ਬੇਅਦਬੀ ਕਾਂਡ: ਭਗੌੜੇ ਡੇਰਾ ਕਮੇਟੀ ਮੈਂਬਰਾਂ ਖਿਲਾਫ ਕੇਸ ਦਰਜ

ਫ਼ਰੀਦਕੋਟ: ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਅਤੇ ਉਨ੍ਹਾਂ ਦੇ ਪੰਨੇ ਗਲੀਆਂ ਵਿਚ ਖਿਲਾਰਨ ਮਗਰੋਂ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ‘ਚ ਅਦਾਲਤ ਵੱਲੋਂ ਭਗੌੜੇ ਐਲਾਨ ਗਏ ਡੇਰਾ ਸੱਚਾ ਸੌਦਾ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰਾਂ ਖਿਲਾਫ ਬਾਜਾਖਾਨਾ ਪੁਲਿਸ ਨੇ ਆਈ.ਪੀ.ਸੀ. ਦੀ ਧਾਰਾ 174-ਏ (ਅਦਾਲਤ ਵਿਚ ਮੁਕੱਦਮੇ ਦਾ ਸਾਹਮਣਾ ਕਰਨ ਤੋਂ ਬਚਣਾ) ਤਹਿਤ ਦੋ ਵੱਖ-ਵੱਖ ਕੇਸ ਦਰਜ ਕਰ ਦਿੱਤੇ ਹਨ।

ਪ੍ਰਾਪਤ ਸੂਚਨਾ ਅਨੁਸਾਰ ਕੌਮੀ ਕਮੇਟੀ ਮੈਂਬਰ ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਪ੍ਰਦੀਪ ਕਲੇਰ ਡੇਰਾ ਸੱਚਾ ਸੌਦਾ ਵਿਚ ਰਹਿੰਦੇ ਸਨ ਅਤੇ ਉਨ੍ਹਾਂ ਬੇਅਦਬੀ ਕਾਂਡ ਦੀ ਸਮੁੱਚੀ ਸਾਜ਼ਿਸ਼ ਰਚੀ ਸੀ। ਜਾਂਚ ਟੀਮ ਨੇ ਇਨ੍ਹਾਂ ਤਿੰਨਾਂ ਦੀ ਗ੍ਰਿਫਤਾਰੀ ਲਈ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਵਿਚ ਛਾਪੇ ਮਾਰੇ ਸੀ ਪਰ ਮੁਲਜ਼ਮ ਪੁਲਿਸ ਦੇ ਹੱਥ ਨਹੀਂ ਲੱਗੇ। ਇਸ ਤੋਂ ਪਹਿਲਾਂ ਵੀ ਪੁਲਿਸ ਅੱਧੀ ਦਰਜਨ ਮੁਕੱਦਮਿਆਂ ਵਿਚ ਇਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰਦੀ ਰਹੀ ਹੈ।
ਤਿੰਨ ਸਾਲ ਦੀ ਲੰਬੀ ਪੜਤਾਲ ਮਗਰੋਂ ਪੁਲਿਸ ਇਨ੍ਹਾਂ ਮੁਲਜ਼ਮਾਂ ਦੇ ਚਿਹਰੇ ਤੱਕ ਨਹੀਂ ਪਛਾਣ ਸਕੀ ਅਤੇ ਨਾ ਹੀ ਇਨ੍ਹਾਂ ਦਾ ਕੋਈ ਸਕੈੱਚ ਜਾਰੀ ਕੀਤਾ ਗਿਆ ਹੈ। ਜਾਂਚ ਟੀਮ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਇਨ੍ਹਾਂ ਦੀਆਂ ਜਾਇਦਾਦਾਂ ਦੇ ਵੇਰਵੇ ਵੀ ਭਾਲ ਰਹੀ ਹੈ ਪਰ ਅਜੇ ਤੱਕ ਜਾਂਚ ਟੀਮ ਦੇ ਹੱਥ ਕੁਝ ਨਹੀਂ ਲੱਗਿਆ।
ਪਤਾ ਲੱਗਾ ਹੈ ਕਿ ਇਹ ਤਿੰਨੋਂ ਕਮੇਟੀ ਮੈਂਬਰ ਵਿਵਾਦ ਸ਼ੁਰੂ ਹੋਣ ਮਗਰੋਂ ਤੁਰਤ ਦੇਸ਼ ਛੱਡ ਗਏ ਸਨ ਅਤੇ ਡੇਰਾ ਸੱਚਾ ਸੌਦਾ ਵਿਚ ਇਨ੍ਹਾਂ ਤਿੰਨਾਂ ਕਮੇਟੀ ਮੈਂਬਰਾਂ ਬਾਰੇ ਕੋਈ ਰਿਕਾਰਡ ਨਹੀਂ ਹੈ, ਜਿਸ ਕਰਕੇ ਜਾਂਚ ਟੀਮ ਨੂੰ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਹੈ।
____________________________________________________
ਮੁਲਜ਼ਮ ਨੂੰ ਨਿਆਇਕ ਹਿਰਾਸਤ ‘ਚ ਭੇਜਿਆ
ਰੂਪਨਗਰ: ਸ੍ਰੀ ਆਨੰਦਪੁਰ ਸਾਹਿਬ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੀੜੀ ਪੀ ਕੇ ਬੇਅਦਬੀ ਕਰਨ ਦੇ ਮੁਲਜ਼ਮ ਪਰਮਜੀਤ ਸਿੰਘ ਨੂੰ ਰੂਪਨਗਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਮੁਲਜ਼ਮ ਪੁਲਿਸ ਰਿਮਾਂਡ ‘ਤੇ ਸੀ। ਜ਼ਿਕਰਯੋਗ ਹੈ ਮੁਲਜ਼ਮ ਨੇ 13 ਸਤੰਬਰ ਦੀ ਸਵੇਰ ਕਥਿਤ ਤੌਰ ‘ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪਹਿਲਾਂ ਆਪਣੇ ਸਿਰ ਤੋਂ ਰੁਮਾਲ ਉਤਾਰਿਆ ਅਤੇ ਫਿਰ ਬੀੜੀ ਜਲਾ ਕੇ ਉਸ ਦਾ ਧੂੰਆਂ ਰਾਗੀ ਸਿੰਘਾਂ ‘ਤੇ ਛੱਡਿਆ ਸੀ।