ਰਿਆਸਤ ਮਲੇਰਕੋਟਲਾ ਤੋਂ ਜਿਲਾ ਮਲੇਰਕੋਟਲਾ ਦਾ ਸਫਰ

ਸੰਤੋਖ ਸਿੰਘ ਮੰਡੇਰ
ਸਰੀ, ਕੈਨੇਡਾ
ਮਲੇਰਕੋਟਲਾ ਰਿਆਸਤ ਪੰਜਾਬ ਵਿਚ, ਰਿਆਸਤੀ ਸ਼ਹਿਰ ਸੰਗਰੂਰ ਜਿਲੇ ਦੀ ਸਬ-ਤਹਿਸੀਲ ਸੀ, ਜੋ ਹੁਣ (14 ਮਈ 2021) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਮੁਸਲਿਮ ਧਾਰਮਿਕ ‘ਰਮਜਾਨ ਦੇ ਮਹੀਨੇ’ ਈਦ-ਉਲ-ਫਿਤਰ ਸਮੇਂ ਪੰਜਾਬ ਵਿਚ ਭਾਰੀ ਮੁਸਲਿਮ ਵਸੋਂ ਵਾਲੇ ਭਾਈਚਾਰਕ ਸ਼ਹਿਰ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਨਵਾਂ ਜਿਲਾ ਬਣਾ ਕੇ ਮੁਸਲਿਮ ਕੌਮ ਨੂੰ ਅਨਮੋਲ ਤੋਹਫਾ ਦਿਤਾ ਗਿਆ ਹੈ। ਭਾਰਤ ਭਾਵੇਂ ਬਹੁ ਗਿਣਤੀ ਹਿੰਦੂ ਧਰਮ ਵਾਲਾ ਦੇਸ਼ ਹੈ, ਪਰ ਰਾਜਾ ਅਸੋ਼ਕ, ਚੰਦਰਗੁਪਤ ਮੌਰੀਆ ਤੇ ਮਹਾਤਮਾ ਬੁੱਧ ਤੋਂ ਬਾਅਦ ਇਸ ਮੁਲਕ ਉਪਰ 900 ਸਾਲ ਮੁਸਲਿਮ, ਮੁਗਲਾਂ, ਪਠਾਣਾਂ ਤੇ ਹੋਰ ਮੁਸਲਿਮ ਸ਼ਾਸਕਾਂ ਦਾ ਰਾਜ ਤੇ 200 ਸਾਲ ਅੰਗਰੇਜ਼ਾਂ ਦਾ ਰਾਜ, ਕਈ ਸਦੀਆਂ ਰਿਹਾ।

‘ਬ੍ਰਿਟਿਸ਼ ਅੰਪਾਇਰ’ ਅੰਗਰੇਜ਼ ਰਾਜ ਸਮੇਂ ਸ਼ਾਹੀ ਸ਼ਹਿਰ ਮਲੇਰਕੋਟਲਾ ਇਕ ਆਜ਼ਾਦ ਮੁਸਲਿਮ ਰਿਆਸਤ ਸੀ, ਜੋ 1947 ਵਿਚ ਆਜ਼ਾਦ ਭਾਰਤ ਵਿਚ ਸ਼ਾਮਲ ਹੋ ਗਈ ਸੀ ਅਤੇ ਬਾਅਦ ਵਿਚ ਪਹਿਲੀ ਮਾਰਚ 1948 ਨੂੰ ਪਟਿਆਲਾ ਰਿਆਸਤ ਦੀਆਂ ਗੁਆਂਢੀ ਰਿਆਸਤਾਂ-ਨਾਭਾ, ਮਲੇਰਕੋਟਲਾ, ਜੀਂਦ, ਫਰੀਦਕੋਟ, ਕਪੂਰਥਲਾ, ਸ਼ਿਮਲਾ ਕਲਸੀਆ, ਕਸੌਲੀ, ਕੰਢਾਘਾਟ, ਨਾਲਾਗੜ੍ਹ ਤੇ ਚੈਲ ਨੂੰ ‘ਪੈਪਸੂ ਸੂਬਾ’ ਬਣਾ ਕੇ ਉਸ ਵਿਚ ਸ਼ਾਮਲ ਕਰ ਲਿਆ ਗਿਆ ਸੀ। ਸੰਨ 1956 ਵਿਚ ਪੈਪਸੂ ਨੂੰ ਖਤਮ ਕਰਕੇ ਰਿਆਸਤ ਮਲੇਰਕੋਟਲਾ ਨੂੰ ਪੰਜਾਬ ਸੂਬੇ ਦੇ ਜਿਲਾ ਸੰਗਰੂਰ ਦੇ ਖਾਤੇ ਵਿਚ ਪਾ ਦਿਤਾ ਗਿਆ ਅਤੇ ਰਿਆਸਤੀ ਨਵਾਬੀ ਸ਼ਹਿਰ ਨੂੰ ਸਬ-ਤਹਿਸੀਲ ਬਣਾ ਦਿਤਾ ਗਿਆ ਸੀ। ਮਲੇਰਕੋਟਲਾ ਸ਼ਹਿਰ, ਸੰਗਰੂਰ-ਲੁਧਿਆਣਾ-ਰੋਹਤਕ-ਦਿੱਲੀ ਸੂਬਾਈ ਹਾਈਵੇ 11 ਅਤੇ ਲੁਧਿਆਣਾ-ਧੂਰੀ-ਜਾਖਲ-ਦਿੱਲੀ ਰੇਲਵੇ ਲਾਈਨ ਉਪਰ ਸਥਿਤ ਹੈ, ਜੋ ਲੁਧਿਆਣੇ ਤੋਂ 45 ਕਿਲੋਮੀਟਰ, ਧੂਰੀ ਤੋਂ 18 ਕਿਲੋਮੀਟਰ ਅਤੇ ਸੰਗਰੂਰ ਤੋਂ 35 ਕਿਲੋਮੀਟਰ ਹੈ। ਲਾਹੌਰ-ਦਿੱਲੀ ਸ਼ੇਰ ਸ਼ਾਹ ਸੂਰੀ ਮਾਰਗ (ਜੀ. ਟੀ. ਰੋਡ) ਉਪਰ ਏਸ਼ੀਆ ਦੀ ਮਸ਼ਹੂਰ ਦਾਣਾ ਮੰਡੀ ਖੰਨਾ ਤੋਂ ਸ਼ਹਿਰ ਮਲੇਰਕੋਟਲਾ ਮੇਰੇ ਪਿੰਡ ਜਰਗ ਰਾਹੀਂ, ਸਰਹਿੰਦ ਨਹਿਰ ਉਪਰ ‘ਜੌੜੇਪੁਲਾਂ’ ਵੱਲ ਦੀ ਸਿਰਫ 45 ਕਿਲੋਮੀਟਰ ਹੈ। ਮਲੇਰਕੋਟਲਾ ਜਿਲੇ ਵਿਚ ਹੁਣ ਮਲੇਰਕੋਟਲਾ, ਅਮਰਗੜ੍ਹ ਤੇ ਅਹਿਮਦਗੜ੍ਹ ਤਹਿਸੀਲਾਂ ਸ਼ਾਮਿਲ ਕੀਤੀਆਂ ਗਈਆਂ ਹਨ।
ਮਲੇਰਕੋਟਲਾ ਸਥਾਨ ਦਾ ਮੋਢੀ ਡੇਰਾ ਇਸਮਾਈਲ ਖਾਨ ਦਾ ਵਡੇਰਾ ਪਠਾਨ ਕੌਮ ਦਾ ਮੌਲਾਨਾ ਖਾਨ ਸੀ। ਸੰਨ 1454 ਵਿਚ ਦਿੱਲੀ ਤਖਤ ਦੇ ਮੁਗਲ ਬਾਦਸ਼ਾਹ, ਸੁਲਤਾਨ ਬਹਿਲੋਲ ਲੋਧੀ ਨੇ ਆਪਣੀ ਧੀ ਦੇ ਵਿਆਹ ਵਿਚ ਲੁਧਿਆਣੇ ਲਾਗੇ 58 ਪਿੰਡਾਂ ਦੀ ਜਾਗੀਰ ‘ਦਾਜ’ ਵਿਚ ਲਾੜੇ ਸਦਰ-ਊ-ਦੀਨ ਨੂੰ ਦਿਤੀ ਗਈ ਸੀ। ਅਫਗਾਨਿਸਤਾਨ ਦੇ ਦੱਰਰਾਬਨ ਖੁਸ਼ਕ ਪਹਾੜੀ ਇਲਾਕੇ ਦੇ ਰਹਿਣ ਵਾਲੇ ਸ਼ੇਰਵਾਨੀ ਘਰਾਣੇ ਦੇ ਸੇ਼ਖ ਸਦਰ-ਊ-ਦੀਨ, ਸਦਰ-ਏ-ਜਹਾਨ ਨੇ ਸੰਨ 1454 ਵਿਚ ਮਲੇਰਕੋਟਲਾ ਨਗਰ ਨੂੰ ਸਥਾਪਤ ਕੀਤਾ ਸੀ। ਉਸ ਦੇ ਸ਼ੇਰਵਾਨੀ ਘਰਾਣੇ ਦੇ ਉੱਤਰਾਧਿਕਾਰੀ, ਮੁਸਲਿਮ ਸ਼ਾਸਕ ਵਜੀਦ ਖਾਨ ਨੇ ਸੰਨ 1657 ਵਿਚ ਮਲੇਰਕੋਟਲਾ ਨਗਰ ਨੂੰ ‘ਰਿਆਸਤ ਮਲੇਰਕੋਟਲਾ’ ਦਾ ਦਰਜਾ ਦਿਤਾ ਸੀ।
ਵਜੀਦ ਖਾਨ ਮੁਗਲ ਫੌਜ ਵਿਚ ਇਕ ਬਹੁਤ ਬਹਾਦਰ ਤੇ ਨਿਡਰ ਸਿਪਾਹੀ ਸੀ, ਜਿਸ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਆਲਮਗੀਰ ਦੀ ਜੰਗਲ ਵਿਚ ਸ਼ਿਕਾਰ ਸਮੇਂ ਖਤਰਨਾਕ ਜੰਗਲੀ ਬਾਘ ਨੂੰ ਮਾਰ ਕੇ ਜਾਨ ਬਚਾਈ ਸੀ। ਇਸ ਦੇ ਇਵਜ ਤੇ ਇਨਾਮ ਵਿਚ ਬਾਦਸ਼ਾਹ ਔਰੰਗਜ਼ੇਬ ਨੇ ਵਜੀਦ ਖਾਨ ਨੂੰ ਇਕ ਆਜ਼ਾਦ ਰਿਆਸਤ ਦੀ ਪ੍ਰਵਾਨਗੀ ਦੇ ਨਾਲ ‘ਨਵਾਬ’ ਦੀ ਉਪਾਧੀ ਦਿਤੀ ਤੇ ਪਰਿਵਾਰ ਦੀ ਰਾਖੀ ਲਈ ਕਿਲ੍ਹਾ ਬਣਾਉਣ ਦਾ ਅਧਿਕਾਰ ਵੀ ਦੇ ਦਿਤਾ ਸੀ। ਵਜੀਦ ਖਾਨ ਨੇ ਰਿਆਸਤੀ ਕਿਲ੍ਹੇ ਦੀ ਨੀਂਹ ਰੱਖਣ ਲਈ ਮੁਸਲਮਾਨ ਸੂਫੀ ਫਕੀਰ ਸ਼ਾਹ ਫਜਲ ਚਿਸ਼ਤੀ ਅਤੇ ਹਿੰਦੂ ਸਾਧੂ ਮਹਾਤਮਾ ਦਮੋਦਰ ਦਾਸ ਨੂੰ ਨਿਮਰਤਾ ਸਹਿਤ ਇਸ ਸ਼ੁਭ ਤੇ ਇਤਿਹਾਸਕ ਕਾਰਜ ਲਈ ਸੱਦਾ ਦਿਤਾ। ਦੋ ਧਰਮਾਂ ‘ਅੱਲਾ’ ਤੇ ‘ਰਾਮ’ ਦੇ ਸਾਂਝੇ ਸੂਫੀ ਸੰਤਾਂ ਦੇ ਕਰ ਕਮਲਾਂ ਨਾਲ ਕਿਲ੍ਹੇ ਦੀ ਨੀਂਹ ਰਖਵਾ ਕੇ ਕਿਲ੍ਹੇ ਦਾ ਨਾਂ ਵੀ ‘ਕਿਲ੍ਹਾ ਮਲੇਰਕੋਟਲਾ’ ਰਖਿਆ ਸੀ। ਨਵਾਬ ਵਜੀਦ ਖਾਨ ਦੇ ਪੋਤੇ ਨਵਾਬ ਸ਼ੇਰ ਮੁਹੰਮਦ ਖਾਨ ਬਹਾਦੁਰ, ਨਵਾਬ ਮਲੇਰਕੋਟਲਾ ਰਿਆਸਤ ਨੇ ਮੁਗਲ ਸਰਕਾਰ ਦੇ ਸੂਬਾ ਸਰਹਿੰਦ, ਗਵਰਨਰ ਵਜੀਰ ਖਾਨ ਦੇ ਜੁਲਮ ਵਿਰੁੱਧ ਨਿਧੜਕ ਖੜ੍ਹੋ ਕੇ ਸਿੱਖ ਕੌਮ ਦਾ ਦਲੇਰੀ ਨਾਲ ਸਾਥ ਦਿਤਾ ਸੀ।
ਸੰਨ 1705 ਵਿਚ ਸਿੱਖ ਧਰਮ ਦੇ ਯੋਧਾ, ਧਰਮ ਰੱਖਿਅਕ ਤੇ ਕ੍ਰਾਂਤੀਕਾਰੀ ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨਾਲੋਂ ਵਿਛੜੇ ਦੋ ਛੋਟੇ ਬੱਚਿਆਂ-ਸਾਹਿਬਜ਼ਾਦਾ ਜੋਰਾਵਰ ਸਿੰਘ (9 ਸਾਲ) ਅਤੇ ਸਾਹਿਬਜ਼ਾਦਾ ਫਤਿਹ ਸਿੰਘ (7 ਸਾਲ) ਨੂੰ ਮੁਸਲਿਮ ਧਰਮ ਨਾ ਅਪਨਾਉਣ ਦੀ ਸਜ਼ਾ ਵਜੋਂ ਮੁਸਲਿਮ ਸੂਬਾ ਸਰਹਿੰਦ ਦੇ ਬੁੱਚੜ ਗਵਰਨਰ ਵਜੀਰ ਖਾਨ ਨੇ ਜਿਉਂਦੇ ਇੱਟਾਂ ਦੀ ਕੰਧ (ਨੀਂਹਾਂ) ਵਿਚ ਚਿਣਨ ਦਾ ਹੁਕਮ ਦੇ ਕੇ ਸ਼ਹੀਦ ਕਰ ਦਿਤਾ ਗਿਆ ਸੀ। ਉਸ ਸਮੇਂ ਸਰਹਿੰਦ ਦਰਬਾਰ ਵਿਚ ਸ਼ਾਮਿਲ ਮਲੇਰਕੋਟਲਾ ਦੇ ਮੁਸਲਿਮ ਨਵਾਬ ਸ਼ੇਰ ਮੁਹੰਮਦ ਖਾਨ ਬਹਾਦੁਰ-1 (1672 ਤੋਂ 1712 ਤੱਕ), ਜੋ ਨਵਾਬ ਵਜੀਰ ਖਾਨ ਦਾ ਨੇੜੇ ਦਾ ਰਿਸ਼ਤੇਦਾਰ ਵੀ ਸੀ, ਨੇ ਸਰਹਿੰਦ ਦਰਬਾਰ ਵਿਚ ਮਾਸੂਮ ਬੱਚਿਆਂ ਉਪਰ ਹੋ ਰਹੇ ਜੁਲਮ ਦਾ ਬਹੁਤ ਸਖਤ ਵਿਰੋਧ ਕੀਤਾ ਅਤੇ ਖੁਲ੍ਹੇਆਮ ਕਿਹਾ ਕਿ “ਵਜੀਰ ਖਾਨ ਤੁਹਾਡਾ ਇਹ ਜੁਲਮ ਕੁਰਾਨ ਤੇ ਇਸਲਾਮ ਦੇ ਅਸੂਲਾਂ ਦੇ ਬਿਲਕੁਲ ਵਿਰੁੱਧ ਹੈ। ਤੁਹਾਨੂੰ ਇਸ ਘੋਰ ਕੁਕਰਮ ਦੀ ਸਜ਼ਾ ਭੋਗਣੀ ਪਵੇਗੀ।”
ਨਵਾਬ ਮਲੇਰਕੋਟਲਾ ਬਹੁਤ ਗੁੱਸੇ ਤੇ ਕਰੋਧ ਵਿਚ, ਭਰੇ ਮੁਸਲਿਮ ਦਰਬਾਰ ਵਿਚੋਂ ਬਾਹਰ ਹੋ ਗਏ ਸਨ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਨਵਾਬ ਸ਼ੇਰ ਖਾਨ ਦੇ ਇਸ ਇਨਸਾਨੀਅਤ ਭਰੇ ਵਤੀਰੇ ਦਾ ਪਤਾ ਲੱਗਾ, ਉਨ੍ਹਾਂ ਰਿਆਸਤ ਮਲੇਰਕੋਟਲਾ ਨੂੰ ਹਮੇਸ਼ਾ ਖੁਸ਼ੀਆਂ ਤੇ ਖੇੜਿਆਂ ਵਿਚ ਵਸਦੇ ਰਹਿਣ ਦਾ ਆਸ਼ੀਰਵਾਦ ਦਿਤਾ ਸੀ। ਮੁਸਲਿਮ ਰਿਆਸਤ ਮਲੇਰਕੋਟਲਾ ਦੇ ਸ਼ਹਿਰ ਵਿਚ ਪਟਿਆਲਾ-ਧੂਰੀ ਬਾਈਪਾਸ ਦੇ ਇਕ ਨੁੱਕਰ ਵਿਚ ਬਣੇ ਗੁਰਦਵਾਰਾ ‘ਹਾਅ ਦਾ ਨਾਅਰਾ ਸਾਹਿਬ’ ਇਸ ਗਵਾਹੀ ਦਾ ਸੱਚਾ ਪ੍ਰਤੀਕ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ ਦੱਖਣ ਤੋਂ ਸਿੱਖ ਸੂਰਬੀਰ ਫੌਜਾਂ ਦੇ ਸ਼ਕਤੀਸ਼ਾਲੀ ਸਿੱਖ ਜਰਨੈਲ ਬਾਬਾ ਸਿੰਘ ਬਹਾਦੁਰ ਨੇ ਸਰਹਿੰਦ ਸ਼ਹਿਰ ਦੀ ਇੱਟ ਨਾਲ ਇੱਟ ਖੜਕਾ ਕੇ ਬੱਚਿਆਂ ਦੇ ਜੁਲਮ ਦਾ ਬਦਲਾ ਲਿਆ ਸੀ।
ਸੰਨ 1947 ਵਿਚ ਭਾਰਤ ਦੀ ਵੰਡ ਸਮੇਂ ਮੁਸਲਿਮ ਰਿਆਸਤ ਮਲੇਰਕੋਟਲਾ ਦੀਆਂ ਹੱਦਾਂ ਵਿਚ ਰਹਿਣ ਵਾਲੇ ਮੁਸਲਿਮ ਭਾਈਚਾਰੇ ਦਾ ਵਾਲ ਵੀ ਵਿੰਗਾ ਨਹੀਂ ਸੀ ਹੋਇਆ। ਮੁਸਲਿਮ ਨਵਾਬ ਰਿਆਸਤ ਮਲੇਰਕੋਟਲਾ ਦੀ ਪ੍ਰਜਾ ਦੇ ਸਾਰੇ ਮੁਸਲਿਮ, ਹਿੰਦੂ, ਸਿੱਖ, ਜੈਨ ਧਰਮਾਂ ਦੇ ਲੋਕ, ਗੁਰੂ ਸਾਹਿਬ ਦੇ ਦਿਤੇ ਵਰ ਨਾਲ ਭਾਈਚਾਰਕ ਸਾਂਝ ਦੀ ਸੰਸਾਰ ਵਿਚ ਇਕ ਮਿਸਾਲ ਹਨ। ਭਾਰਤ ਦੇ ਆਜ਼ਾਦੀ ਸੰਗਰਾਮ ਯੁੱਧ ਵਿਚ ਅੰਗਰੇਜ਼ ਦੌਰ ਸਮੇਂ ਜਨਵਰੀ 1872 ਵਿਚ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਮਿਸਟਰ ਕੋਵਾਨ ਤੇ ਅੰਬਾਲੇ ਦੇ ਕਮਿਸ਼ਨਰ ਮਿਸਟਰ ਫੋਰਿਸਥ ਦੇ ਹੁਕਮਾਂ ਨਾਲ ਨਿਹੱਥੇ ਆਜ਼ਾਦੀ ਦੇ ਪ੍ਰਵਾਨੇ 65 ਸਿੱਖ ਕੂਕਾ ਨਾਮਧਾਰੀ ਬੱਚੇ, ਬਜ਼ੁਰਗ ਬਿਨਾ ਕਿਸੇ ਅਦਾਲਤੀ ਸੁਣਵਾਈ ਦੇ ਮਲੇਰਕੋਟਲਾ ਸ਼ਹਿਰ ਦੇ ਚੜ੍ਹਦੇ ਵੱਲ ਜਰਗ ਰੋਡ ਉੱਪਰ ਪਏ ਕੱਲਰਾਂ ਵਿਚ ਤੋਪਾਂ ਨਾਲ ਜਿਉਂਦੇ ਉਡਾ ਦਿਤੇ ਗਏ ਸਨ। ਇਸ ਜਗ੍ਹਾ ਨੂੰ ਅੱਜ ਕਲ੍ਹ ‘ਕੂਕਿਆਂ ਦਾ ਕੱਲਰ’ ਕਰਕੇ ਜਾਣਿਆ ਜਾਂਦਾ ਹੈ। ਇਸ ਥਾਂ ਹੁਣ ਇਕ ਬਹੁਤ ਵੱਡਾ ਸਿੱਖੀ ਦਾ ਨਿਸ਼ਾਨ ‘ਖੰਡਾ ਸਾਹਿਬ’ ਉਸਾਰ ਕੇ ਧਾਰਮਿਕ ਸਮਾਰਕ ਬਣਾ ਦਿਤਾ ਗਿਆ ਹੈ, ਜਿਥੇ ਹਰ ਸਾਲ ਮਹਾਨ ਨਾਮਧਾਰੀ ਕਾਨਫਰੰਸ ਹੁੰਦੀ ਹੈ।
ਮਲੇਰਕੋਟਲਾ ਸ਼ਹਿਰ ਵਿਚ ਲਾਹੌਰ ਦੇ ਸ਼ਾਹੀ ਮੋਤੀ ਬਾਜ਼ਰ ਦੀ ਤਰਜ ’ਤੇ ਬਣੀ, ਨਾਮੀ ਖਰੀਦੋ ਫਰੋਖਤ ਜਗ੍ਹਾ ‘ਮੋਤੀ ਬਾਜ਼ਾਰ’ ਲੰਘ ਕੇ ਮਲੇਰ ਦੇ ਮੁਸਲਿਮ ਇਲਾਕੇ ਵਿਚ ਹਰ ਸਾਲ ਅਗਸਤ ਵਿਚ ਵੀਰਵਾਰ ਵਾਲੇ ਦਿਨ, ਨਿਮਾਣੀ ਕਾਸ਼ਤੀ ਨੂੰ ਸੂਫੀ ਸੰਤ ਬਾਬਾ ਹੈਦਰ ਸ਼ੇਖ ਦੀ ਦਰਗਾਹ ਉਪਰ ‘ਜਰਗ ਦੇ ਮੇਲੇ’ ਵਾਂਗ ਪੰਜਾਬੀ ਜੱਟਾਂ ਸਿੱਖਾਂ ਤੇ ਮੁਸਲਮਾਨਾਂ ਦਾ ਲੋਕ ਮੇਲਾ ਅੰਤਾਂ ਦੀ ਸ਼ਰਧਾ, ਸੇਵਾ ਤੇ ਨਿਮਰਤਾ ਨਾਲ ਭਰਦਾ ਹੈ। ਰਿਆਸਤ ਤੇ ਹੁਣ ਜਿਲਾ ਮਲੇਰਕੋਟਲਾ ਵਿਚ 68% ਮੁਸਲਿਮ, 21% ਹਿੰਦੂ, 10% ਸਿੱਖ ਤੇ 2% ਜੈਨ ਮੱਤ ਦੇ ਲੋਕ ਵਸਦੇ ਹਨ। ਮਲੇਰਕੋਟਲਾ ਸ਼ਹਿਰ ਵਿਚ ‘ਅਰਾਈ’ ਭਾਈਚਾਰੇ ਵਲੋਂ ਹਰ ਤਰ੍ਹਾਂ ਦੀਆਂ ਅਗੇਤੀਆਂ-ਪਛੇਤੀਆਂ ਸਬਜ਼ੀਆਂ ਲਾਈਆਂ ਜਾਂਦੀਆਂ ਹਨ। ਮਲੇਰਕੋਟਲਾ ਦੀ ਲੁਧਿਆਣੇ ਵਾਲੀ ਸੜਕ ਉੱਪਰ ਫੁੱਲ ਬੂਟੇ, ਭਾਂਤ-ਭਾਂਤ ਦੇ ਸ਼ਾਨਦਾਰ ਪੌਦਿਆਂ ਲਈ ਹਾਜੀ ਅਨਵਰ ਦੀ ਨਿਊ ਜਨਤਾ ਨਰਸਰੀ, ਗੁਲਸ਼ਨ ਨਰਸਰੀ, ਪਹਿਲਵਾਨ ਨਰਸਰੀ ਪੰਜਾਬ ਵਿਚ ਪ੍ਰਸਿੱਧ ਹਨ।
ਪੰਜਾਬ ਡਿਸਟ੍ਰਿਕਟ ਗਜਟੀਅਰ, ਪੰਜਾਬ ਸਰਕਾਰ-ਲਾਹੌਰ, 1904 ਅਨੁਸਾਰ ਰਿਆਸਤ ਮਲੇਰਕੋਟਲਾ ਦੇ ‘ਸ਼ੇਰਵਾਨੀ ਘਰਾਣੇ’ ਦਾ ਛੱਜਰਾ ਕੁਝ ਇਸ ਤਰ੍ਹਾਂ ਹੈ: ਸੰਨ 1672 ਤੋਂ 1712 ਤੱਕ ਨਵਾਬ ਸ਼ੇਰ ਮੁਹੰਮਦ ਖਾਨ ਬਹਾਦੁਰ-1, 1712 ਤੋਂ 1717 ਤੱਕ ਗੁਲਾਮ ਹੁਸੈਨ ਖਾਨ, 1717 ਤੋਂ 1762 ਤੱਕ ਜਾਮਾਲ ਖਾਨ, 1908 ਤੋਂ 1947 ਤੱਕ ਅਹਿਮਦ ਅਲੀ ਖਾਨ ਆਦਿ ਸਨ। ਮੁਸਲਿਮ ਰਿਆਸਤ ਮਲੇਰਕੋਟਲਾ ਦੇ ਸ਼ਾਹੀ ਖਾਨਦਾਨ ਵਿਚ ਪਰਿਵਾਰਕ ਰੁਤਬੇ ਇਸ ਤਰ੍ਹਾਂ ਸਨ: ਰਿਆਸਤ ਮਲੇਰਕੋਟਲਾ ਦੇ ਰਾਜ ਕਰ ਰਹੇ ਹੁਕਮਰਾਨ ਨੂੰ ਨਾਮ ਦੇ ਨਾਲ ਖਾਨ ਬਹਾਦੁਰ, ਨਵਾਬ ਮਲੇਰਕੋਟਲਾ ਕਿਹਾ ਜਾਂਦਾ ਸੀ। ਰਾਜ ਕਰ ਰਹੇ ਨਵਾਬ ਦੀ ਪਤਨੀ ਨੂੰ ‘ਬੇਗਮ ਸਾਹਿਬਾ’, ਉਨ੍ਹਾਂ ਦੇ ਨੌਜਵਾਨ ਪੁੱਤਰਾਂ ਨੂੰ ‘ਨਵਾਬਜ਼ਾਦਾ ਖਾਨ ਬਹਾਦੁਰ’, ਨੌਜਵਾਨ ਧੀ ਨੂੰ ‘ਸ਼ਹਿਜਾਦੀ ਬੇਗਮ’, ਪੋਤਰਿਆਂ ਦੋਹਤਰਿਆਂ ਨੂੰ ‘ਸਾਹਿਬਜ਼ਾਦਾ ਖਾਨ’ ਅਤੇ ਹੁਕਮਰਾਨ ਸ਼ਾਹੀ ਖਾਨਦਾਨ ਦੇ ਮਰਦਾਂ ਨੂੰ ‘ਖਾਨ ਸਾਹਿਬ (ਉਸ ਦਾ ਨਾਮ) ਖਾਨ, ਨਾਲ ਇਕ ਤਹਿਜ਼ੀਬ ਤੇ ਸਲੀਕੇ ਨਾਲ ਝੁਕ ਕੇ ਬੁਲਾਇਆ ਤੇ ਸੱਦਿਆ ਜਾਂਦਾ ਸੀ। ਜਿਵੇਂ ਰਾਜਪੂਤ ਰਿਆਸਤਾਂ ਵਿਚ ‘ਹੁਕਮ’ ਬੋਲ ਪ੍ਰਚਲਿਤ ਸੀ, ਇਸੇ ਤਰ੍ਹਾਂ ਨਵਾਬੀ ਰਿਆਸਤਾਂ ਵਿਚ ‘ਖਾਨ’ ਸ਼ਬਦ ਨੂੰ ਤਰਜੀਹ ਦਿਤੀ ਜਾਂਦੀ ਸੀ।
ਰਿਆਸਤ ਮਲੇਰਕੋਟਲਾ ਦਾ ਆਖਰੀ ਨਵਾਬ ਜਨਾਬ ਇਫਤਖਾਰ ਅਲੀ ਖਾਨ ਬਹਾਦੁਰ ਸੀ, ਜੋ 20 ਮਈ 1904 ਨੂੰ ਮਲੇਰਕੋਟਲਾ ਸ਼ਾਹੀ ਰਿਆਸਤ ਦੇ ਨਵਾਬ ਬਣੇ ਤੇ 20 ਨਵੰਬਰ 1982 ਨੂੰ ਫੌਤ (ਸੁਰਗਵਾਸ) ਹੋ ਗਏ ਸਨ, ਜਿਨ੍ਹਾਂ ਦਾ ਮਕਬਰਾ, ਸ਼ਾਹੀ ਕਬਰਿਸਤਾਨ ਵਿਚ ਸਰਹੰਦੀ ਦਰਵਾਜ਼ੇ ਕੋਲ ਹੈ। ਦੇਸ਼ ਦੀ ਵੰਡ ਤੋਂ ਬਾਅਦ ਸ਼ਾਹੀ ਨਵਾਬ ਖਾਨਦਾਨ ਦੇ ਕੁਝ ਪਰਿਵਾਰਕ ਜੀਅ ਆਪਣੀ ਮਰਜ਼ੀ ਨਾਲ ਨਵੇਂ ਬਣੇ ਮੁਸਲਿਮ ਮੁਲਕ ਪਾਕਿਸਤਾਨ ਹਿਜਰਤ ਕਰ ਗਏ ਸਨ, ਜੋ ਅੱਜ ਕਲ੍ਹ ਲਾਹੌਰ ਦੇ ਮਾਡਲ ਟਾਊਨ, ਜਿਲਾ ਮੁਜੱਫਰਗੜ੍ਹ ਤੇ ਖਾਨਗੜ੍ਹ ਵਿਚ ਰਹਿ ਰਹੇ ਹਨ। ਮਲੇਰਕੋਟਲਾ ਰਿਆਸਤ ਦੇ ਆਖਰੀ ਨਵਾਬ ਇਫਤਖਾਰ ਅਲੀ ਖਾਨ, ਨਵਾਬ ਅਹਿਮਦ ਅਲੀ ਖਾਨ ਸ਼ਹਿਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੁਸਲਿਮ ਨੇਤਾ ਤੇ ਸਾਬਕਾ ਮੰਤਰੀ ਜਨਾਬ ਨੁਸਰਤ ਅਲੀ ਖਾਨ, ਬੇਗਮ ਰਜੀਆ ਸੁਲਤਾਨਾ-ਰਾਜਨੀਤਿਕ, ਫਰਜਾਨਾ ਆਲਿਮ, ਇਰਸ਼ਾਦ ਕਾਮਿਲ-ਕਵੀ, ਕਦੀਰ ਥਿੰਦ, ਮੁਹੰਮਦ ਨਾਜਿਮ-ਟੀ. ਵੀ. ਕਲਾਕਾਰ, ਚੰਨੀ ਸਿੰਘ-ਗਾਇਕ ਤੇ ਸੰਗੀਤਕਾਰ, ਅਨਾਸ ਰਾਸ਼ਿਦ-ਟੀ. ਵੀ. ਕਲਾਕਾਰ, ਸਈਅਦ ਜਾਫਰੀ-ਫਿਲਮੀ ਕਲਾਕਾਰ, ਜੀਨਤ ਬੇਗਮ-ਗਾਇਕਾ, ਬੌਬੀ ਜਿੰਦਲ-ਅਮਰੀਕਨ ਰਾਜਨੀਤਿਕ, ਮੁਹੰਮਦ ਮੁਸਤਫਾ-ਪੰਜਾਬ ਪੁਲਿਸ ਅਫਸਰ, ਨਿਸਾਰ ਖਾਨ-ਟੀ. ਵੀ. ਕਲਾਕਾਰ, ਮੁਹੰਮਦ ਸਾਜਿਦ ਢੋਟ-ਫੁੱਟਬਾਲਰ ਆਦਿ ਮਲੇਰਕੋਟਲਾ ਦੇ ਦੇਸ਼-ਵਿਦੇਸ਼ ਵਿਚ ਸਰਕਾਰੇ-ਦਰਬਾਰੇ ਸਤਿਕਾਰੇ ਪੁਰਖਾਂ ਵਜੋਂ ਜਾਣੇ ਜਾਂਦੇ ਹਨ।
ਜਿਲਾ ਬਣਨ ਤੋਂ ਪਹਿਲਾਂ ਮਲੇਰਕੋਟਲਾ ਮਿਊਂਸੀਪਲ ਕਾਰਪੋਰੇਸ਼ਨ ਦਾ ਰੁਤਬਾ ਰਖਦਾ ਸੀ। ਪੁਰਾਣੇ ਸਮਿਆਂ ਵਿਚ ਸਾਰੇ ਰਿਆਸਤੀ ਸ਼ਹਿਰਾਂ ਵਿਚ ਪਰਜਾ ਦੀ ਬਾਹਰਲੇ ਧਾੜਵੀਆਂ ਤੇ ਲੁਟੇਰਿਆਂ ਤੋਂ ਰਾਖੀ ਲਈ ਖਾਸ ਕਿਸਮ ਦੇ ਮਜ਼ਬੂਤ ਦਰਵਾਜ਼ੇ ਤਾਮੀਰ ਕਰਵਾਏ ਜਾਂਦੇ ਸਨ। ਮਲੇਰਕੋਟਲਾ ਵਿਚ ਇਸ ਤਰ੍ਹਾਂ ਦੇ ਪੰਜ ਦਰਵਾਜ਼ੇ ਸਨ: ਦਿੱਲੀ ਦਰਵਾਜ਼ਾ, ਸਰਹੰਦੀ ਦਰਵਾਜ਼ਾ, ਢਾਬੀ ਦਰਵਾਜ਼ਾ-ਲੋਹਾ ਬਾਜ਼ਾਰ, ਸੁਨਾਮੀ ਦਰਵਾਜ਼ਾ-ਸੱਠਾ ਬਾਜ਼ਾਰ ਤੇ ਕੇਲੋ ਦਰਵਾਜ਼ਾ-ਕੇਲੋ ਪਿੰਡ ਵੱਲ ਹਨ। ਮਲੇਰਕੋਟਲਾ ਦਾ ਮੋਤੀ ਬਾਜ਼ਾਰ ਇਲਾਕੇ ਦੀ ਪ੍ਰਜਾ ਦੀ ਹਰ ਤਰ੍ਹਾਂ ਦੀ ਘਰ ਵਰਤਣ ਵਾਲੀ ਵਸਤੂ ਤੇ ਬੀਬੀਆਂ ਦੇ ਫੈਸ਼ਨ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਮੋਤੀ ਬਾਜ਼ਾਰ ਦੀ ਚੜ੍ਹਦੇ ਪਾਸੇ ਦੀ ਵੱਖੀ ਵੱਲ ਮਲੇਰਕੋਟਲਾ ਦੀ ਪੁਰਾਣੀ ਦਾਣਾ ਮੰਡੀ ਹਾਲੇ ਵੀ ਰਸਦੀ-ਵਸਦੀ ਹੈ। ਮਲੇਰਕੋਟਲਾ ਵਿਚ ਮੁਸਲਿਮ ਧਰਮ ਦੀ ਇਬਾਦਤ ਕਰਨ ਲਈ ਆਬਾਦੀ (ਹਰ ਮੁਹੱਲੇ) ਵਿਚ ਸੈਂਕੜੇ ਮਸਜਿਦਾਂ ਹਨ। ਇਕੱਠੇ ਇਬਾਬਤ ਕਰਨ ਵਾਲਾ ਸਥਾਨ ‘ਈਦਗਾਹ’ ਏਸ਼ੀਆ ਵਿਚ ਸਭ ਤੋਂ ਵੱਡੀ ਤੇ ਖੁੱਲ੍ਹੀ ‘ਮਲੇਰਕੋਟਲਾ ਦੀ ਈਦਗਾਹ’ ਹੈ। ਦਿੱਲੀ ਦਰਵਾਜ਼ੇ ਦੇ ਬਾਹਰ ਮਲੇਰਕੋਟਲੇ ਦਾ ਨਵਾਂ ਬੱਸ ਸਟੈਂਡ ਹੈ, ਜਿਥੋਂ ਦਿੱਲੀ-ਦੱਖਣ, ਸਭ ਪਾਸੇ ਲਈ ਨਵੀਆਂ-ਪੁਰਾਣੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਚੱਲਦੀਆਂ ਹਨ। ਬੱਸ ਸਟੈਂਡ ਦੇ ਲਾਗੇ ਹੀ ਮਲੇਰਕੋਟਲੇ ਦਾ ਨਵਾਂ ਖੇਡ ਸਟੇਡੀਅਮ ਹੈ, ਜਿਸ ਅੰਦਰ ‘ਮੈਂ’ ਅਪਰੈਲ 1998 ਵਿਚ ਪਹਿਲੀ ਵਾਰ ਭਾਰਤ ਪਾਕਿਸਤਾਨ ਦੀਆਂ ਕਬੱਡੀ ਟੀਮਾਂ ਦਾ ਇਤਿਹਾਸਕ ਕਬੱਡੀ ਮੈਚ ਪੰਜਾਬ ਸਰਕਾਰ ਤੇ ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ ਕਰਨਲ ਰਾਮਿੰਦਰ ਸਿੰਘ ਦੀ ਮਦਦ ਨਾਲ, ਦਰਸ਼ਕਾਂ ਦੇ ਨੱਕੋ-ਨੱਕ ਭਰੇ ਸਟੇਡੀਅਮ ਵਿਚ, ਰਿਆਸਤ ਮਲੇਰਕੋਟਲਾ ਦੇ ਦਰਸ਼ਕਾਂ ਲਈ ਉਚੇਚਾ ਕਰਵਾਇਆ ਸੀ।
ਰੇਲਵੇ ਰੋਡ ਦੇ ਉੱਪਰ ਪੁਰਾਣੇ ਦਿੱਲੀ ਦਰਵਾਜ਼ੇ ਦੇ ਅੰਦਰ ਵੜ ਕੇ ਵਿੰਗਾ ਟੇਡਾ ਰਾਹ, ਕਚਹਿਰੀਆਂ ਲੰਘ ਕੇ ਤੰਗ ਸਦਰ ਬਾਜ਼ਾਰ ਸ਼ੁਰੂ ਹੋ ਜਾਂਦਾ ਹੈ, ਜੋ ਲੋਹਾ ਬਾਜ਼ਾਰ, ਤੇਲੀਆਂ ਬਾਜ਼ਾਰ, ਮੁਹੱਲਾ ਸਾਡੇ ਵਾਲਾ, ਮੋਤੀ ਬਾਜ਼ਾਰ ਹੁੰਦਾ ਹੋਇਆ, ਮਲੇਰ ਮੁਹੱਲੇ ਵਿਚ ਬਾਬਾ ਹੈਦਰ ਸ਼ੇਖ ਦੀ ਦਰਗਾਹ ਨੂੰ ਜਾ ਛੂੰਹਦਾ ਹੈ। ਮਲੇਰਕੋਟਲਾ ਸ਼ਹਿਰ ਵਿਚ ਭਾਰਤ ਭਰ ਤੇ ਬਾਹਰਲੇ ਮੁਲਕਾਂ ਲਈ ਫੌਜ, ਪੁਲਿਸ ਤੇ ਖੇਡਾਂ ਦੇ ਕਢਾਈ ਵਾਲੇ ਬੈਜ ਤੇ ਕੋਟ ਕਲਰ ਉਚੇਚੇ ਬਣਦੇ ਹਨ। ਜਰੀ ਦੀ ਕਢਾਈ ਵਾਲੀਆਂ ਜੁੱਤੀਆਂ ਤੇ ਪੰਜਾਬੀ ਖੁੱਸੇ ਵੀ ਮਸ਼ਹੂਰ ਹਨ। ਖੇਡਾਂ ਦਾ ਸਮਾਨ ਵੀ ਵੱਡੀ ਪੱਧਰ ਉਪਰ ਤਿਆਰ ਹੁੰਦਾ ਹੈ। ਹਾਜੀ ਹਨੀਫ ਸੰਨਜ਼ ‘ਕੋਟ ਕਲਰ’ ਬਣਾਉਣ ਵਾਲੇ ਪੁਰਾਣੇ ਤੇ ਨਾਮੀ ਕਾਰੀਗਰ ਹਨ। ਸਦਰ ਬਾਜ਼ਾਰ ਵਿਚ ‘ਹਨੀਫ ਫੋਟੋਗ੍ਰਾਫਰ’ ਦਾ ਸਕੂਲਾਂ, ਕਾਲਜਾਂ ਤੇ ਪਰਿਵਾਰਾਂ ਵਿਚ ਵੱਡਾ ਨਾਂ ਸੀ।
ਮਲੇਰਕੋਟਲਾ ਦਾ ਸਰਕਾਰੀ ਕਾਲਜ ਮਲੇਰਕੋਟਲਾ ਸ਼ਹਿਰ ਦੇ ਬਾਹਰਵਾਰ ਧੂਰੀ ਵਾਲੀ ਸੜਕ ਉੱਪਰ ਖੁੱਲ੍ਹੇ ਇਲਾਕੇ ਵਿਚ ‘ਕਾਲਜ ਰੋਡ’ ਦੇ ਖੱਬੇ ਹੱਥ, ਸੰਨ 1924 ਵਿਚ ਲਾਹੌਰ ਤੇ ਲੁਧਿਆਣਾ ਦੇ ਸਰਕਾਰੀ ਕਾਲਜਾਂ ਦੀ ਤਰਜ ਉੱਪਰ ਰਿਆਸਤ ਮਲੇਰਕੋਟਲਾ ਵਿਚ ਉੱਚੀ ਵਿਦਿਆ ਦਾ ਸੱਭ ਤੋਂ ਵੱਡਾ ਤੇ ਮਸ਼ਹੂਰ ਵਿਦਿਅਕ ਅਦਾਰਾ ਖੋਲ੍ਹਿਆ ਗਿਆ ਸੀ, ਜਿਥੇ ਇਲਾਕੇ ਦੇ ਸੈਂਕੜੇ ਨੌਜਵਾਨ ਮੁੰਡੇ-ਕੁੜੀਆਂ ਪੜ੍ਹੇ ਤੇ ਪੜ੍ਹ ਰਹੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਿਤ ਸਰਕਾਰੀ ਕਾਲਜ ਮਲੇਰਕੋਟਲਾ ਦੇ ਮੌਜੂਦਾ ਪ੍ਰਿੰਸੀਪਲ ਡਾ. ਗੁਰਪ੍ਰੀਤ ਕੌਰ ਹਨ। ਸ਼ਹਿਰ ਮਲੇਰਕੋਟਲਾ ਵਿਚ ਪੰਜਾਬੀ, ਹਿੰਦੀ ਤੇ ਉਰਦੂ ਬੋਲੀਆਂ ਤੇ ਭਾਸ਼ਾਵਾਂ ਲਿਖੀਆਂ, ਪੜ੍ਹੀਆਂ ਤੇ ਬੋਲੀਆਂ ਜਾਂਦੀਆਂ ਹਨ।
ਖੇਤਰੀ ਭਾਸ਼ਾਵਾਂ ਵਿਚ ਉਚੇਰੀ ਵਿਦਿਆ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਮਲੇਰਕੋਟਲਾ ਵਿਖੇ ‘ਨਵਾਬ ਸੇ਼ਰ ਮੁਹੰਮਦ ਖਾਨ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼’ ਵਿਖੇ ਉਰਦੂ, ਅਰਬੀ, ਫਾਰਸੀ ਦੀ ਪੜ੍ਹਾਈ ਤੇ ਖੋਜ ਕਰਨ ਲਈ ਖਾਸ ਸਹੂਲਤਾਂ ਹਨ। ਮਲੇਰਕੋਟਲਾ ਦੇ ਖਾਸ ਖਾਸ ਪਰਿਵਾਰਾਂ ਵਿਚ ਅਰਬੀ ਤੇ ਫਾਰਸੀ ਦਾ ਗਿਆਨ ਵੀ ਬੱਚਿਆਂ ਨੂੰ ਦਿਤਾ ਜਾਂਦਾ ਹੈ। ਕੁੜੀਆਂ ਦੀ ਵਿਦਿਆ ਲਈ ਉਚੇਚਾ ਕਚਹਿਰੀਆਂ ਕੋਲ ਗੌਰਮਿੰਟ ਗਰਲਜ਼ ਸਕੂਲ ਹੈ। ਮਲੇਰਕੋਟਲਾ ਸ਼ਹਿਰ ਵਿਚ ਮੁਢਲੀ ਵਿਦਿਆ ਲਈ ਅਲ ਫਲਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸਾਹਿਬਜ਼ਾਦਾ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ, ਸੀਤਾ ਗਰਾਮਰ ਸਕੂਲ, ਸਰਵ ਹਿਤਕਾਰੀ ਵਿਦਿਆ ਮੰਦਰ, ਡੀ. ਏ. ਵੀ. ਪਬਲਿਕ ਸਕੂਲ ਇਸਲਾਮੀਆ ਸਕੂਲ, ਅਲਅਦੀਸ ਸਕੂਲ, ਟੌਕ ਸਕੂਲ ਆਦਿ ਹੋਰ ਅਨੇਕਾਂ ਵਿਦਿਅਕ ਅਦਾਰੇ ਹਨ।
ਮਲੇਰਕੋਟਲਾ ਸ਼ਹਿਰ ਵਿਚ ਰਹਿਣ ਵਾਲੀ ਵਸੋਂ ਜ਼ਿਆਦਾ ਸੁੰਨੀ ਮੁਸਲਮਾਨ ਹੈ। ਸ਼ਿਆ ਮੁਸਲਿਮ ਭਾਈਚਾਰਾ ਵੀ ਕਾਫੀ ਹੈ, ਜੋ ਹਰ ਸਾਲ ਅਗਸਤ ਦੇ ਮਹੀਨੇ ਕਾਲੇ ਕੱਪੜੇ ਪਾ ਕੇ, ਕਰਬਲਾ (ਇਰਾਕ) ਵਿਚ ਸ਼ਹੀਦੀ ਪਾ ਗਏ ਹਸਨ ਹੁਸੈਨ ਦੀ ਯਾਦ ਵਿਚ ‘ਤਾਜੀਏ’ ਕੱਢਦੇ ਹਨ। ਤਾਜੀਏ ਦੀਆਂ ਰਸਮਾਂ ਵਿਚ ਪਿੱਠ ਪਿੱਛੇ ਹੱਥਾਂ ਨਾਲ ਘੁੰਮਾਂ ਕੇ ਛੁਰੀਆਂ ਮਾਰੀਆਂ ਜਾਂਦੀਆਂ ਹਨ ਅਤੇ ਛਾਤੀ ਉਪਰ ਜ਼ੋਰਦਾਰ ਹੱਥ ਮਾਰ ਕੇ ਖੂਨ ਨਾਲ ਲਿਬੜੇ ਹੱਥਾਂ ਨਾਲ ਖੂਬ ਪਿੱਟ-ਪਟਊਆ ਕੀਤਾ ਜਾਂਦਾ ਹੈ, ਜਿਸ ਵਿਚ ਅਸੀਂ ਵੀ ਸ਼ਾਮਿਲ ਹੋ ਜਾਈਦਾ ਸੀ। ਕਾਲੇ ਬੁਰਕਿਆਂ ਵਿਚ ਢਕੀਆਂ ਗੋਰੀਆਂ ਚਿੱਟੀਆਂ ਸ਼ੀਆ ਮੁਟਿਆਰਾਂ ਕੋਹ ਕਾਫ ਦੀਆਂ ਪਰੀਆਂ ਤੋਂ ਵੀ ਵੱਧ ਲਗਦੀਆਂ ਸਨ। ਮਲੇਰਕੋਟਲਾ ਦਾ ਰਕਬਾ 47 ਮੀਲ ਦੇ ਨੇੜੇ ਹੈ ਤੇ ਆਬਾਦੀ 1.50 ਲੱਖ ਦੇ ਕਰੀਬ ਹੈ।
ਸੰਨ 1893 ਵਿਚ ਅੰਗਰੇਜ਼ੀ ਰਾਜ ਸਮੇਂ ਭਾਰਤੀ ਬ੍ਰਿਟਿਸ਼ ਸਰਕਾਰ ਨੇ ਪੱਛਮੀ ਭਾਰਤ ਦੀਆਂ ਖਾਨਦਾਨੀ ਸ਼ਾਹੀ ਆਜ਼ਾਦ ਰਿਆਸਤਾਂ-ਪਟਿਆਲਾ, ਮਲੇਰਕੋਟਲਾ, ਜੀਂਦ ਤੇ ਸੰਗਰੂਰ ਨਾਲ ਇਕ ਲਿਖਤੀ ਅਹਿਦਨਾਮਾ ਲੁਧਿਆਣਾ-ਧੂਰੀ-ਜਾਖਲ ਮੇਨ ਰੇਲਵੇ ਲਾਈਨ ਬਰਾਸਤਾ ਸੰਗਰੂਰ ਵਿਛਾਉਣ ਲਈ ਤਿਆਰ ਕੀਤਾ। ਸੰਨ 1901 ਵਿਚ ਇਹ ਨਵੀਂ ਰੇਲਵੇ ਲਾਈਨ ‘ਸਾਊਦਰਨ (ਦੱਖਣੀ) ਪੰਜਾਬ ਰੇਲਵੇ ਕੰਪਨੀ’ ਦੇ ਨਾਂ ਨਾਲ ਸ਼ੁਰੂ ਕਰ ਦਿਤੀ ਗਈ, ਜੋ ਬਾਅਦ ਵਿਚ ਹਿਸਾਰ ਰੇਲਵੇ ਜੰਕਸ਼ਨ ਤੱਕ ਵਧਾ ਦਿਤੀ ਗਈ ਸੀ। ਮਲੇਰਕੋਟਲਾ ਸ਼ਹਿਰ ਦਾ ਆਪਣਾ ਰੇਲਵੇ ਸ਼ਟੇਸਨ ਹੈ, ਜੋ ਸੰਨ 1905 ਵਿਚ ਵਿਕਟੋਰੀਅਨ ਇਮਾਰਤ ਭਵਨ ਕਲਾ ਨਾਲ ਇਕ ਸ਼ਾਨਦਾਰ ਇਮਾਰਤ ਦੇ ਰੂਪ ਵਿਚ ਬਣ ਕੇ ਤਿਆਰ ਹੋ ਗਿਆ ਸੀ। ਭਾਰਤੀ ਰੇਲ ਵਿਭਾਗ ਦੇ ਅੰਬਾਲਾ ਡਿਵੀਜ਼ਨ ਵਿਚ ਪੈਦਾ ਇਹ ‘ਉੱਤਰੀ ਰੇਲਵੇ’ ਦੇ ਪ੍ਰਬੰਧ ਥੱਲੇ ਆਉਂਦਾ ਹੈ। ਮਲੇਰਕੋਟਲਾ ਸ਼ਹਿਰ ਦਾ ਡਾਕ ਪਿੰਨ ਕੋਡ 148023 ਹੈ।
ਨਵਾਂ ਜਿਲਾ ਮਲੇਰਕੋਟਲਾ ਪੰਜਾਬ ਦੇ ਬਾਕੀ ਜਿਲਿਆਂ-ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ ਤੇ ਬਰਨਾਲਾ ਵਿਚਕਾਰ ਘਿਰਿਆ ਹੋਇਆ ਹੈ। ਮੇਰੇ ਪਿੰਡ ਜਰਗ ਦੀਆਂ ਹੱਦਾਂ ਪਹਿਲਾਂ ਸਬ-ਤਹਿਸੀਲ ਮਲੇਰਕੋਟਲਾ ਨਾਲ ਤੇ ਹੁਣ ਨਵੇਂ ਬਣੇ ਜਿਲਾ ਮਲੇਰਕੋਟਲਾ ਨਾਲ ਵੀ ਲਗਦੀਆਂ ਹਨ। ਪਿੰਡ ਜਰਗ ਤੋਂ ਪੱਕੀ ਸੜਕ ਰਾਹੀਂ 23ਵਾਂ ਨਵਾਂ ਜਿਲਾ ਮਲੇਰਕੋਟਲਾ ਦੇ ਨਵਾਬ ਖਾਨਦਾਨ ਦਾ ਸ਼ੀਸ਼ ਮਹਿਲ ਅਤੇ ਮੋਤੀ ਬਾਜ਼ਾਰ ਵੀ 23 ਕਿਲੋਮੀਟਰ ਦੂਰ ਹੈ। ਮਲੇਰਕੋਟਲਾ ਖੰਨਾ ਮੁੱਖ ਸੜਕ ਹੁਣ ਪੱਛਮੀ ਭਾਰਤ ਦੇ ਸੂਬੇ ਰਾਜਸਥਾਨ ਦੇ ਮੁੱਖ ਸ਼ਹਿਰਾਂ-ਜੈਪੁਰ, ਜੋਧਪੁਰ, ਬੀਕਾਨੇਰ, ਬਠਿੰਡਾ, ਬਰਨਾਲਾ, ਮਲੇਰਕੋਟਲਾ, ਜਰਗ, ਖੰਨਾ, ਸਮਰਾਲਾ, ਪਠਾਨਕੋਟ, ਜੰਮੂ, ਸ੍ਰੀਨਗਰ ਹੋ ਕੇ ਹਿਮਾਲਿਆ ਪਰਬਤ ਦੀਆਂ ਪਹਾੜੀਆਂ ਵਿਚ ਚੀਨ ਦੀਆਂ ਸਰਹੱਦਾਂ ਤੱਕ ਭਾਰਤ ਦੇਸ਼ ਦੀ ਦੂਜੀ ਫੌਜੀ ਡਿਫੈਂਸ ਲਾਈਨ ਵਾਲੀ ਵੱਡੀ ਸੜਕ ਬਣ ਰਹੀ ਹੈ। ਮਲੇਰਕੋਟਲਾ ਵਾਸੀਆਂ ਨੂੰ ਦੇਸ਼-ਵਿਦੇਸ਼ ਜਾਣ ਲਈ ਹਵਾਈ ਜਹਾਜ਼ ਦੀਆਂ ਸੇਵਾਵਾਂ ਲਈ ਚੰਡੀਗੜ੍ਹ ਅੰਤਰਰਾਸ਼ਟਰੀ ਏਅਰਪੋਰਟ 120 ਕਿਲੋਮੀਟਰ, ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ, ਅੰਮ੍ਰਿਤਸਰ ਸਾਹਿਬ 250 ਕਿਲੋਮੀਟਰ ਅਤੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ 328 ਕਿਲੋਮੀਟਰ, ਲਗਭਗ 6 ਘੰਟੇ ਦਾ ਸਫਰ ਤੈਅ ਕਰਕੇ ਨਵੀਂ ਦਿੱਲੀ ਦੇ ਅਤਿ ਆਧੁਨਿਕ ਤੇ ਬਹੁਤ ਸਾਫ ਸੁੰਦਰ ਹਵਾਈ ਅੱਡੇ ਤੋਂ ਅਮਰੀਕਾ, ਕੈਨੇਡਾ, ਆਸਟਰੇਲੀਆ, ਲੰਡਨ, ਯੂਰਪ ਤੇ ਅਰਬ ਮੁਲਕਾਂ ਨੂੰ ਜਾਣ ਲਈ ਹਵਾਈ ਜਹਾਜ਼ ਵਿਚ ਬੈਠਣਾ ਪੈਂਦਾ ਹੈ।
ਮਲੇਰਕੋਟਲਾ ਦੇ ਰਿਆਸਤੀ ਸ਼ੇਰਵਾਨੀ ਖਾਨਦਾਨ ਦੇ ਸ਼ਹਿਰ ਤੇ ਹੁਣ ਜਿਲਾ ਮਲੇਰਕੋਟਲਾ ਨਾਲ ਮੇਰਾ ਵੀ ਡੂੰਘਾ, ਗਹਿਰਾ ਤੇ ਮੁਹੱਬਤੀ ਰਿਸ਼ਤਾ ਹੈ। ਮੈਂ ਆਪਣੀ ਭਰ ਜੁਆਨੀ ਦੀ ਉਮਰ ਵਿਚ ਮਲੇਰਕੋਟਲਾ ਸ਼ਹਿਰ ਦੀਆਂ ਭੀੜੀਆਂ ਗਲੀਆਂ ਤੇ ਤੰਗ ਬਾਜ਼ਾਰਾਂ ਵਿਚ ਪੂਰੀ ਖੁਲ੍ਹਦਿਲੀ ਨਾਲ ਘੁੰਮਿਆ-ਫਿਰਿਆ ਸੀ ਅਤੇ ਮਲੇਰਕੋਟਲਾ ਦੇ ਮੁਹੱਲਿਆਂ ਵਿਚ ਰੱਜ ਕੇ ਖਾਧਾ-ਪੀਤਾ ਵੀ ਹੈ। ਮੈਂ ਜਲੰਧਰ ਦੇ ਸਪੋਰਟਸ ਸਕੂਲ ਤੋਂ ਬਾਅਦ ਖਿਡਾਰੀ ਦੇ ਖਾਸ ਕੋਟੇ ਵਿਚ, ਸੁਰਜੀਤ ਸਿੰਘ ਗਿੱਲ-ਫੁਟਬਾਲਰ ਅਤੇ ਬੰਤ ਸਿੰਘ ਗਿੱਲ-ਐਥਲੀਟ ਪਿੰਡ ਫਲੌਡ ਕਲਾਂ ਦੇ ਨਾਲ ਗੌਰਮਿੰਟ ਕਾਲਜ ਮਲੇਰਕੋਟਲੇ ਵਿਚ ਮੁਹੰਮਦ ਅਲੀ, ਮੁਖੀ ਖੇਡ ਵਿਭਾਗ (ਡੀ. ਪੀ. ਈ.) ਦੀ ਨੱਠ-ਭੱਜ ਸਦਕਾ ਦਾਖਲ ਹੋ ਗਿਆ ਤੇ ਦੋ ਸਾਲ ਇਸ ਕਾਲਜ ਵਿਚ ਪੜ੍ਹਿਆ। ਪਹਿਲੇ ਸਾਲ ਹੀ 1968 ਵਿਚ ਕਬੱਡੀ ਦੀ ਖੇਡ ਅੰਦਰ ਪੰਜਾਬ ਯੂਨੀਵਰਸਿਟੀ ਦੀ ਕਬੱਡੀ ਟੀਮ ਨਾਲ ਆਲ ਇੰਡੀਆ ਇੰਟਰ ਯੂਨੀਵਰਸਿਟੀ ਕਬੱਡੀ ਮੁਕਾਬਲਿਆਂ ਵਿਚ ਕਾਨਪੁਰ ਯੂਨੀਵਰਸਿਟੀ (ਉੱਤਰ ਪ੍ਰਦੇਸ਼) ਵਿਖੇ ਭਾਗ ਲਿਆ।
ਸਰਕਾਰੀ ਕਾਲਜ ਮਲੇਰਕੋਟਲਾ ਦੇ ਸਾਲਾਨਾ ਫੰਕਸ਼ਨ ਵਿਚ ਮੈਨੂੰ (ਸੰਤੋਖ ਸਿੰਘ) ਕਾਲਜ ਦਾ ਸਰਵਉੱਚ ਸਨਮਾਨ ‘ਰੋਲ ਆਫ ਆਨਰ’ ਕਾਲਜ ਵਲੋਂ ਪ੍ਰਦਾਨ ਕੀਤਾ ਗਿਆ। ਕਾਲਜ ਦੇ ਸਾਲਾਨਾ ਮੈਗਜ਼ੀਨ ਵਿਚ ਮੁੱਖ ਪੰਨਿਆਂ ’ਤੇ ਤਸਵੀਰਾਂ ਛਪੀਆਂ, ਕਾਲਜ ਤੇ ਇਲਾਕੇ ਵਿਚ ਖੂਬ ਬੱਲੇ ਬੱਲੇ ਹੋਈ। ਮਲੇਰਕੋਟਲਾ ਕਾਲਜ ਵਿਚ ਫੁੱਟਬਾਲਰ ਸਲੀਮ ਬਖਸ਼-ਭੀਮ, ਅਲੀ ਹਸਨ-ਕਊਆ, ਮੈਗਲ ਸਿੰਘ ਚੌਦਾ ਕਬੱਡੀ ਤੇ ਬਾਲੀਵਾਲ, ਬਲਦੇਵ ਸਿੰਘ ਮਦਨੀਪੁਰ ਕਬੱਡੀ ਦੇ ਚੰਗੇ ਖਿਡਾਰੀ ਸਨ। ਮੇਰਾ ਜਮਾਤੀ, ਯੂ. ਕੇ. ਵਿਚ ਸਾਊਥਹਾਲ ਰਹਿੰਦਾ ਪੰਜਾਬੀ ਗਾਇਕ ਚੰਨੀ ਸਿੰਘ ਵੀ ਸਰਕਾਰੀ ਕਾਲਜ ਮਲੇਰਕੋਟਲਾ ਦੀ ਦੇਣ ਹੈ, ਜੋ ਬਰਤਾਨੀਆ ਵਿਚ ਪੰਜਾਬੀ ਸੰਗੀਤ ਦਾ ਮੋਢੀ ਹੈ। ਮਲੇਰਕੋਟਲਾ ਦੇ ਸਰਕਾਰੀ ਕਾਲਜ ਦੀ ਫੁਟਬਾਲ ਟੀਮ ਦਾ ਪੰਜਾਬ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਦੇ ਕਾਲਜਾਂ ਵਿਚ ਵੱਖਰਾ ਨਾਂ ਤੇ ਬੋਲਬਾਲਾ ਹੁੰਦਾ ਸੀ।
ਮਲੇਰਕੋਟਲਾ ਵਿਚ ਕਾਂਗਰਸ ਪਾਰਟੀ ਦੀ ਸਰਗਰਮ ਸਿਆਸਤਦਾਨ, ਪੰਜਾਬ ਪੁਲਿਸ ਦੇ ਡੀ. ਜੀ. ਪੀ. ਮੁਹੰਮਦ ਮੁਸਤਫਾ ਦੀ ਬੇਗਮ ਤੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ ਵਿਚ ਇਕੋ ਇਕ ਮੁਸਲਿਮ ਭਾਈਚਾਰੇ ਦੀ ਆਗੂ ਅਤੇ ਟਰਾਂਸਪੋਰਟ, ਜਲ ਸਪਲਾਈ ਤੇ ਸਾਫ ਸਫਾਈ-ਕੈਬਨਿਟ ਮੰਤਰੀ 55 ਸਾਲਾ ਬੀਬੀ ਰਜੀਆ ਸੁਲਤਾਨਾ ਦੀ ਅਣਥੱਕ ਮਿਹਨਤ ਤੇ ਹਿੰਮਤ ਦੇ ਫਲਸਰੂਪ ਪੰਜਾਬ ਸਰਕਾਰ ਵਲੋਂ ਰਿਆਸਤ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜਿਲਾ ਬਣਾਉਣ ਨਾਲ ਵਿਰਾਸਤੀ ਸ਼ਹਿਰ ਦੇ ਕਈ ਨਵੇਂ ਦਰਵਾਜ਼ੇ ਤੇ ਰਾਹ ਖੁਲ੍ਹਣ ਜਾ ਰਹੇ ਹਨ। ਬੜੀ ਜਲਦੀ ਮਲੇਰਕੋਟਲਾ ਵਿਚ ਰਾਏਕੋਟ ਵਾਲੀ ਸੜਕ ਉੱਪਰ 500 ਕਰੋੜ ਰੁਪਏ ਦੀ ਲਾਗਤ ਨਾਲ ਨਵਾਬ ਸ਼ੇਰ ਮੁਹੰਮਦ ਖਾਨ ਦੀ ਯਾਦ ਵਿਚ ਸਰਕਾਰੀ ਮੈਡੀਕਲ ਕਾਲਜ, ਸਿਰਫ ਲੜਕੀਆਂ ਲਈ 12 ਕਰੋੜ ਵਾਲਾ ਇਕ ਉਚੇਚਾ ‘ਗੌਰਮਿੰਟ ਗਰਲਜ਼ ਕਾਲਜ’, ਮਲੇਰਕੋਟਲਾ ਵਿਚ ਪੰਜਾਬ ਪੁਲਿਸ ਦਾ ਨਿਵੇਕਲਾ ਮਹਿਲਾ ਥਾਣਾ ਖੋਲ੍ਹਣ ਦਾ ਐਲਾਨ ਅਤੇ ਨਵਾਂ ਬੱਸ ਅੱਡਾ ਬਣਾਉਣ ਲਈ 10 ਕਰੋੜ ਰੁਪਏ ਦਿਤਾ ਗਿਆ ਹੈ। ਨਵਾਬ ਮਲੇਰਕੋਟਲਾ ਦੇ ਪੁਰਾਤਨ ਮਹਿਲ ‘ਮੁਬਾਰਕ ਮੰਜਿਲ’ ਨੂੰ ਆਗਾ ਖਾਨ ਫਾਊਂਡੇਸ਼ਨ ਰਾਹੀਂ ਵਿਰਾਸਤ ਵਜੋਂ ਸੰਭਾਲਣ ਦੇ ਉਪਰਾਲੇ ਦਾ ਵੀ ਐਲਾਨ ਕੀਤਾ ਗਿਆ ਹੈ।