ਖਬਰ ਖਤਮ: ਨਿਵੇਕਲਾ, ਸੰਜਮੀ ਅਤੇ ਦਿਲਕਸ਼ ਬਿਆਨ

ਅਵਤਾਰ ਗੋਂਦਾਰਾ
ਫੋਨ: 559-375-2589
ਹਵਾਲਾ ਅਧੀਨ ਪੁਸਤਕ ‘ਖਬਰ ਖਤਮ’ ਦਾ ਰਚੈਤਾ, ਮੀਡੀਆ ਕਰਮੀ ਵਜੋਂ ਚਰਚਿਤ ਹੋਇਆ ਸਿੱਧੂ ਦਮਦਮੀ ਅਸਲ ਵਿਚ ਕਹਾਣੀਕਾਰ ਅਤੇ ਕਵੀ ਹੈ। ਚੜ੍ਹਦੀ ਉਮਰੇ ਰੁਜ਼ਗਾਰ ਦੇ ਮੇਲੇ ਵਿਚ ਉਹ ਐਸਾ ਗਿਆ ਕਿ ਮੀਡੀਆ ਉਂਗਲੀ ਲਾ ਕੇ ਲੈ ਗਿਆ ਤੇ ਉਸ ਨੂੰ ਉਮਰ ਭਰ ਥਾਂ ਕੁ ਥਾਂ ਘੁਮਾਇਆ, ਰੰਗ-ਬਰੰਗੇ, ਅਸਰ ਰਸੂਖ ਵਾਲੇ ਬੰਦਿਆਂ ਨਾਲ ਵਾਹ ਪੁਆਇਆ। ਇਹ ਕਿਤਾਬ ਇਸ ਯਾਤਰਾ ਦੌਰਾਨ ਦੇਖੀਆਂ-ਮਾਣੀਆਂ ਝਲਕੀਆਂ ਦਾ ਮੁਜਮੂਆਂ ਹੈ।

ਲੇਖਕ ਨੂੰ ਲੋਕ ਸੰਪਰਕ ਵਿਭਾਗ ਦੀ ਪਹਿਲੀ ਨੌਕਰੀ ਕਵੀ ਹੋਣ ਕਰਕੇ ਮਿਲੀ ਸੀ। ਉਸ ਦੀ ਪਹਿਲੀ ਕਾਵਿ ਪੁਸਤਕ, ‘ਗੁਆਚੀ ਗੱਲ’ ਵੇਖਦਿਆਂ ਹੀ, ਚੋਣਕਾਰਾਂ ਨੂੰ ਉਸ ਦੀ ਚੋਣ ਕਰਨ ਵਿਚ ਕੋਈ ਹਿਚਕਚਾਹਟ ਨਾ ਹੋਈ। ਉਦੋਂ ਤੱਕ ‘ਨਾਗਮਣੀ’ ਅਤੇ ‘ਆਰਸੀ’ ਵਰਗੇ ਪਰਚਿਆਂ ਵਿਚ ਆਪਣੀਆਂ ਕਹਾਣੀਆਂ ਛਪਣ ਕਰਕੇ ਦਮਦਮੀ ਸਮਕਾਲੀ ਕਹਾਣੀਕਾਰਾਂ ਦੀ ਪਹਿਲੀ ਕਤਾਰ ਵਿਚ ਵੀ ਖੜ੍ਹਾ ਦਿਖਾਈ ਦੇਣ ਲੱਗਾ ਸੀ। ਉਸ ਦੀਆਂ ਸਾਹਿਤਕ ਲਿਖਤਾਂ ਵਿਚ ਜੰਗਲ ਦੀ ਰਚਨਾਤਮਕਤਾ ਤੇ ਨਦੀ ਦਾ ਵਹਿਣ ਸੀ।
ਦਮਦਮੀ ਜਿਉਂ ਹੀ ਮੀਡੀਆ ਨਾਲ ਕਰਿੰਗੜੀ ਪਾ ਕੇ ਤੁਰਿਆ, ਉਸ ਦੀ ਜੰਗਲ ਵਰਗੀ ਰਚਨਾਤਮਕਤਾ, ਪਾਰਕ ਦੀ ਰੀਤੀਬੱਧ ਖੂਬਸੂਰਤੀ ਵਿਚ ਰੁਪਾਂਤ੍ਰਿਤ ਹੋ ਗਈ। ਇਕ ਕਹਾਣੀਕਾਰ ਦਾ ਸੰਜਮ ਉਸ ਦੁਆਰਾ ਲਿਖੀਆਂ ਖਬਰਾਂ ਅਤੇ ਰਿਪੋਰਟਾਂ ਵਿਚ ਆਉਣ ਲੱਗਾ ਅਤੇ ਕਵਿਤਾ ਦੀ ਲੈਅ ਉਸ ਦੀ ਪੇਸ਼ਕਾਰੀ ਵਿਚ ਬੋਲਣ ਲੱਗੀ। ਜਾਂ ਇਉਂ ਕਹੀਏ ਕਿ ਉਸ ਦੀ ਸਾਹਿਤਕਾਰੀ, ਪੱਤਰਕਾਰੀ ਰਾਹੀਂ ਸਾਹ ਲੈਣ ਲਗਦੀ ਹੈ।
ਬਾਅਦ ਵਿਚ ਭਾਵੇਂ ਖਬਰਕਾਰੀ ਹੋਵੇ, ਭਾਵੇਂ ਟੀਵੀਕਾਰੀ, ਦਮਦਮੀ ਦੇ ਸ਼ਬਦਾਂ ਤੇ ਬੋਲਾਂ ਵਿਚਲੀ ਸਾਹਿਤਕ ਚਾਸ਼ਣੀ ਦਾ ਰਸ ਪਾਠਕ/ਸਰੋਤੇ ਮਾਣਨ ਲੱਗੇ। ਉਸ ਦੀ ਲੇਖਣੀ ਬਾਰੇ, ਉਸ ਦੀ ਪੁਸਤਕ ‘ਸਾਹਿਬਾਂ ਦੀ ਦੁਚਿੱਤੀ’ ਦੇ ਹਵਾਲੇ ਨਾਲ ਡਾ. ਪੰਨਾ ਲਾਲ ਮੁਸਤਫਾਬਾਦੀ ਨੇ ਸਹੀ ਕਿਹਾ ਹੈ ਕਿ ‘ਭਾਂਤ ਭਾਂਤ ਦੇ ਵਿਸ਼ਿਆਂ ਬਾਰੇ ਲਿਖਦਾ ਲੇਖਕ ਖੁਦ ਤਾਂ ਦਾਰਸ਼ਨਿਕ ਰਾਹ ਦਸੇਰਾ ਸਿੱਧ ਹੁੰਦਾ ਹੀ ਹੈ, ਸਗੋਂ ਉਸ ਦੀ ਉਂਗਲੀ ਲੱਗਿਆ ਜਾਂਦਾ ਪਾਠਕ ਵੀ ਆਪਣੇ ਆਪ ਨੂੰ ਵਿਦਵਾਨ ਮਹਿਸੂਸ ਕਰਨ ਲੱਗ ਪੈਂਦਾ ਹੈ।’
‘ਖਬਰ ਖਤਮ’ ਪੁਸਤਕ ਵਿਚ ਮੀਡੀਆ ਵਲੋਂ ਬੀਤੇ ਕਾਲ ਦੌਰਾਨ ਵਾਪਰੀਆਂ ਅਹਿਮ ਘਟਨਾਵਾਂ, ਵਰਤਾਰਿਆਂ ਦੁਆਲੇ ਉਸਾਰੇ ਗਏ ਯੰਤਰ-ਮੰਤਰ ਦੀਆਂ ਭੁੱਲ ਭਲੱਈਆਂ ਨੂੰ ਤੋੜ ਕੇ ਅੰਤਰਧੁਨੀਆਂ ਨਾਲ ਲੈਸ, ਪਰ ਦਿਲਕਸ਼ ਬਿਰਤਾਂਤ ਹੈ। ਇਹ ਅਜਿਹੀ ਸਵੈ-ਜੀਵਨੀ ਮੂਲਕ ਪੁਸਤਕ ਹੈ, ਜਿਸ ਵਿਚ ਵੱਖ ਵੱਖ ਕਾਲਖੰਡ ਦੀਆਂ ਘਟਨਾਵਾਂ ਨੂੰ ਅਦਿਖ ਧਾਗੇ ਨੇ ਇੱਕ-ਦੂਜੇ ਵਿਚ ਪਰੋਇਆ ਹੋਇਆ ਹੈ।
ਸਾਰੇ ਬਿਆਨੀਏ ਦੀ ਤਰਤੀਬ ਬੜੇ ਦਿਲਚਸਪ ਸਿਰਲੇਖਾਂ ਅਤੇ ਉਪ-ਸਿਰਲੇਖਾਂ ਨਾਲ ਬੀੜੀ ਹੋਈ ਹੈ। ਜਿਵੇਂ, ਗੱਪ-ਸੱਚ ਦਾ ਸੰਸਾਰ, ਟੀਵੀਕਾਰੀ, ਮੀਡੀਆ ਦੀਆਂ ਚੋਰ-ਮੋਰੀਆਂ, ਤੱਥ ਤੇ ਵੱਥ, ਪਹਿਲੇ ਪਹਿਲ, ਦਾਗਦਾਰੀਆਂ, ਰਹਾਓ ਤੋਂ ਉਪਰੰਤ। ਤਰਤੀਬ ਪੜ੍ਹਦਿਆਂ ਹੀ ਪਾਠਕ ਦੀ ਜਗਿਆਸਾ ਮਘਣ ਲਗਦੀ ਹੈ।
ਪੁਸਤਕ ਦੀ ਅੰਤਰ-ਧੁਨੀ ਪੰਜਾਬ ਦੇ ਬੀਤੇ ਨੂੰ ਨਾ ਸਿਰਫ ਵੱਖਰੇ ਨਜ਼ਰੀਏ ਤੋਂ ਵੇਖਦੀ ਹੈ, ਸਗੋਂ ਇਸ ਦੇ ਪੁਨਰ-ਵਿਖਿਆਨ ਲਈ ਤਾਜਾ ਭਾਸ਼ਾ ਵੀ ਸਿਰਜਦੀ ਹੈ, ਜੋ ਪਾਠਕ ਨੂੰ ਬੰਨੀ ਰੱਖਦੀ ਹੈ। ਸ਼ਬਦਾਂ ਦੀ ਚਿਣਤੀ, ਠੁੱਕ ਤੇ ਰਫਤਾਰ `ਚੋਂ ਚੱਲ ਚਿੱਤਰਾਂ ਨਾਲ ਸ਼ਿੰਗਾਰੀ ਹੋਈ ਵਾਰਤਕ ਜਨਮ ਲੈਂਦੀ ਹੈ। ਮਿਸਾਲ ਵਜੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਸਿਵਲ ਸਕੱਤਰੇਤ ਦੇ ਵਿਹੜੇ ਵਿਚ ਹੋਏ ਕਤਲ ਦੀ ਘਟਨਾ ਨੂੰ ਲਿਆ ਜਾ ਸਕਦਾ ਹੈ। ਲੇਖਕ ਇਸ ਘਟਨਾ ਦੇ ਅਗੇਤਰ-ਪਛੇਤਰ ਨੂੰ ਇਸ ਤਰ੍ਹਾਂ ਦੀ ਜੀਵੰਤ ਸ਼ੈਲੀ ਵਿਚ ਬਿਆਨ ਕਰਦਾ ਹੈ ਕਿ ਪਾਠਕ ਦੇ ਮਨ ਵਿਚ ਘਟਨਾ ਦੀ ਦਸਤਾਵੇਜ਼ੀ ਫਿਲਮ ਚੱਲਣ ਲਗਦੀ ਹੈ। ਦੇਸ਼ ਦੇ ਇਸ ਸਿਆਸੀ ਕਤਲ ਨਾਲ ਜੁੜੀਆਂ ਕਿੰਨੀਆਂ ਘਟਨਾਵਾਂ ਦੇ ਕੋਨੇ ਰੋਸ਼ਨ ਹੋਣ ਲੱਗਦੇ ਹਨ। ਅਜਿਹੇ ਵੇਲੇ ਸਰਕਾਰੀ ਤੇ ਸਿਆਸੀ ਪ੍ਰਬੰਧ ਕਿਵੇਂ ਡਿਗਦਾ ਤੇ ਸੰਭਲਦਾ ਹੈ, ਇਸ ਦੀ ਵੀ ਸੂਹ ਮਿਲਦੀ ਹੈ।
‘ਫਲੈਸ਼’ ਨਾਮੀ ਲੇਖ ਵਿਚੋਂ ਕੁਝ ਟੂਕਾਂ ਪੇਸ਼ ਹਨ: ‘ਕਾਰ ਪਾਰਕ ਕਰ ਕੇ ਮੈਂ (ਲੇਖਕ) ਘਟਨਾ ਵਾਲੀ ਥਾਂ ਵੱਲ ਵਧਿਆ। ਪੈਰਾ ਮਿਲਿਟਰੀ ਫੋਰਸ ਦੇ ਕੁਝ ਜੁਆਨ ਪੋਰਚ ਦੁਆਲੇ ਮੋਕਲਾ ਜਿਹਾ ਘੇਰਾ ਬਣਾਈ ਖੜ੍ਹੇ ਸਨ, ਪਰ ਉਨ੍ਹਾਂ `ਚੋਂ ਕਿਸੇ ਨੇ ਵੀ ਮੈਨੂੰ ਅੱਗੇ ਵਧਣ ਤੋਂ ਨਹੀਂ ਰੋਕਿਆ/ਟੋਕਿਆ। ਜਿਵੇਂ ਉਨ੍ਹਾਂ ਦੇ ਔਸਾਨ ਹੀ ਮਾਰੇ ਗਏ ਹੋਣ, ਇਥੋਂ ਤੱਕ ਕਿ ਮੈਂ ਪੋਰਚ ਵਿਚ ਤੁੱਥ ਮੁੱਥ ਹੋਈ ਪਈ ਮੁੱਖ ਮੰਤਰੀ ਦੀ ਕਾਰ ਦੇ ਕਾਫੀ ਨੇੜੇ ਪਹੁੰਚ ਗਿਆ। ਭਿਆਨਕ ਦ੍ਰਿਸ਼ ਸੀ। ਚਾਰ ਚੁਫੇਰੇ ਮਨੁੱਖੀ ਅੰਗ ਤੇ ਮਾਸ ਦੇ ਲੋਥੜੇ ਖਿਲਰੇ ਪਏ ਸਨ। ਏਨੇ ਨੂੰ ਖਬਰ ਏਜੰਸੀ ਯੂ. ਐਨ. ਆਈ. ਦੇ ਚੰਡੀਗੜ੍ਹ ਬਿਊਰੋ ਦਾ ਮੁਖੀ ਮਦਨ ਲਾਲ ਸ਼ਰਮਾ ਵੀ ਨੋਟ ਬੁਕ ਤੇ ਪੈੱਨ ਲਈ ਘਟਨਾ ਵਾਲੀ ਥਾਂ `ਤੇ ਪਹੁੰਚ ਗਿਆ। ਤਦ ਤੱਕ ਏਨਾ ਜਰੂਰ ਪਤਾ ਲੱਗ ਗਿਆ ਸੀ ਕਿ ਬਲਾਸਟ ਵਾਲੀ ਥਾਂ `ਤੇ ਸਭ ਤੋਂ ਪਹਿਲਾ ਪਹੁੰਚਣ ਵਾਲਾ ਅਧਿਕਾਰੀ ਪੁਲਿਸ ਮੁਖੀ ਕੇ. ਪੀ. ਐਸ. ਗਿੱਲ ਸੀ।
ਮੈਂ ਸੋਚ ਹੀ ਰਿਹਾ ਸੀ ਕਿ ਚਲੋ ਘਟਨਾ ਬਾਰੇ ਜੋ ਕੁਝ ਵੀ ਹੁਣ ਤੱਕ ਪਤਾ ਲੱਗਿਆ ਸੀ, ਉਸ ਦੀ ਜਾਣਕਾਰੀ ਮੈਂ ਲੋਕ ਸੰਪਰਕ ਵਿਭਾਗ ਦਾ ਫੋਨ ਵਰਤ ਕੇ ਆਪਣੇ ਨਿਊਜ਼ਰੂਮ ਨੂੰ ਦੇ ਦੇਵਾਂ। ਤਦ ਤੱਕ ਸ਼ਾਮ ਦੇ ਛੇ ਵੱਜਣ ਵਾਲੇ ਹੋ ਗਏ। ਲੋਕ ਸੰਪਰਕ ਦੇ ਡਾਇਰੈਕਟਰ ਜਗਜੀਤ ਪੁਰੀ ਦੇ ਕਮਰੇ ਵਿਚ ਝਾਤੀ ਮਾਰੀ ਤਾਂ ਕਮਰਾ ਖਾਲੀ ਸੀ। ਨਾਲ ਦਾ ਕਮਰਾ ਵਿਭਾਗ ਦੇ ਸਕੱਤਰ ਐਸ. ਐਸ. ਡਾਵਰਾ ਦਾ ਸੀ। ਮੈਂ ਦਰਵਾਜਾ ਧੱਕਿਆ ਤਾਂ ਅੰਦਰ ਡਾਵਰਾ ਤੇ ਪੁਰੀ ਖਮੋਸ਼ ਬੈਠੇ ਸਨ। ਮੈਂ ਪੈਂਦੀ ਸੱਟੇ ਦੋਵਾਂ ਨੂੰ ਹੀ ਸਾਂਝਾ ਸੁਆਲ ਕੀਤਾ ਕਿ ਬੇਅੰਤ ਸਿੰਘ ਦੇ ਬਚ ਜਾਣ ਜਾਂ ਧਮਾਕੇ `ਚ ਮਾਰੇ ਜਾਣ ਬਾਰੇ ਉਹ ਅਧਿਕਾਰਤ ਤੌਰ `ਤੇ ਸਥਿੱਤੀ ਸਪਸ਼ਟ ਕਰਨ। ਡਾਵਰਾ ਇੱਕ ਅੱਧ ਮਿੰਟ ਮੇਰੇ ਵੱਲ ਇੱਕ ਟੱਕ ਵੇਖਦਾ ਰਿਹਾ। ਫਿਰ ਅੰਗਰੇਜ਼ੀ ਦੇ ਨਪੇ ਤੁਲੇ ਸ਼ਬਦਾਂ `ਚ ਬੋਲਿਆ, ‘ਹੀ ਇਜ਼ ਨੋ ਮੋਰ।’ (ਪੰਨਾ19)
ਪੰਜਾਬ ਦੇ ਸਾਬਕਾ ਗਵਰਨਰ ਸੁਰਿੰਦਰ ਨਾਥ ਦੇ ਟੱਬਰ ਦੇ ਹਵਾਈ ਹਾਦਸੇ ਵਿਚ ਖਤਮ ਹੋਣ ਵਾਲੀ ਘਟਨਾ ਦਾ ਚਸ਼ਮਦੀਦੀ ਬਿਆਨ ਵੀ ਲੇਖਕ ਇਸ ਢੰਗ ਨਾਲ ਕਰਦਾ ਹੈ ਕਿ ਇਹ ਮੀਡੀਆ ਦੇ ਵਿਦਿਆਰਥੀਆਂ ਲਈ ਨਮੂਨਾ ਬਣ ਜਾਂਦਾ ਹੈ। ਮੀਡੀਆ ਸੰਸਾਰ ਦੀਆਂ ਕਮਜ਼ੋਰੀਆਂ, ਮੋਰੀਆਂ, ਸ਼ਕਤੀਆਂ ਆਦਿ ਨੂੰ ਇਉਂ ਬਿਆਨਿਆ ਹੈ ਕਿ ਇਹ ਪਾਠਕਾਂ ਦੇ ਨਾਲ ਨਾਲ ਮੀਡੀਆ ਕਰਮੀਆਂ ਲਈ ਆਪਾ-ਚੀਨਣ ਦਾ ਸਬੱਬ ਬਣਦਾ ਹੈ। ‘ਖਬਰ ਖਤਮ’ ਲੇਖ ਵਿਚ 9 ਜੁਲਾਈ 1994 ਨੂੰ ਪੰਜਾਬ ਦੇ ਗਵਰਨਰ ਸੁਰਿੰਦਰ ਨਾਥ ਦੇ ਪਰਿਵਾਰ ਸਮੇਤ ਹਵਾਈ ਹਾਦਸੇ `ਚ ਮਾਰੇ ਜਾਣ ਦਾ ਵਰਨਣ ਹੈ।
ਦਮਦਮੀ ਲਿਖਦਾ ਹੈ: ‘ਦਿੱਲੀ ਨਿਊਜ਼ ਰੂਮ ਦਾ ਕਹਿਣਾ ਸੀ ਕਿ ਮੈਂ ਤੁਰੰਤ ਮੌਕੇ `ਤੇ ਪਹੁੰਚਾਂ ਅਤੇ ਘਟਨਾ ਸਥਾਨ ਤੋਂ ਖਬਰਾਂ ਭੇਜਾਂ। ਇਸੇ ਦੌਰਾਨ ਆਕਾਸ਼ਵਾਣੀ ਨੇ ਹਾਦਸੇ ਵਾਲੀ ਥਾਂ `ਤੇ ਪਹੁੰਚਣ ਲਈ ਮੇਰੇ ਲਈ ਕਾਰ ਦਾ ਪ੍ਰਬੰਧ ਕਰ ਦਿੱਤਾ ਸੀ, ਪਰ ਜਦੋਂ ਹਾਦਸੇ ਵਾਲੀ ਥਾਂ ਦੇ ਰਸਤੇ ਦੀ ਮੈਂ ਟੋਹ ਲਾਈ ਤਾਂ ਪਤਾ ਲੱਗਿਆ ਕਿ ਉਸ ਦਿਨ ਅਤਿ ਖਰਾਬ ਮੌਸਮ ਕਾਰਨ ਉਥੇ ਸਿਰਫ ਹੈਲੀਕਾਪਟਰ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਸੋ ਦਿੱਲੀ ਨਿਊਜ਼ ਰੂਮ ਨੂੰ ਹਾਲਾਤ-ਏ-ਹਾਜ਼ਰਾ ਬਾਰੇ ਦੱਸ ਕੇ ਮੈਂ ਘਟਨਾ ਵਾਲੀ ਥਾਂ ਨਾਲ ਸੰਪਰਕ ਸਥਾਪਤ ਕਰਨ ਲਈ ਕੋਈ ਹੋਰ ਤਰੀਕਾਕਾਰ ਅਪਨਾਉਣ ਦੀ ਸੋਚਣ ਲੱਗਾ। ਇਸੇ ਦੌਰਾਨ ਅਕਾਸ਼ਵਾਣੀ ਦੇ ਸ਼ਿਮਲਾ ਦਫਤਰੋਂ ਮੈਨੂੰ ਮੰਡੀ ਦੇ ਡਿਪਟੀ ਕਮਿਸ਼ਨਰ ਦਾ ਫੋਨ ਮਿਲ ਗਿਆ, ਜਿਸ ਨੇ ਮੈਨੂੰ ਅਗਾਂਹ ਤਹਿਸੀਲਦਾਰ ਦਾ ਸੰਪਰਕ ਦੇ ਦਿੱਤਾ, ਜੋ ਹਾਦਸੇ ਵਾਲੀ ਥਾਂ ਨੇੜਲੇ ਇੱਕ ਅਜਿਹੇ ਕਸਬੇ ਵਿਚ ਪਹੁੰਚ ਚੁੱਕਾ ਸੀ ਤੇ ਜਿਥੇ ਲੈਂਡਲਾਈਨ ਫੋਨ ਦਾ ਪ੍ਰਬੰਧ ਵੀ ਸੀ। ਤਹਿਸੀਲਦਾਰ ਨੇ ਅੱਗੋਂ ਮੇਰਾ ਸੰਪਰਕ ‘ਹਿੰਦ ਸਮਾਚਾਰ’ ਦੇ ਸਥਾਨਕ ਪੱਤਰਕਾਰ ਨਾਲ ਕਰਵਾ ਦਿੱਤਾ। ਉਸ ਅਨੁਸਾਰ ਚਸ਼ਮਦੀਦਾਂ ਮੁਤਾਬਿਕ ਜਹਾਜ਼ ਪਹਿਲਾਂ ਮੰਡੀ ਜਿਲੇ ਦੀ ਧੁੰਦ ਭਰੀ ਕਾਮਰੂ ਨਾਗ ਦੀ ਚੋਟੀ ਨੇੜਲੇ ਦਰਖਤਾਂ ਵਿਚ ਵੱਜਿਆ, ਫਿਰ ਧਮਾਕੇ ਨਾਲ ਦੁਰਗਮ ਪਰਬਤਮਾਲਾ ਵਿਚ ਜਾ ਟਕਰਾਇਆ। …ਸੋ ਇੱਕ ਤਰ੍ਹਾਂ ਮੈਂ ਹਾਦਸੇ ਵਾਲੀ ਥਾਂ ਦਾ ਵਰਨਣ ਅੱਖੀ ਡਿਠੇ ਵਾਂਗ ਅਕਾਸ਼ਵਾਣੀ ਦੇ ਦਿੱਲੀ ਤੇ ਚੰਡੀਗੜ੍ਹ ਦੇ ਸਮਾਚਾਰ ਦਫਤਰਾਂ ਨੂੰ ਦੇਣ ਦੇ ਸਮਰੱਥ ਹੋ ਗਿਆ।’
ਹਰ ਵਿਅਕਤੀ ਦੇ ਕਿਤੇ ਦੀਆਂ ਲੋੜਾਂ, ਨਿੱਜੀ ਸਬੰਧਾਂ ਤੇ ਉਸ ਦੇ ਮੂਲ-ਪ੍ਰਬੰਧ ਵਿਚ ਟਕਰਾ ਬਣਿਆ ਹੀ ਰਹਿੰਦਾ ਹੈ। ਹਰ ਹਸਾਸ ਬੰਦੇ ਨਾਲ ਇਹੀ ਵਾਪਰਦਾ ਹੈ। ਕਦੇ ਵਿਅਕਤੀ ਦੇ ਸੰਸਕਾਰ ਕਿੱਤੇ ਦੀਆਂ ਲੋੜਾਂ `ਤੇ ਭਾਰੂ ਹੁੰਦੇ ਹਨ ਅਤੇ ਕਦੇ ਕਿੱਤੇ ਦੀਆਂ ਜਿ਼ੰਮੇਵਾਰੀਆਂ, ਨਿੱਜੀ ਸਬੰਧਾਂ ਦੇ ਉਤੋਂ ਦੀਆਂ ਪੈਂਦੀਆਂ ਦਿਖਾਈ ਦਿੰਦੀਆਂ ਹਨ। ਇਸ ਦਵੰਦ ਦਾ ਖੂਬਸੂਰਤ ਵਰਨਣ ‘ਉਲਟ ਸਿਖਰ’ ਬਿਆਨੀਏ ਵਿਚ ਮਿਲਦਾ ਹੈ। ਓਪਰੇਸ਼ਨ ‘ਬਲੈਕ ਥੰਡਰ’ ਦੀਆਂ ਖਬਰਾਂ ਲਈ ਸਰਕਾਰ ਨੇ ਆਲ ਇੰਡੀਆ ਰੇਡੀਓ ਦੇ ਸੰਵਾਦਦਾਤਾ ਦੀ ਇੱਕ ਵਿਸ਼ੇਸ਼ ਪੋਸਟ ਅੰਮ੍ਰਿਤਸਰ ਵਿਚ ਹੀ ਬਣਾ ਦਿੱਤੀ ਸੀ ਤੇ ਨਾਲ ਹੀ ਹਦਾਇਤਾਂ ਕਰ ਦਿੱਤੀਆਂ ਕਿ ਇਸ ਪੋਸਟ `ਤੇ ਸਿੱਖ ਵੇਸ਼ਭੂਸ਼ਾ ਵਾਲੇ ਅਫਸਰ ਨੂੰ ਹੀ ਲਾਉਣਾ ਹੈ। ਗੁਣਾ ਦਮਦਮੀ `ਤੇ ਪਿਆ। ਉਸੇ ਦੇ ਸ਼ਬਦਾਂ ਵਿਚ ਸੁਣੋ,
“ਇਹ ਕੌੜਾ ਇਤਫਾਕ ਸੀ ਕਿ ਜਿਸ ਦਿਨ ਪੀ. ਜੀ. ਆਈ. ਵਿਚ ਬੇਜੀ ਦੀ ਕੀਮੋਥੈਰੇਪੀ ਸ਼ੁਰੂ ਹੋਈ, ਉਸੇ ਹਫਤੇ ਮੇਰੀ ਅੰਮ੍ਰਿਤਸਰ ਦੀ ਬਦਲੀ ਦੇ ਹੁਕਮਾਂ ਵਾਲਾ ਖਾਕੀ ਲਿਫਾਫਾ ਮੇਰੇ ਦਫਤਰੀ ਮੇਜ `ਤੇ ਪਹੁੰਚ ਗਿਆ ਸੀ। ਮੇਰੇ ਲਈ ‘ਕੈਚ ਟਵੈਂਟੀ-ਟੂ’ ਵਾਲੀ ਸਥਿੱਤੀ ਬਣ ਗਈ ਸੀ। ਮੇਰੇ ਧੁਰ ਅੰਦਰ ਕਿਧਰੇ ਡੂੰਘੇ ਖੂਹ ਵਿਚ ਪਾਣੀ ਵਾਂਗ ਇਹ ਗੱਲ ਵੀ ਡਲ੍ਹਕਦੀ ਸੀ ਕਿ ਮੈਂ ਉਸ ਟੀਮ ਦਾ ਹਿੱਸਾ ਨਹੀਂ ਸਾਂ ਬਣਨਾ ਚਾਹੁੰਦਾ, ਜੋ ‘ਬਲੈਕ ਥੰਡਰ’ ਰਾਹੀਂ ਦਰਬਾਰ ਸਾਹਿਬ ਦੀ ਕੀਤੀ ਜਾ ਰਹੀ ਬੇਹੁਰਮਤੀ ਨੂੰ ਰੇਡੀਓ/ਦੂਰਦਰਸ਼ਨ ਦੇ ਜ਼ਰੀਏ ਦੁਨੀਆਂ ਭਰ ਵਿਚ ਪ੍ਰਚਾਰ ਰਹੀ ਸੀ।’ ਬਦਲੀ ਰੁਕਵਾਉਣ ਲਈ ਮਹਾਰਾਜਾ ਅਮਰਿੰਦਰ ਸਿੰਘ ਤੱਕ ਰਸਾਈ ਕੀਤੀ। ਉਸ ਨੇ ਰੁਕਵਾ ਦਿੱਤੀ। ਮਹਾਰਾਜੇ ਦੀ ਸਰਪ੍ਰਸਤੀ ਤੇ ਖਬਰਗੀਰੀ ਦੇ ਫਰਜ਼ਾਂ ਵਿਚੋਂ ਪਾਸਾ ਕਿਧਰ ਝੁਕਦਾ ਹੈ, ਆਓ ਦਮਦਮੀ ਦੇ ਸ਼ਬਦਾਂ ਵਿਚ ਦੇਖਦੇ ਹਾਂ, “ਸੰਨ 2006 ਮੈਂ ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕ ਬਣ ਗਿਆ ਤੇ ਤਿੰਨ ਸਾਲ ਇਸ ਅਹੁਦੇ ਦੀ ਨਰਮੀ ਅਤੇ ਗਰਮੀ ਹੰਢਾਈ। ਤਦ ਪੰਜਾਬ ਵਿਚ ਬਾਦਲਾਂ ਦੀ ਸਰਕਾਰ ਸੀ। ਸਾਬਕਾ ਮੁੱਖ ਮੰਤਰੀ ਮਹਾਰਾਜਾ ਅਮਰਿੰਦਰ ਸਿੰਘ ਇੱਕ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਕਾਰਨ ਮੀਡੀਆ ਵਿਵਾਦ ਵਿਚ ਨਵੇਂ ਨਵੇਂ ਫਸੇ ਸਨ। ਸੱਤਾਧਾਰੀ ਬਾਦਲਾਂ ਸਮੇਤ ਮਹਾਰਾਜਾ ਦੇ ਵਿਰੋਧੀ ਸਿਆਸੀ ਫਾਇਦਾ ਲੈਣ ਲਈ ਇਸ ਮਾਮਲੇ ਨੂੰ ਅਕਸਰ ਉਛਾਲਦੇ ਸੀ। ਇੰਟਰਵਿਊ ਵਿਚ ਅਰੂਸਾ ਤੋਂ ਮੈਂ ਉਨ੍ਹਾਂ ਦੇ ਮਹਾਰਾਜਾ ਸਾਹਿਬ ਨਾਲ ਸਬੰਧਾਂ ਦੀ ਹਕੀਕਤ ਜਾਣਨੀ ਚਾਹੀ, ਕਿਉਂਕਿ ਮਹਾਰਾਜੇ ਦੇ ਸਿਆਸੀ ਵਿਰੋਧੀ ਵਾਰ ਵਾਰ ਇਹ ਮੁੱਦਾ ਉਠਾ ਰਹੇ ਸਨ।…ਖਬਰ ਤਿਆਰ ਹੋ ਕੇ ਆਈ, ‘ਅਰੂਸਾ ਆਲਮ ਨੇ ਮਹਾਰਾਜੇ ਦੀ ਦੋਸਤ ਹੋਣਾ ਕਬੂਲਿਆ।’ ਪ੍ਰੈਸ ਵਿਚ ਭੇਜਣ ਤੋਂ ਪਹਿਲਾਂ ਇੱਕ ਵਾਰ ਫੇਰ ਖਬਰ ਪੜ੍ਹੀ ਤਾਂ ਮਨ ਦੁਚਿੱਤੀ ਵਿਚ ਫਸ ਗਿਆ। ਪੰਜਾਬ ਦੀ ਉਨ੍ਹਾਂ ਦਿਨਾਂ ਦੀ ਸਿਆਸਤ ਦੇ ਪ੍ਰਸੰਗ ਵਿਚ ਖਬਰ ਸਾਬਕਾ ਮੁੱਖ ਮੰਤਰੀ ਨੂੰ ਪ੍ਰੇਸ਼ਾਨ ਕਰ ਸਕਦੀ ਸੀ। ਸਿਮ੍ਰਤੀ ਵਿਚ ਪਟਿਆਲਾ ਰਿਆਸਤ ਦੇ ਨਿਸ਼ਾਨ ਵਾਲਾ ਉਹ ਲਿਫਾਫਾ ਉਜਾਗਰ ਹੋ ਗਿਆ, ਜਿਸ ਨੇ ਮੈਨੂੰ ਅੱਤ ਦੀ ਮੁਸ਼ਕਿਲ ਤੋਂ ਬਚਾਇਆ ਸੀ। ਅਹਿਸਾਨ ਵਿਚ ਦੱਬਿਆ ਮਨ ਖਬਰ ਨੂੰ ਰੱਦ ਕਰਨ ਜਾਂ ਅੰਦਰਲੇ ਸਫਿਆਂ ਵਿਚ ਦੱਬਣ ਦੀ ਸੋਚਣ ਲੱਗਿਆ।…ਪਰ ਅਗਲੇ ਦਿਨ ਅਖਬਾਰ ਦੇ ਪਹਿਲੇ ਸਫੇ ਦੇ ਸਿਖਰ `ਤੇ ਸਾਥੋਂ ਇਹ ਖਬਰ ‘ਚਾਰ ਕਾਲਮੀ’ ਲੱਗ ਗਈ ਸੀ।” (ਪੰਨਾ68)
ਇਸ ਪੁਸਤਕ ਵਿਚ ਸਿਰਫ ਮੀਡੀਆ ਹੀ ਨਹੀਂ, ਮਾਣਕ ਵਰਗੇ ਗਾਇਕ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਅੰਮ੍ਰਿਤਾ ਪ੍ਰੀਤਮ ਅਤੇ ਗਾਰਗੀ ਵਰਗੀਆਂ ਸ਼ਖਸੀਅਤਾਂ ਨਾਲ ਮੁਲਾਕਾਤਾਂ ਦੇ ਝਲਕਾਰੇ ਵੀ ਮਿਲਣਗੇ। ਧਰਮ ਅਤੇ ਸਿਆਸਤ ਦੇ ਸੰਯੋਗ ਵਿਚ, ਅੰਤਿਮ ਤੌਰ `ਤੇ ਧਰਮ ਸਿਆਸਤ ਦੇ ਹੱਕ ਵਿਚ ਹੀ ਭੁਗਤਦਾ ਹੈ। ਇਸ ਗੱਲ ਦੀ ਪੁਸ਼ਟੀ ਟੌਹੜੇ ਨਾਲ ਹੋਈਆਂ ‘ਖਰੀਆਂ ਖਰੀਆਂ’ ਪ੍ਰੋਗਰਾਮ ਵਿਚ ਹੁੰਦੀ ਹੈ। ਆਪਣੀ ਧਾਰਮਿਕ ਪ੍ਰਤੀਬੱਧਤਾ ਦੇ ਬਾਵਜੂਦ ਪੈਸੇ ਖੁਣੋਂ ਥੁੜ੍ਹਿਆ ਹੋਣ ਕਰਕੇ ਸਿਆਸਤ ਵਿਚ ਉਹ ਸਾਰੀ ਉਮਰ ਹਾਸ਼ੀਆਗ੍ਰਸਤ ਬਣਿਆ ਰਹਿੰਦਾ ਹੈ।
‘ਖਬਰ ਖਤਮ’ ਲਿਖਣ ਦੀ ਪ੍ਰੇਰਣਾ ਬਾਰੇ ਪੁੱਛਣ `ਤੇ ਲੇਖਕ ਦਾ ਕਹਿਣਾ ਹੈ, ‘ਮੇਰੇ ਲਈ ਸਵੈ-ਜੀਵਨੀ ਲਿਖਣਾ ਸਰਗਰਮ ਜੀਵਨ ਨੂੰ ਸੰਤੋਖਣ ਦੀ ਥਾਂ ਅਧੂਰੇ ਨੂੰ ਪੂਰਾ ਕਰਨਾ ਹੈ। ਜਾਂ ਚੇਤੇ ਦੀਆਂ ਉਹ ਕੋਠੜੀਆਂ ਖੌਲਣਾ, ਜੋ ਮੀਡੀਏ ਦੀ ਰਫਤਾਰ ਨੇ ਓਹਲੇ ਕਰੀ ਰੱਖੀਆਂ। ਕਿਉਂਕਿ ਇਸ ਬਹੁਰੰਗੇ ਬਿਰਤਾਂਤ ਦੀਆਂ ਬਹੁਤੀਆਂ ਘਟਨਾਵਾਂ ਵਿਚ ਪੋ੍ਰਖ ਜਾਂ ਅਪ੍ਰੋਖ ਰੂਪ ਵਿਚ ਮੈਂ ਖੁਦ ਹਾਜ਼ਰ ਸਾਂ। ਘਟਨਾਵਾਂ ਦੇ ਰੰਗ ਦੇਖੇ, ਰਫਤਾਰ ਮਹਿਸੂਸ ਕੀਤੀ ਤੇ ਉਨ੍ਹਾਂ ਦਾ ਖੜਾਕ ਵੀ ਸੁਣਿਆ ਅਤੇ ਦੇਖਿਆ ਕਿ ਮਿੰਟਾਂ-ਸਕਿੰਟਾਂ ਵਿਚ ਹੀ ਅਹਿਮ ਨੂੰ ਮਾਮੂਲੀ ਤੇ ਮਾਮੂਲੀ ਨੂੰ ਅਹਿਮ, ਭਰੇ ਨੂੰ ਖਾਲੀ ਤੇ ਖਾਲੀ ਨੂੰ ਭਰਿਆ ਦਿਖਾਇਆ ਜਾਂਦਾ ਹੈ। ਮੈਂ ਜੋ ਤੱਕਿਆ, ਉਹ ਤੋਲਿਆ, ਜੋ ਤੋਲਿਆ, ਉਹ ਲਿਖਿਆ…।’
ਸਮੁੱਚੇ ਰੂਪ ਵਿਚ ਇਹ ਪੁਸਤਕ, ਲੇਖਕ ਦੇ ਉਕਤ ਅਹਿਦ ਦੀ ਸ਼ਾਹਦੀ ਭਰਦੀ ਹੈ। ਇੱਕ ਸੌ ਚਾਲੀ ਸਫਿਆਂ ਵਾਲੀ ਇਸ ਸਜਿਲਦ ਪੁਸਤਕ ਨੂੰ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਨੇ ਬੜੀ ਰੀਝ ਨਾਲ ਛਾਪਿਆ ਹੈ। (ਕਿਤਾਬ ਲੈਣ ਲਈ ਫੋਨ: 91-94170-13869 ਉਤੇ ਸੰਪਰਕ ਕੀਤਾ ਜਾ ਸਕਦਾ ਹੈ)