ਕਿਸਾਨ ਅੰਦੋਲਨ ਅਤੇ ਵਿਰੋਧੀ ਧਿਰਾਂ

ਕੀ ਲਖੀਮਪੁਰ ਖੀਰੀ (ਉਤਰ ਪ੍ਰਦੇਸ਼) ਵਾਲੀ ਹਿੰਸਕ ਘਟਨਾ ਅਤੇ ਦਿੱਲੀ ਦੇ ਸਿੰਘੂ ਬਾਰਡਰ ‘ਤੇ ਹੋਏ ਕਤਲ ਵਿਚਕਾਰ ਕੋਈ ਸਾਂਝ ਹੈ? ਲਖੀਮਪੁਰ ਖੀਰੀ ਵਿਚ ਕਿਸਾਨ ਅੰਦੋਲਨ ਕਰ ਰਹੇ ਕਿਸਾਨਾਂ ਉਤੇ ਕੇਂਦਰੀ ਮੰਤਰੀ ਦੇ ਮੁੰਡੇ ਨੇ ਆਪਣੀ ਕਾਰ ਚੜ੍ਹਾ ਦਿੱਤੀ ਸੀ ਜਿਸ ਕਾਰਨ ਚਾਰ ਕਿਸਾਨਾਂ ਅਤੇ ਇਕ ਪੱਤਰਕਾਰ ਦੀ ਮੌਤ ਹੋ ਗਈ ਸੀ। ਸਿੰਘੂ ਬਾਰਡਰ ‘ਤੇ ਨਿਹੰਗ ਸਿੰਘਾਂ ਨੇ ਬੇਅਦਬੀ ਦਾ ਕਥਿਥ ਦੋਸ਼ ਲਾ ਕੇ ਇਕ ਵਿਅਕਤੀ ਨੂੰ ਬਹੁਤ ਵਹਿਸ਼ੀਆਨਾ ਢੰਗ ਨਾਲ ਕਤਲ ਕਰ ਦਿੱਤਾ। ਪਹਿਲੀ ਘਟਨਾ ਨਾਲ ਜਿਹੜੀਆਂ ਕੜੀਆਂ ਜੁੜੀਆਂ ਹਨ, ਉਨ੍ਹਾਂ ਵਿਚ ਕੇਂਦਰੀ ਮੰਤਰੀ ਦਾ ਰੋਲ ਸਾਹਮਣੇ ਆ ਰਿਹਾ ਹੈ।

ਇਸ ਕੇਂਦਰੀ ਮੰਤਰੀ ਨੇ ਚੰਦ ਰੋਜ਼ ਪਹਿਲਾਂ ਹੀ ਕਿਸਾਨਾਂ ਨੂੰ ਸਬਕ ਸਿਖਾਉਣ ਦੀ ਧਮਕੀ ਦਿੱਤੀ ਸੀ ਅਤੇ ਇਸ ਸਬੰਧੀ ਵੀਡੀਓ ਵਾਇਰਲ ਹੋਈ ਸੀ। ਇਸ ਘਟਨਾ ਤੋਂ ਬਾਅਦ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਬਹੁਤ ਦੇਰ ਬਾਅਦ ਹੀ ਕੋਈ ਕਾਰਵਾਈ ਕੀਤੀ। ਕੇਂਦਰੀ ਮੰਤਰੀ ਦੇ ਮੁੰਡੇ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਅਸਲ ਵਿਚ ਕਿਸਾਨ ਅੰਦੋਲਨ ਦੇ ਦਬਾਅ ਕਾਰਨ ਹੀ ਹੋਈ। ਦੂਜੇ ਬੰਨੇ, ਸਿੰਘੂ ਬਾਰਡਰ ਦੀ ਘਟਨਾ ਹੈ। ਕੇਂਦਰੀ ਹਕੂਮਤ ਇਸ ਘਟਨਾ ਤੋਂ ਤੁਰੰਤ ਹਰਕਤ ਵਿਚ ਆ ਗਈ ਅਤੇ ਇਸ ਦੇ ਸਮਰਥਕ ਦਰਬਾਰੀ ਮੀਡੀਆ ਨੇ ਵੀ ਕਿਸਾਨਾਂ ਨੂੰ ਨਿਸ਼ਾਨੇ ‘ਤੇ ਲੈ ਲਿਆ। ਇਉਂ ਕੇਂਦਰੀ ਸਰਕਾਰ ਨੇ ਇਕ ਵਾਰ ਫਿਰ ਕਿਸਾਨ ਅੰਦੋਲਨ ਨੂੰ ਹਿੰਸਾ ਨਾਲ ਜੋੜ ਕੇ ਇਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਉਂਜ, ਜਿਉਂ-ਜਿਉਂ ਇਸ ਕਤਲ ਦੀ ਗੁੱਥੀ ਸੁਲਝਦੀ ਗਈ, ਹਕੀਕਤ ਸਾਹਮਣੇ ਆਉਂਦੀ ਗਈ ਅਤੇ ਹੁਣ ਕੇਂਦਰੀ ਹਕੂਮਤ ਇਸ ਘਟਨਾ ਤੋਂ ਪੈਰ ਪਿਛਾਂਹ ਖਿੱਚਣ ਲੱਗ ਪਈ ਹੈ। ਹੁਣ ਤਾਂ ਹਾਲਾਤ ਇਹ ਬਣ ਰਹੇ ਕਿ ਕਿ ਇਸ ਘਟਨਾ ਨੂੰ ਸਿੱਧਾ ਕੇਂਦਰੀ ਹਕੂਮਤ ਨਾਲ ਜੁੜਨ ਬਾਰੇ ਖੁਲਾਸੇ ਹੋ ਰਹੇ ਹਨ, ਕਿਉਂਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਬਾਰੇ ਕੁਝ ਅਜਿਹੇ ਸਬੂਤ ਸਾਹਮਣੇ ਆ ਗਏ ਹਨ ਜਿਨ੍ਹਾਂ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਇਨ੍ਹਾਂ ਲੋਕਾਂ ਦਾ ਰਾਬਤਾ ਕੇਂਦਰੀ ਹਕੂਮਤ ਦੇ ਸਰਕਰਦਾ ਮੰਤਰੀਆਂ ਨਾਲ ਲਗਾਤਾਰ ਬਣਿਆ ਹੋਇਆ ਹੈ।
ਉਧਰ, ਲਖੀਮਪੁਰ ਖੀਰੀ ਵਾਲੀ ਘਟਨਾ ਦਾ ਤਾਂ ਰੌਲਾ ਹੀ ਕੋਈ ਨਹੀਂ ਸੀ। ਕਿਸਾਨ ਅੰਦੋਲਨ ਨਾਲ ਜੁੜੀਆਂ ਸਭ ਧਿਰਾਂ ਨੇ ਇਸ ਨੂੰ ਅੰਦੋਲਨ ਉਤੇ ਸਿੱਧਾ ਵਾਰ ਕਿਆਸ ਕੀਤਾ ਅਤੇ ਕੇਂਦਰੀ ਹਕੂਮਤ ਨੂੰ ਪਿਛੇ ਹਟਣ ਲਈ ਮਜਬੂਰ ਕਰ ਦਿੱਤਾ ਪਰ ਸਿੰਘੂ ਬਾਰਡਰ ਵਾਲੀ ਘਟਨਾ ਤੋਂ ਬਾਅਦ ਕੁਝ ਸਿੱਖ ਵਿਦਵਾਨਾਂ ਨੇ ਜਿਸ ਤਰ੍ਹਾਂ ਇਸ ਸਮੁੱਚੇ ਕਾਂਡ ਦੀ ਵਿਆਖਿਆ ਕੀਤੀ, ਉਸ ਤੋਂ ਜ਼ਾਹਿਰ ਹੋ ਗਿਆ ਕਿ ਇਸ ਧਿਰ ਦਾ ਸੱਚਮੁੱਚ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। ਸਭ ਤੋਂ ਪਹਿਲਾਂ ਤਾਂ ਇਹ ਪ੍ਰਚਾਰ ਕੀਤਾ ਗਿਆ ਕਿ ਸਿੰਘੂ ਬਾਰਡਰ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਵਾਲੀ ਘਟਨਾ ਹੋਈ ਹੈ ਜਦਕਿ ਮਸਲਾ ਨਿਹੰਗ ਸਿੰਘਾਂ ਨਾਲ ਸਬੰਧਤ ਸਰਬਲੋਹ ਗ੍ਰੰਥ ਦਾ ਸੀ। ਉਂਝ ਵੀ, ਅਜੇ ਤੱਕ ਬੇਅਦਬੀ ਬਾਰੇ ਕੋਈ ਵੇਰਵਾ ਨਸ਼ਰ ਨਹੀਂ ਕੀਤਾ ਗਿਆ। ਹਾਂ, ਇਸ ਕਿਸਾਨ ਅੰਦੋਲਨ ਨੂੰ ਇਕ ਵਾਰ ਫਿਰ ਕਮਿਊਨਿਸਟ ਬਨਾਮ ਸਿੱਖ ਤਕਰਾਰ ਵਿਚ ਵਟਾਉਣ ਦੀ ਕੋਸ਼ਿਸ਼ ਕੀਤੀ ਗਈ। ਪਹਿਲਾਂ-ਪਹਿਲਾਂ ਅਜਿਹੀ ਕੋਸ਼ਿਸ਼ ਕੇਂਦਰੀ ਹਕੂਮਤ ਨੇ ਕੀਤੀ ਸੀ ਤਾਂ ਕਿ ਕਿਸਾਨਾਂ ਨੂੰ ਸਿੱਖਾਂ ਅਤੇ ਕਮਿਊਨਿਸਟਾਂ ਵਿਚਕਾਰ ਵੰਡ ਕੇ ਇਸ ਅੰਦੋਲਨ ਨੂੰ ਢਾਹ ਲਾਈ ਜਾ ਸਕੇ। ਉਸ ਵਕਤ ਵੀ ਇਕ ਖਾਸ ਧਿਰ ਨੇ ਕਿਸਾਨਾਂ ਨੂੰ ਸਿੱਖ ਬਣਾ ਧਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਸੀ। ਹੁਣ ਇਕ ਵਾਰ ਫਿਰ ਅਜਿਹੀ ਕੋਸ਼ਿਸ਼ ਕੀਤੀ ਗਈ ਹੈ। ਉਧਰ, ਕਿਸਾਨ ਅੰਦੋਲਨ ਚਲਾ ਰਹੇ ਆਗੂਆਂ ਸਾਰਾ ਜ਼ੋਰ ਇਸੇ ਨੁਕਤੇ ‘ਤੇ ਲੱਗਿਆ ਹੋਇਆ ਹੈ ਕਿ ਇਕ ਤਾਂ ਅੰਦੋਲਨ ਨੂੰ ਜ਼ਾਬਤੇ ਵਿਚ ਰੱਖਣਾ ਹੈ, ਦੂਜਾ ਇਸ ਅੰਦੋਲਨ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈ; ਇਸ ਅੰਦੋਲਨ ਵਿਚ ਸਭ ਧਰਮਾਂ ਦੇ ਨਾਲ ਜੁੜੇ ਕਿਸਾਨ ਭਰਪੂਰ ਸ਼ਮੂਲੀਅਤ ਕਰ ਰਹੇ ਹਨ। ਸ਼ਾਇਦ ਇਸੇ ਕਰਕੇ ਕੇਂਦਰੀ ਹਕੂਮਤ ਇਸ ਅੰਦੋਲਨ ਨੂੰ ਕਿਸੇ ਖਾਸ ਧਿਰ ਨਾਲ ਜੋੜ ਕੇ ਇਸ ਨੂੰ ਖਦੇੜਨ ਵਾਲੀਆਂ ਚਾਲਾਂ ਵਿਚ ਨਾਕਾਮ ਹੀ ਰਹੀ ਹੈ।
ਅਸਲ ਵਿਚ, ਕੁਝ ਸਿੱਖ ਵਿਦਵਾਨ ਇਸ ਅੰਦੋਲਨ ਵਿਚੋਂ ਆਪਣੀ ਸਿਆਸਤ ਦੀ ਤਲਾਸ਼ ਕਰ ਰਹੇ ਹਨ। ਇਨ੍ਹਾਂ ਵਿਦਵਾਨਾਂ ਨੇ ਆਪਣੀ ਸਿਆਸਤ ਨੂੰ ਅਗਾਂਹ ਵਧਾਉਣ ਲਈ ਹਰ ਹੀਲਾ-ਵਸੀਲਾ ਕਰਕੇ ਦੇਖ ਲਿਆ ਹੈ ਪਰ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਨੂੰ ਬਹੁਤਾ ਮੂੰਹ ਨਹੀਂ ਲਾਇਆ ਹੈ। ਇਸੇ ਨਿਰਾਸ਼ਾ ਅਤੇ ਨਾਕਾਮੀ ਵਿਚੋਂ ਹੀ ਇਹ ਧਿਰ ਅਜਿਹੀਆਂ ਘਟਨਾਵਾਂ ਜਾਂ ਵਿਚਾਰਾਂ ਨੂੰ ਕਿਸਾਨ ਅੰਦੋਲਨ ਉਤੇ ਲੱਦਣ ਦੀਆਂ ਕੋਸ਼ਿਸ਼ ਕਰਦੀ ਰਹੀ ਹੈ। ਹੁਣ ਵਹਿਸ਼ੀਆਨਾ ਕਤਲ ਨੂੰ ਸਿੱਖੀ ਦੇ ਹਵਾਲੇ ਨਾਲ ਜਿਸ ਤਰ੍ਹਾਂ ਵਡਿਆਇਆ ਗਿਆ ਹੈ, ਉਹ ਸੰਜੀਦਾ ਵਿਚਾਰ ਦੀ ਮੰਗ ਕਰਦਾ ਹੈ। ਇਹ ਕਤਲ ਅਸਲ ਵਿਚ ਉਸੇ ਤਰ੍ਹਾਂ ਦੀ ਕਾਰਵਾਈ ਸਾਬਤ ਹੋਇਆ ਹੈ ਜਿਸ ਤਰ੍ਹਾਂ ਸੱਤਾਧਾਰੀ ਹਿੰਦੂਤਵੀ ਧਿਰ ਘੱਟਗਿਣਤੀਆਂ ਖਿਲਾਫ ਹਜੂਮੀ ਹੱਤਿਆਵਾਂ ਲਈ ਆਮ ਲੋਕਾਂ ਨੂੰ ਭੜਕਾਉਂਦੀ ਰਹੀ ਹੈ। ਇਹ ਵਰਤਾਰਾ ਬਹੁਤ ਖਤਰਨਾਕ ਹੈ। ਇਸ ਵਰਤਾਰੇ ਦਾ ਹਰ ਹਾਲ ਵਿਰੋਧ ਹੋਣਾ ਚਾਹੀਦਾ ਹੈ, ਕਿਉਂਕਿ ਇਉਂ ਦੋਸ਼ ਲਾ ਕੇ ਤਾਂ ਫਿਰ ਕਿਸੇ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਹਿੰਦੂਤਵੀ ਭੀੜਾਂ ਨੇ ਪਹਿਲਾਂ ਅਜਿਹਾ ਹੀ ਕੀਤਾ ਹੈ। ਇਹ ਤਾਂ ਕਿਸਾਨ ਅੰਦੋਲਨ ਦੀ ਹੀ ਤਾਕਤ ਮੰਨੀ ਜਾਣੀ ਚਾਹੀਦੀ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਈ ਹੈ। ਇਹ ਕਿਸਾਨ ਅੰਦੋਲਨ ਹੁਣ ਵੀ ਉਸੇ ਮੜਕ ਨਾਲ ਤੁਰ ਰਿਹਾ ਹੈ ਪਰ ਕੇਂਦਰੀ ਹਕੂਮਤ ਦੇ ਨਾਲ-ਨਾਲ ਇਸ ਨੂੰ ਖਿੱਚ-ਖਿੱਚ ਕੇ ਸਿੱਖ ਅੰਦੋਲਨ ਬਣਾਉਣ ਦੇ ਯਤਨ ਕਰਨ ਵਾਲੇ ਅਜੇ ਵੀ ਉਸੇ ਗਲੀ ਵਿਚ ਗੇੜੇ ਕੱਢ ਰਹੇ ਹਨ। ਕਿਸਾਨ ਅੰਦੋਲਨ ਨੇ ਭਾਰਤ ਦੀ ਸਿਆਸਤ ਅੰਦਰ ਨਵੇਂ ਰਾਹ ਖੋਲ੍ਹਣ ਦੇ ਬਹੁਤ ਸਾਰੇ ਸੰਕੇਤ ਸੁੱਟੇ ਹਨ। ਸਭ ਸੰਜੀਦਾ ਧਿਰਾਂ ਨੂੰ ਇਸ ਬਾਰੇ ਡੂੰਘੀ ਸੋਚ-ਵਿਚਾਰ ਕਰਕੇ ਰਾਹ ਵਿਚ ਅੜਿੱਕਾ ਬਣ ਰਹੀਆਂ ਧਿਰਾਂ ਬਾਰੇ ਸਾਵਧਾਨ ਹੋਣਾ ਚਾਹੀਦਾ ਹੈ। ਕੁਝ ਧਿਰਾਂ ਕਿਸਾਨ ਅੰਦੋਲਨ ਦੀਆਂ ਹਮਾਇਤੀ ਬਣ ਕੇ ਇਸ ਨੂੰ ਢਾਹ ਲਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ।