ਗੁਲਜ਼ਾਰ ਸਿੰਘ ਸੰਧੂ
ਵੱਡੇ ਕੰਮਾਂ ਦਾ ਮੁਲ ਕਿਸੇ ਦੇ ਜੀਊਂਦੇ ਜੀਅ ਪੈਣਾ, ਹੈ ਤਾਂ ਅਚੰਭਾ ਪਰ ਅਚੰਭੇ ਹੋਣੇ ਵੀ ਅਸੰਭਵ ਨਹੀਂ। ਸੁਰਜੀਤ ਹਾਂਸ ਵਲੋਂ ਵਿਲੀਅਮ ਸ਼ੇਕਸਪੀਅਰ ਦੀਆਂ ਸਾਢੇ ਤਿੰਨ ਦਰਜਨ ਪੁਸਤਕਾਂ ਦਾ ਪੰਜਾਬੀ ਕਵਿਤਾ ਵਿਚ ਅਨੁਵਾਦ ਇਸ ਸ਼੍ਰੇਣੀ ਵਿਚ ਆਉਂਦਾ ਹੈ। ਮੰਨਿਆ ਹਾਂਸ ਇਕ ਸਿਰੜੀ ਤੇ ਸਿਆਣਾ ਕਾਮਾ ਹੈ ਪਰ ਜੇ ਉਸ ਨੂੰ ਪੰਜਾਬੀ ਯੂਨੀਵਰਸਿਟੀ ਦੀ ਸਰਪ੍ਰਸਤੀ ਨਾ ਮਿਲਦੀ ਤਾਂ ਏਨਾ ਵੱਡਾ ਤੇ ਕਠਿਨ ਕਾਰਜ ਨੇਪਰੇ ਚੜ੍ਹਨਾ ਸੌਖਾ ਨਹੀਂ ਸੀ। ਯੂਨੀਵਰਸਿਟੀ ਨੇ ਇਸ ਕੰਮ ਲਈ ਬਣਦਾ-ਸਰਦਾ ਖਰਚਾ ਹੀ ਨਹੀਂ ਦਿੱਤਾ ਇਸ ਨੂੰ ਪ੍ਰਕਾਸ਼ਤ ਵੀ ਕੀਤਾ ਹੈ। ਸ਼ੇਕਸਪੀਅਰ ਦੀ ਜਨਮ ਭੂਮੀ ਵਿਚ ਇਸ ਦਾ ਸਲਾਹਿਆ ਜਾਣਾ ਦਸਦਾ ਹੈ ਕਿ ਸਿਰਜਣ ਕਲਾ ਦੇ ਉਸ ਅਖਾੜੇ ਵਿਚ ਵਿਦਵਾਨਾਂ, ਬੁੱਧੀਮਾਨੀਆਂ ਤੇ ਕਦਰਦਾਨਾਂ ਦੀ ਕਮੀ ਨਹੀਂ।
ਮੈਂ ਹਾਂਸ ਨੂੰ ਉਦੋਂ ਦਾ ਜਾਣਦਾ ਹਾਂ ਜਦੋਂ ਉਹ ਉਸ ਧਰਤੀ ਵਿਚ ਡਾਕੀਏ ਦਾ ਕੰਮ ਕਰਦਾ ਸੀ। ਉਦੋਂ 1980 ਵਿਚ ਉਥੋਂ ਦੇ ਪੰਜਾਬੀ ਪਿਆਰਿਆਂ ਨੇ ਬਰਤਾਨੀਆ ਦੀ ਧਰਤੀ ਵਿਚ ਪੰਦਰਾਂ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਰਚਾ ਕੇ ਜਿਹੜਾ ਗੁੱਡਾ ਬੰਨ੍ਹਿਆ ਸੀ ਉਸ ਨੂੰ ਪਿਛੋਂ ਵਾਲੀਆਂ ਕਈ ਦਰਜਨ ਕਾਨਫਰੰਸਾਂ ਵੀ ਮਾਤ ਨਹੀਂ ਪਾ ਸਕੀਆਂ। ਉਹੀਓ ਸਨ ਜਿਨ੍ਹਾਂ ਨੇ ਸੋਹਣ ਸਿੰਘ ਜੋਸ਼, ਸੰਤ ਸਿੰਘ ਸੇਖੋਂ, ਹਰਿਭਜਨ ਸਿੰਘ ਵਰਗਿਆਂ ਨੂੰ ਲਗਭਗ ਸਾਰਾ ਬਰਤਾਨੀਆਂ ਘੁੰਮਾਇਆ, ਤੇ ਉਹ ਵੀ ਥਾਂ ਥਾਂ ਸਾਹਿਤਕ ਸਮਾਗਮ ਰਚਾ ਕੇ। ਕਿਸੇ ਵਿਧ ਮੈਂ ਵੀ ਜਾ ਵੜਿਆ ਸਾਂ। ਉਹ ਮੇਰੀ ਪ੍ਰਥਮ ਤੇ ਮਹੱਤਵਪੂਰਨ ਵਿਦੇਸ਼ ਯਾਤਰਾ ਸੀ।
ਹਾਂਸ ਉਸ ਤੋਂ ਪਿੱਛੋਂ ਪੋਸਟਮੈਨੀ ਛੱਡ ਕੇ ਪੰਜਾਬ ਦੇ ਦੋ ਵਿਸ਼ਵ ਵਿਦਿਆਲਿਆਂ ਵਿਚ ਪ੍ਰੋਫੈਸਰ, ਫੈਲੋ ਤੇ ਵਿਜ਼ਟਿੰਗ ਪ੍ਰੋਫੈਸਰ ਰਿਹਾ ਪਰ ਸਭ ਤੋਂ ਵਧੀਆ ਸੰਪਰਕ ਪੰਜਾਬੀ ਯੂਨੀਵਰਸਿਟੀ ਵਾਲਾ ਸੀ ਜਿਸ ਦਾ ਫਲ ਇਹ ਅਨੁਵਾਦ ਹੈ। ਮੈਂ ਉਸ ਦੇ ਇਸ ਪੂਰੇ ਘੋਲ ਨੂੰ ਵੀਹ ਸਾਲ ਤੱਕਿਆ ਤੇ ਇਸ ਦੀ ਸਫਲਤਾ ਉਤੇ ਇਸ ਕਾਲਮ ਵਿਚ 2013 ਦੇ ਫਰਵਰੀ ਮਹੀਨੇ ਵਿਸਥਾਰ ਨਾਲ ਲਿਖਿਆ ਸੀ। ਫੇਰ ਮੇਰੇ ਲਿਖੇ ਕਾਲਮ ਦਾ ‘ਹਿੰਦੁਸਤਾਨ ਟਾਈਮਜ਼’ ਨੇ ਨੋਟਿਸ ਲਿਆ ਤਾਂ ਹੋਰ ਸਮਾਚਾਰ ਪੱਤਰਾਂ ਤੋਂ ਬਿਨਾਂ ਬੀ ਬੀ ਸੀ ਤੇ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਹਾਊਸ ਵਾਲਿਆਂ ਨੇ ਵੀ ਇਸ ਨੂੰ ਗੌਲਿਆ।
ਵਲਾਇਤ ਵਿਚ ਹਾਂਸ ਦਾ ਸਨਮਾਨ ਉਸ ਹੀ ਲੜੀ ਵਿਚ ਆਉਂਦਾ ਹੈ। ਚੇਤੇ ਰਹੇ 33 ਵਰ੍ਹੇ ਪਹਿਲਾਂ ਵਾਲੀ ਇਤਿਹਾਸਕ ਕਾਨਫਰੰਸ ਵੀ ਸਾਡੇ ਮਿੱਤਰ ਰਣਜੀਤ ਧੀਰ ਦੀ ਦੇਣ ਸੀ ਜਿਸ ਨੇ ਪਿਛਲੇ ਦਿਨੀਂ ਈਲਿੰਗ ਦੇ ਮੇਅਰ ਕਮਲਜੀਤ ਢੀਂਡਸਾ ਦੇ ਹੱਥੋਂ ਇਹ ਸਨਮਾਨ ਹਾਂਸ ਨੂੰ, ਜਿਸ ਵਿਚ ਸ਼ੇਕਸਪੀਅਰ ਦਾ ਬੁੱਤ ਸ਼ਾਮਲ ਸੀ, ਦਿਲਵਾਇਆ। ਉਹ ਖੁਦ ਈਲਿੰਗ ਦੀ ਲੇਬਰ ਪਾਰਟੀ ਦਾ ਡਿਪਟੀ ਲੀਡਰ ਹੈ। ਸਮਾਗਮ ਸਮੇਂ ਈਲਿੰਗ ਤੇ ਹੈਲਿੰਗਡਨ ਦੇ ਸਾਰੇ ਪ੍ਰਮੁੱਖ ਪਤਵੰਤੇ ਜਿਨ੍ਹਾਂ ਵਿਚ ਵਿਸ਼ੇਸ਼ ਤੌਰ ‘ਤੇ ਲੇਬਰ ਪਾਰਟੀ ਦੇ ਐਮ ਪੀ ਵਰਿੰਦਰ ਸ਼ਰਮਾ, ਉਂਕਾਰ ਸਹੋਤਾ ਤੇ ਹੋਰ ਲੋਕ ਹਾਜ਼ਰ ਸਨ। ਮੈਂ ਖੁਸ਼ ਹਾਂ ਕਿ ਮੇਰਾ ‘ਨਿੱਕ ਸੁੱਕ’ ਵੀ ਸਤ ਸਮੁੰਦਰ ਪਾਰ ਤੱਕ ਮਾਰ ਕਰਦਾ ਹੈ। ਮੈਂ ਸ਼ੇਕਸਪੀਅਰ ਪ੍ਰੇਮੀਆਂ ਦਾ ਹਾਂਸ ਜਿੰਨਾ ਹੀ ਧੰਨਵਾਦੀ ਹਾਂ। ਹਾਂਸ ਤੋਂ ਸਾਨੂੰ ਹੋਰ ਵੀ ਆਸਾਂ ਹਨ।
ਕਾਹਨ ਸਿੰਘ ਪੰਨੂੰ ਤੇ ਉਹਦੇ ਵਰਗੇ
ਪਹਿਲਾਂ ਕ੍ਰਿਸ਼ਨ ਕੁਮਾਰ ਤੇ ਹੁਣ ਕਾਹਨ ਸਿੰਘ ਪੰਨੂੰ ਵਰਗੇ ਚੰਗੇ ਅਫਸਰਾਂ ਨੂੰ ਜਿਵੇਂ ਰਾਜ ਸਰਕਾਰ ਏਧਰ ਓਧਰ ਧੱਕ ਰਹੀ ਹੈ, ਇਹ ਇਸ ਗੱਲ ਦਾ ਸੂਚਕ ਹੈ ਕਿ ਹੁਣ ਕੰਮ ਕਰਨ ਵਾਲੇ ਵਧੀਆ ਅਫਸਰਾਂ ਦਾ ਸਮਾਂ ਨਹੀਂ ਰਿਹਾ। ਉਹ ਵੇਲੇ ਲੱਦ ਗਏ ਜਦੋਂ ਪੰਜਾਬ ਵਿਚ ਪ੍ਰਤਾਪ ਸਿੰਘ ਕੈਰੋਂ ਤੇ ਕੇਂਦਰ ਵਿਚ ਸਰਦਾਰ ਪਟੇਲ ਵਰਗੇ ਨੇਤਾ ਮਹਿੰਦਰ ਸਿੰਘ ਰੰਧਾਵਾ ਦੀ ਕਦਰ ਪਾਉਂਦੇ ਸਨ। ਮੈਂ ਲੰਮਾ ਸਮਾਂ ਸਰਕਾਰੀ ਨੌਕਰੀ ਕੀਤੀ ਹੈ ਤੇ ਵੇਖਿਆ ਹੈ ਕਿ ਕੰਮ ਕਰਨ ਵਾਲਿਆਂ ਦੀ ਥਾਂ ਹੁਣ ਜੀ ਹਜ਼ੂਰੀ ਕਰਨ ਵਾਲਿਆਂ ਨੇ ਲੈ ਲਈ ਹੈ। ਦੁਖ ਇਹ ਹੈ ਕਿ ਚੰਗੇ ਅਫਸਰਾਂ ਦੇ ਕੰਮ ਵਿਚ ਰੋੜੇ ਅਟਕਾਉਣਾ ਆਉਣ ਵਾਲੇ ਸਮਿਆਂ ਲਈ ਘਾਤਕ ਹੈ, ਬਹੁਤਾ ਇਸ ਲਈ ਕਿ ਇਹ ਭਵਿੱਖ ਦੇ ਅਧਿਕਾਰੀਆਂ ਨੂੰ ਕੰਮ ਦੀ ਥਾਂ ਜੀ ਹਜ਼ੂਰੀ ਲਈ ਪ੍ਰੇਰਦਾ ਹੈ।
ਅੰਤਿਕਾ: (ਅਫਜ਼ਲ ਅਹਿਸਨ ਰੰਧਾਵਾ)
ਲੱਖ ਦਰਿਆ ਜਹਾਨ ਵਿਚ,
ਪਹਿਲਾ ਨਾਓਂ ਸਵਾਂ ਦਾ
ਬੜ੍ਹਕਾਂ ਮਾਰੇ ਸਾਨ੍ਹ ਹੈ,
ਦਰਕੇ ਜਾਇਆ ਗਾਂ ਦਾ।
ਅੱਧ ਮਰਲੇ ਵਿਚ ਸੌਂ ਰਿਹਾ,
ਮਾਲਕ ਸੌ ਘੁਮਾਂ ਦਾ।
ਅਫਜ਼ਲ ਅਹਿਸਨ ਖਿੱਚ ਨਾ,
ਨਕਸ਼ਾ ਏਸ ਸਰਾਂ ਦਾ।
Leave a Reply