ਸਿਰਦਾਰ ਕਪੂਰ ਸਿੰਘ ਅਤੇ ਉਨ੍ਹਾਂ ਦੇ ਅਜੋਕੇ ਪੈਰੋਕਾਰ

ਕੀ ਸਿੱਖਾਂ ਨੂੰ 1947 ਵਿਚ ਖਾਲਿਸਤਾਨ ਮਿਲਦਾ ਸੀ?
ਕੈਨੇਡਾ ਵੱਸਦੇ ਸ. ਹਰਚਰਨ ਸਿੰਘ ਪਰਹਾਰ ਸਿੱਖ ਮਸਲਿਆਂ ਬਾਰੇ ਲਗਾਤਾਰ ਲਿਖ ਰਹੇ ਹਨ। ਇਸ ਲੇਖ ਵਿਚ ਉਨ੍ਹਾਂ ਸਿੱਖੀ ਅਤੇ ਸਿੱਖ ਲੀਡਰਾਂ ਦੀ ਸਿਆਸਤ ਦੀ ਚਰਚਾ ਵਿਸਥਾਰ ਨਾਲ ਕੀਤੀ ਹੈ। ਇਸ ਚਰਚਾ ਨਾਲ ਧਰਮ ਦੇ ਸਿਆਸਤ ਉਤੇ ਕੁੰਡੇ ਅਤੇ ਧਰਮ ਤੇ ਸਿਆਸਤ ਨੂੰ ਆਪਸ ਵਿਚ ਰਲਗੱਡ ਕਰਨ ਵਿਚਲਾ ਫਰਕ ਬਹੁਤ ਸੂਖਮਤਾ ਨਾਲ ਸਮਝਾਇਆ ਗਿਆ ਹੈ। ਉਨ੍ਹਾਂ ਅਜੋਕੇ ਸਿੱਖ ਲੀਡਰਾਂ ‘ਤੇ ਅਜਿਹੇ ਸਵਾਲ ਕੀਤੇ ਹਨ ਜਿਨ੍ਹਾਂ ਨਾਲ ਦੋ-ਚਾਰ ਹੋਏ ਬਗੈਰ ਸੰਸਾਰ ਪੱਧਰ ‘ਤੇ ਅਗਲਾ ਕਦਮ ਵਧਾਉਣਾ ਮੁਸ਼ਕਿਲ ਹੈ।

ਹਰਚਰਨ ਸਿੰਘ ਪਰਹਾਰ
ਫੋਨ: 403-681-8689

“ਮਾਰਚ 1946 ਦੇ ਸ਼ੁਰੂ ਵਿਚ ਸਰ ਜੋਗਿੰਦਰਾ ਸਿੰਘ ਦਿੱਲੀ ਮਿਲੇ ਜੋ ਉਸ ਵਕਤ ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ ਦੇ ਸਿੱਖ ਮੈਂਬਰ ਸਨ। ਉਹ ਬੜੇ ਉਚ ਬੁੱਧੀ, ਧੀਰਜ ਸੁਭਾਅ ਤੇ ਸ਼ਰਧਾਵਾਨ ਸਿੱਖ ਸਨ ਅਤੇ ਵਿਦਿਆ, ਗਿਆਨ ਦੇ ਪਾਰਖੂ ਕਦਰਦਾਨ ਸਨ। ਕੈਬਿਨਟ ਮਿਸ਼ਨ ਬਾਰੇ ਗੱਲ ਚੱਲੀ ਤਾਂ ਕਹਿਣ ਲੱਗੇ ਕਿ ਬਰਤਾਨੀਆ ਦੀ ਇਹ ਵਜ਼ੀਰ ਮੰਡਲੀ ਤਨੋ-ਮਨੋ ਚਾਹਵਾਨ ਹੈ ਕਿ ਅੰਗਰੇਜ਼ਾਂ ਦੇ ਹਿੰਦੁਸਤਾਨ ਛੱਡ ਜਾਣ ਤੋਂ ਪਹਿਲਾਂ, ਕੋਈ ਅਜਿਹਾ ਪੱਕਾ ਬਾਨ੍ਹਣੂ ਬੰਨ੍ਹਿਆ ਜਾ ਸਕੇ ਜਿਸ ਨਾਲ ਸਿੱਖ ਸੁਤੰਤਰ ਹਿੰਦੁਸਤਾਨ ਵਿਚ ਆਪਣੇ ਪੈਰਾਂ ‘ਤੇ ਪੱਕੇ ਤੌਰ ‘ਤੇ ਖੜ੍ਹੋ ਸਕਣ? ਮੈਂ ਪੁੱਛਿਆ, ‘ਤੁਸੀਂ ਸਿੱਖਾਂ ਲਈ ਕੀ ਕਰ ਸਕਦੇ ਹੋ?` ਸਰ ਜੋਗਿੰਦਰਾ ਸਿੰਘ ਕਹਿਣ ਲੱਗੇ ਕਿ ਪਾਕਿਸਤਾਨ ਦੀ ਤਰਜ਼ ‘ਤੇ ਖਾਲਿਸਤਾਨ? ਕੇਵਲ ਇਹੋ ਰਾਹ ਸਿੱਖਾਂ ਲਈ ਸੁਰੱਖਿਅਤ ਨਹੀਂ ਤੇ ਨਾ ਹੀ ਇਹ ਗੁਰੂ ਦੀ ਇੱਛਾ ਭਾਸਦੀ ਹੈ? ਸਿੱਖ ਸਾਰੇ ਹਿੰਦੁਸਤਾਨ ਅਤੇ ਹਿੰਦੂਆਂ ਦੇ ਪੁੱਜ ਕੇ ਖੈਰ-ਖਵਾਹ ਹਨ ਕਿਉਂਕਿ ਹਿੰਦੂਆਂ ਨਾਲ ਸਾਡੇ ਬੜੇ ਡੂੰਘੇ ਤੇ ਸੁਖਾਵੇਂ ਸਬੰਧ ਹਨ ਪਰ ਮੌਜੂਦਾ ਹਾਲਾਤ ਵਿਚ ਸਤਿਗੁਰੂ ਨੇ ਸਿੱਖਾਂ ਦਾ ਜੀਵਨ-ਮਰਨ ਹਿੰਦੁਸਤਾਨ ਦੇ ਮੁਸਲਮਾਨਾਂ ਤੇ ਇਸਲਾਮ ਨਾਲ ਨੱਥੀ ਕੀਤਾ ਹੋਇਆ ਹੈ? ਇਸ ਵਿਚ ਵੀ ਕੋਈ ਰੱਬੀ ਭੇਤ ਹੈ? ਮੁਸਲਮਾਨਾਂ ਦੀ ਨਿਰੀ ਮੁਖਾਲਫਤ ਕਰਕੇ ਨਾ ਅਸੀਂ ਹਿੰਦੂਆਂ ਦਾ ਕੁਝ ਸਵਾਰ ਸਕਦੇ ਹਾਂ ਤੇ ਨਾ ਹਿੰਦੁਸਤਾਨ ਦੀ ਸੇਵਾ ਕਰ ਸਕਦੇ ਹਾਂ ਸਗੋਂ ਮੁਸਲਮਾਨਾਂ ਦਾ ਸਹਿਯੋਗ ਕਰਕੇ ਅਖੰਡ ਭਾਰਤ ਲਈ ਹਿੰਦੂਆਂ-ਮੁਸਲਮਾਨਾਂ ਵਿਚ ਭਰਾਤਰੀ, ਭਾਵ ਲਈ ਵਿਚੋਲਗੀ ਕਰ ਸਕਦੇ ਹਾਂ। ਇਹੋ ਸਿੱਖਾਂ ਤੇ ਸਿੱਖੀ ਦਾ ਮਿਸ਼ਨ ਹੈ ਜੋ ਗੁਰੂਆਂ ਨੇ ਸਾਨੂੰ ਸੌਂਪਿਆ ਹੈ?` ਮੈਂ (ਸਿਰਦਾਰ ਕਪੂਰ ਸਿੰਘ) ਉਨ੍ਹਾਂ ਨੂੰ ਕਿਹਾ: ‘ਤੁਸੀਂ ਜੋ ਕਹਿ ਰਹੇ ਹੋ, ਇਸ ਬਾਰੇ ਮੇਰੇ ਅੰਦਰ ਧੁੰਦਲੇ ਜਿਹੇ ਰੂਪ ਵਿਚ ਵਿਚਾਰ ਬਣੇ ਹੋਏ ਹਨ, ਮੇਰਾ ਮਨ ਵੀ ਇਸੇ ਪਾਸੇ 1932 ਤੋਂ ਕਦੇ-ਕਦੇ ਜਾਂਦਾ ਰਿਹਾ ਹੈ। ਮੈਂ ਇਸ ਬਾਰੇ ਤੁਹਾਨੂੰ ਆਪਣੀਆਂ ਕੈਂਬਰਿਜ ਦੀਆਂ ਯਾਦਾਂ ਵਿਸਥਾਰ ਵਿਚ ਦੱਸ ਚੁੱਕਾ ਹਾਂ।` ਅਗਲੇ ਦਿਨ ਸਰ ਜੋਗਿੰਦਰਾ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਤਾਰ ਮੈਨੂੰ ਦਿਖਾਈ ਜਿਸ ਵਿਚ ਲਿਖਿਆ ਸੀ: ‘ਤੁਹਾਨੂੰ ਕੈਬੇਨਿਟ ਮਿਸ਼ਨ ਨਾਲ ਸਿੱਖਾਂ ਬਾਰੇ ‘ਕੋਈ` ਗੱਲਬਾਤ ਕਰਨ ਦਾ ਪੰਥ ਵਲੋਂ ‘ਕੋਈ` ਅਧਿਕਾਰ ਨਹੀਂ ਹੈ। ਕਰੋਗੇ ਤਾਂ ਅਕਾਲੀ ਦਲ ਤੁਹਾਡੀ ਜਹੀ ਤਹੀ ਫੇਰੇਗਾ। ` (ਵਲੋਂ-ਗਿਆਨੀ ਕਰਤਾਰ ਸਿੰਘ, ਸ਼੍ਰੋਮਣੀ ਅਕਾਲੀ ਦਲ)। ਉਹ ਕਹਿਣ ਲੱੱਗੇ ਕਿ ਮੇਰੇ ਹੱਥੋਂ ਐਸ ਵੇਲੇ ਪੰਥ ਦੀ ਕੁਝ ਸੇਵਾ ਹੋ ਸਕਦੀ ਤਾਂ ਮੈਂ ਗੁਰਪੁਰੀ ਵਿਚ ਸੁਰਖੁਰੂ ਹੋ ਕੇ ਜਾਂਦਾ। ਮੈਂ ਕੁਝ ਨਾ ਬੋਲਿਆ ਤੇ ਚੁੱਪ ਕਰਕੇ ਟੁਰ ਆਇਆ (ਕਿਤਾਬ ‘ਸਾਚੀ ਸਾਖੀ` ਵਿਚੋਂ ਸਿਰਦਾਰ ਕਪੂਰ ਸਿੰਘ ਤੇ ਸਰ ਜੋਗਿੰਦਰਾ ਸਿੰਘ ਦੀ ਗੱਲਬਾਤ ਦੇ ਪੰਨਾ 101-104 ਤੇ ਦਰਜ ਕੁਝ ਅੰਸ਼)।
ਅਕਤੂਬਰ-ਨਵੰਬਰ 1946 ਵਿਚ ਮਾਸਟਰ ਤਾਰਾ ਸਿੰਘ ਨੇ ਬਿਆਨ ਦਿੱਤਾ: ‘ਸਿੱਖ ਸੌ ਫੀਸਦੀ ਹਿੰਦੂਆਂ ਦੇ ਨਾਲ ਹਨ ਪਰ ਕਾਂਗਰਸ ਨਾਲ ਸਿੱਖਾਂ ਦਾ ਮਤਭੇਦ ਹੈ। ਸਿੱਖਾਂ ਨੂੰ ਡਰ ਹੈ ਕਿ ਕਾਂਗਰਸ ਕਿਤੇ ਪਾਕਿਸਤਾਨ ਦੇਣਾ ਨਾ ਮੰਨ ਜਾਵੇ, ਪਾਕਿਸਤਾਨ ਸਿੱਖਾਂ ਦੀਆਂ ਲਾਸ਼ਾਂ ‘ਤੇ ਬਣੇਗਾ?` (ਸਾਚੀ ਸਾਖੀ: ਪੰਨਾ-125)
‘ਸਾਚੀ ਸਾਖੀ’ ਵਿਚ ਇਸ ਕਿਸਮ ਦੇ ਅਨੇਕਾਂ ਵੇਰਵੇ ਦਰਜ ਹਨ ‘ਜਿਨ੍ਹਾਂ ਤੋਂ ਉਸ ਦੌਰ ਵਿਚ ਸਿੱਖ ਪੇਨ (ਸਿੱਖੀ ਦਰਦ) ਜਾਂ ਦੁਬਿਧਾ ਦੀ ਦੱਸ ਤਾਂ ਪੈਂਦੀ ਹੈ ਪਰ ਉਨ੍ਹਾਂ ਨੂੰ ਕਰਨਾ ਕੀ ਚਾਹੀਦਾ ਸੀ ਤੇ ਕਰ ਕੀ ਰਹੇ ਸਨ, ਇਸ ਦਾ ਸਪਸ਼ਟ ਰੂਪ ਵਿਚ ਕੁਝ ਵੀ ਪਤਾ ਨਹੀਂ ਲਗਦਾ। ਲਗਦਾ ਇੰਝ ਹੈ ਕਿ ਸਿੱਖ ਲੀਡਰਸ਼ਿਪ 1947 ਤੱਕ ਤਾਂ ਇਸ ਪੱਖ ਤੋਂ ਲੜ ਰਹੀ ਸੀ ਕਿ ਅਸੀਂ ਭਾਰਤ ਅਤੇ ਹਿੰਦੂਆਂ ਨਾਲ ਹਾਂ, ਇਹ ਸਾਡੇ ਭਾਈ ਹਨ, ਸਾਡਾ ਨਹੁੰ-ਮਾਸ ਦਾ ਰਿਸ਼ਤਾ ਹੈ ਤੇ ਅਸੀਂ ਅਖੰਡ ਭਾਰਤ ਵਿਚ ਹੀ ਰਹਿਣਾ ਹੈ। ਉਹ ਮੁਸਲਮਾਨਾਂ ਨਾਲ ਕਿਸੇ ਵੀ ਸਮਝੌਤੇ ਤੋਂ ਇਨਕਾਰੀ ਸਨ ਤੇ ਪਾਕਿਸਤਾਨ ਬਣਾਉਣ ਦਾ ਹਰ ਤਰ੍ਹਾਂ ਵਿਰੋਧ ਕਰਦੇ ਸਨ। ਫਿਰ ਭਾਰਤ ਆਜ਼ਾਦ ਹੋਣ ਤੋਂ ਜਲਦ ਬਾਅਦ ਹੀ ਆਜ਼ਾਦੀ ਦੀ ਲੜਾਈ ਵਿਚ ਮੂਹਰੇ ਹੋ ਕੇ ਲੜਨ ਵਾਲੇ ਬਾਬਾ ਖੜਕ ਸਿੰਘ, ਊਧਮ ਸਿੰਘ ਨਾਗੋਕੇ, ਮੋਹਨ ਸਿੰਘ ਨਾਗੋਕੇ, ਸਰਦੂਲ ਸਿੰਘ ਕਵੀਸ਼ਰ, ਈਸ਼ਰ ਸਿੰਘ ਮਝੈਲ, ਦਰਸ਼ਨ ਸਿੰਘ ਫੇਰੂਮਾਨ, ਗਿਆਨੀ ਕਰਤਾਰ ਸਿੰਘ, ਪ੍ਰਤਾਪ ਸਿੰਘ ਕੈਰੋਂ ਆਦਿ ਲਗਭਗ ਸਾਰੇ ਹੀ ਚੋਟੀ ਦੇ ਸਿੱਖ ਸਿਆਸਤਦਾਨਾਂ ਤੋਂ ਪਾਸੇ ਹੋ ਕੇ ਮਾਸਟਰ ਤਾਰਾ ਸਿੰਘ ਨੇ ‘ਪੰਥ ਨੂੰ ਖਤਰਾ` ਅਤੇ ‘ਸਿੱਖਾਂ ਨਾਲ ਵਿਤਕਰੇ` ਦਾ ਨਾਅਰਾ ਚੁੱਕ ਲਿਆ। ਬਾਅਦ ਵਿਚ ਡਾ. ਅੰਬੇਡਕਰ ਅਤੇ ਕੁਝ ਹੋਰ ਮੁਦੱਬਰ ਵਿਦਵਾਨਾਂ ਦੇ ਸਮਝਾਉਣ ‘ਤੇ ਉਹ ਬੋਲੀ ਦੇ ਆਧਾਰ ‘ਤੇ ਪੰਜਾਬੀ ਸੂਬੇ ਦੀ ਸਹੀ ਮੰਗ ‘ਤੇ ਤਾਂ ਆ ਗਏ ਪਰ ਆਪਣੀ ਰਾਜਸੀ ਸੂਝ-ਬੂਝ ਦੀਆਂ ਕਮਜ਼ੋਰੀਆਂ ਕਾਰਨ ਪੰਜਾਬੀ ਬੋਲਣ ਵਾਲੇ ਹਿੰਦੂਆਂ, ਦਲਿਤਾਂ ਤੇ ਅਨੇਕਾਂ ਹੋਰ ਭਾਈਚਾਰਿਆਂ ਦਾ ਵਿਸ਼ਵਾਸ ਕਦੇ ਵੀ ਨਾ ਜਿੱਤ ਸਕੇ। ਪਹਿਲਾਂ ਭੀਮ ਸੇਨ ਸੱਚਰ ਅਤੇ ਫਿਰ ਪ੍ਰਤਾਪ ਸਿੰਘ ਕੈਰੋਂ ਵਰਗੇ ਲਾਇਕ ਪੰਜਾਬ ਹਿਤੈਸ਼ੀ ਮੁੱਖ ਮੰਤਰੀਆਂ ਨਾਲ ਲੜਦਿਆਂ-ਭਿੜਦਿਆਂ, ਉਨ੍ਹਾਂ ਸਿੱਖ ਸਿਆਸਤ ਨੂੰ ਅਜਿਹੀ ਮੰਝਧਾਰ ਵਿਚ ਫਸਾਈ ਰੱਖਿਆ ਜਿਸ ਵਿਚੋਂ ਸਿੱਖ ਲੀਡਰਸ਼ਿਪ ਤੇ ਵਿਦਵਾਨ ਮੰਡਲੀ ਅੱਜ ਤੱਕ ਵੀ ਨਿਕਲ ਨਹੀਂ ਸਕੀ। ਇਸ ਦੌਰ ਵਿਚ ਪੰਜਾਬ ਦੇ ਭਾਈਚਾਰਕ ਮਾਹੌਲ ਦੀਆਂ ਜੜ੍ਹਾਂ ਵਿਚ ਤੇਲ ਦੇਣ ਲਈ ਹਿੰਦੀ ਨੂੰ ਖਤਰੇ ਦੀ ਬੇਬੁਨਿਆਦ ਤੇ ਫਿਰਕੂ ਦੁਹਾਈ ਚੁੱਕ ਕੇ ਪੰਜਾਬ ਦੀ ਮਹਾਸ਼ਾ ਪ੍ਰੈਸ ਨੇ ਫਿਰਕੂ ਤੰਗਨਜ਼ਰੀ ਦਾ ਮੁਜ਼ਾਹਰਾ ਕਰਦਿਆਂ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ। ਇਸ ਨੇ ਪੰਜਾਬ ਦੀ ਹਿੰਦੂ ਜਨਤਾ ਦੀ ਵੱਡੀ ਗਿਣਤੀ ਨੂੰ ਪੰਜਾਬੀ ਨੂੰ ਮਾਤ ਭਾਸ਼ਾ ਮੰਨਣ ਤੋਂ ਇਨਕਾਰੀ ਕਰਾ ਦਿੱਤਾ। ਜਦੋਂ 1966 ਵਿਚ ਪੰਜਾਬੀ ਸੂਬਾ ਐਨ ਬਣਨ ਕਿਨਾਰੇ ਸੀ ਤਾਂ ਪੰਜਾਬ ਦਾ ਪੱਖ ਹੱਦਬੰਦੀ ਕਮਿਸ਼ਨ ਸਾਹਮਣੇ ਠੋਸ ਰੂਪ ਵਿਚ ਰੱਖਣ ਦੀ ਥਾਂ ਮਾਸਟਰ ਜੀ ਭਾਰਤ ਅੰਦਰ ਅਜਿਹੇ ‘ਸਿੱਖ ਹੋਮਲੈਂਡ` ਦਾ ਮਤਾ ਪਾਸ ਕਰਨ ਦੇ ਰਾਹ ਤੁਰ ਪਏ ਜਿਸ ਵਿਚ ਸਿੱਖਾਂ ਦੀ ਤਸੱਲੀ ਨਾ ਹੋਣ ‘ਤੇ ਉਨ੍ਹਾਂ ਨੂੰ ਭਾਰਤੀ ਸੰਘ ਤੋਂ ਵੱਖ ਹੋਣ ਦਾ ਅਧਿਕਾਰ ਹੋਵੇ। ਇਸ ਪ੍ਰਥਾਏ ਸਿਰਦਾਰ ਕਪੂਰ ਸਿੰਘ ਜੋ ਖੁਦ ਸਿੱਖ ਹੋਮਲੈਂਡ ਦੇ ਹਮਾਇਤੀ ਸਨ, ‘ਸਾਚੀ ਸਾਖੀ` ਵਿਚ ਮਾਸਟਰ ਤਾਰਾ ਸਿੰਘ ਬਾਰੇ ਇਉਂ ਲਿਖਦੇ ਹਨ: ‘ਉਦੋਂ ਵੀ ਮਾਸਟਰ ਤਾਰਾ ਸਿੰਘ ਨੇ ਬੁੱਧ-ਹੀਣ, ਬਿਬੇਕ-ਹੀਣ, ਰਾਜ-ਹਠ ਦੀ ਪ੍ਰਦਰਸ਼ਨੀ ਕੀਤੀ ਸੀ ਕਿ ਮਤੇ ਵਿਚ ਇਹ ਲਿਖੋ ਕਿ ‘ਸਿੱਖ ਹੋਮਲੈਂਡ` ਭਾਰਤ ਅੰਦਰ ਬਣੇ ਪਰ ਇਸ ਨੂੰ ਜਦ ਚਾਹੇ ਭਾਰਤ ਤੋਂ ਵੱਖ ਹੋਣ ਦਾ ਅਧਿਕਾਰ ਦਿੱਤਾ ਜਾਵੇ?` ਮੈਂ ਉਸ ਸਮੇਂ ਅਕਾਲੀ ਦਲ ਵਲੋਂ ਐਮ. ਪੀ. ਸੀ ਅਤੇ ਇਸ ਦੇ ਵਿਰੁੱਧ ਡਟ ਗਿਆ ਕਿ ਹੁਣ ਭਾਰਤ ਦੇ ਸੰਵਿਧਾਨ ਅਨੁਸਾਰ ਭਾਰਤ ਤੋਂ ਵੱਖ ਹੋਣ ਦੀ ਮੰਗ ਕਰਨ ‘ਤੇ 10 ਸਾਲ ਦੀ ਜੇਲ੍ਹ ਹੋ ਸਕਦੀ ਹੈ, ਇਸ ਲਈ ਜਿਸ ਨੂੰ 10 ਸਾਲ ਜੇਲ੍ਹ ਜਾਣ ਦਾ ਚਾਅ ਹੈ, ਉਹ ਹੀ ਇਸ ਮਤੇ ‘ਤੇ ਸਾਈਨ ਕਰੇ। ਦੂਜਾ, ਕੀ ਅਕਾਲੀ ਲੀਡਰ, ਕਾਂਗਰਸੀ ਹਿੰਦੂਆਂ ਨੂੰ ਇਤਨੇ ਗਧੇ ਜਾਂ ਰਾਜਨੀਤੀ ਤੋਂ ਕੋਰੇ ਸਮਝਦੇ ਹਨ ਕਿ ਉਹ ਸਿੱਖਾਂ ਹੱਥ ਭਾਰਤ ਨੂੰ ਤੋੜਨ ਦਾ ਕੁਹਾੜਾ ਫੜਾ ਦੇਣ? (ਸਾਚੀ ਸਾਖੀ: ਪੰਨਾ-126-12)
ਸਮਕਾਲੀ ਖਾਲਿਸਤਾਨੀ ਲੀਡਰਸ਼ਿਪ ਸਿਰਦਾਰ ਕਪੂਰ ਸਿੰਘ ਦੀ ‘ਸਾਚੀ ਸਾਖੀ` ਨੂੰ ਧਰਮ ਆਧਾਰਿਤ ਵੱਖਰੇ ਸਿੱਖ ਰਾਜ ‘ਖਾਲਿਸਤਾਨ` ਦਾ ਅਹਿਮ ਦਸਤਾਵੇਜ਼ ਮੰਨਦੀ ਹੈ। ‘ਸਾਚੀ ਸਾਖੀ` ਵਿਚਲੀ ਉਪਰਲੀ ਵਾਰਤਾਲਾਪ ਤੋਂ ਕੁਝ ਗੱਲਾਂ ਬਿਲਕੁਲ ਸਪਸ਼ਟ ਹਨ ਕਿ 1947 ਤੱਕ ਜਾਂ ਬਾਅਦ ਵਿਚ ਵੀ ਸਿੱਖਾਂ ਦੀ ਕਿਸੇ ਵੀ ਧਿਰ ਦੀ ਵੱਖਰਾ ਸਿੱਖ ਰਾਜ ‘ਖਾਲਿਸਤਾਨ` ਕਦੇ ਵੀ ਮੰਗ ਨਹੀਂ ਸੀ, ਸਿੱਖਾਂ ਦੀਆਂ ਸਾਰੀਆਂ ਧਿਰਾਂ ਨਾ ਸਿਰਫ ਅਖੰਡ ਭਾਰਤ ਵਿਚ ਹੀ ਰਹਿਣਾ ਚਾਹੁੰਦੀਆਂ ਸਨ ਸਗੋਂ ਸਾਰੇ ਮੁਸਲਿਮ ਲੀਗ ਦੀ ਧਰਮ ਆਧਾਰਿਤ ਮੁਸਲਿਮ ਸਟੇਟ ‘ਪਾਕਿਸਤਾਨ` ਦੀ ਮੰਗ ਦੇ ਕੱਟੜ ਵਿਰੋਧੀ ਸਨ। ਸਿੱਖਾਂ ਦੀਆਂ ਸਾਰੀਆਂ ਧਿਰਾਂ ਕਿਸੇ ਵੀ ਹਾਲਤ ਵਿਚ ਭਾਰਤ ਦੀ ਵੰਡ ਦੀਆਂ ਵਿਰੋਧੀ ਸਨ। ਜੇ ਕਦੇ ਕੋਈ ਸਿੱਖ ਲੀਡਰ, ਸਿੱਖ ਸਟੇਟ ਜਾਂ ਵੱਖਰੇ ਸਿੱਖ ਰਾਜ ਦੀ ਗੱਲ ਕਰਦਾ ਵੀ ਸੀ ਤਾਂ ਉਹ ਪਾਕਿਸਤਾਨ ਦੇ ਵਿਰੋਧ ਲਈ ਕਰਦਾ ਸੀ, ਨਾ ਕਿ ਸਿੱਖਾਂ ਦੀ ਮੰਗ ਦੇ ਤੌਰ ‘ਤੇ। ਫਿਰ ਕਿਸ ਆਧਾਰ ‘ਤੇ ਮੌਜੂਦਾ ਖਾਲਿਸਤਾਨੀ ਧਿਰਾਂ ਇਹ ਦਾਅਵਾ ਕਰਦੀਆਂ ਹਨ ਕਿ ਅੰਗਰੇਜ਼ ਸਿੱਖਾਂ ਨੂੰ ‘ਖਾਲਿਸਤਾਨ` ਦਿੰਦੇ ਸਨ ਪਰ ‘ਮੂਰਖ` ਸਿੱਖ ਲੀਡਰਾਂ ਨੇ ਲਿਆ ਨਹੀਂ? ਕੀ ਕਦੇ ਉਹ ਇਸ ਸਵਾਲ ਦਾ ਕਿਸੇ ਇਤਿਹਾਸਕ ਹਵਾਲੇ ਨਾਲ ਜਵਾਬ ਦੇਣਗੇ? ਜਦ ਸਿੱਖਾਂ ਦੀ 1947 ਤੱਕ ਅਜਿਹੀ ਕੋਈ ਮੰਗ ਹੀ ਨਹੀਂ ਸੀ ਤਾਂ ਦੇਣ ਦਾ ਸਵਾਲ ਕਿੱਥੋਂ ਪੈਦਾ ਹੋਣਾ ਸੀ? ਮਿ. ਜਿਨਾਹ ਦੀ ਜੀਵਨੀ ਪੜ੍ਹ ਕੇ ਦੇਖੋ, ਕਿਵੇਂ ਉਸ ਨੇ ਹਰ ਪਾਸਿਉਂ ਭਾਰੀ ਵਿਰੋਧ ਦੇ ਬਾਵਜੂਦ ਧਰਮ ਆਧਾਰਿਤ ਮੁਸਲਿਮ ਬਹੁ-ਗਿਣਤੀ ਵਾਲੇ ਇਲਾਕਿਆਂ ਨੂੰ ਪਾਕਿਸਤਾਨ ਬਣਾਉਣ ਦੀ ਆਪਣੀ ਜ਼ਿੱਦ ਨਹੀਂ ਛੱਡੀ, ਬੇਸ਼ਕ ਇਸ ਕਰਕੇ ਲੱਖਾਂ ਬੇਗੁਨਾਹਾਂ ਨੂੰ ਜਾਨਾਂ ਦੇਣੀਆਂ ਪਈਆਂ ਅਤੇ ਲੱਖਾਂ ਲੋਕ ਜ਼ਮੀਨਾਂ, ਜਾਇਦਾਦਾਂ, ਘਰ ਛੱਡ ਕੇ ਸ਼ਰਨਾਰਥੀ ਕੈਂਪਾਂ ਵਿਚ ਰੁਲਦੇ ਰਹੇ।
ਇਸ ਸਬੰਧੀ ਖਾਲਿਸਤਾਨੀ ਸੰਕਲਪ ਦੇ ਮੌਜੂਦਾ ਸਿਧਾਂਤਕ ਵਿਆਖਿਆਕਾਰ ਅਤੇ ਸਿੱਖ ਚਿੰਤਕ ਸ. ਅਜਮੇਰ ਸਿੰਘ ਆਪਣੀ ਕਿਤਾਬ ‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ – ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਤੱਕ` ਵਿਚ ਪੰਨਾ 79 ਤੇ ਲਿਖਦੇ ਹਨ: “ਸਿੱਖ ਆਗੂ ਖੁਦ ਇਸ ਮੰਗ (ਵੱਖਰੇ ਸਿੱਖ ਰਾਜ, ਖਾਲਿਸਤਾਨ) ਪ੍ਰਤੀ ਗੰਭੀਰ ਨਹੀਂ ਸਨ ਅਤੇ ਉਹ ਇਸ ਨੂੰ ਪਾਕਿਸਤਾਨ ਦੀ ਮੰਗ ਦਾ ਵਿਰੋਧ ਕਰਨ ਲਈ ਹਥਿਆਰ ਦੇ ਤੌਰ ‘ਤੇ ਵਰਤ ਰਹੇ ਸਨ।” ਇਸ ਸਬੰਧੀ, ਉਹ ਇਸੇ ਕਿਤਾਬ ਦੇ ਪੰਨਾ 80 ਤੇ ਲਿਖਦੇ ਹਨ: “ਜਿਥੇ ਸਿੱਖ ਪੰਥ ਅੰਦਰ ਕੌਮ ਵਾਲੀਆਂ ਸਾਰੀਆਂ ਵਿਸ਼ੇਸ਼ਤਾਈਆਂ ਵਿਦਮਾਨ ਸਨ, ਉਥੇ ਇਸ ਦੀ ਆਜ਼ਾਦ ਸਟੇਟ ਦੀ ਸਥਾਪਨਾ ਦੇ ਰਾਹ ਵਿਚ ਬਹੁਤ ਵੱਡੀ ਅਮਲੀ ਮੁਸ਼ਕਿਲ ਆ ਖੜ੍ਹੀ ਸੀ। ਇਤਿਹਾਸ ਦਾ ਵਿਹਾਰ ਕੁਝ ਇਸ ਤਰ੍ਹਾਂ ਚੱਲਿਆ ਕਿ ਸਿੱਖ ਵਸੋਂ ਕਿਸੇ ਇੱਕ ਬੱਝਵੇਂ ਖਿੱਤੇ ਅੰਦਰ ਇਕੱਤਰ ਹੋਣ ਦੀ ਥਾਂ ਦੂਰ ਤੱਕ ਖਿਲਰ ਗਈ ਸੀ। ਸਿੱਟੇ ਵਜੋਂ ਉਹ ਕਿਸੇ ਬੱਝਵੇਂ ਖਿੱਤੇ ਅੰਦਰ ਬਹੁ-ਗਿਣਤੀ ਦਾ ਰੁਤਬਾ ਹਾਸਿਲ ਨਹੀਂ ਕਰ ਸਕੀ।” ਸ. ਅਜਮੇਰ ਸਿੰਘ ਸਿੱਖ ਪੰਥ ਬਾਰੇ ਮੰਨਦੇ ਹਨ ਕਿ ‘ਸਿੱਖ ਵੱਖਰੀ ਕੌਮ ਹੈ` ਪਰ ਅਜਮੇਰ ਸਿੰਘ ਵਲੋਂ ਸਿੱਖੀ ਦੇ ਇੱਕ ਹੋਰ ਸਿਧਾਂਤਕਾਰ ਡਾ. ਗੁਰਭਗਤ ਸਿੰਘ ਦੇ ਲੇਖਾਂ ਨੂੰ ਸੰਪਾਦਿਤ ਕਰਕੇ ਲਿਖੀ ਕਿਤਾਬ ‘ਸਿੱਖ ਦ੍ਰਿਸ਼ਟੀ ਦਾ ਗੌਰਵ` ਵਿਚ ਪੰਨਾ 48 ‘ਤੇ ਡਾ. ਗੁਰਭਗਤ ਸਿੰਘ ਆਪਣੇ ਲੇਖ ‘ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ ‘ਤੇ` ਵਿਚ ਲਿਖਦੇ ਹਨ: “ਸਟਾਲਿਨ ਦੇ 1913 ਵਿਚ ‘ਕੌਮਵਾਦ` ਬਾਰੇ ਪ੍ਰਕਾਸ਼ਿਤ ਪੈਂਫਲਿਟ ਤੋਂ ਪਿੱਛੋਂ ਵਿਸ਼ਵ ਪੱਧਰ ‘ਤੇ ਕੌਮ, ਕੌਮੀਅਤ ਅਤੇ ਕੌਮਵਾਦ ਬਾਰੇ ਚਰਚਾ ਕਾਫੀ ਗਰਮ ਰਹੀ ਹੈ। ਹੁਣ ਕਿਸੇ ਖੇਤਰ ਦੇ ਲੋਕਾਂ ਨੂੰ ‘ਕੌਮ` ਦੇ ਤੌਰ ‘ਤੇ ਸਵੀਕਾਰ ਹੋਣ ਲਈ ਸਿਧਾਂਤਕ ਅਤੇ ਵਿਹਾਰਕ ਪੱਧਰ ਉਤੇ ਪੰਜ ਅੰਸ਼ਾਂ ਦੀ ਪ੍ਰਾਪਤੀ ਜ਼ਰੂਰੀ ਹੈ। ਉਹ ਪੰਜ ਅੰਸ਼ ਹਨ: ਸਾਂਝੀ ਭਾਸ਼ਾ, ਵਿਲੱਖਣ ਖੇਤਰ, ਆਰਥਿਕ ਇਕਸਾਰਤਾ, ਸਮੂਹਿਕ ਚਰਿਤਰ ਅਤੇ ਕੌਮੀ ਮਾਰਕੀਟ। ਜੇ ਵਿਲੱਖਣ ਖੇਤਰ ਜਾਂ ਪ੍ਰਭੂ ਸੰਪਨ ਇਲਾਕਾ ਨਾ ਹੋਵੇ ਤਾਂ ਉਹ ਲੋਕ ਕੌਮੀਅਤ ਹਨ ਪਰ ਕੌਮ ਨਹੀਂ।” ਇਥੇ ਸਭ ਤੋਂ ਵੱਧ ਗੰਭੀਰਤਾ ਨਾਲ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਡਾ. ਗੁਰਭਗਤ ਸਿੰਘ ਨੇ ਲੋਕਾਂ ਦੇ ਕਿਸੇ ਸਮੂਹ ਨੂੰ ਕੌਮ ਬਣਨ ਲਈ ਜਿਹੜੇ ਪੰਜ ਅੰਸ਼ ਜਰੂਰੀ ਦੱਸੇ ਹਨ, ਉਨ੍ਹਾਂ ਵਿਚ ਧਰਮ ਨੂੰ ਕੋਈ ਮਾਨਤਾ ਨਹੀਂ, ਜਦਕਿ ਕਪੂਰ ਸਿੰਘ, ਅਜਮੇਰ ਸਿੰਘ, ਗੁਰਤੇਜ ਸਿੰਘ ਤੇ ਹੋਰ ਸਿੱਖ ਵਿਦਵਾਨਾਂ ਦਾ ‘ਵੱਖਰੀ ਕੌਮ` ਦੇ ਆਧਾਰ ‘ਤੇ ਆਪਣੀ ਵੱਖਰੀ ਸਿੱਖ ਸਟੇਟ ਦਾ ਆਧਾਰ ਹੀ ਮੁੱਖ ਰੂਪ ਵਿਚ ਧਰਮ ਹੈ? ‘ਕੌਮਾਂ` ਦੀ ਵਿਸ਼ਵ ਪ੍ਰਮਾਣਿਤ ਪਰਿਭਾਸ਼ਾ ਅਨੁਸਾਰ ‘ਪੰਜਾਬੀ ਕੌਮ` ਤਾਂ ਬਣਦੀ ਹੈ ਜਿਸ ਵਿਚ ਡਾ. ਗੁਰਭਗਤ ਸਿੰਘ ਅਨੁਸਾਰ ਸਾਰੇ ਪੰਜ ਅੰਸ਼ ਮੌਜੂਦ ਹਨ ਪਰ ‘ਸਿੱਖ ਕੌਮ` ਨਹੀਂ ਬਣਦੀ ਪਰ ਸਾਡੇ ਵਿਦਵਾਨ ਇਸ ਤੱਥ ਤੋਂ ਇਨਕਾਰੀ ਹੋ ਕੇ ਹਮੇਸ਼ਾ ‘ਧਰਮ ਆਧਾਰਿਤ ਕੌਮ` ਦੇ ਸੰਕਲਪ ਦੀ ਦੁਬਿਧਾ ਦਾ ਸ਼ਿਕਾਰ ਹਨ।
ਸਾਡੇ ਉਚ ਕੋਟੀ ਦੇ ਵਿਦਵਾਨ ਕਿਸ ਤਰ੍ਹਾਂ ਦੁਬਿਧਾ ਦਾ ਸ਼ਿਕਾਰ ਹੋ ਕੇ ਆਪਾ-ਵਿਰੋਧੀ ਗੱਲਾਂ ਕਰਦੇ ਹਨ, ਉਸ ਦਾ ਪ੍ਰਮਾਣ ਇਸੇ ਕਿਤਾਬ ਦੇ ਅਗਲੇ ਦੋ ਪਹਿਰਿਆਂ ਤੋਂ ਮਿਲਦਾ ਹੈ। ਡਾ. ਗੁਰਭਗਤ ਸਿੰਘ ਇਸ ਬਾਰੇ ਲਿਖਦੇ ਹਨ: ‘ਪੰਜਾਬ ਨੇ ਇਹ ਪੰਜ ਅੰਸ਼ ਕੇਵਲ ਮਹਾਰਾਜਾ ਰਣਜੀਤ ਸਿੰਘ ਦੇ ‘ਖਾਲਸਾ ਰਾਜ` ਵਿਚ ਪ੍ਰਾਪਤ ਕੀਤੇ। ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ, ਪ੍ਰਭੂ-ਸੱਤਾ ਸੰਪਨ ਰਾਜ ਸੀ। ਉਹ ਉਸ ਸਮੇਂ ਦੇ ਭਾਰਤੀ ਰਾਜ-ਪ੍ਰਬੰਧ ਤੋਂ ਸੁਤੰਤਰ ਸੀ। ਉਦੋਂ ਪੰਜਾਬ ਵਿਚ ਤਿੱਬਤ ਅਤੇ ਅਫਗਾਨਿਸਤਾਨ ਦੇ ਕੁਝ ਹਿੱਸੇ ਵੀ ਸ਼ਾਮਿਲ ਸਨ। ਕਵੀ ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਵਿਚ ਇਸ ਗੱਲ ਦੀ ਸਾਖੀ ਭਰੀ ਹੈ ਕਿ ਰਣਜੀਤ ਸਿੰਘ ਦੇ ਰਾਜ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਦੀ ‘ਵੱਡੀ ਸਾਂਝ` ਸੀ। ਸ਼ਾਹ ਮੁਹੰਮਦ ਜਦੋਂ ਰਣਜੀਤ ਸਿੰਘ ਨੂੰ ‘ਸਰਕਾਰ` ਆਖਦਾ ਹੈ ਤਾਂ ਉਹ ਸਾਂਝੇ ਪੰਜਾਬ ਦਾ ਪ੍ਰਤੀਕ ਹੈ। ‘ਖਾਲਸਾ` ਫੌਜ ਸ਼ਾਹ ਮੁਹੰਮਦ ਲਈ ਸਾਂਝੇ ਪੰਜਾਬ ਦੀ ਫੌਜ ਹੈ, ਪੰਜਾਬ ਦੀ ਸੁਤੰਤਰ ਹੋਂਦ ਲਈ ਲੜਨ ਵਾਲੀ ਫੌਜ ਹੈ। ‘ਖਾਲਸਾ` ਸ਼ਬਦ ਵੀ ਸ਼ਾਹ ਮੁਹੰਮਦ ਲਈ ਧਰਮ ਜਾਂ ਫਿਰਕੇ ਦਾ ਸੂਚਕ ਨਹੀਂ ਸਗੋਂ ਸੰਕਲਪ, ਚੇਤਨਾ, ਕੌਮ ਦਾ ਸੂਚਕ ਚਿੰਨ੍ਹ ਹੈ।` ਇੱਕ ਪਾਸੇ ਸਾਡੇ ਵਿਦਵਾਨ ਮਹਾਰਾਜਾ ਰਣਜੀਤ ਸਿੰਘ ਦੇ ‘ਖਾਲਸਾ ਰਾਜ` ਨੂੰ ਸਰਬ-ਸਾਂਝਾ ਰਾਜ ਦੱਸਦੇ ਹਨ, ਜਿਥੇ ਸਿੱਖਾਂ ਦੀ ਆਬਾਦੀ 12-13% ਸੀ ਪਰ ਸਾਰੀ ਹਿੰਦੂ-ਮੁਸਲਮਾਨ ਵਸੋਂ ਬੜੇ ਮਾਣ ਨਾਲ ਰਹਿੰਦੀ ਸੀ। ਦੂਜੇ ਪਾਸੇ, ਇਨ੍ਹਾਂ ਹੀ ਵਿਦਵਾਨਾਂ ਵਲੋਂ ਸੰਕਲਪੇ ਜਾ ਰਹੇ ਸਿੱਖ ਰਾਜ ‘ਖਾਲਿਸਤਾਨ` ਵਿਚ ਹਿੰਦੂਆਂ, ਦਲਿਤਾਂ, ਹੋਰ ਭਾਈਚਾਰਿਆਂ ਦੀ ਤਾਂ ਗੱਲ ਹੀ ਛੱਡੋ, ਸਿੱਖਾਂ ਦੀ ਮੁੱਖਧਾਰਾ ਵਿਚਾਰਧਾਰਾ ਤੋਂ ਵੱਖ ਹੋ ਕੇ ਚੱਲ ਰਹੇ ਫਿਰਕਿਆਂ- ਰਾਧਾ ਸਵਾਮੀਆਂ, ਨਿਰੰਕਾਰੀਆਂ, ਨਾਮਧਾਰੀਆਂ ਆਦਿ ਲਈ ਵੀ ਕੋਈ ਥਾਂ ਨਹੀਂ ਅਤੇ ਨਾ ਹੀ ਵੱਖਰੀ ਸਿਆਸੀ ਵਿਚਾਰਧਾਰਾ ਰੱਖਣ ਵਾਲੇ ਕਾਮਰੇਡਾਂ ਲਈ ਕੋਈ ਥਾਂ ਹੈ। ਇੱਕ ਪਾਸੇ ਇਹ ਮਹਾਰਾਜਾ ਰਣਜੀਤ ਸਿੰਘ ਦੇ ‘ਖਾਲਸਾ ਰਾਜ` ਨੂੰ ‘ਪੰਜਾਬੀ ਕੌਮ` ਦੇ ਸਾਂਝੇ ਰਾਜ ਦੇ ਤੌਰ ‘ਤੇ ਉਭਾਰਦੇ ਹਨ; ਦੂਜੇ ਪਾਸੇ, ਹੁਣ ਸਿਰਫ ‘ਸਿੱਖ ਕੌਮ` ਲਈ ਵੱਖਰੇ ਰਾਜ ਦੀ ਗੱਲ ਕਰਦੇ ਹਨ ਜਿਥੇ ‘ਹਿੰਦੂ` ਸਭ ਤੋਂ ਵੱਡੀ ਦੁਸ਼ਮਣ ਧਿਰ ਹੈ। ਸਮਝ ਨਹੀਂ ਆਉਂਦੀ ਕਿ ਸਾਡੇ ਵਿਦਵਾਨ ਅਸਲ ਵਿਚ ਕਰਨਾ ਕੀ ਚਾਹੁੰਦੇ ਹਨ। ਕੀ ਸਾਡੇ ਇਹ ਵਿਦਵਾਨ ਦੱਸ ਸਕਦੇ ਹਨ ਕਿ ਪੰਜਾਬ ਵਿਚ ਹਿੰਦੂਆਂ, ਦਲਿਤਾਂ ਤੇ ਹੋਰ ਫਿਰਕਿਆਂ ਦੇ ਸਹਿਯੋਗ ਤੋਂ ਬਿਨਾ ਅਤੇ ਹਰ ਇੱਕ ਨੂੰ ਦੁਸ਼ਮਣ ਗਰਦਾਨ ਕੇ ਕੋਈ ਸੰਘਰਸ਼ ਜਿੱਤ ਸਕਦੇ ਹਨ? ਪੰਜਾਬ ਜਾਂ ਸਿੱਖਾਂ ਦਾ ਕੋਈ ਭਲਾ ਕਰ ਸਕਦੇ ਹਨ?
ਸਾਡਾ ਸਵਾਲ ਇਹ ਹੈ ਕਿ ਸਿੱਖੀ ਜਾਂ ਖਾਲਿਸਤਾਨ ਦੇ ਸਿਧਾਂਤਕ ਵਿਆਖਿਆਕਾਰ ਇਹ ਮਹਾਨ ਵਿਦਵਾਨ ‘ਸਿੱਖ ਸਟੇਟ` ਦੀ ਮੰਗ ਰੱਖਣ ਤੋਂ ਪਹਿਲਾਂ ਇਹ ਫੈਸਲਾ ਤਾਂ ਕਰ ਲੈਣ ਕਿ ‘ਸਿੱਖ ਵੱਖਰੀ ਕੌਮ ਹੈ` ਜਾਂ ‘ਵੱਖਰਾ ਧਾਰਮਿਕ ਫਿਰਕਾ`? ਕੀ ‘ਧਰਮ` ਨੂੰ ਆਧਾਰ ਬਣਾ ਕੇ ਕਿਸੇ ਜਨ ਸਮੂਹ ਨੂੰ ਕੌਮ ਬਣਾਇਆ ਜਾ ਸਕਦਾ ਹੈ? ਇੱਕ ਗੱਲ ਹੋਰ ਸਮਝਣ ਵਾਲੀ ਹੈ ਕਿ ਜੇ ਕਿਸੇ ਕੌਮ ਦਾ ਆਧਾਰ ਧਰਮ ਹੀ ਮੁੱਖ ਹੋਵੇ ਤਾਂ ਧਰਮ ਆਧਾਰਿਤ ਬਣਿਆ ਪਾਕਿਸਤਾਨ ਦੋ ਦਹਾਕੇ ਵੀ ਕਿਉਂ ਨਾ ਚੱਲ ਸਕਿਆ ਕਿ ਅਖੀਰ ਵੱਖਰਾ ‘ਬੰਗਲਾਦੇਸ਼` ਬਣਾਉਣਾ ਪਿਆ ਅਤੇ ਹੁਣ ਪਾਕਿਸਤਾਨ ਵਿਚ ਵੱਖਰੇ ‘ਬਲੋਚਿਸਤਾਨ` ਦੀ ਲੜਾਈ ਲੰਮੇ ਸਮੇਂ ਤੋਂ ਚੱਲ ਰਹੀ ਹੈ। ਅਰਬ ਦੇ ਕੁਰਦ ਮੁਸਲਮਾਨ 4 ਮੁੱਖ ਮੁਸਲਿਮ ਦੇਸ਼ਾਂ- ਇਰਾਕ, ਇਰਾਨ, ਸੀਰੀਆ ਤੇ ਤੁਰਕੀ ਵਿਚ ਵਸਦੇ ਹਨ ਪਰ ਲੰਮੇ ਸਮੇਂ ਤੋਂ ਆਪਣੇ ਮੁਸਲਮਾਨ ਭਰਾਵਾਂ ਨਾਲ ਹੀ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ। ਜੇ ਧਰਮ ਹੀ ਕਿਸੇ ਕੌਮ ਲਈ ਮੁੱਖ ਧੁਰਾ ਹੁੰਦਾ ਤਾਂ ‘ਕੁਰਦਾਂ` ਨੂੰ ਮੁਸਲਮਾਨ ਹੋਣ ਦੇ ਬਾਵਜੂਦ ਮੁਸਲਿਮ ਦੇਸ਼ਾਂ ਵਿਚ ਹੀ ਬੇਅੰਤ ਦੁਸ਼ਵਾਰੀਆਂ ਦਾ ਸਾਹਮਣਾ ਨਾ ਕਰਨਾ ਪੈਂਦਾ। ਜੇ ਧਰਮ ਹੀ ਲੋਕਾਂ ਨੂੰ ਬੰਨ੍ਹਣ ਵਾਲੀ ਇੱਕੋ-ਇੱਕ ਤਾਕਤ ਹੁੰਦੀ ਤਾਂ ਕਿਸੇ ਸਮੇਂ ਸਾਰਾ ਯੂਰਪ ਇਸਾਈਅਤ ਦੇ ਪ੍ਰਭਾਵ ਥੱਲੇ ਸੀ ਪਰ ਇੰਗਲੈਂਡ, ਸਪੇਨ, ਜਰਮਨੀ ਆਦਿ ਵੱਡੇ ਦੇਸ਼ 1000 ਸਾਲ ਇਸਾਈ ਹੋਣ ਦੇ ਬਾਵਜੂਦ ਇੱਕ ਦੂਜੇ ਦੇ ਖਿਲਾਫ ਲੜਦੇ ਰਹੇ ਹਨ।
ਉਪਰਲੀ ਚਰਚਾ ਤੋਂ ਇੱਕ ਅਹਿਮ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਮੰਨ ਲਉ, 1947 ਦੇ ਦੌਰ ਵਿਚ ਖਾਲਿਸਤਾਨ ਮਿਲਦਾ ਸੀ ਪਰ ਸਿੱਖਾਂ ਦੀ ਕਿਸੇ ਖਿੱਤੇ ਵਿਚ ਬਹੁ-ਗਿਣਤੀ ਨਾ ਹੋਣ ਕਾਰਨ ਸਿੱਖਾਂ ਕੋਲੋਂ ਉਹ ਮੌਕਾ ਖੁੱਸ ਗਿਆ; ਕੀ ਸਾਡੇ ਖਾਲਿਸਤਾਨੀ ਵਿਦਵਾਨ ਤੇ ਲੀਡਰ ਦੁਨੀਆ ਨੂੰ ਦੱਸ ਸਕਦੇ ਹਨ ਕਿ ਦੁਨੀਆ ਦਾ ਹੁਣ ਕਿਹੜਾ ਅਜਿਹਾ ਖਿੱਤਾ ਹੈ ਜਿਥੇ ਸਿੱਖਾਂ ਦੀ ਬਹੁ-ਗਿਣਤੀ ਹੈ? ਮੌਜੂਦਾ ਪੰਜਾਬ ਵਿਚ ਵੀ ਹਿੰਦੂਆਂ ਤੇ ਦਲਿਤਾਂ ਨੂੰ ਬਾਹਰ ਕੱਢ ਕੇ ਸਿੱਖਾਂ ਦੀ ਵਸੋਂ 35% ਤੋਂ ਜ਼ਿਆਦਾ ਨਹੀਂ ਹੈ? ਸਿੱਖਾਂ ਵਿਚੋਂ ਰਾਧਾ ਸਵਾਮੀ, ਨਿਰੰਕਾਰੀ, ਨਾਮਧਾਰੀ ਆਦਿ ਕਿਤਨੇ ਛੋਟੇ ਫਿਰਕੇ ਹਨ ਜਿਨ੍ਹਾਂ ਪ੍ਰਤੀ ਪੰਥਕ ਧਿਰਾਂ ਤ੍ਰਿਸਕਾਰ ਦੀ ਭਾਵਨਾ ਰੱਖਦੀਆਂ ਹਨ। ਕੀ ਕਦੇ ਪੰਥਕ ਧਿਰਾਂ ਨੇ ਦਲਿਤ ਅਤੇ ਹੋਰ ਜਾਤਾਂ ਦੇ ਲੋਕਾਂ ਬਾਰੇ ਸੋਚਿਆ ਹੈ ਕਿ ਉਨ੍ਹਾਂ ਵਿਚੋਂ ਵੀ ਕਿਤਨੇ ਕੁ ਸਿੱਖ ਖਾਲਿਸਤਾਨ ਦੇ ਹਾਮੀ ਹਨ? ਮੰਨ ਲਉ, ਸਾਰੇ ਸਿੱਖ ਵੀ ਖਾਲਿਸਤਾਨ ਦੇ ਹਾਮੀ ਹੋਣ, ਤਾਂ ਵੀ ਕੀ 65% ਦੀ ਮਰਜ਼ੀ ਤੋਂ ਬਿਨਾ ਮੌਜੂਦਾ ਪੰਜਾਬ ਤੇ ਮੌਜੂਦਾ ਹਾਲਾਤ ਵਿਚ ‘ਖਾਲਿਸਤਾਨ` ਸੰਭਵ ਹੈ? ਜੇ ਇਹ ਧਿਰਾਂ ਆਪਣੀ 35% ਵਸੋਂ ਨਾਲ ਹੀ ਵੱਖਰਾ ਰਾਜ ਬਣਾਉਣਾ ਚਾਹੁੰਦੀਆਂ ਹਨ ਤਾਂ ਕੀ ਕਦੇ ਉਨ੍ਹਾਂ ਸਰਵੇਖਣ ਕੀਤਾ ਹੈ ਕਿ ਮੌਜੂਦਾ ਪੰਜਾਬ ਦੇ ਕਿਹੜੇ ਜ਼ਿਲ੍ਹਿਆਂ ਵਿਚ ਸਿੱਖਾਂ ਦੀ ਵੱਧ ਗਿਣਤੀ ਹੈ, ਜਿਥੇ ਬਾਕੀ ਸਾਰਿਆਂ ਨੂੰ ਪਰਵਾਸ ਕਰਾ ਕੇ ਇਜ਼ਰਾਈਲ ਵਾਂਗ ਸਿੱਖਾਂ ਨੂੰ ਵਸਾ ਕੇ ਸਿੱਖ ਹੋਮਲੈਂਡ ਬਣਾ ਦਿੱਤਾ ਜਾਵੇ?
ਜੇ ਸਿਰਦਾਰ ਕਪੂਰ ਸਿੰਘ ਦੀ ‘ਸਾਚੀ ਸਾਖੀ` ਅਤੇ ਅਜਮੇਰ ਸਿੰਘ ਦੀ ‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ` ਨੂੰ ਖਾਲਿਸਤਾਨ ਦੇ ਸੰਕਲਪਾਂ ਦੀ ਵਿਆਖਿਆ ਦੇ ਗ੍ਰੰਥ ਮੰਨੀਏ ਤਾਂ ਸਪਸ਼ਟ ਹੈ ਕਿ ਜਿਸ ਤਰ੍ਹਾਂ ਸਿੱਖ ਲੀਡਰਸ਼ਿਪ 47 ਤੋਂ ਪਹਿਲਾਂ ‘ਸਿੱਖ ਵੱਖਰੀ ਕੌਮ` ਜਾਂ ‘ਸਿੱਖ ਸਟੇਟ` ਪ੍ਰਤੀ ਅਨੇਕਾਂ ਦੁਬਿਧਾਵਾਂ ਤੇ ਭੰਬਲਭੂਸਿਆਂ ਦੀ ਸ਼ਿਕਾਰ ਸੀ, ਉਸੇ ਤਰ੍ਹਾਂ ਅੱਜ ਹੈ। ਇਥੋਂ ਤੱਕ ਕਿ ਸਿੱਖ ਵਿਦਵਾਨ ਵੀ ਇਸ ਦੁਬਿਧਾ ਦਾ ਸ਼ਿਕਾਰ ਹਨ। ਅਜਮੇਰ ਸਿੰਘ ਦੀ ਸੰਪਾਦਿਤ ਡਾ. ਗੁਰਭਗਤ ਸਿੰਘ ਦੇ ਲੇਖਾਂ ਦੀ ਕਿਤਾਬ ‘ਸਿੱਖ ਦ੍ਰਿਸ਼ਟੀ ਦਾ ਗੌਰਵ` ਦੇ ਪੰਨਾ 56 ‘ਤੇ ਡਾ. ਗੁਰਭਗਤ ਸਿੰਘ ‘ਸਿਰਦਾਰ ਕਪੂਰ ਸਿੰਘ ਸਿੱਖ ਚਿੰਤਨ ਦੀ ਵਿਲੱਖਣਤਾ ਦਾ ਵਿਆਖਿਆਕਾਰ` ਲੇਖ ਵਿਚ ਸਿਰਦਾਰ ਕਪੂਰ ਸਿੰਘ ਨੂੰ ਭਾਈ ਗੁਰਦਾਸ ਜੀ ਬਰਾਬਰ ਸਿੱਖੀ ਦੇ ਸਿਧਾਂਤਕ ਵਿਆਖਿਆਕਾਰ ਕਹਿ ਕੇ ਇਵੇਂ ਸਿਜਦਾ ਕਰਦੇ ਹਨ: “ਭਾਈ ਗੁਰਦਾਸ ਤੋਂ ਪਿਛੋਂ ਸਾਡੇ ਇਸ ਇੱਕੋ-ਇੱਕ ਪ੍ਰਮਾਣਿਕ ਵਿਆਖਿਆਕਾਰ ਨੂੰ ਪ੍ਰਣਾਮ ਕਰਕੇ ਮੈਂ ਕੁਝ ਰਿਣ ਅਦਾ ਕਰ ਰਿਹਾ ਹਾਂ।” ਪਰ ਭਾਈ ਗੁਰਦਾਸ ਜੀ ਵਰਗੀ ਪ੍ਰਤਿਭਾ ਦੇ ਮਾਲਕ ਸਿਰਦਾਰ ਕਪੂਰ ਸਿੰਘ ਨੇ ਆਪਣੀ ਸ਼ਾਹਕਾਰ ਰਚਨਾ ‘ਸਾਚੀ ਸਾਖੀ` ਵਿਚ ਕਿਤੇ ਵੀ ਸਪਸ਼ਟ ਤੌਰ ‘ਤੇ ਨਹੀਂ ਕਿਹਾ ਕਿ ਉਹ ਕਦੇ ਭਾਰਤ ਤੋਂ ਵੱਖਰੇ ਦੇਸ਼ ਖਾਲਿਸਤਾਨ ਦੇ ਹਾਮੀ ਸਨ ਸਗੋਂ ਉਨ੍ਹਾਂ ‘ਸਿੱਖ ਹੋਮਲੈਂਡ` ਦਾ ਮਤਾ ਲਿਆਉਂਦਿਆਂ ਭਾਰਤੀ ਸੰਘ ਤੋਂ ਵੱਖ ਹੋਣ ਦੀ ਲਾਈਨ ‘ਤੇ ਇਤਰਾਜ਼ ਉਠਾਉਂਦਿਆਂ ਮਾਸਟਰ ਜੀ ਦੀ ਖੁੰਭ ਕਿਵੇਂ ਠੱਪੀ ਸੀ, ਦਾ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ; ਪਰ ਅਫਸੋਸ ਇਸ ਗੱਲ ਦਾ ਹੈ ਕਿ ਕਪੂਰ ਸਿੰਘ ਜੀ ਭਾਰਤ ਅੰਦਰ ਸਿੱਖ ਹੋਮਲੈਂਡ ਦੀ ਗੱਲ ਵੀ ਕਰਦੇ ਸਨ ਪਰ ਸਪਸ਼ਟ ਕਿਤੇ ਵੀ ਨਹੀਂ ਸਨ ਕਿ ਸਟੇਟ ਅੰਦਰ ਸਟੇਟ ਕਿਵੇਂ ਬਣੇ? ਉਹ ਭਾਰਤ ਦੇ ਹਿੰਦੂ ਸਨਾਤਨੀ ਵਿਰਸੇ ਦੇ ਵੀ ਬਹੁਤ ਕਾਇਲ ਸਨ, ਇਸੇ ਕਰਕੇ ਭਾਰਤ ਤੋਂ ਵੱਖ ਹੋ ਕੇ ਵੱਖਰੀ ਸਿੱਖ ਸਟੇਟ ਦੇ ਵੀ ਹੱਕ ਵਿਚ ਨਹੀਂ ਸਨ। ਜਿਸ ਤਰ੍ਹਾਂ ਸਿਰਦਾਰ ਸਾਹਿਬ ਸਪਸ਼ਟ ਨਹੀਂ ਸਨ, ਉਸੇ ਤਰ੍ਹਾਂ ਉਨ੍ਹਾਂ ਦੇ ਅਜੋਕੇ ਵਾਰਿਸ ਗੁਰਤੇਜ ਸਿੰਘ, ਅਜਮੇਰ ਸਿੰਘ ਵਰਗੇ ਵਿਦਵਾਨ ਵੀ ਨਹੀਂ ਹਨ।
ਸ. ਅਜਮੇਰ ਸਿੰਘ ਆਪਣੀ ਇਸੇ ਕਿਤਾਬ ‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ` ਦੇ ਪੰਨਾ 80 ‘ਤੇ ਲਿਖਦੇ ਹਨ ਕਿ ਜਿਸ ਤਰ੍ਹਾਂ 1948 ਵਿਚ ਕੁਝ ਵੱਡੀਆਂ ਤਾਕਤਾਂ ਨੇ ਯਹੂਦੀਆਂ ਲਈ ਵੱਖਰੀ ਸਟੇਟ ਇਜ਼ਰਾਈਲ ਬਣਾਈ ਸੀ, ਭਾਵੇਂ ਉਸ ਖਿੱਤੇ ਵਿਚ ਯਹੂਦੀਆਂ ਦੀ ਆਬਾਦੀ ਮਹਿਜ 6% ਸੀ। ਸਿੱਖ ਲੀਡਰਾਂ ਨੂੰ ਵੀ ਉਸੇ ਤਰਜ਼ ‘ਤੇ ਪੰਜਾਬ ਵਿਚ ਸਿੱਖਾਂ ਦੀ ਘੱਟ-ਗਿਣਤੀ ਹੋਣ ਦੇ ਬਾਵਜੂਦ ਆਪਣੀ ‘ਸਿੱਖ ਸਟੇਟ` ਦੀ ਮੰਗ ਰੱਖਣੀ ਚਾਹੀਦੀ ਸੀ। ਪਰ ਕੀ ਅਜਮੇਰ ਸਿੰਘ ਜੀ ਨੂੰ ਪਤਾ ਨਹੀਂ ਕਿ ਇਜ਼ਰਾਈਲ ਦੇਸ਼ ਕਿਨ੍ਹਾਂ ਹਾਲਾਤ ਵਿਚ ਤੇ ਕਿਹੜੇ ਮੰਤਵਾਂ ਲਈ ਵੱਡੀਆਂ ਪੱਛਮੀ ਤਾਕਤਾਂ ਨੇ ਬਣਾਇਆ ਸੀ? ਅੱਜ ਸਾਰੀ ਦੁਨੀਆ ਜਾਣਦੀ ਹੈ ਕਿ ਪੱਛਮੀ ਤਾਕਤਾਂ ਨੇ ਅਰਬ ਦੇਸ਼ਾਂ ਵਿਚ ਯਹੂਦੀ ਦੇਸ਼ ਬਣਾ ਕੇ ਸੇਹ ਦਾ ਅਜਿਹਾ ਤੱਕਲਾ ਗੱਡਿਆ ਸੀ ਜੋ ਸਦੀਆਂ ਤੱਕ ਸਾਰੀ ਦੁਨੀਆ ਦੇ ਚੁੱਭਦਾ ਰਹੇਗਾ। ਮੁਸਲਿਮ ਦੇਸ਼ਾਂ ਨੇ ਇਸ ਨੂੰ ਕਦੇ ਮਾਨਤਾ ਨਹੀਂ ਦੇਣੀ ਤੇ ਕਿਸੇ ਸਮੇਂ ਇਸ ਖਿੱਤੇ ਦਾ ਵਿਵਾਦ ਦੁਨੀਆ ਦੇ ਵਿਨਾਸ਼ ਦਾ ਕਾਰਨ ਬਣ ਸਕਦਾ ਹੈ। ਇਹ ਵੀ ਵਰਨਣਯੋਗ ਹੈ ਕਿ ਇਸਾਈ (ਸੇਂਟ ਪਾਲ ਮੌਕੇ) ਆਪਣੇ ਜਨਮ ਤੋਂ ਹੀ ਪਿਛਲੇ 2 ਹਜ਼ਾਰ ਸਾਲਾਂ ਤੋਂ ਲਗਾਤਾਰ ਯਹੂਦੀਆਂ ‘ਤੇ ਜ਼ੁਲਮ ਕਰਦੇ ਰਹੇ ਸਨ, ਇਹ ਜ਼ੁਲਮ ਦੂਜੀ ਸੰਸਾਰ ਜੰਗ ਤੋਂ ਬਾਅਦ ਜਾ ਕੇ ਰੁਕੇ ਸਨ। 14-15ਵੀਂ ਸਦੀ ਵਿਚ ਯੂਰਪ ਦੀ ਅੱਧੀ ਵਸੋਂ ਮਹਾਂਮਾਰੀ ਨਾਲ ਮਾਰੀ ਗਈ ਸੀ, ਇਸਾਈਆਂ ਨੇ ‘ਯਹੂਦੀ ਪਲੇਗ ਦੇ ਪਿਸੂ ਹਨ` ਕਹਿ ਕੇ ਪਲੇਗ ਦਾ ਸਾਰਾ ਭਾਂਡਾ ਯਹੂਦੀਆਂ ਸਿਰ ਭੰਨਿਆ ਕਿ ਇਨ੍ਹਾਂ ਕਰਕੇ ਮਹਾਂਮਾਰੀ ਫੈਲੀ ਹੈ, ਲੱਖਾਂ ਯਹੂਦੀ ਸਾਰੇ ਯੂਰਪ ਵਿਚੋਂ ਲੱਭ-ਲੱਭ ਕੇ ਮਾਰੇ ਗਏ ਸਨ। ਪਿਛਲੀ ਸਦੀ ਵਿਚ ਕਿਵੇਂ ਹਿਟਲਰਸ਼ਾਹੀ ਨੇ 60 ਲੱਖ ਯਹੂਦੀ ਬਿਨਾ ਕਿਸੇ ਭੜਕਾਹਟ ਮਾਰੇ ਸਨ, ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਇਸ ਦੇ ਮੁਕਾਬਲੇ ਜਿਸ ਤਰ੍ਹਾਂ ਅੱਜ ਦੇ ਵਿਦਵਾਨ ਹਿੰਦੂਆਂ-ਸਿੱਖਾਂ ਦੀ ਦੁਸ਼ਮਣੀ ਪੇਸ਼ ਕਰਦੇ ਹਨ, ਕਦੇ ਇਤਿਹਾਸ ਵਿਚ ਹਿੰਦੂਆਂ ਨੇ ਸਿੱਖਾਂ ਨਾਲ ਅਜਿਹੀ ਦੁਸ਼ਮਣੀ ਕੀਤੀ ਹੀ ਨਹੀਂ ਸਗੋਂ ਇਤਿਹਾਸ ਅਨੁਸਾਰ 18ਵੀਂ ਸਦੀ ਵਿਚ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ ਤਾਂ ਹਿੰਦੂਆਂ ਦੇ ਮੁੰਡੇ ਸਿੰਘ ਸਜ ਕੇ ਸਿੱਖੀ ਲਹਿਰ ਦਾ ਹਿੱਸਾ ਬਣ ਜਾਂਦੇ ਸਨ। ਸਵਾਮੀ ਦਇਆ ਨੰਦ ਅਤੇ ਚੰਦ ਸਿਰਫਿਰੇ ਵਿਦਵਾਨਾਂ ਦੀਆਂ ਸਿੱਖ ਧਰਮ ਬਾਰੇ ਕੁਝ ਟਿੱਪਣੀਆਂ ਤੋਂ ਬਿਨਾ ਤੋਂ ਕਿਸੇ ਵੀ ਵੱਡੇ ਹਿੰਦੂ ਵਿਦਵਾਨ ਨੇ ਸਿੱਖ ਧਰਮ ਬਾਰੇ ਸ਼ਾਇਦ ਹੀ ਕੁਝ ਗਲਤ ਲਿਖਿਆ ਹੋਵੇ। ਜੇ ਸਵਾਮੀ ਦਇਆ ਨੰਦ ਦੇ ‘ਸਤਿਆਰਥ ਪ੍ਰਕਾਸ਼` ਗ੍ਰੰਥ ਨੂੰ ਪੜ੍ਹੋ ਤਾਂ ਉਸ ਵਿਚ ਅੱਧਾ ਗ੍ਰੰਥ ਤਾਂ ਇਸ ਤੋਂ ਵੀ ਵੱਧ ਤਿੱਖੀਆਂ ਟਿੱਪਣੀਆਂ ਹਨ ਜੋ ਸਨਾਤਨ ਹਿੰਦੂ ਧਰਮ, ਇਸਾਈਅਤ ਤੇ ਇਸਲਾਮ ਬਾਰੇ ਹਨ। ਇਸ ਦੇ ਉਲਟ ਇਸਾਈ ਧਰਮਾਂ ਵਿਚ ਸੇਂਟ ਪਾਲ, ਮਾਰਟਿਨ ਲੂਥਰ ਤੋਂ ਲੈ ਕੇ ਕੋਈ ਵੀ ਵੱਡਾ ਚਿੰਤਕ ਅਜਿਹਾ ਨਹੀਂ ਹੋਇਆ ਜਿਸ ਨੇ ਯਹੂਦੀਆਂ ਬਾਰੇ ਬੇਸਿਰ-ਪੈਰ, ਊਟ-ਪਟਾਂਗ ਨਾ ਲਿਖਿਆ ਹੋਵੇ। ‘ਵੱਖਰੇ ਸਿੱਖ ਹੋਮਲੈਂਡ` ਦੇ ਵਾਰਿਸਾਂ ਨੂੰ ਸਾਡਾ ਸਵਾਲ ਹੈ ਕਿ ਜੇ ਖਾਲਿਸਤਾਨ ਇਜ਼ਰਾਈਲ ਦੀ ਤਰਜ਼ ‘ਤੇ ਵੱਡੀਆਂ ਤਾਕਤਾਂ ਰਾਹੀਂ ਬਣ ਵੀ ਜਾਵੇ ਤਾਂ ਇਸ ਨਾਲ ਸਿੱਖਾਂ ਜਾਂ ਸਰਬੱਤ ਦਾ ਭਲਾ ਕਿੰਨਾ ਕੁ ਹੋ ਸਕਦਾ ਹੈ? ਇਨ੍ਹਾਂ ਵਿਦਵਾਨਾਂ ਦੀਆਂ ਆਪਣੀਆਂ ਲਿਖਤਾਂ ਅਨੁਸਾਰ ਹੀ ਹਿੰਦੂ ਤੇ ਮੁਸਲਿਮ ਲੀਡਰ ਆਪੋ-ਆਪਣੇ ਹਿੱਤਾਂ ਅਨੁਸਾਰ ਵੱਡੇ-ਵੱਡੇ ਵਾਅਦੇ ਕਰਕੇ ਸਿੱਖਾਂ ਨੂੰ ਆਪਣੇ ਨਾਲ ਰੱਖਣਾ ਚਾਹੁੰਦੇ ਸਨ, ਜ਼ੁਲਮ ਕਰਨੇ ਤਾਂ ਬਹੁਤ ਦੂਰ ਦੀ ਗੱਲ ਹੈ? ਸਾਡੇ ਸਤਿਕਾਰਯੋਗ ਵਿਦਵਾਨ ਦੋ ਧਰਮ ਆਧਾਰਿਤ ਬਣੀਆਂ ਸਟੇਟਾਂ ਵਿਚ ਇੱਕ ਹੋਰ ਧਰਮ ਆਧਾਰਿਤ ਸਟੇਟ ਬਣਾ ਕੇ ਕੀ ਹਾਸਿਲ ਕਰਨਾ ਚਾਹੁੰਦੇ ਹਨ?
ਇੱਕ ਹੋਰ ਆਮ ਪ੍ਰਚਲਤ ਧਾਰਨਾ ਹੈ ਕਿ ਅੰਗਰੇਜ਼ ਸਿੱਖਾਂ ਨੂੰ ‘ਵੱਖਰਾ ਰਾਜ` ਦੇਣਾ ਚਾਹੁੰਦੇ ਸਨ ਪਰ ਸਿੱਖ ਨੁਮਾਇੰਦੇ ਸ. ਬਲਦੇਵ ਸਿੰਘ ਨੇ ਨਹਿਰੂ ਨੂੰ ਦੱਸ ਦਿੱਤਾ ਜਿਸ ਕਾਰਨ ਇਹ ਸਕੀਮ ਸਿਰੇ ਨਾ ਚੜ੍ਹੀ। ਇਸ ਸਬੰਧੀ ਸਿਰਦਾਰ ਕਪੂਰ ਸਿੰਘ ਆਪਣੀ ਕਿਤਾਬ ‘ਸਾਚੀ ਸਾਖੀ` ਦੇ ਪੰਨਾ 113-114 ਅਤੇ 1960 ਵਿਚ ਸ. ਬਲਦੇਵ ਸਿੰਘ ਨਾਲ ਹੋਈ ਪ੍ਰਾਈਵੇਟ ਗੱਲਬਾਤ ਦੇ ਆਧਾਰ ‘ਤੇ ਲਿਖਦੇ ਹਨ ਕਿ 2 ਦਸੰਬਰ 1946 ਨੂੰ ਮੁਹੰਮਦ ਅਲੀ ਜਿਨਾਹ, ਲਿਆਕਤ ਅਲੀ ਖਾਨ, ਪੰਡਤ ਜਵਾਹਰ ਲਾਲ ਨਹਿਰੂ, ਸ. ਬਲਦੇਵ ਸਿੰਘ ਤੇ ਵਾਇਸਰਾਏ ਆਫ ਇੰਡੀਆ ਲੰਡਨ ਗਏ ਜਿਥੇ ਚਾਰ ਦਿਨ ਗੱਲਬਾਤ ਚੱਲਦੀ ਰਹੀ। ਇਸ ਦਾ ਮੁੱਖ ਮੁੱਦਾ ਇਹ ਸੀ ਕਿ ਹਿੰਦੂ-ਮੁਸਲਿਮ ਲੀਡਰਸ਼ਿਪ ਦੇਸ਼ ਦਾ ਬਟਵਾਰਾ ਨਾ ਕਰੇ ਅਤੇ ਕਿਸੇ ਸਮਝੌਤੇ ‘ਤੇ ਪਹੁੰਚ ਜਾਣ। ਹੁਣ ਤੱਕ ਦੇਸ਼ ਬਟਵਾਰੇ ਬਾਰੇ ਛਪੀਆਂ ਸੈਂਕੜੇ ਕਿਤਾਬਾਂ ਅਤੇ ਬ੍ਰਿਟਿਸ਼ ਸਰਕਾਰ ਵਲੋਂ ਜਾਰੀ ਸਰਕਾਰੀ ਦਸਤਾਵੇਜ਼ਾਂ ਅਨੁਸਾਰ ਅੰਗਰੇਜ਼ ਕਿਸੇ ਵੀ ਹਾਲਤ ਵਿਚ ਬਟਵਾਰਾ ਨਹੀਂ ਕਰਨਾ ਚਾਹੁੰਦੇ ਸਨ ਪਰ ਕਾਂਗਰਸ ਅਤੇ ਮੁਸਲਿਮ ਲੀਗ ਵਿਚ ਮੱਤਭੇਦ ਇਤਨੇ ਵਧ ਚੁੱਕੇ ਸਨ ਕਿ ਬਟਵਾਰਾ ਰੁਕ ਨਹੀਂ ਸਕਦਾ ਸੀ; ਬੇਸ਼ਕ ਬਾਅਦ ਵਿਚ ਪੰਜਾਬ ਤੇ ਬੰਗਾਲ ਵਿਚ ਜੋ ਕਤਲੇਆਮ ਹੋਇਆ, ਉਸ ਬਾਰੇ ਕਿਸੇ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ? ਸਿਰਦਾਰ ਕਪੂਰ ਸਿੰਘ ਲਿਖਦੇ ਹਨ ਕਿ 6 ਦਸੰਬਰ 1946 ਦੀ ਸ਼ਾਮ ਨੂੰ ਬ੍ਰਿਟਿਸ਼ ਸਰਕਾਰ ਦੇ ਬਹੁਤ ਵੱਡੇ ਤੇ ਬਾਰਸੂਖ ਮੁਦੱਬਰ ਲੀਡਰ ਵਿੰਸਟਨ ਚਰਚਿਲ ਦਾ ਬਲਦੇਵ ਸਿੰਘ ਨੂੰ ਸੁਨੇਹਾ ਆਇਆ ਸੀ ਕਿ ਨਹਿਰੂ ਨੂੰ ਵਾਪਿਸ ਹਿੰਦੁਸਤਾਨ ਚਲੇ ਜਾਣ ਦਿਉ, ਤੇ ਸਿੱਖਾਂ ਦਾ ਨੁਮਾਇੰਦਾ ਦੋ ਦਿਨ ਹੋਰ ਲੰਡਨ ਅਟਕ ਜਾਵੇ ਤਾਂ ਮੁਸਲਿਮ ਲੀਗ ਤੇ ਅੰਗਰੇਜ਼ਾਂ ਦੇ ਮਸ਼ਵਰੇ ਨਾਲ ਕੋਈ ਅਜਿਹਾ ਰਾਜਸੀ ਬਾਨ੍ਹਣੂ ਬੰਨ੍ਹਿਆ ਜਾ ਸਕੇ ਜਿਸ ਨਾਲ ਸਿੱਖ ਹਿੰਦੁਸਤਾਨ ਦੇ ਰਾਜਸੀ ਖੇਤਰ ਵਿਚ ਆਪਣੇ ਪੈਰਾਂ ‘ਤੇ ਖੜ੍ਹੇ ਹੋ ਕੇ ਵਿਸ਼ਵ ਇਤਿਹਾਸ ਵਿਚ ਆਪਣਾ ਕਿਰਦਾਰ ਨਿਭਾਅ ਸਕਣ। ਬਲਦੇਵ ਸਿੰਘ ਨੇ ਇਹ ਖੁਫੀਆ ਤੇ ਜ਼ਾਤੀ ਸੁਨੇਹਾ ਝੱਟ ਨਹਿਰੂ ਦੇ ਕੰਨੀਂ ਪਾ ਦਿੱਤਾ ਜਿਸ ਕਰਕੇ ਉਨ੍ਹਾਂ ਇਹ ਅਖਬਾਰੀ ਬਿਆਨ ਤਿਆਰ ਕਰਵਾ ਕੇ ਬਲਦੇਵ ਸਿੰਘ ਵਲੋਂ ਦਿਵਾਇਆ: ‘ਸਿੱਖਾਂ ਦੀ ਕੋਈ ਮੰਗ ਨਹੀਂ, ਜੋ ਉਹ ਅੰਗਰੇਜ਼ਾਂ ਤੋਂ ਲੈਣੀ ਚਾਹੁੰਦੇ ਹਨ। ਉਹ ਆਪਣਾ ਫੈਸਲਾ ਸਿੱਧਾ ਕਾਂਗਰਸ ਨਾਲ ਆਪ ਕਰ ਲੈਣਗੇ। ਸਿੱਖਾਂ ਦੀ ਇਕੋ-ਇੱਕ ਮੰਗ ਹੈ ਕਿ ਅੰਗਰੇਜ਼ ਹਿੰਦੁਸਤਾਨ ਖਾਲੀ ਕਰ ਜਾਣ।` ਵੈਸੇ ਤਾਂ ਇਸ ਸਾਰੀ ਨਿੱਜੀ ਗੱਲਬਾਤ ਦਾ ਕਪੂਰ ਸਿੰਘ ਕੋਈ ਠੋਸ ਪ੍ਰਮਾਣ ਪੇਸ਼ ਨਹੀਂ ਕੀਤਾ ਅਤੇ ਬਲਦੇਵ ਸਿੰਘ ਵੀ 1961 ਤੱਕ ਜ਼ਿੰਦਾ ਰਹੇ, ਨਾ ਹੀ ਉਨ੍ਹਾਂ ਕਿਤੇ ਇਸ ਬਾਰੇ ਕੋਈ ਜ਼ਿਕਰ ਕੀਤਾ ਹੈ ਪਰ ਜੇ ਇਸ ਨੂੰ ਸੱਚ ਵੀ ਮੰਨ ਲਿਆ ਜਾਵੇ ਤਾਂ ਕੁਝ ਗੱਲਾਂ ਸਪਸ਼ਟ ਹਨ ਕਿ ਇਹ ਮੀਟਿੰਗ ਦੇਸ਼ ਦਾ ਬਟਵਾਰਾ ਕਰਕੇ ਭਾਰਤ ਅਤੇ ਪਾਕਿਸਤਾਨ ਬਣਾਉਣ ਲਈ ਨਹੀਂ ਸੀ ਜਿਥੇ ਸਿੱਖਾਂ ਨੂੰ ਵੱਖਰੇ ਦੇਸ਼ ਦੀ ਪੇਸ਼ਕਸ਼ ਹੋਣੀ ਸੀ ਸਗੋਂ ਕੈਬਿਨਟ ਮਿਸ਼ਨ ਦੀਆਂ ਤਜਵੀਜ਼ਾਂ ਨੂੰ ਸਿਰੇ ਚਾੜ੍ਹਨ ਦੀ ਆਖਰੀ ਕੋਸ਼ਿਸ਼ ਸੀ ਤਾਂ ਕਿ ਕਿਸੇ ਢੰਗ ਨਾਲ ਭਾਰਤ ਦਾ ਬਟਵਾਰਾ ਰੁਕ ਸਕੇ। ਇਸ ਕਰਕੇ ਇਥੇ ਕਿਸੇ ਵੱਖਰੇ ਖਾਲਿਸਤਾਨ ਦੀ ਗੱਲ ਬਾਰੇ ਸੋਚਣਾ ਹੀ ਮੂਰਖਤਾ ਤੋਂ ਵੱਧ ਕੁਝ ਨਹੀਂ। ਬਲਦੇਵ ਸਿੰਘ ਕਾਂਗਰਸ ਵਲੋਂ ਸਿੱਖ ਨੁਮਾਇੰਦੇ ਦੇ ਤੌਰ ‘ਤੇ ਲਿਜਾਏ ਗਏ ਸਨ, ਨਾ ਕਿ ਸਿੱਖਾਂ ਨੂੰ ਵੱਖਰੀ ਕੌਮ ਮੰਨ ਕੇ ਨਹਿਰੂ ਨਾਲ ਲੈ ਕੇ ਗਿਆ ਸੀ। ਇਹ ਵੀ ਵਰਨਣਯੋਗ ਹੈ ਕਿ ਕੰਜਰਵੇਟਿਵ ਲੀਡਰ ਵਿੰਸਟਨ ਚਰਚਿਲ 1940 ਤੋਂ 1945 ਤੱਕ ਦੂਜੇ ਸੰਸਾਰ ਜੰਗ ਦੌਰਾਨ ਬਰਤਾਨੀਆ ਦਾ ਪ੍ਰਧਾਨ ਮੰਤਰੀ ਸੀ ਪਰ 1945 ਦੀਆਂ ਚੋਣਾਂ ਵਿਚ ਉਸ ਦੀ ਪਾਰਟੀ ਬੁਰੀ ਤਰ੍ਹਾਂ ਹਾਰ ਗਈ ਸੀ ਤੇ ਜਿਸ ਵਕਤ ਦੀ ਗੱਲ ਸਿਰਦਾਰ ਕਪੂਰ ਸਿੰਘ ਕਰ ਰਹੇ ਸਨ, ਉਸ ਵਕਤ ਇੰਗਲੈਂਡ ਵਿਚ ਚਰਚਿਲ ਦੀ ਕੋਈ ਵੁੱਕਤ ਨਹੀਂ ਸੀ। ਇਹ ਕਹਿਣਾ ਕਿ ਉਸ ਨੇ ਬਲਦੇਵ ਸਿੰਘ ਨੂੰ ‘ਖਾਲਿਸਤਾਨ` ਦੇ ਕਿਸੇ ਅਖੌਤੀ ਪ੍ਰਸਤਾਵ ਲਈ ਦੋ ਦਿਨ ਰੁਕਣ ਵਾਸਤੇ ਕਿਹਾ ਸੀ, ਦਾ ਕੋਈ ਮਤਲਬ ਨਹੀਂ ਬਣਦਾ। ਜੇ ਉਨ੍ਹਾਂ ਹਾਲਾਤ ਵਿਚ ਸਿੱਖਾਂ ਦਾ ਪੱਖ ਜਾਨਣਾ ਹੋਵੇ ਤਾਂ ਡਾ. ਸੰਗਤ ਸਿੰਘ ਦੀ ਕਿਤਾਬ ‘ਇਤਿਹਾਸ ‘ਚ ਸਿੱਖ` ਵਿਚੋਂ ਬਹੁਤ ਵਿਸਥਾਰ ਮਿਲਦਾ ਹੈ। ਇਸ ਵਿਚੋਂ ਕਿਤੇ ਵੀ ਅਜਿਹਾ ਕੋਈ ਵਾਕਿਆ ਨਹੀਂ ਮਿਲਦਾ ਜਿਥੇ ਕਿਤੇ ਸਿੱਖਾਂ ਨੇ ਭਾਰਤ ਤੋਂ ਵੱਖ ਹੋਣ ਬਾਰੇ ਕੋਈ ਪੱਖ ਰੱਖਿਆ ਹੋਵੇ। ਇਸ ਸਬੰਧੀ ਇੱਕ ਹੋਰ ਮਹੱਤਵਪੂਰਨ ਜਾਣਕਾਰੀ ਡਾ. ਸੰਗਤ ਸਿੰਘ ਆਪਣੀ ਇਸੇ ਕਿਤਾਬ ‘ਇਤਿਹਾਸ ‘ਚ ਸਿੱਖ` ਦੇ ਪੰਨਾ 271 ‘ਤੇ ਦਿੰਦੇ ਹਨ ਕਿ 20 ਦਸੰਬਰ 1947 ਨੂੰ ਪੰਜਾਬ ਉਸਾਰੀ ਕਮੇਟੀ ਦੇ ਡੈਲੀਗੇਸ਼ਨ ਨੇ ਨਹਿਰੂ ਨੂੰ ਸੁਝਾਅ ਦਿੱਤਾ ਕਿ ਸਿੱਖਾਂ ਨੂੰ ਸਪਸ਼ਟ ਪੁੱਛਿਆ ਜਾਵੇ ਕਿ ਜੇ ਉਹ ਕੋਈ ਸਿੱਖ ਬਹੁ-ਗਿਣਤੀ ਵਾਲਾ ਸੂਬਾ ਚਾਹੁੰਦੇ ਹਨ ਤਾਂ ਪਾਕਿਸਤਾਨ ਤੋਂ ਸ਼ਰਨਾਰਥੀ ਬਣ ਕੇ ਆ ਰਹੇ ਸਿੱਖਾਂ ਨੂੰ ਇਸ ਢੰਗ ਨਾਲ ਵਸਾਇਆ ਜਾਵੇ ਕਿ ਸਿੱਖ ਇੱਕ ਜਗ੍ਹਾ ਬਹੁ-ਗਿਣਤੀ ਹੋ ਜਾਣ। ਜਵਾਬ ਵਿਚ ਨਹਿਰੂ ਨੇ ਦੱਸਿਆ ਕਿ ਇਸ ਸਬੰਧੀ ਉਸ ਨੇ ਮਾਸਟਰ ਤਾਰਾ ਸਿੰਘ ਨਾਲ ਗੱਲ ਕੀਤੀ ਸੀ ਕਿ ਤੁਹਾਡੇ ਲੋਕ (ਸਿੱਖ) ‘ਵੱਖਰਾ ਸਿੱਖ ਹੋਮਲੈਂਡ` (ਖਾਲਿਸਤਾਨ) ਚਾਹੁੰਦੇ ਹਨ? ਇਸ ‘ਤੇ ਮਾਸਟਰ ਤਾਰਾ ਸਿੰਘ ਨੇ ਕਿਹਾ ਸੀ ਕਿ ਸਿੱਖ ‘ਖਾਲਿਸਤਾਨ` ਦੇ ਕਿਸੇ ਵੀ ਵਿਚਾਰ ਦੇ ਖਿਲਾਫ ਹਨ। ਸਿੱਖ ਦੇਸ਼ ਦਾ ਛੋਟਾ ਜਿਹਾ ਭਾਈਚਾਰਾ ਹੋਣ ਕਰਕੇ ਉਨ੍ਹਾਂ (ਹਿੰਦੂਆਂ) ਨਾਲ ਕੋਈ ਝਗੜਾ ਮੁੱਲ ਨਹੀਂ ਲੈਣਾ ਚਾਹੁੰਦੇ, ਉਹ ਭਾਰਤ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ ਹਨ ਅਤੇ ਪੂਰਨ ਬਰਾਬਰੀ ਦੇ ਤੌਰ ‘ਤੇ ਹਿੰਦੂਆਂ ਨਾਲ ਭਰਾਵਾਂ ਵਾਂਗ ਰਹਿਣਾ ਚਾਹੁੰਦੇ ਹਨ। ਅਸਲ ਵਿਚ ਨਹਿਰੂ ਸਮੇਤ ਭਾਰਤੀ ਨੇਤਾਵਾਂ ਨੇ ਅਨੇਕਾਂ ਗਲਤੀਆਂ ਕੀਤੀਆਂ ਹਨ, ਕੀ ਅਜਿਹੀਆਂ ਗਲਤੀਆਂ ਹੋਰ ਦੇਸ਼ਾਂ ਪਾਕਿਸਤਾਨ, ਸ੍ਰੀਲੰਕਾ, ਬਰਮਾ (ਮਿਆਂਮਾਰ) ਨੇ ਨਹੀਂ ਕੀਤੀਆਂ? ਬਰਮਾ ਅਤੇ ਸ੍ਰੀਲੰਕਾ ਵਿਚ ਕਤਲੇਆਮ ਕਿਉਂ ਹੋ ਰਹੇ ਹਨ? ਸਮਝਣ ਵਾਲੀ ਗੱਲ ਹੈ, ਭਾਰਤੀ ਆਗੂਆਂ ਲਈ ਬਟਵਾਰੇ ਦਾ ਮੰਜ਼ਰ ਖੂੰਖਾਰ ਸੀ, ਉਨ੍ਹਾਂ ਨੂੰ ਕ੍ਰਿਪਸ ਮਿਸ਼ਨ ਦੀ 1942 ਵਿਚ ਆਮਦ ਤੋਂ ਲੈ ਕੇ 1946 ਵਿਚ ਕੈਬਿਨਟ ਮਿਸ਼ਨ ਦੇ ਆਉਣ ਤੱਕ ਪੰਜ ਸਾਲਾਂ ਵਿਚ ਮੁਸਲਿਮ ਲੀਗ ਅਤੇ ਮੁਹੰਮਦ ਅਲੀ ਜਿਨਾਹ ਦੀ ਧਰਮ ਆਧਾਰਿਤ ਸਿਆਸਤ ਨੇ ਇਤਨਾ ਅਕਾ ਤੇ ਥਕਾ ਦਿੱਤਾ ਸੀ ਕਿ ਉਹ ਬੋਲੀ ਜਾਂ ਖਿੱਤੇ ਜਾਂ ਧਰਮ ਦੇ ਆਧਾਰ ‘ਤੇ ਕਿਸੇ ਵੀ ਮੰਗ ਤੋਂ ਇਨਕਾਰੀ ਹੋ ਗਏ ਸਨ ਅਤੇ ਆਪਣੇ ਪਹਿਲਾਂ ਕੀਤੇ ਵਾਅਦਿਆਂ ਤੋਂ ਭੱਜ ਰਹੇ ਸਨ। ਉਧਰ ਪੰਜਾਬ ਦੇ ਹਿੰਦੂਆਂ ਨੂੰ ਵੀ ਇੱਕ ਹੋਰ ਬਟਵਾਰੇ ਦਾ ਡਰ ਸਤਾ ਰਿਹਾ ਸੀ, ਭਾਸ਼ਾ ਆਧਾਰ ‘ਤੇ ਪੰਜਾਬੀ ਸੂਬੇ ਵਿਚੋਂ ਵੀ ਉਨ੍ਹਾਂ ਨੂੰ ‘ਸਿੱਖ ਸੂਬੇ` ਦੀ ਹੀ ਗੰਧ ਆ ਰਹੀ ਸੀ, ਸ਼ਾਇਦ ਇਸੇ ਕਰਕੇ ਉਨ੍ਹਾਂ ਪੰਜਾਬੀ ਮਾਂ ਭਾਸ਼ਾ ਤੋਂ ਇਨਕਾਰ ਕੀਤਾ ਹੋਵੇ? ਪਰ ਅਸੀਂ ਹਰ ਗੱਲ ਨੂੰ ਸਾਜ਼ਿਸ਼ ਬਣਾ ਕੇ ਮਿਥਾਂ ਸਿਰਜ ਦਿੰਦੇ ਹਾਂ ਤੇ ਫਿਰ ਕਿਸੇ ਨੂੰ ਕੁਝ ਕਹਿਣ ਦੀ ਇਜਾਜ਼ਤ ਨਹੀਂ ਦਿੰਦੇ ਤੇ ਗੱਦਾਰੀ ਦੀ ਸਟੈਂਪ ਜੇਬ ਵਿਚ ਹੀ ਰੱਖਦੇ ਹਾਂ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਹਾਸ਼ਾ ਪ੍ਰੈਸ ਨੇ ਵੀ ਉਨ੍ਹਾਂ ਸਮਿਆਂ ਵਿਚ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ ਸੀ। 1947 ਦੇ ਜ਼ਖਮ ਸਭ ਲਈ ਉਸ ਸਮੇਂ ਬੜੇ ਅੱਲੇ ਸਨ, ਕੋਈ ਵੀ ਹੋਰ ਖੂਨ-ਖਰਾਬਾ ਜਾਂ ਬਟਵਾਰਾ ਨਹੀਂ ਚਾਹੁੰਦਾ ਸੀ, ਫਿਰ ਵੀ ਜੇ ਪੰਜਾਬੀ ਸੂਬਾ ਬਿਨਾ ਕਿਸੇ ਦੇਰੀ ਦੇ ਬਣਾ ਦਿੱਤਾ ਜਾਂਦਾ ਤਾਂ ਪਿਛਲੀ ਸਦੀ ਦੇ ਆਖਰੀ ਦੋ ਦਹਾਕਿਆਂ ਵਿਚ ਪੰਜਾਬ ਦੀ ਜੋ ਤਬਾਹੀ ਹੋਈ, ਸ਼ਾਇਦ ਬਚ ਜਾਂਦੀ।
ਜਦੋਂ ਸਿੱਖਾਂ ਦੀ ਬਹੁ-ਸੰਮਤੀ 1947 ਵਿਚ ਭਾਰਤ ਨਾਲ ਰਹਿਣ ਲੱਗ ਪਈ ਸੀ ਤਾਂ ਕਾਂਗਰਸ ਦੀ ਲੀਡਰਸ਼ਿਪ ਵਲੋਂ 20ਵੀਂ ਸਦੀ ਦੇ ਪਹਿਲੇ ਦਹਾਕਿਆਂ ਵਿਚ ਐਲਾਨੇ ਪ੍ਰੋਗਰਾਮ ਅਨੁਸਾਰ ਸੂਬਿਆਂ ਦੀ ਭਾਸ਼ਾ ਦੇ ਆਧਾਰ ‘ਤੇ ਵੰਡ ਕਰਨੀ ਸੀ ਤਾਂ ਸਿੱਖਾਂ ਦੀ ਮੰਗ ਅਨੁਸਾਰ ਪੰਜਾਬ ਨੂੰ ਵੀ ਭਾਸ਼ਾ ਦੇ ਆਧਾਰ ‘ਤੇ ਸ਼ੁਰੂ ਵਿਚ ਹੀ ਵੰਡ ਦਿੱਤਾ ਜਾਣਾ ਚਾਹੀਦਾ ਸੀ; ਇਸ ਲਈ ਦੇਰੀ ਨੇ ਵੀ ਸਿੱਖਾਂ ਵਿਚ ਭਾਰਤੀ ਸਟੇਟ ਪ੍ਰਤੀ ਬੇਗਾਨਗੀ ਦਾ ਅਹਿਸਾਸ ਪੈਦਾ ਕੀਤਾ ਪਰ ਇਸ ਨੂੰ ਜਿਸ ਤਰ੍ਹਾਂ ਉਸ ਵਕਤ ਜਾਂ ਅੱਜ ਵੀ ਅਜਿਹਾ ਪ੍ਰਚਾਰਿਆ ਜਾਂਦਾ ਹੈ ਕਿ ਸਾਰੇ ਭਾਰਤ ਵਿਚ ਸੂਬਿਆਂ ਦੀ ਵੰਡ ਭਾਸ਼ਾ ਦੇ ਆਧਾਰ ‘ਤੇ ਕਰ ਦਿੱਤੀ ਗਈ, ਸਿਰਫ ਪੰਜਾਬ ਨਾਲ ਹੀ ‘ਸਿੱਖਾਂ` ਕਰਕੇ ਵਿਤਕਰਾ ਹੋਇਆ, ਇਸ ਵਿਚਾਰ ਵਿਚ ਕੁਝ ਕੁ ਸਚਾਈ ਹੋ ਸਕਦੀ ਹੈ ਪਰ ਜਦੋਂ ਅਸੀਂ ਬਾਕੀ ਸੂਬਿਆਂ ਵੱਲ ਵੀ ਦੇਖਦੇ ਹਾਂ ਤਾਂ ਇੱਕ-ਦੋ ਨੂੰ ਛੱਡ ਕੇ ਕਿਸੇ ਨੂੰ ਪਲੇਟ ‘ਚ ਰੱਖ ਕੇ ਭਾਸ਼ਾਈ ਸੂਬੇ ਨਹੀਂ ਮਿਲੇ। ਇਸ ਦੀ ਮੁੱਖ ਉਦਾਹਰਨ ਮਹਾਰਾਸ਼ਟਰ ਤੇ ਗੁਜਰਾਤ ਦੀ ਹੈ ਜਿਸ ਦੀ ਕਾਇਮੀ ਮਈ 1960 ਵਿਚ ਲੰਮੇ ਸੰਘਰਸ਼ ਤੋਂ ਬਾਅਦ ਹੋਈ। ਉਥੇ ਵੀ ਕੇਂਦਰ ਸਰਕਾਰ ਰਾਜਧਾਨੀ ਦੇ ਝਗੜੇ ਨੂੰ ਮੁੱਖ ਰੱਖ ਕੇ ਬੰਬਈ (ਮੁੰਬਈ) ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣਾ ਚਾਹੁੰਦੀ ਸੀ ਅਤੇ ਬਹੁਤ ਲੋਕ ਸੰਯੁਕਤ ਮਹਾਰਾਸ਼ਟਰ ਦੇ ਹੱਕ ਵਿਚ ਸਨ। ਉਦੋਂ ਮਹਾਰਾਸ਼ਟਰ ਤੇ ਗੁਜਰਾਤ ਨੂੰ ਇਕੱਠਾ ਰੱਖਣ ਦੇ ਅੰਦੋਲਨ ਵਿਚ 106 ਲੋਕ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਸਨ। ਕਰਨਾਟਕ 1956 ਵਿਚ ਭਾਸ਼ਾ ਆਧਾਰਿਤ ਸੂਬਾ ਬਣਿਆ। ਤੇਲੰਗਾਨਾ ਨੂੰ ਆਂਧਰਾ ਤੋਂ ਵੱਖ ਕਰਨ ਦੀ ਮੰਗ 1950 ਤੋਂ ਚੱਲ ਰਹੀ ਸੀ ਜੋ 2014 ਵਿਚ ਪੂਰੀ ਕੀਤੀ ਗਈ। ਝਾਰਖੰਡ ਤੇ ਉਤਰਾਖੰਡ ਵਾਲੇ 1955 ਤੋਂ ਬਿਹਾਰ, ਮੱਧ ਪ੍ਰਦੇਸ਼, ਉੜੀਸਾ, ਯੂ. ਪੀ. ਤੋਂ ਵੱਖ ਹੋ ਕੇ ਵੱਖਰਾ ਝਾਰਖੰਡ ਤੇ ਉਤਰਾਖੰਡ ਬਣਾਉਣ ਲਈ ਲੜ ਰਹੇ ਸਨ ਜਿਨ੍ਹਾਂ ਦੀ ਮੰਗ 2000 ਵਿਚ ਪੂਰੀ ਹੋਈ। ਇਸ ਤਰ੍ਹਾਂ ਦੀਆਂ ਹੋਰ ਕਈ ਉਦਾਹਰਨਾਂ ਹਨ ਪਰ ਇਹ ਕਹਿਣਾ ਕਿ ਅਜਿਹਾ ਸਿਰਫ ਸਿੱਖਾਂ ਨਾਲ ਹਿੰਦੂ ਸਟੇਟ ਨੇ ਕੀਤਾ, ਕੋਈ ਤੁਕ ਨਹੀਂ ਬਣਦੀ।
ਉਂਜ, ਜੇ 1966 ਵਿਚ ਭਾਸ਼ਾ ਆਧਾਰਿਤ ਸੂਬਾ ਬਣ ਗਿਆ ਤਾਂ ਕੀ ਸਿੱਖ ਖੁਸ਼ ਹੋ ਗਏ? ਕੀ ਇਸ ਨਾਲ ਉਨ੍ਹਾਂ ਦੀ ਤਸੱਲੀ ਹੋ ਗਈ? ਅਸਲ ਵਿਚ ਸਿੱਖ ਲੀਡਰਸ਼ਿਪ ਹਮੇਸ਼ਾ ਦੁਬਿਧਾ ਦਾ ਸ਼ਿਕਾਰ ਰਹੀ ਹੈ, ਕਦੇ ਵੀ ਸਪਸ਼ਟਤਾ ਨਾਲ ਆਪਣਾ ਨਿਸ਼ਾਨਾ ਨਹੀਂ ਦੱਸ ਸਕੀ? ਉਹ ਪੰਜਾਬੀ ਸੂਬੇ ਦੇ ਪਰਦੇ ਹੇਠ ‘ਸਿੱਖ ਸੂਬੇ` ਦਾ ਸੁਪਨਾ ਦੇਖ ਰਹੇ ਸਨ ਜੋ ਪੂਰਾ ਨਹੀਂ ਹੋਇਆ ਪਰ ਕਦੇ ਕਹਿ ਨਹੀਂ ਸਕੇ ਕਿ ਅਸੀਂ ‘ਸਿੱਖ ਸੂਬਾ` ਚਾਹੁੰਦੇ ਹਾਂ। ‘ਧਰਮ ਯੁੱਧ` ਮੋਰਚੇ ਦੌਰਾਨ ਵੀ ਇਹੀ ਕੁਝ ਹੁੰਦਾ ਸੀ, ਜਦੋਂ ਸੰਤ ਭਿੰਡਰਾਂਵਾਲੇ ਖਾਲਿਸਤਾਨ ਸਬੰਧੀ ਸਵਾਲਾਂ ਦੇ ਜਵਾਬ ਵਿਚ ਕਹਿੰਦੇ ਸਨ ਕਿ ਅਸੀਂ ਮੰਗਦੇ ਨਹੀਂ, ਜੇ ਦੇ ਦੇਵੋਗੇ ਤਾਂ ਨਾਂਹ ਨਹੀਂ ਕਰਾਂਗੇ। ਫਿਰ ਕਹਿਣ ਲੱਗ ਪਏ ਕਿ ਸੰਤਾਂ ਨੇ ਕਿਹਾ ਸੀ, ਜਦੋਂ ਦਰਬਾਰ ਸਾਹਿਬ ‘ਤੇ ਹਮਲਾ ਹੋਇਆ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ ਪਰ 26 ਜਨਵਰੀ 1986 ਦੇ ਸਰਬੱਤ ਖਾਲਸੇ ਵਿਚ ਖਾਲਿਸਤਾਨ ਦਾ ਐਲਾਨ ਕਰਨ ਲਈ ਖਾੜਕੂ ਆਪਸ ਵਿਚ ਲੜ ਰਹੇ ਸਨ। ਇਸੇ ਆਧਾਰ ‘ਤੇ ਦੋ ਪੰਥਕ ਕਮੇਟੀਆਂ ਬਣੀਆਂ; ਇੱਕ ਨੇ 29 ਅਪਰੈਲ 1986 ਨੂੰ ਖਾਲਿਸਤਾਨ ਦਾ ਐਲਾਨ ਕੀਤਾ ਤੇ ਦੂਜੀ ਨੇ 7 ਅਕਤੂਬਰ 1987 ਨੂੰ ਕੀਤਾ। ਪਿਛਲੇ ਕੁਝ ਸਾਲਾਂ ਤੋਂ ‘ਸਿੱਖਸ ਫਾਰ ਜਸਟਿਸ` ਵਾਲੇ 2020 ਵਿਚ ਖਾਲਿਸਤਾਨ ਬਾਰੇ ਰੈਫਰੈਂਡਮ ਕਰਾਉਣ ਦਾ ਪ੍ਰਚਾਰ ਕਰ ਰਹੇ ਸਨ ਕਿ ਕੀ ਸਿੱਖ ਖਾਲਿਸਤਾਨ ਚਾਹੁੰਦੇ ਹਨ? ਜੇ ਸਿੱਖ ਖਾਲਿਸਤਾਨ ਨਹੀਂ ਚਾਹੁੰਦੇ ਸਨ ਤਾਂ 1984-1994 ਸੰਘਰਸ਼ ਕਿਸ ਵਾਸਤੇ ਸੀ? ਇਹ ਸਵਾਲ ਤਾਂ ਪੰਥਕ ਕਮੇਟੀਆਂ ਨੂੰ ਐਲਾਨ ਕਰਨ ਤੋਂ ਪਹਿਲਾਂ ਪੁੱਛਣਾ ਬਣਦਾ ਸੀ। ਕਹਿਣ ਤੋਂ ਭਾਵ ਪਿਛਲੇ 50 ਕੁ ਸਾਲਾਂ ਵਿਚ ਕਈ ਨਾਅਰੇ ਬਦਲ ਚੁੱਕੇ ਹਨ; ਜਿਵੇਂ ‘ਪੰਜਾਬੀ ਸੂਬਾ`, ‘ਸਿੱਖ ਸੂਬਾ`, ‘ਸਿੱਖ ਹੋਮਲੈਂਡ`, ‘ਸਿੱਖ ਰਾਜ`, ‘ਆਨੰਦਪੁਰ ਦਾ ਮਤਾ`, ‘ਰਾਜਾਂ ਨੂੰ ਵੱਧ ਅਧਿਕਾਰ ਵਾਲਾ ਫੈਡਰਲ ਢਾਂਚਾ`, ‘ਪੂਰਨ ਆਜ਼ਾਦੀ`, ‘ਅੰਮ੍ਰਿਤਸਰ ਐਲਾਨਾਮਾ` ਆਦਿ ਪਰ ਇਨ੍ਹਾਂ ਧਿਰਾਂ ਵਿਚੋਂ ਕੋਈ ਵੀ ਕਦੇ ਸਪਸ਼ਟ ਤੌਰ ‘ਤੇ ਦੱਸ ਨਹੀਂ ਸਕਿਆ ਕਿ ‘ਖਾਲਿਸਤਾਨ` ਜਾਂ ‘ਸਿੱਖ ਹੋਮਲੈਂਡ` ਪੰਜਾਬ ਦੇ ਕਿਹੜੇ ਹਿੱਸਿਆਂ ਵਿਚ ਹੋਵੇਗਾ, ਕਿਹੋ ਜਿਹਾ ਹੋਵੇਗਾ, ਮੌਜੂਦਾ ਪੰਜਾਬ ਵਿਚ ਵਸਦੇ 65% ਹੋਰ ਲੋਕਾਂ ਦਾ ਕੀ ਬਣੇਗਾ? ਕੀ ਉਨ੍ਹਾਂ ਦੀ ਰਾਏ ਨਹੀਂ ਲਈ ਜਾਣੀ ਚਾਹੀਦੀ? ਫਿਰ 35% ਸਿੱਖਾਂ ਵਿਚੋਂ ਵੀ ਕਿੰਨੇ ਕੁ ਹਨ ਜੋ ਖਾਲਿਸਤਾਨ ਦੀ ਹਮਾਇਤ ਕਰਦੇ ਹਨ? ਦਰਿਆਈ ਪਾਣੀਆਂ ਦੇ ਮਾਹਰ ਵਿਦਵਾਨ ਪ੍ਰੋ ਪ੍ਰੀਤਮ ਸਿੰਘ ਕੁਮੇਦਾਨ ਆਪਣੀ ਇੱਕ ਇੰਟਰਵਿਊ ਵਿਚ ਇਨ੍ਹਾਂ ਧਿਰਾਂ ਨੂੰ ਸਵਾਲ ਕਰਦੇ ਹਨ ਕਿ ਜੇ ਪੰਜਾਬ ਦੇ ਹਿੰਦੂ ਬਹੁ-ਸੰਮਤੀ ਵਾਲੇ ਜ਼ਿਲ੍ਹਿਆਂ ਨੂੰ ‘ਖਾਲਿਸਤਾਨ` ਵਿਚੋਂ ਕੱਢ ਦਿੱਤਾ ਜਾਵੇ ਤਾਂ ਮੌਜੂਦਾ ਪੰਜਾਬ ਦਾ ਦਰਿਆਈ ਪਾਣੀ ਵੀ ਸਾਡੇ ਕੋਲੋਂ ਖੁੱਸ ਜਾਵੇਗਾ?
ਖਾਲਿਸਤਾਨ ਦਾ ਸੰਕਲਪ ਸਿਆਸੀ ਵਿਚਾਰਧਾਰਾ ਹੈ। ਜਿਹੜੇ ਲੋਕ ਖਾਲਿਸਤਾਨ ਲਈ ਲੜਨਾ ਚਾਹੁੰਦੇ ਹਨ, ਇਹ ਉਨ੍ਹਾਂ ਦਾ ਹੱਕ ਹੈ, ਇਸ ਤੋਂ ਕੋਈ ਇਨਕਾਰੀ ਨਹੀਂ ਪਰ ਕੀ ਦੂਜੇ ਲੋਕਾਂ ਨੂੰ ਇਸ ਵਿਚਾਰਧਾਰਾ ਦਾ ਵਿਰੋਧ ਕਰਨ ਦਾ ਹੱਕ ਨਹੀਂ? ਇਸ ਰਾਜਸੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲੇ ਸਿੱਖ ਕੌਮ ਦੇ ਗਦਾਰ ਕਿਸ ਆਧਾਰ ‘ਤੇ ਹੋ ਸਕਦੇ ਹਨ? ਗੁਰਦੁਆਰੇ, ਖਾਸਕਰ ਗੁਰੂਆਂ ਨਾਲ ਸਬੰਧਤ ਇਤਿਹਾਸਕ ਸਥਾਨ ਸਭ ਦੇ ਸਾਂਝੇ ਹਨ। ਇਨ੍ਹਾਂ ਵਿਚ ਸਿੱਖਾਂ ਤੋਂ ਇਲਾਵਾ ਹੋਰ ਫਿਰਕਿਆਂ ਦੇ ਲੋਕ ਵੀ ਬੜੀ ਸ਼ਰਧਾ ਨਾਲ ਜਾਂਦੇ ਹਨ, ਕੀ ਉਨ੍ਹਾਂ ਸਥਾਨਾਂ ਦੀ ਕਿਸੇ ਰਾਜਸੀ ਵਿਚਾਰਧਾਰਾ ਦੀ ਹਮਾਇਤ ਲਈ ਵਰਤੋਂ ਜਾਇਜ਼ ਹੈ? ਜਦੋਂ ਦਰਬਾਰ ਸਾਹਿਬ ਅੰਦਰ ਜੂਨ 84 ਵਿਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਬਾਰੇ ਗੱਲ ਚੱਲਦੀ ਹੈ ਤਾਂ ਖਾਲਿਸਤਾਨੀ ਧਿਰਾਂ ਦਰਬਾਰ ਸਾਹਿਬ ਨੂੰ ਜੰਗ ਦਾ ਮੈਦਾਨ ਬਣਾਉਣ ਨੂੰ ਜਾਇਜ਼ ਠਹਿਰਾਉਣ ਲਈ ਕਈ ਦਲੀਲਾਂ ਘੜਦੀਆਂ ਹਨ ਪਰ ਅਜਮੇਰ ਸਿੰਘ ਆਪਣੀ ਕਿਤਾਬ ‘1984: ਅਣਚਿਤਵਿਆ ਕਹਿਰ` ਦੇ ਚੈਪਟਰ ‘ਸ੍ਰੀ ਦਰਬਾਰ ਸਾਹਿਬ ਦਾ ਨਿਆਰਾ ਮਹੱਤਵ` ਦੇ ਪੰਨਾ 32 ‘ਤੇ ਪ੍ਰੋ. ਪੂਰਨ ਸਿੰਘ ਦੇ ਹਵਾਲੇ ਨਾਲ ਦਰਬਾਰ ਸਾਹਿਬ ਬਾਰੇ ਇਉਂ ਲਿਖਦੇ ਹਨ, “ਇਹ ਸੱਚਖੰਡ ਦਾ ਟੁਕੜਾ ਕਲਗੀਆਂ ਵਾਲੇ ਨੇ ਆਪਣੇ ਜਾਗਦੇ ਬੱਚਿਆਂ ਲਈ ਘੱਲਿਆ ਹੈ … ਇਹ ਸਾਡਾ ਅਟੱਲ, ਅਮਰ ਸੱਚ ਘਰ ਹੈ, ਸੱਚ ਵਤਨ ਹੈ…, ਇਹ ਗੁਰੂ ਰਾਮਦਾਸ ਜੀ ਦੀ ਦੇਹ ਹੈ। ਇਹ ਹਰਮਿੰਦਰ ਸਾਡਾ ਜੀਵਨ, ਪ੍ਰਾਣ, ਧਰਤ, ਅਕਾਸ਼, ਹੱਡੀ, ਮਾਸ, ਰੁਧਰ ਹੈ। ਇਹ ਸਾਡਾ ਦਿਲ ਹੈ, ਇਹ ਸਾਡੇ ਲੋਕ ਪ੍ਰਲੋਕ ਦੀ ਫਤਹਿ ਹੈ…, ਇਹ ਸਾਡੇ ਰੱਬ ਦਾ ਘਰ ਹੈ…, ਸਾਰੀ ਕੁਦਰਤ ਦੇ ਮੁੱਲ ਵਿਚ ਅਸੀਂ ਇਸ ਦੀ ਇੱਕ ਸ਼ਿਲਾ ਨਹੀਂ ਦੇ ਸਕਦੇ … ਕਿਉਂਕਿ ਇੱਕ ਇੱਕ ਸ਼ਿਲਾ ਵਿਚ ਇਲਾਹੀ ਜਿੰਦ ਧੜਕ ਰਹੀ ਹੈ। ਇਹ ਸ਼ਿਲਾਵਾਂ ਨਹੀਂ, ਈਸ਼ਵਰੀ ਦਰਬਾਰ ਦੇ ਅੱਡ-ਅੱਡ ਸਿੰਘਾਸਨ ਹਨ, ਆਦਿ ਆਦਿ। ਇਥੇ ਅਜਮੇਰ ਸਿੰਘ ਪ੍ਰੋ. ਪੂਰਨ ਸਿੰਘ ਦੀ ਪੂਰੀ ਲਿਖਤ ਦੀਆਂ ਇਹ ਸਤਰਾਂ ਲਿਖਣ ਵਿਚ ਕੰਜੂਸੀ ਕਰ ਗਏ, ਜਿਥੇ ਉਨ੍ਹਾਂ ਕਿਹਾ ਸੀ ਕਿ ਦਰਬਾਰ ਸਾਹਿਬ ਨੂੰ ਜੰਗ ਦਾ ਅਖਾੜਾ ਨਹੀਂ ਬਣਾਇਆ ਜਾ ਸਕਦਾ। ਪ੍ਰੋ. ਪੂਰਨ ਸਿੰਘ ਆਪਣੇ ਲੇਖ ‘ਸ੍ਰੀ ਦਰਬਾਰ ਸਾਹਿਬ` ਵਿਚ ਲਿਖਦੇ ਹਨ: ‘ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦਾ ਸਿਧਾਂਤ ਬਖਸ਼ਿਆ ਪਰ ਸ੍ਰੀ ਅੰਮ੍ਰਿਤਸਰ, ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਨੂੰ ਕਦੇ ਸਿਆਸਤ ਦਾ ਕੇਂਦਰ ਨਹੀਂ ਬਣਾਇਆ? ਉਨ੍ਹਾਂ ਨੇ ਧਰਮ ਨੂੰ ਸਿਆਸਤ ਤੋਂ ਹਮੇਸ਼ਾ ਉਚਾ ਰੱਖਿਆ? ਗੁਰੂ ਸਾਹਿਬ ਚਾਹੁੰਦੇ ਸਨ ਕਿ ਦਰਬਾਰ ਸਾਹਿਬ ਕਦੇ ਜੰਗ ਦਾ ਅਖਾੜਾ ਨਾ ਬਣੇ, ਪੁਲੀਟੀਕਲ ਕੰਮ ਇਥੋਂ ਦੂਰ ਹੋ ਕੇ ਕੀਤੇ ਜਾਣ? ਜਦੋਂ ਦੁਬਾਰਾ ਅੰਮ੍ਰਿਤਸਰ ਵਿਚ ਜੰਗ ਦਾ ਮਾਹੌਲ ਬਣਨ ਲੱਗਾ ਤਾਂ ਗੁਰੂ ਸਾਹਿਬ ਮਾਝੇ ਨੂੰ ਛੱਡ ਦੂਰ ਪਹਾੜਾਂ ਵਿਚ ਕੀਰਤਪੁਰ ਜਾ ਵਸੇ ਤਾਂ ਕਿ ਇਹ ਸਰਬ ਸਾਂਝਾ ਥਾਂ ਕਦੇ ਜੰਗਾਂ-ਯੁੱਧਾਂ ਦਾ ਅਖਾੜਾ ਨਾ ਬਣੇ? ਪ੍ਰੋ. ਪੂਰਨ ਸਿੰਘ ਅੱਗੇ ਲਿਖਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਨੇ ਵੀ ਗੁਰੂਆਂ ਦੀ ਇਸੇ ਸੋਚ ਅਨੁਸਾਰ, ‘ਖਾਲਸਾ ਰਾਜ` ਦੀ ਰਾਜਧਾਨੀ ਅੰਮ੍ਰਿਤਸਰ ਦੀ ਥਾਂ ਲਾਹੌਰ ਬਣਾਉਣਾ ਬਿਹਤਰ ਸਮਝਿਆ ਤਾਂ ਕਿ ਦਰਬਾਰ ਸਾਹਿਬ ਨੂੰ ਸਿਆਸਤ ਅਤੇ ਯੁੱਧਾਂ ਤੋਂ ਦੂਰ ਰੱਖਿਆ ਜਾਵੇ। ` ਚਲੋ ਜੇ ਜੂਨ ਚੁਰਾਸੀ ਦੀਆਂ ਘਟਨਾਵਾਂ ਸਬੰਧੀ ਇਨ੍ਹਾਂ ਦੇ ਸਾਰੇ ਤਰਕ ਜਾਇਜ਼ ਵੀ ਮੰਨ ਲਈਏ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਅਜਿਹੀ ਪਾਕ-ਪਵਿੱਤਰ ਥਾਂ ‘ਤੇ 1987-1988 ਵਿਚ ਵੱਖ-ਵੱਖ ਖਾੜਕੂ ਗਰੁਪਾਂ ਵਲੋਂ ਜੋ ‘ਮਹਾਨ ਕਾਰਨਾਮੇ` ਕੀਤੇ ਗਏ ਸਨ, ਉਨ੍ਹਾਂ ਬਾਰੇ ਦੋਸ਼ ਕਿਸ ਨੂੰ ਦਿਉਗੇ? ਕੀ ਫੈਡਰੇਸ਼ਨਾਂ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਸਾਰੇ ਖਾੜਕੂ ਸਰਕਾਰੀ ਏਜੰਸੀਆਂ ਦੇ ਬੰਦੇ ਸਨ? ਕੀ ਸੁਰਜੀਤ ਸਿੰਘ ਪੈਂਟਾ, ਕਾਰਜ ਸਿੰਘ ਥਾਂਦੇ, ਨਿਰਵੈਰ ਸਿੰਘ, ਜਗੀਰ ਸਿੰਘ, ਮਲਕੀਅਤ ਸਿੰਘ ਅਜਨਾਲਾ ਆਦਿ ਸਭ ਕੈਟ ਸਨ ਜਿਨ੍ਹਾਂ ਦੇ ਅਹਿਦ ਵਿਚ ਦਰਜਨਾਂ ਮਰਦ-ਔਰਤਾਂ ਮਾਰ ਕੇ ਦਰਬਾਰ ਸਾਹਿਬ ਅੰਦਰ ਹੀ ਅਕਾਲ ਤਖਤ ਦੇ ਮਲਬੇ ਵਿਚ ਦੱਬ ਦਿੱਤੇ ਸਨ, ਕਿੰਨੀਆਂ ਲਾਸ਼ਾਂ ਗਟਰਾਂ ਵਿਚ ਸੁੱਟ ਦਿੱਤੀਆਂ ਜਿਨ੍ਹਾਂ ਬਾਰੇ ਕੋਈ ਪਤਾ ਹੀ ਨਹੀਂ? ਜਿਨ੍ਹਾਂ ਨੇ ਮਈ 1988 ਵਿਚ ਭਾਰਤੀ ਫੋਰਸਾਂ ਵਲੋਂ ਕੀਤੇ ‘ਉਪਰੇਸ਼ਨ ਬਲੈਕ ਥੰਡਰ` ਦੌਰਾਨ ਘਿਰ ਜਾਣ ਤੋਂ ਬਾਅਦ ਦਰਬਾਰ ਸਾਹਿਬ ਦੇ ਅੰਦਰ ਸ਼ਰਨ ਲੈ ਲਈ ਸੀ, ਜਿਥੇ ਸਾਰਾ ਦਿਨ ਇਲਾਹੀ ਕੀਰਤਨ ਹੁੰਦਾ ਹੈ ਤੇ ਉਥੇ ਸਰੋਵਰ ਵਿਚ ਹੀ ਨਹੀਂ, ਕੜਾਹ ਪ੍ਰਸ਼ਾਦ ਦੇ ਬਾਟਿਆਂ ਵਿਚ ਮਲ-ਮੂਤਰ ਕਰਦੇ ਰਹੇ। ਉਹ ਸਥਾਨ ਜਿਥੇ ਸਜਦਾ ਕਰਨ ਦੀ ਵਾਰੀ ਆਉਣ ਲਈ ਲਾਈਨਾਂ ਵਿਚ ਛੇ-ਛੇ ਘੰਟੇ ਦਾ ਸਮਾਂ ਲੱਗ ਜਾਂਦਾ ਸੀ, ਉਨ੍ਹਾਂ ਸਮਿਆਂ ਵਿਚ ਲੋਕ ਦਰਬਾਰ ਸਾਹਿਬ ਮੱਥਾ ਟੇਕਣ ਜਾਣ ਤੋਂ ਵੀ ਡਰਦੇ ਸਨ, ਉਥੇ ਸੁੰਨ ਪਸਰ ਗਈ ਸੀ ਤੇ ਚਿੜੀਆਂ ਕਾਂ ਵੀ ਜਾਣ ਤੋਂ ਤ੍ਰਬਕਣ ਲੱਗ ਪਏ ਸਨ ਪਰ ਕਦੇ ਕਿਸੇ ਸਿੱਖ ਬੁੱਧੀਜੀਵੀ ਜਾਂ ਆਗੂ ਨੇ ਇਸ ਬਾਰੇ ਆਵਾਜ਼ ਕਿਉਂ ਨਾ ਉਠਾਈ? ਉਨ੍ਹਾਂ ਸਮਿਆਂ ਦੇ ਇਸ ਖੌਫਨਾਕ ਵਰਤਾਰੇ ਨੂੰ ਖਾੜਕੂ ਧਿਰਾਂ ਦੇ ਵਾਰਿਸ ਲੋਕਾਂ ਦੇ ਚੇਤਿਆਂ ਵਿਚੋਂ ਵਿਸਾਰਨ ਦੀ ਚਤੁਰਾਈ ਕਰਦੇ ਹਨ ਤੇ ਕਿਤੇ ਜ਼ਿਕਰ ਤੱਕ ਨਹੀਂ ਕਰਦੇ? ਇਹ ਵਿਦਵਾਨ ਉਨ੍ਹਾਂ ਖਾੜਕੂਆਂ ਵਲੋਂ ਦਰਬਾਰ ਸਾਹਿਬ ਦੀ ਕੀਤੀ ਬੇਹੁਰਮਤੀ ਦੀ ਜ਼ਿੰਮੇਵਾਰੀ ਕਿਉਂ ਨਹੀਂ ਲੈਂਦੇ? ਇਥੇ ਉਨ੍ਹਾਂ ਦਿਨਾਂ ਦੀ ਇੱਕ ਘਟਨਾ ਦਾ ਜ਼ਿਕਰ ਕਰਨਾ ਮੁਨਾਸਿਬ ਰਹੇਗਾ। ਸੰਤ ਭਿੰਡਰਾਂਵਾਲਿਆਂ ਦੇ ਨਜਦੀਕੀ ਰਹੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਆਪਣੀ ਕਿਤਾਬ ‘ਸੰਤ ਭਿੰਡਰਾਂਵਾਲੇ ਦੇ ਰੂ-ਬ-ਰੂ, ਜੂਨ 84 ਦੀ ਪੱਤਰਕਾਰੀ` ਵਿਚ ਪੰਨਾ 399-401 ‘ਤੇ ਲੇਖ ‘ਬਾਬਾ ਸਿੰਧੀ ਦਾ ਸਿੱਖ ਖਾੜਕੂਆਂ ਹੱਥੋਂ ਹੀ ਕਤਲ` ਵਿਚ ਲਿਖਦੇ ਹਨ ਕਿ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਕਮਰਿਆਂ ‘ਤੇ ਕਬਜ਼ਾ ਕਰੀ ਬੈਠੇ ਖਾੜਕੂਆਂ ਵਿਚੋਂ ਮੁਖੀ ਜਗੀਰ ਸਿੰਘ ਤੇ ਨਿਰਵੈਰ ਸਿੰਘ ਨੇ 75 ਸਾਲਾ ਬਾਬਾ ਗੁਰਦਿਆਲ ਸਿੰਘ ਸਿੰਧੀ ਨੂੰ ਪਰਿਕਰਮਾ ਦੇ ਕਮਰਾ ਨੰਬਰ 13 ਵਿਚ ਸ਼ੱਕ ਦੇ ਆਧਾਰ ‘ਤੇ ਬੁਰ੍ਹੀ ਤਰ੍ਹਾਂ ਟਾਰਚਰ ਕਰਕੇ ਮਾਰ ਦਿੱਤਾ ਸੀ। ਯਾਦ ਰਹੇ, ਬਾਬਾ ਸਿੰਧੀ ਬਹੁਤ ਹੀ ਦਰਵੇਸ਼ ਕਿਸਮ ਦਾ ਵਿਅਕਤੀ ਸੀ ਪਰ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਨੇੜੇ ਰਹਿੰਦਾ ਹੋਣ ਕਰਕੇ ਇੰਦਰਾ ਸਰਕਾਰ ਵਲੋਂ ਬਲੂ ਸਟਾਰ ਵਰਗੀ ਕਰੂਰ ਮੂਰਖਤਾ ਕਰਕੇ ਜਜ਼ਬਾਤੀ ਹੋ ਕੇ ਖਾੜਕੂਆਂ ਦੇ ਸੰਪਰਕ ਵਿਚ ਆ ਗਿਆ ਸੀ। ਸੰਤਾਂ ਦੇ ਬਹੁਤ ਨਜ਼ਦੀਕੀ ਰਹੇ ਸੀਨੀਅਰ ਪੱਤਰਕਾਰ ਦਲਬੀਰ ਸਿੰਘ ਦਾ ਤਾਂ ਉਸ ਦੇ ਘਰ ਹੈਡ ਕੁਆਰਟਰ ਸੀ। ਉਸ ਦੀ ਕੋਠੀ ਖਾੜਕੂਆਂ ਲਈ ਪੱਕੀ ਠਾਹਰ ਸੀ। ਇਥੇ ਇਹ ਵੀ ਵਰਨਣਯੋਗ ਹੈ ਕਿ ਦਰਬਾਰ ਸਾਹਿਬ ਅੰਦਰ ਸ਼ਰਨ ਲਈ ਬੈਠੇ ਖਾੜਕੂ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਇੱਕ ਧੜੇ ਦੇ ਪ੍ਰਧਾਨ ਡਾ. ਜਗਦੀਸ਼ ਸਿੰਘ ਉਰਫ ਡਾ. ਗੁਰਨਾਮ ਸਿੰਘ ਬੁੱਟਰ ਨੂੰ ਬਾਬਾ ਸਿੰਧੀ ਨੇ ਆਪਣਾ ਪੁੱਤਰ ਬਣਾਇਆ ਹੋਇਆ ਸੀ, ਕਿਉਂਕਿ ਉਸ ਦੇ ਦੋ ਲੜਕੀਆਂ ਹੀ ਸਨ। ਡਾ. ਬੁੱਟਰ ਵੀ ਉਸ ਸਮੇਂ ਅੰਦਰ ਹੀ ਸੀ, ਜਦੋਂ ਤੱਕ ਉਸ ਨੂੰ ਪਤਾ ਲੱਗਾ ਕਿ ਉਸ ਦੇ ਸਾਥੀ ਖਾੜਕੂਆਂ ਨੇ ਉਸ ਦੇ ਪਿਉ ਨੂੰ ਹੀ ਤਸੀਹੇ ਦੇ ਕੇ ਮਾਰ ਦਿੱਤਾ ਹੈ ਤਾਂ ਇਸ ਕਿਤਾਬ ਮੁਤਬਿਕ ਉਹ ਕੁਝ ਚਿਰ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਅਸਾਲਟ ਚੁੱਕੀ ਖਾੜਕੂਆਂ ਜਗੀਰ ਸਿੰਘ ਤੇ ਨਿਰਵੈਰ ਸਿੰਘ ਨੂੰ ਮਾਰਨ ਨੂੰ ਫਿਰਦਾ ਰਿਹਾ ਪਰ ਕੁਝ ਖਾੜਕੂਆਂ ਨੇ ਵਿਚ ਪੈ ਕੇ ਗੱਲ ਠੰਢੀ ਕੀਤੀ ਕਿ ਜੇ ਸ਼ਰੇਆਮ ਗੋਲੀਆਂ ਚਲਾਉਗੇ ਤਾਂ ਪੁਲਿਸ ਅੰਦਰ ਆਵੇਗੀ। ਇਥੇ ਇਹ ਵੀ ਵਰਨਣਯੋਗ ਹੈ ਕਿ ਬਾਬਾ ਸਿੰਧੀ ਅਣਵੰਡੇ ਭਾਰਤ ਦੇ ਕਰਾਚੀ ਸ਼ਹਿਰ ਵਿਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਮੁਹੰਮਦ ਖਾਨ ਜੁਨੇਜੋ ਦਾ ਜਮਾਤੀ ਸੀ ਤੇ ਉਨ੍ਹਾਂ ਦੇ ਬਾਅਦ ਵਿਚ ਵੀ ਗੂੜ੍ਹੇ ਸਬੰਧ ਸਨ। ਜਦੋਂ ਇੱਕ ਵਕਤ ਪਾਕਿਸਤਾਨ ਨੇ ਖਾੜਕੂਆਂ ਨੂੰ ਅਸਾਲਟਾਂ ਦੀ ਸਪਲਾਈ ਬੰਦ ਕਰ ਦਿੱਤੀ ਸੀ ਤਾਂ ਬਾਬਾ ਸਿੰਧੀ ਨੇ ‘ਪੰਥਕ ਕਮੇਟੀ’ ਦੀ ਹਦਾਇਤ ‘ਤੇ ਪ੍ਰਧਾਨ ਮੰਤਰੀ ਜੁਨੇਜੋ ਰਾਹੀਂ ਹਥਿਆਰਾਂ ਦੀ ਸਪਲਾਈ ਦੁਬਾਰਾ ਸ਼ੁਰੂ ਕਰਾਈ ਸੀ। ਇਸੇ ਘਟਨਾ ਬਾਰੇ ਜਸਪਾਲ ਸਿੰਘ ਦੇ ਮਿੱਤਰ ਅਤੇ ‘ਅਕਾਲੀ ਪੱਤਰਕਾ` ਅਖਬਾਰ ਦੇ ਸੀਨੀਅਰ ਪੱਤਰਕਾਰ ਮਹਿੰਦਰ ਸਿੰਘ ਨੇ ਆਪਣੀ ਕਿਤਾਬ ‘ਨੀਂਹ ਰੱਖੀ ਗਈ` ਦੇ ਚੈਪਟਰ ‘ਬਾਬਾ ਗੁਰਦਿਆਲ ਸਿੰਘ ਸਿੰਧੀ ਦੀ ਭੂਮਿਕਾ` ਵਿਚ ਪੰਨਾ 238-240 ‘ਤੇ ਵਿਸਥਾਰ ਨਾਲ ਵਰਨਣ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਖਾੜਕੂਆਂ ਦੇ ਅਜਿਹੇ ਮਿੱਤਰ ਨੂੰ ਅਗਰ ਦਰਬਾਰ ਸਾਹਿਬ ਪਰਿਕਰਮਾ ਦੇ ਕਮਰੇ ਵਿਚ ਤਸੀਹੇ ਦੇ ਕੇ ਮਾਰਿਆ ਜਾ ਸਕਦਾ ਹੈ ਤਾਂ ਜਿਨ੍ਹਾਂ ਨੂੰ ਕੈਟ, ਗਦਾਰ, ਏਜੰਸੀਆਂ ਦੇ ਬੰਦੇ ਕਹਿ ਕੇ ਚੁੱਕਿਆ ਹੋਵੇਗਾ, ਉਨ੍ਹਾਂ ਨਾਲ ਕੀ ਬੀਤੀ ਹੋਵੇਗੀ? ਅਜੋਕੇ ਸਿੱਖ ਚਿੰਤਕ ਅਜਮੇਰ ਸਿੰਘ ਜਦੋਂ ਦਰਬਾਰ ਸਾਹਿਬ ਵਿਚ ਮੋਰਚਾਬੰਦੀ ਲਈ ਮੇਜਰ ਜਨਰਲ ਸ਼ਬੇਗ ਸਿੰਘ ਦੀਆਂ ਸਿਫਤਾਂ ਦੇ ਪੁਲ ਬੰਨ੍ਹਦੇ ਹਨ ਤਾਂ ਪ੍ਰੋ. ਪੂਰਨ ਸਿੰਘ ਉਨ੍ਹਾਂ ਨੂੰ ਸੁਣਨ ਤਾਂ ਕੀ ਆਖਣਗੇ?
ਖਾਲਿਸਤਾਨੀ ਧਿਰਾਂ ਵਲੋਂ ਇੱਕ ਤਰਕ ਇਹ ਦਿੱਤਾ ਜਾਂਦਾ ਹੈ ਕਿ ਸਿੱਖਾਂ ਦਾ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਆਪਣਾ ਵੱਖਰਾ ਆਜ਼ਾਦ ਖਾਲਸਾ ਰਾਜ ਸੀ। ਇਸ ਲਈ ਸਾਡਾ ਇਹ ਹੱਕ ਬਣਦਾ ਹੈ ਕਿ ਸਾਨੂੰ ਵੱਖਰਾ ਸਿੱਖ ਰਾਜ ਦਿੱਤਾ ਜਾਵੇ ਪਰ ਉਹ ਇਹ ਨਹੀਂ ਸਮਝਦੇ ਕਿ 19ਵੀਂ ਸਦੀ ਤੱਕ ਜਿਹੜੇ ਰਾਜਿਆਂ ਦੇ ਭਾਰਤ ਵਿਚ ਰਾਜ ਸਨ, ਉਹ ਲੋਕਾਂ ਦੀ ਮਰਜ਼ੀ ਨਾਲ ਨਹੀਂ, ਮੱਧ ਯੁਗ ਦੇ ਤਕਾਜ਼ਿਆਂ ਅਨੁਸਾਰ ਤਲਵਾਰ ਦੇ ਜ਼ੋਰ ਨਾਲ ਬਣਾਏ ਹੋਏ ਸਨ। ਮੱਧ ਯੁਗ ਵਿਚ ਤਾਂ 10 ਲੱਖ ਦੀ ਆਬਾਦੀ ਵਾਲ਼ੇ ਮੰਗੋਲੀਆਂ ਨੇ ਚੰਗੇਜ਼ ਖਾਨ ਦੀ ਅਗਵਾਈ ਹੇਠ ਸਿਕੰਦਰ ਤੋਂ ਵੀ ਵੱਡੀ ਸਲਤਨਤ ਕਾਇਮ ਕਰ ਲਈ ਸੀ। ਈਸਟ ਇੰਡੀਆ ਕੰਪਨੀ ਰਾਹੀਂ ਭਾਰਤ ਵਿਚ ਆਏ ਕੁਝ ਗਿਣਤੀ ਦੇ ਗੋਰਿਆਂ ਨੇ ਸਾਰੇ ਭਾਰਤ ‘ਤੇ ਕਬਜ਼ਾ ਕਰ ਲਿਆ ਸੀ। ਵੀਹਵੀਂ ਸਦੀ ਦੇ ਅੱਧ ਤੱਕ ਜਦੋਂ 1947 ਵਿਚ ਭਾਰਤ ਆਜ਼ਾਦ ਹੋਇਆ, ਉਦੋਂ ਤੱਕ ਦੁਨੀਆ ਭਰ ਵਿਚ ਲੋਕਤੰਤਰ ਦਾ ਜ਼ਮਾਨਾ ਆ ਚੁੱਕਾ ਸੀ, ਜਿਥੇ ਵੋਟਾਂ ਦੇ ਆਧਾਰ ‘ਤੇ ਹੀ ਰਾਜ ਚੱਲਣੇ ਸਨ। ਇਸ ਸੂਰਤ ਵਿਚ ਜਦੋਂ ਸਿੱਖਾਂ ਸਮੇਤ ਸਾਰੀਆਂ ਧਿਰਾਂ ਸਾਰਾ ਭਾਰਤ ਇਕੱਠਾ ਰੱਖਣ ਦੇ ਹੱਕ ਵਿਚ ਸਨ, ਭਾਵੇਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਈਆਂ ਤੇ ਦੇਸ਼ ਧਰਮ ਦੇ ਆਧਾਰ ‘ਤੇ ਤਿੰਨ ਦੇਸ਼ਾਂ ਵਿਚ ਵੰਡਿਆ ਗਿਆ ਪਰ ਉਸ ਦਾ ਆਧਾਰ ਵੀ ਜਿਥੇ ਮੁਸਲਮਾਨਾਂ ਦੀ ਬਹੁ-ਗਿਣਤੀ ਸੀ, ਉਥੇ ਇਸਲਾਮ ਦਾ ਰਾਜ ਹੋ ਗਿਆ ਤੇ ਜਿਥੇ ਹਿੰਦੂਆਂ ਦੀ ਬਹੁ-ਗਿਣਤੀ ਸੀ, ਸਾਂਝਾ ਲੋਕਤੰਤਰ ਬਣ ਗਿਆ। ਹੁਣ ਜੇ ਸਿੱਖਾਂ ਦੇ ਇਸ ਤਰਕ ਨੂੰ ਦੇਖੀਏ ਕਿ ਸਾਡਾ ਰਾਜ ਸੀ ਤਾਂ ਮਰਹੱਟਿਆਂ ਦਾ ਤਾਂ ਭਾਰਤ ਵਿਚ ਲੰਮਾ ਸਮਾਂ ਰਾਜ ਰਿਹਾ ਤੇ ਉਸ ਦਾ ਖੇਤਰ ਵੀ ਸਿੱਖ ਰਾਜ ਤੋਂ 5-6 ਗੁਣਾ ਵੱਡਾ ਸੀ। ਮਰਹੱਟਿਆਂ ਨੇ ਤਾਂ 18ਵੀਂ ਸਦੀ ਵਿਚ ਇੱਕ ਵਾਰ ਪੂਰੇ ਭਾਰਤ ਵਿਚ ਆਪਣੀ ਜਿੱਤ ਦਾ ਝੰਡਾ ਝੁਲਾ ਦਿੱਤਾ ਸੀ; ਫਿਰ ਤਾਂ ਮਰਹੱਟਿਆਂ ਨੂੰ ਸਭ ਤੋਂ ਪਹਿਲਾਂ ਮਰਹੱਟਾ ਸਟੇਟ ਮਿਲਣੀ ਚਾਹੀਦੀ ਸੀ ਪਰ 1947 ਤੋਂ ਬਾਅਦ ਵੀਰ ਸਾਵਰਕਰ ਵਰਗੇ ਚਿੱਟ ਪਵਨ ਬ੍ਰਾਹਮਣਾਂ ਦੇ ਹੁੰਦਿਆਂ ਵੀ ਮਰਹੱਟਿਆਂ ਨੂੰ 13 ਸਾਲ ਲੇਲੜੀਆਂ ਕਢਾ ਕੇ ਨਹਿਰੂ ਹੋਰਾਂ ਭਾਸ਼ਾ ਆਧਾਰਿਤ ਮਹਾਰਾਸ਼ਟਰ ਸੂਬਾ ਦਿੱਤਾ ਸੀ। ਫਿਰ ਬੰਬਈ ਨੂੰ ਤਾਂ ਪੰਡਤ ਨਹਿਰੂ ਕਿਸੇ ਹਾਲਤ ਵਿਚ ਵੀ ਮਹਾਰਾਸ਼ਟਰ ਦੇ ਹਵਾਲੇ ਕਰਨ ਤਿਆਰ ਨਹੀਂ ਸਨ। ਕੀ ਇਸ ਨੂੰ ਮਰਾਠੇ ਹਿੰਦੂਆਂ ਨਾਲ ਵਿਤਕਰਾ ਕਿਹਾ ਜਾਵੇਗਾ?
ਜੋ ਹਾਲਾਤ 1947 ਵਿਚ ਸਨ, ਸਿੱਖਾਂ ਦੇ ਅੱਜ ਵੀ ਉਹੀ ਹਾਲਾਤ ਹਨ, ਸਿੱਖ ਕਿਸੇ ਜਗ੍ਹਾ ਵੀ ਬਹੁ-ਗਿਣਤੀ ਵਿਚ ਨਹੀਂ ਹਨ। ਇਹ ਗੱਲ ਵੱਖਰੀ ਹੈ ਕਿ 47 ਦੇ ਕਤਲੇਆਮ ਕਰਕੇ ਲੋਕ ਪਾਕਿਸਤਾਨ ਤੋਂ ਭਾਰਤ ਵੱਲ ਆ ਗਏ, ਨਹੀਂ ਤਾਂ ਜੇ ਕਤਲੇਆਮ ਤੋਂ ਬਿਨਾ ਸ਼ਾਂਤੀ ਨਾਲ ਦੇਸ਼ ਬਣਦੇ ਤਾਂ ਬਹੁਤੇ ਲੋਕਾਂ ਨੇ ਆਪਣੇ ਘਰ-ਬਾਰ ਤੇ ਜ਼ਮੀਨਾਂ ਛੱਡ ਕੇ ਭਾਰਤ ਨਹੀਂ ਆਉਣਾ ਸੀ। ਜ਼ਰਾ ਸੋਚੋ, ਜੇ ਅੱਜ ਪੰਜਾਬ ਵਿਚ ਖਾਲਿਸਤਾਨ ਬਣ ਜਾਵੇ ਤਾਂ ਵਿਦੇਸ਼ਾਂ ਵਿਚ ਵਸਦੇ ਮਿਲੀਅਨਜ਼ ਸਿੱਖਾਂ ਵਿਚੋਂ ਕਿੰਨੇ ਕੁ ਵਾਪਿਸ ਜਾਣਗੇ? ਕੀ ਵਿਦੇਸ਼ੀਂ ਬੈਠੇ ਖਾਲਿਸਤਾਨੀ ਲੀਡਰ ਆਪਣੇ ਪਰਿਵਾਰਾਂ ਤੋਂ ਪੁੱਛ ਕੇ ਦੱਸ ਸਕਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਖਾਲਿਸਤਾਨ ਵਿਚ ਜਾਣ ਲਈ ਤਿਆਰ ਹਨ? ਦੁਨੀਆ ਬਦਲ ਚੁੱਕੀ ਹੈ, ਦੁਨੀਆ ਦੀ ਹਕੀਕਤ ਬਦਲ ਚੁੱਕੀ ਹੈ। ਅੱਜ ਦੁਨੀਆਂ ਗਲੋਬਲ ਪਿੰਡ ਬਣ ਰਹੀ ਹੈ। ਯੂਰਪੀ ਦੇਸ਼ਾਂ ਨੇ ਇਕੱਠੇ ਹੋ ਕੇ ਯੂਰਪੀ ਯੂਨੀਅਨ ਬਣਾ ਲਈ ਹੈ ਤੇ ਬਾਰਡਰ ਖੋਲ੍ਹ ਦਿੱਤੇ ਹਨ। ਹੋਰ ਕਈ ਦੇਸ਼ ਅਜਿਹਾ ਸੋਚ ਰਹੇ ਹਨ। ਉਤਰੀ ਅਮਰੀਕਾ ਵਿਚ ਇਹ ਗੱਲ ਚੱਲਦੀ ਰਹਿੰਦੀ ਹੈ ਕਿ ਸਾਰਾ ਉਤਰੀ ਅਮਰੀਕਾ ਓਪਨ ਕਰਕੇ ਮਹਾਂ-ਉਤਰੀ ਅਮਰੀਕਾ ਬਣਾ ਦੇਣਾ ਚਾਹੀਦਾ ਹੈ। ਅੱਜ ਸਾਡੀਆਂ ਸਮੱਸਿਆਵਾਂ ਇਲਾਕਿਆਂ ਜਾਂ ਦੇਸ਼ਾਂ ਦੀ ਥਾਂ ਕੌਮਾਂਤਰੀ ਪੱਧਰ ਦੀਆਂ ਬਣ ਚੁੱਕੀਆਂ ਹਨ। ਕੋਵਿਡ-19 ਮਹਾਮਾਰੀ ਨੇ ਦੱਸ ਦਿੱਤਾ ਹੈ ਕਿ ਵੱਡੀਆਂ ਸਮੱਸਿਆਵਾਂ ਨੂੰ ਅਸੀਂ ਇਕੱਲੇ-ਇਕੱਲੇ ਨਹੀਂ, ਸਾਂਝੇ ਯਤਨਾਂ ਨਾਲ ਹੀ ਹੱਲ ਕਰ ਸਕਦੇ ਹਾਂ। ਦੁਨੀਆ ਭਰ ਦੇ ਸਾਇੰਸਦਾਨਾਂ ਦੇ ਸਾਂਝੇ ਯਤਨਾਂ ਨਾਲ ਕੋਵਿਡ-19 ਵੈਕਸੀਨ ਸੰਭਵ ਹੋ ਸਕੀ ਹੈ। ਆਲਮੀ ਤਪਸ਼, ਪਰਮਾਣੂ ਹਥਿਆਰਾਂ ਦੀ ਦੌੜ, ਵਾਤਾਵਰਨ ਦਾ ਪ੍ਰਦੂਸ਼ਣ, ਪਾਣੀ ਦੀ ਘਾਟ, ਪੁਰਾਣੇ ਊਰਜਾ ਸਰੋਤਾਂ ਦੀ ਥਾਂ ਨਵੇਂ ਸਰੋਤਾਂ ਦੀ ਖੋਜ, ਨਵੀਂ ਰੋਬੋਟ ਟੈਕਨੋਲੌਜੀ ਤੇ ਮਸਨੂਈ ਬੌਧਿਕਤਾ ਨੇ ਮਨੁੱਖਤਾ ਅੱਗੇ ਨਵੀਆਂ, ਵੱਡੀਆਂ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਹਨ। ਇਹ ਸਭ ਕਾਰਜ ਸਾਂਝੇ ਯਤਨਾਂ ਨਾਲ ਹੀ ਸੰਭਵ ਹੋ ਸਕਦੇ ਹਨ।
ਸਾਨੂੰ ਸਭ ਨੂੰ 47 ਦੇ ਸੰਤਾਪ, ਉਸ ਦੇ ਦਰਦ ਤੇ ਸਿਆਸਤ ਨੂੰ ਸਮਝਣ ਲਈ ਹੇਠ ਦਿੱਤੀਆਂ ਕੁਝ ਕਿਤਾਬਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਜੋ ਲੋਕ ਧਰਮ ਆਧਾਰਿਤ ਸਟੇਟ ਦਾ ਉਦੋਂ ਵਿਰੋਧ ਕਰਦੇ ਸਨ, ਜਾਂ ਹੁਣ ਕਰਦੇ ਹਨ, ਉਸ ਦੇ ਕੀ ਕਾਰਨ ਹਨ। ਹਰ ਇੱਕ ‘ਤੇ ਗਦਾਰੀ ਦੇ ਠੱਪੇ ਲਗਾ ਦੇਣੇ ਕੋਈ ਸਿਆਣਪ ਨਹੀਂ। ਆਪਣੇ ਵਿਰੋਧੀ ਵਿਚਾਰ ਨੂੰ ਜਾਨਣਾ ਬੜਾ ਜ਼ਰੂਰੀ ਹੈ। ਜੇ ਅਸੀਂ ਗੁਰੂਆਂ ਦੀ ਵਿਚਾਰਧਾਰਾ ਅਨੁਸਾਰ ‘ਸਭੇ ਸਾਂਝੀਵਾਲ ਸਦਾਇਨ` ਦੇ ਆਸ਼ੇ ਦੇ ਧਾਰਨੀ ਹਾਂ ਤਾਂ ਸਾਨੂੰ ਖੁੱਲ੍ਹਦਿਲੀ ਨਾਲ ਮਸਲੇ ਵਿਚਾਰਨ ਦੀ ਲੋੜ ਹੈ। ਅੱਜ ਸਿੱਖ ਸਾਰੀ ਦੁਨੀਆ ਵਿਚ ਫੈਲ ਚੁੱਕੇ ਹਨ, ਸਾਡੇ ਮਸਲੇ ਵੀ ਹੁਣ ਪੰਜਾਬ ਤੋਂ ਜ਼ਿਆਦਾ ਗਲੋਬਲ ਬਣ ਚੁੱਕੇ ਹਨ। ਸਾਨੂੰ ਹੁਣ ਵਰਲਡ ਪੱਧਰ ‘ਤੇ ਸੋਚਣ, ਵਿਚਾਰਨ ਅਤੇ ਕੰਮ ਕਰਨ ਦੀ ਲੋੜ ਹੈ। ਸਿੱਖ ਲੀਡਰਾਂ ਤੇ ਵਿਦਵਾਨਾਂ ਨੂੰ ਆਦਮ-ਬੋ-ਆਦਮ ਕਰਨ ਦੀ ਉਲਾਰ, ਜਜ਼ਬਾਤੀ ਤੇ ਭੜਕਾਊ ਸਿਆਸਤ ਛੱਡ ਕੇ ਸਿੱਖ ਨੌਜਵਾਨਾਂ ਨੂੰ ਸਹੀ ਸੇਧ ਦੇਣ ਦੀ ਲੋੜ ਹੈ। ਇਹ ਕਿਤਾਬਾਂ ਪੰਜਾਬੀ ਵਿਚ ਵੀ ਅਨੁਵਾਦ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਹਾਲਾਤ ਦਾ ਪਤਾ ਲੱਗ ਸਕੇ; ਖਾਸਕਰ ਜੈਸਮਿਨ ਖਾਨ ਤੇ ਇਸ਼ਤਿਆਕ ਅਹਿਮਦ ਦੀਆਂ ਕਿਤਾਬਾਂ ਤਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ। ਇਸ ਪ੍ਰਥਾਏ ਕੁਝ ਪੜ੍ਹਨਯੋਗ ਕਿਤਾਬਾਂ ਇਸ ਤਰ੍ਹਾਂ ਹਨ:
Larry Collins – Freedom at Midnight
Prof Yasmin Khan – The Great Partition: The Making of India and Pakistan
Jaswant Singh – Jinnah: India, Partition, Independence
Gyanendra Pandey – Remembering Partition: Violence, Nationalism and History in India,
Prof. Ishtiaq Ahmed-Jinnah: His Successes, Failures and Role in History