ਮਿਸ਼ਨ 2022: ਅਕਾਲੀ ਦਲ ਨੇ ਬਸਪਾ ਨਾਲ ਮਿਲਾਇਆ ਹੱਥ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ 2022 ਦੀਆਂ ਵਿਧਾਨ ਸਭਾ ਚੋਣਾਂ ਰਲ ਕੇ ਲੜਨ ਦਾ ਰਸਮੀ ਐਲਾਨ ਕਰ ਦਿੱਤਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਜਨਰਲ ਸਕੱਤਰ ਸਤੀਸ਼ ਮਿਸ਼ਰਾ ਨੇ ਇਥੇ ਗੱਠਜੋੜ ਦਾ ਐਲਾਨ ਕੀਤਾ।

ਸ੍ਰੀ ਮਿਸ਼ਰਾ ਨੇ ਕਿਹਾ ਕਿ ਬਸਪਾ ਸੁਪਰੀਮੋ ਮਾਇਆਵਤੀ ਨੇ ਗੱਠਜੋੜ ਲਈ ਪ੍ਰਵਾਨਗੀ ਦਿੱਤੀ ਹੈ ਅਤੇ ਉਨ੍ਹਾਂ ਐਲਾਨ ਕੀਤਾ ਕਿ ਦੋਵੇਂ ਪਾਰਟੀਆਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੂਬੇ ਵਿਚ ਅਗਲੀ ਸਰਕਾਰ ਬਣਾਉਣ ਲਈ ਕੰਮ ਕਰਨਗੀਆਂ। ਗੱਠਜੋੜ ਤਹਿਤ ਅਕਾਲੀ ਦਲ ਨੇ ਬਸਪਾ ਨੂੰ 20 ਸੀਟਾਂ ਦਿੱਤੀਆਂ ਹਨ ਜਿਸ ‘ਚ ਦੋਆਬਾ ਦੀਆਂ 8, ਮਾਲਵਾ ਦੀਆਂ 7 ਅਤੇ ਮਾਝਾ ਦੀਆਂ 5 ਸੀਟਾਂ ਸ਼ਾਮਲ ਹਨ। ਇਨ੍ਹਾਂ ਸੀਟਾਂ ਵਿਚ ਕਰਤਾਰਪੁਰ, ਜਲੰਧਰ ਵੈਸਟ, ਜਲੰਧਰ ਨਾਰਥ, ਫਗਵਾੜਾ, ਹੁਸ਼ਿਆਰਪੁਰ ਸ਼ਹਿਰ, ਟਾਂਡਾ, ਦਸੂਹਾ, ਚਮਕੌਰ ਸਾਹਿਬ, ਬਸੀ ਪਠਾਣਾਂ, ਮਹਿਲ ਕਲਾਂ, ਨਵਾਂਸ਼ਹਿਰ, ਲੁਧਿਆਣਾ ਨਾਰਥ, ਸੁਜਾਨਪੁਰ, ਭੋਆ, ਪਠਾਨਕੋਟ, ਆਨੰਦਪੁਰ ਸਾਹਿਬ, ਮੁਹਾਲੀ, ਅੰਮ੍ਰਿਤਸਰ ਨਾਰਥ, ਅੰਮ੍ਰਿਤਸਰ ਸੈਂਟਰਲ ਅਤੇ ਪਾਇਲ ਸ਼ਾਮਲ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦੋਵੇਂ ਪਾਰਟੀਆਂ ਦੇ ਆਗੂਆਂ ਦੀ ਤਾਲਮੇਲ ਕਮੇਟੀ ਬਣਾਈ ਜਾਵੇਗੀ ਤਾਂ ਜੋ ਸਾਰੇ ਹਲਕਿਆਂ ਵਿਚ ਕੰਮਕਾਜ ਸਹਿਜੇ ਹੀ ਕੀਤਾ ਜਾਣਾ ਯਕੀਨੀ ਬਣਾਇਆ ਜਾ ਸਕੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਗੱਠਜੋੜ ਸਿਰਫ 2022 ਵਿਧਾਨ ਸਭਾ ਚੋਣਾਂ ਲਈ ਨਹੀਂ ਹੈ ਬਲਕਿ ਇਹ ਭਵਿੱਖ ਵਿਚ ਹੋਣ ਵਾਲੀਆਂ ਸੰਸਦੀ ਜਾਂ ਹੋਰ ਚੋਣਾਂ ਲਈ ਵੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਦੋਹਾਂ ਦੀ ਵਿਚਾਰਧਾਰਾ ਇਕ ਹੈ ਅਤੇ ਦੋਵੇਂ ਕਿਸਾਨਾਂ, ਦਲਿਤਾਂ, ਗਰੀਬਾਂ ਤੇ ਖੇਤ ਮਜ਼ਦੂਰਾਂ ਦੀ ਭਲਾਈ ਲਈ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਨਵਾਂ ਗੱਠਜੋੜ ਸ਼ਾਂਤੀ ਤੇ ਫਿਰਕੂ ਸਦਭਾਵਨਾ ਬਣਾਈ ਰੱਖਣ ਦੇ ਮੂਲ ਫਲਸਫੇ ‘ਤੇ ਚੱਲੇਗਾ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ 100 ਸਾਲਾ ਇਤਿਹਾਸ ਗਵਾਹ ਹੈ ਕਿ ਇਹ ਪਾਰਟੀ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਦੀ ਰਹੀ ਹੈ। ਇਸ ਦੌਰਾਨ ਬਸਪਾ ਆਗੂ ਸਤੀਸ਼ ਮਿਸ਼ਰਾ ਨੇ ਕਿਹਾ ਕਿ ਅੱਜ ਪੰਜਾਬ ਦੇ ਇਤਿਹਾਸ ਵਿਚ ਬਹੁਤ ਵੱਡਾ ਦਿਨ ਹੈ ਜਦੋਂ ਬਸਪਾ ਨੇ ਹਿੰਦੁਸਤਾਨ ਦੇ ਰਾਜਸੀ ਖੇਤਰ ਦੀ ਇਕ ਪੁਰਾਣੀ ਪਾਰਟੀ ਨਾਲ ਗੱਠਜੋੜ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ 25 ਸਾਲ ਬਾਅਦ ਮੁੜ ਇਕੱਠੀਆਂ ਹੋਈਆਂ ਹਨ ਅਤੇ ਪਿਛਲੀ ਵਾਰ ਜਦੋਂ ਦੋਵਾਂ ਪਾਰਟੀਆਂ ਨੇ ਰਲ ਕੇ 1996 ਦੀਆਂ ਚੋਣਾਂ ਲੜੀਆਂ ਸਨ ਤਾਂ ਲੋਕ ਸਭਾ ਦੀਆਂ 13 ਵਿਚੋਂ 11 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਲਿਤਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ ਅਤੇ ਐਸ.ਸੀ. ਵਿਦਿਆਰਥੀਆਂ ਲਈ ਰਾਖਵੇਂ ਫੰਡ ਜਾਰੀ ਨਹੀਂ ਕਰ ਰਹੀ ਹੈ, ਆਟਾ-ਦਾਲ ਸਕੀਮ ਤੇ ਬੁਢਾਪਾ ਪੈਨਸ਼ਨਾਂ ਦੇ ਲੱਖਾਂ ਲਾਭਪਾਤਰੀਆਂ ਦੇ ਨਾਂ ਕੱਟ ਦਿੱਤੇ ਹਨ, ਐਸ.ਸੀ. ਤੇ ਓ.ਬੀ.ਸੀ. ਅਸਾਮੀਆਂ ਭਰੀਆਂ ਨਹੀਂ ਜਾ ਰਹੀਆਂ ਤੇ ਬੇਘਰਿਆਂ ਨੂੰ ਘਰ ਦੇਣ ਦੀ ਸਕੀਮ ਤਹਿਤ ਘਰ ਨਹੀਂ ਦਿੱਤੇ ਜਾ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੱਠਜੋੜ ਦਾ ਐਲਾਨ ਕਰਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਨੂੰ ਚੁਣੌਤੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਆਮ ਆਦਮੀ ਪਾਰਟੀ ਵੱਲੋਂ ਵੀ ਬਸਪਾ ‘ਤੇ ਡੋਰੇ ਪਾਉਣ ਦੇ ਯਤਨ ਕੀਤੇ ਜਾ ਰਹੇ ਸਨ। ਭਾਜਪਾ ਨਾਲ ਤੋੜ ਵਿਛੋੜਾ ਹੋਣ ਤੋਂ ਬਾਅਦ ਅਕਾਲੀ ਦਲ ਵੱਲੋਂ ਬਸਪਾ ਨਾਲ ਸਾਂਝ ਪਾਉਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਸਨ।