ਮਾਨਸਾ: ਨਰਮੇ ਦੀ ਫਸਲ ‘ਤੇ ਗੁਲਾਬੀ ਸੁੰਡੀ ਦੇ ਹਮਲੇ ਨੇ ਕਿਸਾਨਾਂ ਦੇ ਸੁਪਨੇ ਚਕਨਾਚੂਰ ਕਰ ਦਿੱਤੇ ਹਨ। ਮਾਨਸਾ ਤੇ ਬਠਿੰਡਾ ਜਿਲ੍ਹੇ ‘ਚ ਇਸ ਸੁੰਡੀ ਨੇ ਇਸ ਕਦਰ ਹਮਲਾ ਕੀਤਾ ਹੋਇਆ ਹੈ ਕਿ 65 ਫੀਸਦੀ ਤੋਂ ਵਧੇਰੇ ਚਿੱਟੇ ਸੋਨੇ ਦੀ ਇਸ ਫਸਲ ਨੂੰ ਤਬਾਹ ਕਰ ਦਿੱਤਾ ਹੈ ਜਦਕਿ ਕਈ ਪਿੰਡਾਂ ਦੇ ਕਿਸਾਨਾਂ ਨੇ ਮਜਬੂਰਨ ਫਸਲ ਨੂੰ ਵਾਹ ਵੀ ਦਿੱਤਾ ਹੈ।
ਜਾਣਕਾਰੀ ਅਨੁਸਾਰ ਇਹ ਸੁੰਡੀ ਮਾਲਵਾ ਖੇਤਰ ਦੇ ਨਰਮਾ ਪੱਟੀ ਵਾਲੇ ਦੂਸਰੇ ਜਿਲ੍ਹਿਆਂ ‘ਚ ਵੀ ਦਸਤਕ ਦੇਣ ਲੱਗੀ ਹੈ ਜਦਕਿ ਗੁਆਂਢੀ ਰਾਜ ਹਰਿਆਣਾ ‘ਚ ਤਾਂ ਹਮਲਾ ਹੋਰ ਵੀ ਜ਼ਿਆਦਾ ਦੱਸਿਆ ਜਾਂਦਾ ਹੈ। ਖੇਤੀਬਾੜੀ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਕੀਂ ਪੰਜਾਬ ‘ਚ 3 ਲੱਖ 3 ਹਜ਼ਾਰ ਹੈਕਟੇਅਰ (7 ਲੱਖ 58 ਹਜ਼ਾਰ ਏਕੜ ਦੇ ਕਰੀਬ) ਰਕਬਾ ਨਰਮੇ ਦੀ ਫਸਲ ਹੇਠ ਹੈ। ਅੱਧ ਤੋਂ ਵਧੇਰੇ 1 ਲੱਖ 59 ਹਜ਼ਾਰ ਹੈਕਟੇਅਰ ਬਠਿੰਡਾ/ਮਾਨਸਾ ਜਿਲ੍ਹੇ ‘ਚ ਹੈ। ਬਠਿੰਡਾ ਜਿਲ੍ਹੇ ‘ਚ 95 ਹਜ਼ਾਰ ਅਤੇ ਮਾਨਸਾ ‘ਚ 64 ਹਜ਼ਾਰ ਹੈਕਟੇਅਰ ਰਕਬੇ ‘ਚ ਨਰਮਾ ਬੀਜਿਆ ਹੋਇਆ ਹੈ। ਸੁੰਡੀ ਦੇ ਹਮਲੇ ਦੀ ਸ਼ੁਰੂਆਤ ਸਤੰਬਰ ਦੇ ਪਹਿਲੇ ਹਫਤੇ ਸਾਹਮਣੇ ਆਈ ਸੀ। ਇਸ ਦੇ ਬਾਵਜੂਦ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਨੇ ਗੰਭੀਰਤਾ ਨਹੀਂ ਅਪਣਾਈ ਪਰ ਜਦੋਂ ਸੁੰਡੀ ਕਹਿਰ ਬਣ ਗਈ ਤਾਂ ਵਿਭਾਗ ਵੀ ਜਾਗ ਪਿਆ। ਖੇਤੀਬਾੜੀ ਵਿਭਾਗ ਵੱਲੋਂ ਪੰਜਾਬ ਸਰਕਾਰ ਨੂੰ ਜੋ ਰਿਪੋਰਟ ਭੇਜੀ ਗਈ ਹੈ, ‘ਚ ਬਠਿੰਡਾ ਤੇ ਮਾਨਸਾ ਜਿਲ੍ਹੇ ‘ਚ 40 ਫੀਸਦੀ ਤੋਂ ਵੱਧ ਫਸਲ ਖਰਾਬ ਹੋਣ ਦੀ ਗੱਲ ਕੀਤੀ ਗਈ ਹੈ ਜਦਕਿ ਕਿਸਾਨਾਂ ਦਾ ਕਹਿਣਾ ਹੈ ਕਿ ਫਸਲ ਲਗਭਗ ਬਰਬਾਦ ਹੋ ਗਈ ਹੈ ਅਤੇ ਨਵੇਂ ਫੁੱਲ ਲੱਗਣ ਤੋਂ ਬਾਅਦ ਵੀ ਜਦੋਂ ਟੀਂਡੇ ਬਣਨਗੇ, ਉਸ ਮੌਕੇ ਵੀ ਸੁੰਡੀ ਖਹਿੜਾ ਨਹੀਂ ਛੱਡੇਗੀ।
ਖੇਤੀ ਮਾਹਿਰਾਂ ਦੇ ਵੀ ਇਸ ਗੱਲ ਤੋਂ ਹੱਥ ਖੜ੍ਹੇ ਹਨ ਕਿ ਟੀਂਡਿਆਂ ‘ਚ ਵਿਚਲੀਆਂ ਸੁੰਡੀਆਂ ਦਾ ਕੋਈ ਇਲਾਜ ਨਹੀਂ। ਉਹ ਕਿਸਾਨਾਂ ਨੂੰ ਇਹੋ ਸਲਾਹ ਦਿੰਦੇ ਹਨ ਕਿ ਨਵੀਂ ਬੂਕੀ ‘ਤੇ ਸੁੰਡੀ ਤੋਂ ਬਚਾਅ ਲਈ ਮਾਹਿਰਾਂ ਵੱਲੋਂ ਸਿਫਾਰਸ਼ ਕੀਤੀ ਦਵਾਈਆਂ ਹੀ ਛਿੜਕਣ। ਕਿਸਾਨਾਂ ਦਾ ਦੋਸ਼ ਹੈ ਕਿ ਬੀਜ ਕੰਪਨੀਆਂ ਦੀ ਅਣਗਹਿਲੀ ਅਤੇ ਸਰਕਾਰ ਤੇ ਖੇਤੀਬਾੜੀ ਵਿਭਾਗ ਵੱਲੋਂ ਧਾਰੀ ਚੁੱਪ ਦਾ ਉਹ ਖਮਿਆਜ਼ਾ ਭੁਗਤ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹਿਆਂ ਦੌਰਾਨ ਬੀ.ਟੀ. ਨਰਮੇ ਦੇ ਪੈਕਟ ‘ਚ ਵੱਖਰੇ ਤੌਰ ‘ਤੇ 50 ਗ੍ਰਾਮ ਤੋਂ ਵਧੇਰੇ ਨਾਨ ਬੀ.ਟੀ. ਬੀਜ ਉਪਲਬਧ ਹੁੰਦਾ ਸੀ, ਜਿਸ ਨੂੰ ਖੇਤ ਦੇ ਚਾਰ ਚੁਫੇਰੇ ਕੁਝ ਖੁੱਡਾਂ ‘ਚ ਬੀਜਣਾ ਹੁੰਦਾ ਸੀ ਤਾਂ ਕਿ ਕਿਸੇ ਵੀ ਪ੍ਰਕਾਰ ਦੇ ਪਤੰਗੇ ਦਾ ਹਮਲਾ ਬਾਹਰੀ ਬੂਟਿਆਂ ਤੱਕ ਹੀ ਸੀਮਤ ਰਹੇ। ਉਨ੍ਹਾਂ ਕਿਹਾ ਕਿ ਭਾਵੇਂ ਕੁਝ ਕਿਸਾਨ ਇਹ ਬੀਜ ਬੀਜਦੇ ਵੀ ਨਹੀਂ ਸਨ, ਪਰ ਫਿਰ ਵੀ ਸੁੰਡੀ ਆਦਿ ਦਾ ਹਮਲਾ ਨਹੀਂ ਹੋਇਆ। ਕਿਸਾਨਾਂ ਦੇ ਦੱਸਣ ਅਨੁਸਾਰ ਐਤਕੀਂ ਬੀਜ ਕੰਪਨੀਆਂ ਨੇ ਨਾਨ ਬੀ.ਟੀ. ਬੀਜ ਨੂੰ ਪੈਕਟ ‘ਚ ਮਿਕਸ ਵੀ ਕਰ ਦਿੱਤਾ ਹੈ ਤੇ ਮਿਕਦਾਰ ਵੀ ਘਟਾ ਦਿੱਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਅਜਿਹਾ ਹੋਣ ਨਾਲ ਹੀ ਸੁੰਡੀ ਦੀ ਪੈਦਾਵਾਰ ਹੋਈ ਹੈ। ਖੇਤੀ ਮਾਹਿਰ ਇਹ ਗੱਲ ਤਾਂ ਮੰਨਦੇ ਹਨ ਕਿ ਕੰਪਨੀਆਂ ਨੇ ਬੀਜ ਨੂੰ ਮਿਕਸ ਕਰ ਦਿੱਤਾ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਹਮਲੇ ਦੇ ਅੰਸ਼ ਪਿਛਲੇ ਵਰ੍ਹੇ ਵੀ ਕਿਤੇ ਕਿਤੇ ਵੇਖੇ ਗਏ ਸਨ।
ਉਧਰ, ਮਹਿੰਗੀਆਂ ਕੀੜੇਮਾਰ ਦਵਾਈਆਂ ਦੇ ਛਿੜਕਾਅ ਮਗਰੋਂ ਗੁਲਾਬੀ ਸੁੰਡੀ ਖਤਮ ਨਾ ਹੋਣ ‘ਤੇ ਪਿੰਡ ਭੰਮੇ ਖੁਰਦ ਦੇ ਕਿਸਾਨ ਗੁਰਚਰਨ ਸਿੰਘ ਨੇ ਅੱਕ ਕੇ ਦੋ ਏਕੜ ਨਰਮੇ ਦੀ ਫਸਲ ਤਵੀਆਂ ਨਾਲ ਵਾਹ ਦਿੱਤੀ। ਕਿਸਾਨ ਨੇ ਇਸ ਤੋਂ ਪਹਿਲਾਂ ਵੀ ਇਕ ਏਕੜ ਨਰਮਾ ਗੁਲਾਬੀ ਸੁੰਡੀ ਦੀ ਮਾਰ ਹੇਠ ਆਉਣ ਕਾਰਨ ਵਾਹ ਦਿੱਤਾ ਸੀ। ਕਿਸਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਗੁਲਾਬੀ ਸੁੰਡੀ ਤੋਂ ਆਪਣੀ ਫਸਲ ਨੂੰ ਬਚਾਉਣ ਲਈ ਖੇਤੀਬਾੜੀ ਮਹਿਕਮੇ ਦੀਆਂ ਦੱਸੀਆਂ ਸਾਰੀਆਂ ਸਪਰੇਆਂ ਅਤੇ ਹਰ ਹੀਲਾ-ਵਸੀਲਾ ਵਰਤ ਕੇ ਥੱਕ ਗਿਆ।
ਉਸ ਨੇ ਦੱਸਿਆ ਕਿ ਉਸ ਨੂੰ 40 ਮਣ ਪ੍ਰਤੀ ਏਕੜ ਨਰਮੇ ਦੇ ਝਾੜ ਦੀ ਆਸ ਸੀ ਪਰ ਗੁਲਾਬੀ ਸੁੰਡੀ ਨੇ ਨਰਮੇ ਨੂੰ ਫਲ ਨਹੀਂ ਪੈਣ ਦਿੱਤਾ, ਜਿਸ ਕਾਰਨ ਮਜਬੂਰੀ ਵੱਸ ਉਸ ਨੂੰ ਮੋਢਿਆਂ ਤੱਕ ਹੋਇਆ ਨਰਮਾ ਵਾਹੁਣਾ ਪਿਆ। ਮਾਲਵਾ ਖੇਤਰ ਵਿਚ ਬੇਸ਼ੱਕ ਹਜ਼ਾਰਾਂ ਏਕੜ ਨਰਮਾ ਗੁਲਾਬੀ ਸੁੰਡੀ ਦੀ ਮਾਰ ਹੇਠ ਆਇਆ ਹੈ ਪਰ ਇਹ ਪਹਿਲੀ ਵਾਰ ਹੋਇਆ ਕਿ ਇਸ ਸੁੰਡੀ ਤੋਂ ਅੱਕੇ ਕਿਸਾਨਾਂ ਨੇ ਆਸਾਂ ਢਹਿ-ਢੇਰੀ ਹੁੰਦੀਆਂ ਦੇਖ ਫਸਲ ‘ਤੇ ਤਵੀਆਂ ਚਲਾ ਦਿੱਤੀਆਂ।
ਕਿਰਤੀ ਕਿਸਾਨ ਯੂਨੀਅਨ ਨੇ ਨਰਮਾ ਪੱਟੀ ਵਿਚ ਨਕਲੀ ਬੀਜ ਅਤੇ ਕੀਟਨਾਸ਼ਕਾਂ ਕਰਕੇ ਖਰਾਬ ਹੋਈ ਹਜ਼ਾਰਾਂ ਏਕੜ ਨਰਮੇ ਦੀ ਫਸਲ ਲਈ ਵਿਸ਼ੇਸ਼ ਗਿਰਦਾਵਰੀ ਕਰਕੇ ਪੰਜਾਹ ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਅਤੇ ਨਕਲੀ ਬੀਜ ਤੇ ਕੀਟਨਾਸ਼ਕ ਦੇਣ ਵਾਲੀਆਂ ਕੰਪਨੀਆਂ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਜਿਹੜੇ ਕਿਸਾਨਾਂ ਦੀ ਫਸਲ ਨਕਲੀ ਬੀਜਾਂ ਅਤੇ ਸਪਰੇਆਂ ਕਰਕੇ ਖਰਾਬ ਹੋਈ ਹੈ, ਉਨ੍ਹਾਂ ਨੂੰ ਪ੍ਰਤੀ ਏਕੜ ਪੰਜਾਹ ਹਜ਼ਾਰ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਤੇ ਜਿਨ੍ਹਾਂ ਕਿਸਾਨਾਂ ਨੇ ਜਮੀਨ ਠੇਕੇ ‘ਤੇ ਲਈ ਹੈ, ਉਨ੍ਹਾਂ ਨੂੰ ਮੁਆਵਜ਼ੇ ‘ਚ ਠੇਕੇ ਦੀ ਕੀਮਤ ਜੋੜ ਕੇ ਮੁਆਵਜ਼ਾ ਦਿੱਤਾ ਜਾਵੇ।
__________________________________________
ਸੁਖਬੀਰ ਸਿੰਘ ਬਾਦਲ ਨੇ ਸਰਕਾਰ ਨੂੰ ਘੇਰਿਆ
ਤਲਵੰਡੀ ਸਾਬੋ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਲਵਾ ਖੇਤਰ ਵਿਚ ਗੁਲਾਬੀ ਸੁੰਡੀ ਕਾਰਨ ਵੱਡੀ ਪੱਧਰ ‘ਤੇ ਨੁਕਸਾਨੀ ਗਈ ਨਰਮੇ ਦੀ ਫਸਲ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭੰਗੜਾ ਪਾਉਣ ਦੀ ਥਾਂ ਇਸ ਇਲਾਕੇ ਵਿਚ ਨਰਮਾ ਕਾਸ਼ਤਕਾਰਾਂ ਦੇ ਦੁਖੜੇ ਸੁਣਨ ਅਤੇ ਉਨ੍ਹਾਂ ਲਈ ਤੁਰਤ ਮੁਆਵਜ਼ੇ ਦਾ ਐਲਾਨ ਕਰਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਕੁਰਸੀ ਦੀ ਲੜਾਈ ਲਈ ਕਿੰਨੇ ਮਹੀਨੇ ਖਰਾਬ ਕਰ ਦਿੱਤੇ ਤੇ ਰਾਜ ਦੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ।
____________________________________________
ਚੰਨੀ ਵੱਲੋਂ ਪੀੜਤ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦੇਣ ਦਾ ਐਲਾਨ
ਬਠਿੰਡਾ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਖੇਤਾਂ ਦਾ ਦੌਰਾ ਕਰਨ ਬਠਿੰਡਾ ਜ਼ਿਲ੍ਹੇ ‘ਚ ਆਏ। ਉਹ ਹੈਲੀਕਾਪਟਰ ‘ਤੇ ਬਠਿੰਡਾ ਪਹੁੰਚੇ ਅਤੇ ਅੱਗੇ ਕਾਰ ਰਾਹੀਂ ਪਿੰਡ ਕਟਾਰ ਸਿੰਘ ਵਾਲਾ ਵਿੱਚ ਸੁੰਡੀ ਦੇ ਹਮਲੇ ਦੀ ਜ਼ਦ ‘ਚ ਆਏ ਖੇਤਾਂ ਦਾ ਨਿਰੀਖਣ ਕੀਤਾ। ਮੁੱਖ ਮੰਤਰੀ ਨੇ ਗੁਲਾਬੀ ਸੁੰਡੀ ਨਾਲ ਨੁਕਸਾਨੇ ਗਏ ਨਰਮੇ ਦਾ ਹਸ਼ਰ ਅੱਖੀਂ ਤੱਕ ਕੇ ਐਲਾਨ ਕੀਤਾ ਕਿ ਸੁੰਡੀ ਫੈਲਣ ਦੇ ਤਮਾਮ ਕਾਰਨਾਂ ਦੀ ਪੜਤਾਲ ਤੇ ਇਲਾਜ ਲਈ ਤੱਟ-ਫੱਟ ਕਾਰਵਾਈ ਅਤੇ ਮੁਆਵਜ਼ਾ ਰਾਸ਼ੀ ਸਿੱਧੀ ਕਾਸ਼ਤਕਾਰਾਂ ਤੱਕ ਅੱਪੜਦੀ ਕੀਤੀ ਜਾਵੇ। ਉਨ੍ਹਾਂ ਸੁੰਡੀ ਦੀ ਰੋਕਥਾਮ ਲਈ ਖੇਤੀ ਮਾਹਿਰਾਂ ਨੂੰ ਮਾਲਵਾ ਪੱਟੀ ‘ਚ ਤੁਰਤ ਬੁਲਾਉਣ ਲਈ ਅਧਿਕਾਰੀਆਂ ਨੂੰ ਹੁਕਮ ਦਿੱਤੇ।