ਤਾ ਕਿ ਸਨਦ ਰਹੇ-ਅੰਮ੍ਰਿਤਾ ਪ੍ਰੀਤਮ

ਪੜ੍ਹੇ, ਸੁਣੇ ਅਤੇ ਦੇਖੇ ਵਿਚਾਰੇ ਪ੍ਰਸੰਗਾਂ ਦੀ ਰੌਸ਼ਨੀ ਵਿਚ
ਬਹੁ-ਵੰਨਗੀ ਲਿਖਾਰੀ ਅੰਮ੍ਰਿਤਾ ਪ੍ਰੀਤਮ ਦਾ ਸਾਹਿਤ ਜਗਤ ਵਿਚ ਮੁਕਾਮ ਬਹੁਤ ਉਚ ਦੁਮਾਲੜਾ ਹੈ। ਉਨ੍ਹਾਂ ਦੀ ਸ਼ਖਸੀਅਤ ਅਤੇ ਸਾਹਿਤ ਦੀ ਚਰਚਾ ਪੰਜਾਬੀ ਦਾ ਘੇਰਾ ਤੋੜ ਕੇ ਸੰਸਾਰ ਭਰ ਦੀਆਂ ਬਹੁਤ ਸਾਰੀਆਂ ਜ਼ਬਾਨਾਂ ਦਾ ਹਿੱਸਾ ਬਣ ਚੁੱਕੀ ਹੈ। ਇਸ ਮੁਕਾਮ ਤੱਕ ਅੱਪੜਨ ਲਈ ਲਿਖਾਰੀ ਨੂੰ ਵੱਖ-ਵੱਖ ਰਾਹਾਂ ਵਿਚੋਂ ਪੈਂਡੇ ਮਾਰਨੇ ਪੈਂਦੇ ਹਨ। ਇਸੇ ਕਰ ਕੇ ਜੇਕਰ ਅਜਿਹੀਆਂ ਸ਼ਖਸੀਅਤਾਂ ਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੁੰਦੀ, ਤਾਂ ਮੁਖਾਲਿਫਾਂ ਵੀ ਕੋਈ ਘੱਟ ਨਹੀਂ ਹੁੰਦੀਆਂ। ਕੈਨੇਡਾ ਵੱਸਦੇ ਉਘੇ ਆਲੋਚਕ ਅਤੇ ਲਿਖਾਰੀ ਡਾ. ਸਾਧੂ ਸਿੰਘ ਨੇ ਇਸ ਲੇਖ ਵਿਚ ਅਜਿਹੇ ਮਸਲਿਆਂ ਬਾਰੇ ਕੁਝ ਗੱਲਾਂ-ਬਾਤਾਂ ਸਾਂਝੀਆਂ ਕੀਤੀਆਂ ਹਨ। ਇਸ ਵਾਰ ਇਸ ਲੇਖ ਦੀ ਪਹਿਲੀ ਕਿਸ਼ਤ ਹਾਜ਼ਰ ਹੈ।

ਸਾਧੂ ਸਿੰਘ

ਅੰਮ੍ਰਿਤਾ ਪ੍ਰੀਤਮ ਹਿੰਦ-ਪਾਕ ਮਹਾਂਦੀਪ ਅਤੇ ਦੁਨੀਆਂ ਭਰ ਦੇ ਸਭ ਖਿੱਤਿਆਂ ਵਿਚ ਵਸਦੇ ਪੰਜਾਬੀ ਲੋਕਾਂ ਵਿਚਕਾਰ ਆਪਣੀ ਬੋਲੀ ਦੀ ਸਭ ਤੋਂ ਵੱਧ ਪ੍ਰਸਿੱਧੀ ਪ੍ਰਾਪਤ ਸਾਹਿਤਕ ਸ਼ਖ਼ਸੀਅਤ ਹੋਣ ਦੇ ਨਾਲ ਹੀ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਤੋਂ ਬਿਨਾਂ ਅੰਗਰੇਜ਼ੀ, ਫਰਾਂਸੀਸੀ, ਰੂਸੀ ਅਤੇ ਪੂਰਬੀ ਯੂਰਪ ਦੇ ਕੁਝ ਦੇਸ਼ਾਂ ਦੀਆਂ ਬੋਲੀਆਂ ਵਿਚ ਸਭ ਤੋਂ ਵੱਧ ਅਨੁਵਾਦ ਹੋਣ ਕਾਰਨ, ਦੁਨੀਆਂ ਭਰ ਦੇ ਪੰਜਾਬੀ ਲੇਖਕਾਂ ਵਿਚੋਂ ਸਭ ਤੋਂ ਵੱਧ ਨੁਮਾਇਆਂ ਨਾਂ ਸੀ। ਆਨਰੇਰੀ ਡਿਗਰੀਆਂ, ਸਨਮਾਨ ਅਤੇ ਅਹੁਦੇ-ਮੁਰਾਤਬੇ ਜਿਸ ਕਦਰ ਅੰਮ੍ਰਿਤਾ ਪ੍ਰੀਤਮ ਦੀ ਝੋਲੀ ਪੈਂਦੇ ਰਹੇ, ਉਸ ਦੀ ਮਿਸਾਲ ਵੀ ਸਹਿਜੇ ਕੀਤੇ ਹੋਰ ਨਹੀਂ ਮਿਲਦੀ।
ਹੌਜ਼ ਖ਼ਾਸ ਵਿਚ ਅੰਮ੍ਰਿਤਾ ਪ੍ਰੀਤਮ ਦੀ ਰਿਹਾਇਸ਼ ਜਿਸ ਤਰ੍ਹਾਂ ਦੁਨੀਆਂ ਭਰ ਦੇ ਸ਼ਾਇਰਾਂ, ਅਦੀਬਾਂ, ਮੁਸੱਨਫਾਂ, ਦਾਨਿਸ਼ਵਰਾਂ, ਪੱਤਰਕਾਰਾਂ, ਵਿਦਵਾਨਾਂ ਅਤੇ ਉਨ੍ਹਾਂ ਦੇ ਸੁਹਿਰਦ ਪਾਠਕਾਂ ਦੀ ਜ਼ਿਆਰਤਗਾਹ ਅਤੇ ਜ਼ਿਹਨੀ ਜਜ਼ਬਾਤੀ ਪਨਾਹ ਬਣੀ ਰਹੀ ਹੈ, ਉਹ ਵੀ ਕਿਸੇ ਵਿਰਲੇ-ਟਾਵੇਂ ਥਾਂ-ਮੁਕਾਮ ਦਾ ਹੀ ਨਸੀਬ ਹੁੰਦਾ ਹੈ।
ਅੰਮ੍ਰਿਤਾ ਪ੍ਰੀਤਮ ਨਾਮ ਦੇ ਇਸ ਮੁਅੱਜਜ਼ੇ ਦੇ ਵਾਪਰਨ ਦਾ ਮੁੱਖ ਰਾਜ਼ ਇਸ ਤੱਥ ਵਿਚ ਵਿਦਮਾਨ ਹੈ ਕਿ ਆਪਣੇ ਹੋਰ ਸਮਕਾਲੀਆਂ ਅਤੇ ਸਹਿਕਰਮੀਆਂ ਦੇ ਟਾਕਰੇ ‘ਤੇ ਉਸ ਨੇ ਆਪਣੇ ਲਿਖਣ ਅਤੇ ਜੀਣ ਵਿਚਕਾਰ ਦੀ ਵਿੱਥ ਨੂੰ ਮੇਟਣ ਦਾ ਆਪਣੀ ਸਮਰੱਥਾ ਅਨੁਸਾਰ ਬੜਾ ਹੀ ਸੁਹਿਰਦ ਯਤਨ ਕੀਤਾ ਹੈ।
ਅੰਮ੍ਰਿਤਾ ਪ੍ਰੀਤਮ ਨੇ ਆਪਣੀ ਕਿਸ਼ੋਰ ਅਵਸਥਾ ਵਿਚ ਹੀ ਮੁਹੱਬਤ ਨਾਲ ਭਰੀ ਪੂਰੀ ਜ਼ਿੰਦਗੀ ਦਾ ਸੁਪਨਾ ਲਿਆ ਅਤੇ ਆਪਣੀ ਸ਼ਾਇਰੀ ਦੁਆਰਾ ਉਸ ਸੁਪਨੇ ਦੇ ਤਲਿੱਸਮ ਨੂੰ ਸ਼ਬਦਬੱਧ ਕੀਤਾ ਅਤੇ ਉਸ ਨੂੰ ਆਪਣੀ ਅਮਲੀ ਜ਼ਿੰਦਗੀ ਵਿਚ ਸਾਕਾਰ ਕਰਨ ਲਈ ਭਾਈਚਾਰਕ, ਸਮਾਜਕ ਅਤੇ ਆਰਥਕ ਪਿੜ ਵਿਚ, ਕੋਈ ਜੋਖ਼ਮ ਐਸਾ ਨਹੀਂ, ਜਿਸ ਨੂੰ ਸੌਂਹੇ ਹੋ ਕੇ ਪੂਰੀ ਦਲੇਰੀ ਨਾਲ ਉਠਾਉਣ ਵਿਚ ਆਪਣੇ ਵੱਲੋਂ ਕੋਈ ਕਸਰ ਛੱਡੀ ਹੋਵੇ।
ਮਨ, ਬਚਨ ਅਤੇ ਕਰਮ ਵਿਚ ਤਾਲਮੇਲ ਬਿਠਾਉਣ ਦੀ ਜੁਅੱਰਤ ਕਰਨੀ ਹੀ ਇਨਸਾਨ ਹੋਣ ਦੀ ਅਜ਼ਮਤ ਨੂੰ ਛੂਹ ਲੈਣਾ ਹੁੰਦਾ ਹੈ। ਅੰਮ੍ਰਿਤਾ ਨੇ ਏਸ ਇਨਸਾਨੀ ਬੁਲੰਦੀ ਨੂੰ ਔਰਤ ਦੇ ਜਾਮੇ ਵਿਚ ਹਾਸਿਲ ਕੀਤਾ ਹੈ, ਇਸ ਵਿਚ ਉਨ੍ਹਾਂ ਦੀ ਹਿੰਮਤ ਦੀ ਹੋਰ ਵੀ ਦਾਦ ਦਿੱਤੀ ਜਾਣੀ ਬਣਦੀ ਹੈ। ਕਹਿਣ ਦੀ ਲੋੜ ਨਹੀਂ ਕਿ ਇਸ ਅਵਸਥਾ ਨੂੰ ਪਹੁੰਚਦਾ ਤਾਂ ਆਦਮੀ ਵੀ ਕੋਈ ਵਿਰਲਾ-ਟਾਵਾਂ ਹੀ ਹੈ, ਪਰ ਸਾਡਾ ਪੰਜਾਬੀ ਸਮਾਜ ਮਰਦਾਵੀਂ ਹਿੰਡ, ਦਕਿਆਨੂਸੀ ਰਵਈਏ, ਦੰਭਯੁਕਤ ਸਦਾਚਾਰਕ ਕਦਰਾਂ-ਕੀਮਤਾਂ ਵਿਚ ਰੋਗੀ ਹੱਦ ਤੱਕ ਗ੍ਰਸਿਆ ਹੋਇਆ ਹੋਣ ਕਾਰਨ, ਔਰਤ ਲਈ ਆਪਣੇ ਇਰਦ-ਗਿਰਦ ਵਾਹੀਆਂ ਲਛਮਣ ਰੇਖਾਵਾਂ ਨੂੰ ਉਲੰਘਣਾ ਅਤੇ ਰਵਾਇਤੀ ਰਹੁ-ਰੀਤਾਂ ਦੇ ਜਕੜਬੰਦ ਨੂੰ ਤੋੜ ਕੇ ਆਪਣੀ ਸੁਤੰਤਰ ਸੋਚ ਦੀ ਰੌਸ਼ਨੀ ਵਿਚ ਨਵਾਂ ਰਾਹ ਉਲੀਕ ਸਕਣਾ ਹੋਰ ਵੀ ਮੁਸ਼ਕਿਲ ਹੁੰਦਾ ਹੈ।
ਸਾਡੇ ਵਿਚੋਂ ਬਹੁਤਿਆਂ ਦੀ ਆਪਣੀ ਕੋਈ ਸੋਚ ਨਹੀਂ ਹੁੰਦੀ। ਸਾਡੋ ਕੋਲ ਸਿਰਫ ਦਿਮਾਗ਼ ਨਾਂ ਦਾ ਭਾਂਡਾ ਹੀ ਹੁੰਦਾ ਹੈ। ਇਸ ਵਿਚ ਪਈ ਸਾਰੀ ਵੱਥ ਸਾਡੇ ਪੁਰਖਿਆਂ ਦੀ ਹੀ ਹੁੰਦੀ ਹੈ। ਸਾਡੇ ਜੰਮਣ, ਜੀਣ, ਵਿਆਹ ਅਤੇ ਮਰਨੇ-ਪਰਨੇ ਨੂੰ ਪਰੰਪਰਾ-ਪ੍ਰਵਾਣਿਤ ਰਹੁ-ਰੀਤਾਂ ਹੀ ਨਿਰਣਿਤ ਕਰਦੀਆਂ ਹਨ। ਇਹ ਰਹੁ-ਰੀਤਾਂ ਅਤੇ ਕਦਰਾਂ-ਕੀਮਤਾਂ ਸਮੇਂ ਦੇ ਬੀਤਣ ਨਾਲ ਬੁੱਸ ਕੇ ਕਸਿਆਈਆਂ ਜਾਂਦੀਆਂ ਹਨ। ਸਿੱਟੇ ਵਜੋਂ ਅਸੀਂ ਬੱਧੀ-ਰੁੱਧੀ ਅਤੇ ਕਸਿਆਈ ਹੋਈ ਜ਼ਿੰਦਗੀ ਜੀਣ ਲਈ ਹੀ ਸਰਾਪੇ ਜਾਂਦੇ ਹਾਂ।
ਗੱਲ ਇਹ ਨਹੀਂ ਕਿ ਸਾਡੇ ਪੁਰਖਿਆਂ ਦੇ ਸਭ ਵਿਚਾਰ ਅਤੇ ਵਿਰਾਸਤ ਵਿਚ ਮਿਲੇ ਬੋਲ ਐਵੇਂ ਸੁੱਟ ਪਾਉਣ ਵਾਲੇ ਹੋਣ ਪਰ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਆਦਰਯੋਗ ਵਡਾਰੂਆਂ ਦੇ ਮੁੱਲਵਾਨ ਬੋਲਾਂ ਨੂੰ ਆਪਣੇ ਪ੍ਰਾਣਾਂ ਵਿਚ ਵਸਾ ਕੇ, ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਅਮਲ ਵਿਚ ਵਿਆਹੁਣ ਦਾ ਕੋਈ ਉਦਮ-ਤਰੱਦਦ ਨਹੀਂ ਕਰਦੇ। ਤੋਤੇਵੱਤ ਰਟੇ ਬੋਲਾਂ ਨੂੰ ਹੀ ਆਪਣੀ ਕਮਾਈ ਸਮਝਣ ਵਾਲੇ ਲੋਕਾਂ ਦੀ ਜ਼ਿੰਦਗੀ ਵਿਚ ਕਿੰਨੀ ਕੁ ਸੁਹਿਰਦਤਾ, ਗਹਿਰਾਈ ਜਾਂ ਸੱਚਾਈ ਹੋ ਸਕਦੀ ਹੈ, ਇਸ ਦਾ ਅਨੁਮਾਨ ਤੁਸੀਂ ਆਪੇ ਲਾ ਸਕਦੇ ਹੋ।
ਬੜੀ ਘੱਟ ਗਿਣਤੀ ਵਿਚ ਹੀ ਸਹੀ, ਕੁਝ ਇਨਸਾਨ ਅਜਿਹੇ ਵੀ ਹੁੰਦੇ ਹਨ ਜੋ ਆਪਣੀ ਨਜ਼ਰ, ਨਜ਼ਰੀਏ ਅਤੇ ਬੁੱਧ-ਵਿਵੇਕ ਅਨੁਸਾਰ ਆਪਣੀ ਵਿਰਾਸਤ ਨੂੰ ਤੋਲ ਪਰਖ ਕੇ, ਨਵੇਂ ਸਿਰਿਓਂ ਆਪਣੇ ਵੇਲਿਆਂ ਦੀ ਲੋੜ ਅਨੁਸਾਰ ਕਤਰ-ਵਿਓਂਤ ਕੇ ਮੁੜ-ਸਿਰਜਦੇ ਹਨ ਅਤੇ ਉਸ ਨੂੰ ਆਪਣੇ ਅਮਲਾਂ ਵਿਚ ਸਾਕਾਰ ਕਰਨ ਲਈ ਯਤਨਸ਼ੀਲ ਹੁੰਦੇ ਹਨ। ਅਜਿਹੇ ਹੀ ਲੋਕਾਂ ਨੂੰ ਉਧਾਰੀ-ਓਪਰੀ ਸਿਆਣਪ, ਸਾਊਪੁਣੇ ਅਤੇ ਸਦਾਚਾਰ ਵਾਲੇ ਲੋਕ ਕੁਰਾਹੀਏ, ਕੁਰਹਿਤੀਏ, ਦੁਰਾਚਾਰੀ ਆਦਿ ਆਖ ਕੇ ਆਪਣੀ ਕੂੜੀ ਹਓਮੈ ਅਤੇ ਹੈਂਕੜ ਨੂੰ ਪੱਠੇ ਪਾਉਂਦੇ ਹੋਏ ਆਪਣੇ ਉੱਤਮ ਅਤੇ ਸੱਚੇ-ਸੁੱਚੇ ਧਰਮੀ ਹੋਣ ਦਾ ਭਰਮ ਪਾਲਦੇ ਰਹਿੰਦੇ ਹਨ।
ਸ਼ਾਇਦ ਆਪਣੇ ਧੁਰ ਅੰਦਰ ਉਨ੍ਹਾਂ ਨੂੰ ਆਪਣੀ ਪਰੰਪਰਾ ਦੇ ਪੈਂਖੜ ਵਿਚ ਬੱਧੀ-ਰੁੱਧੀ ਨੀਰਸ ਜ਼ਿੰਦਗੀ ਦਾ ਦੁੱਖ ਵੀ ਹੋਵੇ; ਜਾਂ ਫਿਰ ਉਹ ਅਜਿਹੀ ਰਹਿਤਲ ਨੂੰ ਅੰਦਰ-ਖਾਤੇ ਲੁਕ ਛਿਪ ਕੇ ਤੋੜਨ ਦੇ ਗੁਨਾਹੀ ਹੋਣ ਦੇ ਅਹਿਸਾਸ ਤੇ ਆਪਣੀ ਦਮਿਤ ਜਾਂ ਦੁਖੰਡ ਰਹਿਤਲ ਕਾਰਨ ਅਸਾਵੀਂ ਅਤੇ ਦੰਭੀ ਮਾਨਸਿਕਤਾ ਦੇ ਸ਼ਿਕਾਰ ਹੋਣ ਜਾਂ ਸਵੈ-ਅਵਿਲੰਬੀ ਮੁਕਤ-ਚਿੱਤ ਵਾਲੇ ਲੋਕਾਂ ਦੀ ਜ਼ਿੰਦਗੀ ਦੀ ਆਭਾ ਅਤੇ ਉਮਾਹ ਵਿਰੁੱਧ ਆਪਣੀ ‘ਅੱਛਾਈ’ ਦੇ ਓਢਣ ਹੇਠ ਈਰਖਾ ਵੱਸ ਹੀ ਬੋਲ-ਕੁਬੋਲ ਉਗਲੱਛ ਰਹੇ ਹੋਣ।
ਉਪਰੋਕਤ ਵਿਚੋਂ ਸੱਚਾਈ ਭਾਵੇਂ ਕੋਈ ਵੀ ਹੋਵੇ, ਅੰਮ੍ਰਿਤਾ ਪ੍ਰੀਤਮ ਨੂੰ ਆਪਣੇ ਜਿਊਂਦੇ-ਜੀਅ ਅਤੇ ਆਪਣੀ ਮੌਤ ਉਪਰੰਤ ਅਜਿਹੇ ਭੱਦਰਪੁਰਸ਼ਾਂ ਦੇ ਨਜ਼ਲੇ ਦਾ ਸ਼ਿਕਾਰ ਹੋਣਾ ਹੀ ਪੈਂਦਾ ਰਿਹਾ ਹੈ।
ਸੱਚਮੁੱਚ ਹੀ ਅੰਮ੍ਰਿਤਾ ਜੀ ਦੇ ਸਿਵੇ ਦੀ ਰਾਖ ਹਾਲੇ ਠੰਢੀ ਵੀ ਨਹੀਂ ਸੀ ਹੋਈ, ਉਨ੍ਹਾਂ ਦੀ ਸ਼ਖ਼ਸੀਅਤ ਅਤੇ ਸ਼ਖ਼ਸੀ ਤਰਜ਼-ਏ-ਜ਼ਿੰਦਗੀ ਵਿਰੁੱਧ ਉਨ੍ਹਾਂ ਦੇ ਦੋਖੀਆਂ-ਵਿਰੋਧੀਆਂ ਹੀ ਨਹੀਂ ਸਗੋਂ ਉਨ੍ਹਾਂ ਦੇ ਸਾਬਕਾ ਪ੍ਰਸ਼ੰਸਕਾਂ, ਕਿਰਪਾ-ਪਾਤਰਾਂ ਅਤੇ ਕਦਰਦਾਨਾਂ ਵੱਲੋਂ ਨਿੰਦਾ-ਨਿਖੇਧੀ ਦੀ ਬੁਛਾੜ ਸ਼ੁਰੂ ਹੋ ਗਈ ਸੀ। ਇਹ ਬੁਛਾੜ ਕੁਝ ਸੂਰਤਾਂ ਵਿਚ ਬੜੀ ਜ਼ਾਹਿਰਾ ਅਤੇ ਕੁਝ ਸੂਰਤਾਂ ਵਿਚ ਬੜੀ ਨੀਵੀਂ ਸੁਰ ਵਾਲੀ ਅਤੇ ਗੁੱਝੀ ਮਾਰ ਵਰਗੀ ਸੀ ਪਰ ਹੈਰਾਨੀ ਵਾਲੀ ਗੱਲ ਹੈ ਕਿ ਇਨ੍ਹਾਂ ਭਾਂਤ-ਸੁਭਾਂਤੀਆਂ ਬੋਲੀਆਂ ਬੋਲਣ ਵਾਲੇ ਲੋਕਾਂ ਦਾ ਕੇਂਦਰੀ ਮਕਸਦ ਅੰਮ੍ਰਿਤਾ ਪ੍ਰੀਤਮ ਜੀ ਦੀ ਸ਼ਖ਼ਸੀਅਤ ਨੂੰ ਛੁਟਿਆਉਣਾ ਹੀ ਹੈ।
ਆਪਣੇ ਵੱਲੋਂ ਅੰਮ੍ਰਿਤਾ ਜੀ ਦੀ ਵਿਰਾਸਤ ਅਤੇ ਅਜ਼ਮਤ ਨੂੰ ਸਲਾਮ ਕਰਨ ਲਈ 20 ਨਵੰਬਰ, 2005 ਦੇ ‘ਨਵਾਂ ਜ਼ਮਾਨਾ’ ਦੇ ਮੁੱਖ ਪੰਨੇ ਤੇ ‘ਅਲਵਿਦਾ ਸਖੀ, ਅਲਵਿਦਾ’ ਦੇ ਸਿਰਲੇਖ ਹੇਠ ਅੰਮ੍ਰਿਤਾ ਜੀ ਦੇ ਅਤਿਅੰਤ ਨਿਟਕਵਰਤੀ ਅਤੇ ਕਦਰਦਾਨ ਹੋਣ ਦਾ ਬੁਲੰਦ ਆਵਾਜ਼ ਵਿਚ ਦਾਅਵਾ ਕਰਨ ਵਾਲੇ, ਖੁਦ ਨਾਮੀ-ਗ੍ਰਾਮੀ ਗਲਪਕਾਰ ਦਲੀਪ ਕੌਰ ਟਿਵਾਣਾ ਜੀ ਲਿਖਦੇ ਹਨ:
‘ਕਦੇ-ਕਦੇ ਕੋਈ ਪੁੱਛਦਾ, ਅੰਮ੍ਰਿਤਾ ਦੀ ਜੀਵਨ ਸ਼ੈਲੀ ਤੁਹਾਡੇ ਨਾਲੋਂ ਬਿਲਕੁਲ ਉਲਟ ਹੈ। ਫੇਰ ਤੁਹਾਨੂੰ ਕਿਉਂ ਚੰਗੀ ਲੱਗਦੀ ਹੈ? ਮੈਂ ਦੱਸਦੀ, ਅੰਮ੍ਰਿਤਾ ਮੇਰੇ ਲਈ ਸਿਰਫ ਔਰਤ ਨਹੀਂ। ਔਰਤ ਅੰਮ੍ਰਿਤਾ ਵਿਚ ਜੋ ਊਣਤਾਈਆਂ ਨੇ, ਉਹ ਉਸ ਦੀ ਹੋਂਦ ਨਾਲ ਖ਼ਤਮ ਹੋ ਜਾਣਗੀਆਂ ਅਤੇ ਅੰਮ੍ਰਿਤਾ ਅੰਦਰ ਜੋ ਰਚਨਾਤਮਕ ਹੈ, ਜੋ ਬੀਜ ਤੋਂ ਬ੍ਰਿਛ ਬਣਾ ਸਕਣ ਦੀ ਸਮਰੱਥਾ ਹੈ, ਉਸ ਨੂੰ ਸਮਾਂ ਨਸ਼ਟ ਨਹੀਂ ਕਰ ਸਕੇਗਾ।’
ਜ਼ਾਹਿਰ ਹੈ ਕਿ ਟਿਵਾਣਾ ਜੀ ਨੂੰ ਅੰਮ੍ਰਿਤਾ ਹੋਰੀਂ ਪ੍ਰਤਿਭਾਵਾਨ ਰਚਨਾਕਾਰ ਦੇ ਤੌਰ ‘ਤੇ ਪਸੰਦ ਹਨ, ਆਪਣੇ ਨਾਲੋਂ ਕੇਵਲ ਵੱਖਰੀ ਨਹੀਂ ਸਗੋਂ ਉਲਟੀ, ਊਣਤਾਈਆਂ ਨਾਲ ਭਰਪੂਰ ਜੀਵਨ-ਸ਼ੈਲੀ ਵਾਲੀ ਔਰਤ ਦੇ ਤੌਰ ‘ਤੇ ਨਹੀਂ।
ਚੋਣ ਅਤੇ ਪਸੰਦ ਤਾਂ ਹਰ ਇੱਕ ਦੀ ਆਪੋ-ਆਪਣੀ ਹੀ ਹੁੰਦੀ ਹੈ। ਉਂਝ ਇਸ ਸਿਲਸਲੇ ਵਿਚ ਮੇਰੀ ਨਿੱਜੀ ਰਾਇ ਸਿਰਫ ਏਨੀ ਹੈ ਕਿ ਜੇ ਅੰਮ੍ਰਿਤਾ ਲੇਖਕ ਦੇ ਤੌਰ ‘ਤੇ ਹੀ ਚੰਗੇ ਸਨ ਤਾਂ ਉਨ੍ਹਾਂ ਨੂੰ ਸਖੀ, ਸਹੇਲੀ ਜਾਂ ਦੋਸਤ ਬਣਾਉਣ ਜਾਂ ਕਹਿਣ ਵਿਚ ਕੋਈ ਤੁਕ ਜਾਂ ਸੁਹਿਰਦਤਾ ਨਜ਼ਰ ਨਹੀਂ ਆਉਂਦੀ। ਕੇਵਲ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹਨ ਸਲਾਹੁਣ ਤੀਕ ਸੀਮਿਤ ਰਿਹਾ ਜਾ ਸਕਦਾ ਸੀ।
ਮੈਨੂੰ ਇਸ ‘ਸੰਬੰਧ’ ਵਿਚ ਬੁਨਿਆਦੀ ਅਤੇ ਬੜੀ ਗਹਿਰੀ ਗੜਬੜ ਪ੍ਰਤੀਤ ਹੁੰਦੀ ਹੈ।
ਇਸ ਬੁਨਿਆਦੀ ਮਹੱਤਤਾ ਵਾਲੇ ਨੁਕਤੇ ਬਾਰੇ ਡੂੰਘੀ ਅਤੇ ਵਿਸਤ੍ਰਿਤ ਚਰਚਾ ਤਦ ਹੀ ਹੋ ਸਕਦੀ ਹੈ, ਜੇ ਟਿਵਾਣਾ ਜੀ ਆਪਣੀ ਦੋਸ਼-ਮੁਕਤ ਅਤੇ ਅੰਮ੍ਰਿਤਾ ਜੀ ਦੀ ਦੋਸ਼-ਯੁਕਤ ਜੀਵਨ ਸ਼ੈਲੀ ਦੇ ਤੁਲਨਾਤਮਕ ਵੇਰਵੇ ਪੇਸ਼ ਕਰ ਸਕਣ ਪਰ ਇਹ ਜੋਖ਼ਮ ਭਰਿਆ ਰਾਹ ਅਖ਼ਤਿਆਰ ਕਰਨਾ ਸ਼ਾਇਦ ਟਿਵਾਣਾ ਨੂੰ ਗਵਾਰਾ ਨਾ ਹੋਵੇ। ਸੋ, ਅਸੀਂ ਵੀ ਫਿਲਹਾਲ ਇਸ ਮਸਲੇ ਦੇ ਵੇਰਵਿਆਂ ਵਿਚ ਨਾ ਜਾਂਦੇ ਹੋਏ ਇਸ ਤੱਥ ਵੱਲ ਕੇਵਲ ਸੰਕੇਤ ਕਰ ਕੇ ਹੀ ਸੰਤੋਖ ਕਰਦੇ ਹਾਂ।
ਸਭਨਾਂ ਲੋਕਾਂ ਦੀ ਸ਼ੈਲੀ ਟਿਵਾਣਾ ਵਰਗੀ ਹੀ ਸੂਖਮ ਅਤੇ ਸੰਕੇਤਕ ਨਹੀਂ ਹੁੰਦੀ। ਕੁਝ ਲੋਕਾਂ ਨੇ ਅੰਮ੍ਰਿਤਾ ਦੀਆਂ ‘ਊਣਤਾਈਆਂ’ ਨੂੰ ਬੜੀ ਬੇਬਾਕੀ ਨਾਲ ਹੀ ਨਹੀਂ ਸਗੋਂ ਅਤਿਕਥਨੀ ਦੀ ਜਾਅਲੀ ਜ਼ਹਿਰੀਲੀ ਪੁੱਠ ਚਾੜ੍ਹ ਕੇ ਬੜੀ ਬੇਸ਼ਰਮੀ ਨਾਲ ਨਿੰਦਿਆ-ਨੌਲਿਆ ਹੈ। ਇਸ ਸਿਲਸਲੇ ਵਿਚ ਇੱਕ ਧਰਮ ਸਥਾਨ ਦੇ ਭਾਈ ਜੀ ਅੰਮ੍ਰਿਤਾ ਜੀ ਨੂੰ ਰੋਜ਼ ਇੱਕ ਬੋਤਲ ਵਿਸਕੀ ਦੀ ਪੀਣ ਵਾਲੇ ਆਖਣ ਤੀਕ ਗਏ ਸਨ, ਜਿਵੇਂ ਉਹ ਅੰਮ੍ਰਿਤਾ ਦੇ ਹਮ-ਪਿਆਲਾ ਜਾਂ ਵਿਸਕੀ-ਵਿਕ੍ਰੇਤਾ ਰਹੇ ਹੋਣ।
ਇਸ ਬਾਰੇ ਸਿਰਫ ਏਨਾ ਹੀ ਆਖਣਾ ਬਣਦਾ ਹੈ ਕਿ ਅੰਮ੍ਰਿਤਾ ਆਪਣੇ ਖਾਣ-ਪੀਣ ਜਿਸ ਵਿਚ ਸ਼ਰਾਬ ਅਤੇ ਸਿਗਰਟ-ਨੋਸ਼ੀ ਵੀ ਸ਼ਾਮਿਲ ਹੈ, ਨੂੰ ਬਿਨਾਂ ਕਿਸੇ ਡਰ ਸੰਕੋਚ ਦੇ ਆਪਣੀ ਰਹਿਤ-ਬਹਿਤ ਅਤੇ ਲਿਖ਼ਤਾਂ ਵਿਚ ਬੜੀ ਵਾਰ ਜੱਗ-ਜ਼ਾਹਿਰ ਕੀਤਾ ਹੈ। ਸਮਝਣ ਵਾਲੀ ਗੱਲ ਸਿਰਫ ਏਨੀ ਹੈ ਕਿ ਖਾਣ-ਪੀਣ ਦਾ ਸੰਬੰਧ ਸਾਡੇ ਸਰੀਰਕ ਸਵਸਥ ਨਾਲ ਹੈ, ਸਾਡੇ ਜ਼ਿਹਨੀ, ਜਜ਼ਬਾਤੀ, ਸਦਾਚਾਰਕ ਅਤੇ ਧਾਰਮਿਕ ਤੌਰ ‘ਤੇ ਚੰਗੇ ਬੁਰੇ ਹੋਣ ਨਾਲ ਨਹੀਂ ਹੈ।
ਅੰਮ੍ਰਿਤਾ ਜੀ ਬਾਰੇ ਜਿਹੜੀਆਂ ਗੱਲਾਂ ਕੁਝ ਸਿਆਣੇ ਸੰਕੋਚੀ ਲੋਕਾਂ ਨੇ ਇਸ਼ਾਰਤਨ ਹੀ ਕਹੀਆਂ ਹਨ, ਉਥੇ ਕੁਝ ਬੜਬੋਲੇ ਲੋਕਾਂ ਨੇ ਉਨ੍ਹਾਂ ਦਾ ਖੁੱਲ੍ਹੇਆਮ ਜ਼ਿਕਰ ਵੀ ਕੀਤਾ ਹੈ।
ਜਲੰਧਰ ਦੇ ਇੱਕ ਪ੍ਰਮੁੱਖ ਕਾਲਜ ਵਿਚ ਅੰਮ੍ਰਿਤਾ ਦੀ ਯਾਦ ਵਿਚ ਹੋਏ ਸ਼ਰਧਾਂਜਲੀ ਸਮਾਗਮ ਵਿਚ ਕੁਝ ਦਾਨਿਸ਼ਵਰਾਂ ਨੇ ਇਹ ਆਖਿਆ ਸੀ ਕਿ ਅੰਮ੍ਰਿਤਾ ਦੀ ਰਹਿਤਲ ਵਿਚ ਅਜਿਹਾ ਕਿਹੜਾ ਗੁਣ ਸੀ ਜਿਸ ਕਰ ਕੇ ਉਹ ਨਵੀਂ ਪੀੜ੍ਹੀ ਲਈ ਕੋਈ ਅਨੁਕਰਨ-ਯੋਗ ਨਮੂਨਾ ਬਣ ਸਕੇ।
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਦਫਤਰ ਵਿਚ ਅੰਮ੍ਰਿਤਾ ਪ੍ਰੀਤਮ ਦੀ ਅੰਤਿਮ ਅਵਸਥਾ ਵਿਚ ਪੂਰੀ ਤਨਦੇਹੀ ਨਾਲ ਅੱਠ ਦਸ ਦਿਨ ਤੀਮਾਰਦਾਰੀ ਕਰ ਕੇ ਆਈ ਉਨ੍ਹਾਂ ਦੀ ਅਜ਼ੀਜ਼ਾ ਜਸਵੀਰ ਵੱਲੋਂ ਅੰਮ੍ਰਿਤਾ ਦੀ ਸੰਤਾਨ ਦੀ ਉਨ੍ਹਾਂ ਦੀ ਸੇਵਾ-ਸੰਭਾਲ ਵੱਲ ਅਪਣਾਈ ਬੇਰੁਖ਼ੀ ਦਾ ਦੱਬਵਾਂ ਜਿਹਾ ਜ਼ਿਕਰ ਕਰਨ ‘ਤੇ ਸਾਡੇ ਇੱਕ ਨਾਮਵਰ ਪੰਜਾਬੀ ਸਦਾਚਾਰ ਦਾ ਪਰਚਮ ਬੁਲੰਦ ਰੱਖਣ ਦਾ ਦਮ ਭਰਨ ਵਾਲੇ ਸ਼ਾਇਰ ਨੇ ਤਿਲਮਿਲਾ ਕੇ ਕਿਹਾ ਸੀ-ਕੀ ਕਰਨ ਅੰਮ੍ਰਿਤਾ ਦੇ ਬੱਚੇ? ਉਨ੍ਹਾਂ ਦੇ ਮਨ ਵਿਚ ਆਪਣੀ ਮਾਂ ਦੇ ਇੱਕ ਓਪਰੇ ਮਰਦ ਨਾਲ ਰਹਿਣ ਕਾਰਨ ਹਿਰਖ ਵੀ ਤਾਂ ਹੋ ਸਕਦਾ ਹੈ।
ਕੌਣ ਓਪਰਾ ਮਰਦ? ਇਮਰੋਜ਼!
ਜਿਸ ਦੀ ਬੇਪਨਾਹ ਮੁਹੱਬਤ ਅਤੇ ਪ੍ਰਸਤਿਸ਼ ਨੂੰ ਸਮਰਪਿਤ ਅੰਮ੍ਰਿਤਾ ਨੇ ਅਨੇਕਾਂ ਨਜ਼ਮਾਂ ਲਿਖੀਆਂ। ਆਪਣੀ ਅੰਤਿਮ ਨਜ਼ਮ ਵਿਚ ਵੀ ‘ਮੈਂ ਤੈਨੂੰ ਫੇਰ ਮਿਲਾਂਗੀ’ ਦੀ ਇੱਛਾ ਅਤੇ ਨਿਸ਼ਠਾ ਦਾ ਇਜ਼ਹਾਰ ਕੀਤਾ। ਇਮਰੋਜ਼ ਜੋ ਮੁਹੱਬਤ ਦਾ ਮੁਜੱਸਮਾ ਹੈ। ਅੰਮ੍ਰਿਤਾ ਜੀ ਦੀ ਲੰਮੀ ਬਿਮਾਰੀ ਦੇ ਦੌਰਾਨ ਜੋ ਅਪਲਕ ਸੇਵਾ-ਸੰਭਾਲ ਇਮਰੋਜ਼ ਅਤੇ ਉਨ੍ਹਾਂ ਦੀ ਨੂੰਹ ਅਲਕਾ ਨੇ ਕੀਤੀ ਹੈ, ਉਸ ਦੀ ਸਿਫਤ-ਸਲਾਹ ਮੇਰੇ ਵੱਸੋਂ ਬਾਹਰ ਦੀ ਗੱਲ ਹੈ।
ਪਰ ਜਿਨ੍ਹਾਂ ਲੋਕਾਂ ਕੋਲ ਔਰਤ-ਮਰਦ ਲਈ ਆਪਣੇ ਅਤੇ ਬੇਗਾਨੇ ਹੋਣ ਦੇ ਫੈਸਲੇ ਲਈ ਚਹੁੰ ਲਾਵਾਂ ਦੀਆਂ ਘੁੰਮੇਟਣੀਆਂ ਤੋਂ ਬਿਨਾਂ ਹੋਰ ਕੋਈ ਮਾਪਦੰਡ ਹੀ ਨਹੀਂ, ਉਨ੍ਹਾਂ ਬਾਰੇ ਕੋਈ ਕੀ ਆਖੇ?
ਅੰਮ੍ਰਿਤਾ ਵਰਗੀ ਜ਼ਹੀਨ ਅਤੇ ਬੁਲੰਦ ਔਰਤ ਲਈ ਕੌਣ ਆਪਣਾ ਹੈ ਅਤੇ ਕੌਣ ਪਰਾਇਆ, ਇਸ ਦਾ ਫੈਸਲਾ ਅਸੀਂ ਆਪਣੇ ਹੱਥ ਲੈਣ ਵਾਲੇ ਭਲਾ ਕੌਣ ਹੁੰਦੇ ਹਾਂ?
ਜੇ ਇਮਰੋਜ਼ ਅੰਮ੍ਰਿਤਾ ਲਈ ਓਪਰਾ ਮਰਦ ਸੀ ਤਾਂ ਫੇਰ ਉਸ ਦਾ ਆਪਣਾ ਕੌਣ ਸੀ? ਲਾਵਾਂ ਦੇ ਤੱਕੜੀ ਬਰਦਾਰ ਨਿਸ਼ਚੇ ਹੀ ਇਹ ਕਹਿਣਗੇ ਕਿ ਉਨ੍ਹਾਂ ਦਾ ਪਤੀ ਸਰਦਾਰ ਪ੍ਰੀਤਮ ਸਿੰਘ ਕਵਾਤਰਾ।
‘ਨਵਾਂ ਜ਼ਮਾਨਾ’ ਦੇ ਉਪਰੋਕਤ ਅੰਕ ਵਿਚ ਹੀ ਉਰਮਿਲਾ ਆਨੰਦ ਜੀ ਲਿਖਦੇ ਹਨ, ‘ਪ੍ਰੀਤਮ ਸਿੰਘ ਕਵਾਤਰਾ ਜੀ ਬੜੇ ਭਲੇਮਾਣਸ ਪਤੀ ਸਨ। ਉਹ ਕਦੇ ਵੀ ਅੰਮ੍ਰਿਤਾ ਜੀ ਦੀਆਂ ਉਡਾਰੀਆਂ ਜਾਂ ਖੁੱਲ੍ਹਾਂ ‘ਤੇ ਰੋਕ ਨਹੀਂ ਸਨ ਲਾਉਂਦੇ। ਪਰ ਕਿੱਥੇ ਇੱਕ ਵਪਾਰੀ ਪਤੀ ਅਤੇ ਕਿੱਥੇ ਅੰਮ੍ਰਿਤਾ ਜੀ ਖੁੱਲ੍ਹੀਆਂ ਹਵਾਵਾਂ ਵਿਚ ਰਹਿਣ ਵਾਲੇ ਉਡਣੇ ਪੰਛੀ? ਮੈਨੂੰ ਅੰਮ੍ਰਿਤਾ ਜੀ ਨਾਲ ਕੋਈ ਗਿਲਾ ਨਹੀਂ ਕਿ ਇੱਕ ਚੰਗੇ ਇਨਸਾਨ ਪ੍ਰੀਤਮ ਕਵਾਤਰਾ ਜੀ ਨੂੰ ਉਨ੍ਹਾਂ ਆਪਣੇ ਘਰੋਂ ਕਿਉਂ ਤੁਰ ਜਾਣ ਦਿੱਤਾ ਪਰ ਇਹ ਵੀ ਸੱਚ ਨਹੀਂ ਕਿ ਅੰਮ੍ਰਿਤਾ ਜੀ ਦਾ ਉਨ੍ਹਾਂ ਨਾਲ ਤਲਾਕ ਹੋਇਆ ਸੀ।’
ਉਰਮਿਲਾ ਜੀ ਦੇ ਇਸ ਲੇਖ ਤੋਂ ਉਨ੍ਹਾਂ ਦੀ ਅੰਮ੍ਰਿਤਾ ਨਾਲ ਉਣਸ ਅਪਣੱਤ ਅਤੇ ਉਨ੍ਹਾਂ ਦੇ ਭਲੇਮਾਣਸ ਪਤੀ ਨਾਲ ਹਮਦਰਦੀ ਸਹਿਜੇ ਹੀ ਸਪਸ਼ਟ ਹੋ ਜਾਂਦੀ ਹੈ। ਉਪਰੋਂ ਕਹਿਣ ਨੂੰ ਭਾਵੇਂ ਉਰਮਿਲਾ ਜੀ ਨੂੰ ਅੰਮ੍ਰਿਤਾ ਨਾਲ ਕੋਈ ਗਿਲਾ ਨਹੀਂ ਪਰ ਅੰਦਰੋਂ ਲੁਕਵਾਂ ਜਿਹਾ ਸ਼ਿਕਵਾ ਜ਼ਰੂਰ ਹੈ ਕਿ ਉਹ ਏਨੇ ਸ਼ਰੀਫ ਪਤੀ ਕੋਲੋਂ ਅੱਡਰੇ ਅਲਹਿਦਾ ਹੋ ਕੇ ਬਿਨਾਂ ਤਲਾਕ ਤੋਂ ਦੂਜੇ ਆਦਮੀ ਨਾਲ ਕਿਉਂ ਰਹੇ?
ਮੈਨੂੰ ਜ਼ਾਤੀ ਤੌਰ ‘ਤੇ ਸਰਦਾਰ ਪ੍ਰੀਤਮ ਸਿੰਘ ਨੂੰ ਮਿਲਣ ਦਾ ਕੋਈ ਮੌਕਾ ਨਹੀਂ ਮਿਲਿਆ ਪਰ ਜਿਹੜੇ ਵੀ ਲੋਕ ਉਨ੍ਹਾਂ ਨੂੰ ਜਾਣਦੇ ਰਹੇ ਹਨ, ਲੱਗਭੱਗ ਸਭੇ ਹੀ ਉਨ੍ਹਾਂ ਦੀ ਸ਼ਰਾਫਤ ਦਾ ਦਮ ਭਰਦੇ ਹਨ। ਜੇ ਦੋਂਹ ਬੰਦਿਆਂ-ਵਿਸ਼ੇਸ਼ ਕਰ ਕੇ ਪਤੀ-ਪਤਨੀ ਦੀ ਜ਼ਿਹਨੀ ਬਣਤਰ, ਪਸੰਦਾਂ-ਨਾਪਸੰਦਾਂ, ਜ਼ਿੰਦਗੀ ਦੀਆਂ ਹੋਰ ਬੁਨਿਆਦੀ ਕਦਰਾਂ-ਕੀਮਤਾਂ, ਆਦਰਸ਼ਾਂ ਅਤੇ ਅਕੀਦਿਆਂ ਵਿਚਕਾਰ ਵੱਡਾ ਪਾੜਾ ਹੋਵੇ ਤਾਂ ਕੀ ਕੇਵਲ ਸ਼ਰਾਫਤ ਹੀ ਉਨ੍ਹਾਂ ਦਰਮਿਆਨ ਪਾਏਦਾਰ, ਸਜਿੰਦ, ਚਾਅ ਮਲ੍ਹਾਰਾਂ ਨਾਲ ਧੜਕਦੀ ਸਾਂਝ ਦਾ ਆਧਾਰ ਬਣ ਸਕਦੀ ਹੈ?
ਅੰਮ੍ਰਿਤਾ ਅਤੇ ਇਮਰੋਜ਼ ਜੀ ਦੱਸਦੇ ਹੁੰਦੇ ਸਨ ਕਿ ਆਪਣੀ ਵਿਆਹੁਤਾ ਜ਼ਿੰਦਗੀ ਦੌਰਾਨ ਪ੍ਰੀਤਮ ਸਿੰਘ ਅੰਮ੍ਰਿਤਾ ਨੂੰ ਘਰ ਦੇ ਖਰਚ ਲਈ ਰੋਜ਼ ਪੰਜ ਰੁਪਏ ਦਿਆ ਕਰਦੇ ਸਨ ਅਤੇ ਕਦੇ-ਕਦੇ ਇਹ ਗਿਣੇ ਮਿੱਥੇ ਪੰਜ ਰੁਪਏ ਦੇਣੇ ਵੀ ‘ਭੁੱਲ’ ਜਾਂਦੇ ਸਨ ਅਤੇ ਅੰਮ੍ਰਿਤਾ ਨੂੰ ਉਨ੍ਹਾਂ ਤੋਂ ਘਰੋਂ ਤੁਰ ਰਿਹਾਂ ਤੋਂ ਪਿੱਛੋਂ ‘ਵਾਜ ਮਾਰ ਕੇ ਆਪ ਮੰਗ ਕੇ ਲੈਣੇ ਪੈਂਦੇ ਸਨ। ਰੋਜ਼ ਪੰਜ ਰੁਪਿਆਂ ਦੀ ਝਾਕ ਰੱਖਣ ਅਤੇ ਕਈ ਵਾਰ ਮੰਗ ਕੇ ਇਸ ਨਿਗੂਣੀ ਜਿਹੀ ਰਕਮ ਲੈਣ ਦੀ ਸ਼ਰਮਸਾਰੀ ਅੰਮ੍ਰਿਤਾ ਲਈ ਬਹੁਤ ਬੋਝਲ ਹੁੰਦੀ ਸੀ। ਇਸ ਲਈ ਉਹ ਮਗਰਲੀ ਸਾਰੀ ਉਮਰ ਆਪਣੀ ਰੋਟੀ ਆਪ ਕਮਾਉਣ ਉਪਰ ਜ਼ੋਰ ਦਿੰਦੇ ਰਹੇ ਹਨ।
ਜ਼ਿਹਨੀ-ਜਿਸਮਾਨੀ ਤਾਲਮੇਲ ਦੀ ਅਣਹੋਂਦ ਦੀ ਸੂਰਤ ਵਿਚ, ਇਹ ਠੀਕ ਹੈ ਕਿ ਸੰਬੰਧਿਤ ਦੋਨਾਂ ਹੀ ਧਿਰਾਂ ਨੇ, ਬਿਨਾਂ ਕਿਸੇ ਅਦਾਲਤੀ ਕਾਰਵਾਈ ਜਾਂ ਪੰਚਾਇਤੀ, ਭਾਈਚਾਰਕ ਦਖ਼ਲ-ਅੰਦਾਜ਼ੀ ਤੇ ਲੈਣ-ਦੇਣ ਦੀ ਸ਼ਰਤ ਦੇ, ਪਰਸਪਰ ਭਲਮਣਸਊ ਨਾਲ ਹੀ ਇੱਕ ਦੂਜੇ ਤੋਂ ਅੱਡਰੇ, ਅਲਹਿਦਾ ਰਹਿਣ ਦਾ ਫੈਸਲਾ ਕਰ ਲਿਆ ਸੀ। ਇਸ ਸਿਲਸਿਲੇ ਵਿਚ ਦੋਹਾਂ ਧਿਰਾਂ ਦੀ ਇਮਾਨਦਾਰੀ, ਸ਼ਰਾਫਤ ਅਤੇ ਸਿਆਣਪ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ, ਥੋੜ੍ਹੀ ਹੈ।
ਪਰ ਇਹ ਆਖਣਾ ਕਿ ਉਨ੍ਹਾਂ ਦਾ ਤਲਾਕ ਹੋਇਆ ਹੀ ਨਹੀਂ ਸੀ, ਸੱਚ ਨਹੀਂ।
ਬੀਤੀ ਸਦੀ ਦੇ ਸੱਤਰਵਿਆਂ ਦੇ ਅਖ਼ੀਰ ਜਾਂ ਅੱਸੀਵਿਆਂ ਦੇ ਸ਼ੁਰੂ ਵਿਚ ਅੰਮ੍ਰਿਤਾ ਜੀ ਦੇ ਘਰ ਸਵਿਟਜ਼ਰਲੈਂਡ ਤੋਂ ਪਰਤੇ ਦੇਵ ਨੇ ਆਪਣੇ ਤਲਾਕ ਦੀ ਗੱਲ ਤੋਰੀ ਸੀ। ਮੇਰੀ ਰਾਇ ਸੀ ਕਿ ਸ਼ਰੀਫ ਆਦਮੀ, ਤੂੰ ਏਡੀ ਦੂਰ ਇਕੱਲਾ ਰਹਿ ਰਿਹਾ ਹੈਂ। ਆਪਸ ਵਿਚ ਤੁਹਾਡਾ ਕੋਈ ਮੇਲ-ਮਿਲਾਪ, ਦਖ਼ਲ-ਅੰਦਾਜ਼ੀ ਜਾਂ ਲਾਗਾ ਦੇਗਾ ਨਹੀਂ, ਇਹ ਸਥਿਤੀ ਤਲਾਕ ਵਾਲੀ ਹੀ ਤਾਂ ਹੈ। ਇਸ ਲਈ ਅਦਾਲਤੀ ਪ੍ਰਮਾਣ-ਪੱਤਰ ਲੈਣ ਦੀ ਕੀ ਜ਼ਰੂਰਤ ਸੀ?
ਅੰਮ੍ਰਿਤਾ ਮੇਰੀ ਇਸ ਰਾਇ ਨਾਲ ਬਿਲਕੁਲ ਸਹਿਮਤ ਨਹੀਂ ਸਨ। ਉਨ੍ਹਾਂ ਰਤਾ ਜਜ਼ਬਾਤੀ ਸੁਰ ਵਿਚ ਕਿਹਾ ਸੀ ਕਿ, ‘ਨਹੀਂ, ਅਦਾਲਤੀ ਤਲਾਕ ਦੀ ਲੋੜ ਹੈ।’ ਮੇਰੀਆਂ ਨਜ਼ਰਾਂ ਵਿਚਲੀ ਸੁਆਲੀਆ ਹੈਰਾਨੀ ਦੀ ਤਸੱਲੀ ਲਈ ਉਨ੍ਹਾਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਸੀ ਕਿ ‘ਤਲਾਕ ਤੋਂ ਪਹਿਲਾਂ ਨਵਰਾਜ ਦੇ ਪਾਪਾ ਇੱਥੇ ਜਾਂ ਕਿਧਰੇ ਹੋਰ ਮਿਲ ਪੈਂਦੇ ਸਨ ਤਾਂ ਮੈਂ ਆਮ ਵਾਂਗ ਸਹਿਜ ਨਹੀਂ ਸੀ ਰਹਿੰਦੀ ਅਤੇ ਜਾਂ ਫਿਰ ਪਾਸਪੋਰਟ ਆਦਿ ਦੀ ਦਰਖ਼ਾਸਤ ਦੇਣ ਜਾਂ ਹੋਰ ਕੋਈ ਸਰਕਾਰੀ ਪੱਤਰ ਭਰਨ ਵੇਲੇ ਪਤੀ ਦੇ ਨਾਮ ਵਾਲਾ ਖ਼ਾਨਾ ਭਰਨਾ ਪੈਂਦਾ ਸੀ, ਤਾਂ ਮੈਨੂੰ ਅਤੇ ਇਮਰੋਜ਼ ਨੂੰ ਇਹ ਗੱਲ ਬੜੀ ਅਟਪਟੀ ਜਿਹੀ ਲੱਗਦੀ ਸੀ। ਤਲਾਕ ਤੋਂ ਬਾਅਦ ਜਦ ਕਦੀ ਹੁਣ ਉਹ ਘਰ ਆਉਂਦੇ ਹਨ ਤਾਂ ਮੈਨੂੰ ਪਹਿਲੋਂ ਵਰਗੀ ਅਚੇਤ ਜਿਹੀ ਘਬਰਾਹਟ ਨਹੀਂ ਹੁੰਦੀ।’ ਉਸ ਵੇਲੇ ਅੰਮ੍ਰਿਤਾ ਹੋਰਾਂ ਆਪਣੇ ਤਲਾਕ ਦੀ ਵਚਿੱਤਰ ਕਥਾ ਸੁਣਾਈ ਸੀ।
ਅਲਹਿਦਾ ਹੋਣ ਤੋਂ ਕਾਫੀ ਵਰ੍ਹੇ ਬਾਅਦ ਤੀਕ ਅੰਮ੍ਰਿਤਾ ਅਤੇ ਪ੍ਰੀਤਮ ਸਿੰਘ ਦੌਰਾਨ ਤਲਾਕ ਲਈ ਕਿਸੇ ਅਦਾਲਤੀ ਕਾਰਵਾਈ ਕਰਨ-ਕਰਾਉਣ ਦਾ ਕੋਈ ਜ਼ਿਕਰ ਨਹੀਂ ਸੀ ਛਿੜਿਆ ਪਰ ਇੱਕ ਵੇਲੇ ਪ੍ਰੀਤਮ ਸਿੰਘ ਲਈ ਤਲਾਕ ਜ਼ਰੂਰੀ ਹੋ ਗਿਆ ਸੀ ਅਤੇ ਇਸ ਦੀ ਮੰਗ ਉਨ੍ਹਾਂ ਵੱਲੋਂ ਹੀ ਕੀਤੀ ਗਈ ਸੀ।
ਸਥਿਤੀ ਦਾ ਵਿਅੰਗ ਵੇਖੋ ਕਿ ਤਲਾਕ ਉਨ੍ਹਾਂ ਦੀ ਜ਼ਿਹਨੀ ਜਜ਼ਬਾਤੀ ਨਹੀਂ ਸਗੋਂ ਪਦਾਰਥਕ ਲੋੜ ਆਣ ਬਣਿਆ ਸੀ। ਗੱਲ ਇਉਂ ਹੋਈ ਸੀ ਕਿ ਪ੍ਰੀਤਮ ਸਿੰਘ ਨੇ ਡੀ.ਡੀ.ਏ. ਦੀ ਕਿਸੇ ਮਨਜ਼ੂਰਸ਼ੁਦਾ ਕਾਲੋਨੀ ਵਿਚ ਰਿਹਾਇਸ਼ੀ ਪਲਾਟ ਖਰੀਦਣਾ ਸੀ। ਲੋੜੀਂਦੀ ਕਾਗ਼ਜ਼ੀ ਖ਼ਾਨਾਪੂਰਤੀ ਤੋਂ ਬਾਅਦ ਹਰ ਬਿਨੈਕਾਰ ਲਈ ਇਹ ਹਲਫਨਾਮਾ ਭਰਨਾ ਵੀ ਜ਼ਰੂਰੀ ਸੀ ਕਿ ਉਸ ਜਾਂ ਉਸ ਦੇ ਪਤੀ/ਪਤਨੀ ਦੇ ਨਾਮ ਡੀ.ਡੀ.ਏ. ਦੀ ਅਜਿਹੀ ਕਾਲੋਨੀ ਵਿਚ ਹੋਰ ਕੋਈ ਥਾਂ ਨਹੀਂ ਪਰ ਅੰਮ੍ਰਿਤਾ ਹੋਰਾਂ ਦੇ ਨਾਂ ਤਾਂ ਪਹਿਲਾਂ ਹੀ ਕੇ-25 ਹੌਜ਼ ਖ਼ਾਸ ਵਾਲਾ ਪਲਾਟ ਹੈ ਸੀ; ਤੇ ਅੰਮ੍ਰਿਤਾ ਜੀ ਉਸ ਸਮੇਂ ਪ੍ਰੀਤਮ ਸਿੰਘ ਜੀ ਦੀ ਕਾਨੂੰਨੀ ਤੌਰ ‘ਤੇ ਵਿਆਹੁਤਾ ਪਤਨੀ ਸਨ। ਸੋ, ਪ੍ਰੀਤਮ ਸਿੰਘ ਸਾਹਮਣੇ ਦੁਬਿਧਾ ਇਹ ਸੀ ਕਿ ਪਤਨੀ ਛੱਡਣ ਕਿ ਪਲਾਟ? ਇਸ ਤਰ੍ਹਾਂ ਪਲਾਟ ਖ਼ਰੀਦਣ ਲਈ ਪ੍ਰੀਤਮ ਸਿੰਘ ਲਈ ਅੰਮ੍ਰਿਤਾ ਤੋਂ ਤਲਾਕ ਲੈਣਾ ਜ਼ਰੂਰੀ ਹੋ ਗਿਆ ਸੀ; ਤੇ ਅੰਮ੍ਰਿਤਾ ਨੇ ਰਤਾ ਮੁਸਕਰਾਉਂਦਿਆਂ ਇਹ ਗੱਲ ਦੱਸੀ ਸੀ ਕਿ ਪਰਸਪਰ ਸੰਮਤੀ ਦੇ ਆਧਾਰ ‘ਤੇ ਮੰਗੇ ਤਲਾਕ ਦੀ ਅਦਾਲਤੀ ਕਾਰਵਾਈ ਹਾਲੇ ਮੁਕੰਮਲ ਨਹੀਂ ਸੀ ਹੋਈ ਕਿ ਸੰਬੰਧਿਤ ਪਲਾਟ ਦੀ ਕੀਮਤ ਵਿਚ ਏਨਾ ਵਾਧਾ ਹੋ ਗਿਆ ਕਿ ਪ੍ਰੀਤਮ ਸਿੰਘ ਦੀ ਪਲਾਟ-ਪ੍ਰਾਪਤੀ ਦੀ ਰੀਝ ਵਿਚ ਹੋਈ ਕਮੀ ਦੇ ਅਨੁਰੂਪ ਹੀ ਤਲਾਕ ਵਿਚ ਮੱਧਮ ਪੈ ਰਹੀ ਦਿਲਚਸਪੀ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਸਨ; ਤੇ ਵਧੀ ਹੋਈ ਕੀਮਤ ਅੰਮ੍ਰਿਤਾ ਜੀ ਨੇ ਆਪਣੇ ਕੋਲੋਂ ਤਾਰ ਕੇ ਆਪਣੇ ਲਈ ਤਲਾਕ ਤੇ ਪ੍ਰੀਤਮ ਸਿੰਘ ਲਈ ਪਲਾਟ ਦਾ ਸੌਦਾ ਪੱਕਾ ਕੀਤਾ ਸੀ।
ਤੇ ਸ਼ਾਇਦ ਤੁਹਾਡੇ ਵਿਚੋਂ ਬਹੁਤਿਆਂ ਦੀ ਇਸ ਸੂਚਨਾ ਨਾਲ ਕੋਈ ਤਸੱਲੀ ਹੋਵੇ ਕਿ ਪ੍ਰੀਤਮ ਸਿੰਘ ਬਹੁਤ ਵਰ੍ਹੇ ਇੱਕ ਹੋਰ ਔਰਤ ਦੇ ਨਾਲ ਰਹੇ ਵੀ। ਵਿਆਹੇ ਜਾਂ ਅਣਵਿਆਹੇ, ਇਹ ਜਾਨਣ ਵਿਚ ਮੇਰੀ ਕੋਈ ਦਿਲਚਸਪੀ ਨਹੀਂ।
ਤੇ ਬਾਅਦ ਵਿਚ ਪ੍ਰੀਤਮ ਸਿੰਘ ਲਈ ਇਹ ਸਾਥ ਵੀ ਸੁਹੰਢਣਾ ਨਹੀਂ ਸੀ ਸਾਬਤ ਹੋਇਆ। ਆਪਣੀ ਅਖ਼ੀਰੀ ਬਿਮਾਰੀ ਵੇਲੇ ਉਹ ਫੇਰ ਇਕੱਲੇ ਰਹਿ ਗਏ ਸਨ ਅਤੇ ਅੰਮ੍ਰਿਤਾ ਦੀ ਸਲਾਹ ਨਾਲ ਉਨ੍ਹਾਂ ਦਾ ਪੁੱਤਰ ਉਨ੍ਹਾਂ ਨੂੰ ਆਪਣੇ ਕੋਲ ਲੈ ਆਇਆ ਸੀ ਅਤੇ ਉਨ੍ਹਾਂ ਦੀ ਅੰਤਮ ਵਿਦਾਇਗੀ ਵੀ ਅੰਮ੍ਰਿਤਾ ਜੀ ਦੇ ਘਰੋਂ ਹੀ ਹੋਈ ਸੀ।
ਕਾਰਨ ਭਾਵੇਂ ਕੋਈ ਵੀ ਹੋਵੇ, ਫਿਰ ਵੀ ਇਸ ਗੱਲ ਤੋਂ ਇਨਾਕਰ ਨਹੀਂ ਕੀਤਾ ਜਾ ਸਕਦਾ ਕਿ ਘਰ ਦੀ ਟੁੱਟ-ਭੱਜ ਦੇ ਅਮਲ ਵਿਚ ਸ਼ਾਮਿਲ ਸਭਨਾਂ ਧਿਰਾਂ ਨੂੰ ਗਹਿਰੇ ਦੁੱਖ ਵਿਚੀਂ ਗੁਜ਼ਰਨਾ ਪੈਂਦਾ ਹੈ। ਕੁਦਰਤੀ ਹੈ, ਅੰਮ੍ਰਿਤਾ ਦੇ ਬੱਚੇ ਵੀ ਇਸ ਸਦਮੇ ਦੇ ਸ਼ਿਕਾਰ ਹੋਏ ਹੋਣਗੇ ਪਰ ਅੰਮ੍ਰਿਤਾ ਜਿਸ ਕਦਰ ਜੀਵਨ ਭਰ ਆਪਣੇ ਬੱਚਿਆਂ ਅਤੇ ਇਸ ਤੋਂ ਅਗਾਂਹ ਤੀਜੀ ਪੀੜ੍ਹੀ ਦੀ ਸੰਤਾਨ ਤੱਕ ਦੀ, ਜਿਸ ਮਜ਼ਬੂਤੀ ਨਾਲ ਧਿਰ ਬਣੀ ਹੈ, ਉਸ ਦੀ ਮਿਸਾਲ ਨਿਰੋਲ ਕਲਮ ਦੀ ਕਾਰ ਕਰਨ ਵਾਲੇ ਪੰਜਾਬੀ ਲੇਖਕ ਜਗਤ ਵਿਚੋਂ ਲੱਭਣੀ ਮੁਸ਼ਕਿਲ ਹੈ। ਇਸ ਅੱਤ ਕਠਿਨ ਕਾਰਜ ਵਿਚ ਦੂਜੀਆਂ ਧਿਰਾਂ ਵੱਲੋਂ ਬਹੁਤ ਸਾਰੀਆਂ ਮਾਨਸਿਕ ਦੁਸ਼ਵਾਰੀਆਂ ਦੇ ਬਾਵਜੂਦ, ਜਿਵੇਂ ਇਮਰੋਜ਼ ਅੰਮ੍ਰਿਤਾ ਦੇ ਨਾਲ ਚੱਟਾਨ ਬਣ ਕੇ ਖਲੋਤਾ ਰਿਹਾ ਹੈ, ਉਹ ਵੀ ਕਿਸੇ ਹਾਰੀ-ਸਾਰੀ ਦਾ ਕੰਮ ਨਹੀਂ। ਇਹ ਕੋਈ ਛੋਟੀ ਜਿਹੀ ਗੱਲ ਨਹੀਂ ਕਿ ਇਮਰੋਜ਼ ਨੇ ਅੰਮ੍ਰਿਤਾ ਹੋਰਾਂ ਦੀ ਸੰਤਾਨ ਦੇ ਭਲੇ ਹਿੱਤ ਹੀ ਆਪਣੇ-ਆਪ ਨੂੰ ਆਪਣੀ ਬਿੰਦੀ-ਸੰਤਾਨ ਦੇ ਵਰਦਾਨ ਤੋਂ ਵਿਰਵਿਆਂ ਰੱਖਣ ਦੇ ਸੋਚੇ-ਸਮਝੇ ਫੈਸਲੇ ‘ਤੇ ਪੂਰੀ ਮੁਸਤੈਦੀ ਨਾਲ ਅਡੋਲ ਰਹਿ ਕੇ ਪਹਿਰਾ ਦਿੱਤਾ ਹੈ।
ਇਮਰੋਜ਼ ਕੇਵਲ ਅੰਮ੍ਰਿਤਾ ਦੀ ਬਿੰਦੀ ਸੰਤਾਨ ਹੀ ਨਹੀਂ ਸਗੋਂ ਉਹਦੇ ਦੁਆਰ ਤੇ ਜਜ਼ਬਾਤੀ ਸਮਾਜੀ ਓਟ-ਆਸਰਾ ਲੱਭਣ ਆਈਆਂ ਕਈ ਨਾਦੀ-ਸੰਤਾਨਾਂ ਦਾ ਬਾਪ ਬਣ ਕੇ ਕੰਨਿਆਦਾਨ ਕਰਨ ਦਾ ਕਰਤੱਵ ਵੀ ਨਿਭਾਉਂਦਾ ਰਿਹਾ ਹੈ।
ਇਹ ਸਭ ਕੁਝ ਇਮਰੋਜ਼ ਦੀ ਕਿਸੇ ਗਿਣਤੀ-ਮਿਣਤੀ ਵਿਚ ਨਹੀਂ ਅਤੇ ਨਾ ਹੀ ਸਾਨੂੰ ਇਨ੍ਹਾਂ ਗੱਲਾਂ ਨੂੰ ਚਿਤਾਰਨ ਦੀ ਕੋਈ ਉਚੇਚੀ ਲੋੜ ਮਹਿਸੂਸ ਹੋ ਰਹੀ ਹੈ ਪਰ ਅੰਮ੍ਰਿਤਾ ਦੀ ਰਹਿਤਲ ਨੂੰ ਕਾਸਰ ਅਤੇ ਇਮਰੋਜ਼ ਨੂੰ ਓਪਰੇ ਬੇਗਾਨੇ ਮਰਦਾਂ ਦੇ ਜ਼ੁਮਰੇ ਵਿਚ ਰੱਖਣ ਵਾਲਿਆਂ ‘ਜਤ-ਸਤ-ਵਾਦੀਆਂ’ ਨੂੰ ਕੁਝ ਨਾ ਕੁਝ ਕਹਿਣਾ-ਸੁਣਨਾ ਤਾਂ ਬਣਦਾ ਹੀ ਹੈ।
ਇਹ ਸਭ ਕੁਝ ਕਹਿਣ-ਸੁਣਨ ਦੀ ਲੋੜ ਦਾ ਆਧਾਰ ਕੇਵਲ ਇਹ ਹੀ ਹੈ ਕਿ ਸਾਡੇ ਮੂੰਹ-ਜ਼ਬਾਨੀ ਬੜਬੋਲੇ ਦਾਅਵਿਆਂ ਦੇ ਬਾਵਜੂਦ ਸਾਡੀ ਸੋਚ ਔਰਤ ਨੂੰ ਹਾਲੇ ਵੀ ਬੇ-ਸਿਰ-ਪੈਰ ਵਜੂਦ ਸਮਝਣ ਤੱਕ ਹੀ ਸੀਮਿਤ ਹੈ। ਹਾਲੇ ਵੀ ਅਮਲ ਵਿਚ ਸਾਡੀ ਬਹੁਤਿਆਂ ਦੀ ਸੋਚ ਏਥੇ ਹੀ ਖੜ੍ਹੀ ਹੈ ਕਿ ਕੁੜੀਆਂ ਚਹੁੰ ਕਹਾਰਾਂ ਦੇ ਕੰਧਿਆਂ ‘ਤੇ ਧਰੀ ਡੋਲੀ ਵਿਚ ਚੜ੍ਹ ਕੇ ਸਹੁਰਿਆਂ ਦੇ ਦਰ-ਘਰ ਅੱਪੜਨ ਤੇ ਚਹੁੰ ਕਾਨ੍ਹੀਆਂ ਦੇ ਕੰਧੀਂ ਚਾੜ੍ਹ ਕੇ ਉਨ੍ਹਾਂ ਦੀ ਲਾਸ਼ ਹੀ ਸਹੁਰਿਆਂ ਦੇ ਘਰੋਂ ਨਿਕਲੇ।
ਅੰਮ੍ਰਿਤਾ ਪ੍ਰੀਤਮ ਦੀ ਜ਼ਿੰਦਗੀ ਅਤੇ ਸ਼ਾਇਰੀ ਔਰਤ ਨੂੰ ਬੇ-ਸਿਰ-ਪੈਰ ਵਜੂਦ ਸਮਝਣ ਵਾਲੇ ਲੋਕਾਂ ਨੂੰ ਚੁਣੌਤੀ ਹੈ। ਇਸ ਸਾਦਾ ਜਿਹੇ ਨੁਕਤੇ ਦੀ ਵਜ਼ਾਹਤ ਲਈ ਅੰਮ੍ਰਿਤਾ ਪ੍ਰੀਤਮ ਦੀਆਂ ਲੱਗਭੱਗ ਅੱਧੀ ਸਦੀ ਜਾਂ ਇਸ ਤੋਂ ਵੀ ਵੱਧ ਸਮਾਂ ਪਹਿਲਾਂ ਲਿਖੀਆਂ ਉਨ੍ਹਾਂ ਤਿੰਨ ਨਜ਼ਮਾਂ ਦਾ ਜ਼ਿਕਰ ਕਰਨਾ ਚਾਹਾਂਗਾ ਜੋ ਪੰਜਾਹ ਵਰ੍ਹੇ ਪਹਿਲਾਂ ਆਪਣੇ ਕੋਰਸ ਦੀਆਂ ਕਿਤਾਬਾਂ ਵਿਚ ਪੜ੍ਹੀਆਂ ਸਨ। ਪ੍ਰਿੰਸੀਪਲ ਗੁਰਬਚਨ ਸਿੰਘ ਤਾਲਿਬ ਦੁਆਰਾ ਸੰਪਾਦਿਤ ਕਵਿਤਾ ਦੀ ਪਾਠ ਪੁਸਤਕ ‘ਲਹਿਰਾਂ’ ਵਿਚ ਸ਼ਾਮਿਲ ਇਹ ਕਵਿਤਾਵਾਂ ਸਨ-‘ਗਊਸ਼ਾਲਾ’, ‘ਰਾਖੇ’ ਅਤੇ ‘ਅੰਨਦਾਤਾ’।
‘ਗਊਸ਼ਾਲਾ’ ਵਿਚ ਅੰਮ੍ਰਿਤਾ ਨੇ ਸਾਡਾ ਧਿਆਨ ਇਸ ਦੁਖਦਾਈ ਤੱਥ ਵੱਲ ਦਿਵਾਇਆ ਹੈ ਕਿ ਸਾਡੇ ਪਿੱਤਰੀ-ਪ੍ਰਧਾਨ, ਗ੍ਰਾਮੀਣ ਜ਼ਰਾਇਤੀ ਸਮਾਜ ਵਾਲੀਆਂ ਹੀ ਕਦਰਾਂ-ਕੀਮਤਾਂ ਨਾਲ ਗ੍ਰਹਿਣੇ-ਗ੍ਰਸੇ ਸਮਾਜ ਵਿਚ ਔਰਤ ਦੀ ਸਥਿਤੀ ਵੀ ਗਊਸ਼ਾਲਾ ਵਿਚ ਬੱਝੀਆਂ ਗਾਵਾਂ ਵਾਲੀ ਹੀ ਹੈ ਜਿਨ੍ਹਾਂ ਦਾ ਰੱਸਾ ਜਦ ਚਾਹੋ ਅਤੇ ਜਿਸ ਨੂੰ ਚਾਹੋ, ਉਹਦੇ ਬਿਨਾਂ ਉਜ਼ਰ-ਰੋਸ ਦੇ ਫੜਾ ਦਿੱਤਾ ਜਾਂਦਾ ਅਤੇ ਦੋਹਾਂ ਦੀ ਸਾਰਥਿਕਤਾ ਵੀ ਦੁੱਧੀਂ-ਪੁੱਤੀਂ ਨ੍ਹਾਉਣ-ਨਲ੍ਹਾਉਣ ਦੇ ਕਰਤੱਵ ਤੀਕ ਹੀ ਸੀਮਿਤ ਕਰ ਦਿੱਤੀ ਜਾਂਦੀ ਹੈ।
‘ਰਾਖੇ’ ਸਾਡੇ ਉਸ ਸਮਾਜੀ ਵਾਤਾਵਰਨ ਦੀ ਲਖਾਇਕ ਹੈ ਜਿਸ ਵਿਚ ਅਸੀਂ ਗੁਆਂਢੀਆਂ ਦੇ ਧੀਆਂ ਪੁੱਤਾਂ ਦਾ ਲੋੜੋਂ ਵੱਧ ਫਿਕਰ ਕਰਦੇ ਹਾਂ ਅਤੇ ਉਨ੍ਹਾਂ ਦੀ ਨਿੱਕੀ ਤੋਂ ਨਿੱਕੀ ਹਰਕਤ ਅਤੇ ਮੇਲ-ਮਿਲਾਪ ਤੇ ਪੂਰੀ ਨਜ਼ਰ ਰੱਖਦੇ ਹਾਂ ਅਤੇ ਉਨ੍ਹਾਂ ਨੂੰ ਰਵਾਇਤੀ ਵਿਆਹ ਦੇ ਧਿੰਗੋਜ਼ੋਰੀ ਦੇ ਰਿਸ਼ਤੇ ਤੋਂ ਬਿਨਾਂ ਆਪਸੀ ਸੰਪਰਕ ਜਾਂ ਚੋਣ ਦੀ ਹੋਰ ਕੋਈ ਖੁੱਲ੍ਹ ਨਹੀਂ ਦਿੰਦੇ। ਸੰਬੰਧਿਤ ਧਿਰਾਂ ਦੀ ਮਰਜ਼ੀ ਤੋਂ ਬਿਨਾਂ ਹੋਰਨਾਂ ਵਡਾਰੂਆਂ ਵਿਚੋਲਿਆਂ ਰਾਹੀਂ ਹੋਏ ਵਿਆਹ ਨੂੰ ਅੰਮ੍ਰਿਤਾ ਦੋ ਜੁਆਨੀਆਂ ਨੂੰ ਇੱਕ ਦੂਜੇ ਦੇ ਗਲ ਪੁਆ ਕੇ ‘ਮੱਲੋ ਮੱਲੀ ਦਾ ਇਸ਼ਕ’ ਲਭਾਉਣ ਵਾਲੀ ਗੱਲ ਆਖਦੇ ਹਨ। ਕਹਿਣ ਦੀ ਲੋੜ ਨਹੀਂ, ਜਿਸ ਵਿਚ ਕਿਸੇ ਵੀ ਕਿਸਮ ਦੀ ‘ਮੱਲੋ ਮੱਲੀ’ ਦਾ ਦਖ਼ਲ ਹੋਵੇ, ਉਹ ਹੋਰ ਕੁਝ ਵੀ ਪਿਆ ਹੋਵੇ, ਇਸ਼ਕ ਕਤੱਈ ਨਹੀਂ ਹੁੰਦਾ।
‘ਅੰਨਦਾਤਾ’ ਪਰੰਪਰਕ ਵਿਆਹ-ਪ੍ਰਬੰਧ ਵਿਚ ਪਤੀ ਹੈ, ਜੋ ਆਪਣੀ ਪਤਨੀ ਨੂੰ ਰੋਟੀ-ਕੱਪੜੇ ਜਿਹੀਆਂ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰ ਕੇ ਜਿਣਸ ਵਾਂਗ ਕਿਸੇ ਵੀ ਤਰ੍ਹਾਂ ਵਰਤਣ ਦਾ ਸਮਾਜਕ, ਕਾਨੂੰਨੀ ਅਤੇ ਅਖੌਤੀ ਸਦਾਚਾਰ ਅਨੁਸਾਰ ਹੱਕਦਾਰ ਹੋ ਜਾਂਦੈ। ਇਸ ਨਜ਼ਮ ਵਿਚ ਕੁਝ ਇਸ ਤਰ੍ਹਾਂ ਦੇ ਕਥਨ ਹਨ:
ਮੇਰੇ ਬੋਲਣ ਤੋਂ ਪਹਿਲਾਂ ਬੋਲ ਪੈਂਦਾ ਹੈ ਤੇਰਾ ਅੰਨ,
ਤੂੰ ਇੱਕ ਲਾਵੇ ਤੋਂ ਵੱਧ ਕੁਝ ਨਹੀਂ,
ਜਿੰਨਾ ਚਾਹੇਂ ਉੱਬਲ ਲੈ,
ਮੈਂ ਇੱਕ ਬੁਰਕੀ ਤੋਂ ਵੱਧ ਕੁਝ ਨਹੀਂ,
ਜਿਵੇਂ ਚਾਹੇਂ ਨਿਗਲ ਲੈ
ਪਿਆਰ!
ਹਾਂ ਇਹ ਤੇਰੇ ਕੰਮ ਦੀ ਸ਼ੈਅ ਨਹੀਂ।
ਅੰਮ੍ਰਿਤਾ ਦੀ ਅਗਲੇਰੀ ਸ਼ਾਇਰੀ ਅਤੇ ਜ਼ਿੰਦਗੀ ਮੋਢਿਆਂ ਤੇ ਜਗਦੇ-ਮਘਦੇ ਸਿਰ ਅਤੇ ਗੋਡਿਆਂ ਹੇਠ ਆਪਣਾ ਭਾਰ ਆਪ ਚੁੱਕ ਕੇ ਸੁਤੰਤਰਤਾ ਨਾਲ ਤੁਰ ਫਿਰ ਸਕਣ ਵਾਲੇ ਪੈਰਾਂ ਦੀ ਦਾਸਤਾਨ ਹੈ।
(ਬਾਕੀ ਅਗਲੇ ਅੰਕ ਵਿਚ)