ਸਿੱਧੂ ਵੱਲੋਂ ਸਲਾਹਕਾਰਾਂ ਦੀ ਭਰਤੀ ਨੇ ਛੇੜੀ ਚਰਚਾ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਆਪਣੇ ਸਲਾਹਕਾਰਾਂ ਦੀ ਨਿਯੁਕਤੀ ਕੀਤੇ ਜਾਣ ਨਾਲ ਸਿਆਸੀ ਧੂੰਆਂ ਉਠਣ ਲੱਗਾ ਹੈ। ਹਾਲਾਂਕਿ ਨਵੇਂ ਸਲਾਹਕਾਰ ਮੁਹੰਮਦ ਮੁਸਤਫਾ ਨੇ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਸਲਾਹਕਾਰ ਟੀਮ ਦੀ ਨਿਯੁਕਤੀ ਤੋਂ ਨਵੇਂ ਚਰਚੇ ਛਿੜ ਗਏ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਰਫੋਂ ਹਾਲੇ ਤੱਕ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ ਪਰ ਮੁੱਖ ਮੰਤਰੀ ਇਸ ਸਲਾਹਕਾਰੀ ਟੀਮ ਦੇ ਫੈਸਲੇ ਨੂੰ ਇਕ ਮੌਕੇ ਵਜੋਂ ਲੈ ਰਹੇ ਹਨ। ਪੰਜਾਬ ਕਾਂਗਰਸ ਦੇ ਇਤਿਹਾਸ ‘ਚ ਇਹ ਪਹਿਲਾ ਮੌਕਾ ਹੈ ਕਿ ਪ੍ਰਧਾਨ ਵੱਲੋਂ ਆਪਣੇ ਨਾਲ ਸਲਾਹਕਾਰ ਨਿਯੁਕਤ ਕੀਤੇ ਗਏ ਹੋਣ। ਕਾਂਗਰਸ ਦੇ ਸੰਵਿਧਾਨ ਵਿਚ ਵੀ ਕਾਂਗਰਸ ਪ੍ਰਧਾਨ ਦੇ ਸਲਾਹਕਾਰ ਦਾ ਕੋਈ ਅਹੁਦਾ ਦਰਜ ਨਹੀਂ ਹੈ। ਟਕਸਾਲੀ ਕਾਂਗਰਸੀ ਆਖਦੇ ਹਨ ਕਿ ਹਾਈਕਮਾਨ ਦੀ ਪ੍ਰਵਾਨਗੀ ਤੋਂ ਬਿਨਾਂ ਪੰਜਾਬ ਕਾਂਗਰਸ ਦਾ ਪ੍ਰਧਾਨ ਕੋਈ ਵੀ ਨਿਯੁਕਤੀ ਨਹੀਂ ਕਰ ਸਕਦਾ, ਇਥੋਂ ਤੱਕ ਕਿ ਬਲਾਕ ਪ੍ਰਧਾਨ ਵੀ ਖੁਦ ਨਹੀਂ ਲਾ ਸਕਦਾ। ਦੇਖਿਆ ਜਾਵੇ ਤਾਂ ਨਵਜੋਤ ਸਿੱਧੂ ਨੇ ਇਸ ਚੋਣ ਵਿਚ ਧਾਰਮਿਕ ਨਜ਼ਰੀਏ ਤੋਂ ਪੂਰਾ ਤਵਾਜ਼ਨ ਰੱਖਿਆ ਹੈ।
ਨਵੀਂ ਸਲਾਹਕਾਰੀ ਟੀਮ ਲਈ ਨਵਜੋਤ ਸਿੱਧੂ ਨੇ ਕਾਂਗਰਸ ਹਾਈਕਮਾਨ ਤੋਂ ਅਗਾਊਂ ਪ੍ਰਵਾਨਗੀ ਲਈ ਹੈ ਜਾਂ ਨਹੀਂ, ਇਹ ਵੀ ਚਰਚਾ ਦਾ ਮੁੱਦਾ ਬਣ ਗਿਆ ਹੈ। ਨਵਜੋਤ ਸਿੱਧੂ ਦੇ ਵਿਰੋਧੀ ਖੇਮੇ ਨੇ ਇਸ ਗੱਲ ਨੂੰ ਵੀ ਤੂਲ ਦੇਣੀ ਸ਼ੁਰੂ ਕਰ ਦਿੱਤੀ ਹੈ ਕਿ ਸਲਾਹਕਾਰੀ ਟੀਮ ਵਿਚ ਕਾਂਗਰਸੀ ਵਜੋਂ ਸਿਰਫ ਅਮਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਨਵੀਂ ਸਲਾਹਕਾਰ ਟੀਮ ਬਣਨ ਮਗਰੋਂ ਕਾਂਗਰਸ ਹਾਈਕਮਾਨ ਵੱਲੋਂ ਲਾਏ ਚਾਰ ਕਾਰਜਕਾਰੀ ਪ੍ਰਧਾਨ ਵੀ ਹੁਣ ਥੋੜ੍ਹੀ ਔਖ ਵਿਚ ਜਾਪ ਰਹੇ ਹਨ ਪਰ ਕੋਈ ਵੀ ਮੂੰਹ ਨਹੀਂ ਖੋਲ੍ਹ ਰਿਹਾ ਹੈ। ਦੇਖਣਾ ਹੋਵੇਗਾ ਕਿ ਨਵਜੋਤ ਸਿੱਧੂ ਆਪਣੇ ਕਾਰਜਕਾਰੀ ਪ੍ਰਧਾਨਾਂ ਨੂੰ ਤਰਜੀਹ ਦੇਣਗੇ ਜਾਂ ਫਿਰ ਆਪਣੀ ਸਲਾਹਕਾਰੀ ਟੀਮ ਨੂੰ।
ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਨਵੇਂ ਚਾਰ ਸਲਾਹਕਾਰ ਨਿਯੁਕਤ ਕੀਤੇ ਹਨ ਜਿਨ੍ਹਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਸਮਝੇ ਜਾਂਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੀ ਸ਼ਮੂਲੀਅਤ ਨਾਲ ਨਵੇਂ ਚਰਚੇ ਛਿੜ ਗਏ ਹਨ। ਕਾਂਗਰਸ ਪ੍ਰਧਾਨ ਨੇ ਮੁਸਤਫਾ ਤੋਂ ਇਲਾਵਾ ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਮਾਲਵਿੰਦਰ ਸਿੰਘ ਮਾਲੀ ਅਤੇ ਡਾ. ਪਿਆਰੇ ਲਾਲ ਗਰਗ ਨੂੰ ਆਪਣੇ ਸਲਾਹਕਾਰਾਂ ਦੀ ਟੀਮ ‘ਚ ਸ਼ਾਮਲ ਕੀਤਾ ਹੈ। ਨਜ਼ਰ ਮਾਰੀਏ ਤਾਂ ਲੋਕ ਸਭਾ ਮੈਂਬਰ ਅਮਰ ਸਿੰਘ ਪਹਿਲਾਂ ਵੀ ਨਵਜੋਤ ਸਿੱਧੂ ਨਾਲ ਜੁੜੇ ਰਹੇ ਹਨ। ਪੰਜਾਬ ਵਜ਼ਾਰਤ ਵਿਚ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਸ਼ਾਮਲ ਹਨ ਜਦਕਿ ਉਨ੍ਹਾਂ ਦੇ ਪਤੀ ਮੁਹੰਮਦ ਮੁਸਤਫਾ ਹੁਣ ਸਿੱਧੂ ਦੇ ਸਲਾਹਕਾਰ ਬਣ ਗਏ ਹਨ। ਮਾਲਵਿੰਦਰ ਸਿੰਘ ਮਾਲੀ ਸਾਬਕਾ ਅਧਿਆਪਕ ਹਨ ਅਤੇ ਕਿਸਾਨੀ ਸੰਘਰਸ਼ ਨਾਲ ਨੇੜਿਉਂ ਜੁੜੇ ਰਹੇ ਹਨ। ਉਹ ਪਿਛਲੇ ਅਰਸੇ ਤੋਂ ਸੋਸ਼ਲ ਮੀਡੀਆ ‘ਤੇ ਨਵਜੋਤ ਸਿੱਧੂ ਦੀ ਏਜੰਡਾ ਸਿਆਸਤ ਦੀ ਗੱਲ ਕਰਦੇ ਆ ਰਹੇ ਹਨ। ਨਵੇਂ ਸਲਾਹਕਾਰ ਡਾ. ਪਿਆਰੇ ਲਾਲ ਗਰਗ ਪੰਜਾਬ ਮਸਲਿਆਂ ਦੇ ਗਿਆਤਾ ਹਨ ਅਤੇ ਖਾਸ ਤੌਰ ‘ਤੇ ਸਿੱਖਿਆ ਅਤੇ ਸਿਹਤ ਦੇ ਖੇਤਰ ਦੇ ਮੁੱਦੇ ਉਠਾਉਂਦੇ ਰਹਿੰਦੇ ਹਨ।
___________________________________________
‘ਆਪ’ ਨੇ ਸਿੱਧੂ ਨੂੰ ਯਾਦ ਕਰਵਾਏ ਚੋਣ ਵਾਅਦੇ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇਕ ਪੱਤਰ ਲਿਖ ਕੇ ਕਾਂਗਰਸ ਦੇ 2017 ਦੇ ਅਧੂਰੇ ਪਏ ਸਾਰੇ ਚੋਣ ਵਾਅਦੇ ਤੁਰਤ ਪੂਰੇ ਕਰਨ ਦੀ ਮੰਗ ਕੀਤੀ ਹੈ।
ਚਿੱਠੀ ਦੇ ਨਾਲ ਕਾਂਗਰਸ ਦਾ 129 ਪੰਨਿਆਂ ਦਾ ਚੋਣ ਮੈਨੀਫੈਸਟੋ ਨੱਥੀ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਨੇ ਇਸ ਨੂੰ ਆਪਣੀ ਅਧਿਕਾਰਤ ਵੈੱਬਸਾਈਟ ਤੋਂ ਹਟਾ ਦਿੱਤਾ ਹੈ। ‘ਆਪ` ਆਗੂ ਨੇ ਨਵਜੋਤ ਸਿੰਘ ਸਿੱਧੂ ਨੂੰ ਮੁਬਾਰਕਬਾਦ ਦੇ ਨਾਲ-ਨਾਲ ਨਸੀਹਤਾਂ ਵੀ ਦਿੱਤੀਆਂ ਹਨ।
ਰਾਘਵ ਚੱਢਾ ਨੇ ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਹੁਣ ਵਿਰੋਧੀ ਧਿਰ ਦੇ ਨੇਤਾ ਵਾਂਗ ਵਿਚਰਨਾ ਬੰਦ ਕਰਨ ਕਿਉਂਕਿ ਉਹ ਸੱਤਾਧਾਰੀ ਕਾਂਗਰਸ ਦਾ ਕੇਵਲ ਹਿੱਸਾ ਹੀ ਨਹੀਂ, ਸਗੋਂ ਪ੍ਰਧਾਨ ਵੀ ਹਨ ਅਤੇ ਸੂਬਾ ਸਰਕਾਰ ਉਨ੍ਹਾਂ ਦੇ ਅਧੀਨ ਹੈ। ਸੱਤਾਧਾਰੀ ਪਾਰਟੀ ਦਾ ਪ੍ਰਧਾਨ ਹੋਣ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਸਿੱਧੂ ਨੂੰ ਸਾਰੇ ਵਾਅਦੇ ਆਉਂਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਪੂਰੇ ਕਰਨੇ ਪੈਣਗੇ ਕਿਉਂਕਿ ਸਾਢੇ ਚਾਰ ਸਾਲਾਂ `ਚ ਕਾਂਗਰਸ ਚੋਣ ਮੈਨੀਫੈਸਟੋ ਦਾ ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ। ਰਾਘਵ ਚੱਢਾ ਨੇ ਕਿਹਾ ਕਿ ਸਿੱਧੂ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ ਕਿ ਅਗਲੀ ਸਰਕਾਰ ਕਾਂਗਰਸ ਦੀ ਬਣਾਓ, ਸਾਰੇ ਵਾਅਦੇ ਪੂਰੇ ਹੋਣਗੇ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਾਢੇ ਚਾਰ ਸਾਲਾਂ ਦੌਰਾਨ ਨਾ ਬੇਅਦਬੀ ਦਾ ਇਨਸਾਫ ਮਿਲਿਆ, ਨਾ ਮਾਫੀਆ ਰਾਜ ਖਤਮ ਹੋਇਆ ਤੇ ਨਾ ਹੀ ਮੁਲਾਜ਼ਮਾਂ ਦੇ ਮਸਲੇ ਹੱਲ ਹੋਏ ਅਤੇ ਇਹ ਗੱਲਾਂ ਨਵਜੋਤ ਸਿੱਧੂ ਵੀ ਆਖਦੇ ਹਨ।