ਮਿਸ਼ਨ 2022: ਪੰਜਾਬ ਸਰਕਾਰ ਨੇ ਖੋਲ੍ਹਿਆ ਖਜ਼ਾਨੇ ਦਾ ਮੂੰਹ

ਚੰਡੀਗੜ੍ਹ: ਪੰਜਾਬ ਵਿਚ ਮੁੱਖ ਮੰਤਰੀ ਬਦਲਣ ਤੋਂ ਬਾਅਦ ਕਾਂਗਰਸ ਸਰਕਾਰ ਚੋਣਾਂ ਵਾਅਦੇ ਪੂਰੇ ਕਰਨ ਤੇ ਲੋਕਾਂ ਦੇ ਗਿਲੇ ਦੂਰ ਕਰਨ ਲਈ ਸਰਗਰਮ ਨਜ਼ਰ ਆ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁਲਾਜ਼ਮਾਂ ਦੇ ਪਰਿਵਾਰਾਂ, ਕਿਸਾਨਾਂ ਅਤੇ ਕੋਵਿਡ-19 ਦੌਰਾਨ ਮਾਪੇ ਗੁਆ ਚੁੱਕੀਆਂ ਲੜਕੀਆਂ ਨੂੰ ਆਸ਼ੀਰਵਾਦ ਯੋਜਨਾ ਤਹਿਤ ਰਾਹਤਾਂ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਸੇਵਾਮੁਕਤੀ ਤੋਂ ਪਹਿਲਾਂ ਮੌਤ ਹੋਣ ਦੇ ਮਾਮਲੇ ਵਿਚ ਪਰਿਵਾਰਕ ਪੈਨਸ਼ਨ ਦਾ ਲਾਭ ਨਵੀਂ ਪੈਨਸ਼ਨ ਸਕੀਮ ਤਹਿਤ ਆਉਂਦੇ ਮੁਲਾਜ਼ਮਾਂ ਨੂੰ ਵੀ ਦੇਣ ਲਈ ਅੱਜ ਹਰੀ ਝੰਡੀ ਦੇ ਦਿੱਤੀ ਹੈ।

ਇਸ ਦੇ ਨਾਲ ਹੀ 5-5-2009 ਦੇ ਪਰਿਵਾਰਕ ਪੈਨਸ਼ਨ ਸਬੰਧੀ ਦਿਸ਼ਾ ਨਿਰਦੇਸ਼ਾਂ ਅਤੇ ਮਿਤੀ 4-9-2019 ਨੂੰ ਇਸ ਮੁੱਦੇ ਨਾਲ ਜੁੜੀਆਂ ਹਦਾਇਤਾਂ ਅਪਣਾਏ ਜਾਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਪੰਜਾਬ ਸਿਵਲ ਸੇਵਾਵਾਂ ਨਿਯਮ-ਜਿਲਦ 2 ਤਹਿਤ ਪ੍ਰਾਵਧਾਨਾਂ ਅਨੁਸਾਰ ਭਾਰਤ ਸਰਕਾਰ ਦੇ ਅਜਿਹੀ ਹੀ ਸਥਿਤੀ ਵਾਲੇ ਮੁਲਾਜ਼ਮਾਂ ਉਤੇ ਲਾਗੂ ਹੁੰਦੀ ਨਵੀਂ ਪੈਨਸ਼ਨ ਸਕੀਮ ਤਹਿਤ ਕਵਰ ਹੁੰਦੇ ਮੁਲਾਜ਼ਮਾਂ ਸਬੰਧੀ ਸੂਬਾ ਸਰਕਾਰ ਵੱਲੋਂ ਸੋਧਾਂ ਕੀਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਇਸ ਫੈਸਲੇ ਨੂੰ ਲਾਗੂ ਕਰਨ ਲਈ ਵਿੱਤ ਵਿਭਾਗ ਦੀ ਉਸ ਤਜਵੀਜ਼ ਲਈ ਸਹਿਮਤੀ ਦਿੱਤੀ ਹੈ ਜਿਸ ਨੂੰ ਮੌਜੂਦਾ ਵਰ੍ਹੇ 26 ਅਗਸਤ ਨੂੰ ਮੰਤਰੀ ਮੰਡਲ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ।
ਮੁੱਖ ਮੰਤਰੀ ਨੇ ਕੋਵਿਡ-19 ਮਹਾਮਾਰੀ ਦੌਰਾਨ ਮਾਪਿਆਂ ਤੋਂ ਮਹਿਰੂਮ ਹੋ ਚੁੱਕੀਆਂ ਲੜਕੀਆਂ ਨੂੰ ਆਸ਼ੀਰਵਾਦ ਸਕੀਮ ਦੀਆਂ ਲਾਭਪਾਤਰੀਆਂ ਵਜੋਂ ਸਾਲਾਨਾ ਆਮਦਨ ਸੀਮਾ 32,790 ਰੁਪਏ ‘ਤੇ ਛੋਟ ਦੇਣ ਜਾਂ ਮੁਆਫ ਕਰਨ ਦੇ ਆਦੇਸ਼ ਦਿੱਤੇ ਹਨ।
__________________________________
ਘਰੇਲੂ ਖਪਤਕਾਰਾਂ ਦੇ ਬਿਜਲੀ ਬਕਾਏ ਮੁਆਫ ਹੋਣਗੇ
ਚੰਡੀਗੜ੍ਹ: ਪੰਜਾਬ ਕੈਬਨਿਟ ਨੇ ਘਰੇਲੂ ਬਿਜਲੀ ਦੇ ਡਿਫਾਲਟਰ ਖਪਤਕਾਰਾਂ ਦੇ ਬਿਜਲੀ ਦੇ ਬਕਾਏ ਮੁਆਫ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਇਸ ਫੈਸਲੇ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਕੈਬਨਿਟ ਮੀਟਿੰਗ ਵਿਚ ਘਰੇਲੂ ਬਿਜਲੀ ਦੇ 300 ਯੂਨਿਟ ਮੁਆਫ ਕਰਨ ਦਾ ਏਜੰਡਾ ਵੀ ਲੱਗਿਆ ਹੋਇਆ ਸੀ ਪਰ ਕੈਬਨਿਟ ਨੇ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ। ਅਗਲੀ ਮੀਟਿੰਗ ਵਿਚ ਇਸ ‘ਤੇ ਕੋਈ ਫੈਸਲਾ ਆ ਸਕਦਾ ਹੈ। ਪੰਜਾਬ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ ਕਿ ਘਰੇਲੂ ਬਿਜਲੀ ਦੇ ਦੋ ਕਿਲੋਵਾਟ ਲੋਡ ਤੱਕ ਦੇ ਖਪਤਕਾਰਾਂ ਦੇ ਬਿਜਲੀ ਦੇ ਪੁਰਾਣੇ ਬਕਾਏ ਮੁਆਫ ਕੀਤੇ ਗਏ ਹਨ ਅਤੇ ਪੰਜਾਬ ਸਰਕਾਰ ਇਨ੍ਹਾਂ ਬਕਾਇਆ ਦਾ ਭੁਗਤਾਨ ਕਰੇਗੀ। ਚੰਨੀ ਨੇ ਦੱਸਿਆ ਕਿ ਇਸ ਨਾਲ ਸਰਕਾਰੀ ਖਜ਼ਾਨੇ ‘ਤੇ ਕਰੀਬ 1200 ਕਰੋੜ ਰੁਪਏ ਦਾ ਭਾਰ ਪਵੇਗਾ।