ਕਿਰਤੀ ਕਿਸਾਨ ਸਾਲ ਭਰ ਤੋਂ ਹੀ ਜੂਝ ਰਹੇ, ਸੁਣਦੇ ਨਾ ਗੱਲ ‘ਯਾਰ’ ਬਣੇ ਜੋ ‘ਵਪਾਰ’ ਦੇ।
ਫਸਲਾਂ ਤੇ ਨਸਲਾਂ ਦੀ ਰਾਖੀ ਲਈ ਲੜਦੇ ਨੇ, ਫਿਕਰਾਂ ’ਚ ਪਏ ਸਿਰ ਬੰਨ੍ਹੀਂ ‘ਦਸਤਾਰ’ ਦੇ।
‘ਟੱਸ ਤੋਂ ਮੱਸ’ ਨਾ ਹੁੰਦੇ ਜਾਪਦੇ ਹੁਕਮਰਾਨ, ‘ਆਫਰੇ’ ਪਏ ਨੇ ਜਿਹੜੇ ਨਾਲ ਹੰਕਾਰ ਦੇ।
ਲਾਲੋ ਹੀ ਅਵੱਸ਼ ਜਿੱਤੂ, ਹਾਰਨਾ ਮਲਿਕ ਭਾਗੋ, ਦੇਖੀਂ ਮਰਦਾਨਿਆਂ ਤੂੰ ਰੰਗ ‘ਕਰਤਾਰ’ ਦੇ।
ਤਨ ਮਨ ਧਨ ਨਾਲ ਸਾਥ ਦਿੱਤਾ ਸਾਰਿਆਂ ਨੇ, ਪਾਤਰ ਨੇ ਭਾਈ ਭੈਣਾ ਦਿਲੀ ਸਤਿਕਾਰ ਦੇ।
‘ਬੰਦ’ ਨੂੰ ਸਫਲ ਕਰ ਸੜਕਾਂ ’ਤੇ ਆਏ ਸਾਰੇ, ‘ਸਤੰਬਰ 27’ ਨੂੰ ‘ਸਤਾਏ’ ਸਰਕਾਰ ਦੇ !