ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਗੁਰਦੁਆਰਾ ਸਾਹਿਬ ਅੰਦਰ ਆਮ ਹਫਤਾਵਾਰੀ ਦੀਵਾਨ ਨਾਲੋਂ ਜ਼ਰਾ ਵੱਧ ਗਿਣਤੀ ਵਿਚ ਸੰਗਤਾਂ ਪਹੁੰਚੀਆਂ ਹੋਈਆਂ ਸਨ ਕਿਉਂਕਿ ਪ੍ਰਬੰਧਕਾਂ ਨੇ ਚੋਖੀ ਮਾਇਆ ਖਰਚ ਕੇ ਇਸ ਇਕੱਠ ਲਈ ਖੂਬ ਇਸ਼ਤਿਹਾਰਬਾਜ਼ੀ ਕੀਤੀ ਸੀ। ਉਨਾਂ੍ਹ ਨੇ ਦੋ ਹਫਤੇ ਪਹਿਲਾਂ ‘ਦਿਭ-ਦ੍ਰਿਸ਼ਟੀ’ ਨਾਲ ਇਹ ਭਵਿੱਖ-ਵਾਣੀ ਵੀ ਕਰ ਦਿੱਤੀ ਸੀ ਕਿ ਸਾਡੇ ਇਥੇ ਹੋਣ ਵਾਲੇ ‘ਵਿਸ਼ਾਲ ਪੰਥਕ ਇਕੱਠ’ ਵਿਚ ਦੂਰੋਂ-ਦੂਰੋਂ ਸੰਗਤਾਂ ਵਹੀਰਾਂ ਘੱਤ ਕੇ ਪਹੁੰਚਣਗੀਆਂ।
ਜੀ ਹਾਂ! ਇਥੇ ਦਸਮ ਗ੍ਰੰਥ ਨੂੰ ‘ਸ੍ਰੀ ਦਸਮ ਗ੍ਰੰਥ ਸਾਹਿਬ’ ਵਜੋਂ ਪ੍ਰਚਾਰਨ ਵਾਲੇ ਵਿਦਵਾਨ ਬੁਲਾਰਿਆਂ ਨੂੰ ਬੁਲਾਇਆ ਗਿਆ। ਸੁਣਿਆ ਹੈ ਕਿ ਸਥਾਨਕ ਸੰਗਤਾਂ ਵਿਚੋਂ ਕਈ ਨਿਰਪੱਖ ਜਿਹੇ ਸੱਜਣਾਂ ਨੇ ਪ੍ਰਬੰਧਕ ਸਾਹਿਬਾਨ ਨੂੰ ਬੇਨਤੀ ਕੀਤੀ ਸੀ ਕਿ ਵਿਵਾਦ ਵਾਲੇ ਇਸ ਵਿਸ਼ੇ ‘ਤੇ ਸੰਵਾਦ ਰਚਾਉਣ ਲਈ ਕੁਝ ਵਿਦਵਾਨ ਦੂਜੇ ਪੱਖ ਦੇ ਵੀ ਬੁਲਾ ਲਏ ਜਾਣ ਤਾਂ ਕਿ ਹੋਣ ਵਾਲੇ ਵਿਚਾਰ ਮੰਥਨ ਤੋਂ ਬਾਅਦ ਸੰਗਤਾਂ ਖੁਦ ਕੋਈ ਨਿਰਣਾ ਲੈ ਸਕਣ ਪਰ ਸੰਗਤਾਂ ਦੇ ਹਰ ਇਕੱਠ ਨੂੰ ਗੁਰੂ ਰੂਪ ਕਹਿ ਕੇ ਸੰਬੋਧਨ ਕਰਨ ਵਾਲੇ ਪ੍ਰਬੰਧਕਾਂ ਨੇ ਇਹ ‘ਬੇਨਤੀ’ ਅਣਸੁਣੀ ਕਰ ਦਿੱਤੀ। ਉਨ੍ਹਾਂ ਦਾ ਮਕਸਦ ਸ਼ਾਇਦ ਸੰਗਤਾਂ ਪਾਸੋਂ ਜੈਕਾਰੇ ਛੁਡਾਉਣ ਤੱਕ ਹੀ ਸੀਮਤ ਹੋਵੇਗਾ। ਉਹ ਤਾਂ ਇਸ ਮੁੱਦੇ ‘ਤੇ ਕੋਈ ਵੱਖਰੀ ਰਾਏ ਰੱਖਣ ਵਾਲਿਆਂ ਨੂੰ ਪਹਿਲੋਂ ਹੀ ਪੰਥ ਦੋਖੀ ਮੰਨ ਕੇ ਤੁਰੇ ਹੋਏ ਜਾਪਦੇ ਸਨ।
ਚਲੋ ਖੈਰ! ਸਮਾਗਮ ਹੋਇਆ, ਸਾਰੇ ਬੁਲਾਰਿਆਂ ਨੇ ਇੱਧਰੋਂ-ਉਧਰੋਂ ਟੂਕਾਂ ਦੇ ਕੇ ਇਹ ਸਿੱਧ ਕਰਨ ‘ਤੇ ਪੂਰਾ ਟਿੱਲ ਲਾਇਆ ਕਿ ਦਸਮ ਗ੍ਰੰਥ ਦਾ ਇਕ ਇਕ ਅੱਖਰ ਸ੍ਰੀ ਦਸਮੇਸ਼ ਪਾਤਸ਼ਾਹ ਜੀ ਦਾ ਲਿਖਿਆ ਹੋਇਆ ਹੈ। ਸਾਰੇ ਬੁਲਾਰਿਆਂ ਨੇ ਆਪੋ-ਆਪਣੀ ਵਿਦਵਤਾ ਅਨੁਸਾਰ ਸੰਗਤਾਂ ਨੂੰ ਕਾਇਲ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ। ਜਦ ਵੀ ਕੋਈ ਬੁਲਾਰਾ ਜੋਸ਼ੀਲੀ ਜਿਹੀ ਗੱਲ ਕਰਦਾ ਤਾਂ ਫੁੱਲ-ਫੁੱਲ ਕੁੱਪਾ ਹੋ ਰਹੇ ਪ੍ਰਬੰਧਕ ਬਾਹਾਂ ਉਲਾਰ-ਉਲਾਰ ਜੈਕਾਰੇ ਛੱਡਦੇ। ਉਨ੍ਹਾਂ ਦੇ ਮਗਰੇ ਮਗਰ ਸੰਗਤਾਂ ਵੀ ‘ਬੋਲੇ ਸੋ ਨਿਹਾਲ’ ਆਖੀ ਗਈਆਂ। ਇਹ ਸਭ ਦੇਖ ਕੇ ਪ੍ਰਬੰਧਕ ਗਦ-ਗਦ ਹੋ ਰਹੇ ਸਨ। ਉਨ੍ਹਾਂ ਨੂੰ ਦੋਹਰੀਆਂ-ਤਿਹਰੀਆਂ ਖੁਸ਼ੀਆਂ ਹੋ ਰਹੀਆਂ ਸਨ। ਸਮੁੱਚੇ ਪੰਥ ਦੇ ਇਸ ਮਸਲੇ ਦੀ ਆੜ ਹੇਠ ਉਨ੍ਹਾਂ ਸਥਾਨਕ ਸਿੱਖ ਵੋਟਰਾਂ ‘ਚ ਆਪਣਾ ਟੌਹਰ-ਟੱਪਾ ਚੋਖਾ ਵਧਾ ਲਿਆ। ਗੋਲਕ ਵੀ ਭਰਪੂਰ ਹੋ ਗਈ!
ਇੱਧਰੋਂ ਵਿਹਲੇ ਹੋ ਕੇ ਉਨ੍ਹਾਂ ਇਸ ਮਹਾਨ ਸਮਾਗਮ ਨੂੰ ਬੇਹੱਦ ਸਫ਼ਲ ਹੋਇਆ ਦਰਸਾਉਣ ਲਈ ਅਖ਼ਬਾਰਾਂ ਨਾਲ ‘ਗੰਢ-ਤੁੱਪ’ ਕਰ ਕੇ ਰੰਗਦਾਰ ਸਫ਼ੇ ਛਪਵਾਏ। ਸੈਂਕੜਿਆਂ ਦੀ ਗਿਣਤੀ ਨੂੰ ‘ਹਜ਼ਾਰਾਂ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ’ ਦੱਸਿਆ ਗਿਆ। ਇਸ ਸਭ ਤੋਂ ਸਮਾਗਮ ਦੇ ਪ੍ਰਬੰਧਕ ਫੁੱਲੇ ਨਹੀਂ ਸਨ ਸਮਾ ਰਹੇ।
ਇਸੇ ਮੁੱਦੇ ‘ਤੇ ਹੀ ਇਕ ਥਾਂ ਹੋਰ ਸਮਾਗਮ ਚੱਲ ਰਿਹਾ ਸੀ। ਇਥੇ ਇਕ ਬੁਲਾਰੇ ਨੇ ਸੰਗਤ ਨੂੰ ਬੜੇ ਸਲੀਕੇ ਨਾਲ ਸੰਬੋਧਨ ਕਰਦਿਆਂ ਪੰਥ ਪ੍ਰਵਾਣਤ ਰਹਿਤ ਮਰਯਾਦਾ ਦਾ ਹਵਾਲਾ ਦੇ ਕੇ ਆਖਿਆ ਕਿ ਦਸਮ ਗ੍ਰੰਥ ਗੁਰੂ ਦਸਮੇਸ਼ ਜੀ ਦੀ ਲਿਖਤ ਹੋਵੇ ਜਾਂ ਨਾ ਹੋਵੇ, ਉਸ ਦਾ ਕਿਸੇ ਹਾਲਤ ਵਿਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਾ ਹੀ ਪ੍ਰਕਾਸ਼ ਕੀਤਾ ਜਾ ਸਕਦਾ ਅਤੇ ਨਾ ਹੀ ਉਸ ਦੇ ਨਾਮ ਨਾਲ ‘ਗੁਰੂ’ ਜਾਂ ‘ਸਾਹਿਬ’ ਜਿਹੇ ਵਿਸ਼ੇਸ਼ਨ ਜੋੜਨੇ ਉਚਿਤ ਹਨ। ਹਾਂ, ਸਿੱਖ ਸਾਹਿਤ ਵਜੋਂ ਉਸ ਦੀ ਪਰਖ ਪੜਚੋਲ ਕਰਨ ਵਿਚ ਕੋਈ ਹਰਜ ਨਹੀਂ। ਜਦ 1932 ਵਿਚ ਸਾਡੇ ਵਡਾਰੂਆਂ ਨੇ ਰਹਿਤ ਮਰਯਾਦਾ ਦਾ ਵਿਧਾਨ ਬਣਾਉਣ ਵੇਲੇ ਇਸ ਦਾ ਰੌਲਾ ਹੀ ਮੁਕਾ ਦਿੱਤਾ ਹੋਇਆ ਹੈ, ਤਾਂ ਫਿਰ ਸੰਗਤਾਂ ਨੂੰ ਮੁੜ-ਮੁੜ ਕੇ ਭੰਬਲਭੂਸੇ ਵਿਚ ਕਿਉਂ ਪਾਇਆ ਜਾ ਰਿਹਾ ਹੈ?
ਉਸ ਦੇ ਇੰਨੀ ਕਹਿਣ ਦੀ ਹੀ ਦੇਰ ਸੀ ਕਿ ਸੰਗਤ ਨੇ ਅਕਾਸ਼ ਗੁੰਜਾਊ ਜੈਕਾਰੇ ਛੱਡਣੇ ਸ਼ੁਰੂ ਕਰ ਦਿੱਤੇ। ਇਉਂ ਜਾਪ ਰਿਹਾ ਸੀ ਕਿ ਹਾਜ਼ਰੀਨ ਨੇ ਉਸ ਬੁਲਾਰੇ ਦੇ ਵਿਚਾਰਾਂ ਨੂੰ ਪੱਲੇ ਬੰਨ੍ਹਦਿਆਂ ਪੂਰੀ ਤਰ੍ਹਾਂ ਸਵੀਕਾਰ ਕਰ ਲਿਆ ਹੈ। ਉਸ ਦੇ ਖਿਆਲਾਂ ਦੀ ਕੁਛ-ਕੁਛ ਤਾਈਦ ਕਰਦਿਆਂ ਜਦ ਅਗਲੇ ਬੁਲਾਰੇ ਨੇ ਆਖਿਆ ਕਿ ‘ਚਰਿੱਤ੍ਰੋ ਪਾਖਿਯਾਨ’ ਵਰਗੀ ਅਸ਼ਲੀਲ ਸਮੱਗਰੀ ਨੂੰ ਗੁਰੂ ਜੀ ਦੇ ਪਵਿੱਤਰ ਨਾਮ ਨਾਲ ਜੋੜਨ ਵਾਲੇ ਆਰæਐਸ਼ਐਸ਼ ਦੇ ਹੱਥ-ਠੋਕੇ ਹਨ, ਜੋ ਸਿੱਖ ਪੰਥ ਦੇ ਸਿਧਾਂਤ ਵਿਚ ਰੋਲ-ਘਚੋਲਾ ਪਾਉਣਾ ਚਾਹੁੰਦੇ ਹਨ; ਤਦ ਇਕੱਤਰ ਸੰਗਤਾਂ ਵਿਚ ਐਨਾ ਜੋਸ਼ ਭਰ ਗਿਆ ਕਿ ਉਨ੍ਹਾਂ ਆਰæਐਸ਼ਐਸ਼ ਦੇ ਨਾਂ ਤੋਂ ਕੈੜ ਖਾਂਦਿਆਂ ਪਹਿਲਾਂ ਨਾਲੋਂ ਵੀ ਕਿਤੇ ਵੱਧ ਜ਼ੋਰ ਲਾ ਕੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਛੱਡ ਦਿੱਤੇ।
ਅਗਲੇ ਵਿਦਵਾਨ ਦੀ ਵਾਰੀ ਆਈ। ਉਸ ਨੇ ‘ਅੰਮ੍ਰਿਤ ਸੰਸਕਾਰ’ ਦੀ ਮਹਾਨਤਾ ਬਾਰੇ ਗੱਲ ਕਰਦਿਆਂ ਆਖਿਆ ਕਿ ਜਾਪੁ ਸਾਹਿਬ, ਸਵੱਈਏ, ਚੌਪਈ ਦਾ ਕੁਝ ਹਿੱਸਾ ਅਤੇ ਕੁਝ ਕੁ ਹੋਰ ਬਾਣੀਆਂ ਦੀ ਅਲੱਗ ਪੋਥੀ ਬਣਾ ਲੈਣੀ ਚਾਹੀਦੀ ਹੈ, ਤਾਂ ਜੋ ਸ੍ਰੀ ਕੇਸਗੜ੍ਹ ਸਾਹਿਬ ਦੀ ਪਰੰਪਰਾ ਨਿਰੰਤਰ ਚਲਦੀ ਰਹੇ। ਅਨੰਦਪੁਰ ਸਾਹਿਬ ਵਾਲੇ ਤਖ਼ਤ ਦਾ ਜ਼ਿਕਰ ਹੁੰਦਿਆਂ ਹੀ ਸੰਗਤਾਂ ਫਿਰ ਜੋਸ਼ ਵਿਚ ਆ ਗਈਆਂ। ਹੋ ਗਈ ਜੈਕਾਰਿਆਂ ਦੀ ਲੜੀ ਸ਼ੁਰੂ ਪਰ ਉਸ ਦੇ ਮਗਰੇ ਹੀ ਇਕ ਹੋਰ ਵਿਦਵਾਨ ਨੇ ਸਾਰੇ ਦਸਮ ਗ੍ਰੰਥ ਨੂੰ ਹੀ ਕੂੜ-ਕਬਾੜ ਕਹਿ ਕੇ ਨਵੀਂ ਭਸੂੜੀ ਪਾ ਦਿਤੀ। ਲੇਕਿਨ ਸੰਗਤ ਵਿਚੋਂ ਉਸ ਨੂੰ ਵੀ ਜੋਸ਼ੀਲੇ ਜੈਕਾਰਿਆਂ ਦੀ ਦਾਤ ਪ੍ਰਾਪਤ ਹੋ ਗਈ! ਸਟੇਜ ‘ਤੇ ਹੋਣ ਲੱਗੀ ਘੁਸਰ ਮੁਸਰ ਨੂੰ ਲੁਕਾਉਣ ਵਾਸਤੇ ਪ੍ਰਬੰਧਕਾਂ ਨੇ ‘ਰਾਜ ਕਰੇਗਾ ਖਾਲਸਾ’ ਦੇ ਜੈਕਾਰੇ ਛੱਡਣੇ ਸ਼ੁਰੂ ਕਰ ਦਿਤੇ!
ਇਸ ਸਮਾਗਮ ਬਾਰੇ ਅਖਬਾਰਾਂ ਵਿਚ ਲੱਗੀਆਂ ਖਬਰਾਂ ਦੀਆਂ ਸੁਰਖੀਆਂ ਸਨ, ‘ਸੰਗਤਾਂ ਨੇ ਸਮੁੱਚੇ ਦਸਮ ਗ੍ਰੰਥ ਨੂੰ ਰੱਦ ਕਰਨ ਦੀ ਕੀਤੀ ਪ੍ਰੋੜਤਾ’; ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ‘ਸ਼ਰੀਕ’ ਨਹੀਂ ਬਣਨ ਦਿੱਤਾ ਜਾਵੇਗਾ-ਸੰਗਤਾਂ ਦਾ ਸਮੂਹਿਕ ਫੈਸਲਾ’æææ ਵਗੈਰਾ ਵਗੈਰਾ।
ਲਗਦੇ ਹੱਥ ਸਿੱਖ ਮਤਿ ਦੇ ਦੋ ਕੁ ਹੋਰ ਸਮਾਗਮਾਂ ਦੀ ਹਾਜ਼ਰੀ ਭਰਦੇ ਚੱਲੀਏ। ਲਉ ਜੀ, ਐਥੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਇਥੇ ਜੁੜ ਬੈਠੀਆਂ ਸ਼ਰਧਾਲੂ ਸੰਗਤਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਿਹਾਸ ਨਾਲ ‘ਜੋੜਨ’ ਵਾਸਤੇ ਉਹ ਨਾਮਵਰ ਸ਼ਖਸੀਅਤ ਪਹੁੰਚੀ ਹੋਈ ਹੈ ਜਿਹੜੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਤੋਂ ਹੀ ਬਾਗੀ ਹੈ। ਉਹ ਸ੍ਰੀਮਾਨ ਜੀ ਇਥੇ ‘ਮੁੱਖ ਮਹਿਮਾਨ’ ਬਣ ਕੇ ਸਿੱਖ ਸੰਗਤਾਂ ਨੂੰ ਉਪਦੇਸ਼ ਦੇਣ ਪਧਾਰੇ ਹੋਏ ਹਨ। ਜਿਹੜੇ ਸ੍ਰੀ ਅਕਾਲ ਤਖ਼ਤ ਤੋਂ ਲਾਗੂ ਹੋਈ ਰਹਿਤ ਮਰਯਾਦਾ ਨੂੰ ਮੰਨਦੇ ਹੀ ਨਹੀਂ, ਪਰ ਇਕੱਠ ਵਿਚ ਪ੍ਰਵਚਨ ਸੁਣਾਉਣ ਤੋਂ ਬਾਅਦ ਸੰਗਤਾਂ ਵੱਲੋਂ ਉਸ ਨੂੰ ਵੀ ਲਿਫ਼ਾਫ਼ੇ ਦੇ ਨਾਲ ਸਿਰੋਪਾ ਭੇਟ ਕੀਤਾ ਜਾਂਦਾ ਹੈ। ਉਸ ਦੀ ਤਕਰੀਰ ਦੌਰਾਨ ਵੀ ਜੈਕਾਰਿਆਂ ਦੀ ਗੂੰਜ ਪਈ ਗਈ।
ਇਕ ਹੋਰ ਸਮਾਗਮ ਵਿਚ ਅਨੰਦ ਕਾਰਜ ਕਰਵਾ ਰਹੀ ਸੁਭਾਗੀ ਜੋੜੀ ਨੂੰ ਖੁਦ ਤਲਾਕ ਦੇ ਕੇਸ ਵਿਚ ਉਲਝਿਆ ਉਹ ਪ੍ਰਸਿੱਧ ਰਾਗੀ ਸਿੰਘ ‘ਗ੍ਰਹਿਸਥ ਧਰਮ ਨਿਭਾਉਣ’ ਦੀ ਮਹਾਨਤਾ ਬਾਰੇ ਚਾਨਣਾ ਪਾ ਰਿਹਾ ਹੈ। ਜਿਸ ਦੇ ਚਰਿੱਤਰ ਬਾਰੇ ਮੀਡੀਏ ਵਿਚ ਅਤੇ ਸੰਗਤਾਂ ਵਿਚ ਵੀ ਤਿੱਖੀ ਚਰਚਾ ਤੇ ਚੁਰ-ਚੁਰਾ ਹੁੰਦੀ ਰਹੀ ਹੈ, ਪਰ ਇਸ ਮੌਕੇ ਸ਼ਰਧਾ ‘ਚ ਗੜੂੰਦ ਹੋਈਆਂ ਸੰਗਤਾਂ ਉਸ ਵਕਤਾ ਦੇ ‘ਮਨੋਹਰ ਤੇ ਰਸੀਲੇ’ ਵਿਖਿਆਨ ਸੁਣ ਕੇ ਵੀ ਅਸ਼-ਅਸ਼ ਕਰ ਰਹੀਆਂ ਹਨ। ਉਹ ਵੀ ਕੰਨ-ਰਸ ਕਾਰਨ ਝੂਮ ਰਹੀਆਂ ਸੰਗਤਾਂ ਉਪਰ ਪ੍ਰਭਾਵ ਪਾ ਕੇ ਉਨ੍ਹਾਂ ਦੀਆਂ ਜੇਬਾਂ ਖਾਲੀ ਕਰਵਾ ਲੈਂਦਾ ਹੈ।
ਜ਼ਿਕਰ ਕੀਤੇ ਗਏ ਲੋਕਲ ਸਮਾਗਮਾਂ ਦੀ ਗੱਲ ਇਕ ਪਾਸੇ ਰਹੀ, ਹੁਣ ਤਾਂ ਸਿੱਖ ਧਰਮ ਦੇ ਕੇਂਦਰੀ ਸਥਾਨਾਂ ‘ਤੇ ਵੀ ਐਨ ਇਹੋ ਕੁਝ ਹੋ ਰਿਹਾ ਹੈ। 2003 ਵਿਚ ਜਦੋਂ ਅਸਲ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ ਸੀ, ਉਦੋਂ ਇਹ ਐਲਾਨ ਕੀਤਾ ਗਿਆ ਸੀ ਕਿ ਸਿੱਖ ਸੰਗਤਾਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਖਾਲਸਾ ਪੰਥ ਦੀ ਨਿਆਰੀ ਪਛਾਣ ਦਾ ਪ੍ਰਤੀਕ ਇਹ ਕੈਲੰਡਰ ਲਾਗੂ ਕੀਤਾ ਜਾ ਰਿਹਾ ਹੈ। ਇਹ ਕੈਲੰਡਰ ਬਣਾਉਣ ਵਾਲੇ ਵਿਦਵਾਨ ਨੂੰ ਜੈਕਾਰੇ ਗਜਾ ਗਜਾ ਕੇ ਸਿਰੋਪਾਓ ਭੇਟ ਕੀਤੇ ਗਏ। ਸੱਤ-ਅੱਠ ਸਾਲ ਬਾਅਦ ਉਸ ਕੈਲੰਡਰ ਨੂੰ ‘ਮਿਲਗੋਭਾ ਕੈਲੰਡਰ’ ਤਾਂ ਬਣਾਇਆ ਗਿਆ ਸੀ ‘ਉਤਲਿਆਂ ਦੇ ਹੁਕਮ’ ਅਨੁਸਾਰ, ਲੇਕਿਨ ਕੇਂਦਰੀ ਸਥਾਨ ਤੋਂ ਫੁਰਮਾਨ ਜਾਰੀ ਹੋਇਆ ਕਿ ਦੇਸ਼-ਵਿਦੇਸ਼ ਦੀਆਂ ਸ਼ਰਧਾਲੂ ਸੰਗਤਾਂ ਦੀਆਂ ਇੱਛਾਵਾਂ ਨੂੰ ਮੁੱਖ ਰੱਖ ਕੇ ਨਾਨਕਸ਼ਾਹੀ ਕੈਲੰਡਰ ਨੂੰ ਸੋਧਿਆ ਗਿਆ ਹੈ।
ਚੇਤੇ ਰਹੇ ਕਿ ਹਰ ਛੋਟੇ ਤੋਂ ਲੈ ਕੇ ਵੱਡੇ ਸਮਾਗਮਾਂ ਨੂੰ ਸੰਬੋਧਨ ਕਰਨ ਵਾਲੇ ਬੁਲਾਰੇ, ਗੁਰੁ ਮਹਾਰਾਜ ਦੇ ਹਜੂਰ ਸਜੀ ਹੋਈ ਸੰਗਤ ਨੂੰ ਹਮੇਸ਼ਾਂ ‘ਗੁਰੂ ਰੂਪ ਸਾਧ ਸੰਗਤ’ ਹੀ ਕਹਿੰਦੇ ਹਨ!
ਲਬੋਂ ਪੇ ਰੰਗ ਉਲਫਤ ਕੇ
ਭਰੇ ਹੈਂ ਦਿਲ ਕਦੂਰਤ ਸੇ,
ਖੁਦਾ ਕਾ ਨਾਮ ਲੇਤੇ ਹੈਂ,
ਖੁਦਾ ਸੇ ਕੌਨ ਡਰਤਾ ਹੈ!
Leave a Reply