ਬਾਗੀ ਮੰਤਰੀਆਂ ਦੀ ਕੈਪਟਨ ਨੂੰ ‘ਮਿਲਣ ਦੀ ਇੱਛਾ` ਨੇ ਛੇੜੀ ਨਵੀਂ ਚਰਚਾ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ ਚਲੇ ਆ ਰਹੇ ਮਾਝੇ ਦੇ ਦੋ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਇਤਿਹਾਸਕ ਤੇ ਵਿਰਾਸਤੀ ਸ਼ਹਿਰ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਹੈ। ਦੋਵੇਂ ਮੰਤਰੀਆਂ ਵੱਲੋਂ ਲਿਖੇ ਪੱਤਰ ਨਾਲ ਨਵੀਂ ਸਿਆਸੀ ਚਰਚਾ ਛਿੜ ਗਈ ਹੈ।
ਉਨ੍ਹਾਂ ਇਸ ਸਬੰਧੀ ਚਰਚਾ ਕਰਨ ਲਈ ਮੁੱਖ ਮੰਤਰੀ ਤੋਂ ਮੁਲਾਕਾਤ ਦਾ ਸਮਾਂ ਵੀ ਮੰਗਿਆ ਹੈ।

ਦੋਵੇਂ ਕੈਬਨਿਟ ਮੰਤਰੀਆਂ ਨੇ ਇਹ ਵੀ ਮੰਗ ਕੀਤੀ ਕਿ ਫਤਹਿਗੜ੍ਹ ਚੂੜੀਆਂ ਅਤੇ ਸ੍ਰੀ ਹਰਗੋਬਿੰਦਪੁਰ ਜਾਂ ਘੁਮਾਣ ਨੂੰ ਨਵੇਂ ਜ਼ਿਲ੍ਹੇ ਦੀਆਂ ਸਬ-ਡਿਵੀਜ਼ਨਾਂ ਬਣਾਈਆਂ ਜਾਣ। ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿਚ ਉਨ੍ਹਾਂ ਕਿਹਾ ਹੈ,’’ਬਟਾਲਾ ਪੰਜਾਬ ਦਾ ਉਹ ਅਹਿਮ ਸ਼ਹਿਰ ਹੈ ਜਿਸ ਨਾਲ ਸਾਡੀ ਅਮੀਰ ਇਤਿਹਾਸਕ, ਧਾਰਮਿਕ, ਸਮਾਜਿਕ ਅਤੇ ਸਾਹਿਤਕ ਵਿਰਾਸਤ ਜੁੜੀ ਹੋਈ ਹੈ। ਬਠਿੰਡਾ ਤੋਂ ਬਾਅਦ ਬਟਾਲਾ ਸੂਬੇ ਦਾ ਸਭ ਤੋਂ ਪੁਰਾਣਾ ਸ਼ਹਿਰ ਹੈ ਜਿਸ ਦੀ ਨੀਂਹ 1465 ਵਿਚ ਰੱਖੀ ਗਈ ਸੀ। ਆਬਾਦੀ ਪੱਖੋਂ ਵੀ ਇਹ ਅੱਠਵਾਂ ਸਭ ਤੋਂ ਵੱਡਾ ਸ਼ਹਿਰ ਹੈ ਜਿੱਥੇ ਪਿਛਲੇ ਸਾਲ ਨਗਰ ਨਿਗਮ ਵੀ ਬਣਾਈ ਗਈ ਹੈ।“
ਉਨ੍ਹਾਂ ਕਿਹਾ ਕਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਦਾ ਵਿਆਹ ਇਸੇ ਸ਼ਹਿਰ ਵਿਚ ਮਾਤਾ ਸੁਲੱਖਣੀ ਜੀ ਨਾਲ 8 ਜੁਲਾਈ, 1487 ਵਿਚ ਹੋਇਆ ਸੀ। ਉਨ੍ਹਾਂ ਦੀ ਯਾਦ ਵਿਚ ਇਥੇ ਗੁਰਦੁਆਰਾ ਡੇਰਾ ਸਾਹਿਬ ਅਤੇ ਗੁਰਦੁਆਰਾ ਕੰਧ ਸਾਹਿਬ ਸੁਸ਼ੋਭਿਤ ਹਨ। ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਬਟਾਲਾ ਹੀ ਆਏ ਸਨ ਅਤੇ ਉਨ੍ਹਾਂ ਦੀ ਯਾਦ ਵਿਚ ਸ਼ਹਿਰ ਦੇ ਵਿਚਕਾਰ ਗੁਰਦੁਆਰਾ ਸਤਿ ਕਰਤਾਰੀਆ ਸੁਸ਼ੋਭਿਤ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਲਾਹੌਰ ਅਤੇ ਅੰਮ੍ਰਿਤਸਰ ਤੋਂ ਬਾਅਦ ਬਟਾਲਾ ਸਿੱਖ ਰਾਜ ਦਾ ਇੱਕ ਅਹਿਮ ਸ਼ਹਿਰ ਸੀ। ਉਸ ਸਮੇਂ ਦੀਆਂ ਵਿਰਾਸਤੀ ਇਮਾਰਤਾਂ ਅੱਜ ਵੀ ਮੌਜੂਦ ਹਨ ਜਿਨ੍ਹਾਂ ਵਿਚੋਂ¿; ਮਹਾਰਾਜਾ ਸ਼ੇਰ ਸਿੰਘ ਦਾ ਮਹਿਲ ਅਤੇ ਜਲ ਮਹਿਲ (ਬਾਰਾਂਦਰੀ) ਵਿਸ਼ੇਸ਼ ਹਨ। ਉਨ੍ਹਾਂ ਕਿਹਾ ਕਿ ਇਤਿਹਾਸਕ ਕਾਲੀ ਦਵਾਰਾ ਮੰਦਰ ਅਤੇ ਸਤੀ ਲਕਸ਼ਮੀ ਦੇਵੀ ਸਮਾਧ ਤੋਂ ਬਿਨਾਂ ਇਸ ਸ਼ਹਿਰ ਦੇ ਨਜ਼ਦੀਕ ਹੀ ਅੱਚਲ ਸਾਹਿਬ ਦਾ ਉਹ ਇਤਿਹਾਸਕ ਅਸਥਾਨ ਵੀ ਹੈ ਜਿੱਥੇ ਭਗਵਾਨ ਸ਼ਿਵ ਜੀ ਦੇ ਪੁੱਤਰ ਦੇਵਤਾ ਕਾਰਤਿਕ ਦੀ ਯਾਦ ਵਿਚ ਅਚਲੇਸ਼ਵਰ ਧਾਮ ਸੁਸ਼ੋਭਿਤ ਹੈ। ਅੱਚਲ ਸਾਹਿਬ ਜੀ ਦੇ ਅਸਥਾਨ ਉੱਤੇ ਹੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਗੋਸ਼ਟ ਕੀਤੀ ਸੀ।
ਕੈਬਨਿਟ ਮੰਤਰੀਆਂ ਨੇ ਕਿਹਾ, ‘’ਸਭਿਆਚਾਰਕ ਅਤੇ ਸਾਹਿਤਕ ਪੱਖ ਤੋਂ ਵੇਖਿਆ ਜਾਵੇ ਤਾਂ ਦੁਨੀਆ ਭਰ ਵਿਚ ਵਸਦਾ ਕੋਈ ਵੀ ਪੰਜਾਬੀ ਅਜਿਹਾ ਨਹੀਂ ਹੋਵੇਗਾ ਜਿਸ ਨੇ ਮਹਾਨ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਦਾ ਨਾਂ ਨਾ ਸੁਣਿਆ ਹੋਵੇ। ਦੁਨੀਆ ਭਰ ਵਿਚ ਬਟਾਲੇ ਦਾ ਨਾਂ ਮਸ਼ਹੂਰ ਕਰਨ ਵਾਲੇ ਅਤੇ ਜੋਬਨ ਰੁੱਤੇ ਤੁਰ ਜਾਣ ਵਾਲੇ ਇਸ ਕਵੀ ਨੂੰ ਸਾਹਿਤਕ ਖੇਤਰ ਵਿਚ ਬਿਰਹਾ ਦੇ ਕਵੀ ਅਤੇ ਪੰਜਾਬੀ ਦੇ ਕੀਟਸ ਵਜੋਂ ਜਾਣਿਆ ਜਾਂਦਾ ਹੈ।“ ਮਾਝੇ ਖਿੱਤੇ ਨਾਲ ਸਬੰਧਤ ਇਹ ਦੋਵੇਂ ਮੰਤਰੀ ਪਿਛਲੇ ਕਈ ਮਹੀਨਿਆਂ ਤੋਂ ਮੁੱਖ ਮੰਤਰੀ ਖਿਲਾਫ ਖੁੱਲ੍ਹ ਕੇ ਮੈਦਾਨ `ਚ ਨਿੱਤਰੇ ਹੋਏ ਹਨ ਅਤੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ `ਚ ਵੀ ਉਨ੍ਹਾਂ ਅਹਿਮ ਭੂਮਿਕਾ ਨਿਭਾਈ ਸੀ। ਇਨ੍ਹਾਂ ਮੰਤਰੀਆਂ ਦੇ ਤਾਜ਼ਾ ਪੈਂਤੜੇ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।