ਭਾਜਪਾ ਖਿਲਾਫ ਮੁਲਕ ਪੱਧਰੀ ਪਿੜ ਬੱਝਣ ਲੱਗਾ

ਨਵੀਂ ਦਿੱਲੀ: ਕਿਸਾਨ ਅੰਦੋਲਨ ਦੇ ਹੱਕ ਵਿਚ ਅਤੇ ਭਾਜਪਾ ਖਿਲਾਫ ਬਣ ਰਹੇ ਮਾਹੌਲ ਪਿੱਛੋਂ ਜਿਥੇ ਸੂਬਾ ਪੱਧਰ ਉਤੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ, ਉਥੇ ਭਗਵਾ ਧਿਰ ਦੇ ਟਾਕਰੇ ਲਈ ਕੌਮੀ ਸਿਆਸਤ ਵਿਚ ਲਾਮਬੰਦੀ ਲਈ ਪਿੜ ਬੰਨ੍ਹਣ ਲਈ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਇਹ ਸਰਗਰਮੀਆਂ ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਦੀ ਇਤਿਹਾਸਕ ਜਿੱਤ ਤੇ ਮਮਤਾ ਬੈਨਰਜੀ ਦੇ ਵੱਡੇ ਸਿਆਸੀ ਆਗੂ ਵਜੋਂ ਉਭਾਰ ਦੁਆਲੇ ਘੁੰਮ ਰਹੀਆਂ ਹਨ।

ਪਿਛਲੇ ਦਿਨੀਂ ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਐਨ.ਸੀ.ਪੀ. ਪ੍ਰਧਾਨ ਸ਼ਰਦ ਪਵਾਰ ਨਾਲ ਮੁਲਾਕਾਤ ਮਗਰੋਂ ਸਿਆਸੀ ਹਲਕਿਆਂ ‘ਚ ਨਵੀਆਂ ਸਿਆਸੀ ਪੇਸ਼ਬੰਦੀਆਂ ਦੀ ਚਰਚਾ ਤੇਜ਼ ਹੋ ਗਈ ਹੈ। ਪੱਛਮੀ ਬੰਗਾਲ ‘ਚ ਤ੍ਰਿਣਮੂਲ ਕਾਂਗਰਸ ਅਤੇ ਤਾਮਿਲਨਾਡੂ ‘ਚ ਡੀ.ਐਮ.ਕੇ. ਦੀ ਜਿੱਤ ਮਗਰੋਂ ਪ੍ਰਸ਼ਾਂਤ ਕਿਸ਼ੋਰ ਦੀ ਸ੍ਰੀ ਪਵਾਰ ਨਾਲ ਇਹ ਪਹਿਲੀ ਮੁਲਾਕਾਤ ਸੀ। ਸ੍ਰੀ ਕਿਸ਼ੋਰ ਨੇ ਦੋਵੇਂ ਪਾਰਟੀਆਂ ਦੀ ਵਿਧਾਨ ਸਭਾ ਚੋਣਾਂ ‘ਚ ਜਿੱਤ ਦੀ ਰਣਨੀਤੀ ਬਣਾਈ ਸੀ। ਇਸ ਮੁਲਾਕਾਤ ਵਿਚੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਖਿਲਾਫ ਇਕ ਮਜ਼ਬੂਤ ਸਿਆਸੀ ਪਿੜ ਬੰਨ੍ਹਣ ਲਈ ਕੋਸ਼ਿਸ਼ਾਂ ਹੋਣਗੀਆਂ।
ਇਹ ਵੀ ਚਰਚਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਤੋਂ ਬਿਨਾਂ ਸਾਰੀਆਂ ਸਿਆਸੀ ਧਿਰਾਂ ਨੂੰ ਭਾਜਪਾ ਦੇ ਟਾਕਰੇ ਲਈ ਇਕਜੁਟ ਕਰਨ ਦਾ ਫਾਰਮੂਲਾ ਦਿੱਤਾ ਹੈ। ਉਧਰ, ਬੰਗਾਲ ਫਤਿਹ ਤੋਂ ਬਾਅਦ ਮਮਤਾ ਨੇ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਵਿਰੋਧੀ ਧਿਰਾਂ ਨੂੰ ਇਕ ਮੰਚ ਉਤੇ ਆਉਣ ਦਾ ਸੱਦਾ ਦਿੱਤਾ ਹੈ। ਪਿਛਲੇ ਦਿਨੀਂ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਮਮਤਾ ਨਾਲ ਮੁਲਾਕਾਤ ਨੂੰ ਵੀ ਇਸੇ ਪਾਸੇ ਰੱਖ ਕੇ ਦੇਖਿਆ ਜਾ ਰਿਹਾ ਹੈ। ਚਰਚਾ ਹੈ ਕਿ ਇਸ ਮਿਸ਼ਨ ਦੀ ਸ਼ੁਰੂਆਤ ਅਗਲੇ ਸਾਲ ਉਤਰ ਪ੍ਰਦੇਸ਼ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਹੋ ਸਕਦੀ ਹੈ। ਕਿਸਾਨ ਆਗੂ ਨਾਲ ਮੁਲਾਕਾਤ ਪਿੱਛੋਂ ਮਮਤਾ ਦੇ ਕੇਂਦਰ ਸਰਕਾਰ ਖਿਲਾਫ ਸੁਰ ਹੋਰ ਤਿੱਖੇ ਹੋ ਗਏ ਹਨ।