ਝੋਨੇ ਦੀ ਖਰੀਦ ਦੇ ਮਾਮਲੇ ‘ਤੇ ਕੇਂਦਰ ਨੇ ਕਿਸਾਨਾਂ ਦੇ ਰੋਹ ਅੱਗੇ ਗੋਡੇ ਟੇਕੇ

ਚੰਡੀਗੜ੍ਹ: ਕੇਂਦਰ ਸਰਕਾਰ ਨੇ ਕਿਸਾਨਾਂ ਦੇ ਰੋਹ ਅੱਗੇ ਗੋਡੇ ਟੇਕਦਿਆਂ ਝੋਨੇ ਦੀ ਖਰੀਦ ਵਿਚ ਦੇਰੀ ਵਾਲਾ ਫੈਸਲਾ ਵਾਪਸ ਲੈ ਲਿਆ ਹੈ। ਕੇਂਦਰ ਸਰਕਾਰ ਨੇ ਝੋਨੇ ਦੀ ਖਰੀਦ ਪਹਿਲੀ ਅਕਤੂਬਰ ਦੀ ਥਾਂ 11 ਅਕਤੂਬਰ ਤੋਂ ਕਰਨ ਦੇ ਫੈਸਲੇ ਵਿਚ ਸੋਧ ਕਰਦਿਆਂ ਸਾਉਣੀ ਦੀ ਇਸ ਪ੍ਰਮੁੱਖ ਫਸਲ ਦੀ ਖਰੀਦ 3 ਅਕਤੂਬਰ ਤੋਂ ਸ਼ੁਰੂ ਕਰ ਦਿੱਤੀ ਹੈ। ਕੇਂਦਰ ਦੇ ਫੈਸਲੇ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਝੋਨੇ ਦੀ ਖਰੀਦ ਤੁਰਤ ਕਰਨ ਦਾ ਮੁੱਦਾ ਉਠਾਇਆ ਸੀ। ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਨੇ ਵੀ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ 11 ਅਕਤੂਬਰ ਤੋਂ ਕਰਨ ਦੇ ਐਲਾਨ ਦਾ ਵਿਰੋਧ ਕਰਦਿਆਂ ਸੂਬੇ ਭਰ ‘ਚ ਪ੍ਰਦਰਸ਼ਨ ਕੀਤੇ ਸਨ।

ਕੇਂਦਰ ਸਰਕਾਰ ਵੱਲੋਂ ਝੋਨੇ ਦੀ ਸਰਕਾਰੀ ਖਰੀਦ ‘ਚ ਦੇਰੀ ਦੇ ਫੈਸਲੇ ਕਾਰਨ ਕਿਸਾਨਾਂ ‘ਚ ਰੋਸ ਪਾਇਆ ਜਾ ਰਿਹਾ ਸੀ। ਉਧਰ, ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਝੋਨੇ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਹੁਣ ਤੱਕ ਸੂਬੇ ਦੀਆਂ ਮੰਡੀਆਂ ਵਿਚ 3 ਲੱਖ ਟਨ ਤੋਂ ਵਧ ਝੋਨੇ ਦੀ ਆਮਦ ਹੋ ਚੁੱਕੀ ਹੈ। ਮੌਸਮ ਖੁਸ਼ਗਵਾਰ ਹੋਣ ਕਰਕੇ ਮਾਝੇ ‘ਚ ਝੋਨੇ ਦੀ ਫਸਲ ਦੀ ਕਟਾਈ ਵਿਚ ਤੇਜ਼ੀ ਆ ਗਈ ਹੈ ਅਤੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਜੋਂ ਜਾਣੀ ਜਾਂਦੀ ਖੰਨਾ ਮੰਡੀ ਸਮੇਤ ਮਾਲਵਾ ਖੇਤਰ ਦੀਆਂ ਹੋਰ ਮੰਡੀਆਂ ਵਿਚ ਵੀ ਝੋਨਾ ਆਉਣਾ ਸ਼ੁਰੂ ਹੋ ਗਿਆ ਹੈ। ਕੇਂਦਰੀ ਖੁਰਾਕ ਮੰਤਰਾਲੇ ਨੇ ਫੈਸਲੇ ਵਿਚ ਸੋਧ ਕਰਦਿਆਂ ਕਿਹਾ ਹੈ ਕਿ ਝੋਨੇ ਦੀ ਖਰੀਦ 3 ਅਕਤੂਬਰ ਤੋਂ ਸ਼ੁਰੂ ਕਰਨ ਦਾ ਫੈਸਲਾ ਪੰਜਾਬ ਅਤੇ ਹਰਿਆਣਾ ਦੇ ਵਿਸ਼ੇਸ਼ ਹਾਲਾਤ ਨੂੰ ਦੇਖਦਿਆਂ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਝੋਨੇ ‘ਚ ਜ਼ਿਆਦਾ ਨਮੀ ਨੂੰ ਆਧਾਰ ਬਣਾ ਕੇ ਉਸ ਦੀ ਖਰੀਦ 10 ਦਿਨਾਂ ਲਈ ਟਾਲਣ ਦਾ ਐਲਾਨ ਕੀਤਾ ਸੀ। ਪੰਜਾਬ ਸਰਕਾਰ ਦਾ ਇਹ ਵੀ ਮੰਨਣਾ ਸੀ ਕਿ ਝੋਨੇ ਦੀ ਖਰੀਦ ਵਿਚ ਦੇਰੀ ਹੋਣ ਨਾਲ ਮੰਡੀਆਂ ਵਿਚ ਫਸਲ ਦੇ ਅੰਬਾਰ ਲੱਗ ਜਾਣਗੇ। ਇਸ ਕਰਕੇ ਫਸਲ ਦੀ ਖਰੀਦ ਵਿਚ ਹੀ ਦੇਰੀ ਨਹੀਂ ਹੋਵੇਗੀ ਸਗੋਂ ਕਿਸਾਨਾਂ ਦੀਆਂ ਪਰੇਸ਼ਾਨੀਆਂ ਵੀ ਵਧਣਗੀਆਂ।
ਪੰਜਾਬ ਦੀਆਂ ਮੰਡੀਆਂ ਵਿਚ 191 ਲੱਖ ਮੀਟ੍ਰਿਕ ਟਨ ਝੋਨਾ ਪੁੱਜਣ ਦੀ ਉਮੀਦ ਹੈ ਅਤੇ ਕੇਂਦਰ ਨੇ ਇਸ ‘ਚੋਂ 171 ਲੱਖ ਮੀਟ੍ਰਿਕ ਟਨ ਝੋਨਾ ਖਰੀਦਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਨੇ ਝੋਨੇ ਦੀ ਖਰੀਦ ਲਈ ਜ਼ਮੀਨ ਦੀਆਂ ਫਰਦਾਂ, ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਜ਼ਰੂਰੀ ਕੀਤੇ ਹੋਏ ਹਨ। ਕੇਂਦਰ ਦੇ ਇਨ੍ਹਾਂ ਕਦਮਾਂ ਅਤੇ ਕਿਸਾਨੀ ਸੰਘਰਸ਼ ਕਾਰਨ ਝੋਨੇ ਦੀ ਖਰੀਦ ਸਬੰਧੀ ਤੌਖਲੇ ਵਧ ਗਏ ਸਨ। ਕੇਂਦਰ ਦੇ ਤਾਜ਼ਾ ਫੈਸਲੇ ਨੇ ਰਾਜ ਸਰਕਾਰ ਤੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਐਨ ਮੌਕੇ ‘ਤੇ ਮੁਲਤਵੀ ਕੀਤੇ ਜਾਣ ਤੋਂ ਪੰਜਾਬ ਦੇ ਕਿਸਾਨਾਂ ‘ਚ ਨਵੇਂ ਤੌਖਲੇ ਖੜ੍ਹੇ ਹੋ ਗਏ ਸਨ ਅਤੇ ਇਸ ਕੇਂਦਰੀ ਹਲੂਣੇ ਨਾਲ ਪੰਜਾਬ ਦਾ ਸਿਆਸੀ ਮਾਹੌਲ ਵੀ ਭਖ ਗਿਆ ਸੀ। ਕੇਂਦਰ ਸਰਕਾਰ ਨੇ ਮੌਸਮ ਦਾ ਬਹਾਨਾ ਬਣਾ ਕੇ ਪੰਜਾਬ ਅਤੇ ਹਰਿਆਣਾ ‘ਚ ਝੋਨੇ ਦੀ ਖਰੀਦ 11 ਅਕਤੂਬਰ ਤੋਂ ੇਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ।
ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਵਿਚ ਵੀ ਕਿਸਾਨ ਅੰਦੋਲਨ ਸਭ ਤੋਂ ਵੱਧ ਤਿੱਖਾ ਹੈ। ਕੇਂਦਰ ਸਰਕਾਰ ਨੇ ਪਹਿਲਾਂ ਪੱਤਰ ਜਾਰੀ ਕਰਕੇ ਪੰਜਾਬ ਵਿਚੋਂ 171 ਲੱਖ ਮੀਟਰਿਕ ਝੋਨਾ ਖ਼ਰੀਦ ਕਰਨ ਦਾ ਟੀਚਾ ਤੈਅ ਕੀਤਾ ਹੈ ਜਦੋਂ ਕਿ ਪੰਜਾਬ ਨੇ 191 ਲੱਖ ਮੀਟਰਿਕ ਝੋਨਾ ਮੰਡੀਆਂ ਵਿਚ ਪੁੱਜਣ ਦਾ ਅਨੁਮਾਨ ਲਾਇਆ ਹੈ। ਪੰਜਾਬ ਸਰਕਾਰ ਨੇ ਬਾਹਰੋਂ ਆਉਣ ਵਾਲੇ ਝੋਨੇ ਨੂੰ ਰੋਕਣ ਲਈ ਅੰਤਰਰਾਜੀ ਨਾਕੇ ਲਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਦੀ ਚਿੰਤਾ ਹੈ ਕਿ ਜੇ ਮੰਡੀਆਂ ਵਿਚ 171 ਲੱਖ ਮੀਟਰਿਕ ਟਨ ਤੋਂ ਜ਼ਿਆਦਾ ਝੋਨਾ ਪੁੱਜ ਗਿਆ ਤਾਂ ਉਸ ਲਈ ਫੰਡਾਂ ਦਾ ਪ੍ਰਬੰਧ ਕਿਥੋਂ ਹੋਵੇਗਾ।
______________________________________________
ਭਾਜਪਾ ਨਾਲ ਮਿਲ ਕੇ ਸਾਜ਼ਿਸ਼ ਰਚ ਰਹੇ ਨੇ ਕੈਪਟਨ: ਪਰਗਟ
ਜਲੰਧਰ: ਪੰਜਾਬ ਦੇ ਕੈਬਨਿਟ ਮੰਤਰੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਨੇ ਝੋਨੇ ਦੀ ਖਰੀਦ ਅੱਗੇ ਪਾਉਣ ਦੇ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਭਾਜਪਾ ਨਾਲ ਮਿਲ ਕੇ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚ ਆਪਣੀ ਸਿਆਸੀ ਪਾਰਟੀ ਬਣਾਉਣਾ ਚਾਹੁੰਦੇ ਹਨ, ਇਸ ਲਈ ਜਿਥੇ ਭਾਜਪਾ ਉਨ੍ਹਾਂ ਦੀ ਪਿੱਠ ‘ਤੇ ਖੜ੍ਹੀ ਹੈ ਉਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਉਨ੍ਹਾਂ ਨਾਲ ਰਲਿਆ ਹੋਇਆ ਹੈ। ਪਰਗਟ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਅੱਗੇ ਪਾਏ ਜਾਣ ਦੇ ਵਰਤਾਰੇ ਨੇ ਸਭ ਕੁਝ ਸਪੱਸ਼ਟ ਕਰ ਦਿੱਤਾ ਹੈ ਕਿ ਸਾਬਕਾ ਮੁੱਖ ਮੰਤਰੀ, ਭਾਜਪਾ ਦੇ ਇਸ਼ਾਰੇ ‘ਤੇ ਚੱਲ ਰਹੇ ਹਨ ਤੇ ਕਿਸਾਨ ਵਿਰੋਧੀ ਫੈਸਲਿਆਂ ਦਾ ਹਿੱਸਾ ਹਨ।