ਸੁਮੇਧ ਸੈਣੀ ਨੂੰ ਰਾਹਤ ਨੇ ਕੈਪਟਨ ਦੀ ਮੁਸ਼ਕਿਲ ਵਧਾਈ

ਫਰੀਦਕੋਟ: ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਖਿਲਾਫ ਫਰਵਰੀ 2022 ਤੱਕ ਪੜਤਾਲ ਤੇ ਗ੍ਰਿਫਤਾਰ ਕਰਨ ਉਪਰ ਰੋਕ ਲਾਉਣ ਦੇ ਹੁਕਮ ਆਉਣ ਮਗਰੋਂ ਸਪੱਸ਼ਟ ਹੋ ਗਿਆ ਹੈ ਕਿ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਮਾਮਲੇ ਦੀ ਪੜਤਾਲ ਮਿਥੇ ਸਮੇਂ ਵਿਚ ਮੁਕੰਮਲ ਨਹੀਂ ਹੋ ਸਕੇਗੀ। ਪੰਜਾਬ ਸਰਕਾਰ, ਖਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਪਰ ਸੁਮੇਧ ਸੈਣੀ ਖਿਲਾਫ਼ ਕਾਰਵਾਈ ਲਈ ਵੱਡਾ ਦਬਾਅ ਬਣਿਆ ਹੋਇਆ ਹੈ, ਪਰ ਹਾਈਕੋਰਟ ਦੇ ਤਾਜ਼ਾ ਹੁਕਮਾਂ ਨੇ ਸਰਕਾਰ ਦਾ ਫਿਕਰ ਵਧਾ ਦਿੱਤਾ ਹੈ।

ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਰਾਜਬੀਰ ਸ਼ੇਰਾਵਤ ਨੇ ਆਪਣੇ 9 ਅਪਰੈਲ 2021 ਦੇ ਇਕ ਫੈਸਲੇ ਵਿਚ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਸਨ ਕਿ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ 6 ਮਹੀਨਿਆਂ ਵਿਚ ਮੁਕੰਮਲ ਕਰਕੇ ਇਸ ਦੀ ਰਿਪੋਰਟ ਇਲਾਕਾ ਮੈਜਿਸਟਰੇਟ ਫਰੀਦਕੋਟ ਦੀ ਅਦਾਲਤ ਵਿਚ ਪੇਸ਼ ਕੀਤੀ ਜਾਵੇ। ਹਾਈ ਕੋਰਟ ਦੇ ਹੁਕਮ ਮੁਤਾਬਕ ਪੰਜਾਬ ਸਰਕਾਰ ਨੇ 7 ਮਈ 2021 ਨੂੰ ਐੱਲ.ਕੇ. ਯਾਦਵ ਦੀ ਅਗਵਾਈ ਹੇਠ ਨਵੀਂ ਜਾਂਚ ਟੀਮ ਬਣਾਈ ਸੀ ਤੇ ਇਸ ਜਾਂਚ ਟੀਮ ਨੇ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ 6 ਨਵੰਬਰ 2021 ਤੱਕ ਮੁਕੰਮਲ ਕਰਨੀ ਸੀ, ਪਰ ਸੁਮੇਧ ਸੈਣੀ ਨੂੰ ਹਾਈ ਕੋਰਟ ਤੋਂ ਮਿਲੀ ਸੁਰੱਖਿਆ ਕਾਰਨ ਉਹ ਫਰਵਰੀ 2022 ਤੱਕ ਜਾਂਚ ਟੀਮ ਸਾਹਮਣੇ ਪੇਸ਼ ਨਹੀਂ ਹੋਣਗੇ। ਸੁਮੇਧ ਸੈਣੀ ਕੋਟਕਪੂਰਾ ਗੋਲੀ ਕਾਂਡ ਵਿਚ ਮੁਲਜ਼ਮ ਵਜੋਂ ਨਾਮਜ਼ਦ ਹਨ। ਜਾਂਚ ਟੀਮ ਸੁਮੇਧ ਸੈਣੀ ਦੀ ਆਵਾਜ਼ ਦੇ ਨਮੂਨੇ ਲੈਣ ਲਈ ਨੋਟਿਸ ਵੀ ਭੇਜ ਚੁੱਕੀ ਹੈ ਪਰ ਉਹ ਜਾਂਚ ਟੀਮ ਦੀ ਹਦਾਇਤ ਦੇ ਬਾਵਜੂਦ ਫੋਰੈਂਸਿਕ ਲੈਬ ਨਵੀਂ ਦਿੱਲੀ ਵਿਚ ਹਾਜਰ ਨਹੀਂ ਹੋਏ।
ਜ਼ਿਕਰਯੋਗ ਹੈ ਕਿ ਕੁੰਵਰਵਿਜੈ ਪ੍ਰਤਾਪ ਸਿੰਘ ਨੂੰ ਬਦਲਣ ਤੋਂ ਬਾਅਦ ਨਵੀਂ ਗਠਿਤ ਕੀਤੀ ਗਈ ਜਾਂਚ ਟੀਮ ਨੇ ਕੋਟਕਪੂਰਾ ਗੋਲੀ ਕਾਂਡ ਵਿਚ ਪੜਤਾਲ ਸ਼ੁਰੂ ਕਰ ਦਿੱਤੀ ਸੀ ਤੇ ਇਹ ਪੜਤਾਲ ਹੁਣ ਆਪਣੇ ਆਖਰੀ ਪੜਾਅ ‘ਤੇ ਹੈ। ਜਾਂਚ ਮੁਕੰਮਲ ਕਰਨ ਤੋਂ ਪਹਿਲਾਂ ਟੀਮ ਪੁਲਿਸ ਅਧਿਕਾਰੀਆਂ ਦੀ ਆਵਾਜ਼ ਦੇ ਨਮੂਨੇ ਹਾਸਲ ਕਰਨਾ ਚਾਹੁੰਦੀ ਸੀ, ਪਰ 6 ਸਤੰਬਰ ਨੂੰ ਕੋਈ ਵੀ ਪੁਲਿਸ ਅਧਿਕਾਰੀ ਫੋਰੈਂਸਿਕ ਲੈਬ ਵਿਚ ਹਾਜਰ ਨਹੀਂ ਹੋਇਆ ਤੇ ਹੁਣ ਜਾਂਚ ਟੀਮ ਸੁਮੇਧ ਸੈਣੀ ਨੂੰ ਫੋਰੈਂਸਿਕ ਲੈਬ ਵਿਚ ਹਾਜਰ ਹੋਣ ਲਈ ਮਜਬੂਰ ਨਹੀਂ ਕਰ ਸਕਦੀ।
ਜਾਂਚ ਟੀਮ ਹੁਣ ਸੁਮੇਧ ਸੈਣੀ ਖਿਲਾਫ਼ ਫਰਵਰੀ 2022 ਤੱਕ ਚਲਾਨ ਪੇਸ਼ ਨਹੀਂ ਕਰ ਸਕੇਗੀ। ਹਾਲਾਂਕਿ ਪੰਜਾਬ ਸਰਕਾਰ ਕੋਲ ਹਾਈ ਕੋਰਟ ਕੋਰਟ ਦੇ ਫੈਸਲੇ ਖਿਲਾਫ਼ ਡਬਲ ਬੈਂਚ ਜਾਂ ਸੁਪਰੀਮ ਕੋਰਟ ਪਹੁੰਚ ਕਰਨ ਦਾ ਰਾਹ ਖੁੱਲ੍ਹਾ ਹੈ, ਪਰ ਹਾਲ ਦੀ ਘੜੀ ਜਾਂਚ ਟੀਮ ਕੋਟਕਪੂਰਾ ਗੋਲੀ ਕਾਂਡ ਵਿਚ ਪੜਤਾਲ ਮੁਕੰਮਲ ਕਰਨ ‘ਚ ਅਸਮਰੱਥ ਹੈ। ਸੂਤਰਾਂ ਅਨੁਸਾਰ ਸੁਮੇਧ ਸੈਣੀ ਨੂੰ ਛੱਡ ਕੇ ਬਾਕੀ ਮੁਲਜ਼ਮਾਂ ਖਿਲਾਫ਼ ਚਲਾਨ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ, ਪਰ ਪੰਜਾਬ ਸਰਕਾਰ ਉੱਪਰ ਸੁਮੇਧ ਸੈਣੀ ਖਿਲਾਫ਼ ਕਾਰਵਾਈ ਲਈ ਵੱਡਾ ਦਬਾਅ ਬਣਿਆ ਹੋਇਆ ਹੈ।
ਸੈਣੀ ਖਿਲਾਫ਼ ਮੁਹਾਲੀ ਵਿਚ ਦਰਜ ਤਿੰਨ ਅਪਰਾਧਿਕ ਕੇਸਾਂ ਵਿਚ ਸਿੱਟਕੋ ਦੇ ਜੇਈ ਰਹੇ ਸਿੱਖ ਨੌਜਵਾਨ ਬੀ.ਐਸ. ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਜਬਰਦਸਤੀ ਘਰੋਂ ਚੁੱਕ ਕੇ ਕਥਿਤ ਤੌਰ ‘ਤੇ ਪੁਲਿਸ ਤਸ਼ੱਦਦ ਕਰਕੇ ਮਾਰ ਮੁਕਾਉਣ ਤੇ ਆਮਦਨ ਤੋਂ ਵੱਧ ਜਾਇਦਾਦ ਜੁਟਾਉਣਾ ਸ਼ਾਮਲ ਹਨ। ਡਬਲਿਊ. ਡਬਲਿਊ.ਆਈ.ਸੀ.ਐਸ ਦੇ ਡਾਇਰੈਕਟਰ ਦਵਿੰਦਰ ਸਿੰਘ ਸੰਧੂ ਖਿਲਾਫ਼ 17 ਸਤੰਬਰ 2020 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਦਰਜ ਰੀਅਲ ਅਸਟੇਟ ਨਾਲ ਜੁੜੇ ਪੁਰਾਣੇ ਮਾਮਲੇ ਵਿਚ ਸੈਣੀ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਹਾਲਾਂਕਿ ਇਸ ਕੇਸ ਵਿਚ ਸੈਣੀ ਨੂੰ ਵਿਜੀਲੈਂਸ ਥਾਣੇ ਦੀ ਹਵਾਲਾਤ ਵਿਚ ਰਾਤ ਗੁਜ਼ਾਰਨੀ ਪਈ ਸੀ ਪਰ ਅਗਲੇ ਦਿਨ ਹਾਈ ਕੋਰਟ ਦੇ ਹੁਕਮਾਂ ‘ਤੇ ਉਸ ਨੂੰ ਰਿਹਾਅ ਕੀਤਾ ਗਿਆ ਸੀ। ਇਸ ਤੋਂ ਇਲਾਵਾ ਬੇਅਦਬੀ ਘਟਨਾਵਾਂ ਸਬੰਧੀ ਫਰੀਦਕੋਟ ਗੋਲੀ ਕਾਂਡ ਮਾਮਲੇ ਵਿਚ ਉਸ ਨੂੰ ਨਾਮਜ਼ਦ ਕੀਤਾ ਗਿਆ ਹੈ। ਇਹ ਸਾਰੇ ਮਾਮਲੇ ਅਦਾਲਤਾਂ ਵਿਚ ਵਿਚਾਰ ਅਧੀਨ ਹਨ।