‘ਖੇਤੀ ਬਚਾਓ ਲੋਕਤੰਤਰ ਬਚਾਓ` ਸੱਦੇ ਦੀ ਸਫਲਤਾ ਨਾਲ ਕਿਸਾਨਾਂ `ਚ ਜੋਸ਼

ਨਵੀਂ ਦਿੱਲੀ: ਦਿੱਲੀ ਦੀਆਂ ਬਰੂੰਹਾਂ ‘ਤੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ‘ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ‘ਖੇਤੀ ਬਚਾਓ-ਲੋਕਤੰਤਰ ਬਚਾਓ‘ ਦਿਵਸ ਮਨਾਉਣ ਦੇ ਦਿੱਤੇ ਸੱਦੇ ਨੂੰ ਦੇਸ਼ ਭਰ ਵਿਚ ਲਾਮਿਸਾਲ ਹੁੰਗਾਰਾ ਮਿਲਿਆ ਹੈ। ਲਗਭਗ ਸਾਰੇ ਹੀ ਸੂਬਿਆਂ ‘ਚ ਰਾਜ-ਭਵਨਾਂ ਅੱਗੇ ਜ਼ਬਰਦਸਤ ਰੋਸ-ਮੁਜ਼ਾਹਰੇ ਹੋਏ ਤੇ ਰਾਸ਼ਟਰਪਤੀ ਨੂੰ ਰੋਸ ਪੱਤਰ ਭੇਜੇ ਗਏ।
ਕਿਸਾਨ ਆਗੂਆਂ ਨੇ ਕਿਹਾ ਕਿ ਚੰਡੀਗੜ੍ਹ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਰਾਜ-ਭਵਨ ਵੱਲ ਕੀਤੇ ਰੋਸ ਮਾਰਚ ਵਿਚ ਹਜ਼ਾਰਾਂ ਕਿਸਾਨ ਸ਼ਾਮਲ ਹੋਏ। ਇਸ ਸ਼ਾਂਤਮਈ ਸਫਲ ਪ੍ਰਦਰਸ਼ਨ ‘ਚ ਚੰਡੀਗੜ੍ਹ ਦੇ ਵਸਨੀਕਾਂ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ। ਸਾਰਾ ਪ੍ਰਦਰਸ਼ਨ ਅਨੁਸ਼ਾਸਨੀ ਤੇ ਜਥੇਬੰਦਕ ਸੀ।

ਕਿਸਾਨ ਆਗੂਆਂ ਨੇ ਕਿਹਾ ਹੈ ਕਿ ਨਾ ਸਿਰਫ ਖੇਤੀ ਤੇ ਕਿਰਤ ਕਾਨੂੰਨਾਂ ਕਾਰਨ, ਸਗੋਂ ਪਿਛਲੇ 7 ਸਾਲਾਂ ਵਿਚ ਕੇਂਦਰ ਸਰਕਾਰ ਵੱਲੋਂ ਲਏ ਹੋਰਨਾਂ ਲੋਕ ਵਿਰੋਧੀ ਫੈਸਲਿਆਂ ਕਾਰਨ ਸਮੁੱਚੇ ਦੇਸ਼ ਵਿਚ ਮੋਦੀ ਸਰਕਾਰ ਦਾ ਵੱਡਾ ਵਿਰੋਧ ਹੋ ਰਿਹਾ ਹੈ। ਪੱਛਮੀ ਬੰਗਾਲ ਹੀ ਨਹੀਂ, ਆਉਣ ਵਾਲੀਆਂ ਯੂਪੀ ਤੇ ਉਤਰਾਖੰਡ ਚੋਣਾਂ ਵਿਚ ਵੀ ਲੋਕ ਭਾਜਪਾ ਨੂੰ ਸਬਕ ਸਿਖਾਉਣਗੇ। ਉਨ੍ਹਾਂ ਕਿਹਾ ਕਿ ਸ਼ਾਂਤਮਈ ਅਤੇ ਜਥੇਬੰਦਕ ਸੰਘਰਸ਼ ਜਿੱਤ ਵੱਲ ਵੱਧ ਰਿਹਾ ਹੈ।
ਪੰਜਾਬ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਦਿਖਾ ਦਿੱਤਾ ਹੈ ਕਿ ਕਿਸਾਨ ਅੰਦੋਲਨ ਨੂੰ ਲੀਹੋਂ ਲਾਹੁਣ ਦੀਆਂ ਤਮਾਮ ਕੋਸ਼ਿਸ਼ਾਂ ਅਸਫਲ ਹੋ ਚੁੱਕੀਆਂ ਹਨ। ਕੇਂਦਰ ਸਰਕਾਰ ਨੂੰ 3 ਖੇਤੀ ਕਾਨੂੰਨ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਨੇ ਹੀ ਪੈਣਗੇ ਤੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਲਈ ਗਾਰੰਟੀ ਕਾਨੂੰਨ ਬਣਾਉਣਾ ਪਵੇਗਾ।
ਹੁਕਮਰਾਨ ਭਾਜਪਾ ਅਤੇ ਹੋਰ ਪਾਰਟੀਆਂ ਦੀਆਂ ਸਰਕਾਰਾਂ ਨੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਹਿਰਾਸਤ ‘ਚ ਲਿਆ। ਦਿੱਲੀ, ਕਰਨਾਟਕ, ਉਤਰਾਖੰਡ, ਮੱਧ ਪ੍ਰਦੇਸ਼, ਤਿਲੰਗਾਨਾ ਅਤੇ ਹੋਰ ਸੂਬਿਆਂ ਵਿਚ ਕਿਸਾਨਾਂ ਨੂੰ ਰਾਜ ਭਵਨਾਂ ਵੱਲ ਮਾਰਚ ਕਰਨ ਦੀ ਆਗਿਆ ਨਹੀਂ ਦਿੱਤੀ ਗਈ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਸਪੱਸ਼ਟ ਹੈ ਕਿ ਸਰਕਾਰ ਵਾਰ-ਵਾਰ ਕਿਸਾਨਾਂ ਪ੍ਰਤੀ ਆਪਣੀ ਜਿੰਮੇਵਾਰੀ ਤੋਂ ਭੱਜਦਿਆਂ ਵੱਖ-ਵੱਖ ਹੱਥਕੰਡੇ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਭਾਜਪਾ ਨੂੰ ਸਬਕ ਸਿਖਾ ਕੇ ਰਹਿਣਗੇ।
ਦਿੱਲੀ ‘ਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਕਿਸਾਨਾਂ ਨੇ ਉਪ ਰਾਜਪਾਲ ਅਨਿਲ ਬੈਜਲ ਨਾਲ ਵਰਚੁਅਲੀ ਮੀਟਿੰਗ ਮਗਰੋਂ ਆਪਣੀਆਂ ਮੰਗਾਂ ਵਾਲਾ ਪੱਤਰ ਉਤਰ-ਪੂਰਬੀ ਦਿੱਲੀ ਦੇ ਡੀ.ਸੀ.ਪੀ. ਦਫਤਰ ‘ਚ ਸੌਂਪਿਆ। ਇਸ ਤੋਂ ਪਹਿਲਾਂ ਸਿਵਲ ਲਾਈਨਜ ‘ਚ ਉਪ ਰਾਜਪਾਲ ਨੂੰ ਰੋਸ ਪੱਤਰ ਸੌਂਪਣ ਗਏ ਕਿਸਾਨ ਆਗੂ ਯੁੱਧਵੀਰ ਸਿੰਘ ਅਤੇ ਹੋਰਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਸੀ। ਉਨ੍ਹਾਂ ਨੂੰ ਦੇਰ ਸ਼ਾਮ ਰਿਹਾਅ ਕਰ ਦਿੱਤਾ ਗਿਆ। ਉਧਰ, ਰਾਕੇਸ਼ ਟਿਕੈਤ ਨੇ ਅੰਦੋਲਨ ਤੇਜ ਕਰਨ ਲਈ ਅਗਲੇ ਮਹੀਨੇ ਦਿੱਲੀ ਵਿਚ ਦੋ ਟਰੈਕਟਰ ਰੈਲੀਆਂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਗਾਜੀਪੁਰ ਸਰਹੱਦ ‘ਤੇ ਕਿਸਾਨਾਂ ਨਾਲ ਮੀਟਿੰਗ ਕਰਨ ਮਗਰੋਂ ਦੱਸਿਆ ਕਿ 9 ਜੁਲਾਈ ਨੂੰ ਉਤਰ ਪ੍ਰਦੇਸ ਦੇ ਸ਼ਾਮਲੀ ਜਿਲ੍ਹੇ ਤੋਂ ਕਿਸਾਨਾਂ ਦਾ ਜਥਾ ਸਿੰਘੂ ਸਰਹੱਦ ਲਈ ਰਵਾਨਾ ਹੋਵੇਗਾ ਅਤੇ ਅਜਿਹੀ ਹੀ ਇਕ ਹੋਰ ਰੈਲੀ 24 ਜੁਲਾਈ ਨੂੰ ਬਿਜਨੌਰ ਤੋਂ ਸ਼ੁਰੂ ਹੋ ਕੇ ਮੇਰਠ ਦੇ ਰਸਤੇ ਗਾਜੀਪੁਰ ਵੱਲ ਆਵੇਗੀ। ਉਨ੍ਹਾਂ ਕਿਹਾ ਕਿ ਘੱਟੋ ਘੱਟ ਚਾਰ ਲੱਖ ਟਰੈਕਟਰ ਤੇ 25 ਲੱਖ ਕਿਸਾਨ ਦਿੱਲੀ ਵੱਲ ਮਾਰਚ ਕਰਨ ਲਈ ਤਿਆਰ ਹਨ। ਦੇਹਰਾਦੂਨ, ਬੰਗਲੂਰੂ, ਹੈਦਰਾਬਾਦ, ਦਿੱਲੀ, ਭੁਪਾਲ ਅਤੇ ਹੋਰ ਥਾਵਾਂ ‘ਤੇ ਪੁਲਿਸ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਚੁੱਕ ਲਿਆ ਅਤੇ ਰਾਜ ਭਵਨਾਂ ਵੱਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਲਖਨਊ ਵਿਚ ਕਿਸਾਨ ਆਗੂਆਂ ਦੇ ਇਕ ਵਫਦ ਨੇ ਰਾਜ ਭਵਨ ਦੇ ਇਕ ਨਾਮਜ਼ਦ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ ਜਦਕਿ ਉੜੀਸਾ ‘ਚ ਰਾਜਪਾਲ ਦੇ ਸਕੱਤਰ ਨੂੰ ਮੰਗ-ਪੱਤਰ ਸੌਂਪਿਆ। ਮਹਾਰਾਸ਼ਟਰ ਅਤੇ ਹਿਮਾਚਲ ਪ੍ਰਦੇਸ਼ ‘ਚ ਕਿਸਾਨ ਨੁਮਾਇੰਦਿਆਂ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ। ਪਟਨਾ, ਕੋਲਕਾਤਾ, ਅਗਰਤਲਾ, ਜੈਪੁਰ, ਰਾਂਚੀ ਅਤੇ ਚੇਨੱਈ ਵਿਚ ਕਿਸਾਨਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਤਿਰੁਚੀ, ਇਰੋਡ, ਮੈਸੂਰ, ਰਾਮਨਗਰ, ਗੁਲਬਰਗਾ, ਆਦਿਲਾਬਾਦ, ਵਾਰੰਗਲ ਅਤੇ ਹੋਰ ਜ਼ਿਲ੍ਹਿਆਂ ਵਿਚ ਵੀ ਪ੍ਰਦਰਸ਼ਨ ਕੀਤੇ ਗਏ। ਬਿਹਾਰ, ਰਾਜਸਥਾਨ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤੇ ਗਏ।
ਰਾਸ਼ਟਰਪਤੀ ਨੂੰ ਸੰਬੋਧਤ ਮੈਮੋਰੰਡਮ ਵਿਚ ਗੈਰਸੰਵਿਧਾਨਕ, ਗੈਰਜਮਹੂਰੀ ਅਤੇ ਕਿਸਾਨ ਵਿਰੋਧੀ ਕੇਂਦਰੀ ਕਾਨੂੰਨਾਂ ਦਾ ਜਿਕਰ ਕੀਤਾ ਗਿਆ ਹੈ। ਉਸ ‘ਚ ਕਿਸਾਨਾਂ ਵੱਲੋਂ ਪਿਛਲੇ ਸੱਤ ਮਹੀਨਿਆਂ ਤੋਂ ਕੀਤੇ ਜਾ ਰਹੇ ਸੰਘਰਸ਼ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ‘ਇਤਿਹਾਸਕ ਕਿਸਾਨ ਅੰਦੋਲਨ ਨਾ ਸਿਰਫ ਖੇਤੀਬਾੜੀ ਤੇ ਦੇਸ਼ ਦੇ ਕਿਸਾਨਾਂ ਨੂੰ ਬਚਾਉਣ ਦੀ ਲਹਿਰ ਹੈ, ਬਲਕਿ ਸਾਡੇ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦੀ ਲਹਿਰ ਵੀ ਹੈ।‘
_____________________________________________
ਰੋਕਾਂ ਤੋੜ ਕੇ ਰਾਜਪਾਲਾਂ ਨੂੰ ਸੌਂਪੇ ਰੋਸ ਪੱਤਰ
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਦੇ ਕਿਸਾਨ ਪੂਰੇ ਜੋਸ਼ ਅਤੇ ਹੋਸ਼ ਨਾਲ ਸਾਰੀਆਂ ਰੋਕਾਂ ਤੋੜਦੇ ਹੋਏ ਚੰਡੀਗੜ੍ਹ ਪਹੁੰਚੇ। ਉਂਜ ਚੰਡੀਗੜ੍ਹ ਪੁਲਿਸ ਨੇ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਜਲ ਤੋਪਾਂ ਦੀ ਵਰਤੋਂ ਕੀਤੀ ਜਿਸ ਕਾਰਨ ਕਈ ਵਿਅਕਤੀਆਂ ਦੀਆਂ ਪੱਗਾਂ ਲੱਥ ਗਈਆਂ। ਫਿਰ ਵੀ ਬਜ਼ੁਰਗਾਂ, ਨੌਜਵਾਨਾਂ, ਬੀਬੀਆਂ ਅਤੇ ਮਜ਼ਦੂਰਾਂ ਦਾ ਹੜ੍ਹ ਸ਼ਾਂਤਮਈ ਢੰਗ ਨਾਲ ਰਾਜ ਭਵਨ ਵੱਲ ਵਧਦਾ ਗਿਆ। ਕਿਸਾਨਾਂ ਨੇ ਰਾਜ ਭਵਨ ਤੋਂ ਕੁਝ ਦੂਰੀ ‘ਤੇ ਪ੍ਰਦਰਸ਼ਨ ਕੀਤਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀਂ ਰਾਜਪਾਲ ਨੂੰ ਰਾਸ਼ਟਰਪਤੀ ਦੇ ਨਾਮ ਰੋਸ ਪੱਤਰ ਸੌਂਪਿਆ। ਇਸ ਮਗਰੋਂ ਜੇਤੂ ਅੰਦਾਜ਼ ‘ਚ ਕਿਸਾਨ ਆਪਣੇ ਆਪਣੇ ਟਿਕਾਣਿਆਂ ਵੱਲ ਪਰਤ ਗਏ। ਪੂਰੇ ਪੰਜਾਬ ਤੋਂ ਆਏ ਕਿਸਾਨ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਚ ਇਕੱਠੇ ਹੋਏ ਸਨ।
___________________________________________
ਅੰਦੋਲਨ ਨੂੰ ਬਚਾਉਣ ਲਈ ਚੌਕਸੀ ਰੱਖੀ: ਰਾਜੇਵਾਲ
ਖੇਤੀ ਬਚਾਓ-ਲੋਕਤੰਤਰ ਬਚਾਓ` ਦਿਵਸ ਮੌਕੇ ਪੰਜਾਬ ਅਤੇ ਹਰਿਆਣਾ ਵਿਚ ਕਿਸਾਨਾਂ ਨੇ ਸ਼ਾਂਤਮਈ ਢੰਗ ਨਾਲ ਰੋਸ ਮਾਰਚ ਕੀਤੇ। ਸ਼ਰਾਰਤੀ ਅਨਸਰਾਂ ਨੂੰ ਰੋਕਣ ਲਈ ਵਿਸ਼ੇਸ਼ ਤੌਰ `ਤੇ ਚੌਕਸੀ ਵਰਤੀ ਗਈ ਤਾਂ ਜੋ ਰੋਸ ਮਾਰਚ ਵਿਚ ਕੋਈ ਅੜਿੱਕਾ ਨਾ ਪਾਇਆ ਜਾ ਸਕੇ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਸੰਵਿਧਾਨਕ ਹੱਕ ਹੈ ਜਿਸ ਨੂੰ ਸਰਕਾਰਾਂ ਦਬਾਉਣ `ਤੇ ਲੱਗੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਸ਼ਰਾਰਤੀ ਅਨਸਰਾਂ ਰਾਹੀਂ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।