ਕਾਫਕਾ ਦੇ ਮੁਕੱਦਮੇ ਦਾ ਕਲਾਤਮਿਕ ਫਿਲਮਾਂਕਣ: ‘ਦਿ ਟਰਾਇਲ`

ਡਾ. ਕੁਲਦੀਪ ਕੌਰ
ਫੋਨ: +91-98554-04330
ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਸੰਸਾਰ ਪ੍ਰਸਿੱਧ ਫਿਲਮਸਾਜ਼ ਓਰਸਨ ਵੈਲੇਸ ਦੀ ਫਿਲਮ ‘ਦਿ ਟਰਾਇਲ` ਬਾਰੇ ਚਰਚਾ ਕੀਤੀ ਗਈ ਹੈ। ਇਹ ਫਿਲਮ ਸੰਸਾਰ ਪ੍ਰਸਿੱਧ ਲੇਖਕ ਫਰਾਂਜ਼ ਕਾਫਕਾ ਦੇ ਇਸੇ ਨਾਂ ਵਾਲੇ ਨਾਵਲ ‘ਤੇ ਆਧਾਰਿਤ ਹੈ। ਇਸ ਵਿਚ ਮਨੁੱਖੀ ਹੋਣੀ ਦਾ ਚਿੱਤਰ ਖਿਚਿਆ ਗਿਆ ਹੈ।

ਸੰਸਾਰ ਪ੍ਰਸਿੱਧ ਲੇਖਕ ਫਰਾਂਜ਼ ਕਾਫਕਾ ਦਾ ਸਾਹਿਤ ਅਜਿਹੀ ਦੁਨੀਆ ਦੇ ਲੋਕਾਂ ਦਾ ਸਾਹਿਤ ਹੈ ਜਿਹੜੇ ਕਿਸੇ ਸਵੇਰ ਨੀਂਦ ਤੋਂ ਜਾਗਦੇ ਹਨ ਤੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਧਰਤੀ ਦਾ ਕੇਂਦਰ ਗੁਆਚ ਗਿਆ ਹੈ, ਜਾਂ ਉਨ੍ਹਾਂ ਦੇ ਪੈਰਾਂ ਹੇਠ ਜ਼ਮੀਨ ਨਹੀਂ ਰਹੀ, ਜਾਂ ਉਨ੍ਹਾਂ ਨੂੰ ਅਜਿਹੇ ਗੁਨਾਹ ਲਈ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਜਿਹੜਾ ਉਨ੍ਹਾਂ ਨੇ ਕੀਤਾ ਹੀ ਨਹੀਂ। ਉਸ ਦੇ ਨਾਵਲਾਂ ਦੇ ਕਿਰਦਾਰਾਂ ਦਾ ਦਿਲ ਇਸ ਆਧੁਨਿਕ ਪਰੰਤੂ ਖੋਖਲੀ ਦੁਨੀਆ ਤੋਂ ਉਪਜੀ ਉਪਰਾਮਤਾ ਤੇ ਬੇਲਾਗਤਾ ਨੇ ਬੁਰੀ ਤਰ੍ਹਾਂ ਘੇਰਿਆ ਹੋਇਆ ਹੈ ਅਤੇ ਇਨ੍ਹਾਂ ਦੇ ਅਸਰ ਹੇਠ ਉਨ੍ਹਾਂ ਤੋਂ ਖੁਦ ਨਾਲ ਵੀ ਸਹੀ ਤਾਲਮੇਲ ਨਹੀਂ ਬੈਠ ਰਿਹਾ।
ਫਰਾਂਜ਼ ਕਾਫਕਾ ਦੇ ਕਿਰਦਾਰਾਂ ਦੀ ਜ਼ਿੰਦਗੀ ਵਿਚ ਘਟਨਾਵਾਂ ਅਚਾਨਕ ਵਾਪਰਦੀਆਂ ਹਨ ਪਰ ਉਨ੍ਹਾਂ ਦੀ ਘਾੜਤ ਅਤੇ ਇਨ੍ਹਾਂ ਪਿੱਛੇ ਕੰਮ ਕਰਦੇ ਬਹੁਤ ਸਾਰੇ ਹਾਲਾਤ ਸਦੀਆਂ ਸਦੀਆਂ ਤੋਂ ਇਹੀ ਹਨ। ਉਹ ਸੰਵੇਦਨਸ਼ੀਲ ਕਿਰਦਾਰਾਂ ਦਾ ਸਿਰਜਕ ਹੈ ਪਰ ਉਸ ਦੇ ਕਿਰਦਾਰ ਵਰਤਾਰਿਆਂ ਅਤੇ ਚੀਜ਼ਾਂ ਦੀ ਉਸ ਹੱਦ ਤੱਕ ਥਾਹ ਪਾ ਲੈਂਦੇ ਹਨ ਕਿ ਉਨ੍ਹਾਂ ਅੰਦਰ ਕਿਰਦਾਰਾਂ ਦੀ ਦਿਲਚਸਪੀ ਹੀ ਖਤਮ ਹੋ ਕੇ ਰਹਿ ਜਾਂਦੀ ਹੈ।
ਕਾਫਕਾ ਦੇ ਇਸ ਨਾਵਲ ਦੀ ਚਰਚਾ ਸਦਾ ਹੀ ਚੱਲਦੀ ਰਹਿੰਦੀ ਹੈ ਜਿਸ ਦਾ ਕਾਰਨ ਸ਼ਾਇਦ ਇਹ ਹੈ ਕਿ ਇਹ ਮਨੁੱਖੀ ਅਣਖ ਲਈ ਸਭ ਤੋਂ ਜ਼ਰੂਰੀ ਸ਼ਰਤ ‘ਨਿਆਂ` ਦੇ ਆਸ-ਪਾਸ ਘੁੰਮਦਾ ਹੈ। ਆਖਿਰ ‘ਨਿਆਂ` ਦੀ ਧਾਰਨਾ ਹੀ ਤਾਂ ਇੱਕੋ-ਇੱਕ ਅਜਿਹੀ ਧਾਰਨਾ ਹੈ ਜਿਹੜੀ ਮਨੁੱਖੀ ਹੋਂਦ ਅਤੇ ਉਸ ਦੁਆਰਾ ਕੀਤੇ ਕੰੰਮਾਂ ਨੂੰ ਤਰਕ ਤੇ ਦਲੀਲ ਦੇ ਨਜ਼ਰੀਏ ਤੋਂ ਦੇਖ ਸਕਦੀ ਹੈ। ਕਾਫਕਾ ਇਸ ਸਵਾਲ ਤੋਂ ਵੀ ਅੱਗੇ ਜਾਂਦਾ ਹੈ ਅਤੇ ਇਹ ਸਵਾਲ ਖੜ੍ਹਾ ਕਰਦਾ ਹੈ ਕਿ ਕੀ ਅਸੀਂ ਖੁਦ ਨਾਲ ਨਿਆਂ ਕਰਦੇ ਹਾਂ? ਕੀ ਮਨੁੱਖ ਇਸੇ ਲਈ ਪੈਦਾ ਹੋਇਆ ਹੈ ਕਿ ਉਸ ਨੂੰ ਅਣਜਾਣ ਹਾਲਾਤ ਲਗਾਤਾਰ ਧੂਹੀ ਲਈ ਜਾਣ ਅਤੇ ਅੰਤ ਸਾਰੀ ਤ੍ਰਾਸਦੀ ਦਾ ਵਜ਼ਨ ਵੀ ਉਸੇ ਦੇ ਮੋਢਿਆਂ ‘ਤੇ ਸੁੱਟ ਦੇਣ।
ਕਾਫਕਾ ਦਾ ਸਾਹਿਤ ਜਿੱਥੇ ਪੜ੍ਹਨਾ ਅਤੇ ਸਮਝਣਾ ਔਖਾ ਹੈ, ਉਥੇ ਉਸ ਉਪਰ ਆਧਾਰਿਤ ਫਿਲਮ ਬਣਾਉਣਾ ਆਪਣੇ ਆਪ ਵਿਚ ਮੀਲ-ਪੱਥਰ ਵਾਂਗ ਹੀ ਤਾਂ ਹੈ। ਉਸ ਦੇ ਨਾਵਲਾਂ ਦਾ ਤਾਣਾ-ਬਾਣਾ ਮਨੋਵਿਗਿਆਨਕ ਅਤੇ ਦਾਰਸ਼ਨਿਕ ਸੱਚਾਈਆਂ ਦੇ ਆਸ-ਪਾਸ ਬੁਣਿਆ ਜਾਂਦਾ ਹੈ ਅਤੇ ਕਿਰਦਾਰ ਬਹੁਤੀ ਵਾਰ ਖੁਦ ਨਾਲ ਹੀ ਉਲਝੇ ਰਹਿੰਦੇ ਹਨ। ਨਾਵਲ ਵਾਂਗ ਹੀ ਇਸ ਫਿਲਮ ਦਾ ਬਿਰਤਾਂਤ ਅਤੇ ਕਥਾਨਿਕ ਕਲਪਨਾ ਅਤੇ ਅਸਲੀਅਤ ਦੇ ਆਰ-ਪਾਰ ਆਉਂਦਾ ਜਾਂਦਾ ਰਹਿੰਦਾ ਹੈ।
ਮਿਸਾਲ ਵਜੋਂ ਮੁਕੱਦਮੇ ਦੀ ਕਾਰਵਾਈ ਦੇ ਐਨ ਵਿਚਕਾਰ ਹੀ ਕੋਈ ਔਰਤ ਸਾਹਮਣੇ ਵਾਲੀ ਖਿੜਕੀ ਵਿਚੋਂ ਆਪਣੇ ਕੱਪੜੇ ਧੋਂਦੀ ਦਿਖਾਈ ਦੇ ਰਹੀ ਹੈ। ਕਿਸੇ ਵਿਸ਼ਾਲ ਵਿਸ਼ਾਲਤਰ ਮੈਦਾਨ ਵਿਚ ਟਰੱਕ ਇੱਕ ਪਾਸੇ ਤੋਂ ਦੂਜੇ ਪਾਸੇ ਜਾ ਰਹੇ ਹਨ ਪਰ ਉਨ੍ਹਾਂ ਦੀ ਮੰਜ਼ਿਲ ਕਿਤੇ ਵੀ ਨਹੀਂ ਦਿਸ ਰਹੀ ਹੈ। ਇਸੇ ਤਰ੍ਹਾਂ ਹੀ ਜੋ ਜਿਸ ਤਰ੍ਹਾਂ ਦਾ ਅਕਸਰ ਬਿਆਨ ਕੀਤਾ ਜਾਂਦਾ ਹੈ, ਉਹ ਬਿਲਕੁੱਲ ਵੀ ਉੱਦਾਂ ਦਾ ਨਹੀਂ ਹੁੰਦਾ ਸਗੋਂ ਬਹੁਤੀ ਵਾਰ ਉਲਟ ਹੀ ਹੁੰਦਾ ਹੈ।
ਫਿਲਮ ਦੀ ਕਹਾਣੀ ਅਨੁਸਾਰ ਇਸ ਫਿਲਮ ਦਾ ਮੁੱਖ ਕਿਰਦਾਰ ਜੋਸਫ ਕੇ. ਮੁਕੱਦਮੇ, ਅਦਾਲਤ, ਵਕੀਲ ਅਤੇ ਤਰੀਕਾਂ ਦੀ ਅਜਿਹੀ ਘੁੰਮਣਘੇਰੀ ਵਿਚ ਜਾ ਫਸਦਾ ਹੈ ਜਿਥੇ ਉਹ ਨਾ ਤਾਂ ਉਸ ਨਾਲ ਵਾਪਰ ਰਹੀਆਂ ਘਟਨਾਵਾਂ ਦੀ ਸਹੀ ਵਿਆਖਿਆ ਕਰ ਸਕਦਾ ਹੈ, ਨਾ ਸਮਝ ਸਕਦਾ ਹੈ ਅਤੇ ਨਾ ਹੀ ਇਨ੍ਹਾਂ ਤੋਂ ਬਚ ਕੇ ਕਿਤੇ ਭੱਜ ਸਕਦਾ ਹੈ। ਉਸ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਹੈ ਪਰ ਇਹ ਕਿਸ ਨੇ ਦਰਜ ਕੀਤਾ ਹੈ ਅਤੇ ਇਸ ਦਾ ਆਧਾਰ ਕੀ ਹੈ, ਇਸ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਹੈ।
ਇਸ ਫਿਲਮ ਦੇ ਮੁੱਖ ਕਿਰਦਾਰ ਨੂੰ ਗ੍ਰਿਫਤਾਰ ਕਰਨ ਲਈ ਆਏ ਅਧਿਕਾਰੀ ਉਸ ਨੂੰ ਕਹਿੰਦੇ ਹਨ ਕਿ ਤੇਰਾ ਅਪਰਾਧ ਬਹੁਤ ਸੰਗੀਨ ਹੈ ਪਰ ਇਸ ਬਾਰੇ ਸਾਨੂੰ ਕੁਝ ਨਹੀਂ ਪਤਾ। ਉਹ ਵਾਰ-ਵਾਰ ਅਦਾਲਤਾਂ ਅਤੇ ਵਕੀਲਾਂ ਦੇ ਚੱਕਰ ਕੱਟਦਾ ਹੈ ਅਤੇ ਆਪਣੇ ਖਿਲਾਫ ਦਰਜ ਹੋਏ ਮੁਕੱਦਮੇ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਜਿਉਂ-ਜਿਉਂ ਉਹ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦਾ ਹੈ, ਉਲਟਾ ਹਾਲਾਤ ਹੋਰ ਵੀ ਗੁੰਝਲਦਾਰ ਹੁੰਦੇ ਜਾਂਦੇ ਹਨ।
ਫਿਲਮ ਅੱਗੇ ਤੁਰਦੀ ਜਾਂਦੀ ਹੈ ਤਾਂ ਹੌਲੀ-ਹੌਲੀ ਦਰਸ਼ਕਾਂ ਨੂੰ ਇਹ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਇਸ ਤਾਂ ਸਾਡੀ ਜ਼ਿੰਦਗੀ ਦੀ ਵੀ ਕਹਾਣੀ ਹੈ। ਅਸੀਂ ਵੀ ਤਾਂ ਹਰ ਸਮੇਂ ਕਿਸੇ ਉਡੀਕ ਵਿਚ ਹਾਂ। ਅਸੀਂ ਵੀ ਤਾਂ ਲਗਾਤਾਰ ਅਜਿਹੇ ਹਾਲਾਤ ਦੀ ਜਕੜ ਵਿਚ ਹਾਂ ਜਿਹੜੀਆਂ ਸਾਡੇ ਕਾਬੂ ਤੋਂ ਬਾਹਰ ਹਨ। ਜੇਕਰ ਅਸੀਂ ਯਤਨ ਕਰ ਵੀ ਲਈਏ ਤਾਂ ਵੀ ਇਨ੍ਹਾਂ ਦਾ ਬਹੁਤ ਛੋਟਾ ਹਿੱਸਾ ਹੀ ਸਾਡੀ ਸਮਝ ਵਿਚ ਆਉਂਦਾ ਹੈ, ਬਾਕੀ ਅਸੀਂ ਚੰਗੀ ਤਰ੍ਹਾਂ ਸਮਝ ਵੀ ਨਹੀਂ ਸਕਦੇ। ਫਿਲਮ ਵਿਚ ਵਿਸ਼ਵਾਸ ਤੇ ਨਿਆਂ ਦਾ ਨੁਕਤਾ ਬਹੁਤ ਅਹਿਮ ਹੈ। ਕੀ ਨਿਆਂ ਸਾਰਿਆਂ ਲਈ ਹੈ? ਕੀ ਨਿਆਂ ਤਰਕ ਸੰਗਤ ਹੈ? ਕੀ ਨਿਆਂ ਕਿਸੇ ਸਮੱਸਿਆ ਦਾ ਹੱਲ ਦਿੰਦਾ ਹੈ? ਅਦਾਲਤ ਕੀ ਹੈ? ਕੀ ਅਦਾਲਤ ਉਹੀ ਹੈ ਜਿਹੜੀ ਸਾਡੀਆਂ ਅੱਖਾਂ ਦੇ ਸਾਹਮਣੇ ਹੋ ਰਹੀ ਹੈ? ਮੁਕੱਦਮਾ ਕੀ ਹੈ? ਕੀ ਇਸ ਮੁਕੱਦਮੇ ਦਾ ਕੋਈ ਠੋਸ ਆਧਾਰ ਹੈ? ਕੀ ਕਿਸੇ ਸਮਾਜ ਵਿਚ ਹਰ ਕੋਈ ਕਿਸੇ ਦੂਜੇ ਖਿਲਾਫ ਮੁਕੱਦਮਾ ਕਰ ਸਕਦਾ ਹੈ? ਕਿਤੇ ਮੁਕੱਦਮਾ ਕਰਨ ਵਾਲੇ ਖੁਦ ਹੀ ਤਾਂ ਦੋਸ਼ੀ ਨਹੀਂ? ਇਨਸਾਫ ਜਾਂ ਨਿਆਂ ਕੀ ਹੈ? ਕੌਣ ਕਰ ਸਕਦਾ ਹੈ ਨਿਆਂ? ਕੀ ਨਿਆਂ ਨਿਰਪੱਖ ਹੈ? ਕੀ ਨਿਆਂ ਕਰਨ ਵਾਲਿਆਂ ਨੂੰ ਨਿਆਂ ਕਰਨਾ ਆਉਂਦਾ ਹੈ? ਕੀ ਨਿਆਂ ਹੋਣ ਤੋਂ ਬਾਅਦ ਉਸ ਜੁਰਮ ਦਾ ਖਾਤਮਾ ਹੋ ਜਾਂਦਾ ਹੈ? ਕੀ ਅਜਿਹੇ ਵੀ ਜੁਰਮ ਹਨ ਜਿਨ੍ਹਾਂ ਦੀ ਜੜ੍ਹ ਕਿਸੇ ਨਿਆਂ ਦੇ ਫੈਸਲੇ ਵਿਚ ਪਈ ਹੈ? ਕੀ ਵੱਖਰੀਆਂ ਹਾਲਾਤ ਅਨੁਸਾਰ ਨਿਆਂ ਦਾ ਰੂਪ ਵੀ ਬਦਲ ਜਾਂਦਾ ਹੈ?
ਇਸ ਫਿਲਮ ਦੇ ਅੰਤ ਵਿਚ ਇਸ ਦੇ ਮੁੱਖ ਕਿਰਦਾਰ ਨੂੰ ਮਾਰ ਦਿੱਤਾ ਜਾਂਦਾ ਹੈ ਜਿਸ ਦਾ ਫੈਸਲਾ ਅਦਾਲਤ ਕਰਦੀ ਹੈ। ਕੀ ਇਹ ਸਹੀ ਨਿਆਂ ਹੈ? ਇਸ ਤੋਂ ਇਲਾਵਾ ਉਸ ਅਕੇਵੇਂ, ਉਪਰਾਮਤਾ ਅਤੇ ਬੇਲਾਗਤਾ ਦਾ ਕੀ ਕੀਤਾ ਜਾਵੇ ਜਿਸ ਦਾ ਸ਼ਿਕਾਰ ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਮੁੱਖ ਕਿਰਦਾਰ ਹੋ ਜਾਂਦਾ ਹੈ ਅਤੇ ਅੰਤ ਉਸ ਲਈ ਜਿਊਂਦੇ ਰਹਿਣ ਜਾਂ ਮਰ ਜਾਣ ਵਿਚ ਕੋਈ ਜ਼ਿਆਦਾ ਫਰਕ ਹੀ ਨਹੀਂ ਰਹਿ ਜਾਂਦਾ। ਇਸ ਫਿਲਮ ਨੂੰ ਬਹੁਤੀ ਵਾਰ ਹਿਟਲਰ ਦੁਆਰਾ ਯਹੂਦੀਆਂ ਵਿਰੁਧ ਸੁਣਾਏ ਫਰਮਾਨਾਂ ਅਤੇ ਬਿਨਾ ਸਿਰ-ਪੈਰ ਦੇ ਗੈਰ-ਮਾਨਵੀ ਮੁਕੱਦਮਿਆਂ ਦੇ ਪ੍ਰਸੰਗ ਵਿਚ ਰੱਖ ਕੇ ਸਮਝਿਆ ਜਾਂਦਾ ਹੈ ਜੋ ਅਸਲ ਵਿਚ ਬਿਲਕੁੱਲ ਸਹੀ ਤੁਲਨਾ ਹੈ।
ਇਸ ਫਿਲਮ ਵਿਚ ਫਿਲਮਸਾਜ਼ ਓਰਸਨ ਵੈਲੇਸ ਬਹੁਤ ਕਲਾਤਮਿਕ ਤਰੀਕੇ ਨਾਲ ਪਰਛਾਵਿਆਂ ਤੇ ਬਿਲਡਿੰਗਾਂ ਦੇ ਆਕਾਰਾਂ ਦਾ ਪ੍ਰਯੋਗ ਕਰਦਾ ਹੈ। ਦਫਤਰਾਂ ਦੀਆਂ ਫਾਈਲਾਂ ਨਾਲ ਤੁੰਨੀਆਂ ਅਲਮਾਰੀਆਂ, ਅਦਾਲਤਾਂ ਤੇ ਵਕੀਲਾਂ ਦਾ ਵਿਹਾਰ, ਅਦਾਲਤਾਂ ਦੇ ਅਹਿਲਕਾਰਾਂ ਅਤੇ ਅਧਿਕਾਰੀਆਂ ਦਾ ਰੋਬੋਟਾਂ ਵਾਂਗ ਵਰਤਾਉ ਅਤੇ ਆਮ ਲੋਕਾਂ ਦੀ ਕਿਸੇ ਵੀ ਡਰਾਵਣੀ ਹਾਲਤ ਵਿਚ ਢਲ ਜਾਣ ਦੀ ‘ਆਦਤ` ਨੂੰ ਨਿਰਦੇਸ਼ਕ ਦਾ ਕੈਮਰਾ ਜ਼ਬਾਨ ਦਿੰਦਾ ਹੈ। ਇਹ ਫਿਲਮ ਦਰਸ਼ਕਾਂ ਨੂੰ ਇਸ ਸਵਾਲ ਨਾਲ ਛੱਡ ਦਿੰਦੀ ਹੈ ਕਿ ਕੀ ਸਰੀਰ ਖਤਮ ਕਰਨ ਨਾਲ ਕਿਸੇ ਬੰਦੇ ਦਾ ਮੁਕੱਦਮਾ ਖਤਮ ਹੋ ਜਾਂਦਾ ਹੈ? ਕਾਫਕਾ ਕਹਿੰਦਾ ਹੈ ਕਿ ਨਹੀਂ … ਇਸ ਨਾਲ ਤਾਂ ਮਨੁੱਖਤਾ ਅੱਗੇ ਹੋਰ ਵੱਡਾ ਸੰਕਟ ਖੜ੍ਹਾ ਹੋ ਜਾਂਦਾ ਹੈ।