ਲਖੀਮਪੁਰ ਖੀਰੀ ਕਾਂਡ ਦੀ ਕਹਾਣੀ, ਚਸ਼ਮਦੀਦ ਗਵਾਹ ਦੀ ਜ਼ਬਾਨੀ

ਜਤਿੰਦਰ ਕੌਰ ਤੁੜ
ਅਨੁਵਾਦ: ਬੂਟਾ ਸਿੰਘ
ਤਿੰਨ ਅਕਤੂਬਰ ਨੂੰ ਲਖੀਮਪੁਰ ਖੀਰੀ ਵਿਚ ਵਾਪਰੇ ਕਤਲੇਆਮ ਦੇ ਘਟਨਾਕ੍ਰਮ ਦੇ ਇਕ ਚਸ਼ਮਦੀਦ ਗਵਾਹ ਨੇ ‘ਦਿ ਕਾਰਵਾਂ’ ਨੂੰ ਦੱਸਿਆ ਕਿ ਉਸ ਨੇ ਆਸ਼ੀਸ਼ ਮਿਸ਼ਰਾ ਦੀ ਕਾਰ ਨੂੰ ਪੱਤਰਕਾਰ ਰਮਨ ਕਸ਼ਯਪ ਜੋ ਮਾਰੇ ਗਏ ਲੋਕਾਂ ਵਿਚ ਸ਼ਾਮਲ ਸੀ, ਨੂੰ ਕੁਚਲਦੇ ਅੱਖੀਂ ਦੇਖਿਆ। ਅਨਿਲ ਕੁਮਾਰ ਮੌਰਿਆ ਜੋ ਖੁਦ ਪੱਤਰਕਾਰ ਹਨ, ਨਿਊਜ਼ ਚੈਨਲ ‘ਦਿ ਦਸਤਕ 24’ ਦੇ ਬਹਰਾਇਚ ਜ਼ਿਲ੍ਹਾ ਮੁਖੀ ਹਨ। ਅਨਿਲ ਨੇ ਕਿਹਾ ਕਿ ਉਹ ਕਸ਼ਯਪ ਦੇ ਕੋਲ ਖੜ੍ਹਾ ਉਸ ਨਾਲ ਵਿਜ਼ਟਿੰਗ ਕਾਰਡ ਆਪਸ ਵਿਚ ਵਟਾ ਰਿਹਾ ਸੀ, ਜਦੋਂ ਕਾਲੇ ਰੰਗ ਦੀ ਐਸ.ਯੂ.ਵੀ. ਗੱਡੀ ਜਿਸ ਵਿਚ ਆਸ਼ੀਸ਼ (ਮੋਨੂ ਮਿਸ਼ਰਾ) ਸਵਾਰ ਸੀ, ਪਿੱਛਿਓਂ ਕਿਸਾਨਾਂ ਦੀ ਭੀੜ ਉਪਰ ਜਾ ਚੜ੍ਹੀ, ਫਿਰ ਇਹ ਬੇਕਾਬੂ ਹੋ ਕੇ ਸੜਕ ਤੋਂ ਖੇਤਾਂ ਵਿਚ ਜਾ ਵੜੀ।

ਘਟਨਾ ਦਾ ਵਰਣਨ ਕਰਦੇ ਹੋਏ ਅਨਿਲ ਨੇ ਇਹ ਵੀ ਕਿਹਾ ਕਿ ਜਦੋਂ ਕਾਲੀ ਐਸ.ਯੂ.ਵੀ. ਬੇਕਾਬੂ ਹੋ ਕੇ ਖੇਤ ਵਿਚ ਜਾ ਵੜੀ, ਜਦੋਂ ਗੁੱਸੇ ਵਿਚ ਆਏ ਕਿਸਾਨਾਂ ਨੇ ਡਰਾਈਵਰ ਨੂੰ ਬਾਹਰ ਖਿੱਚ ਲਿਆ, ਇਕ ਹੋਰ ਕਿਸਾਨ ਜਿਸ ਦੀ ਪਛਾਣ ਬਾਅਦ ਵਿਚ ਗੁਰਵਿੰਦਰ ਸਿੰਘ ਵਜੋਂ ਹੋਈ, ਨੇ ਆਸ਼ੀਸ਼ ਨੂੰ ਦਬੋਚ ਲਿਆ ਜੋ ਗੰਨੇ ਦੇ ਖੇਤਾਂ ਵਿਚੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਨਿਲ ਨੇ ਕਿਹਾ ਕਿ ਇਸ ਵਕਤ ਉਸ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਅਤੇ ਗੁਰਵਿੰਦਰ ਨੂੰ ਲੁੜਕ ਕੇ ਡਿਗਦੇ ਨੂੰ ਦੇਖਿਆ, ਜਦੋਂਕਿ ਪੁਲਿਸ ਨੇ ਆਸ਼ੀਸ਼ ਨੂੰ ਉਥੋਂ ਭੱਜਣ ਵਿਚ ਸਹਾਇਤਾ ਕੀਤੀ।
ਅਨਿਲ ਨੇ ਕਿਹਾ, “ਰਮਨ ਕਸ਼ਯਪ ਨੂੰ ਮੋਨੂੰ ਮਿਸ਼ਰਾ ਦੀ ਕਾਰ ਨੇ ਕੁਚਲ ਦਿੱਤਾ ਅਤੇ ਉਸ ਨੂੰ ਮਾਰ ਦਿੱਤਾ।” ਉਸ ਅਨੁਸਾਰ, “ਪੂਰੇ ਘਟਨਾਕ੍ਰਮ ਤੋਂ ਪਹਿਲਾਂ ਦਾ ਮਾਹੌਲ ਬਹੁਤ ਹੀ ਸਹਿਜ ਸੀ, ਥੱਕੇ ਹੋਏ ਕਿਸਾਨ ਸ਼ਾਂਤੀਪੂਰਵਕ ਕਾਲੇ ਝੰਡੇ ਲਹਿਰਾਉਂਦੇ ਹੋਏ ਘਰਾਂ ਨੂੰ ਪਰਤ ਰਹੇ ਸਨ।” ਉਸ ਨੇ ਕਿਹਾ ਕਿ ਪੱਤਰਕਾਰਾਂ ਸਮੇਤ ਉਥੇ ਮੌਜੂਦ ਹਜੂਮ ਨੂੰ ਭੋਰਾ ਵੀ ਸ਼ੱਕ ਨਹੀਂ ਸੀ ਕਿ ਹਿੰਸਾ ਹੋਵੇਗੀ ਜਾਂ ਉਨ੍ਹਾਂ ਨੂੰ ਐਸੀ ਕੋਈ ਗੱਲ ਮਹਿਸੂਸ ਨਹੀਂ ਹੋਈ।
ਪੁਲਿਸ ਨੇ 4 ਅਕਤੂਬਰ ਨੂੰ ਘਟਨਾ ਬਾਰੇ ਐਫ.ਆਈ.ਆਰ. ਦਰਜ ਕਰ ਲਈ ਸੀ ਜਿਸ ਵਿਚ ਆਸ਼ੀਸ਼ ਨੂੰ ’15-20 ਅਣਪਛਾਤੇ ਵਿਅਕਤੀਆਂ’ ਨਾਲ ਦੋਸ਼ੀ ਨਾਮਜ਼ਦ ਕਰ ਲਿਆ ਸੀ। (ਪਿੱਛੋਂ 9 ਅਕਤੂਬਰ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ। -ਅਨੁਵਾਦਕ) ਐਫ.ਆਈ.ਆਰ. ਭਾਰਤੀ ਦੰਡਾਵਲੀ ਦੀਆਂ ਅੱਠ ਧਾਰਾਵਾਂ ਤਹਿਤ ਦਰਜ ਕੀਤੀ ਗਈ ਹੈ ਜਿਨ੍ਹਾਂ ਵਿਚ ਕਤਲ ਨਾਲ ਸੰਬੰਧਤ ਧਾਰਾ 302 ਅਤੇ ਲਾਪਰਵਾਹੀ ਨਾਲ ਕਿਸੇ ਦੀ ਜਾਨ ਲੈਣ ਸੰਬੰਧੀ ਧਾਰਾ 304-ਏ ਵੀ ਲਗਾਈਆਂ। 7 ਅਕਤੂਬਰ ਨੂੰ ਪੁਲਿਸ ਨੇ ਆਸ਼ੀਸ਼ ਨੂੰ ਅਪਰਾਧਿਕ ਅਮਲ ਦੀ ਧਾਰਾ 160 ਤਹਿਤ ਨੋਟਿਸ ਜਾਰੀ ਕੀਤਾ ਜੋ ਗਵਾਹਾਂ ਦੇ ਹਾਜ਼ਰ ਹੋਣ ਸੰਬੰਧੀ ਹੈ, ਉਸ ਨੂੰ 8 ਅਕਤੂਬਰ ਨੂੰ ਤਿਕੁਨੀਆ ਥਾਣੇ ਵਿਚ ਪੇਸ਼ ਹੋਣ ਲਈ ਕਿਹਾ। ਕਾਨੂੰਨੀ ਮਾਹਰਾਂ ਨੇ ਇਸ ਉਪਰ ਸਵਾਲ ਉਠਾਏ ਹਨ ਕਿ ਕਤਲ ਕੇਸ ਦੇ ਮੁਲਜ਼ਮ ਨੂੰ ਇਸ ਧਾਰਾ ਅਧੀਨ ਕਿਵੇਂ ਤਲਬ ਕੀਤਾ ਗਿਆ? ਆਸ਼ੀਸ਼ ਨੇ ਇਹ ਸੰਮਨ ਨਜ਼ਰਅੰਦਾਜ਼ ਕਰ ਦਿੱਤਾ ਅਤੇ ਪੇਸ਼ ਨਹੀਂ ਹੋਇਆ। ਫਿਰ ਪੁਲਿਸ ਨੇ 8 ਅਕਤੂਬਰ ਨੂੰ ਅਜਿਹਾ ਹੀ ਨੋਟਿਸ ਜਾਰੀ ਕੀਤਾ ਅਤੇ ਆਸ਼ੀਸ਼ ਨੂੰ ਅਗਲੇ ਦਿਨ ਪੇਸ਼ ਹੋਣ ਲਈ ਕਿਹਾ। ਐਨ.ਡੀ.ਟੀ.ਵੀ. ਅਨੁਸਾਰ, 9 ਅਕਤੂਬਰ ਨੂੰ ਆਸ਼ੀਸ਼ ਬਹੁਤ ਸਾਰੇ ਪੁਲਿਸ ਅਫਸਰਾਂ ਨਾਲ ਪੁੱਛਗਿੱਛ `ਚ ਸ਼ਾਮਿਲ ਹੋਣ ਲਈ ਥਾਣੇ ਆਇਆ। ‘ਦਿ ਕਾਰਵਾਂ’ ਨੇ ਲਖੀਮਪੁਰ ਖੀਰੀ ਦੇ ਐਸ.ਪੀ. ਵਿਜੇ ਧੂਲ ਅਤੇ ਵਧੀਕ ਐਸ.ਪੀ. ਅਰੁਣ ਕੁਮਾਰ ਨੂੰ ਸੰਪਰਕ ਕੀਤਾ ਜਿਨ੍ਹਾਂ ਵਿਚੋਂ ਕਿਸੇ ਨੇ ਵੀ ਕਾਲ ਜਾਂ ਟੈਕਸਟ ਸੁਨੇਹਿਆਂ ਦਾ ਜਵਾਬ ਨਹੀਂ ਦਿੱਤਾ।
ਅਨਿਲ ਨੇ ਮੈਨੂੰ ਦੱਸਿਆ ਕਿ ਉਹ 3 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਬਨਵੀਰਪੁਰ ਪਿੰਡ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ (ਆਸ਼ੀਸ਼ ਦਾ ਪਿਤਾ ਤੇ ਭਾਜਪਾ ਆਗੂ) ਦੇ ਗ੍ਰਹਿ ਵਿਖੇ ਕੁਸ਼ਤੀ ਮੇਲੇ ਦੀ ਕਵਰੇਜ ਕਰਨ ਗਏ ਸਨ। “ਮੈਂ ਦੁਪਹਿਰ 12 ਵਜੇ ਦੇ ਕਰੀਬ ਅਜੈ ਮਿਸ਼ਰਾ ਟੈਨੀ ਦੇ ਘਰ ਪਹੁੰਚਿਆ ਅਤੇ 1.30 ਜਾਂ ਇਸ ਤੋਂ ਵੱਧ ਸਮੇਂ ਤੱਕ ਘਰ ਵਿਚ ਹੋ ਰਹੇ ਦੰਗਲ ਵਿਚ ਮੌਜੂਦ ਸੀ। ਮੇਰੇ ਨਾਲ ਤਿੰਨ ਜਾਂ ਚਾਰ ਹੋਰ ਪੱਤਰਕਾਰ ਦੋਸਤ ਸਨ।” ਅਨਿਲ ਨੇ ਅੱਗੇ ਕਿਹਾ, “ਉਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਦੁਪਹਿਰ 2.15 ਵਜੇ ਹੈਲੀਪੈਡ `ਤੇ ਉਤਰਨਾ ਸੀ। ਮੈਂ ਲੱਗਭੱਗ ਇਸੇ ਸਮੇਂ ਉਥੇ ਪਹੁੰਚ ਗਿਆ। ਕਾਲੇ ਝੰਡੇ ਚੁੱਕੀ ਕਿਸਾਨ ਸੜਕ ਦੇ ਦੋਵੇਂ ਪਾਸੇ ਖੜ੍ਹੇ ਸਨ।” ਹੈਲੀਪੈਡ ਬਨਵੀਰਪੁਰ ਤੋਂ ਪੰਜ-ਸੱਤ ਕਿਲੋਮੀਟਰ ਦੂਰ ਤਿਕੁਨੀਆ ਪਿੰਡ ਵਿਚ ਹੈ। ਮੌਰਿਆ ਅਤੇ ਵਿਧਾਨ ਸਭਾ ਦੇ ਅੱਠ ਹੋਰ ਮੈਂਬਰਾਂ ਦੇ ਹੈਲੀਪੈਡ `ਤੇ ਪਹੁੰਚਣ ਦੀ ਉਮੀਦ ਸੀ ਅਤੇ ਫਿਰ ਉਥੋਂ ਉਨ੍ਹਾਂ ਬਨਵੀਰਪੁਰ ਜਾਣਾ ਸੀ।
ਜਿਸ ਤਰ੍ਹਾਂ ਦੀ ਕਾਰਵਾਂ ਨੇ ਪਹਿਲਾਂ ਰਿਪੋਰਟ ਕੀਤੀ ਸੀ, ਕਾਲੇ ਝੰਡਿਆਂ ਨਾਲ ਇਸ ਵਿਰੋਧ ਦਾ ਮੁੱਢ 3 ਅਕਤੂਬਰ ਤੋਂ ਕੁਝ ਦਿਨ ਪਹਿਲਾਂ ਇਕ ਹੋਰ ਘਟਨਾ ਨਾਲ ਬੱਝਿਆ ਸੀ। ਜ਼ਿਲ੍ਹੇ ਦੇ ਪਲੀਆ ਕਸਬੇ ਵਿਚ ਇਕ ਹੋਰ ਸਮਾਗਮ ਵਿਚ ਕਿਸਾਨਾਂ ਨੇ ਟੈਨੀ ਦਾ ਵਿਰੋਧ ਕਰਦਿਆਂ ਉਸ ਨੂੰ ਕਾਲੇ ਝੰਡੇ ਦਿਖਾਏ ਸਨ। ਕਾਲੇ ਝੰਡਿਆਂ ਤੋਂ ਭੜਕੇ ਟੈਨੀ ਨੇ ਫਿਰ ਧਮਕੀ ਭਰਿਆ ਭਾਸ਼ਣ ਦਿੰਦਿਆਂ ਕਿਹਾ: “ਸੁਧਰ ਜਾਓ, ਨਹੀਂ ਤੋ ਹਮ ਆਪਕੋ ਸੁਧਾਰ ਦੇਂਗੇ, ਦੋ ਮਿੰਟ ਲੱਗੇਂਗੇ ਕੇਵਲ।” ਸਿੱਟੇ ਵਜੋਂ, ਕਿਸਾਨਾਂ ਨੇ ਆਪਣੇ ਕਾਲੇ ਝੰਡਿਆਂ ਵਾਲੇ ਵਿਰੋਧ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ, ਇਸ ਵਾਰ 3 ਅਕਤੂਬਰ ਨੂੰ ਹੈਲੀਪੈਡ ਵਿਖੇ। ਅਨਿਲ ਨੇ ਕਿਹਾ ਕਿ “ਕਿਸਾਨ ਹੰਗਾਮਾ ਕਰਨ ਨਹੀਂ ਆਏ ਸਨ, ਇਹ ਇਕੱਠ ਦਾ ਮਿਜ਼ਾਜ ਨਹੀਂ ਸੀ।”
ਅਨਿਲ ਨੇ ਕਿਹਾ ਕਿ ਫਿਰ ਭੀੜ ਘੰਟਾ ਕੁ ਇੰਤਜ਼ਾਰ ਕਰਦੀ ਰਹੀ ਪਰ ਮੰਤਰੀ ਨਹੀਂ ਆਇਆ। “ਉਸ ਦੇ ਪਹੁੰਚਣ ਦੇ ਅਨੁਮਾਨਤ ਸਮੇਂ ਤੋਂ ਬਾਅਦ ਹੁਣ ਤਿੰਨ ਵੱਜ ਗਏ ਸਨ। ਸਾਨੂੰ ਦੱਸਿਆ ਗਿਆ ਕਿ ਮੌਰਿਆ ਦੇ ਹੈਲੀਕਾਪਟਰ ਦਾ ਰਸਤਾ ਬਦਲਣਾ ਪਿਆ ਸੀ ਅਤੇ ਉਹ ਸਮੇਂ ਸਿਰ ਉਥੇ ਉਤਰ ਨਹੀਂ ਸਕਿਆ ਸੀ।” ਫਿਰ ਵਿਰੋਧ ਕਰ ਰਹੇ ਕਿਸਾਨਾਂ ਨੇ ਧਰਨਾ ਸਥਾਨ ਤੋਂ ਖਿੰਡਣਾ ਸ਼ੁਰੂ ਕਰ ਦਿੱਤਾ।
ਅਨਿਲ ਨੇ ਕਿਹਾ ਕਿ ਇਸ ਸਮੇਂ ਘੱਟੋ-ਘੱਟ ਚਾਰ ਕਾਰਾਂ ਉਥੇ ਆਈਆਂ – ਇਕ ਚਿੱਟੀ ਕਾਰ ਅਤੇ ਤਿੰਨ ਕਾਲੀਆਂ ਐਸ.ਯੂ.ਵੀ.। “ਪਹਿਲੀ ਚਿੱਟੀ ਕਾਰ ਬੇਰੋਕ-ਟੋਕ ਅੱਗੇ ਲੰਘ ਗਈ। ਦਰਅਸਲ, ਕਿਸਾਨ ਖੁਦ ਸ਼ਾਂਤੀਪੂਰਵਕ ਸੜਕ ਦੇ ਕੰਢੇ ਖੜ੍ਹੇ ਹੋ ਕੇ ਕਾਰਾਂ ਨੂੰ ਲਾਂਘਾ ਦੇ ਰਹੇ ਸਨ।” ਪੱਤਰਕਾਰ ਨੇ ਦੱਸਿਆ ਕਿ ਟੈਨੀ ਦਾ ਛੋਟਾ ਬੇਟਾ ਅਭਿਮਨਯੂ ਮਿਸ਼ਰਾ ਚਿੱਟੇ ਰੰਗ ਦੀ ਕਾਰ ਵਿਚ ਸੀ ਜਿਸ ਨੂੰ ਸ਼ਾਂਤੀਪੂਰਵਕ ਰਸਤਾ ਦਿੱਤਾ ਗਿਆ। “ਪਰ ਕਾਲੀ ਐਸ.ਯੂ.ਵੀ. ਪਿੱਛੇ ਤੋਂ ਆ ਕੇ ਅਣਭੋਲ ਕਿਸਾਨਾਂ ਉਪਰ ਚਾੜ੍ਹ ਦਿੱਤੀ ਗਈ ਅਤੇ ਇਸ ਨੇ ਉਨ੍ਹਾਂ ਨੂੰ ਕੁਚਲ ਦਿੱਤਾ।” ਪਿਛਲੇ ਕੁਝ ਦਿਨਾਂ ਤੋਂ, ਸੋਸ਼ਲ ਮੀਡੀਆ ਉਪਰ ਘਟਨਾ ਦੇ ਕਈ ਵੀਡੀਓ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਸਾਫ ਦਿਖਾਈ ਦਿੰਦਾ ਹੈ ਕਿ ਕਿਸਾਨ ਵਿਰੋਧ ਵਾਲੀ ਥਾਂ ਤੋਂ ਸ਼ਾਂਤੀਪੂਰਵਕ ਜਾ ਰਹੇ ਹਨ ਅਤੇ ਦੋ ਤੇਜ਼ ਰਫਤਾਰ ਕਾਲੀਆਂ ਐਸ.ਯੂ.ਵੀ. ਪਿੱਛਿਓਂ ਆ ਕੇ ਭੀੜ ਉਪਰ ਜਾ ਚੜ੍ਹਦੀਆਂ ਹਨ।
ਅਨਿਲ ਨੇ ਮੈਨੂੰ ਦੱਸਿਆ ਕਿ ਜਦੋਂ ਪਹਿਲੀ ਕਾਰ ਉਨ੍ਹਾਂ ਕੋਲੋਂ ਲੰਘੀ, ਉਹ ਉਸ ਵਕਤ ਕਸ਼ਯਪ ਨਾਲ ਗੱਲ ਕਰ ਰਿਹਾ ਸੀ ਅਤੇ ਆਪਣਾ ਵਿਜ਼ਟਿੰਗ ਕਾਰਡ ਉਸ ਨੂੰ ਦੇ ਰਿਹਾ ਸੀ। ਪੱਤਰਕਾਰ ਨੇ ਕਿਹਾ ਕਿ ਕੁਝ ਸਕਿੰਟਾਂ ਵਿਚ ਹੀ ਇਕ ਕਾਲੀ ਐਸ.ਯੂ.ਵੀ. ਆਈ ਅਤੇ ਤੇਜ਼ੀ ਨਾਲ ਭੀੜ ਨੂੰ ਚੀਰਦੀ ਹੋਈ ਅੱਗੇ ਨਿਕਲ ਗਈ ਜੋ ਕਸ਼ਯਪ ਸਮੇਤ ਬਾਕੀਆਂ ਨੂੰ ਫੇਟ ਮਾਰ ਗਈ। “ਉਸ ਤੋਂ ਬਾਅਦ ਦੇ ਪਾਗਲਪਣ ਦੌਰਾਨ ਮੇਰੇ ਤੋਂ ਕਸ਼ਯਪ ਦਾ ਕਾਰਡ ਗੁਆਚ ਗਿਆ। ਫਿਰ ਮੈਂ ਵੀ ਆਪਣੀ ਜਾਨ ਬਚਾਉਣ ਲਈ ਦੌੜਿਆ ਕਿਉਂਕਿ ਮੇਰੇ ਵੀ ਕਈ ਥਾਵਾਂ `ਤੇ ਲਾਠੀਆਂ ਵੱਜੀਆਂ ਸੀ।” ਉਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਕੁਚਲਣ ਤੋਂ ਬਾਅਦ, ਦੋ ਕਾਲੀ ਐਸ.ਯੂ.ਵੀ., ਜਿਨ੍ਹਾਂ ਨੂੰ ਤੇਜ਼ ਰਫਤਾਰ ਨਾਲ ਚਲਾਇਆ ਜਾ ਰਿਹਾ ਸੀ, ਬੇਕਾਬੂ ਹੋ ਗਈਆਂ ਅਤੇ ਸੜਕ ਦੇ ਨਾਲ ਗੰਨੇ ਦੇ ਖੇਤਾਂ ਵਿਚ ਜਾ ਵੜੀਆਂ। “ਇਸ ਤੋਂ ਬਾਅਦ ਗੁੱਸੇ `ਚ ਆਏ ਅਤੇ ਦੁਖੀ ਇਕੱਠ `ਚ ਜੋ ਹੋਇਆ, ਉਹ ਸਾਰਿਆਂ ਨੂੰ ਪਤਾ ਹੈ।”
ਅਨਿਲ ਨੇ ਫਿਰ ਮੈਨੂੰ ਦੱਸਿਆ ਕਿ ਜਿਉਂ ਹੀ ਕਾਰਾਂ ਖੇਤਾਂ ਵਿਚ ਖੁੱਭ ਗਈਆਂ, ਗੁੱਸੇ `ਚ ਆਏ ਕਿਸਾਨਾਂ ਨੇ ਇਕ ਕਾਰ ਦੇ ਡਰਾਈਵਰ ਨੂੰ ਬਾਹਰ ਧੂਹ ਲਿਆ। ਉਸ ਨੇ ਦੱਸਿਆ ਕਿ ਗੁਆਂਢੀ ਬਹਰਾਇਚ ਜ਼ਿਲ੍ਹੇ ਦੇ ਨਾਨਪਾਰਾ ਤਹਿਸੀਲ ਦੇ ਨਿਵਾਸੀ ਕਿਸਾਨ 19 ਸਾਲਾ ਗੁਰਵਿੰਦਰ ਨੇ ਮੋਨੂੰ ਨੂੰ ਦਬੋਚ ਲਿਆ ਅਤੇ ਉਸ ਨੂੰ ਜੱਫਾ ਮਾਰ ਲਿਆ, ਜਦੋਂ ਉਸ ਨੇ ਗੰਨੇ ਦੇ ਖੇਤਾਂ ਵਿਚੋਂ ਦੀ ਭੱਜਣ ਦੀ ਕੋਸ਼ਿਸ਼ ਕੀਤੀ। ਅਨਿਲ ਨੇ ਕਿਹਾ ਕਿ ਇਸ ਵਕਤ ਉਸ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਅਤੇ ਗੁਰਵਿੰਦਰ ਨੂੰ ਦਮ ਤੋੜਦੇ ਦੇਖਿਆ।… ਅਨਿਲ ਨੇ ਕਿਹਾ ਕਿ ਹਰ ਕਿਸੇ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਅਤੇ “ਪੁਲਿਸ ਇਸ ਤੋਂ ਸਾਫ ਮੁੱਕਰ ਰਹੀ ਹੈ। ਇਹ ਬਹੁਤ ਦੁਖਦਾਈ ਹੈ ਕਿ ਪੱਤਰਕਾਰਾਂ ਨੂੰ ਮਾਰਿਆ ਜਾ ਰਿਹਾ ਹੈ ਜਦੋਂਕਿ ਭਾਜਪਾ ਇਨ੍ਹਾਂ ਕਤਲਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਬਚਾ ਰਹੀ ਹੈ।”
(‘ਦਿ ਕਾਰਵਾਂ’ ਦੇ ਧੰਨਵਾਦ ਸਹਿਤ)