ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਨਾਲ ਪੰਜਾਬ ਦੀ ਸਿਆਸਤ ਅੰਦਰ ਹਲਚਲ ਜਿਹੀ ਤਾਂ ਹੋਈ ਹੈ ਪਰ ਇਸ ਦੇ ਕਾਂਗਰਸ ਲਈ ਕੀ ਨਤੀਜੇ ਹੋਣਗੇ, ਉਨ੍ਹਾਂ ਬਾਰੇ ਚਰਚਾ ਉਘੇ ਪੱਤਰਕਾਰ ਅਭੈ ਕੁਮਾਰ ਦੂਬੇ ਨੇ ਇਸ ਲੇਖ ਵਿਚ ਕੀਤੀ ਹੈ। ਨਵਜੋਤ ਸਿੱਧੂ ਦੀ ਸਿਆਸੀ ਸੰਜੀਦਗੀ ਉਤੇ ਹਰ ਕੋਈ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ। ਉਸ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੇ ਮਾਮਲੇ ‘ਤੇ ਤਾਂ ਸਿਆਸੀ ਵਿਸ਼ਲੇਸ਼ਣਕਾਰ ਪਾਰਟੀ ਦੀ ਕੌਮੀ ਲੀਡਰਸ਼ਿਪ ਨੂੰ ਵੀ ਸਵਾਲਾਂ ਦੇ ਘੇਰੇ ਵਿਚ ਲਿਆ ਰਹੇ ਹਨ।
ਅਭੈ ਕੁਮਾਰ ਦੂਬੇ
ਨਵਜੋਤ ਸਿੰਘ ਸਿੱਧੂ ਕੀ ਕਰ ਰਹੇ ਹਨ ਅਤੇ ਕਾਂਗਰਸ ਦੀ ਹਾਈਕਮਾਨ ਉਨ੍ਹਾਂ ਨੂੰ ਕੀ ਕਰਨ ਦੇ ਰਹੀ ਹੈ ਜਾਂ ਉਨ੍ਹਾਂ ਤੋਂ ਕੀ ਕਰਵਾ ਰਹੀ ਹੈ? ਮੇਰੇ ਇਕ ਮਿੱਤਰ ਜੋ ਇਕ ਵੱਡੇ ਟੀ.ਵੀ. ਚੈਨਲ ‘ਤੇ ਐਂਕਰ ਹਨ, ਦਾ ਮੰਨਣਾ ਹੈ ਕਿ ਸਿੱਧੂ ਦੇ ਰੂਪ ਵਿਚ ਕਾਂਗਰਸ ਦੀ ਹਾਈਕਮਾਨ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਮੁੱਖ ਮੰਤਰੀ ਦੇ ਅਹੁਦੇ ਦਾ ਬਦਲਵਾਂ ਉਮੀਦਵਾਰ ਤਿਆਰ ਕਰ ਰਹੀ ਹੈ। ਇਸ ਰਾਏ ਵਿਚ ਦਮ ਲਗਦਾ ਹੈ। ਕਾਰਨ ਇਹ ਹੈ ਕਿ ਜੇਕਰ ਸਿੱਧੂ ਨੂੰ ਸਿਰਫ ਜਥੇਬੰਦੀ ਦੀ ਕਮਾਨ ਦੇਣ ਦਾ ਇਰਾਦਾ ਹੁੰਦਾ ਤਾਂ ਫਿਰ ਉਹ ਵਿਧਾਇਕਾਂ ਦਾ ਸਮਰਥਨ ਆਪਣੇ ਪੱਖ ਵਿਚ ਜੁਟਾਉਣ ਦੀ ਮੁਹਿੰਮ ਕਿਉਂ ਚਲਾਉਂਦੇ? ਸਿੱਧੂ ਦੀਆਂ ਸਰਗਰਮੀਆਂ ਦੇਖ ਕੇ ਅਜਿਹਾ ਲਗਦਾ ਹੈ, ਜਿਵੇਂ ਵਿਧਾਇਕ ਦਲ ਦੇ ਨੇਤਾ ਦੀ ਚੋਣ ਹੋ ਰਹੀ ਹੋਵੇ। ਜੋ ਵਿਧਾਇਕ ਸਿੱਧੂ ਦੇ ਨਾਲ ਜੱਫੀਆਂ ਪਾਉਂਦੇ ਦਿਸ ਰਹੇ ਹਨ, ਉਨ੍ਹਾਂ ਨੂੰ ਇਹ ਪੱਕੀ ਉਮੀਦ ਹੋਵੇਗੀ ਕਿ ਅਜਿਹਾ ਕਰਕੇ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਇਕ ਵਾਰ ਫਿਰ ਟਿਕਟ ਮਿਲਣ ਦੀ ਗਾਰੰਟੀ ਹਾਸਲ ਕਰ ਰਹੇ ਹਨ।
ਦਰਅਸਲ, ਉਹ ਸਿੱਧੂ ਅੰਦਰ ਇਕੱਠੀਆਂ ਤਿੰਨ ਖੂਬੀਆਂ ਦੇਖ ਰਹੇ ਹਨ। ਪਹਿਲੀ, ਉਹ ਕਾਂਗਰਸ ਹਾਈਕਮਾਨ ਦੇ ਖਾਸਮ-ਖਾਸ ਹਨ। ਉਨ੍ਹਾਂ ਦੇ ਤਾਰ ਸਿੱਧੇ ਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਾਲ ਜੁੜੇ ਹੋਏ ਹਨ। ਦੂਜਾ, ਪ੍ਰਧਾਨ ਦੇ ਰੂਪ ਵਿਚ ਪਾਰਟੀ ਦਾ ਚੋਣ ਚਿੰਨ੍ਹ ਕਿਸੇ ਵੀ ਉਮੀਦਵਾਰ ਨੂੰ ਸਿੱਧੂ ਦੀ ਮੋਹਰ ਅਤੇ ਦਸਤਖਤਾਂ ਤੋਂ ਬਿਨਾ ਨਹੀਂ ਮਿਲੇਗਾ। ਤੀਜਾ, ਜੇਕਰ ਕਾਂਗਰਸ ਫਿਰ ਤੋਂ ਚੋਣਾਂ ਜਿੱਤਦੀ ਹੈ ਤਾਂ ਪਾਰਟੀ ਅੰਦਰ ਅਮਰਿੰਦਰ ਸਿੰਘ ਨੂੰ ਵਿਧਾਇਕ ਦਲ ਦੇ ਨੇਤਾ ਸਿੱਧੂ ਦੇ ਜ਼ਰੀਏ ਹੀ ਚੁਣੌਤੀ ਦਿਵਾਈ ਜਾਵੇਗੀ। ਜਿਸ ਤਰ੍ਹਾਂ ਦਾ ਹਾਈਕਮਾਨ ਸਭਿਆਚਾਰ ਕਾਂਗਰਸ ਵਿਚ ਹੈ, ਉਸ ਤੋਂ ਕੋਈ ਵੀ ਅੰਦਾਜ਼ਾ ਲਗਾ ਸਕਦਾ ਹੈ ਕਿ ਅਗਲੀ ਵਾਰ ਅਮਰਿੰਦਰ ਸਿੰਘ ਲਈ ਸਿੱਧੂ ਨੂੰ ਰੋਕਣਾ ਬਹੁਤ ਮੁਸ਼ਕਿਲ ਹੋਵੇਗਾ। ਇਹ ਸਹੀ ਹੈ ਕਿ ਪੰਜਾਬ ਦੇ ਜ਼ਿਆਦਾਤਰ ਕਾਂਗਰਸੀ ਸੰਸਦ ਮੈਂਬਰ ਸਿੱਧੂ ਦੇ ਨਾਲ ਨਹੀਂ ਹਨ ਪਰ ਸਿੱਧੂ ਨੂੰ ਇਸ ਦੀ ਪ੍ਰਵਾਹ ਨਹੀਂ ਹੈ। ਲੋਕ ਸਭਾ ਚੋਣਾਂ ਅਜੇ ਬਹੁਤ ਦੂਰ ਹਨ। ਜਦੋਂ ਆਉਣਗੀਆਂ, ਉਦੋਂ ਦੇਖੀ ਜਾਵੇਗੀ।
ਸਿਆਸੀ ਸਮੀਖਿਆਕਾਰਾਂ ਨੂੰ ਇਹ ਦੇਖ ਕੇ ਅਫਸੋਸ ਦੇ ਨਾਲ-ਨਾਲ ਹੈਰਾਨੀ ਹੋ ਰਹੀ ਹੋਵੇਗੀ ਕਿ ਜੋ ਕਾਂਗਰਸ ਕੌਮੀ ਪੱਧਰ ‘ਤੇ ਲੰਮੇ ਅਰਸੇ ਤੋਂ ਆਪਣਾ ਪ੍ਰਧਾਨ ਨਹੀਂ ਬਣਾ ਸਕੀ, ਉਸ ਨੇ ਪੰਜਾਬ ਵਿਚ ਇਕ ਪ੍ਰਧਾਨ ਅਤੇ ਚਾਰ ਕਾਰਜਕਾਰੀ ਪ੍ਰਧਾਨ ਬਣਾ ਦਿੱਤੇ ਹਨ!
ਪੰਜਾਬ ਨੂੰ ਜੇਕਰ ਹਾਂਡੀ ਦੇ ਇਕ ਚੌਲ ਵਾਂਗ ਟੋਹਿਆ ਜਾਵੇ ਤਾਂ ਪਤਾ ਲੱਗ ਸਕਦਾ ਹੈ ਕਿ ਕਾਂਗਰਸ ਦੇ ਅੰਦਰ ਕੀ ਪੱਕ ਰਿਹਾ ਹੈ। ਕਾਂਗਰਸ ਦੇ ਅੰਦਰ ਆਪਣੇ ਹੀ ਜ਼ਖਮਾਂ ‘ਤੇ ਮੱਲ੍ਹਮ ਲਗਾਉਣ ਦਾ ਰੁਝਾਨ ਹੈ। ਖੁਸ਼ਕਿਸਮਤੀ ਹੈ ਕਿ ਬੇਰੋਕ-ਟੋਕ ਚੱਲ ਰਹੇ ਅੰਦਰੂਨੀ ਕਲੇਸ਼ ਦੇ ਬਾਵਜੂਦ ਇਸ ਸਮੇਂ ਕਾਂਗਰਸ, ਅਕਾਲੀ ਦਲ ਤੋਂ ਬਹੁਤ ਅੱਗੇ ਹੈ; ਨਹੀਂ ਤਾਂ ਪਾਰਟੀ ਹਾਈਕਮਾਨ ਨੇ ਆਪਣੀ ਹੀ ਸਰਕਾਰ ਅਤੇ ਪਾਰਟੀ ਦਾ ਕਬਾੜਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਪੰਜਾਬ ਦਾ ਇਹ ਅੰਦਰੂਨੀ ਕਲੇਸ਼ ਖਿੱਥੋਂ ਆਇਆ? ਇਸ ਦਾ ਨਿਰਮਾਣ ਪੰਜਾਬ ਵਿਚ ਨਹੀਂ ਬਲਕਿ ਦਿੱਲੀ ਤੋਂ ਹੋਇਆ ਹੈ। ਕੌਣ ਨਹੀਂ ਜਾਣਦਾ ਕਿ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਾਹਮਣੇ ਇਕ ਪਲ ਨਹੀਂ ਟਿਕ ਸਕਦੇ, ਜੇ ਉਨ੍ਹਾਂ ਦੀ ਪਿੱਠ ‘ਤੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਸੋਨੀਆ ਗਾਂਧੀ ਦਾ ਹੱਥ ਨਾ ਹੋਵੇ। ਸਿੱਧੂ ਜਦੋਂ ਅੰਮ੍ਰਿਤਸਰ ਤੋਂ ਭਾਜਪਾ ਦੇ ਸੰਸਦ ਮੈਂਬਰ ਸਨ ਤਾਂ ਉਨ੍ਹਾਂ ਦੀ ਹੈਸੀਅਤ ਕੀ ਸੀ? ਕੀ ਉਹ ਪੰਜਾਬ ਭਾਜਪਾ ਦੇ ਕੋਈ ਵੱਡੇ ਨੇਤਾ ਸਨ? ਉਹ ਸਿਰਫ ਇਕ ਮੁੱਖ ਨੇਤਾ ਸਨ ਜੋ ਆਕਰਸ਼ਕ ਸ਼ਬਦਾਵਲੀ ਰਾਹੀਂ ਆਪਣੇ ਵੱਲ ਧਿਆਨ ਖਿੱਚਦੇ ਸਨ। ਉਨ੍ਹਾਂ ਦਾ ਇਕ ਹੋਰ ਆਕਰਸ਼ਨ ਉਨ੍ਹਾਂ ਦਾ ਸਾਬਕਾ ਕ੍ਰਿਕਟਰ ਹੋਣਾ ਅਤੇ ਟੀ.ਵੀ. ‘ਤੇ ਹਿੰਦੀ-ਅੰਗਰੇਜ਼ੀ ਵਿਚ ਦਿਲਚਸਪ ਕੁਮੈਂਟਰੀ ਕਰਨਾ ਵੀ ਸੀ। ਇਸ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਸਿਆਸੀ ਪੂੰਜੀ ਨਹੀਂ ਸੀ।
ਭਾਜਪਾ ਨੇ ਜਦੋਂ ਉਨ੍ਹਾਂ ਦਾ ਟਿਕਟ ਕੱਟਿਆ, ਤਾਂ ਸਿੱਧੂ ਨਾਰਾਜ਼ ਹੋ ਗਏ। ਉਨ੍ਹਾਂ ਨੇ ਇਹ ਪ੍ਰਵਾਹ ਵੀ ਨਹੀਂ ਕੀਤੀ ਕਿ ਇਹ ਟਿਕਟ ਉਸ ਬੰਦੇ ਨੂੰ ਦਿੱਤੀ ਗਈ ਹੈ ਜਿਸ ਨੂੰ ਉਹ ਆਪਣਾ ਸਿਆਸੀ ਗੁਰੂ ਮੰਨਦੇ ਸਨ, ਭਾਵ ਅਰੁਣ ਜੇਤਲੀ ਨੂੰ। ਇਸ ਤੋਂ ਬਾਅਦ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿਚ ਜਾਣ ਦੀ ਕੋਸ਼ਿਸ਼ ਕੀਤੀ। ਜਦੋਂ ਉੱਥੇ ਵੀ ਉਨ੍ਹਾਂ ਦੀ ਗੱਲ ਨਹੀਂ ਬਣੀ ਤਾਂ ਉਹ ਕਾਂਗਰਸ ਵਿਚ ਚਲੇ ਗਏ। ਕਾਂਗਰਸ ਦੀ ਹਾਈਕਮਾਨ ਅਮਰਿੰਦਰ ਸਿੰਘ ਦੀ ਖੁਦਮੁਖਤਾਰੀ ਤੋਂ ਔਖੀ ਹੈ। ਇਸ ਲਈ ਉਸ ਨੇ ਸਿੱਧੂ ਨੂੰ ਸ਼ਹਿ ਦੇਣੀ ਸ਼ੁਰੂ ਕਰ ਦਿੱਤੀ। ਕਿਹਾ ਜਾਂਦਾ ਹੈ ਕਿ ਸਿੱਧੂ ਪ੍ਰਿਯੰਕਾ ਗਾਂਧੀ ਦੀ ਨਿੱਜੀ ਪਸੰਦ ਹਨ। ਇਹ ਦੇਖ ਕੇ ਅਮਰਿੰਦਰ ਸਿੰਘ ਵਿਰੋਧੀ ਖੇਮਾ ਵੀ ਸਿੱਧੂ ਦੇ ਨਾਲ ਜੁੜ ਗਿਆ (ਇਹ ਵੱਖਰੀ ਗੱਲ ਹੈ ਕਿ ਨਵੇਂ ਹਾਲਾਤ ਵਿਚ ਸਾਬਕਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਨਾਲ ਖੜ੍ਹੇ ਹੋ ਗਏ ਹਨ)। ਹੁਣ ਹਾਲਤ ਇਹ ਹੈ ਕਿ ਸਿੱਧੂ ਦਿੱਲੀ ਜਾਂਦੇ ਹਨ, ਗਾਂਧੀ ਪਰਿਵਾਰ ਨੂੰ ਮਿਲਣ ਤੋਂ ਪਹਿਲਾਂ ਪ੍ਰੈੱਸ ਨਾਲ ਗੱਲ ਕਰਦੇ ਹਨ ਤੇ ਮਿਲਣ ਤੋਂ ਬਾਅਦ ਫਿਰ ਪ੍ਰੈੱਸ ਨਾਲ ਗੱਲ ਕਰਦੇ ਹਨ। ਇਹ ਸਿਆਸੀ ਚੱਕਰ ਲਗਾਤਾਰ ਚੱਲ ਰਿਹਾ ਹੈ। ਕਾਂਗਰਸ ਆਪਣੀਆਂ ਸੰਭਾਵਨਾਵਾਂ ਕਮਜ਼ੋਰ ਕਰ ਰਹੀ ਹੈ। ਪੰਜਾਬ ਦੇ ਵੋਟਰ ਹੈਰਾਨ ਹਨ ਕਿ ਇਹ ਕੀ ਹੋ ਰਿਹਾ ਹੈ? ਜੇ ਪੰਜਾਬ ਦੀਆਂ ਚੋਣਾਂ ਵਿਚ ਕਾਂਗਰਸ ਜਿੱਤਦੀ-ਜਿੱਤਦੀ ਰਹਿ ਗਈ ਤਾਂ ਇਸ ਦਾ ਠੀਕਰਾ ਅਮਰਿੰਦਰ ਸਿੰਘ ਦੇ ਸਿਰ ਨਹੀਂ ਸਗੋਂ ਹਾਈਕਮਾਨ ਦੇ ਸਿਰ ‘ਤੇ ਭੱਜੇਗਾ।
ਇਸ ਹਾਲਾਤ ਨੂੰ ਦੇਖਣ ਤੋਂ ਬਾਅਦ ਇਹ ਵੀ ਲੱਗਦਾ ਹੈ ਕਿ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਦੇ ਰੂਪ ਵਿਚ ਸੋਨੀਆ ਗਾਂਧੀ ਪੂਰੀ ਤਰ੍ਹਾਂ ਆਪਣੀ ਧੀ ਅਤੇ ਪੁੱਤਰ ਦੀ ਰਾਏ ਨਾਲ ਚੱਲ ਰਹੀ ਹੈ। ਕੌਣ ਨਹੀਂ ਜਾਣਦਾ ਕਿ ਅਮਰਿੰਦਰ ਸਿੰਘ ਅਤੇ ਸੋਨੀਆ ਗਾਂਧੀ ਵਿਚਾਲੇ ਬਹੁਤ ਚੰਗੇ ਸਬੰਧ ਰਹੇ ਹਨ। 2014 ਵਿਚ ਜਦੋਂ ਅਰੁਣ ਜੇਤਲੀ ਨੂੰ ਸਿੱਧੂ ਦੀ ਜਗ੍ਹਾ ਅੰਮ੍ਰਿਤਸਰ ਤੋਂ ਟਿਕਟ ਮਿਲੀ ਤਾਂ ਸੋਨੀਆ ਗਾਂਧੀ ਨੇ ਅਮਰਿੰਦਰ ਸਿੰਘ ਨੂੰ ਫੋਨ ਕੀਤਾ ਕਿ ਉਹ ਉਥੋਂ ਲੋਕ ਸਭਾ ਚੋਣ ਲੜਨ। ਹਾਲਾਂਕਿ ਇਸ ਤੋਂ ਪਹਿਲਾਂ ਅਮਰਿੰਦਰ ਸਿੰਘ ਲੋਕ ਸਭਾ ਦੀ ਚੋਣ ਨਾ ਲੜਨ ਦਾ ਮਨ ਬਣਾ ਚੁੱਕੇ ਸਨ, ਫਿਰ ਵੀ ਸੋਨੀਆ ਗਾਂਧੀ ਦੀ ਅਪੀਲ ਦਾ ਆਦਰ ਕਰਦਿਆਂ ਉਹ ਤਿਆਰ ਹੋ ਗਏ ਅਤੇ ਜੇਤਲੀ ਨੂੰ ਹਰਾ ਦਿੱਤਾ ਪਰ ਹੁਣ ਉਨ੍ਹਾਂ ਨੂੰ ਸਾਫ ਦਿਖਾਈ ਦੇ ਰਿਹਾ ਹੈ ਕਿ ਸੋਨੀਆ ਗਾਂਧੀ ਵੀ ਉਸ ਤਰ੍ਹਾਂ ਨਾਲ ਉਨ੍ਹਾਂ ਦੇ ਨਾਲ ਨਹੀਂ ਰਹਿ ਗਈ। ਦਿੱਲੀ ਵਿਚ ਸੋਨੀਆ ਗਾਂਧੀ ਨੂੰ ਮਿਲਣ ਤੋਂ ਬਾਅਦ ਹੀ ਉਹ ਇਹ ਸਮਝ ਗਏ ਸਨ ਕਿ ਹੁਣ ਸਿੱਧੂ ਨੂੰ ਪਾਰਟੀ ਪ੍ਰਧਾਨ ਬਣਨ ਤੋਂ ਨਹੀਂ ਰੋਕਿਆ ਜਾ ਸਕਦਾ। ਜੋ ਵੀ ਹੋਵੇ, ਅਮਰਿੰਦਰ ਸਿੰਘ ਨੂੰ ਇਸ ਸਮੇਂ ਇਹ ਨਹੀਂ ਪਤਾ ਕਿ ਚੋਣਾਂ ਤੋਂ ਬਾਅਦ ਹਾਈਕਮਾਨ ਵਲੋਂ ਉਨ੍ਹਾਂ ਦੇ ਪੱਖ ਵਿਚ ਸੰਦੇਸ਼ ਆਵੇਗਾ ਜਾਂ ਉਨ੍ਹਾਂ ਦਾ ਤਾਜ ਸਿੱਧੂ ਨੂੰ ਪਹਿਨਾ ਦਿੱਤਾ ਜਾਵੇਗਾ।
ਇਕ ਅਜਿਹੇ ਸਮੇਂ ਵਿਚ ਜਦੋਂ ਹਰ ਚੋਣ ਵਾਲੇ ਸੂਬੇ ਅੰਦਰ ਕਾਂਗਰਸ ਦੀਆਂ ਸ਼ਕਤੀਆਂ ਨੂੰ ਪੂਰੀ ਤਰ੍ਹਾਂ ਨਾਲ ਇਕਜੁੱਟ ਹੋਣਾ ਚਾਹੀਦਾ ਹੈ, ਪੰਜਾਬ ਵਿਚ ਉਸ ਦੇ ਉਲਟ ਹੋ ਰਿਹਾ ਹੈ। ਜਿਸ ਹਰੀਸ਼ ਰਾਵਤ ਨੂੰ ਉਤਰਾਖੰਡ ਵਿਚ ਕਾਂਗਰਸ ਲਈ ਉੱਜਲ ਸੰਭਾਵਨਾਵਾਂ ਤਲਾਸ਼ਣ ਵਿਚ ਲੱਗੇ ਹੋਣਾ ਚਾਹੀਦਾ ਹੈ, ਉਹ ਪੰਜਾਬ ਵਿਚ ਮੱਚ ਰਹੀ ਅੱਗ ‘ਤੇ ਪਾਣੀ ਪਾਉਣ ਵਿਚ ਰੁੱਝੇ ਹੋਏ ਹਨ। ਕਾਂਗਰਸ ਜੇਕਰ ਆਪਣੇ ਦਾਅ ਠੀਕ ਤਰ੍ਹਾਂ ਖੇਡੇ ਤਾਂ ਇਨ੍ਹਾਂ ਸੂਬਿਆਂ ਵਿਚ ਚੰਗਾ ਪ੍ਰਦਰਸ਼ਨ ਕਰਕੇ ਆਪਣਾ ਆਤਮ-ਵਿਸ਼ਵਾਸ ਵਧਾ ਸਕਦੀ ਹੈ। ਗੁਜਰਾਤ, ਉਤਰਾਖੰਡ, ਪੰਜਾਬ, ਹਿਮਾਚਲ ਅਤੇ ਗੋਆ ਵਿਚ ਉਹ ਦੋ ਮੁੱਖ ਤਾਕਤਾਂ ਵਿਚੋਂ ਇਕ ਹੈ। ਇਨ੍ਹਾਂ ਵਿਚੋਂ ਉਨ੍ਹਾਂ ਨੂੰ ਚਾਰ ਚੋਣਾਂ ਜਿੱਤਣ ਦਾ ਟੀਚਾ ਮਿੱਥਣਾ ਚਾਹੀਦਾ ਹੈ। ਗੁਜਰਾਤ ਵਿਚ ਸਖਤ ਚੁਣੌਤੀ ਪੇਸ਼ ਕਰਨੀ ਚਾਹੀਦੀ ਹੈ। ਉਤਰ ਪ੍ਰਦੇਸ਼ ਵਿਚ ਉਹ ਬਹੁਤ ਪਿੱਛੇ ਹੈ ਪਰ ਚਲਾਕ ਰਣਨੀਤੀ ਰਾਹੀਂ ਉਹ ਭਾਜਪਾ ਦੇ ਉੱਚੀਆਂ ਜਾਤੀਆਂ ਦੇ ਆਧਾਰ ਨੂੰ ਖਿੱਚ ਕੇ ਉਸ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਹੁਣ ਕਾਂਗਰਸ ‘ਕਰੋ ਜਾਂ ਮਰੋ’ ਦੇ ਦੌਰ ਵਿਚ ਪਹੁੰਚ ਚੁੱਕੀ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜੋ ਲੋਕ ਭਾਜਪਾ ਵਿਚ ਜਾਣਾ ਚਾਹੁੰਦੇ ਹਨ, ਉਹ ਚਲੇ ਜਾਣ; ਇਹ ਗੱਲ ਠੀਕ ਹੈ ਪਰ ਜੋ ਲੋਕ ਭਾਜਪਾ ਵਿਚ ਨਹੀਂ ਜਾਣਾ ਚਾਹੁੰਦੇ, ਪਾਰਟੀ ਵਿਚ ਹੀ ਰਹਿਣਾ ਚਾਹੁੰਦੇ ਹਨ, ਉਨ੍ਹਾਂ ਲਈ ਪਾਰਟੀ ਦੇ ਅਣ-ਐਲਾਨੇ ਮੁਖੀ ਦੇ ਰੂਪ ਵਿਚ ਰਾਹੁਲ ਗਾਂਧੀ ਦੇ ਕੋਲ ਕੀ ਹੈ? ਇਸ ਸਵਾਲ ਦਾ ਜਵਾਬ ਕੌਣ ਦੇਵੇਗਾ?
ਪੰਜਾਬ ਦੀਆਂ ਚੋਣਾਂ ਕਿਸਾਨ ਅੰਦੋਲਨ ਸਾਹਮਣੇ ਵੀ ਦੁਬਿਧਾ ਪੇਸ਼ ਕਰਨ ਵਾਲੀਆਂ ਹਨ। ਇਸ ਅੰਦੋਲਨ ਨੇ ਪੰਜਾਬ ਵਿਚ ਭਾਜਪਾ ਨੂੰ ਪੂਰੀ ਤਰ੍ਹਾਂ ਸਿਫਰ ਕਰ ਦਿੱਤਾ ਹੈ ਪਰ ਦੋਵਾਂ ਮੁੱਖ ਪਾਰਟੀਆਂ (ਕਾਂਗਰਸ ਤੇ ਅਕਾਲੀ ਦਲ) ਖੁਦ ਨੂੰ ਇਸ ਅੰਦੋਲਨ ਦੇ ਸਮਰਥਕ ਦੇ ਰੂਪ ਵਿਚ ਪੇਸ਼ ਕਰਦੀਆਂ ਹਨ। ਪੱਛਮੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿਚ ਤਾਂ ਕਿਸਾਨ ਭਾਜਪਾ ਦਾ ਵਿਰੋਧ ਕਰਕੇ ਆਪਣੀ ਹਾਜ਼ਰੀ ਦਰਜ ਕਰਵਾਉਣਗੇ ਪਰ ਪੰਜਾਬ ਵਿਚ ਭਾਜਪਾ ਕੋਈ ਤਾਕਤ ਹੀ ਨਹੀਂ ਹੈ। ਇਸ ਤਰ੍ਹਾਂ ਸਮਰਥਨ ਦੇਣ ਦੇ ਸਵਾਲ ‘ਤੇ ਅੰਦੋਲਨ ਵਿਚ ਕੁਝ ਮਤਭੇਦ ਵੀ ਪੈਦਾ ਹੋ ਸਕਦੇ ਹਨ।