ਭੂਤਾਂ ਵਾਲਾ ਬਾਬਾ ਦੌੜ ਗਿਆ

ਨਰਿੰਦਰ ਸਿੰਘ ਢਿੱਲੋਂ
ਫੋਨ: 1-587 436 4032
ਗੱਲ ਜ਼ਰਾ ਪੁਰਾਣੀ ਹੈ, ਮੈਂ ਉਦੋਂ ਅਜੇ ਨੌਜਵਾਨ ਸਾਂ। ਮੈਂ ਡੇਰਾ ਬਾਬਾ ਨਾਨਕ ਦੇ ਸਕੂਲ ਵਿਚ ਆਪਣੇ ਸਟਾਫ ਨਾਲ ਬੈਠਾ ਹੋਇਆ ਸਾਂ। ਸਕੂਲ ਦੇ ਕੁਝ ਕੰਮਕਾਰ ਕਰਵਾਉਣ ਲਈ ਅਸੀਂ ਪਿੰਡ ਦੇ ਸਰਪੰਚ ਤੇ ਦੋ ਤਿੰਨ ਹੋਰ ਸੁਲਝੇ ਹੋਏ ਬੰਦਿਆਂ ਅਤੇ ਆਪਣੇ ਸੈਂਟਰ ਮੁੱਖ ਅਧਿਆਪਕ ਨੂੰ ਸੱਦਿਆ ਹੋਇਆ ਸੀ। ਅਸੀਂ ਸਾਰੇ ਬੈਠੇ ਸਲਾਹ ਮਸ਼ਵਰਾ ਕਰ ਰਹੇ ਸਾਂ, ਜਦੋਂ ਸਕੂਲ ਦੇ ਨੇੜੇ ਤੋਂ ਲੰਘਦੀ ਹੋਈ ਬਟਾਲਾ ਸੜਕ ਤੋਂ ਬੱਸ ਵਿਚੋਂ ਇਕ ਚਿੱਟ ਕੱਪੜੀਆ ਬਜ਼ੁਰਗ ਉਤਰਿਆ। ਉਸ ਬਜ਼ੁਰਗ ਨੂੰ ਵੇਖਦਿਆਂ ਹੀ ਸਰਪੰਚ ਨੇ ਕਿਹਾ, “ਲਓ ਜੀ! ਬਾਬਾ ਆ ਗਿਆ ਜੇ। ਬੜਾ ਜ਼ਾਹਰਾ ਬੰਦਾ ਹੈ। ਇਸ ਕੋਲ ਕਾਲਾ ਇਲਮ ਹੈ, ਜਿਸ ਕਰਕੇ ਇਨ੍ਹੇ ਭੂਤ ਵੱਸ ਕੀਤੇ ਹੋਏ ਹਨ। ਇਹ ਕਿਸੇ ਨੂੰ ਆਪਣੇ ਅੱਗੇ ਅੜਨ ਨਹੀਂ ਦਿੰਦਾ ਅਤੇ ਕਿਸੇ ਦਾ ਲਿਹਾਜ਼ ਨਹੀਂ ਕਰਦਾ।”

ਇਹ ਗੱਲਾਂ ਸੁਣ ਕੇ ਅਸੀਂ ਸਾਰਿਆਂ ਨੇ ਕੰਨ ਖੜ੍ਹੇ ਕਰ ਲਏ। ਸਾਨੂੰ ਬੈਠਿਆਂ ਵੇਖ ਕੇ ਬਾਬਾ ਆਪਣੇ ਆਪ ਹੀ ਸਾਡੇ ਵੱਲ ਆ ਗਿਆ। ਅਸੀਂ ਬਾਬਾ ਜੀ ਦੀ ਆਓ ਭਗਤ ਕੀਤੀ, ਬੈਠਣ ਲਈ ਕੁਰਸੀ ਦਿੱਤੀ ਅਤੇ ਪਾਣੀ-ਧਾਣੀ ਪੁੱਛਿਆ।
ਬੈਠਦਿਆਂ ਹੀ ਸਰਪੰਚ ਸਾਹਿਬ ਨੇ ਬਾਬਾ ਜੀ ਨੂੰ ਪੁੱਛਿਆ, “ਅੱਜ ਕਿੱਥੋਂ ਆਏ ਹੋ?” ਬਾਬੇ ਨੇ ਬੜੇ ਹੰਕਾਰ ਭਰੇ ਲਹਿਜੇ ਵਿਚ ਕਿਹਾ, “ਮੈਂ ਆਪਣੀਆਂ ਫੌਜਾਂ ਭੇਜੀਆਂ ਹੋਈਆਂ ਸਨ ਕਿਸੇ ਥਾਂ `ਤੇ, ਉੱਥੋਂ ਕਿਸੇ ਦਾ ਕੰਮ ਕਰਵਾ ਕੇ ਲੈ ਕੇ ਆਇਆ ਹਾਂ।” ਵਿਗਿਆਨਕ ਸੋਚ ਦਾ ਧਾਰਨੀ ਹੋਣ ਕਰਕੇ ਮੈਨੂੰ ਪਤਾ ਸੀ ਕਿ ਇਸ ਬਾਬੇ ਨੇ ਐਵੇਂ ਲੋਕਾਂ ਨੂੰ ਭਰਮ ਭੁਲੇਖਿਆਂ ਵਿਚ ਪਾ ਕੇ ਤੇ ਡਰਾਵੇ ਦੇ ਕੇ ਡਰਾ ਕੇ ਰੱਖਿਆ ਹੋਇਆ ਹੋਵੇਗਾ। ਸਾਡੇ ਬਹੁਤੇ ਲੋਕਾਂ ਦੀ ਮਾਨਸਿਕਤਾ ਵੀ ਅੰਧ-ਵਿਸ਼ਵਾਸਾਂ ਭਰਪੂਰ ਹੈ।
ਮੈਥੋਂ ਰਿਹਾ ਨਾ ਗਿਆ ਅਤੇ ਮੈਂ ਪੁੱਛ ਹੀ ਲਿਆ, “ਬਾਬਾ ਜੀ, ਤੁਸੀਂ ਤਾਂ ਇਕੱਲੇ ਹੀ ਹੋ, ਫੌਜਾਂ ਕਿਹੜੀਆਂ ਹਨ?” ਮੇਰੇ ਪੁੱਛਣ `ਤੇ ਉਹ ਮੈਨੂੰ ਅੱਖਾਂ ਕੱਢ ਕੇ ਪਿਆ, “ਕਿਉਂ! ਤੈਨੂੰ ਚਾਅ ਹੈ ਫੌਜਾਂ ਵੇਖਣ ਦਾ?”
ਮੈਂ ਕਿਹਾ, “ਹਾਂ ਜੀ, ਮੈਨੂੰ ਵਿਖਾ ਦਿਉ ਤਾਂ ਤੁਹਾਡੀ ਮਿਹਰਬਾਨੀ ਹੋਵੇਗੀ।” ਬਾਬਾ ਕੜਕਿਆ, “ਉਹ ਫੌਜਾਂ ਦਿੱਸਦੀਆਂ ਨਹੀਂ ਹੁੰਦੀਆਂ, ਅੱਛਾ! ਤੈਨੂੰ ਛੁਡਾਉਣਾ ਕਿਸੇ ਨਹੀਓਂ। ਤੈਨੂੰ ਜੁਆਨੀ ਲੜਦੀ ਪਈ ਆ, ਸਾਂਭ ਕੇ ਰੱਖ ਇਨੂੰ! ਤੇਰੇ ਵਰਗਿਆਂ ਦਾ ਮੁੜ ਕੇ ਖੁਰਾ-ਖੋਜ ਵੀ ਨਹੀਂ ਲੱਭਦਾ ਹੁੰਦਾ, ਸਮਝਿਆ?” ਬਾਬਾ ਭੜਕ ਪਿਆ ਤੇ ਇੱਕੋ ਸਾਹੇ ਕਹਿ ਗਿਆ।
ਇਹ ਵੇਖ ਕੇ ਪਿੰਡ ਦੇ ਦੋ ਪਤਵੰਤੇ ਮੇਰੇ ਨਾਲ ਅੱਖਾਂ `ਚ ਅੱਖਾਂ ਪਾ ਕੇ ਮੈਨੂੰ ਚੁੱਪ ਰਹਿਣ ਲਈ ਇਸ਼ਾਰੇ ਕਰ ਰਹੇ ਸਨ। ਮੇਰੀ ਉਮਰ ਤੋਂ ਕਾਫੀ ਵੱਡੀ ਇੱਕ ਅਧਿਆਪਕਾ ਨੇ ਮੈਨੂੰ ਮੋਢੇ ਤੋਂ ਹੁਲਾਰਾ ਮਾਰ ਕੇ ਘੂਰਿਆ, “ਨਰਿੰਦਰ ਚੁੱਪ ਨਹੀਂ ਕਰਦਾ!”
ਮੈਂ ਸਾਰਿਆਂ ਦੇ ਇਸ਼ਾਰੇ ਨਜ਼ਰਅੰਦਾਜ਼ ਕਰਕੇ ਬੜੀ ਹਲੀਮੀ ਨਾਲ ਗੱਲ ਕਰਦਾ ਰਿਹਾ। ਜਿਉਂ ਜਿਉਂ ਬਾਬਾ ਗਰਮ ਹੁੰਦਾ ਗਿਆ, ਮੈਂ ਤਿਉਂ ਤਿਉਂ ਠੰਢੇ ਮਨ ਨਾਲ ਗੱਲਾਂ ਕਰੀ ਗਿਆ। ਮੈਂ ਫਿਰ ਕਿਹਾ, “ਬਾਬਾ ਜੀ! ਮੇਰੇ ਨਾਲ ਜੋ ਹੋਊ ਮੈਂ ਜਿ਼ੰਮੇਵਾਰ ਹਾਂ, ਤੁਸੀਂ ਮੈਨੂੰ ਨਾ ਛੁਡਾਇਓ, ਪਰ ਤੁਸੀਂ ਮੈਨੂੰ ਆਪਣੀਆਂ ਫੌਜਾਂ ਜ਼ਰੂਰ ਵਿਖਾਓ।”
ਬਾਬਾ ਹੋਰ ਉੱਚੀ ਉੱਚੀ ਬੋਲਣ ਲੱਗ ਪਿਆ, “ਤੈਨੂੰ ਅੱਤ ਦਾ ਬੁਖਾਰ ਚੜ੍ਹ ਜਾਣਾ ਈ, ਸਰੀਰ ਵਿਚ ਕਿੱਲ ਵੱਜਣੇ ਅਤੇ ਤੂੰ ਲਹੂ-ਲੁਹਾਣ ਹੋ ਜਾਣਾ ਏਂ, ਤੇਰੇ ਅੰਦਰ ਨਾ ਕੋਈ ਦਵਾਈ, ਨਾ ਪਾਣੀ ਲੰਘਣਾ ਈ, ਤੂੰ ਮਰਨ ਕਿਨਾਰੇ ਪੁੱਜ ਜਾਣਾ ਏਂ। ਫੇਰ ਮੈਨੂੰ ਨਾ `ਵਾਜਾਂ ਮਾਰੀ। ਆਹ ਵੇਖ ਲਓ ਤੁਸੀਂ ਕਿੰਨੇ ਬੰਦੇ ਸੁਣਦੇ ਓਂ, ਮੈਂ ਬਚਾਉਣ ਨਹੀਂ ਆਉਣਾ।”
ਮੈਂ ਕਿਹਾ, “ਬਾਬਾ ਜੀ, ਤੁਸੀਂ ਮੈਨੂੰ ਨਾ ਬਚਾਇਓ, ਪਰ ਮੈਂ ਤੁਹਾਡੀਆਂ ਫੌਜਾਂ ਜਰੂਰ ਵੇਖਣੀਆਂ ਹਨ।” ਮੇਰੇ ਇਹ ਕਹਿਣ `ਤੇ ਬਾਬੇ ਦਾ ਰੋਹਬ ਥੋੜ੍ਹਾ ਹੇਠਾਂ ਆ ਗਿਆ ਤੇ ਕਹਿਣ ਲੱਗਾ, “ਅੱਛਾ, ਅੱਜ ਤਾਂ ਮੈਂ ਫੌਜਾਂ ਕਿਸੇ ਹੋਰ ਥਾਂ ਭੇਜਣੀਆਂ ਨੇ, ਭਲਕੇ ਤੂੰ ਸਕੂਲ ਜ਼ਰੂਰ ਆਵੀਂ, ਕਿਤੇ ਦੌੜ ਨਾ ਜਾਵੀਂ।”
ਮੈਂ ਕਿਹਾ, “ਠੀਕ ਹੈ, ਮੈਂ ਸਵੇਰੇ ਨੌਂ ਵੱਜਣ ਤੋਂ ਪਹਿਲਾਂ ਹੀ ਸਕੂਲ ਹੋਵਾਂਗਾ, ਤੁਸੀਂ ਫੌਜਾਂ ਲੈ ਕੇ ਆ ਜਾਇਓ।” ਇਹ ਸੁਣ ਕੇ ਬਾਬਾ ਉੱਠਿਆ ਅਤੇ ਬੜੇ ਗੁੱਸੇ ਨਾਲ ਮੇਰੇ ਵੱਲ ਵੇਖਦਾ ਹੋਇਆ ਬੁੜਬੁੜਾਉਂਦਾ ਤੁਰ ਪਿਆ। ਦਸ ਕੁ ਕਦਮ ਤੁਰ ਕੇ ਉਹ ਫਿਰ ਵਾਪਸ ਆ ਗਿਆ। “ਅਜੇ ਵੀ ਸੋਚ ਲੈ ਕਾਕਾ, ਜੁਆਨੀ ਦਾ ਬਹੁਤਾ ਮਾਣ ਨਹੀਂ ਕਰੀਦਾ। ਤੇਰੀ ਮੇਰੇ ਹੱਥੋਂ ਹੀ ਮੌਤ ਜਾਪਦੀ ਆ, ਮੇਰੇ ਸਾਹਮਣੇ ਅਜੇ ਤਕ ਕੋਈ ਖੰਘਿਆ ਨਹੀਂ, ਤੂੰ ਕਿੱਥੋਂ ਜੰਮਿਆ ਮੇਰੀ ਫੌਜ ਵੇਖਣ ਵਾਲਾ। ਮੇਰੇ ਹੱਥੋਂ ਮਰ ਗਿਓਂ ਨਾ, ਤੂੰ ਕੰਜਰਾਂ ਦੀ ਜੂਨੇ ਪੈਣਾ ਅਗਾਂਹ ਜਾ ਕੇ।”
ਮੈਂ ਕਿਹਾ, “ਬਾਬਾ ਜੀ! ਤੁਸੀਂ ਮੇਰੀ ਜੂਨ ਦੀ ਕੋਈ ਚਿੰਤਾ ਨਾ ਕਰੋ, ਤੁਸੀਂ ਕੱਲ੍ਹ ਫੌਜਾਂ ਲੈ ਕੇ ਆ ਜਾਇਓ।” “ਵੇਖ ਲਵਾਂਗਾ, ਤੈਨੂੰ ਸਮਝ ਲੱਗ ਜਾਊ ਕਿਸੇ ਨਾਲ ਵਾਹ ਪਿਆ ਸੀ।” ਇਹ ਕਹਿੰਦਾ ਬਾਬਾ ਚਲਾ ਗਿਆ।
ਉਹਦੇ ਜਾਣ ਤੋਂ ਬਾਅਦ ਮੇਰਾ ਸਟਾਫ ਤੇ ਪਿੰਡ ਦੇ ਪਤਵੰਤੇ ਘਬਰਾਏ ਹੋਏ ਕਹਿਣ ਲੱਗ ਪਏ, “ਇਹ ਬੜਾ ਔਂਤਰਾ ਬੰਦਾ ਹੈ ਮਾਸਟਰ ਜੀ। ਇਹਨੇ ਭੂਤ ਪ੍ਰੇਤ ਆਪਣੇ ਵਸ ਕੀਤੇ ਹੋਏ ਨੇ, ਤੁਹਾਨੂੰ ਉਸ ਨਾਲ ਬਹਿਸ ਨਹੀਂ ਕਰਨੀ ਚਾਹੀਦੀ ਸੀ।” ਮੈਂ ਕਿਹਾ, “ਤੁਸੀਂ ਚਿੰਤਾ ਨਾ ਕਰੋ, ਕੁਝ ਨਹੀਂ ਹੋਵੇਗਾ।”
ਮੈਂ ਅਗਲੇ ਦਿਨ ਨੌਂ ਵਜੇ ਤੋਂ ਪਹਿਲਾਂ ਹੀ ਸਕੂਲ ਪਹੁੰਚ ਗਿਆ ਤੇ ਬਾਬੇ ਨੂੰ ਉਡੀਕਣ ਲੱਗਾ। ਮੇਰਾ ਸਟਾਫ ਘਬਰਾਇਆ ਹੋਇਆ ਸੀ ਕਿ ਪਤਾ ਨਹੀਂ ਅੱਜ ਕੀ ਹੋ ਜਾਣਾ ਹੈ। ਗਿਆਰਾਂ ਕੁ ਵਜੇ ਮੇਰਾ ਸੈਂਟਰ ਮੁੱਖ ਅਧਿਆਪਕ ਸਕੂਲ ਆਇਆ। ਉਹ ਦੂਰੋਂ ਹੀ ਮੁਸਕੁਰਾਉਂਦਾ ਆ ਰਿਹਾ ਸੀ। ਮੈਂ ਦੱਸਿਆ ਕਿ ਮੈਂ ਬਾਬੇ ਨੂੰ ਉਡੀਕ ਰਿਹਾ ਹਾਂ। ਉਹ ਹੱਸਣ ਲੱਗ ਪਿਆ, “ਉਹ ਬਾਬਾ ਮੈਨੂੰ ਹੁਣੇ ਡੇਰਾ ਬਾਬਾ ਨਾਨਕ ਬਾਜ਼ਾਰ ਵਿਚ ਮਿਲਿਆ ਸੀ ਤੇ ਮੈਂ ਉਹਨੂੰ ਕਿਹਾ ਸੀ ਕਿ ਬਾਬਾ ਜੀ ਤੁਸੀਂ ਤਾਂ ਫੌਜਾਂ ਲੈ ਕੇ ਕੱਲ੍ਹ ਵਾਲੇ ਸਕੂਲ ਜਾਣਾ ਸੀ, ਉਹ ਤੁਹਾਨੂੰ ਉਡੀਕਦੇ ਹੋਣਗੇ, ਤਾਂ ਬਾਬੇ ਨੇ ਨੀਵੀਂ ਜਿਹੀ ਪਾ ਕੇ ਉੱਤਰ ਦਿੱਤਾ, ‘ਨਹੀਂ ਜਾਣਾ ਜੀ, ਉਹ ਪੜ੍ਹੇ-ਲਿਖੇ ਬੰਦੇ ਨੇ ਉਨ੍ਹਾਂ ਨਾਲ ਕੀ ਮੁਕਾਬਲਾ ਕਰਨਾ ਜੀ ਅਸੀਂ।’ ਇਹ ਕਹਿ ਕੇ ਬਾਬਾ ਚਲਾ ਗਿਆ ਤੇ ਮੇਰੇ ਕੋਲ ਖਲੋਤਾ ਵੀ ਨਹੀਂ।”
ਇੰਜ ਭੂਤਾਂ ਵਾਲਾ ਬਾਬਾ ਦੌੜ ਗਿਆ।