ਸਿੰਘੂ ਬਾਰਡਰ ‘ਤੇ ਬੇਅਦਬੀ ਦੇ ਦੋਸ਼ ‘ਚ ਨਿਹੰਗਾਂ ਵੱਲੋਂ ਬੇਰਹਿਮੀ ਨਾਲ ਕਤਲ

ਨਵੀਂ ਦਿੱਲੀ: ਸਿੰਘੂ ਬਾਰਡਰ ਕੋਲ ਨਿਹੰਗ ਜਥੇਬੰਦੀ ਬਾਬਾ ਬਲਵਿੰਦਰ ਸਿੰਘ ਮੋਇਆਂ ਦੀ ਮੰਡੀ ਵਾਲੇ (ਮੁੱਖ ਸਥਾਨ ਸ੍ਰੀ ਫਤਹਿਗੜ੍ਹ ਸਾਹਿਬ) ਦੇ ਟੈਂਟ ਵਿਚੋਂ ‘ਸਰਬਲੋਹ ਗ੍ਰੰਥ` ਦੀ ਬੇਅਦਬੀ ਕਰਕੇ ਭੱਜਣ ਦੇ ਦੋਸ਼ਾਂ ਪਿੱਛੋਂ ਨੌਜਵਾਨ ਦਾ ਕਤਲ ਕਰਕੇ ਉਸ ਦੀ ਵੱਢੀ-ਟੁੱਕੀ ਲਾਸ਼ ਪੁਲਿਸ ਬੈਰੀਕੇਡ ਨਾਲ ਲਟਕਾ ਦਿੱਤੀ ਗਈ। ਵਾਇਰਲ ਵੀਡੀਓ ਅਨੁਸਾਰ ਕੁਝ ਨਿਹੰਗ ਸਿੰਘਾਂ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਇਸ ਦੌਰਾਨ 4 ਨਿਹੰਗਾਂ ਨੇ ਪੁਲਿਸ ਸਾਹਮਣੇ ਆਤਮ ਸਮਰਪਣ ਵੀ ਕਰ ਦਿੱਤਾ ਹੈ ਅਤੇ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ।

ਵਾਇਰਲ ਹੋਈ ਵੀਡੀਓ ਕਲਿੱਪ ‘ਚ ਕੁਝ ਨਿਹੰਗ ਸਿੰਘ ਖੂਨ ਨਾਲ ਲਥਪਥ ਵਿਅਕਤੀ ਦੀ ਲਾਸ਼ ਅਤੇ ਵੱਢੇ ਹੋਏ ਹੱਥ ਕੋਲ ਖੜ੍ਹੇ ਨਜ਼ਰ ਆ ਰਹੇ ਹਨ। ਨਿਹੰਗ ਇਹ ਆਖਦੇ ਸੁਣਾਈ ਦੇ ਰਹੇ ਹਨ ਕਿ ਵਿਅਕਤੀ ਨੂੰ ਪਵਿੱਤਰ ਗ੍ਰੰਥ ਦੀ ਬੇਅਦਬੀ ਦੀ ਸਜਾ ਦਿੱਤੀ ਗਈ ਹੈ। ਮਾਰੇ ਗਏ ਵਿਅਕਤੀ ਦੀ ਪਛਾਣ ਤਰਨਤਾਰਨ ਦੇ ਚੀਮਾ ਕਲਾਂ ਦੇ ਮਜ਼ਦੂਰ ਲਖਬੀਰ ਸਿੰਘ ਵਜੋਂ ਹੋਈ ਹੈ। ਲਖਬੀਰ ਸਿੰਘ ਨੂੰ ਬੇਅਦਬੀ ਕਰਦਿਆਂ ਫੜਨ ਦਾ ਦਾਅਵਾ ਕਰਨ ਵਾਲੇ ਇਕ ਨਿਹੰਗ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਪੌਣੇ 4 ਵਜੇ ਦੇ ਕਰੀਬ ‘ਸਰਬਲੋਹ ਗ੍ਰੰਥ‘ ਚੁੱਕ ਕੇ ਸਿੰਘੂ ਦੀ ਸਟੇਜ ਵੱਲ ਭੱਜਿਆ ਸੀ ਜਿਸ ਨੂੰ ਰਾਹ ਵਿਚ ਡੱਕ ਲਿਆ ਗਿਆ ਅਤੇ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ। ਸ਼ੱਕ ਕੀਤਾ ਜਾ ਰਿਹਾ ਹੈ ਕਿ ਲਖਬੀਰ ਸਿੰਘ ਵੱਲੋਂ ਕਥਿਤ ਬੇਅਦਬੀ ਲਈ ਹੀ ਪਵਿੱਤਰ ਗ੍ਰੰਥ ਨੂੰ ਚੁੱਕਿਆ ਗਿਆ ਸੀ। ਲਖਬੀਰ ਸਿੰਘ ਨੂੰ ਵੱਢੇ ਹੋਏ ਹੱਥ ਨਾਲ ਕੁਝ ਦੇਰ ਤੱਕ ਸਟੇਜ ਦੇ ਕੋਲ ਲਟਕਾਈ ਵੀ ਰੱਖਿਆ ਗਿਆ ਅਤੇ ਉਦੋਂ ਉਸ ਦੇ ਸਾਹ ਚੱਲ ਰਹੇ ਸਨ। ਵੀਡੀਓ ਕਲਿੱਪ ‘ਚ ਨਿਹੰਗ ਉਸ ਤੋਂ ਵਾਰ ਵਾਰ ਸਵਾਲ ਪੁੱਛ ਰਹੇ ਹਨ। ਇਕ ਨਿਹੰਗ ਨੇ ਕਿਹਾ ਕਿ ਇਹ ਵਿਅਕਤੀ ‘ਪੰਜਾਬੀ‘ ਹੈ ਅਤੇ ਅਤੇ ਇਸ ਨੂੰ ਹਿੰਦੂ-ਸਿੱਖਾਂ ਦਾ ਮੁੱਦਾ ਨਹੀਂ ਬਣਾਇਆ ਜਾਣਾ ਚਾਹੀਦਾ ਹੈ। ਨਿਹੰਗ ਸਿੰਘ ਜੈਕਾਰੇ ਛੱਡਦੇ ਵੀ ਸੁਣਾਈ ਦੇ ਰਹੇ ਹਨ। ਬਾਅਦ ਵਿੱਚ ਲਖਬੀਰ ਦੀ ਵੱਢੀ-ਟੁੱਕੀ ਲਾਸ਼ ਘੜੀਸ ਕੇ ਪੁਲਿਸ ਬੈਰੀਕੇਡ ਨਾਲ ਬੰਨ੍ਹ ਦਿੱਤੀ ਗਈ। ਉਸ ਦੀ ਲੱਤ ਵੀ ਵੱਢ ਦਿੱਤੀ ਗਈ ਸੀ।
ਦਿੱਲੀ ‘ਚ ਸਿੰਘੂ ਬਾਰਡਰ ‘ਤੇ ਮਾਰੇ ਗਏ ਵਿਅਕਤੀ ਦੀ ਪਛਾਣ ਲਖਬੀਰ ਸਿੰਘ ਟੀਟਾ (40) ਵਾਸੀ ਚੀਮਾ ਕਲਾਂ ਵਜੋਂ ਹੋਈ ਹੈ। ਲਖਬੀਰ ਸਿੰਘ ਦੀਆਂ ਤਿੰਨ ਲੜਕੀਆਂ ਹਨ ਅਤੇ ਉਸ ਦੀ ਪਤਨੀ ਜਸਮੀਤ ਕੌਰ ਉਸ ਦੇ ਨਸ਼ੇ ਦੀ ਆਦਤ ਤੋਂ ਤੰਗ ਆ ਕੇ ਕੁਝ ਚਿਰ ਪਹਿਲਾਂ ਬੱਚੀਆਂ ਨਾਲ ਪੇਕੇ ਚਲੀ ਗਈ ਸੀ।