ਕਰੋਨਾ ਦੇ ਬਾਵਜੂਦ ਭਾਰਤੀ ਖੇਤੀ ਵਸਤਾਂ ਦੀ ਬਰਾਮਦ ਨੇ ਤੋੜੇ ਰਿਕਾਰਡ

ਨਵੀਂ ਦਿੱਲੀ: ਕਰੋਨਾ ਵਾਇਰਸ ਮਹਾਮਾਰੀ ਕਾਰਨ ਲੱਗੀਆਂ ਪਾਬੰਦੀਆਂ ਦੇ ਬਾਵਜੂਦ ਭਾਰਤ ਦੀ ਖੇਤੀ ਵਸਤਾਂ ਬਰਾਮਦ (ਸਮੁੰਦਰੀ ਤੇ ਪੌਦਿਆਂ ਸਬੰਧੀ ਉਤਪਾਦਾਂ ਸਮੇਤ) ਦਰ ਵਿਚ 2020-21 ‘ਚ 17.34 ਫੀਸਦ ਵਾਧਾ ਦਰਜ ਕੀਤਾ ਗਿਆ ਹੈ। 17.34 ਫੀਸਦ ਦੇ ਇਸ ਵਾਧੇ ਨਾਲ ਭਾਰਤ ਦੀ ਖੇਤੀਬਾੜੀ ਬਰਾਮਦ 41.25 ਅਰਬ ਡਾਲਰ ਤੱਕ ਪਹੁੰਚ ਗਈ ਹੈ। ਇਹ ਜਾਣਕਾਰੀ ਵਣਜ ਮੰਤਰਾਲੇ ਦੇ ਇਕ ਚੋਟੀ ਦੇ ਅਧਿਕਾਰੀ ਨੇ ਦਿੱਤੀ।

ਵਣਜ ਸਕੱਤਰ ਅਨੂਪ ਵਧਾਵਨ ਨੇ ਕਿਹਾ ਕਿ ਵਿੱਤੀ ਵਰ੍ਹੇ 2020-21 ਵਿਚ ਖੇਤੀ ਵਸਤਾਂ ਬਰਾਮਦ ਦੀ ਵਿਕਾਸ ਦਰ ਬਹੁਤ ਵਧੀਆ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪਿਛਲੇ ਤਿੰਨ ਸਾਲ ਇਹ ਦਰ ਸਥਿਰ ਸੀ। ਸਾਲ 2017-18 ਵਿਚ 38.43 ਅਰਬ ਅਮਰੀਕੀ ਡਾਲਰ ਦੀ ਖੇਤੀ ਵਸਤਾਂ ਬਰਾਮਦ ਹੋਈਆਂ, ਸਾਲ 2018-19 ‘ਚ 38.74 ਅਰਬ ਅਮਰੀਕੀ ਡਾਲਰ ਦੀ ਖੇਤੀ ਵਸਤਾਂ ਬਰਾਮਦ ਹੋਈਆਂ ਅਤੇ ਸਾਲ 2019-20 ਵਿਚ 35.16 ਅਰਬ ਡਾਲਰ ਦੀਆਂ ਖੇਤੀ ਵਸਤਾਂ ਬਰਾਮਦ ਹੋਈਆਂ ਸਨ। ਰੁਪਿਆਂ ਵਜੋਂ ਦੇਖਿਆ ਜਾਵੇ ਤਾਂ ਸਾਲ 2020-21 ਵਿਚ ਖੇਤੀ ਵਸਤਾਂ ਬਰਾਮਦ ‘ਚ 22.62 ਫੀਸਦ ਵਾਧਾ ਹੋਇਆ ਜੋ ਕਿ 3.05 ਲੱਖ ਕਰੋੜ ਰੁਪਏ ਹੈ। ਸਾਲ 2019-20 ਵਿਚ ਇਹ 2.49 ਲੱਖ ਕਰੋੜ ਰੁਪਏ ਸੀ।
ਸਾਲ 2019-20 ਵਿਚ ਭਾਰਤੀ ਖੇਤੀ ਵਸਤਾਂ ਤੇ ਹੋਰ ਸਬੰਧਤ ਉਤਪਾਦਾਂ ਦੀ ਦਰਾਮਦ 20.64 ਅਰਬ ਅਮਰੀਕੀ ਡਾਲਰ ਸੀ ਜਦਕਿ ਸਾਲ 2020-21 ਵਿਚ ਕੋਵਿਡ-19 ਸਬੰਧੀ ਦਿੱਕਤਾਂ ਦੇ ਬਾਵਜੂਦ ਇਹ 20.67 ਅਰਬ ਅਮਰੀਕੀ ਡਾਲਰ ਰਹੀ। ਖੇਤੀ ਵਿਚ ਕਾਰੋਬਾਰੀ ਸੰਤੁਲਨ ‘ਚ 42.16 ਫੀਸਦ ਸੁਧਾਰ ਆਇਆ ਹੈ। ਪਿਛਲੀ ਵਾਰ ਇਹ 14.51 ਅਰਬ ਅਮਰੀਕੀ ਡਾਲਰ ਸੀ ਜੋ ਕਿ ਸੁਧਰ ਕੇ 20.58 ਅਰਬ ਅਮਰੀਕੀ ਡਾਲਰ ਹੋ ਗਿਆ ਹੈ।
ਭਾਰਤੀ ਖੇਤੀ ਵਸਤਾਂ ਲਈ ਸਭ ਤੋਂ ਵੱਡੇ ਬਾਜ਼ਾਰ ਅਮਰੀਕਾ, ਚੀਨ, ਬੰਗਲਾਦੇਸ਼, ਸੰਯੁਕਤ ਅਰਬ ਅਮੀਰਾਤ, ਵੀਅਤਨਾਮ, ਸਾਊਦੀ ਅਰਬ, ਇੰਡੋਨੇਸ਼ੀਆ, ਨੇਪਾਲ, ਇਰਾਨ ਤੇ ਮਲੇਸ਼ੀਆ ਹਨ। ਇੰਡੋਨੇਸ਼ੀਆ ਨੂੰ ਬਰਾਮਦ ਵਿਚ ਸਭ ਤੋਂ ਵੱਧ 102.42 ਫੀਸਦ ਵਾਧਾ ਦਰਜ ਕੀਤਾ ਗਿਆ ਹੈ।
ਦਾਲਾਂ ਦੇ ਨਾਲ ਗੈਰ-ਬਾਸਮਤੀ ਚੌਲਾਂ ਦੀ ਬਰਾਮਦ 136.04 ਫੀਸਦ ਦੇ ਭਾਰੀ ਵਾਧੇ ਨਾਲ 4794.54 ਮਿਲੀਅਨ ਅਮਰੀਕੀ ਡਾਲਰ, ਕਣਕ 774.17 ਫੀਸਦ ਨਾਲ 549.16 ਮਿਲੀਅਨ ਅਮਰੀਕੀ ਡਾਲਰ ਅਤੇ ਹੋਰ ਮੋਟੇ ਅਨਾਜ (ਬਾਜਰਾ, ਮੱਕੀ ਆਦਿ) ਦੀ ਬਰਾਮਦ 238.28 ਫੀਸਦ ਨਾਲ 694.14 ਮਿਲੀਅਨ ਅਮਰੀਕੀ ਡਾਲਰ ਤੱਕ ਪਹੁੰਚੀ ਹੈ। ਇਸ ਤੋਂ ਇਲਾਵਾ ਹੋਰ ਖੇਤੀ ਵਸਤਾਂ ਜਿਨ੍ਹਾਂ ਦੀ ਬਰਾਮਦ ਵਿਚ 2019-20 ਦੇ ਮੁਕਾਬਲੇ ਚੰਗਾ ਵਾਧਾ ਦਰਜ ਹੋਇਆ ਹੈ, ਉਹ ਹਨ ਤੇਲ ਵਾਲੀਆਂ ਫਸਲਾਂ (90.28 ਫੀਸਦ ਵਾਧੇ ਨਾਲ 1575.34 ਮਿਲੀਅਨ ਅਮਰੀਕੀ ਡਾਲਰ), ਖੰਡ (41.88 ਫੀਸਦ ਵਾਧੇ ਨਾਲ 2789.97 ਮਿਲੀਅਨ ਅਮਰੀਕੀ ਡਾਲਰ), ਕੱਚਾ ਨਰਮਾ (79.43 ਫੀਸਦ ਵਾਧੇ ਨਾਲ 1897.20 ਮਿਲੀਅਨ ਅਮਰੀਕੀ ਡਾਲਰ), ਤਾਜ਼ੀ ਸਬਜ਼ੀਆਂ (10.71 ਫੀਸਦ ਵਾਧੇ ਨਾਲ 721.47 ਮਿਲੀਅਨ ਅਮਰੀਕੀ ਡਾਲਰ) ਅਤੇ ਸਬਜ਼ੀਆਂ ਵਾਲੇ ਤੇਲ (254.39 ਫੀਸਦ ਵਾਧੇ ਨਾਲ 602.77 ਮਿਲੀਅਨ ਅਮਰੀਕੀ ਡਾਲਰ) ਤੱਕ ਪਹੁੰਚੇ ਹਨ।