾ ਵੱਡਾ ਹੱਥ ਹੈ। ਉਹਨਾਂ ਦੀ ਹਾਲਤ ‘ਸੱਪ ਦੇ ਮੂੰਹ ਵਿਚ ਕੋਹੜ ਕਿਰਲੀ’ ਵਾਲੀ ਬਣਾ ਦਿੱਤੀ ਗਈ ਹੈ।
ਕਿਸਾਨ ਆਗੂਆਂ ਬਾਰੇ ਅਜਮੇਰ ਸਿੰਘ ਇੰਝ ਕਹਿੰਦਾ ਹੈ, “ਕਿਸਾਨ ਅੰਦੋਲਨ ਵਾਲੀ ਥਾਂ ਇਹ ਘਟਨਾ ਵਾਪਰੀ ਹੈ ਅਤੇ ਕਿਸਾਨ ਆਗੂਆਂ ਦਾ ਪ੍ਰਤੀਕਰਮ ਸਿੱਖਾਂ ਲਈ ਖਤਰੇ ਦੀ ਘੰਟੀ ਹੈ। ਅਲਟੀਮੇਟਲੀ … ਜਿਵੇਂ ਲੈਫਟ, ਸਿੱਖਾਂ ਖਿਲਾਫ ਸਟੇਟ ਦਾ ਦਸਤਾ ਬਣੇ, ਉਹ ਓਸ ਰੋਲ ਲਈ ਤਿਆਰੀ ਕਰ ਰਹੇ ਹਨ। ਉਹਨਾਂ ਦਾ ਆਧਾਰ ਵਧਿਆ, ਸਮਰਥਨ ਵਧਿਆ। ਉਹ ਸਿੱਖਾਂ ਦੀ ਮਦਦ ਨਾਲ ਤਾਕਤ ਬਣ ਚੁੱਕੇ ਹਨ। ਜੋ ਉਹ ਗੱਲਾਂ ਕਰ ਰਹੇ ਹਨ, … ਦੱਸਦਾ ਹੈ ਕਿ ਉਹਨਾਂ ਨੇ ਵਿਕਟਮ ਨਾਲ ਨਹੀਂ ਸਗੋਂ ਉਹ ਵਿਕਟੇਮਾਈਜ਼ ਕਰਨ ਵਾਲੇ ਨਾਲ ਖੜ੍ਹਨਗੇ।”
ਅਜਮੇਰ ਸਿੰਘ ਲਈ ਇਸ ਕੇਸ ਵਿਚ ਵਿਕਟਮ ਨਿਹੰਗ ਹਨ ਅਤੇ ਜਾਂ ਸਾਰੇ ਸਿੱਖਾਂ ਦੇ ਬਹਾਨੇ ਹੇਠ ‘ਨਿਆਰੀ ਹਸਤੀ’ ਵਾਲੇ ਸਿੱਖ ਹਨ (ਜੋ ਮੁੱਠੀ ਕੁ ਭਰ ਹਨ)। ਬਿਨਾ ਦਲੀਲ ਅਪੀਲ ਜਿਬਾਹ ਕਰ ਦਿੱਤਾ ਗਿਆ, ਗਰੀਬ ਵੀ ਕਥਿਤ ਜ਼ਾਲਮਾਂ ਦੇ ਖਾਤੇ ਵਿਚ ਪਾ ਦਿੱਤਾ ਹੈ।
ਅਜਮੇਰ ਸਿੰਘ ਜੋ ਸਿਫਤਾਂ ‘ਮੋਇਆਂ ਦੀ ਮੰਡੀ ਵਾਲੇ’ ਨਿਹੰਗ ਅਮਨ ਸਿੰਘ ਦੀਆਂ ਕਰਦਾ ਹੈ, ਉਹ ਵੀ ਸੁਣਨ ਵਾਲੀਆਂ ਹਨ। ਕਥਿਤ ਬਾਬਾ ਅਮਨ ਸਿੰਘ ਬੇਕਿਰਕ ਕਾਤਲ ਨਿਹੰਗਾਂ ਦਾ ਆਗੂ ਹੈ।
ਅਜਮੇਰ ਸਿੰਘ ਇੰਝ ਆਖਦਾ ਹੈ, “ਨਿਹੰਗ ਅਮਨ ਸਿੰਘ ਨੇ ਇਕ ਗੱਲ ਸਾਫ ਕੀਤੀ ਹੈ … ਮਤਲਬ ਓਸ ਨੇ ਠਰੰਮਾ ਅਤੇ ਸੰਤੁਲਨ ਕਾਇਮ ਰੱਖਿਆ, ਮੈਂ ਉਸ ਦੀ ਇੰਟਰਵਿਊ ਸੁਣੀ ਹੈ। ਹਰ ਗੱਲ ਦਾ ਖਿਆਲ ਰੱਖਿਆ ਹੈ। ਉਹਨਾਂ ਨੇ ਇਹ ਕਾਰਵਾਈ ਕਿਸੇ ਤੈਸ਼ ਜਾਂ ਰੋਹ ਵਿਚ ਆ ਕੇ ਨਹੀਂ ਕੀਤੀ, ਇਹ ਜਮ੍ਹਾਂ ਹੋਇਆ ਪਿਆ ਸੀ … ਬੇਅਦਬੀ ਦੀਆਂ ਘਟਨਾਵਾਂ ਤਾਂ 1947 ਤੋਂ ਹੀ ਹੋ ਰਹੀਆਂ ਹਨ। ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਰਹੀ ਸੀ ਅਤੇ ਸਿੱਖਾਂ ਵਿਚ ਚਿੰਤਾ ਸੀ ਕਿ ਕੀ ਕਰੀਏ। ਹੁਣ ਇੱਕ ਆਸ ਜਾਗੀ ਹੈ ਕਿ ਠੱਲ੍ਹ ਪਾਈ ਜਾ ਸਕਦੀ ਹੈ ਅਤੇ ਠੱਲ੍ਹ ਪਾਈ ਜਾਵੇਗੀ। ਸਿੱਖ ਵਿਰਸੇ ਵਿਚੋਂ ਹੀ ਰੌਸ਼ਨੀ ਲਓ। ਕਾਨੂੰਨ ਨੂੰ ਆਪਣੇ ਹੱਥ ਵਿਚ ਨਾ ਲਓ ਕਹਿਣ ਵਾਲੇ ਨਹੀਂ ਜਾਣਦੇ ਕਿ ਕਾਨੂੰਨ ਕਿੰਨਾ ਪੱਖਪਾਤੀ ਤੇ ਬੋਲਾ ਹੋ ਚੁੱਕਾ ਹੈ। ਕਹਿੰਦੇ ਹਨ ਕਿ ਇਨਸਾਫ ਦੇ ਹੱਥ 9 ਗਜ਼ ਦੇ ਹੁੰਦੇ ਹਨ ਪਰ ਇਹ ਮਜ਼ਲੂਮ ਲਈ ਹਨ ਬਹੁਗਿਣਤੀ ਲਈ ਟੰੁਡ ਬਣ ਜਾਂਦੇ ਹਨ। … ਜਿਹਨਾਂ ਨੇ ਸਿੱਖਾਂ `ਤੇ ਬੀਤੇ ਵਿਚ ਜ਼ੁਲਮ ਕੀਤੇ ਹਨ … ਕਿਸੇ ਨੂੰ ਤੱਤੀ ਵਾਹ ਨਹੀਂ ਲੱਗੀ ਤਰੱਕੀਆਂ ਅਤੇ ਅਹੁਦੇ ਮਿਲੇ ਹਨ। ਇਹ ਅੰਨ੍ਹੇ ਹੋਣ ਵਾਲੀ ਗੱਲ ਹੈ। ਇੱਕ ਸੈਕਸ਼ਨ ਦੀ ਇਨਸਾਨੀਅਤ ਮਰ ਚੁੱਕੀ ਹੈ।”
ਨਿਹੰਗ ਬਾਬਾ ਅਮਨ ਸਿੰਘ ਬਾਰੇ ਕਈ ਤੱਥ ਬਾਹਰ ਆ ਗਏ ਹਨ। ਉਸ ਉੱਤੇ ਕਈ ਕੇਸ ਹਨ ਜਿਹਨਾਂ ਵਿਚ ਨਸ਼ਾ ਤਸਕਰੀ ਦੇ ਵੱਡੇ ਦੋਸ਼ ਹਨ। ਉਹ ਅੰਦਰਖਾਤੇ ਸਰਕਾਰ ਦੇ ਵੀ ਰਾਬਤੇ ਵਿਚ ਰਿਹਾ ਹੈ ਜਿਸ ਦੇ ਸਬੂਤ ਮਿਲ ਗਏ ਹਨ। ਉਹ ਲਖਬੀਰ ਸਿੰਘ ਦੇ ਦੋਸ਼ੀ ਹੋਣ ਬਾਰੇ ਕੋਈ ਸਬੂਤ ਨਹੀਂ ਦੇ ਸਕਿਆ। ਉਸ ਦੇ ਬਿਰਧ ਅਤੇ ਗਰੀਬ ਮਾਂ ਬਾਪ ਬਿਮਾਰ ਹਨ ਅਤੇ ਰੁਲ ਰਹੇ ਹਨ। ਉਹਨਾਂ ਦੀ ਹਾਲਤ ਬਾਰੇ ਰਪੋਰਟਾਂ ਪੜ੍ਹ ਕੇ ਤਰਸ ਆਉਂਦਾ ਹੈ। ਨਿਹੰਗ ਅਮਨ ਸਿੰਘ ਉੱਤੇ ਮਾਪਿਆਂ ਦੀ ਅਣਦੇਖੀ ਕਰਨ ਦਾ ਵੀ ਚਾਰਜ ਲੱਗਣਾ ਚਾਹੀਦਾ ਹੈ। ਗਰੀਬ ਨੂੰ ਬੰਨ੍ਹ ਕੇ ਉਸ ਦਾ ਬੰਦ-ਬੰਦ ਕੱਟਿਆ ਗਿਆ ਹੈ ਅਤੇ ਅਜਮੇਰ ਸਿੰਘ ਹੱਦ ਦਰਜੇ ਦੀ ਬੇਸ਼ਰਮੀ ਨਾਲ ਇਸ ਨੂੰ ‘ਠਰੰਮਾ ਅਤੇ ਸੰਤੁਲਨ ਕਾਇਮ’ ਰੱਖਣ ਦੱਸ ਰਿਹਾ ਹੈ। ਕਾਨੂੰਨ ਆਪਣੇ ਹੱਥ ਵਿਚ ਲੈਣ ਨੂੰ ਵੀ ਜਾਇਜ਼ ਦੱਸ ਰਿਹਾ ਹੈ; ਤੇ ਜਦ ਅਗਲਿਆਂ ਨੇ ਦਹਿਸ਼ਤਵਾਦ ਵੇਲੇ ਕਾਨੂੰਨ ਆਪਣੇ ਹੱਥ ਵਿਚ ਲੈ ਲਿਆ ਸੀ ਤਾਂ ਕੀ ਬਣਿਆ ਸੀ। ਕਾਨੂੰਨ ਆਪਣੇ ਹੱਥ ਵਿਚ ਲੈ ਕੇ ਅਜਮੇਰ ਸਿੰਘ ਦੀ ਨਿਆਰੀ ਧਿਰ ਵੀ ਦੇਖ ਚੁੱਕੀ ਹੈ ਅਤੇ ਸਰਕਾਰੀ ਧਿਰ ਵੀ। ਅਜੇ ਕੋਈ ਕਸਰ ਰਹਿ ਗਈ ਹੈ? ਅਗਰ ਇਨਸਾਨੀਅਤ ਮਰ ਚੁੱਕੀ ਹੈ, ਓਸ ਚੰਡਾਲ ਚੌਂਕੜੀ ਦੀ ਮਰ ਚੁੱਕੀ ਹੈ ਜੋ ਸਿੱਖਾਂ ਨੂੰ ਤਾਲਿਬਾਨ ਬਣਾ ਰਹੇ ਹਨ। ਅੱਜ ਇਸਲਾਮਿਕ ਕੱਟੜਪੰਥੀ ਕਥਿਤ ਕਾਫਰਾਂ ਨੂੰ ਵੀ ਕਤਲ ਕਰ ਰਹੇ ਹਨ ਅਤੇ ਸ਼ੀਆ, ਹਜ਼ਾਰਾ, ਅਹਿਮਦੀਆ ਤੇ ਹੋਰ ਫਿਰਕਿਆਂ ਦੀਆਂ ਮਸਜਿਦਾਂ ਵਿਚ ਵੀ ਆਤਮਘਾਤੀ ਹਮਲੇ ਕਰ ਰਹੇ ਹਨ। ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਦੀ ਵਕਾਲਤ, ਅਸਹਿਸ਼ੀਲਤਾ ਅਤੇ ਵੰਡੀਆਂ ਪਾਉਣਾ ਸਭ ਲਈ ਘਾਤਕ ਹੈ।
ਅਜਮੇਰ ਸਿੰਘ ਇਤਿਹਾਸ ਦੇ ਹਵਾਲੇ ਆਪਣੇ ਨਜ਼ਰੀਏ ਵਿਚ ਫਿੱਟ ਕਰਨ ਲਈ ਪਹਿਲਾਂ ਛਾਂਟਦਾ ਅਤੇ ਫਿਰ ਬੀਬਾ ਮੂੰਹ ਬਣਾ ਕੇ ਇੰਝ ਬਿਆਨ ਕਰਦਾ ਹੈ, “ਸਾਰਾ ਇਤਿਹਾਸ ਦੇਖ ਲਓ, ਜਦ ਇਨਸਾਫ਼ ਨਾ ਮਿਲੇ ਤਾਂ ਕਾਨੂੰਨਾਂ ਨੂੰ ਆਪਣੇ ਹੱਥ ਵਿਚ ਲੈਣਾ ਪੈਂਦਾ ਹੈ। ਡਾਇਰ ਨੂੰ ਬਰੀ ਕਰ ਦਿੱਤਾ ਤਾਂ ਊਧਮ ਸਿੰਘ ਨੇ ਇਨਸਾਫ ਕਰ ਦਿੱਤਾ, ਇਸ ਤੋਂ ਪਹਿਲਾਂ ਮਦਨ ਲਾਲ ਢੀਂਗਰਾ ਨੇ ਕੀਤਾ ਸੀ। ਭਾਰਤੀ ਕਹਿਣ ਉੱਤੇ ਸਾਨੂੰ ਸ਼ਰਮ ਆਉਂਦੀ ਹੈ। ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੇ ਇੰਦਰਾ … ਫਿਰ ਵੈਦਿਆ ਨੂੰ … ਕੀ ਇਹਨਾਂ ਨੂੰ ਕੋਈ ਸਜ਼ਾ ਹੋਣੀ ਸੀ? ਸਿੱਖਾਂ ਦੀ ਰਵਾਇਤ ਹੈ ਪਾਪੀ ਕੋ ਦੰਡ ਦਿਓ। ਸਿੱਖਾਂ ਨੇ ਆਪਣੇ ਵਿਰਸੇ ਦੀ ਲਾਜ ਰੱਖੀ ਹੈ।”
ਅਜਮੇਰ ਸਿੰਘ ਦੀ ਨਜ਼ਰ ਵਿਚ ਸਿੱਖ ਵਿਰਸਾ ਬਦਲੇ ਦੇ ਭਾਂਬੜ ਬਾਲਣ, ਆਪਣੇ ਆਪ ਅਤੇ ਦੂਜੇ ਦਾ ਤੁਖਮ ਉਡਾਉਣ ਤੱਕ ਹੀ ਸੀਮਤ ਹੈ? ਅਜਮੇਰ ਸਿੰਘ ਇਸ ਸਿੰਘੂ ਬਾਰਡਰ ਉੱਤੇ ਵਾਪਰੀ ਸ਼ਰਮਨਾਕ ਘਟਨਾ ਨੂੰ ਜਾਇਜ ਠਹਿਰਾ ਕੇ ਸਿੱਖਾਂ ਨੂੰ ਗੁਮਰਾਹ ਕਰ ਰਿਹਾ ਹੈ ਅਤੇ ਉਕਸਾਉਣ ਦੀ ਹਰ ਕੋਸ਼ਿਸ਼ ਕਰਦਾ ਹੈ।
ਅਜਮੇਰ ਸਿੰਘ ਦਾ ਸਾਰਾ ਪ੍ਰਵਚਨ ਹੀ ਉਕਸਾਊ ਹੈ ਅਤੇ ਇੰਝ ਜਾਪਦਾ ਹੈ ਕਿ ਉਹ ਕਿਸੇ ਕੌਮੀ ਯੁੱਧ ਦੀ ਤਿਆਰੀ ਕਰਵਾ ਰਿਹਾ ਹੋਵੇ ਜੋ ਉਸ ਨੇ ਨਹੀਂ ਲੜਨਾ, ਹੋਰਾਂ ਤੋਂ ਲੜਵਾਉਣਾ ਹੈ।
ਦੇਖੋ ਇੱਕ ਗਰੀਬ ਦੇ ਬੇਰਹਿਮ ਕਤਲ ਨੂੰ ਅਜਮੇਰ ਸਿੰਘ ‘ਸਵਾ ਲਾਖ ਸੇ ਏਕ ਲੜਾਊਂ’ ਨਾਲ ਕਿਵੇਂ ਜੋੜਦਾ ਹੈ, “ਸਿੱਖ ਬਹੁਤ ਘੱਟ ਗਿਣਤੀ ਵਿਚ ਹਨ 18ਵੀਂ ਸਦੀ ਵਿਚ ਵੀ ਸਨ ਪਰ ਕਦੇ ਡਰੇ ਨਹੀਂ, ਨਾ ਡਰਨਗੇ। ਘੱਟ ਗਿਣਤੀ ਦੇ ਡਰਾਵੇ ਦੇਣਾ ਸਿੱਖਾਂ `ਤੇ ਨਾ ਕਾਰਗਰ ਹੋਏ ਹਨ, ਨਾ ਹੋਣਗੇ। ਸਵਾ ਲਾਖ ਸੇ ਇੱਕ ਲੜਾਊਂ ਦੀ ਸਪਿਰਟ ਜੋ ਦਸਮ ਗੁਰੂ ਭਰ ਗਏ ਹਨ, ਉਹ ਸਦਾ ਰਹੇਗੀ। ਹਰਿੰਦਰ ਮਹਿਬੂਬ ਨੇ ਕਿਹਾ ਸੀ, ਸਿਦਕ ਦੇ ਰਾਹ ਆਬਾਦ ਰਹਿਣੇ ਚਾਹੀਦੇ ਹਨ, ਜੇ ਆਬਾਦ ਹਨ ਤਾਂ ਮਿੱਟੀ ਦੇ ਕਣਾਂ ਵਿਚੋਂ ਵੀ ਖਾਲਸਾ ਪ੍ਰਗਟ ਹੋ ਜਾਵੇਗਾ।”
ਕਥਿਤ ਜ਼ੁਲਮ ਦਾ ਸਦਾ ਸ਼ਿਕਾਰ ਹੋਣ ਦੀ ਭਾਵਨਾ, ਉਕਸਾਹਟ, ਭੜਕਾਹਟ, ਡਰਾਵਾ, ਬਹਾਦਰੀ ਦੀਆਂ ਥਾਪੀਆਂ ਅਤੇ ਫਿਰ ਕਹਿੰਦਾ ਹੈ, ‘ਭੜਕਾਹਟ’ ਵਿਚ ਨਹੀਂ ਆਉਣਾ।
ਆਦਤ ਮੁਤਾਬਿਕ ਇਸ ਪ੍ਰਵਚਨ ਵਿਚ ਐਨੇ ਪੈਂਤੜੇ ਅਪਣਾ ਗਿਆ ਹੈ ਕਿ ਗੁਮਰਾਹ ਹੋਇਆ ਕੋਈ ਸਿੱਖ ਕੁਝ ਵੀ ਕਰ ਬੈਠੇ, ਅਜਮੇਰ ਸਿੰਘ ਸੱਚਾ ਹੀ ਰਹੇਗਾ। ਉਹ ਭੜਕਾਹਟ ਵਿਚ ਨਾ ਆਉਣ ਦੀ ਤਾਕੀਦ ਨਾਲ ਸੰਤੁਲਨ ਕਾਇਮ ਰੱਖਣ ਦੀ ਸਿਖਿਆ ਇੰਝ ਦਿੰਦਾ ਹੈ, “ਨਾ ਭੜਕਾਹਟ ਵਿਚ ਆਉਣ ਦੀ ਲੋੜ ਹੈ ਅਤੇ ਨਾ ਡਰਨ ਦੀ ਕੋਈ ਲੋੜ ਹੈ, ਇੱਕ ਆਪਣਾ ਸੰਤੁਲਨ ਕਾਇਮ ਰੱਖ ਕੇ ਵਿਰਸੇ ਤੋਂ ਸੇਧ ਲੈ ਕੇ ਤਿਆਰ ਰਹਿਣਾ ਚਾਹੀਦਾ ਜੋ 70ਵਿਆਂ ਵਿਚ ਵਾਪਰਿਆ ਸੀ, ਇਤਿਹਾਸ ਫਿਰ ਰਪੀਟ ਕਰ ਰਿਹਾ ਹੈ … ਪਰ ਸਿੱਖਾਂ ਨੇ ਉਸ ਤਰ੍ਹਾਂ ਨਹੀਂ ਕਰਨਾ … ਹੁਣ ਕਿਵੇਂ ਰਿਐਕਟ ਕਰਨਾ ਹੈ, ਦਾਨਿਸ਼ਵਰ ਮਿੱਲ ਕੇ ਬੈਠਣ, ਬੈਠ ਕੇ ਸੰਕਟ ਵਿਚ ਫਸੀ ਕੌਮ ਨੂੰ ਕੋਈ ਸੇਧ ਦੇਣ। ਜੇ ਕੋਈ ਦਾਨਿਸ਼ਵਰ ਜ਼ਿੰਦਾ ਹੈ ਅਤੇ ਜੇ ਸਿੱਖ ਵਿਦਵਾਨਾਂ ਦੀਆਂ ਜ਼ਮੀਰਾਂ ਜਾਗਦੀਆਂ ਤਾਂ ਉਹ ਸੇਧ ਦੇਣ।”
ਨਾਲੇ ਸੇਧ ਦਈ ਜਾਂਦਾ ਹੈ, ਵਹਿਸ਼ੀ ਕਤਲ ਨੂੰ ਵਿਰਸੇ ਮੁਤਾਬਿਕ ਦੱਸੀ ਜਾਂਦਾ ਹੈ, ਆਪਣੇ ਇਸ ਅਤਿ ਸੌੜੇ ਨਜ਼ਰੀਏ ਅਨੁਸਾਰ ਵਿਰਸੇ ਤੋਂ ਸੇਧ ਲੈਣ ਦੀ ਘੰੁਮਣਘੇਰੀ ਵਿਚ ਪਾਈ ਜਾਂਦਾ ਹੈ ਅਤੇ ਨਾਲੇ ਦਾਨਿਸ਼ਵਰਾਂ, ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਸੇਧ ਦੇਣ ਦੀ ਅਪੀਲ ਵੀ ਕਰੀ ਜਾਂਦਾ ਹੈ। ਅਖੇ, ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ। ਅਜਮੇਰ ਸਿੰਘ ਦੀ ਦਾਨਿਸ਼ਵਰ ਅਤੇ ਸਿੱਖ ਵਿਦਵਾਨਾਂ ਦੀ ਟੋਲੀ ਕਈ ਅਹਿਮ ਮੋੜਾਂ ਉੱਤੇ ਕੌਮ ਨੂੰ ਸੇਧ ਦੇ ਚੁੱਕੀ ਹੈ। ਕਿਸਾਨ ਅੰਦੋਲਨ ਦੌਰਾਨ ਵੀ ਕਈ ਸੇਧਾਂ ਦਿੱਤੀਆਂ ਹਨ ਜੋ ਜਲੇਬੀ ਵਰਗੀਆਂ ਸਾਬਤ ਹੋਈਆਂ ਹਨ।
ਸਿੱਖੋ ਬਚ ਸਕਦੇ ਹੋ ਤਾਂ ਬਚ ਜਾਓ! ਭਾਊ
ਤੀਲਾਂ ਦੀ ਡੱਬੀ ਅਤੇ ਪਟਰੋਲ ਚੁੱਕੀ ਫਿਰਦੈ!
ਹੈਰਾਨੀ ਵਾਲੀ ਗੱਲ ਹੈ ਕਿ ਇਸ ਸਾਰੇ ਪ੍ਰਵਚਨ ਵਿਚ ਅਜਮੇਰ ਸਿੰਘ ਨੇ ਗੁਰਬਾਣੀ ਦਾ ਕਿਤੇ ਹਵਾਲਾ ਨਹੀਂ ਦਿੱਤਾ ਪਰ ਸਾਰੀ ਗੱਲ ਸਿੱਖ ਵਿਰਸੇ ਓਦਾਲੇ ਘੁੰਮਾਈ ਹੈ। ਇਨਸਾਨ ਦਾ ਬੇਰਹਿਮੀ ਨਾਲ ਕਤਲ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ, ਗੁਰਬਾਣੀ ਤਾਂ ਧਰਮ, ਕਰਮ, ਪੂਜਾ-ਪਾਠ ਲਈ ਫੁੱਲ ਤੋੜਨ ਤੋਂ ਵੀ ਵਰਜਦੀ ਹੈ। ਇਹ ਵੱਖਰੀ ਗੱਲ ਹੈ ਕਿ ਕਈ ਅਮੀਰ ਸਿੱਖ ਦਿਨ ਤਿਉਹਾਰ ਮੌਕੇ ਲੱਖਾਂ ਰੁਪਏ ਦੇ ਕਈ ਕਈ ਟੰਨ ਦੇਸੀ ਅਤੇ ਵਿਦੇਸ਼ੀ ਫੁੱਲ ਭੇਂਟ ਕਰ ਕੇ ਬੱਲੇ-ਬੱਲੇ ਦੀਆਂ ਖਬਰਾਂ ਲਗਵਾਉਂਦੇ ਹਨ; ਤੇ ਅਜਮੇਰ ਸਿੰਘ ਵਰਗੇ ਧਰਮ ਦੇ ਨਾਮ `ਤੇ ਕਤਲ ਤੱਕ ਨੂੰ ਜਾਇਜ਼ ਦੱਸਦੇ ਹਨ।
ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ॥
ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ॥
ਭੂਲੀ ਮਾਲਨੀ ਹੈ ਏਉ॥ -ਪੰਨਾ 479
ਮਾਲਣ ਫੁੱਲ (ਪਾਤੀ) ਤੋੜਦੀ ਹੈ ਪਰ ਹਰ ਫੁੱਲ ਵਿਚ ਜਾਨ ਹੈ (ਪਾਤੀ ਪਾਤੀ ਜੀਉ)। ਜਿਸ ਮੂਰਤ (ਬੁੱਤ) ਦੀ ਪੂਜਾ ਲਈ ਜਾਨਦਾਰ ਫੁੱਲ ਤੋੜਦੀ ਹੈ, ਉਹ ਬੇਜਾਨ ਹੈ, ਇਸ ਲਈ ਇਹ ਮਾਲਣ ਭੁੱਲੀ ਹੋਈ ਹੈ ਪਰ ਅਜਮੇਰ ਸਿੰਘ ਰੂਪੀ ਮਾਲਣ ਭੁੱਲੀ ਹੋਈ ਨਹੀਂ, ਛਲ-ਕਪਟ ਦੀ ਮਾਹਰ ਹੈ। ਮੁਹੰਮਦ ਅਲੀ ਜਿਨਾਹ ਦੀ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ‘ਟੂ-ਨੇਸ਼ਨ’ ਥਿਊਰੀ ਨੂੰ ਅਜਮੇਰ ਸਿੰਘ ਸਿੱਖਾਂ ਅਤੇ ਹਿੰਦੂਆਂ ਨੂੰ ਵੰਡਣ ਦੀ ਚਾਲ ਵਜੋਂ ਵਰਤ ਰਿਹਾ ਹੈ।