ਬਿਜਲੀ ਸੰਕਟ ਨੇ ਕੈਪਟਨ ਅਮਰਿੰਦਰ ਸਰਕਾਰ ਦੇ ਕਰਵਾਏ ਹੱਥ ਖੜ੍ਹੇ

ਚੰਡੀਗੜ੍ਹ: ਪੰਜਾਬ ਵਿਚ ਬਿਜਲੀ ਦੀ ਕਮੀ ਦਾ ਸੰਕਟ ਇਕ ਵਾਰ ਫਿਰ ਗਹਿਰਾ ਹੋ ਗਿਆ ਹੈ। ਪੰਜਾਬ ਸਰਕਾਰ ਨੇ ਐਤਕੀਂ ਬਿਜਲੀ ਕੱਟ ਵੀ ਲਾਏ, ਸਨਅਤਾਂ ਦੀ ਸਪਲਾਈ ਵੀ ਬੰਦ ਕੀਤੀ, ਫਿਰ ਵੀ ਖੇਤੀ ਸੈਕਟਰ ਨੂੰ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਨਹੀਂ ਜਾ ਸਕੀ। ਝੋਨੇ ਦੀ ਲੁਆਈ ਸ਼ੁਰੂ ਹੋਣ ਤੋਂ ਲੈ ਕੇ ਹੁਣ ਇਕ ਮਹੀਨਾ ਪੂਰਾ ਹੋ ਚੁੱਕਾ ਹੈ ਪਰ ਸਰਕਾਰ ਖੇਤਾਂ ਲਈ ਐਲਾਨੀ ਬਿਜਲੀ ਸਪਲਾਈ ਦੇ ਨਹੀਂ ਸਕੀ। ਮੁੱਖ ਮੰਤਰੀ ਨੇ ਦਾਅਵੇ ਕੀਤੇ ਹਨ ਕਿ ਖੇਤੀ ਸੈਕਟਰ ਨੂੰ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਪਰ ਹਕੀਕਤ ਇਸ ਦੇ ਉਲਟ ਹੈ।

ਪਾਵਰਕੌਮ ਦੇ ਆਪਣੇ ਸਰਕਾਰੀ ਤੱਥ ਹਨ ਕਿ ਪੰਜਾਬ ਵਿਚ ਖੇਤੀ ਸੈਕਟਰ ਨੂੰ 8 ਜੁਲਾਈ ਨੂੰ 7.12 ਘੰਟੇ ਅਤੇ ਸਰਹੱਦੀ ਖੇਤਰ ‘ਚ ਖੇਤੀ ਨੂੰ 7.30 ਘੰਟੇ ਬਿਜਲੀ ਸਪਲਾਈ ਦਿੱਤੀ ਹੈ। ਇਵੇਂ 7 ਜੁਲਾਈ ਨੂੰ ਖੇਤੀ ਸੈਕਟਰ ਨੂੰ 6.23 ਘੰਟੇ ਅਤੇ ਸਰਹੱਦੀ ਖੇਤਰ ‘ਚ ਖੇਤਾਂ ਨੂੰ 6.30 ਘੰਟੇ ਬਿਜਲੀ ਸਪਲਾਈ ਦਿੱਤੀ ਗਈ ਹੈ। ਹਕੀਕਤ ‘ਚ ਇਸ ਤੋਂ ਵੀ ਘੱਟ ਬਿਜਲੀ ਸਪਲਾਈ ਦਿੱਤੀ ਗਈ ਹੈ। ਪੰਜਾਬ ਵਿਚ ਕਰੀਬ 14.50 ਲੱਖ ਖੇਤੀ ਟਿਊਬਵੈਲਾਂ ਦੇ ਕੁਨੈਕਸ਼ਨ ਹਨ ਅਤੇ ਛੇ ਹਜ਼ਾਰ ਖੇਤੀ ਫੀਡਰ ਹਨ।
ਪਾਵਰਕੌਮ ਦੇ ਤੱਥ ਹੀ ਸਰਕਾਰ ਦੇ ਦਾਅਵੇ ਉਡਾ ਰਹੇ ਹਨ। ਕਿਸਾਨ ਧਿਰਾਂ ਵੱਲੋਂ ਬਿਜਲੀ ਸਪਲਾਈ ‘ਤੇ ਉਂਗਲ ਉਠਾਈ ਜਾ ਰਹੀ ਹੈ। ਸਰਕਾਰੀ ਦਾਅਵੇ ਹਨ ਕਿ ਪੰਜਾਬ ਵਿਚ ਹੁਣ ਬਿਜਲੀ ਕੱਟ ਨਹੀਂ ਲਾਏ ਜਾ ਰਹੇ ਹਨ। ਪਾਵਰਕੌਮ ਦੇ ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਵਿਚ 8 ਜੁਲਾਈ ਨੂੰ ਸ਼ਹਿਰੀ ਪੈਟਰਨ ਵਾਲੀ ਪੇਂਡੂ ਸਪਲਾਈ ‘ਤੇ 4.52 ਘੰਟੇ, ਪੇਂਡੂ ਸਪਲਾਈ ‘ਤੇ 6.16 ਘੰਟੇ, ਸ਼ਹਿਰੀ/ਸਨਅਤੀ ਖੇਤਰਾਂ ‘ਤੇ 2.51 ਘੰਟੇ ਅਤੇ ਕੰਢੀ ਖੇਤਰ ‘ਚ 5 ਘੰਟੇ ਬਿਜਲੀ ਕੱਟ ਲਾਏ ਗਏ ਹਨ। ਪਿਛਲੇ ਵਰ੍ਹੇ ਇਨ੍ਹਾਂ ਦਿਨਾਂ ਵਿਚ ਕੋਈ ਬਿਜਲੀ ਕੱਟ ਨਹੀਂ ਸੀ।
ਇਸ ਵਾਰ ਤਲਵੰਡੀ ਸਾਬੋ ਤਾਪ ਘਰ ਦੀਆਂ ਸਾਰੀਆਂ ਇਕਾਈਆਂ ਦੁਆਰਾ ਉਤਪਾਦਨ ਕਾਰਜ ਬੰਦ ਕਰ ਦਿੱਤੇ ਜਾਣ ਨਾਲ ਸੰਕਟ ਦੀ ਗੰਭੀਰਤਾ ਹੋਰ ਵਧੀ ਹੈ। ਤਲਵੰਡੀ ਸਾਬੋ ਤਾਪ ਬਿਜਲੀ ਘਰ ਤੋਂ ਆਈ ਇਸ ਆਫਤ ਦੇ ਕਾਰਨ ਸੂਬੇ ‘ਚ ਬਿਜਲੀ ਦੇ ਅਣ-ਐਲਾਨੇ ਕੱਟਾਂ ਨੇ ਉਦਯੋਗ, ਵਪਾਰ ਜਗਤ ਤੇ ਘਰੇਲੂ ਖਪਤ ਦੇ ਜ਼ਮੀਨੀ ਪੱਧਰ ‘ਤੇ ਲੋਕਾਂ ‘ਚ ਗੁੱਸੇ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ। ਝੋਨੇ ਦੇ ਸੀਜ਼ਨ ਮੌਕੇ ਸਿੰਜਾਈ ਲਈ ਬਿਜਲੀ ਦੀ ਵਿਸ਼ੇਸ਼ ਤੌਰ ‘ਤੇ ਜ਼ਿਆਦਾ ਲੋੜ ਹੁੰਦੀ ਹੈ।
ਮਾਨਸੂਨ ਦੇ ਆਉਣ ‘ਚ ਦੇਰੀ ਹੋ ਜਾਣ ਨਾਲ ਟਿਊਬਵੈੱਲਾਂ ਨਾਲ ਪਾਣੀ ਦੀ ਨਿਕਾਸੀ ਦੀ ਜ਼ਰੂਰਤ ਤੇ ਦਬਾਅ ਵਧਿਆ ਹੈ ਅਤੇ ਖੇਤੀ ਖੇਤਰ ਨੂੰ ਪੂਰੀ ਜ਼ਰੂਰਤ ਅਨੁਸਾਰ ਬਿਜਲੀ ਨਾ ਮਿਲਣ ਨਾਲ ਝੋਨੇ ਦੀ ਬਿਜਾਈ ‘ਤੇ ਉਲਟ ਅਸਰ ਪੈਣ ਲੱਗਾ ਹੈ।
ਪੰਜਾਬ ‘ਚ ਬਿਜਲੀ ਪੂਰਤੀ ਦਾ ਵਧੇਰੇ ਦਾਰੋਮਦਾਰ ਤਾਪ ਬਿਜਲੀ ਘਰਾਂ ਉਤੇ ਨਿਰਭਰ ਰਹਿੰਦਾ ਹੈ, ਹਾਲਾਂਕਿ ਸੂਬੇ ‘ਚ 1150 ਮੈਗਾਵਾਟ ਪਣਬਿਜਲੀ ਦਾ ਉਤਪਾਦਨ ਵੀ ਹੁੰਦਾ ਹੈ ਪਰ ਅਕਸਰ ਕੋਲੇ ਦੀ ਕਮੀ ਕਾਰਨ, ਸੂਬੇ ਦੇ ਸਾਰੇ ਤਾਪ ਘਰ ਕਦੇ ਨਾ ਕਦੇ ਪ੍ਰਭਾਵਿਤ ਹੁੰਦੇ ਰਹਿੰਦੇ ਹਨ। ਪੰਜਾਬ ‘ਚ ਗਰਮੀਆਂ ਦੇ ਮੌਸਮ ਦਾ ਤਾਪਮਾਨ ਵਧਣ ਨੂੰ ਦੇਖਦਿਆਂ ਪਿਛਲੇ ਮਹੀਨੇ ‘ਚ ਹੀ ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਸੀ ਕਿ ਇਸ ਵਾਰ ਬਿਜਲੀ ਦੀ ਪੂਰਤੀ ‘ਚ ਮੁਸ਼ਕਲਾਂ ਆਉਣਗੀਆਂ। ਹਾਲਾਤ ਇਹ ਹੋ ਗਏ ਹਨ ਕਿ ਬਿਜਲੀ ਦੀ ਮੰਗ ਤਾਂ ਵਧ ਕੇ 14,000 ਮੈਗਾਵਾਟ ਹੋ ਗਈ, ਪਰ ਉਤਪਾਦਨ ਪ੍ਰਤੀ ਦਿਨ ਕਿਸੇ ਨਾ ਕਿਸੇ ਇਕਾਈ ‘ਚ ਠੱਪ ਹੋ ਜਾਂਦਾ ਹੈ। ਪਹਿਲਾਂ ਰੋਪੜ ਤਾਪ ਘਰ ‘ਚ ਇਕ ਇਕਾਈ ਦੇ ਬੰਦ ਹੋਣ ਨਾਲ ਸੂਬੇ ‘ਚ ਬਿਜਲੀ ਪੂਰਤੀ ਉਤੇ ਅਸਰ ਪਿਆ ਸੀ। ਹੁਣ ਤਲਵੰਡੀ ਸਾਬੋ ਦੇ ਸਾਰੇ ਯੂਨਿਟ ਬੰਦ ਹੋ ਜਾਣ ਨਾਲ ਲਗਭਗ 2000 ਮੈਗਾਵਾਟ ਬਿਜਲੀ ਪੂਰਤੀ ਪ੍ਰਭਾਵਿਤ ਹੋਈ। ਇਸ ਕਾਰਨ ਪੇਂਡੂ ਤੇ ਸ਼ਹਿਰੀ ਦੋਵੇਂ ਖੇਤਰ ਕਮੀ ਦੇ ਸੰਕਟ ਨਾਲ ਜੂਝ ਰਹੇ ਹਨ, ਪਰ ਸੂਬੇ ‘ਚ ਉਦਯੋਗਿਕ ਖੇਤਰ ਨੂੰ ਇਸ ਸੰਕਟ ਨਾਲ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਸੰਕਟ ਕਾਰਨ ਸੂਬੇ ਦੀਆਂ ਕੁਝ ਵੱਡੀਆਂ ਉਦਯੋਗਿਕ ਇਕਾਈਆਂ ਉਤੇ ਪੂਰਨ ਪਾਬੰਦੀ ਲਗਾਈ ਗਈ, ਜਦਕਿ ਮੱਧਮ ਤੇ ਲਘੂ ਉਦਯੋਗ ਵੀ ਪ੍ਰਭਾਵਿਤ ਹੋਏ ਹਨ। ਉਦਯੋਗਿਕ ਯੂਨਿਟ ਬੰਦ ਹੋਣ ਨਾਲ ਉਨ੍ਹਾਂ ਦੇ ਮਜ਼ਦੂਰ ਤੇ ਕਾਮੇ ਬੇਕਾਰ ਹੋਏ ਹਨ। ਉਦਯੋਗਪਤੀਆਂ ਨੂੰ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ। ਸੂਬੇ ‘ਚ ਚੁਣਾਵੀ ਮੌਸਮ ਹੋਣ ਤੇ ਸੱਤਾਧਾਰੀ ਕਾਂਗਰਸ ਦੇ ਅੰਦਰਲੇ ਖੇਮਿਆਂ ‘ਚ ਵੀ ਬਿਜਲੀ ਸੰਕਟ ਨੂੰ ਲੈ ਕੇ ਆਵਾਜ਼ ਉੱਠਣ ਨਾਲ ਇਹ ਮੁੱਦਾ ਜ਼ਿਆਦਾ ਗੰਭੀਰ ਹੋ ਗਿਆ ਹੈ।
ਬਿਜਲੀ ਦੇ ਇਸ ਸੰਕਟ ‘ਤੇ ਕਾਬੂ ਪਾਉਣ ਲਈ ਪਾਵਰ ਨਿਗਮ ਨੇ ਪਿਛਲੇ ਦਿਨੀਂ ਨਿੱਜੀ ਤਾਪ ਘਰਾਂ ਨਾਲ 1800 ਮੈਗਾਵਾਟ ਬਿਜਲੀ ਦੀ ਖਰੀਦ ਵੀ ਕੀਤੀ ਸੀ। ਇਸ ਦੇ ਬਾਵਜੂਦ ਬਿਜਲੀ ਦੀ ਕਮੀ ਦਾ ਸੰਕਟ ਬਰਕਰਾਰ ਹੈ ਅਤੇ ਇਸ ਦਾ ਬੁਰਾ ਪ੍ਰਭਾਵ ਸੂਬੇ ਦੇ ਉਦਯੋਗਿਕ ਉਤਪਾਦਨ ਉਤੇ ਵੀ ਪੈ ਰਿਹਾ ਹੈ।
__________________________________________________________
ਸੁਖਬੀਰ ਨੇ ਸੰਕਟ ਲਈ ਕੈਪਟਨ ਨੂੰ ਜ਼ਿੰਮੇਵਾਰ ਠਹਿਰਾਇਆ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਕਿ ਕਾਂਗਰਸ ਸਰਕਾਰ ਬਿਜਲੀ ਸਪਲਾਈ ਦੇ ਸੰਕਟ ਕਾਰਨ ‘ਜਬਰੀ` ਲਾਏ ਗਏ ਲੌਕਡਾਊਨ ਨਾਲ ਸੂਬੇ ਦੀ ਸਨਅਤ ਨੂੰ ਪੁੱਜੇ ਨੁਕਸਾਨ ਲਈ ਵਿੱਤੀ ਰਾਹਤ ਪੈਕੇਜ ਐਲਾਨੇ। ਬਾਦਲ ਨੇ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਉਦਯੋਗਿਕ ਸੈਕਟਰ ਨੂੰ 5 ਰੁਪਏ ਪ੍ਰਤੀ ਯੂਨਿਟ ਦੀ ਦਰ `ਤੇ ਬਿਜਲੀ ਸਪਲਾਈ ਕਰਨ ਵਾਸਤੇ ਵੀ ਆਖਿਆ। ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਹਾਲਾਤਾਂ ਲਈ ਸਿੱਧੇ ਤੌਰ `ਤੇ ਜ਼ਿੰਮੇਵਾਰ ਹਨ ਕਿਉਂਕਿ ਬਿਜਲੀ ਮਹਿਕਮਾ ਉਨ੍ਹਾਂ ਕੋਲ ਹੈ। ਉਨ੍ਹਾਂ ਕਿਹਾ ਕਿ ਨਾਲ ਹੀ ਇੰਡਸਟਰੀ ਨੂੰ ਪਏ ਘਾਟਿਆਂ ਲਈ ਵੀ ਵਿੱਤੀ ਰਾਹਤ ਦਿੱਤੀ ਜਾਣੀ ਚਾਹੀਦੀ ਹੈ ਤੇ ਮੌਜੂਦਾ ਸਰਕਲ ਦੇ ਦੋ ਮਹੀਨਿਆਂ ਦੇ ਬਿੱਲ ਦੀ ਉਗਰਾਹੀ ਅੱਗੇ ਪਾਉਣੀ ਚਾਹੀਦੀ ਹੈ।
__________________________________________________
ਸਿੱਧੂ ਨੇ ‘ਆਪ` ਅਤੇ ਬਾਦਲਾਂ `ਤੇ ਸੇਧਿਆ ਨਿਸ਼ਾਨਾ
ਅੰਮ੍ਰਿਤਸਰ: ਬਿਜਲੀ ਸੰਕਟ ‘ਤੇ ਲਗਾਤਾਰ ਸਰਗਰਮੀ ਦਿਖਾ ਰਹੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਕੁਝ ਤਾਕਤਾਂ ਪੰਜਾਬ ਦੀ ਤਬਾਹੀ ਚਾਹੁੰਦੀਆਂ ਹਨ। ਉਨ੍ਹਾਂ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਵੀ ਨਿਸ਼ਾਨਾ ਬਣਾਇਆ ਹੈ। ਆਪਣੇ ਟਵੀਟ ਰਾਹੀਂ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੀ ਜੀਵਨ ਰੇਖਾ ਥਰਮਲ ਪਲਾਂਟਾਂ ਨੂੰ ਬੰਦ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟਾਂ ਬਾਰੇ ਸਮਝੌਤਾ ਬਾਦਲਾਂ ਵੱਲੋਂ ਅਤੇ ਸੂਰਜੀ ਊਰਜਾ ਬਾਰੇ ਸਮਝੌਤਾ ਉਸ ਵੇਲੇ ਦੇ ਮੰਤਰੀ ਬਿਕਰਮ ਮਜੀਠੀਆ ਵੱਲੋਂ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਬਿਜਲੀ ਮਾਮਲੇ ਵਿਚ ਪੰਜਾਬ ਨੂੰ ਦਿੱਲੀ ਮਾਡਲ ਦੀ ਲੋੜ ਨਹੀਂ ਸਗੋਂ ਪੰਜਾਬ ਲਈ ਇਕ ਵੱਖਰੇ ਅਸਲ ਮਾਡਲ ਦੀ ਲੋੜ ਹੈ।