ਪ੍ਰਾਈਵੇਟ ਹਸਪਤਾਲਾਂ ਨੂੰ ਕਰੋਨਾ ਟੀਕੇ ਵੇਚਣ ‘ਤੇ ਬੁਰੀ ਫਸੀ ਕੈਪਟਨ ਸਰਕਾਰ

ਨਵੀਂ ਦਿੱਲੀ: ਪ੍ਰਾਈਵੇਟ ਹਸਪਤਾਲਾਂ ਨੂੰ ਮਹਿੰਗੇ ਭਾਅ ‘ਤੇ ਕਰੋਨਾ ਵੈਕਸੀਨ ਵੇਚਣ ਦੇ ਮਾਮਲੇ ਉਤੇ ਕੈਪਟਨ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਹੈ। ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਨੇ ਕੋਵੈਕਸੀਨ ਦੀਆਂ 1,40,000 ਖੁਰਾਕਾਂ ਕੇਂਦਰ ਤੋਂ 400 ਰੁਪਏ ‘ਚ ਖਰੀਦ ਕੇ ਅੱਗੇ 20 ਪ੍ਰਾਈਵੇਟ ਹਸਪਤਾਲਾਂ ਨੂੰ 1,060 ਰੁਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ ਵੇਚੀਆਂ ਹਨ। ਇਸ ਦੀ ਪੋਲ ਖੁੱਲ੍ਹਣ ਤੋਂ ਬਾਅਦ ਸਰਕਾਰ ਨੇ ਭਾਵੇਂ ਤੁਰਤ ਫੈਸਲਾ ਵਾਪਸ ਲੈ ਲਿਆ ਹੈ ਪਰ ਵਿਰੋਧੀ ਧਿਰਾਂ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।

ਭਾਜਪਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ‘ਤੇ ਦੋਸ਼ ਲਾਇਆ ਹੈ ਕਿ ਉਸ ਨੇ ਕਰੋਨਾ ਤੋਂ ਬਚਾਅ ਦੇ ਟੀਕੇ ਕੋਵੈਕਸੀਨ ਦੀਆਂ 1,40,000 ਖੁਰਾਕਾਂ ਕੇਂਦਰ ਤੋਂ 400 ਰੁਪਏ ‘ਚ ਖਰੀਦ ਕੇ ਅੱਗੇ 20 ਪ੍ਰਾਈਵੇਟ ਹਸਪਤਾਲਾਂ ਨੂੰ 1,060 ਰੁਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ ਵੇਚੀਆਂ ਹਨ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਲੋਕਾਂ ਦੀਆਂ ਲੋੜਾਂ ਦਾ ਅਪਮਾਨ ਕਰਦਿਆਂ ਵੱਡਾ ਗੁਨਾਹ ਕੀਤਾ ਹੈ।
ਉਨ੍ਹਾਂ ਕਿਹਾ ਕਿ ਸੂਬੇ ‘ਚ ਕੋਵਿਡ ਟੈਸਟਿੰਗ ‘ਚ ਵੀ ਸਰਕਾਰ ਦੀ ਸ਼ਮੂਲੀਅਤ ਵੱਡੇ ਪੱਧਰ ‘ਤੇ ਨਜ਼ਰ ਨਹੀਂ ਆ ਰਹੀ ਹੈ ਜਦਕਿ ਪੰਜਾਬ ‘ਚ ਮਹਾਮਾਰੀ ਨੇ ਕਹਿਰ ਢਾਹਿਆ ਹੈ ਅਤੇ ਸਰਕਾਰ ‘ਮੁਨਾਫਾ‘ ਕਮਾਉਣ ਵੱਲ ਧਿਆਨ ਦੇ ਰਹੀ ਹੈ। ਕਾਂਗਰਸ ਪਾਰਟੀ ਦੀ ਅੰਦਰੂਨੀ ਖਿੱਚੋਤਾਣ ‘ਤੇ ਟਿੱਪਣੀ ਕਰਦਿਆਂ ਉਨ੍ਹਾਂ ਸਵਾਲ ਉਠਾਇਆ ਕਿ ਕੀ ਕੈਪਟਨ ਸਰਕਾਰ ਸੂਬੇ ‘ਚ ਕੋਵਿਡ-19 ਮਹਾਮਾਰੀ ਨਾਲ ਲੜਨ ਪ੍ਰਤੀ ਵਚਨਬੱਧ ਹੈ ਜਾਂ ਨਹੀਂ। ਉਧਰ, ਚੁਫੇਰਿਉਂ ਘੇਰੇਬੰਦੀ ਪਿੱਛੋਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ਵੱਲੋਂ ਨਿੱਜੀ ਹਸਪਤਾਲਾਂ ਨੂੰ ਇਕ ਸਮੇਂ ਦੀ ਸੀਮਤ ਟੀਕਾ ਖੁਰਾਕ ਮੁਹੱਈਆ ਕਰਵਾਉਣ ਦੀਆਂ ਹਦਾਇਤਾਂ ਵਾਪਸ ਲੈ ਲਈਆਂ ਗਈਆਂ ਹਨ। ਹੁਣ 18 ਤੋਂ 44 ਸਾਲ ਦੇ ਵਿਅਕਤੀਆਂ ਨੂੰ ਸਰਕਾਰੀ ਟੀਕਾਕਰਨ ਕੇਂਦਰਾਂ ‘ਚ ਇਹ ਵੈਕਸੀਨ ਮੁਫਤ ‘ਚ ਲਗਾਈ ਜਾਵੇਗੀ।
ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਪ੍ਰਾਈਵੇਟ ਹਸਪਤਾਲਾਂ ਤੋਂ ਵੈਕਸੀਨ ਵਾਪਸ ਲੈਣ ਦੇ ਹੁਕਮਾਂ ਤੋਂ ਸਿੱਧ ਹੋ ਗਿਆ ਹੈ ਕਿ ਕੈਪਟਨ ਸਰਕਾਰ ਨੇ ਵੈਕਸੀਨ ਘੁਟਾਲਾ ਕੀਤਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਪੰਜਾਬ ਮੰਤਰੀ ਮੰਡਲ ਵਿਚੋਂ ਬਰਖਾਸਤ ਕੀਤਾ ਜਾਵੇ। ਸ੍ਰੀ ਚੀਮਾ ਨੇ ਕਿਹਾ ਕਿ ਸਰਕਾਰ ਨੇ ਹੁਸ਼ਿਆਰੀ ਨਾਲ ਲੋਕਾਂ ਨੂੰ ਮੁਫਤ ਵਿਚ ਲਗਾਏ ਜਾਣ ਵਾਲੇ ਟੀਕੇ ਨੂੰ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਕੇ ਮੁਨਾਫਾ ਕਮਾਇਆ ਹੈ। ‘ਆਪ‘ ਆਗੂ ਨੇ ਕਿਹਾ ਕਿ ਕੈਪਟਨ ਸਰਕਾਰ ਵੈਕਸੀਨ ਘੁਟਾਲੇ ਕਾਰਨ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਦਾ ਸ਼ਿਕਾਰ ਹੋਏ ਪੰਜਾਬ ਦੇ ਲੋਕਾਂ ਨੂੰ ਪੈਸੇ ਤੁਰਤ ਵਾਪਸ ਕਰਵਾਏ।
ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਕੈਪਟਨ ਨੇ ਸੂਬਾ ਸਰਕਾਰ ਦੇ ਕੋਟੇ ਦੀਆਂ ਕਰੀਬ 1 ਲੱਖ 40 ਹਜ਼ਾਰ ਖੁਰਾਕਾਂ 400 ਰੁਪਏ ਦੀ ਕੀਮਤ ‘ਤੇ ਖਰੀਦ ਕੇ 1060 ਰੁਪਏ ਦੀ ਕੀਮਤ ‘ਤੇ ਵੇਚ ਕੇ ਕਰੋੜਾਂ ਦੀ ਕਮਾਈ ਕੀਤੀ ਹੈ। ਸ੍ਰੀ ਚੀਮਾ ਨੇ ਦੋਸ਼ ਲਾਇਆ ਕਿ ਪੰਜਾਬ ਵਾਸੀਆਂ ਦੀ ਵੈਕਸੀਨ ਨਿੱਜੀ ਹਸਪਤਾਲਾਂ ਨੂੰ ਵੇਚ ਕੇ ਇਕੱਠੀ ਕੀਤੀ ਰਕਮ ਕਥਿਤ ਕੈਪਟਨ ਸਰਕਾਰ ਵੱਲੋਂ ਰਾਹੁਲ ਗਾਂਧੀ ਤੱਕ ਪਹੁੰਚਾਈ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਨੇ ਕਰੋਨਾ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਕੇ ਆਮ ਲੋਕਾਂ ਦੀ ਜਾਨ ਖਤਰੇ ਵਿਚ ਪਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਸੰਵੇਦਨਸ਼ੀਲ ਤੇ ਘਿਨਾਉਣੇ ਅਪਰਾਧ ਦੀ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਣੀ ਚਾਹੀਦੀ ਹੈ।
____________________________________________
ਬਾਜਵਾ ਨੇ ਕਰੋਨਾ ਦੇ ਟੀਕੇ ਵੇਚਣ ‘ਤੇ ਉਠਾਏ ਸਵਾਲ
ਚੰਡੀਗੜ੍ਹ: ਪੰਜਾਬ ਕਾਂਗਰਸ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਰੋਨਾ ਰੋਕੂ ਟੀਕੇ ਨਿੱਜੀ ਹਸਪਤਾਲਾਂ ਨੂੰ ‘ਵੇਚਣ` ਦੇ ਵਿਵਾਦ `ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਨੂੰ 1060 ਰੁਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ 40 ਹਜ਼ਾਰ ਖੁਰਾਕਾਂ ਵੇਚੀਆਂ ਗਈਆਂ, ਜਿਸ ਤੋਂ ਸਰਕਾਰ ਨੂੰ 2.64 ਕਰੋੜ ਰੁਪਏ ਦਾ ਫਾਇਦਾ ਹੋਇਆ। ਉਨ੍ਹਾਂ ਪੱਤਰ `ਚ ਕਿਹਾ ਕਿ ਪੰਜਾਬ ਵੈਕਸੀਨੇਸ਼ਨ ਦੇ ਨੋਡਲ ਅਫਸਰ ਵਿਕਾਸ ਗਰਗ ਨੇ ਵੀ ਇਸ ਵਿਕਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ, ‘ਖਾਸ ਕਰਕੇ ਕਰੋਨਾ ਦੀ ਦੂਜੀ ਲਹਿਰ ਦਰਮਿਆਨ ਇਹ ਨੀਤੀ ਬਿਲਕੁਲ ਸਹੀ ਨਹੀਂ ਹੈ। ਕੋਵੀਸ਼ੀਲਡ ਦਾ ਭੰਡਾਰ ਖਤਮ ਹੋਣ ਮਗਰੋਂ ਪੰਜਾਬ ਸਰਕਾਰ ਨੂੰ 27 ਮਈ ਨੂੰ ਕੋਵੈਕਸੀਨ ਦੀਆਂ 1.14 ਲੱਖ ਖੁਰਾਕਾਂ ਮਿਲੀਆਂ ਸਨ।`
____________________________________________
ਦੋ ਹਸਪਤਾਲਾਂ ਨੇ ਟੀਕਾ 3200 ਤੱਕ ਵੇਚਿਆ: ਪੁਰੀ
ਨਵੀਂ ਦਿੱਲੀ: ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਕਾਂਗਰਸ ਦੀ ਹਕੂਮਤ ਹੇਠਲੇ ਸੂਬੇ ਪੰਜਾਬ ‘ਚ ਨਿੱਜੀ ਹਸਪਤਾਲਾਂ ਨੂੰ ਕੋਵਿਡ ਟੀਕੇ ਵੇਚ ਕੇ 38 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟੀਕੇ ਵੇਚਣ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਟੀਕਿਆਂ ਤੋਂ ਕਮਾਇਆ ਮੁਨਾਫਾ ਕਿਸੇ ਖਾਤੇ ਵਿਚ ਗਿਆ। ਪੰਜਾਬ ਸਰਕਾਰ ਦੇ ਹੁਕਮ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ 309 ਰੁਪਏ ਦੀ ਦਰ ਨਾਲ ਕੋਵੀਸ਼ੀਲਡ ਦੀ ਇਕ ਖੁਰਾਕ ਖਰੀਦੀ ਤੇ ਉਸ ਨੂੰ ਪ੍ਰਾਈਵੇਟ ਹਸਪਤਾਲਾਂ ਕੋਲ 1000 ਰੁਪਏ ਵਿਚ ਵੇਚ ਦਿੱਤਾ। ਅੱਗੋਂ ਹਸਪਤਾਲਾਂ ਨੇ ਲੋਕਾਂ ਨੂੰ 1560 ਰੁਪਏ ਵਸੂਲੇ। ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਮੁਹਾਲੀ ਦੇ ਦੋ ਨਿੱਜੀ ਹਸਪਤਾਲਾਂ ਨੇ ਕੋਵਿਡ ਟੀਕਾ 3000 ਤੋਂ ਲੈ ਕੇ 3200 ਰੁਪਏ ਤੱਕ ਵੇਚਿਆ ਗਿਆ।