ਨਿੱਤ ਕੱਢਾਂ ਫੁੱਲਕਾਰੀ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਕਾਗਜ਼ ਦੀ ਮਹੱਤਤਾ ਦਾ ਗੁਣਗਾਨ ਕਰਦਿਆਂ ਇਸ ਦੇ ਗੁਣ-ਔਗੁਣ ਗਿਣਾਏ ਸਨ, “ਜਿ਼ੰਦਗੀ, ਇਕ ਕੋਰਾ ਕਾਗਜ਼। ਇਸ ਕਾਗਜ਼ `ਤੇ ਅਸੀਂ ਕਿਹੜੀ ਅੱਖਰਕਾਰੀ, ਕਿਸ ਲਹਿਜ਼ੇ ਅਤੇ ਕਿਹੜੇ ਰੰਗਾਂ ਨਾਲ ਕਰਨੀ? ਸ਼ਬਦਕਾਰੀ ਕਿੰਨੇ ਸਮੇਂ ਅਤੇ ਕਿਸ ਅੰਦਾਜ਼ ਵਿਚ ਕਰਨੀ? ਇਸ ਨੇ ਹੀ ਸਾਡੇ ਵਿਅਕਤੀਤਵ ਅਤੇ ਕਦਰਾਂ ਕੀਮਤਾਂ ਨੂੰ ਨਿਰਧਾਰਤ ਕਰਨਾ।

ਇਸ ਤੋਂ ਪਤਾ ਲੱਗਦਾ ਹੈ ਕਿ ਸਮਾਜ ਵਿਚ ਸਾਡਾ ਕੀ ਸਥਾਨ ਹੈ?” ਹਥਲੇ ਲੇਖ ਵਿਚ ਡਾ. ਭੰਡਾਲ ਨੇ ਪੰਜਾਬੀ ਵਿਰਾਸਤ ਦੇ ਇਕ ਖਾਸ ਪਹਿਲੂ ‘ਫੁੱਲਕਾਰੀ’ ਦੀ ਬਾਤ ਪਾਉਂਦਿਆਂ ਸ਼ਬਦ-ਰੂਪੀ ਫੁੱਲ ਕੱਢੇ ਹਨ ਅਤੇ ਫੁੱਲਕਾਰੀ ਨੂੰ ਪੰਜਾਬੀ ਵਿਰਸੇ ਦਾ ਮੁਹਾਂਦਰਾ ਕਿਹਾ ਹੈ, “ਫੁੱਲਕਾਰੀ ਨੱਢੀ ਦੇ ਸਿਰ ਸੋਂਹਦੀ, ਸਵਾਣੀ ਨੂੰ ਭਾਉਂਦੀ। ਨਿਵਾਰੀ ਮੰਜੇ `ਤੇ ਵਿਛੀ, ਬਿਸਤਰੇ ਨੂੰ ਭਾਗ ਲਾਉਂਦੀ। ਵਿਆਹੁੰਦੜ ਦੇ ਮੋਢਿਆਂ `ਤੇ ਸੂਹਾ ਸਾਲੂ ਬਣ ਕੇ ਸ਼ਗਨ ਲਈ ਝੋਲੀ ਫੈਲਾਉਂਦੀ ਅਤੇ ਸੱਜਰੇ ਚਾਵਾਂ ਦਾ ਸੁਰਮਾ, ਦੀਦਿਆਂ ਵਿਚ ਮਟਕਾਉਂਦੀ।” ਨਾਲ ਹੀ ਉਹ ਕਹਿੰਦੇ ਹਨ, “ਫੁੱਲਕਾਰੀ ਸਿਰਫ ਚਾਦਰ `ਤੇ ਹੀ ਨਹੀਂ ਕੱਢੀ ਜਾਂਦੀ ਅਤੇ ਨਾ ਹੀ ਸੁੱਚੇ ਧਾਗੇ ਜਾਂ ਸੂਹੇ ਰੰਗਾਂ ਨਾਲ ਹੀ ਕੱਢੀ ਜਾਂਦੀ; ਫੁੱਲਕਾਰੀ ਜਦ ਵਰਕੇ `ਤੇ ਅੱਖਰਾਂ ਵਲੋਂ ਕੱਢੀ ਜਾਂਦੀ ਤਾਂ ਅਰਥਾਂ ਦੇ ਦੀਵੇ ਜਗਦੇ।…ਸਭ ਲਈ ਫੁੱਲਕਾਰੀ ਵਰਗਾ ਬਣਨਾ ਬਹੁਤ ਜਰੂਰੀ; ਪਰ ਫੁੱਲਕਾਰੀ ਬਣਨ ਤੋਂ ਪਹਿਲਾਂ ਸਾਡੇ ਮਨ ਵਿਚ ਪਾਏ ਜਾਣ ਵਾਲੇ ਚਿੱਤਰਾਂ ਦਾ ਧਿਆਨ ਹੋਵੇ, ਸੂਹੇ ਰੰਗਾਂ ਦਾ ਗਿਆਨ ਹੋਵੇ ਅਤੇ ਸੋਚਾਂ ਵਿਚ ਸੁੱਚੇ ਧਾਗਿਆਂ ਦੀ ਪਛਾਣ ਹੋਵੇ।”

ਡਾ. ਗੁਰਬਖਸ਼ ਸਿੰਘ ਭੰਡਾਲ

ਫੁੱਲਕਾਰੀ ਸੂਹੇ ਰੰਗਾਂ ਦੀ ਚਿੱਤਰਸ਼ਾਲਾ, ਸੁੱਚੇ ਧਾਗਿਆਂ ਦੀ ਕਲਾਕਾਰੀ, ਸੂਈ ਨਾਲ ਪਾਈਆਂ ਜਾ ਰਹੀਆਂ ਫੁੱਲ-ਬੂਟੀਆਂ, ਚਾਵਾਂ ਦੇ ਰਾਂਗਲੇ ਪਲਾਂ ਨੂੰ ਕੋਰੀ ਚਾਦਰ ‘ਤੇ ਸਜਾਉਣ ਦਾ ਸੂਖਮ ਅਹਿਸਾਸ ਅਤੇ ਇਨ੍ਹਾਂ ਅਹਿਸਾਸਾਂ ਵਿਚ ਪਰੋਏ ਜਾਂਦੇ ਜਾਗਦੇ ਨੈਣਾਂ ਦੇ ਸੰਦਲੀ ਸੁਪਨੇ।
ਫੁੱਲਕਾਰੀ ਫੁੱਲਾਂ ਜਿਹੀ ਅਉਧ, ਵਕਤ ਦੀ ਤਵਾਰੀਖ ਨੂੰ ਉਤਾਰਨਾ, ਇਸ ਵਿਚੋਂ ਜਿ਼ੰਦਗੀ ਦੇ ਹਰ ਪਲ ਨੂੰ ਨਿਹਾਰਨਾ ਅਤੇ ਖੁਦ ਨੂੰ ਵਿਸਥਾਰਨਾ।
ਫੁੱਲਕਾਰੀ ਨਿੱਕੀਆਂ ਸੋਚਾਂ ਨੂੰ ਮਿਲੀ ਉਚੀ ਪਰਵਾਜ਼। ਸਾਹਾਂ ਵਿਚ ਧੜਕਦਾ ਰਾਗਮਈ ਸਾਜ਼ ਅਤੇ ਜੀਵਨ ਦਾ ਨਿਵੇਕਲਾ ਅੰਦਾਜ਼, ਜਿਸ ਵਿਚੋਂ ਜੀਵਨ-ਸੁਗੰਧੀਆਂ ਨੂੰ ਆਪਣੀ ਮਹਿਕ `ਤੇ ਮਾਣਮੱਤਾ ਹੁੰਦਾ ਏ ਨਾਜ਼।
ਫੁੱਲਕਾਰੀ ਸਿਰਫ ਚਾਦਰ `ਤੇ ਹੀ ਨਹੀਂ ਕੱਢੀ ਜਾਂਦੀ ਅਤੇ ਨਾ ਹੀ ਸੁੱਚੇ ਧਾਗੇ ਜਾਂ ਸੂਹੇ ਰੰਗਾਂ ਨਾਲ ਹੀ ਕੱਢੀ ਜਾਂਦੀ, ਫੁੱਲਕਾਰੀ ਤਾਂ ਬਹੁਤ ਸਾਰੀਆਂ ਧਰਾਤਲਾਂ, ਪਰਤਾਂ, ਪਹਿਰਾਂ, ਪਲਾਂ ਤੇ ਪ੍ਰਤੀਤੀਆਂ ਵਿਚ ਵੀ ਕੱਢੀ ਜਾਂਦੀ।
ਫੁੱਲਕਾਰੀ ਦੀ ਸੁਹਜਤਾ, ਸੁੰਦਰਤਾ, ਸੁਹੱਪਣ ਤੇ ਸਦੀਵਤਾ ਅਤੇ ਇਸ ਵਿਚ ਜਿ਼ੰਦਗੀ ਦੇ ਰੰਗ ਭਰਨ ਲਈ ਇਸ ਦੀਆਂ ਬਹੁ-ਪਰਤਾਂ ਦੀ ਨਿਸ਼ਾਨਦੇਹੀ ਕਰਨੀ ਅਤੇ ਇਨ੍ਹਾਂ ਨੂੰ ਆਪਣੇ ਅਵਚੇਤਨ ਦਾ ਹਿੱਸਾ ਬਣਾਉਣਾ ਲਾਜ਼ਮੀ।
ਫੁੱਲਕਾਰੀ, ਫਖਰ, ਫਰਾਖਦਿਲੀ, ਫੱਕਰਤਾ ਅਤੇ ਫਕੀਰੀ ਦਾ ਮੁਜੱਸਮਾ। ਇਸ ਵਿਚੋਂ ਬਹੁਤ ਸਾਰੀਆਂ ਧਾਰਾਵਾਂ ਚਾਹਤਾਂ, ਚਾਅ, ਚੰਗਿਆਈਆਂ ਤੇ ਚਾਹਨਾਵਾਂ ਦਾ ਰੂਪ ਧਾਰ, ਮਨੁੱਖਤਾ ਦੇ ਵਿਹੜੇ ਵਿਚ ਸੁਖਨ, ਸਕੂਨ ਅਤੇ ਸੰਤੁਸ਼ਟੀ ਦਾ ਸੰਗੀਤ ਗਾਉਂਦੀਆਂ। ਇਸ ਲਈ ਫੁੱਲਕਾਰੀ ਨੂੰ ਦੇਖਣਾ, ਅੰਤਰੀਵ ਵਿਚ ਉਤਾਰਨਾ ਅਤੇ ਇਸ ਦੀ ਸੰਵਦੇਨਾ ਨੂੰ ਆਪਣੀ ਸਮਝ, ਸੋਚ ਤੇ ਸੰਭਾਵਨਾ ਦਾ ਹਿੱਸਾ ਬਣਾਉਣਾ ਜਰੂਰੀ।
ਅੰਬਰ ਦੀ ਚਾਦਰ ‘ਤੇ ਤਾਰਿਆਂ ਦੀ ਅਨਾਇਤੀ ਫੁੱਲਕਾਰੀ ਵਿਚੋਂ ਕਿਰਦੀ ਰੌਸ਼ਨੀ, ਟਿਮਕਦੇ ਤਾਰਿਆਂ ਦਾ ਜਲੌਅ, ਅਕਾਸ਼-ਗੰਗਾਵਾਂ ਦੇ ਸਿਰਜੇ ਜਾ ਰਹੇ ਅਕਾਰਾਂ ਅਤੇ ਇਸ ਵਿਚੋਂ ਮਿਲਣ ਵਾਲੇ ਸੁਨੇਹਿਆਂ ਨੂੰ ਸਮਝਣ ਲਈ ਅੰਬਰ ਵਰਗਾ ਬਣਨਾ ਲੋਚੋ। ਅੰਬਰ ਵਰਗੀ ਵਿਸ਼ਾਲਤਾ ਦਾ ਹਾਣੀ ਬਣ ਕੇ ਚਾਨਣ ਦਾ ਵਣਜ ਕਰੋ। ਰਾਤ ਦੇ ਵਿਹੜੇ ਚੜ੍ਹੇ ਚੰਨ ਦੀ ਚਾਨਣੀ ਵਿਚ ਮੋਹਵੰਤੇ ਵਰਤਾਰਿਆਂ, ਪ੍ਰੇਮੀਆਂ ਦੀ ਗਲਵੱਕੜੀ ਅਤੇ ਚਕੋਰ ਦਾ ਮਿਲਾਪ ਲਈ ਆਹਰ ਕਰਨਾ ਜਰੂਰੀ ਏ। ਚਾਨਣੀ ਦੀ ਲੋਚਾ ਪਾਲਦਿਆਂ ਇਸ ਦੀਆਂ ਰਹਿਮਤਾਂ ਨੂੰ ਜਿਊਣ ਜੋਗਾ ਬਣਾਉਣ ਵਾਲੇ ਸਮੇਂ ਦੇ ਸ਼ਾਹ-ਅਸਵਾਰ ਹੁੰਦੇ।
ਇਕ ਫੁੱਲਕਾਰੀ ਕਿਸਾਨ ਵੀ ਖੇਤਾਂ ਵਿਚ ਆਪਣੇ ਮੁੜ੍ਹਕੇ, ਮਿਹਨਤ ਤੇ ਮਨ ਨਾਲ, ਮਾਨਵਤਾ ਲਈ ਕੱਢਦਾ ਜਦ ਉਹ ਧਰਤੀ `ਤੇ ਸਿਆੜ ਰੂਪੀ ਬੂਟੀਆਂ ਪਾਉਂਦਾ। ਉਗਦੇ ਬੀਆਂ, ਮੌਲਦੀਆਂ ਤੇ ਨਿੱਸਰਦੀਆਂ ਫਸਲਾਂ ਅਤੇ ਛਿੱਟਿਆਂ ਦੀ ਖੂਬਸੂਰਤੀ ਇਸ ਨੂੰ ਚਾਰ ਚੰਨ ਲਾਉਂਦੀ। ਇਹ ਫੁੱਲਕਾਰੀ ਅਮਾਨਤ ਹੁੰਦੀ, ਭਰੇ ਹੋਏ ਭੜੋਲੇ ਅਤੇ ਦਲਾਨ ਵਿਚ ਲੱਗੇ ਦਾਣਿਆਂ ਦੇ ਬੋਹਲਾਂ ਦੀ। ਇਹ ਫੁੱਲਕਾਰੀ ਕਿਰਤ, ਕਮਾਈ ਅਤੇ ਕੀਰਤੀ ਦਾ ਸੁਚੱਜਾ ਤੇ ਸਹੁੰਢਣਾ ਸਰੂਪ, ਜੋ ਰੋਟੀ ਦੀ ਬੁਰਕੀ ਵੀ ਬਣਦੀ, ਘਰ ਦੀ ਚੋਂਦੀ ਛੱਤ ਨੂੰ ਨਰੋਇਆ ਰੂਪ ਵੀ ਦਿੰਦੀ ਅਤੇ ਘਰਦਿਆਂ ਦੇ ਨੈਣਾਂ ਵਿਚ ਉਗੇ ਸੁਪਨਿਆਂ ਨੂੰ ਪੂਰੇ ਕਰਦੀ। ਕਦੇ ਕਦਾਈਂ ਇਹ ਧੀ-ਧਿਆਣੀ ਦਾ ਬਾਪ ਦੇ ਘਰ ਤੋਂ ਵਿਦਾ ਹੋਣ ਦਾ ਫਖਰਮਈ ਪਲ ਵੀ ਬਣਦੀ।
ਕਦੇ ਉਸ ਫੁੱਲਕਾਰੀ ਨੂੰ ਧਿਆਨ ਨਾਲ ਦੇਖਣਾ, ਜਿਹੜੀ ਮਾਂ ਵੱਲੋਂ ਚੌਂਕੇ ਦੇ ਓਟੇ ‘ਤੇ ਕੱਢੀ ਜਾਂਦੀ। ਇਸ ਸਦਕਾ ਹੀ ਮਾਂ ਦੀਆਂ ਪਕਾਈਆਂ ਰੋਟੀਆਂ ਅਤੇ ਖਾਣੇ ਦੀ ਲਜ਼ੀਜ਼ਤਾ ਆਰ-ਪਰਿਵਾਰ ਦੇ ਮੁਖੜਿਆਂ `ਤੇ ਚਮਕਦੀ। ਵਿਹੜਾ ਆਪਣੀ ਉਮਰ ਨੂੰ ਲੰਮੇਰਾ ਕਰਦਾ। ਰੌਣਕਾਂ, ਰੀਝਾਂ, ਰੂਹ-ਰੇਜ਼ਤਾ ਅਤੇ ਰੰਗਤਾ ਦਾ ਹੋਕਰਾ, ਮਾਂ ਵਲੋਂ ਕੱਢੀ ਇਸ ਫੁੱਲਕਾਰੀ ਦੇ ਸਦਕੇ ਜਾਂਦਾ। ਘਰ, ਘਰ ਵਾਲਿਆਂ ਦੀ ਪਹਿਲਕਦਮੀ ਦਾ ਸਿਰਨਾਵਾਂ ਬਣਦਾ।
ਕਦੇ ਕੁਦਰਤ ਵਲੋਂ ਪਹਾੜਾਂ `ਤੇ ਕੱਢੀ ਹੋਈ ਫੁੱਲਕਾਰੀ ਨੂੰ ਜਰਾ ਧਿਆਨ ਨਾਲ ਦੇਖਣਾ; ਕੁਦਰਤ ਦੀ ਕਲਾਕਾਰੀ ਨੂੰ ਨਿਹਾਰਨਾ ਅਤੇ ਇਸ ਦੀਆਂ ਬਾਰੀਕੀਆਂ, ਅਮੁੱਲਤਾ ਤੇ ਅਸੀਮਤਾ ਨੂੰ ਦੇਖਣ-ਪਤਾ ਲੱਗੇਗਾ ਕਿ ਕੁਦਰਤ ਕਿੰਨੀ ਬੇਅੰਤ ਹੈ? ਕਿੰਨੀ ਖੂਬਸੂਰਤੀ ਨੂੰ ਪਹਾੜਾਂ ਦੇ ਨਾਮ ਕਰ, ਮਨੁੱਖ ਨੂੰ ਹਰ ਪਲ ਪਹਾੜਾਂ ਦਾ ਸਾਥ ਮਾਣਨ ਲਈ ਉਕਸਾਉਂਦੀ? ਤਾਂ ਹੀ ਲੋਕ ਜਿ਼ੰਦਗੀ ਦੀ ਟੁੱਟ-ਭੱਜ ਤੇ ਦੌੜ-ਭੱਜ ਤੋਂ ਅੱਕੇ, ਪਹਾੜਾਂ ਦੀ ਫੁੱਲਕਾਰੀ ਤੋਂ ਸਿਹਤ, ਸੰੁਦਰਤਾ, ਸੁੱਖਨ ਨੂੰ ਹੰਢਾਉਂਦੇ, ਸੰਧੂਰੀ ਪਲਾਂ ਨੂੰ ਮਾਣਦੇ। ਇਸ ਨੂੰ ਜੀਵਨ ਦੀ ਯਾਦ ਬਣਾ ਕੇ ਜਦ ਘਰਾਂ ਨੂੰ ਪਰਤਦੇ ਤਾਂ ਇਸ ਫੁੱਲਕਾਰੀ ਦੀਆਂ ਬਰਕਤਾਂ ਉਨ੍ਹਾਂ ਦੇ ਚੇਤਿਆਂ ਵਿਚ ਸਦਾ ਚਿਰੰਜੀਵ ਰਹਿੰਦੀਆਂ।
ਕਦੇ ਕਦਾਈਂ ਸਮਾਂ ਲੱਗੇ ਤਾਂ ਸਮੁੰਦਰ ਦੀ ਤਹਿ ਵਿਚਲੀ ਰੰਗ-ਬਿਰੰਗੀ ਫੁੱਲਕਾਰੀ ਦੇ ਸ਼ੋਖ ਰੰਗਾਂ, ਕ੍ਰਿਸ਼ਮਿਆਂ ਅਤੇ ਕਰਤਾਰੀ ਵਰਤਾਰੇ ਦੀ ਅਚੰਭਤਾ ਅਤੇ ਅਚਰਜਤਾ ਨੂੰ ਦੇਖਣਾ। ਸਮੁੰਦਰ ਦੀ ਧਰਾਤਲ ਵਿਚ ਕੁਦਰਤ ਵਲੋਂ ਕੱਢੀ ਗਈ ਫੁੱਲਕਾਰੀ ਨੂੰ ਦੇਖਣ ਅਤੇ ਇਸ ਨੂੰ ਅੰਦਰ ਉਤਾਰਨ ਲਈ ਮਨੁੱਖ ਵਾਰ ਵਾਰ ਸਮੁੰਦਰ ਦੀ ਤਹਿ ਫਰੋਲਦਾ। ਸਮੁੰਦਰੀ ਦੁਨੀਆਂ ਵਲੋਂ ਸਿਰਜੀ ਇਸ ਫੁੱਲਕਾਰੀ ਨੂੰ ਬਹੁਤ ਘੱਟ ਲੋਕ ਸਮਝਣ ਅਤੇ ਸੋਚਣ ਤੋਂ ਸਮਰੱਥ। ਕਿਵੇਂ ਸਮਝ ਸਕਦੇ ਨੇ ਇਸ ਦੀ ਅਹਿਮੀਅਤ ਅਤੇ ਅਮੀਰਤਾ? ਇਹ ਕੇਹਾ ਭਾਵੀ ਪ੍ਰਤਾਪ ਹੈ ਸਮੁੰਦਰ ਦਾ, ਇਕ ਤਹਿ ਵਿਚ ਕੱਢਦਾ ਤੇ ਦੂਸਰੀ ਬੀਚ-ਰੂਪੀ ਫੁੱਲਕਾਰੀ। ਬੀਚ ‘ਤੇ ਅਲਸਾਏ ਅਤੇ ਸੰਧੂਰੀ ਪਲਾਂ ਨੂੰ ਮਾਣਦੇ ਸੈ਼ਲਾਨੀਆਂ ਦੀ ਸਕੂਨ-ਫੁੱਲਕਾਰੀ, ਤੁਹਾਨੂੰ ਇਸ ਵਿਚ ਸੰਮਿਲਤ ਹੋਣ ਲਈ ਪ੍ਰੇਰਦੀ ਹੈ।
ਇਕ ਫੁੱਲਕਾਰੀ ਮਾਰੂਥਲ ਦੇ ਪਿੰਡੇ ‘ਤੇ ਰੇਤ ਦੀਆਂ ਲਹਿਰਾਂ ਅਤੇ ਪਰਤਾਂ ਵਿਚੋਂ ਜਦ ਕੋਈ ਨਿਹਾਰਦਾ ਤਾਂ ਸਮਝ ਆਉਂਦੀ ਕਿ ਇਹ ਕਲਾਕਾਰੀ ਸਭ ਕਲਾਕਾਰਾਂ ਤੋਂ ਉਤਮ। ਕੌਣ ਕਰ ਸਕਦਾ ਏ ਇਸ ਕ੍ਰਿਤਕਾਰੀ ਦਾ ਮੁਕਾਬਲਾ? ਦੂਰ ਦੂਰ ਤੀਕ ਮਾਰੂਥਲ `ਤੇ ਉਕਰੀ ਹੋਈ ਫੁੱਲਕਾਰੀ ਦੀ ਸੁੰਦਰਤਾ ਅਕਹਿ, ਅਥਾਹ, ਅਸੀਮ, ਅਚੰਭਾ ਤੇ ਅਸਗਾਹ। ਇਸ ਦੀਆਂ ਰੇਤ-ਬੂਟੀਆਂ ਤੇ ਰੇਤ-ਵੇਲਾਂ ਦਰਸ਼ਕਾਂ ਨੂੰ ਆਪਣੇ ਵੱਲ ਅਹੁਲਣ ਲਈ ਮਜਬੂਰ ਕਰਦੀਆਂ। ਚੰਨ-ਚਾਨਣੀ ਵਿਚ ਮਾਰੂਥਲ `ਤੇ ਪੈਂਦੀਆਂ ਕਿਰਨਾਂ ਅਤੇ ਇਸ ਵਿਚੋਂ ਉਭਰਦੇ ਬਿੰਬਾਂ ਨੂੰ ਨਿਹਾਰਦਿਆਂ ਪਤਾ ਲੱਗਦਾ ਕਿ ਇਸ ਦੀ ਕਲਾ-ਨਿਕਾਸ਼ੀ ਵਿਚੋਂ ਕਿੰਨੇ ਆਕਾਰਾਂ, ਅਕਿਰਤੀਆਂ ਅਤੇ ਆਫਤਾਬੀ ਦ੍ਰਿਸ਼ਾਂ ਨੂੰ ਦ੍ਰਿਸ਼ਟਮਾਨ ਕਰਨ ਤੇ ਸੰਵੇਦਨਾ ਨੂੰ ਸਮਿਆਂ ਦਾ ਹਾਣੀ ਬਣਾਉਣ ਦੀ ਲੋੜ ਹੈ; ਪਰ ਇਸ ਫੁੱਲਕਾਰੀ ਵਿਚ ਸੱਸੀ ਦੀ ਲੇਰ ਅਤੇ ਕੇਰੇ ਹੋਏ ਹੰਝੂ, ਫੁੱਲਕਾਰੀ ਵਿਚ ਹਉਕਾ ਵੀ ਧਰਦੇ। ਪੁੰਨੂ ਬਲੋਚ ਦੀਆਂ ਦੂਰ ਜਾਂਦੀਆਂ ਪੈੜਾਂ, ਸੋਗ ਦਾ ਸਿਰਨਾਵਾਂ ਬਣ ਕੇ ਫੁੱਲਕਾਰੀ ਦੀ ਕੰਨੀ ਵਿਚ ਵੀ ਉਗਦਾ।
ਫੁੱਲਕਾਰੀ ਜਦ ਵਰਕੇ `ਤੇ ਅੱਖਰਾਂ ਵਲੋਂ ਕੱਢੀ ਜਾਂਦੀ ਤਾਂ ਅਰਥਾਂ ਦੇ ਦੀਵੇ ਜਗਦੇ। ਵਾਕਾਂ ਦੀਆਂ ਮੋਮਬੱਤੀਆਂ ਚਾਨਣ ਬਿਖੇਰਦੀਆਂ। ਅੱਖਰਾਂ ਵਿਚੋਂ ਦਗਦੇ ਸੁੱਚੇ ਰੰਗ, ਸ਼ਬਦਾਂ ਦੀ ਸਾਂਝ ਤੇ ਮਨੁੱਖਤਾ-ਰੂਪੀ ਮੁਹਾਂਦਰਾ, ਅਗਲੀਆਂ ਨਸਲਾਂ ਨੂੰ ਇਕ ਸੁਨੇਹਾ ਦਿੰਦਾ। ਇਹ ਫੁੱਲਕਾਰੀ ਤਵਾਰੀਖ ਬਣ ਕੇ ਵਿਰਾਸਤ ਬਣਦੀ ਅਤੇ ਇਸ ਵਿਰਾਸਤ ਨੂੰ ਇਕ ਪੀਹੜੀ ਤੋਂ ਦੂਸਰੀ ਪੀਹੜੀ ਵੱਲ ਤੋਰਨਾ, ਫੁੱਲਕਾਰੀ ਦਾ ਕਰਮ ਤੇ ਕਿੱਤਾ। ਇਸ ਕਰਤਾਰੀ ਕਰਮ ਨੂੰ ਸਿਰਫ ਅੱਖਰ ਫੁੱਲਕਾਰੀ ਹੀ ਨਿਭਾ ਸਕਦੀ। ਇਸ ਫੁੱਲਕਾਰੀ ਨੂੰ ਆਪਣੀ ਚੇਤਨਾ ਦਾ ਹਿੱਸਾ ਬਣਾਓ, ਕਿਉਂਕਿ ਇਸ ਵਿਚੋਂ ਕਦੇ ਕੋਈ ਕਵਿਤਾ, ਕਹਾਣੀ, ਨਾਵਲ ਪੁੰਗਰਦਾ ਅਤੇ ਕਦੇ ਇਹ ਰੁਜ਼ਗਾਰ ਦਾ ਸਬੱਬ ਵੀ ਬਣਦੀ।
ਜਦ ਕੋਈ ਕੈਨਵਸ, ਫੁੱਲਕਾਰੀ ਦਾ ਰੂਪ ਧਰਦੀ ਤਾਂ ਬੁਰਸ਼ ਅਤੇ ਰੰਗਾਂ ਰਾਹੀਂ ਮਨ ਵਿਚ ਬੈਠੀਆਂ ਭਾਵਨਾਵਾਂ, ਅਚੇਤ ਸੁਪਨਿਆਂ, ਸੋਚਾਂ ਅਤੇ ਦੱਬੇ ਚਾਵਾਂ ਨੂੰ ਕੈਨਵਸ `ਤੇ ਉਕਰਨ ਦਾ ਸੁੰਦਰ ਮੌਕਾ ਮਿਲਦਾ। ਕੈਨਵਸ ਦੇ ਰੰਗਾਂ, ਸ਼ਕਲਾਂ, ਆਕਾਰਾਂ ਵਿਚੋਂ ਉਗਮਦੀ ਸੰਵੇਦਨਾ ਨੂੰ ਉਘਾੜਨ ਦਾ ਸਾਧਨ ਵੀ ਫੁੱਲਕਾਰੀ ਬਣਦੀ। ਇਸ ਫੁੱਲਕਾਰੀ ਵਿਚ ਭੂਤ, ਭਵਿੱਖ ਅਤੇ ਵਰਤਮਾਨ, ਦ੍ਰਿਸ਼ਟਾਂਤ ਰਾਹੀਂ ਬੀਤੇ ਹੋਏ ਵਕਤ ਨੂੰ ਆਉਣ ਵਾਲੀਆਂ ਨਸਲਾਂ ਦੇ ਨਾਮ ਕਰਨ ਦਾ ਸੂਤਰਧਾਰ ਵੀ ਬਣਦੇ।
ਫੁੱਲਕਾਰੀ ਤਾਂ ਮਨ ਵਿਚ ਪਲ ਪਲ ਬਦਲਦੇ ਵਿਚਾਰਾਂ, ਭਾਵਨਾਵਾਂ, ਸੋਚਾਂ, ਸਾਧਨਾਂ, ਤਕਦੀਰਾਂ, ਤਦਬੀਰਾਂ, ਤਸਵੀਰਾਂ ਅਤੇ ਤਸ਼ਬੀਹਾਂ ਨੂੰ ਮਸਤਕ ਦੇ ਚਿੱਤਰਪੱਟ ‘ਤੇ ਉਕਰਦੀ ਤੇ ਬੰਦੇ ਅੰਦਰ ਬੈਠੇ ਉਸ ਬੰਦੇ ਨੂੰ ਪ੍ਰਗਟ ਕਰਦੀ, ਜਿਸ ਤੋਂ ਬੰਦਾ ਖੁਦ ਵੀ ਮੁਨਕਰ ਹੁੰਦਾ। ਅੰਤਰੀਵ ਵਿਚ ਬੈਠੇ ਹੋਏ ਬੰਦੇ ਦੀਆਂ ਜੁਗਤਾਂ, ਜੁਅਰਤਾਂ, ਜ਼ਜ਼ਬਿਆਂ ਵਿਚੋਂ ਹੀ ਜ਼ਮੀਰ ਜਾਗਦੀ ਜਾਂ ਮਰ ਜਾਂਦੀ। ਮਨੁੱਖਤਾ, ਮਮਤਾ, ਮੁਹਤਾਜੀ, ਮਾਣ-ਸਨਮਾਨ, ਮੁਕਾਬਲੇਬਾਜ਼ੀ, ਮੁਕਾਮ, ਮਾਹੌਲ, ਮਰਦਾਨਗੀ ਅਤੇ ਮੌਤ ਨੂੰ ਵੀ ਮਨ ਵਿਚ ਚਿਤਾਰਦਾ। ਇਸ ਫੁੱਲਕਾਰੀ ਨੂੰ ਆਪਣੇ ਅੰਦਰ ਲਕੋਂਦਾ ਅਤੇ ਅਪੂਰਤ ਸੁਪਨਿਆਂ ਨੂੰ ਜੱਗ-ਜਾਹਰ ਕਰਨ ਤੋਂ ਕਦੇ ਹੋੜਦਾ ਅਤੇ ਕਦੇ ਜੱਗ ਨੂੰ ਦਿਖਾਉਂਦਾ।
ਇਕ ਫੁੱਲਕਾਰੀ ਘਰ ਦੇ ਜੀਅ ਤੇ ਘਰ ਦੀ ਚਾਰ-ਦੀਵਾਰੀ। ਕਮਰਾ, ਵਿਹੜਾ, ਸਬਾਤ, ਦਲਾਨ ਜਾਂ ਕੋਠੜੀਆਂ ਵਿਚ ਰਹਿੰਦੇ ਹਰ ਜੀਅ ਦਾ ਆਪਣਾ ਵੱਖਰਾ ਰੰਗ, ਵਿਲੱਖਣ ਅੰਦਾਜ਼, ਵੱਖਰਾ ਸੋਚਣ ਤੇ ਸੰਵੇਦਨਾ ਦਾ ਢੰਗ। ਇਸ ਵਰਤਾਰੇ ਨੂੰ ਆਪਣੀ ਸਮਝ ਅਨੁਸਾਰ ਸਮਝਣ ਅਤੇ ਜੀਵਨ ਦਾ ਹਿੱਸਾ ਬਣਾਉਣ ਦੀ ਚਾਹਤ। ਇਸ ਸੁੰਦਰ ਫੁੱਲਕਾਰੀ ਨਾਲ ਜੀਆਂ ਦਾ ਟੱਬਰ ਬਣਦਾ, ਪਰਿਵਾਰ ਬਣਦਾ ਅਤੇ ਪਰਿਵਾਰ ਮਿਲ ਕੇ ਮਕਾਨ ਨੂੰ ਘਰ ਬਣਾਉਂਦਾ।
ਸਮੁੱਚਤਾ ਵਿਚੋਂ ਜਦ ਸਦੀਵਤਾ, ਸੰਜੀਵਤਾ, ਸੁਖਨਤਾ ਜਨਮ ਲੈਂਦੀ ਤਾਂ ਫੁੱਲਕਾਰੀ ਨੂੰ ਆਪਣੇ ਰੰਗਾਂ, ਧਾਗਿਆਂ, ਕਲਾਕਾਰੀ ਅਤੇ ਪਾਏ ਜਾ ਰਹੇ ਤਰੋਪਿਆਂ `ਤੇ ਨਾਜ਼ ਹੁੰਦਾ।
ਸਮੁੱਚੀ ਦੁਨੀਆਂ ਹੀ ਇਕ ਫੁੱਲਕਾਰੀ, ਜਿਸ ਵਿਚ ਵੱਖ-ਵੱਖ ਖਿੱਤੇ, ਲੋਕ, ਰਸਮੋ-ਰਿਵਾਜ, ਪਹਿਰਾਵਾ, ਬੋਲੀ, ਧਰਾਤਲ, ਮੌਸਮ, ਪੌਣ-ਪਾਣੀ, ਰੁੱਤਾਂ, ਕਿੱਤੇ, ਵਰਤੋਂ-ਵਿਹਾਰ, ਰਿਸ਼ਤੇ, ਮਾਨਸਿਕ ਸੋਚ ਅਤੇ ਤਰਜ਼ੀਹਾਂ ਵਿਚ ਅੰਤਰ। ਉਨ੍ਹਾਂ ਦੇ ਯਤਨਾਂ, ਸਾਧਨਾ, ਸਮਰੱਥਾਵਾਂ, ਸੁਪਨਿਆਂ ਅਤੇ ਸਫਲਤਾਵਾਂ ਵਿਚ ਫਰਕ। ਉਨ੍ਹਾਂ ਦੀਆਂ ਜਰੂਰਤਾਂ, ਜਗਿਆਸਾਵਾਂ, ਜੁਗਾੜਾਂ, ਅਤੇ ਜੁ਼ਬਾਨਾਂ ਵਿਚ ਭਿੰਨਤਾ। ਇਸ ਫੁੱਲਕਾਰੀ ਦੇ ਰੰਗਾਂ ਅਤੇ ਧਾਗਿਆਂ ਦੀ ਸੁੱਚਮਤਾ, ਸੁੱਚਤਾ ਤੇ ਸੂਹੇਪਣ ਦਾ ਕਮਾਲ ਕਿ ਸਾਰੀ ਦੁਨੀਆਂ ਹੁਸੀਨ, ਹੱਸਮੁੱਖ, ਹਮਜੋਲਤਾ ਤੇ ਹਾਜਰ-ਜਵਾਬੀ ਵਿਚ ਮਕਬੂਲ ਅਤੇ ਮਸਤ।
ਮਨੁੱਖੀ ਜੀਵਨ ਦੇ ਵੱਖ-ਵੱਖ ਪੜਾਵਾਂ ਨੂੰ ਸ਼ਕਲਾਂ ਅਤੇ ਸੂਰਤਾਂ ਵਿਚ ਰੰਗਣਾ ਹੋਵੇ ਤਾਂ ਇਸ ਤੋਂ ਬਿਹਤਰ ਕੋਈ ਹੋਰ ਫੁੱਲਕਾਰੀ ਹੋ ਹੀ ਨਹੀਂ ਸਕਦੀ। ਬਹੁਤ ਜ਼ਬਰਦਸਤ ਅਤੇ ਜਗਿਆਸੂ ਫੁੱਲਕਾਰੀ। ਇਸ ਵਿਚ ਘੁੱਲੇ ਹੋਏ ਨੇ ਬਚਪਨ, ਜਵਾਨੀ, ਅਧੇੜਖੜ, ਬੁਢਾਪਾ। ਕਦੇ ਬਾਪ ਦੀ ਉਂਗਲ ਫੜ ਕੇ ਤੁਰਨਾ, ਕਦੇ ਫੁੱਟਦੀ ਲੂਈਂ ਵਿਚ ਧਰਤੀ `ਤੇ ਪੈਰ ਨਾ ਲੱਗਣਾ, ਕਦੇ ਜਵਾਨੀ ਦਾ ਅੰਨ੍ਹਾ ਜੋਰ, ਕਦੇ ਪੈਰਾਂ ਵਿਚ ਸਫਰ ਦਾ ਠੱਲ੍ਹ ਜਾਣਾ, ਕਦੇ ਸਰੀਰਕ ਸਮਰੱਥਾ ਦਾ ਘਟ ਜਾਣਾ, ਕਦੇ ਡੰਗੋਰੀ ਆਸਰੇ ਕੁਝ ਕੁ ਕਦਮ ਉਠਾਉਣ ਦੀ ਮਜਬੂਰੀ ਅਤੇ ਆਖਰ ਨੂੰ ਬੱਚਿਆਂ ਦੇ ਮੋਢੇ ‘ਤੇ ਕਬਰ ਤੀਕ ਦਾ ਪੈਂਡਾ। ਕਦੇ ਸੁਪਨੇ ਲੈਣਾ, ਕਦੇ ਸੁਪਨਿਆਂ ਨੂੰ ਪੂਰਾ ਕਰਨਾ। ਕਦੇ ਸੁਪਨਿਆਂ ਦੇ ਰੁੱਸ ਜਾਣ `ਤੇ ਜਿ਼ੰਦਗੀ ਤੋਂ ਰੁੱਸਣਾ, ਆਦਿ ਬਹੁਤ ਸਾਰੇ ਰੰਗ ਨੇ ਜਿਨ੍ਹਾਂ ਦੀ ਆਭਾ, ਜੀਵਨ-ਫੁੱਲਕਾਰੀ ਨੂੰ ਅਜਿਹਾ ਚਿੱਤਰਪੱਟ ਬਣਾਉਂਦੀ ਕਿ ਇਸ ਵਿਚੋਂ ਮਨੁੱਖੀ ਜੀਵਨ ਦੇ ਸਾਰੇ ਝਲਕਾਰੇ ਨਜ਼ਰ ਆਉਂਦੇ।
ਫੁੱਲਕਾਰੀ ਦੇ ਰੰਗਾਂ ਵਿਚ ਜੀਵਨ-ਸ਼ੈਲੀ ਨੂੰ ਲਬਰੇਜ਼ ਕਰਨਾ। ਇਸ ਦੀ ਰੰਗਤਾ ਵਿਚ ਜੀਵਨ ਨੂੰ ਸੇਧ ਦੇਣਾ ਹੀ ਮਨੋਰਥ ਹੋਵੇ ਤਾਂ ਜੀਵਨ ਨੂੰ ਜੀਵਨ ਕਹਿਣ ਲੱਗਿਆਂ ਮਾਣ ਮਹਿਸੂਸ ਹੁੰਦਾ।
ਪਰ ਦੁੱਖ ਹੁੰਦਾ ਕਿ ਮਨੁੱਖ ਇਸ ਫੁੱਲਕਾਰੀ ਦੇ ਰੰਗਾਂ ਦੀਆਂ ਰਮਜ਼ਾਂ, ਧਾਗਿਆਂ ਵਿਚ ਪਰੋਈਆਂ ਧਰਮ-ਕਰਮ ਦੀਆਂ ਧਾਰਨਾਵਾਂ ਅਤੇ ਸੂਈ ਨਾਲ ਪਾਏ ਜਾਣ ਵਾਲੇ ਮੋਰ, ਘੁੱਗੀਆਂ, ਫੁੱਲ-ਬੂਟੇ ਅਤੇ ਓਟੇ ਦੀਆਂ ਚਿੜੀਆਂ ਵਿਚੋਂ ਮਨੁੱਖੀ ਅੱਖ ਨੇ ਕੀ ਪੜ੍ਹਨਾ? ਕੀ ਅਧੂਰਾ ਛੱਡ ਦੇਣਾ? ਪੜ੍ਹੇ ਵਿਚੋਂ ਕੀ ਸਮਝਣਾ? ਇਸ ਨੂੰ ਕਿਹੜੇ ਅਰਥਾਂ ਰਾਹੀਂ ਜੀਵਨ ਵਿਚ ਢਾਲਣਾ, ਇਹ ਤਾਂ ਮਨੁੱਖੀ ਫਿਤਰਤ ‘ਤੇ ਨਿਰਭਰ।
ਕਦੇ ਚਮਨ ਵਿਚ ਟਹਿਲਣਾ। ਵੱਖੋ-ਵੱਖਰੇ ਰੰਗਾਂ, ਰੁੱਤਾਂ, ਪੱਤਿਆਂ ਅਤੇ ਕਿਸਮਾਂ ਦੇ ਫੁੱਲਾਂ ਨਾਲ ਧਰਤੀ `ਤੇ ਵਿੱਛੀ ਹੋਈ ਫੁੱਲਕਾਰੀ ਨੂੰ ਧਿਆਨ ਨਾਲ ਦੇਖਣਾ, ਤੁਸੀਂ ਖੁਦ ਵੀ ਫੁੱਲਕਾਰੀ ਦਾ ਹਿੱਸਾ ਬਣ ਜਾਵੋਗੇ। ਇਸ ਫੁੱਲਕਾਰੀ ਵਿਚ ਤਿੱਤਲੀਆਂ ਦੀ ਉਡਾਣ ਅਤੇ ਭੌਰਿਆਂ ਦਾ ਮਸਤੀ ਰਾਗ ਵੀ ਸ਼ਾਮਲ। ਆਪਣੇ ਕਰਮ ਵਿਚ ਰੁੱਝੀਆਂ ਸ਼ਹਿਦ ਦੀਆਂ ਮੱਖੀਆਂ। ਕਿਧਰੇ ਫੁੱਲਾਂ ਨੂੰ ਪਾਣੀ ਦਿੰਦਾ ਮਾਲੀ। ਫੁੱਲਕਾਰੀ ਵਿਚ ਰੂਹ ਦੀ ਚਾਸ਼ਣੀ; ਤਾਂ ਹੀ ਮਾਲੀ ਦੀ ਹਾਜ਼ਰੀ ਵਿਚ ਫੁੱਲ ਜਿ਼ਆਦਾ ਟਹਿਕਦੇ ਤੇ ਮਹਿਕਦੇ। ਰੰਗਾਂ ਦੀ ਹੱਟ ਲਾਉਂਦੇ ਅਤੇ ਮਹਿਕਾਂ ਦਾ ਵਣਜ ਕਰਦੇ, ਹਰ ਇਕ ਦੀ ਝੋਲੀ ਖੁਸ਼ੀਆਂ ਤੇ ਖੇੜਿਆਂ ਨਾਲ ਭਰਦੇ।
ਫੁੱਲਕਾਰੀ ਨੱਢੀ ਦੇ ਸਿਰ ਸੋਂਹਦੀ, ਸਵਾਣੀ ਨੂੰ ਭਾਉਂਦੀ। ਨਿਵਾਰੀ ਮੰਜੇ `ਤੇ ਵਿਛੀ, ਬਿਸਤਰੇ ਨੂੰ ਭਾਗ ਲਾਉਂਦੀ। ਵਿਆਹੁੰਦੜ ਦੇ ਮੋਢਿਆਂ `ਤੇ ਸੂਹਾ ਸਾਲੂ ਬਣ ਕੇ ਸ਼ਗਨ ਲਈ ਝੋਲੀ ਫੈਲਾਉਂਦੀ ਅਤੇ ਸੱਜਰੇ ਚਾਵਾਂ ਦਾ ਸੁਰਮਾ, ਦੀਦਿਆਂ ਵਿਚ ਮਟਕਾਉਂਦੀ।
ਫੁੱਲਕਾਰੀ ਪੰਜਾਬੀ ਵਿਰਸੇ ਦਾ ਮੁਹਾਂਦਰਾ। ਵਿਰਾਸਤ ਦਾ ਮਹੱਤਵਪੂਰਨ ਪਹਿਲੂ। ਬਜੁਰਗਾਂ ਦੀ ਸੰਵੇਦਨਾ। ਕਲਾ ਤੇ ਕੀਰਤੀ ਦਾ ਪ੍ਰਤੱਖ ਪ੍ਰਮਾਣ। ਮਾਂਵਾਂ ਦੇ ਸੰਦੂਕਾਂ ਦਾ ਸਿ਼ੰਗਾਰ। ਮਾਂ, ਵਿਆਹ ਦੇ ਮੌਕੇ `ਤੇ ਇਕ ਫੁੱਲਕਾਰੀ ਧੀ ਨੂੰ ਜਰੂਰ ਦਿੰਦੀ ਤਾਂ ਕਿ ਫੁੱਲਕਾਰੀ ਵਿਚੋਂ ਮਾਂ ਦੀ ਸੂਰਤ ਦਿਖਾਈ ਦਿੰਦੀ ਰਹੇ। ਫੁੱਲਕਾਰੀ ਨੂੰ ਟੋਂਹਦੀ, ਮਾਂ ਦੇ ਹੱਥਾਂ ਦੀ ਛੋਹ ਮਹਿਸੂਸ ਕਰਦੀ ਰਹੇ। ਧੀਆਂ ਅਕਸਰ ਹੀ ਮਾਂ ਦੀ ਕੱਢੀ ਹੋਈ ਫੁੱਲਕਾਰੀ ਵਿਚੋਂ ਮਾਂ ਦੇ ਰੰਗ-ਰੱਤੜੇ ਭਾਵਾਂ ਨੂੰ ਮਹਿਸੂਸ ਕਰ, ਆਪਣੀ ਮਾਂ ਨਾਲ ਬਿਤਾਏ ਉਨ੍ਹਾਂ ਬੇਫਿਕਰੀ ਭਰੇ ਪਲਾਂ ‘ਚ ਪਹੁੰਚ ਜਾਂਦੀਆਂ।
ਸਭ ਲਈ ਫੁੱਲਕਾਰੀ ਵਰਗਾ ਬਣਨਾ ਬਹੁਤ ਜਰੂਰੀ; ਪਰ ਫੁੱਲਕਾਰੀ ਬਣਨ ਤੋਂ ਪਹਿਲਾਂ ਸਾਡੇ ਮਨ ਵਿਚ ਪਾਏ ਜਾਣ ਵਾਲੇ ਚਿੱਤਰਾਂ ਦਾ ਧਿਆਨ ਹੋਵੇ, ਸੂਹੇ ਰੰਗਾਂ ਦਾ ਗਿਆਨ ਹੋਵੇ ਅਤੇ ਸੋਚਾਂ ਵਿਚ ਸੁੱਚੇ ਧਾਗਿਆਂ ਦੀ ਪਛਾਣ ਹੋਵੇ। ਹੱਥਾਂ ਵਿਚ ਸ਼ਫਾ ਹੋਵੇ ਕਿ ਉਹ ਕਢਾਈ ਅਤੇ ਇਸ ਵਿਚੋਂ ਉਡਦੇ ਪਾਕ-ਪਰਿੰਦਿਆਂ ਨੂੰ ਪਛਾਣਨ। ਇਨ੍ਹਾਂ ਦੀ ਮਨੋਕਾਮਨਾਵਾਂ ਤੇ ਮਾਨਸਿਕਤਾ ਨੂੰ ਜਾਣਨ ਦੀ ਜਾਚ ਹੋਵੇ ਤਾਂ ਅਸੀਂ ਫੁੱਲ ਤੋਂ ਫੁੱਲਕਾਰੀ ਦਾ ਸਫਰ ਕਰਕੇ, ਜੀਵਨੀ ਫੁੱਲਕਾਰੀ ਨਾਲ ਜਿ਼ੰਦਗੀ ਨੂੰ ਜਿਉਣ ਜੋਗਾ ਕਰ ਸਕਦੇ ਹਾਂ।