ਪੰਜਾਬ ਵਿਧਾਨ ਸਭਾ ਚੋਣਾਂ ਅਤੇ ਸਿਆਸੀ ਧਿਰਾਂ

-ਜਤਿੰਦਰ ਪਨੂੰ
ਪੰਜਾਬ ਇਸ ਵਕਤ ਵਿਧਾਨ ਸਭਾ ਚੋਣਾਂ ਦੇ ਰਾਹ ਉੱਤੇ ਪੈ ਚੁਕਾ ਹੈ। ਅਗਸਤ ਲੰਘਣ ਪਿੱਛੋਂ ਮਸਾਂ ਛੇ ਮਹੀਨੇ ਇਸ ਸਰਕਾਰ ਦੇ ਬਾਕੀ ਰਹਿ ਜਾਣਗੇ। ਪਿਛਲੀ ਵਾਰੀ ਚਾਰ ਫਰਵਰੀ ਨੂੰ ਵੋਟਾਂ ਪਈਆਂ ਅਤੇ ਗਿਆਰਾਂ ਮਾਰਚ ਨੂੰ ਨਤੀਜੇ ਆਏ ਸਨ ਤੇ ਸੋਲਾਂ ਮਾਰਚ ਨੂੰ ਕੈਪਟਨ ਸਰਕਾਰ ਬਣੀ ਸੀ। ਨਤੀਜੇ ਵਾਲੀ ਉਸ ਤਾਰੀਖ ਦਾ ਹਿਸਾਬ ਰੱਖਿਆ ਜਾਵੇ ਤਾਂ ਇੱਕ ਮਹੀਨਾ ਹੋਰ ਗਿਣ ਸਕਦੇ ਹਾਂ, ਪਰ ਚੋਣ ਜ਼ਾਬਤਾ ਸ਼ਾਇਦ ਇਸ ਵਾਰ ਨਵਾਂ ਸਾਲ ਚੜ੍ਹਦੇ ਸਾਰ ਲਾ ਦਿੱਤਾ ਜਾਵੇ, ਕਿਉਂਕਿ ਪੰਜਾਬ ਦੇ ਨਾਲ ਹੀ ਉੱਤਰ ਪ੍ਰਦੇਸ਼ ਅਤੇ ਤਿੰਨ ਹੋਰ ਰਾਜਾਂ ਵਿਚ ਵੀ ਚੋਣਾਂ ਹੋਣੀਆਂ ਹਨ।

ਭਾਰਤ ਦਾ ਚੋਣ ਕਮਿਸ਼ਨ ਕਹਿਣ ਨੂੰ ਨਿਰਪੱਖ ਹੈ, ਪਰ ਅਸਲ ਵਿਚ ਕੇਂਦਰ ਦਾ ਰਾਜ ਚਲਾ ਰਹੀ ਧਿਰ ਜੇ ਤਾਕਤਵਰ ਹੋਵੇ ਤਾਂ ਉਸ ਦੇ ਕਹੇ ਬਿਨਾ ਖੰਘਦਾ ਨਹੀਂ ਹੁੰਦਾ ਤੇ ਉਸ ਪਾਰਟੀ ਦੀ ਲੋੜ ਦੇ ਹਿਸਾਬ ਹੀ ਅਗਲੀਆਂ ਚੋਣਾਂ ਦੀਆਂ ਤਰੀਕਾਂ ਮਿਥਦਾ ਹੁੰਦਾ ਹੈ। ਇਸ ਵਾਰੀ ਭਾਜਪਾ ਆਪਣੇ ਉੱਤਰ ਪ੍ਰਦੇਸ਼ ਵਿਚਲੇ ਹਿੱਤਾਂ ਦਾ ਖਿਆਲ ਕਰ ਕੇ ਉਸ ਨੂੰ ਕੁਝ ਅਗੇਤਾ ਇਹ ਕਦਮ ਚੁੱਕਣ ਨੂੰ ਆਖ ਸਕਦੀ ਹੈ, ਪਰ ਜੇ ਮਿਥੇ ਟਾਈਮ ਮੁਤਾਬਕ ਵੀ ਸਾਰਾ ਕੁਝ ਹੁੰਦਾ ਗਿਆ ਤਾਂ ਛੇ ਮਹੀਨੇ ਤੋਂ ਵੱਧ ਚੋਣਾਂ ਵਿਚ ਬਾਕੀ ਨਹੀਂ।
ਅੱਜ ਦੀ ਘੜੀ ਵਿਚ ਜਿੰਨਾ ਮੰਦਾ ਹਾਲ ਪੰਜਾਬ ਵਿਚ ਰਾਜ ਕਰਦੀ ਕਾਂਗਰਸ ਪਾਰਟੀ ਦਾ ਜਾਪਦਾ ਹੈ, ਉਸ ਤੋਂ ਵੱਧ ਪੰਜਾਬ ਵਿਚ ਭਾਜਪਾ ਨੂੰ ਛੱਡ ਕੇ ਕਿਸੇ ਵੀ ਹੋਰ ਪਾਰਟੀ ਦਾ ਸ਼ਾਇਦ ਨਹੀਂ ਹੋਣਾ। ਬੀਤੇ ਪੰਜ ਸਾਲਾਂ ਵਿਚ ਇਸ ਪਾਰਟੀ ਨੇ ਹਰ ਹੋਰ ਪਾਰਟੀ ਵਾਂਗ ਕੁਝ ਕੰਮ ਚੰਗੇ ਵੀ ਕੀਤੇ, ਜਾਂ ਕਹਿ ਲਓ ਕਿ ਇਸ ਤੋਂ ਹੋ ਗਏ ਹੋਣਗੇ, ਪਰ ਪਾਪਾਂ ਦੀ ਪੰਡ ਭਾਰੀ ਕਰਨ ਵਿਚ ਵੀ ਇਸ ਨੇ ਕੋਈ ਕਸਰ ਨਹੀਂ ਰੱਖੀ। ਚੋਣਾਂ ਵਿਚ ਕੁੱਦਣ ਵੇਲੇ ਕਿਸੇ ਜੰਗ ਵਿਚ ਚੱਲੀ ਫੌਜ ਵਿਚ ਤਾਲਮੇਲ ਦੀ ਲੋੜ ਵਾਂਗ ਰਾਜਸੀ ਮੈਦਾਨ ਦੀ ਹਰ ਧਿਰ ਨੂੰ ਵੀ ਪੂਰੇ ਤਾਲਮੇਲ ਦੀ ਲੋੜ ਹੁੰਦੀ ਹੈ ਅਤੇ ਜਿਸ ਪਾਰਟੀ ਦੇ ਤਾਲਮੇਲ ਦੀ ਘਾਟ ਹੋਵੇ, ਉਹ ਚੋਣਾਂ ਦੌਰਾਨ ਚੰਗੇ ਸਿੱਟੇ ਨਹੀਂ ਕੱਢ ਸਕਦੀ। ਇੱਕ ਵਕਤ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲੀ ਦਲ ਦੇ ਦੋ ਵੱਡੇ ਮਹਾਂਰਥੀ-ਜਗਦੇਵ ਸਿੰਘ ਤਲਵੰਡੀ ਤੇ ਗੁਰਚਰਨ ਸਿੰਘ ਟੌਹੜਾ ਚੋਣਾਂ ਮੌਕੇ ਏਨਾ ਦੁਖੀ ਕਰਦੇ ਹੁੰਦੇ ਸਨ ਕਿ ਆਖਰ ਨੂੰ ਲੜਾਈ ਕਾਂਗਰਸ ਨਾਲ ਘੱਟ ਤੇ ਆਪੋ ਵਿਚ ਇੱਕ-ਦੂਸਰੇ ਦੇ ਬੰਦੇ ਹਰਾਉਣ ਵਾਲੀ ਵੱਧ ਬਣ ਜਾਂਦੀ ਹੁੰਦੀ ਸੀ। ਫਿਰ ਕਾਂਗਰਸ ਵਿਚ ਇੱਕ ਮੌਕੇ ਇਹੋ ਕੁਝ ਹਰਚਰਨ ਸਿੰਘ ਬਰਾੜ ਅਤੇ ਬੀਬੀ ਰਾਜਿੰਦਰ ਕੌਰ ਭੱਠਲ ਦੇ ਧੜਿਆਂ ਵੱਲੋਂ ਕੀਤਾ ਸੁਣਿਆ ਸੀ ਤੇ ਨਤੀਜਾ ਉਸ ਪਾਰਟੀ ਦੀ ਹੱਦੋਂ ਵੱਧ ਸ਼ਰਮਨਾਕ ਹਾਰ ਵਿਚ ਨਿਕਲਿਆ ਸੀ। ਉਸ ਦੇ ਬਾਅਦ ਦੋ ਵਾਰੀ ਕੈਪਟਨ ਅਮਰਿੰਦਰ ਸਿੰਘ ਤੇ ਬੀਬੀ ਰਾਜਿੰਦਰ ਕੌਰ ਭੱਠਲ ਦੇ ਧੜਿਆਂ ਦੀ ਖਹਿਬਾਜ਼ੀ ਨੇ ਇਸ ਪਾਰਟੀ ਦੀ ਬੇੜੀ ਡੋਬੀ ਸੀ। ਇਸ ਵਕਤ ਇਸ ਪਾਰਟੀ ਮੂਹਰੇ ਫਿਰ ਇਹੋ ਔਕੜ ਸਿਰ ਚੁੱਕੀ ਖੜੋਤੀ ਦਿੱਸਦੀ ਹੈ। ਕਈ ਲੋਕ ਕਾਂਗਰਸ ਪਾਰਟੀ ਦੇ ਨਵੇਂ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇਸ ਸਥਿਤੀ ਦਾ ਦੋਸ਼ ਦੇ ਰਹੇ ਹਨ ਅਤੇ ਕਈ ਹੋਰ ਕੈਪਟਨ ਧੜੇ ਉੱਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਅੰਦਰ-ਖਾਤੇ ਵਾਲੇ ਸਮਝੌਤੇ ਦੀ ਨੰਗੀ-ਮੁੰਗੀ ਚਰਚਾ ਵੀ ਚਸਕੇ ਲੈ-ਲੈ ਕਰਦੇ ਹਨ। ਪਾਰਟੀ ਡੁੱਬਣ ਦੀ ਚਿੰਤਾ ਦੋਵਾਂ ਧੜਿਆਂ ਨੂੰ ਕੋਈ ਨਹੀਂ ਜਾਪਦੀ।
ਦੂਸਰੇ ਪਾਸੇ ਅਕਾਲੀ ਦਲ ਦਾ ਪ੍ਰਧਾਨ ਆਪਣੇ ਨਾਲੋਂ ਟੁੱਟੇ ਧਿਰਾਂ ਅਤੇ ਧੜਿਆਂ ਨੂੰ ਅੱਖੋਂ ਪਰੋਖੇ ਕਰਨ ਦੇ ਬਾਅਦ ਹਰ ਮੰਦੇ-ਚੰਗੇ ਬੰਦੇ ਨੂੰ ਆਪਣੇ ਨਾਲ ਜੋੜ ਕੇ ਆਪਣਾ ਲਸ਼ਕਰ ਭਾਰਾ ਕਰਨ ਰੁੱਝਾ ਪਿਆ ਹੈ। ਜਿਨ੍ਹਾਂ ਨੇ ਕੱਲ੍ਹ ਤੱਕ ਬਾਦਲ ਬਾਪ-ਬੇਟੇ ਖਿਲਾਫ ਕਈ ਊਟ-ਪਟਾਂਗ ਕਿੱਸੇ ਸਟੇਜਾਂ ਲਾ-ਲਾ ਕੇ ਲੋਕਾਂ ਨੂੰ ਸੁਣਾਏ ਸਨ, ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਨਾਲ ਵੀ ਨੇੜਤਾ ਬਣਾ ਰਿਹਾ ਹੈ। ਦੂਸਰੀਆਂ ਪਾਰਟੀਆਂ ਵਿਚੋਂ ਲੋਕਾਂ ਵਿਚ ਮਾੜਾ-ਮੋਟਾ ਅਸਰ ਰੱਖਦੇ ਹਰ ਬੰਦੇ ਨੂੰ ਤੋੜਨ ਲਈ ਉਹ ਰਾਤ-ਦਿਨ ਇੱਕ ਕਰੀ ਜਾਂਦਾ ਹੈ। ਭਾਜਪਾ ਨਾਲੋਂ ਗੱਠਜੋੜ ਟੁੱਟਣ ਦੇ ਬਾਅਦ ਸਮਝਿਆ ਜਾਂਦਾ ਸੀ ਕਿ ਉਸ ਦੀ ਪਾਰਟੀ ਤੋਂ ਕੇਰਾ ਸ਼ੁਰੂ ਹੋ ਸਕਦਾ ਹੈ, ਪਰ ਹੋਇਆ ਇਸ ਤੋਂ ਉਲਟ ਕਿ ਉਹ ਭਾਜਪਾ ਦੇ ਕਈ ਵੱਡੇ ਲੀਡਰਾਂ ਅਤੇ ਸਾਬਕਾ ਮੰਤਰੀਆਂ ਜਾਂ ਵਿਧਾਇਕਾਂ ਨੂੰ ਖਿੱਚ ਕੇ ਆਪਣੇ ਨਾਲ ਲੈ ਆਇਆ ਹੈ। ਉਸ ਨੂੰ ਇਸ ਗੱਲ ਦੀ ਖੁੱਲ੍ਹ ਹੈ ਕਿ ਕਿਸੇ ਨੂੰ ਕਿਸੇ ਹਲਕੇ ਵਿਚ ਉਮੀਦਵਾਰ ਐਲਾਨਣਾ ਹੈ ਤਾਂ ਨਾ ਕਾਂਗਰਸ ਵਾਂਗ ਸੋਨੀਆ ਗਾਂਧੀ ਦੇ ਦਰਬਾਰੀਆਂ ਤੋਂ ਲਿਸਟ ਪਾਸ ਕਰਾਉਣੀ ਪੈਂਦੀ ਹੈ ਤੇ ਨਾ ਅਰਵਿੰਦ ਕੇਜਰੀਵਾਲ ਦੇ ਕਿਸੇ ਹਵਾਈ ਕਮਾਂਡਰ ਨੂੰ ਪੁੱਛਣਾ ਪੈਂਦਾ ਹੈ। ਅੱਜ ਕਿਸੇ ਨੂੰ ਉਹ ਪਾਰਟੀ ਵਿਚ ਸ਼ਾਮਲ ਕਰੇ ਅਤੇ ਖੜ੍ਹੇ ਪੈਰ ਕਿਸੇ ਹਲਕੇ ਦਾ ਉਮੀਦਵਾਰ ਐਲਾਨ ਵੀ ਕਰ ਦੇਵੇ ਤਾਂ ਕੋਈ ਉਸ ਨੂੰ ਪੁੱਛਣ ਵਾਲਾ ਨਹੀਂ, ਆਪਣੇ-ਆਪ ਵਿਚ ਸਮੁੱਚੀ ਹਾਈ-ਕਮਾਂਡ ਉਹ ਖੁਦ ਹੀ ਹੈ, ਬਾਕੀ ਅਹੁਦੇਦਾਰ ਸਿਰਫ ਹਾਂ ਵਿਚ ਹਾਂ ਮਿਲਾਉਣ ਨੂੰ ਰੱਖੇ ਹਨ। ਜਿਹੜਾ ਜ਼ਰਾ ਕੁ ਹਾਮੀ ਨਾ ਭਰਦਾ ਜਾਪੇ, ਉਸ ਦਾ ਆਪਣਾ ਪੱਤਾ ਕੱਟਿਆ ਜਾ ਸਕਦਾ ਹੈ। ਪੰਜਾਬ ਕਾਂਗਰਸ ਦੇ ਕਈ ਲੀਡਰ ਪਿਛਲੇ ਦਿਨਾਂ ਵਿਚ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ ਤਾਂ ਇਹ ਚਰਚਾ ਆਮ ਹੈ ਕਿ ਉਨ੍ਹਾਂ ਨੂੰ ਇੱਕ ਖਾਸ ਧੜਾ ਇੱਕ ਨੀਤੀ ਅਧੀਨ ਖੁਦ ਉਸ ਪਾਸੇ ਭੇਜ ਰਿਹਾ ਹੈ, ਪਰ ਕਾਂਗਰਸ ਇਸ ਚਰਚਾ ਦਾ ਖੰਡਨ ਵੀ ਨਹੀਂ ਕਰਦੀ।
ਭਾਜਪਾ ਆਪਣੀ ਹਾਈ ਕਮਾਂਡ ਉੱਤੇ ਟੇਕ ਰੱਖੀ ਬੈਠੀ ਹੈ। ਉਨ੍ਹਾਂ ਨੂੰ ਅੱਜ ਦੀ ਘੜੀ ਪਿੰਡਾਂ-ਸ਼ਹਿਰਾਂ ਵਿਚ ਜਾਣ ਲੱਗਿਆਂ ਇਹ ਡਰ ਰਹਿੰਦਾ ਹੈ ਕਿ ਕੋਈ ਕਿਸਾਨ ਜਥਾ ਰਾਹ ਘੇਰਨ ਨਾ ਆ ਜਾਵੇ, ਪਰ ਇਹ ਆਸ ਉਨ੍ਹਾਂ ਦੇ ਹਰ ਛੋਟੇ-ਵੱਡੇ ਆਗੂ ਨੂੰ ਹੈ ਕਿ ਅਗਲੇ ਦਿਨਾਂ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੇਂਦਰ ਸਰਕਾਰ ਨੇ ਕਿਸਾਨਾਂ ਦਾ ਮੁੱਦਾ ਇਸ ਤਰ੍ਹਾਂ ਸਿਰੇ ਲਾ ਦੇਣਾ ਹੈ ਕਿ ਪੱਕੇ ਹੋਏ ਬੇਰ ਵਾਂਗ ਪੰਜਾਬ ਉਨ੍ਹਾਂ ਦੀ ਝੋਲੀ ਵਿਚ ਆ ਪਵੇਗਾ। ਸਾਨੂੰ ਇਸ ਵਿਚ ਕੋਈ ਦਮ ਨਹੀਂ ਜਾਪਦਾ, ਪਰ ਭਾਜਪਾ ਲੀਡਰ ਇਸ ਬਾਰੇ ਮੁਕੰਮਲ ਭਰੋਸੇ ਵਿਚ ਹਨ। ਸ਼ਾਇਦ ਉਨ੍ਹਾਂ ਨੂੰ ਕੇਂਦਰੀ ਲੀਡਰਾਂ ਨੇ ਕੰਨਾਂ ਵਿਚ ਇਹ ਫੂਕ ਮਾਰੀ ਹੋਵੇ, ਇਸ ਲਈ ਉਨ੍ਹਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਹਾਲ ਦੀ ਘੜੀ ਪੰਜਾਬ ਦੀ ਕੋਈ ਸਿਆਸੀ ਧਿਰ ਉਨ੍ਹਾਂ ਨਾਲ ਕੋਈ ਸਬੰਧ ਰੱਖਣ ਬਾਰੇ ਸੋਚ ਤੱਕ ਨਹੀਂ ਸਕਦੀ ਅਤੇ ਇਕੱਲੀ ਭਾਜਪਾ ਇਸ ਰਾਜ ਵਿਚ ਚੋਣਾਂ ਜਿੱਤਣ ਦਾ ਸੁਫਨਾ ਜਿੰਨਾ ਮਰਜ਼ੀ ਲਵੇ, ਅੰਗੂਰ ਉਸ ਲਈ ਅਜੇ ਖੱਟੇ ਜਾਪਦੇ ਹਨ।
ਪੰਜਾਬ ਦੇ ਲੋਕਾਂ ਵਿਚ ਇਸ ਵੇਲੇ ਇੱਕ ਧਿਰ ਆਮ ਆਦਮੀ ਪਾਰਟੀ ਦੀ ਆਪਣੀ ਥਾਂ ਬਣਾਈ ਜਾ ਰਹੀ ਹੈ। ਸੋਚਣ ਦੇ ਪੱਖ ਤੋਂ ਲੋਕ ਉਸ ਦੇ ਹੱਕ ਵਿਚ ਬੋਲਦੇ ਜਾਪਦੇ ਹਨ ਅਤੇ ਇਹ ਗੱਲ ਆਮ ਕਹੀ ਜਾਂਦੀ ਹੈ ਕਿ ਸਭ ਨੂੰ ਵੇਖ ਚੁਕੇ ਹਾਂ, ਇਸ ਵਾਰੀ ਇਹ ਨਵੀਂ ਧਿਰ ਵੇਖਣੀ ਹੈ, ਪਰ ਇਹ ਗੱਲ ਉਹੀ ਲੋਕ ਕਹਿੰਦੇ ਹਨ, ਜਿਹੜੇ ਚੁੱਪ ਨਹੀਂ ਰਹਿਣ ਵਾਲੇ। ਹਰ ਚੋਣ ਵਿਚ ਇੱਕ ਚੁੱਪ ਬਹੁ-ਗਿਣਤੀ ਹੁੰਦੀ ਹੈ, ਜਿਹੜੀ ਕੁਝ ਬੋਲਦੀ ਨਹੀਂ ਹੁੰਦੀ, ਅੰਤਲੇ ਨਿਰਣੇ ਵਿਚ ਕਿਸ ਦੇ ਵੱਲ ਨੂੰ ਭੁਗਤ ਜਾਵੇ, ਕਦੇ ਵੀ ਪਤਾ ਨਹੀਂ ਲੱਗਦਾ ਹੁੰਦਾ। ਇਸ ਵਾਰੀ ਲੋਕਾਂ ਵਿਚ ਚਰਚਾ ਦਾ ਰੰਗ ਵੇਖਣਾ ਹੈ ਤਾਂ ਇਸ ਪਾਰਟੀ ਦੇ ਪੱਖ ਵਿਚ ਦਿੱਸਦਾ ਹੈ, ਪਰ ਇਹੋ ਜਿਹਾ ਰੰਗ ਪਿਛਲੀ ਵਾਰੀ ਵੀ ਦਿੱਸਦਾ ਸੀ, ਬਾਅਦ ਵਿਚ ਜਦੋਂ ਅਸਲੀ ਪ੍ਰਭਾਵ ਚੋਣਾਂ ਦੀ ਨਬਜ਼ ਪਰਖਣ ਵਾਲੇ ਪੱਤਰਕਾਰਾਂ ਨੂੰ ਦਿੱਸ ਚੁਕਾ ਸੀ, ਇਸ ਦੀ ਲੀਡਰਸਿ਼ਪ ਉਦੋਂ ਵੀ ਸੱਚ ਵੇਖਣ ਨੂੰ ਤਿਆਰ ਨਹੀਂ ਸੀ ਹੋ ਰਹੀ। ਅੱਜ ਕੱਲ੍ਹ ਉਸ ਦੇ ਆਗੂ ਮੰਨਦੇ ਹਨ ਕਿ ਪਿਛਲੀ ਵਾਰੀ ਉਨ੍ਹਾਂ ਨੇ ਜਿੱਤੀ ਹੋਈ ਚੋਣ ਹਾਰੀ ਸੀ ਤੇ ਇਸ ਵਾਰੀ ਪਿਛਲੀਆਂ ਭੁੱਲਾਂ ਤੋਂ ਸਿੱਖ ਕੇ ਚੱਲਣਗੇ, ਪਰ ਗਲਤੀਆਂ ਕਰਨ ਤੋਂ ਉਹ ਅਜੇ ਵੀ ਨਹੀਂ ਹਟਦੇ। ਇਹ ਗੱਲ ਹਰ ਕੋਈ ਕਹਿੰਦਾ ਹੈ ਕਿ ਇਹ ਪਾਰਟੀ ਜਦੋਂ ਤੱਕ ਇਸ ਰਾਜ ਦੇ ਲੋਕਾਂ ਸਾਹਮਣੇ ਮੁੱਖ ਮੰਤਰੀ ਦਾ ਕੋਈ ਸਾਊ ਚਿਹਰਾ ਅਤੇ ਉਹ ਵੀ ਪੰਜਾਬੀ ਲੋਕਾਂ ਦਾ ਜਾਣਿਆ-ਪਛਾਣਿਆ ਪੇਸ਼ ਨਹੀਂ ਕਰ ਦਿੰਦੀ, ਇਸ ਬਾਰੇ ਆਪਣੀ ਰਾਏ ਬਣਾਉਣੀ ਔਖੀ ਹੈ। ਆਮ ਆਦਮੀ ਪਾਰਟੀ ਦੇ ਕੇਂਦਰੀ ਦਫਤਰ ਨੂੰ ਵਾਰ-ਰੂਮ ਸਮਝ ਕੇ ਨੀਤੀਆਂ ਚਲਾਉਣ ਵਾਲਿਆਂ ਨੂੰ ਇਸ ਉਲਝਣ ਦਾ ਕੋਈ ਹੱਲ ਅਜੇ ਤੱਕ ਨਹੀਂ ਲੱਭਾ, ਜਾਂ ਉਹ ਢੁਕਵੇਂ ਵਕਤ ਦੀ ਉਡੀਕ ਵਿਚ ਹਨ, ਇਹ ਗੱਲ ਸਿਰਫ ਉਹੀ ਜਾਣਦੇ ਹੋ ਸਕਦੇ ਹਨ।
ਅੱਜ ਦੀ ਘੜੀ ਜਿੱਦਾਂ ਦੇ ਹਾਲਾਤ ਹਨ, ਉਨ੍ਹਾਂ ਦੇ ਹੁੰਦਿਆਂ ਸਭ ਤੋਂ ਮਾੜੀ ਹਾਲਤ ਭਾਜਪਾ ਦੀ, ਉਸ ਪਿੱਛੋਂ ਪਾਟਕ ਦਾ ਸਿ਼ਕਾਰ ਹੋਈ ਕਾਂਗਰਸ ਦੀ ਹੈ ਤੇ ਟੱਕਰ ਦੀਆਂ ਧਿਰਾਂ ਦੂਸਰੀਆਂ ਦੋ ਜਾਪਦੀਆਂ ਹਨ, ਪਰ ਅਗਲੇ ਦਿਨਾਂ ਵਿਚ ਇਹੋ ਜਿਹਾ ਪ੍ਰਭਾਵ ਕਾਇਮ ਰਹੇਗਾ, ਇਸ ਦੀ ਗਾਰੰਟੀ ਨਹੀਂ। ਕਾਂਗਰਸ ਦੀ ਇੱਕ ਵੱਡੀ ਧਿਰ ਅੱਜ ਵੀ ਇਸ ਵਹਿਮ ਵਿਚ ਹੈ ਕਿ ਸਾਡੇ ਮੁਕਾਬਲੇ ਦੀ ਕੋਈ ਟੀਮ ਹੀ ਮੌਜੂਦ ਨਹੀਂ ਤਾਂ ਲੋਕਾਂ ਨੂੰ ਅਗਲੀਆਂ ਚੋਣਾਂ ਵਿਚ ਫਿਰ ਸਾਡੇ ਪੱਖ ਵਿਚ ਹੀ ਭੁਗਤਣਾ ਪੈਣਾ ਹੈ। ਜਦੋਂ ਪਾਰਟੀ ਦੀ ਗੱਡ ਚਿੱਕੜ ਵਿਚ ਫਸੀ ਸਾਰੇ ਲੋਕਾਂ ਨੂੰ ਦਿੱਸਦੀ ਹੈ, ਉਦੋਂ ਵੀ ਇਸ ਦੇ ਸਵਾਰ ਜੂਲੇ ਉੱਤੇ ਬਹਿਣ ਲਈ ਲੜੀ ਜਾਂਦੇ ਹਨ। ਜਿਹੜਾ ਇੱਕ ਹੋਰ ਪੱਖ ਇਸ ਵਾਰੀ ਇਸ ਰਾਜ ਦੀ ਚੋਣ ਵਿਚ ਅਸਰ ਪਾਉਣ ਵਾਲਾ ਹੈ, ਉਹ ਪੰਜਾਬ ਦੀ ਅਫਸਰਸ਼ਾਹੀ ਹੈ, ਜਿਸ ਨੇ ਪਹਿਲੀ ਵਾਰ ਪੂਰੇ ਪੰਜ ਸਾਲ ਖੁਦ ਸਰਕਾਰ ਚਲਾ ਕੇ ਵੇਖੀ ਹੈ ਤੇ ਅਗਲੀ ਵਾਰੀ ਲਈ ਫਿਰ ਇਸ ਕੋਸਿ਼ਸ਼ ਵਿਚ ਹੈ ਕਿ ਉਸ ਪਾਰਟੀ ਨੂੰ ਜਿਤਾਉਣ ਦਾ ਜ਼ੋਰ ਲਾਇਆ ਜਾਵੇ, ਜਿਹੜੀ ਉਨ੍ਹਾਂ ਦੇ ਖਾਣ-ਪੀਣ ਵਿਚ ਕੋਈ ਵਿਘਨ ਨਾ ਪਾਵੇ। ਜਿਹੜੇ ਨਜ਼ਾਰੇ ਇਸ ਸ਼੍ਰੇਣੀ ਨੇ ਪਿਛਲੇ ਪੰਜ ਸਾਲ ਬਿਨਾ ਰੋਕ ਤੋਂ ਮਾਣੇ ਹਨ, ਉਨ੍ਹਾਂ ਕਾਰਨ ਇਸ ਚੋਣ ਵਿਚ ਇਹ ਵੀ ਇੱਕ ਅਣਦਿੱਸਦੀ ਧਿਰ ਜ਼ਰੂਰ ਬਣੇਗੀ।