ਟਾਈਗਰ ਜੀਤ ਸਿੰਘ ਦੀ ਜੀਵਨੀ

ਪ੍ਰਿੰ. ਸਰਵਣ ਸਿੰਘ
‘ਜੀਤ ਨੇ ਜੱਗ ਜਿੱਤਿਆ’ ਟਾਈਗਰ ਜੀਤ ਸਿੰਘ ਸੂਜਾਪੁਰੀਏ ਦੀ ਜੀਵਨੀ ਹੈ, ਜੋ ਸੁਰਿੰਦਰਪ੍ਰੀਤ ਸਿੰਘ ਨੇ ਲਿਖੀ ਤੇ ਮਨਦੀਪ ਪਬਲੀਕੇਸ਼ਨ ਨੇ ਪ੍ਰਕਾਸਿ਼ਤ ਕੀਤੀ। ਟਾਈਗਰ ਜੀਤ ਸਿੰਘ ਨੂੰ ਫਰੀ ਸਟਾਈਲ ਕੁਸ਼ਤੀਆਂ ਦਾ ‘ਕਿੰਗ ਆਫ ਕਿੰਗਜ਼’ ਕਿਹਾ ਜਾਂਦਾ ਸੀ-ਡਬਲਯੂ. ਡਬਲਯੂ. ਈ. ਕੁਸ਼ਤੀਆਂ ਦਾ ਵਰਲਡ ਚੈਂਪੀਅਨ। ਜਪਾਨੀ ਉਸ ਨੂੰ ਜਪਾਨੀ ਕੁਸ਼ਤੀ ‘ਸੁਮੋ’ ਦੇ ਪਹਿਲਵਾਨਾਂ ਤੋਂ ਵੀ ਵੱਧ ਪਿਆਰਦੇ ਸਨ। ਜਪਾਨ ਦਾ ਉਹ ਆਨਰੇਰੀ ਸਿਟੀਜ਼ਨ ਸੀ। ਪਾਕਿਸਤਾਨ ਵਿਚ ਵੀ ਉਸ ਦਾ ਬਹੁਤ ਆਦਰ-ਮਾਣ ਸੀ। ਹੁਣ ਉਹ ਅੱਸੀਆਂ ਸਾਲਾਂ ਨੂੰ ਢੁੱਕਣ ਲੱਗਾ ਹੈ। ਉਹਦਾ ਅਸਲੀ ਨਾਂ ਜਗਜੀਤ ਸਿੰਘ ਹਾਂਸ ਹੈ। ਅੱਜ ਕੱਲ੍ਹ ਉਹ ਟੋਰਾਂਟੋ ਲਾਗੇ ਮਿਲਟਨ ਵਿਚ ਰਹਿੰਦਾ ਹੈ। ਉਥੇ ਉਸ ਦੀ ਟਾਈਗਰ ਫਾਊਂਡੇਸ਼ਨ ਵੱਲੋਂ ਇਕ ਸੈਕੰਡਰੀ ਸਕੂਲ ਤੇ ਕੁਝ ਹੋਰ ਅਦਾਰੇ ਚਲਾਏ ਜਾ ਰਹੇ ਹਨ। ਉਹ ਮਿਲਟਨ ਦਾ ਸਨਮਾਨਿਤ ਸ਼ਹਿਰੀ ਹੈ। ਜਿੰਨਾ ਤਕੜਾ ਉਹ ਪਹਿਲਵਾਨ ਸੀ, ਓਨੇ ਹੀ ਖੁੱਲ੍ਹੇ ਦਿਲ ਵਾਲਾ ਦਾਨੀ ਹੈ।

ਪਿੰਡ ਸੂਜਾਪੁਰ ਤਹਿਸੀਲ ਜਗਰਾਓਂ ਦੀਆਂ ਜੂਹਾਂ `ਚ ਖੇਡਣ-ਮੱਲ੍ਹਣ ਪਿੱਛੋਂ 1966 ਵਿਚ ਜਦੋਂ ਕੈਨੇਡਾ ਗਿਆ ਤਾਂ ਡਬਲਯੂ. ਡਬਲਯੂ. ਇੰਟਰਟੇਨਮੈਂਟ ਵਾਲੀਆਂ ਕੁਸ਼ਤੀਆਂ ਦੇ ਸਿਰ `ਤੇ ਕਰੋੜਾਂ ਡਾਲਰਾਂ `ਚ ਖੇਡਿਆ।
ਉਸ ਦਾ ਬਾਪ ਮੇਜਰ ਗੁਰਬਚਨ ਸਿੰਘ ਹਾਂਸ ਗੁਰੂਸਰ ਸੁਧਾਰ ਤੋਂ ਦਸ ਜਮਾਤਾਂ ਪੜ੍ਹ ਕੇ ਦੂਜੀ ਵਿਸ਼ਵ ਜੰਗ ਸਮੇਂ ਫੌਜ ਵਿਚ ਭਰਤੀ ਹੋ ਗਿਆ ਸੀ। ਉਸ ਦੇ ਚਾਰ ਪੁੱਤਰ ਹੋਏ ਤੇ ਦੋ ਧੀਆਂ। 1947 ਵਿਚ ਉਸ ਦੀ ਡਿਊਟੀ ਪੋਠੋਹਾਰ ਦੇ ਇਲਾਕੇ ਵਿਚ ਫਸੇ ਹਿੰਦੂ-ਸਿੱਖਾਂ ਨੂੰ ਕੱਢ ਲਿਆਉਣ ਦੀ ਲੱਗੀ ਸੀ। ਉਹਦੀ ਗਾਰਦ ਨੇ ਹੋਰਨਾਂ ਨਾਲ ਇਕ ਅਨਾਥ ਬੱਚਾ ਵੀ ਲਿਆਂਦਾ, ਜੀਹਦਾ ਕੋਈ ਰਿਸ਼ਤੇਦਾਰ ਨਹੀਂ ਸੀ ਬਚਿਆ। ਦਸ ਕੁ ਸਾਲ ਦੇ ਦਰਸ਼ਨ ਸਿੰਘ ਨੂੰ ਉਸ ਨੇ ਧਰਮ ਦਾ ਪੁੱਤਰ ਬਣਾ ਕੇ ਆਪਣੇ ਬੱਚਿਆਂ ਨਾਲ ਪੜ੍ਹਾਇਆ-ਲਿਖਾਇਆ, ਵਿਆਹ ਕੀਤਾ ਤੇ ਪੰਜਵੇਂ ਹਿੱਸੇ ਦੀ ਜਾਇਦਾਦ ਦੇ ਕੇ ਸਥਾਪਿਤ ਕਰ ਦਿੱਤਾ। ਉਸ ਦਾ ਇਹ ਪਰਉਪਕਾਰ ਬਹੁਤ ਫਲਿਆ ਫੁੱਲਿਆ।
1965 ਵਿਚ ਮੇਜਰ ਦੀ ਪਲਟਨ ਪਠਾਨਕੋਟ ਛਾਉਣੀ ਸੀ। ਕਸ਼ਮੀਰ ਤੋਂ ਮੁੜਦਿਆਂ ਇਕ ਗੋਰੇ ਦੀ ਕਾਰ ਗੁਰਬਚਨ ਸਿੰਘ ਦੀ ਫੌਜੀ ਗੱਡੀ ਕੋਲ ਵਿਗੜ ਗਈ। ਗੋਰੇ ਨਾਲ ਉਹਦੀ ਪਤਨੀ ਤੇ ਦੋ ਬੱਚੇ ਸਨ। ਮੇਜਰ ਨੇ ਗੱਡੀ ਰੋਕ ਕੇ ਉਨ੍ਹਾਂ ਦੀ ਮਦਦ ਕੀਤੀ। ਚਾਹ ਪਾਣੀ ਪਿਆਇਆ ਤੇ ਕਾਰ ਠੀਕ ਕਰਵਾ ਕੇ ਪਿਆਰ ਨਾਲ ਪਰਿਵਾਰ ਨੂੰ ਵਿਦਾ ਕੀਤਾ। ਗੋਰਾ ਧੰਨਵਾਦ ਕਰਦਿਆਂ ਕਹਿਣ ਲੱਗਾ ਕਿ ਮੈਂ ਕੈਨੇਡੀਅਨ ਅੰਬੈਸੀ ਵਿਚ ਮਿਲਟਰੀ ਅਟੈਚੀ ਹਾਂ। ਮੇਰਾ ਆਹ ਫੋਨ ਨੰਬਰ ਲੈ ਲਓ। ਜੇ ਕਦੇ ਮੇਰੀ ਲੋੜ ਪਵੇ ਤਾਂ ਮੈਨੂੰ ਤੁਹਾਡੀ ਮਦਦ ਕਰ ਕੇ ਖੁਸ਼ੀ ਹੋਵੇਗੀ। ਇਹ ਕੁਦਰਤੀ ਢੋਅ-ਮੇਲ ਸੀ, ਜੀਹਦੇ ਨਾਲ ਗੁਰਬਚਨ ਸਿੰਘ ਵਿਆਹੀ ਹੋਈ ਵੱਡੀ ਧੀ ਤੇ ਵਿਆਹੇ ਧਰਮ ਪੁੱਤਰ ਤੋਂ ਬਿਨਾ ਆਪਣੀ ਪਤਨੀ, ਚਾਰੇ ਪੁੱਤਰ ਤੇ ਛੋਟੀ ਧੀ ਨੂੰ ਕੈਨੇਡਾ ਲੈ ਗਿਆ, ਜਿਥੇ ਉਹ ਕੈਨੇਡਾ ਦੇ ਸਿਟੀਜ਼ਨ ਬਣ ਗਏ। ਹੁਣ ਜਗਜੀਤ ਸਿੰਘ ਦੇ ਮਾਤਾ-ਪਿਤਾ ਤਾਂ ਨਹੀਂ ਰਹੇ, ਪਰ ਚਾਰੇ ਭਰਾ ਤੇ ਭੈਣ ਕੈਨੇਡਾ ਦੇ ਵੱਖੋ ਵੱਖਰੇ ਸ਼ਹਿਰਾਂ ਵਿਚ ਆਪੋ-ਆਪਣੇ ਕਾਰੋਬਾਰਾਂ ਦੇ ਸਿਰ ‘ਤੇ ਚੰਗੀ ਤਰ੍ਹਾਂ ਸਥਾਪਤ ਹਨ।
ਕੁਸ਼ਤੀਆਂ ਦੀਆਂ ਕਿਸਮਾਂ
ਕੁਸ਼ਤੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ। ਦੇਸੀ ਕੁਸ਼ਤੀਆਂ, ਗਰੀਕੋ ਰੋਮਨ ਸਟਾਈਲ, ਓਲੰਪਿਕ ਕੁਸ਼ਤੀਆਂ, ਫਰੀ ਸਟਾਈਲ ਤੇ ਡਬਲਯੂ. ਡਬਲਯੂ. ਈ. ਕੁਸ਼ਤੀਆਂ। ਇਨ੍ਹਾਂ ਕੁਸ਼ਤੀਆਂ ਦਾ ਇਤਿਹਾਸ ਪੁਰਾਤਨ ਓਲੰਪਿਕ ਖੇਡਾਂ ਜਿੰਨਾ ਹੀ ਪੁਰਾਣਾ ਹੈ। ਪੁਰਾਤਨ ਓਲੰਪਿਕ ਖੇਡਾਂ ਵਿਚ ਇਕ ਕੁਸ਼ਤੀ ਦਾ ਨਾਂ ਪੰਕਰਾਸ਼ਨ ਸੀ, ਜੋ ਬੜੀ ਖਤਰਨਾਕ ਖੇਡ ਸੀ। ਇਹ ਮੁੱਕੇਬਾਜ਼ੀ ਤੇ ਕੁਸ਼ਤੀ ਦਾ ਮਿਲਗੋਭਾ ਸੀ। ਇਸ ਵਿਚ ਵਿਰੋਧੀ ਨੂੰ ਚੱਕ ਮਾਰਨ, ਉਂਗਲਾਂ ਤੋੜਨ ਤੇ ਅੱਖਾਂ ਕੱਢਣ ਦੀ ਮਨਾਹੀ ਸੀ, ਬਾਕੀ ਸਭ ਕੁਝ ਜਾਇਜ਼ ਸੀ। ਏਥਨਜ਼ ਦਾ ਬਾਦਸ਼ਾਹ ਥੀਸੀਅਸ ਇਸ ਕੁਸ਼ਤੀ ਦਾ ਨਾਮਵਰ ਪਹਿਲਵਾਨ ਸੀ। ਇਸ ਕੁਸ਼ਤੀ ਵਿਚ ਮਾਰ-ਕੁੱਟ ਕਾਰਨ ਕਈਆਂ ਦੇ ਮੁਹਾਂਦਰੇ ਏਨੇ ਵਿਗੜ ਜਾਂਦੇ ਕਿ ਉਨ੍ਹਾਂ ਨੂੰ ਘਰ ਦੇ ਜੀਅ ਵੀ ਨਾ ਸਿਆਣ ਸਕਦੇ। ਇਸ ਵਿਚ ਅਰੈਸ਼ਨ ਨਾਂ ਦੇ ਪਹਿਲਵਾਨ ਦੀ ਜਿੱਤ ਅਦੁੱਤੀ ਸੀ। ਪੰਕਰਾਸ਼ਨ ਵਿਚ ਉਦੋਂ ਤਕ ਪਹਿਲਵਾਨ ਹਾਰਿਆ ਨਹੀਂ ਸੀ ਮੰਨਿਆ ਜਾਂਦਾ, ਜਦੋਂ ਤਕ ਉਹ ਹੱਥ ਉਠਾ ਕੇ ਹਾਰ ਨਾ ਮੰਨਦਾ। ਅਰੈਸ਼ਨ ਆਪਣੇ ਵਿਰੋਧੀ ਨਾਲ ਅਜਿਹਾ ਗੁਥਮਗੁੱਥ ਹੋਇਆ ਕਿ ਦੋਵੇਂ ਮਰਨਹਾਰੇ ਹੋ ਗਏ। ਅਖੀਰ ਜਾਨ ਨਿਕਲਣ ਲੱਗੀ ਤਾਂ ਅਰੈਸ਼ਨ ਦੇ ਵਿਰੋਧੀ ਨੇ ਹੱਥ ਉਠਾ ਦਿੱਤਾ। ਜਦੋਂ ਜੇਤੂ ਅਰੈਸ਼ਨ ਨੂੰ ਉਹਦੇ ਸਮਰਥਕਾਂ ਨੇ ਮੋਢਿਆਂ ‘ਤੇ ਚੁੱਕਣਾ ਚਾਹਿਆ ਤਾਂ ਉਹ ਲਾਸ਼ ਬਣਿਆ ਹੋਇਆ ਸੀ, ਕਿਉਂਕਿ ਅਰੈਸ਼ਨ ਨੇ ਹੱਥ ਉਠਾ ਕੇ ਹਾਰ ਨਹੀਂ ਸੀ ਮੰਨੀ, ਇਸ ਲਈ ਅਰੈਸ਼ਨ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ ਤੇ ਮੋਏ ਚੈਂਪੀਅਨ ਦੇ ਸਿਰ ‘ਤੇ ਜੈਤੂਨ ਦੀਆਂ ਲਗਰਾਂ ਤੇ ਪੱਤੀਆਂ ਦਾ ਮੁਕਟ ਸਜਾਇਆ ਗਿਆ!
ਜੀਤ ਨੇ ਜੱਗ ਜਿੱਤਿਆ
1970ਵਿਆਂ ਤੇ 80ਵਿਆਂ ਦੌਰਾਨ ਮਾਰ ਧਾੜ ਵਾਲੀਆਂ ਇਨ੍ਹਾਂ ਕੁਸ਼ਤੀਆਂ ਵਿਚ ਟਾਈਗਰ ਜੀਤ ਸਿੰਘ ਦੀ ਝੰਡੀ ਸੀ। ਉਹਦੇ ਨਾਂ ਤੋਂ ਤਾਂ ਵਿਸ਼ਵ ਦੇ ਕਰੋੜਾਂ ਲੋਕ ਜਾਣੂੰ ਸਨ, ਪਰ ਉਹਦੀ ਜੀਵਨ ਕਹਾਣੀ ਤੋਂ ਨਹੀਂ। ਕਾਰਨ ਸੀ ਕਿ ਵੀਹਵੀਂ ਸਦੀ ‘ਚ ਉਹਦੇ ਜੀਵਨ ਬਾਰੇ ਕਿਸੇ ਨੇ ਕੁਝ ਨਹੀਂ ਸੀ ਲਿਖਿਆ। ਲੋਕਾਂ ਨੂੰ ਉਹਦੇ ਸੰਘਰਸ਼ਮਈ ਜੀਵਨ ਦਾ ਪਤਾ 2001 ਵਿਚ ਲੱਗਾ, ਜਦੋਂ ਹਿੰਦੀ ਪੱਤ੍ਰਿਕਾ ‘ਭਾਰਤੀ ਮਨੋਰਮ ਕਹਾਣੀਆਂ’ ਵਿਚ ਖੋਜੀ ਪੱਤਰਕਾਰ ਸੁਰਿੰਦਰਪ੍ਰੀਤ ਸਿੰਘ ਦੀ ਲਿਖੀ ਕਹਾਣੀ ਛਪੀ। ਫਿਰ 2003 ‘ਚ ਟਾਈਗਰ ਜੀਤ ਸਿੰਘ ਦੀ ਜੀਵਨੀ ਲਿਖੀ, ਜਿਸ ਦਾ ਨਾਂ ‘ਜੀਤ ਨੇ ਜੱਗ ਜਿੱਤਿਆ’ ਰੱਖਿਆ। ਕਹਾਣੀ ਦਾ ਪਿਛੋਕੜ ਲੇਖਕ ਨੇ ਇੰਜ ਬਿਆਨ ਕੀਤਾ:
ਤਿੰਨ ਕੁ ਸਾਲ ਪਹਿਲਾਂ ‘ਕੌਮਾਂਤਰੀ ਪ੍ਰਦੇਸੀ’ ਨਾਂ ਦੇ ਪੰਜਾਬੀ ਰਸਾਲੇ ਨੇ ਟਾਈਗਰ ਜੀਤ ਸਿੰਘ ਤੇ ਉਸ ਦੇ ਲੜਕੇ ਟਾਈਗਰ ਅਲੀ ਸਿੰਘ ਦੀ ਫੋਟੋ ਤਾਂ ਕਵਰ `ਤੇ ਬਹੁਤ ਵੱਡੀ ਛਾਪੀ, ਪਰ ਅੰਦਰ ਉਨ੍ਹਾਂ ਬਾਰੇ ਜਾਣਕਾਰੀ ਮਾਮੂਲੀ ਸੀ। ਉਸ ਨਾਲ ਪੰਜਾਬੀਆਂ ਵਿਚ ਟਾਈਗਰ ਬਾਰੇ ਜਾਣਨ ਦੀ ਦਿਲਚਸਪੀ ਪੈਦਾ ਹੋ ਗਈ ਸੀ। ਮੈਨੂੰ ਏਨਾ ਕੁ ਹੀ ਪਤਾ ਲੱਗ ਸਕਿਆ ਕਿ ਟਾਈਗਰ ਜੀਤ ਸਿੰਘ ਤੇ ਟਾਈਗਰ ਅਲੀ ਸਿੰਘ ਕੈਨੇਡਾ ਵਿਚ ਪੰਜਾਬੀ ਮੂਲ ਦੇ ਹੈਵੀ ਵੇਟ ਰੈਸਲਿੰਗ ਦੇ ਪਹਿਲਵਾਨ ਹਨ ਤੇ ਉਨ੍ਹਾਂ ਦਾ ਪਿੰਡ ਜਗਰਾਵਾਂ ਲਾਗੇ ਸੂਜਾਪੁਰ ਹੈ। ਮੈਂ ਖੋਜਬੀਨ ਕਰਨ ਲਈ ਬੱਸ ਵਿਚ ਜਗਰਾਓਂ ਪਹੁੰਚਿਆ ਤੇ ਫਿਰ ਸੂਜਾਪੁਰ…।
ਸੁਰਿੰਦਰਪ੍ਰੀਤ ਸਿੰਘ ਨੂੰ ਬਚਪਨ ਵਿਚ ਪੜ੍ਹਾਈ ਕਰਨ ਦਾ ਮੌਕਾ ਨਹੀਂ ਸੀ ਮਿਲਿਆ। 1965-66 ਵਿਚ ਉਹ ਕਪੂਰਥਲੇ ਦੀ ਕਿਸੇ ਫੈਕਟਰੀ ਵਿਚ ਕੰਮ ਕਰਦਾ ਸੀ ਕਿ ਉਥੇ ਕਵੀ ਦਰਬਾਰ ਵਿਚ ਸਿ਼ਵ ਕੁਮਾਰ ਬਟਾਲਵੀ ਦੀਆਂ ਨਜ਼ਮਾਂ ਸੁਣ ਬੈਠਾ। ਉਥੋਂ ਉਸ ਨੂੰ ਸਾਹਿਤ ਪੜ੍ਹਨ ਦੀ ਲਗਨ ਲੱਗ ਗਈ, ਜਿਸ ਨਾਲ ਸਾਹਿਤਕ ਪੱਤਰਕਾਰੀ ਕਰਨ ਲੱਗ ਪਿਆ। ਅਭਿਆਸ ਨਾਲ ਹਿੰਦੀ ਦੇ ‘ਧਰਮਯੁਗ’ ਵਰਗੇ ਨਾਮੀ ਮੈਗਜ਼ੀਨ ਵਿਚ ਛਪਣ ਲੱਗ ਪਿਆ। ਫਿਰ ਆਪ ਸੰਪਾਦਕ ਬਣ ਗਿਆ ਤੇ ਖੋਜ ਕਰ ਕੇ ਸੱਚੀਆਂ ਕਹਾਣੀਆਂ ਲਿਖਣ ਲੱਗ ਪਿਆ। ਸਬੱਬੀਂ ਕੈਨੇਡਾ ਤੋਂ ਪੰਜਾਬ ਆਇਆ ਟਾਈਗਰ ਜੀਤ ਸਿੰਘ ਉਸ ਨੂੰ ਮਿਲ ਗਿਆ, ਜਿਸ ਨਾਲ ਉਹਦੇ ਬਾਰੇ ਕਾਫੀ ਸਾਰਾ ਮੈਟਰ `ਕੱਠਾ ਹੋ ਗਿਆ। ਉਸ ਨੇ ਲਿਖਿਆ:
‘ਭਾਰਤੀ ਮਨੋਰਮ ਕਹਾਣੀਆਂ’ ਲਈ ਸੱਚੀ ਕਹਾਣੀ ਲਿਖਣ ਬੈਠਾ ਤਾਂ ਸਮਝ ਨਾ ਆਵੇ ਕਿ ਕਿਥੋਂ ਸ਼ੁਰੂ ਕਰਾਂ ਤੇ ਕਿਥੇ ਖਤਮ ਕਰਾਂ? ਕੀ ਲਿਖਾਂ ਤੇ ਕੀ ਛੱਡਾਂ? ਗੱਲ ਕਹਾਣੀ `ਚ ਸਮਾਉਣ ਵਾਲੀ ਨਹੀਂ ਸੀ, ਪੂਰੀ ਕਿਤਾਬ ਦਾ ਮੈਟਰ ਸੀ। ਖੈਰ ਕਿਸੇ ਤਰ੍ਹਾਂ ਕਹਾਣੀ ਲਿਖ ਕੇ ਭੇਜੀ, ਜੋ ਨਵੰਬਰ 2001 ਦੇ ਅੰਕ ਵਿਚ ਪੂਰੇ ਸਤਾਰਾਂ ਪੰਨਿਆਂ `ਤੇ ਛਪੀ ਤੇ ਨਾਲ ਹੀ ਸੰਪਾਦਕ ਨੇ ਕਹਾਣੀ ਬਾਰੇ ਦੋ ਸਫਿਆਂ ਦਾ ਨੋਟ ਛਾਪਿਆ। ਉਸ ਵਿਚ ਹਿੰਦੀ ਫਿਲਮਾਂ ਬਣਾਉਣ ਵਾਲਿਆਂ ਨੂੰ ਵੰਗਾਰਿਆ, ਜੋ ਕਹਿੰਦੇ ਸਨ ਕਿ ਹਿੰਦੀ ਵਿਚ ਫਿਲਮਾਂ ਬਣਾਉਣ ਯੋਗ ਕਹਾਣੀਆਂ ਨਹੀਂ ਮਿਲਦੀਆਂ। ਇਹ ਦੇਖੋ ਕਹਾਣੀ, ਜਿਸ `ਤੇ ਸੁਪਰ ਹਿੱਟ ਫਿਲਮ ਬਣਾਈ ਜਾ ਸਕਦੀ ਹੈ, ਜੋ ਵਰ੍ਹਿਆਂ ਤਕ ਯਾਦ ਕੀਤੀ ਜਾਵੇਗੀ।
ਇਸ ਤਰ੍ਹਾਂ ਹਿੰਦੀ ਦੀਆਂ ‘ਸੱਤਿਆ’ ਕਹਾਣੀਆਂ ਦੀ ਪੱਤ੍ਰਿਕਾ ਲਈ ਕਹਾਣੀ ਦੀ ਖੋਜ ਤੋਂ ਸ਼ੁਰੂ ਹੋਇਆ ਸਫਰ ਪੁਸਤਕ ਦੇ ਰੂਪ ਤਕ ਪਹੁੰਚ ਗਿਆ। ਯਾਰਾਂ ਦੋਸਤਾਂ, ਟਾਈਗਰ ਦੇ ਨਜ਼ਦੀਕੀਆਂ ਤੇ ਸਭ ਤੋਂ ਵੱਧ ਜੱਸੋਵਾਲ ਸਾਹਿਬ ਦਾ ਕਹਿਣਾ ਸੀ ਕਿ ਇਸ ਨੂੰ ਪੰਜਾਬੀ ਵਿਚ ਲਿਖਿਆ ਜਾਣਾ ਚਾਹੀਦਾ ਹੈ। ਸੋ ਇਹ ਪੁਸਤਕ ਰੂਪ ਵਿਚ ਪੇਸ਼ ਹੈ। ਪੰਜਾਬ ਦੇ ਨੌਜੁਆਨ ਇਸ ਅਨੋਖੇ ਜੀਵਨ ਬਿਰਤਾਂਤ ਤੋਂ ਪ੍ਰੇਰਨਾ ਲੈ ਕੇ ਅਸਮਾਨ ਦੀਆਂ ਉਚਾਈਆਂ ਛੋਹਣ ਦੇ ਰਾਹ ਪੈ ਜਾਣ ਤਾਂ ਮੈਂ ਸਮਝਾਂਗਾ, ਮੈਂ ਵੀ ਆਪਣੀ ਕੌਮ, ਆਪਣੇ ਪੰਜਾਬ ਤੇ ਆਪਣੇ ਦੇਸ਼ ਲਈ ਕੁਝ ਯੋਗਦਾਨ ਪਾਉਣ ਵਿਚ ਸਫਲ ਰਿਹਾ ਹਾਂ।
ਪੁਸਤਕ ਦੇ ਪਹਿਲੇ ਪੰਨੇ ‘ਤੇ ਜਗਜੀਤ ਸਿੰਘ ਹਾਂਸ ਬਾਰੇ ਦਰਜ ਹੈ: ਮਿਡਲ ਸਕੂਲ ਦੇ ਵਿਦਿਆਰਥੀ ਵਜੋਂ ਉਸ ਨੇ ਦਾਰਾ ਸਿੰਘ ਤੇ ਕਿੰਗਕਾਂਗ ਦੀ 1955-56 ਵਿਚ ਦਿੱਲੀ ਵਿਖੇ ਹੋਈ ਕੁਸ਼ਤੀ ਦੇਖੀ ਤਾਂ ਉਹਦੇ ਸਿਰ ‘ਤੇ ਪਹਿਲਵਾਨ ਬਣਨ ਦਾ ਭੂਤ ਸਵਾਰ ਹੋ ਗਿਆ। ਪੜ੍ਹਾਈ ਦੀ ਥਾਂ ਪਹਿਲਵਾਨੀ ਵਿਚ ਦਿਲਚਸਪੀ ਲੈਣ ਲੱਗਾ। 1966 ਵਿਚ ਉਸ ਦਾ ਫੌਜੀ ਅਫਸਰ ਪਿਤਾ ਸਾਰੇ ਪਰਿਵਾਰ ਨਾਲ ਉਸ ਨੂੰ ਵੀ ਕੈਨੇਡਾ ਲੈ ਗਿਆ। ਪਹਿਲਵਾਨੀ ਦਾ ਸ਼ੌਕ ਹੋਣ ਕਾਰਨ ਉਥੋਂ ਦੇ ਕੰਮ-ਧੰਦੇ ਵਿਚ ਉਹਦਾ ਜੀਅ ਨਾ ਲੱਗਾ ਤੇ ਉਹ ਵਾਪਸ ਮੁੜ ਆਇਆ। ਆ ਕੇ ਭਲਵਾਨੀ ਕੀਤੀ, ਵਿਆਹ ਕਰਵਾਇਆ ਤੇ ਪਤਨੀ ਨੂੰ ਪਹਿਲਾ ਬੱਚਾ ਹੋਣ ਸਮੇਂ ਪਤਨੀ ਸਮੇਤ ਫਿਰ ਕੈਨੇਡਾ ਚਲਾ ਗਿਆ। ਮਹੀਨੇ ਕੁ ਬਾਅਦ ਹਸਪਤਾਲ ਵਿਚ ਬੱਚੇ ਦੀ ਪੈਦਾਇਸ਼ ਹੋਈ ਤਾਂ ਬਿੱਲ ਤਾਰਨ ਲਈ ਉਹਦੇ ਕੋਲ ਕੇਵਲ 6 ਡਾਲਰ ਸਨ, ਜਦ ਕਿ ਬਿੱਲ 94 ਡਾਲਰ ਦਾ ਸੀ। ਇਸ ਤੋਂ ਬਿਨਾ ਦਵਾਈਆਂ ਖਰੀਦਣ ਅਤੇ ਪਤਨੀ ਤੇ ਬੱਚੇ ਨੂੰ ਭਰਾ ਦੇ ਘਰ ਲਿਜਾਣ ਲਈ ਟੈਕਸੀ ਦਾ ਖਰਚਾ ਪਾ ਕੇ ਕੁਲ ਸਵਾ ਸੌ ਡਾਲਰ ਚਾਹੀਦੇ ਸਨ।
ਉਹ ਹਸਪਤਾਲ ਤੋਂ ਨਿਮੋਝੂਣਾ ਬਾਹਰ ਨਿਕਲਿਆ। ਸੜਕ ‘ਤੇ ਤੁਰੇ ਜਾਂਦੇ ਨੂੰ ਕਿਤੋਂ ਕੁਸ਼ਤੀ ਦੰਗਲ ਦੀਆਂ ਆਵਾਜ਼ਾਂ ਸੁਣੀਆਂ। ਕੁਸ਼ਤੀ ਦੀ ਸਿਖਲਾਈ ਉਸ ਨੇ ਲਈ ਹੀ ਹੋਈ ਸੀ। ਉਹ ਗੇਟ ‘ਤੇ ਚਲਾ ਗਿਆ। ਮਾਈਕ ਤੋਂ ਸੰਸਾਰ ਪ੍ਰਸਿੱਧ ਪਹਿਲਵਾਨ ਦਹਾੜ ਰਿਹਾ ਸੀ…ਹੈ ਕੋਈ ਮਾਈ ਦਾ ਲਾਲ, ਜੋ ਮੇਰੇ ਨਾਲ ਕੁਸ਼ਤੀ ਲੜਨ ਦੀ ਹਿੰਮਤ ਰੱਖਦਾ ਹੋਵੇ? ਮੈਨੂੰ ਹਰਾਉਣ ਵਾਲੇ ਨੂੰ ਛੇ ਹਜ਼ਾਰ ਡਾਲਰ ਨਗਦ ਇਨਾਮ ਦਿੱਤਾ ਜਾਵੇਗਾ। ਮੁਕਾਬਲੇ ਵਿਚ ਹਾਰ ਵੀ ਜਾਵੇ ਤਾਂ ਦੋ ਹਜ਼ਾਰ ਡਾਲਰ ਮਿਲਣਗੇ। ਹਾਂਸ ਨੂੰ ਸਵਾ ਸੌ ਡਾਲਰਾਂ ਦੀ ਫੌਰੀ ਲੋੜ ਸੀ। ਉਸ ਨੇ ਸੱਟਾਂ-ਫੇਟਾਂ ਦੀ ਪਰਵਾਹ ਨਾ ਕਰਦਿਆਂ ਚੈਲੰਜ ਕਬੂਲ ਕਰ ਲਿਆ। ਕਰਨੀ ਰੱਬ ਦੀ, ਹਾਂਸ ਨੇ ਹਾਥੀ ਵਰਗੇ ਪਹਿਲਵਾਨ ਨੂੰ ਡੇਢ ਮਿੰਟ ਵਿਚ ਹਰਾ ਕੇ 6000 ਡਾਲਰ ਬੋਝੇ ਪਾਏ ਅਤੇ ਪਤਨੀ ਤੇ ਨਵ ਜੰਮੇ ਪੁੱਤਰ ਨੂੰ ਟੈਕਸੀ ‘ਤੇ ਬਿਠਾ, ਭਰਾ ਦੇ ਘਰ ਲੈ ਆਇਆ। ਉਸ ਦਿਨ ਤੋਂ ਦੌਲਤ ਤੇ ਸ਼ੋਹਰਤ ਉਹਦੇ ਪਿੱਛੇ ਲੱਗ ਤੁਰੀ। ਪਹਿਲੀ ਜਿੱਤ ਨਾਲ ਹੀ ਉਸ ਦਾ ਨਾਂ ਪੈ ਗਿਆ, ‘ਟਾਈਗਰ ਜੀਤ ਸਿੰਘ!’
ਮੇਰਾ ਟਾਈਗਰ ਨਾਲ ਮੇਲ
ਉਹਦਾ ਪਿੰਡ ਸੂਜਾਪੁਰ ਬੇਸ਼ਕ ਸਾਡੇ ਪਿੰਡ ਚਕਰ ਦੇ ਨੇੜੇ ਹੀ ਹੈ, ਪਰ ਮੈਂ ਉਸ ਨੂੰ 2006 ਤਕ ਨਹੀਂ ਸਾਂ ਮਿਲਿਆ। ਸਾਡਾ ਪਹਿਲਾ ਮੇਲ ਵੈਨਕੂਵਰ ਵਿਖੇ ਇਕ ਦੋਸਤ ਦੇ ਘਰ ਵਿਚ ਤੇ ਦੂਜਾ ਮੇਲ ਫਰਿਜ਼ਨੋ ਦੇ ਕਬੱਡੀ ਮੇਲੇ ਵਿਚ ਹੋਇਆ। ਮੈਂ ਉਥੇ ਕੁਮੈਂਟਰੀ ਕਰਨ ਜਾਣਾ ਸੀ, ਉਸ ਨੇ ਮੁੱਖ ਮਹਿਮਾਨ ਬਣ ਕੇ ਆਉਣਾ ਸੀ। ਮੈਂ ਟੋਰਾਂਟੋ ਤੋਂ ਵਾਸ਼ਿੰਗਟਨ, ਡੈਲਸ ਤਕ ਬੇਬੀ ਜਹਾਜ਼ ਫੜਿਆ। ਜਦ ਉਹ ਉਪਰ ਉਠਿਆ ਤਾਂ ਯੱਕੇ ਵਾਂਗ ਹਿਲੋਰੇ ਖਾਣ ਲੱਗਾ। ਨਿੱਕੇ ਜਹਾਜ਼ਾਂ ਨਾਲ ਅਜਿਹਾ ਹੁੰਦਾ ਹੀ ਹੈ। ਹੇਠਾਂ ਟੋਰਾਂਟੋ ਦੀਆਂ ਰੱਖਾਂ ਦੇ ਰੰਗ ਬਦਲਦੇ ਵਿਖਾਈ ਦਿੱਤੇ। ਪਤਝੜ ਦੇ ਰੰਗਾਂ ਦੀ ਆਪਣੀ ਬਹਾਰ ਸੀ। ਉਪਰ ਬੱਦਲ ਮੰਡਰਾ ਰਹੇ ਸਨ। ਜਹਾਜ਼ ਬੱਦਲਾਂ ਵਿਚ ਦੀ ਉਪਰ ਨਿਕਲਿਆ ਤਾਂ ਹੇਠਾਂ ਬੱਦਲ ਰੂੰ ਦੇ ਗੋੜ੍ਹਿਆਂ ਵਾਂਗ ਵਿਛੇ ਵਿਖਾਈ ਦੇਣ ਲੱਗੇ। ਉਪਰ ਸੂਰਜ ਚਮਕ ਰਿਹਾ ਸੀ, ਹੇਠਾਂ ਬੱਦਲ ਲਿਸ਼ਕ ਰਹੇ ਸਨ। ਬਾਰੀ ਵਿਚ ਦੀ ਵੇਖਦਿਆਂ ਸਾਰੀ ਕਾਇਨਾਤ ਲਿਸ਼ਕੀ ਪੁਸ਼ਕੀ ਦਿਸ ਰਹੀ ਸੀ। ਜਹਾਜ਼ ਥਰਥਰਾ ਰਿਹਾ ਸੀ ਤੇ ਮੇਰੀ ਕਲਮ ਕਾਗਜ਼ ਉਤੇ ਦ੍ਰਿਸ਼ ਨੋਟ ਕਰਦੀ ਕੰਬ ਰਹੀ ਸੀ।
22 ਅਕਤੂਬਰ 2006 ਨੂੰ ਕੈਲੀਫੋਰਨੀਆ ਦੇ ਪੰਜਾਬੀਆਂ ਦਾ ਮੁਹਾਣ ਫਰਿਜ਼ਨੋ ਦੇ ਸਟੇਡੀਅਮ ਵੱਲ ਸੀ। ਕਾਰਾਂ ਮਿਰਜ਼ੇ ਦੀਆਂ ਬੱਕੀਆਂ ਬਣੀਆਂ ਜਾਂਦੀਆਂ ਸਨ। ਉਨ੍ਹਾਂ ਵਿਚ ਗੀਤ ਗੂੰਜ ਰਹੇ ਸਨ। ‘ਮਿੱਤਰਾਂ ਦੀ ਛਤਰੀ ਤੋਂ ਉੱਡ ਕੇ ਅੰਬਰਾਂ `ਤੇ ਲਾਉਨੀ ਏਂ ਉਡਾਰੀਆਂ’ ਤੇ ‘ਦੇ ਲੈ ਗੇੜਾ, ਲੈ ਲੈ ਗੇੜਾ’ ਹੋਈ ਜਾ ਰਹੀ ਸੀ। ਰੇਡੀਓ ਹੋਸਟ ਬੀਬੀ ਆਸ਼ਾ ਸ਼ਰਮਾ ਤੇ ਮੱਖਣ ਬਰਾੜ ਵੀ ਪਹੁੰਚ ਗਏ ਸਨ। ਸਟੇਜ ਦੀ ਮਲਕਾ ਆਸ਼ਾ ਸ਼ਰਮਾ ਸਿਤਾਰਿਆਂ ਵਾਲਾ ਸੂਟ ਪਾਈ ਦਰਸ਼ਕਾਂ ਨੂੰ ਹਸਾ ਰਹੀ ਸੀ-ਹੱਸ ਕੇ ਨਾ ਲੰਘ ਵੈਰੀਆ ਮੇਰੀ ਸੱਸ ਭਰਮਾਂ ਦੀ ਮਾਰੀ। ਘੱਟ ਮੱਖਣ ਬਰਾੜ ਵੀ ਨਹੀਂ ਸੀ ਕਰ ਰਿਹਾ। ਉਹ ਕਹਿ ਰਿਹਾ ਸੀ, “ਬੀਬੀ ਦੀ ਬੋਲ ਬਾਣੀ ਸੱਤਾਂ ਹਲਾਂ ਜਿੰਨੀ ਕਮਾਈ ਕਰੀ ਜਾਂਦੀ ਐ!”
ਖੇਡ ਮੇਲਾ ਜੋਬਨ ‘ਤੇ ਸੀ, ਜਦੋਂ ਟਾਈਗਰ ਜੀਤ ਸਿੰਘ ਮੈਦਾਨ ਵਿਚ ਆਇਆ। ਮੈਂ ਮਾਈਕ ਤੋਂ ਸਵਾਗਤੀ ਸ਼ਬਦ ਕਹੇ। ਸਵਾ ਛੇ ਫੁੱਟ ਉੱਚੇ ਪਹਿਲਵਾਨ ਨੇ ਪ੍ਰਬੰਧਕਾਂ ਨਾਲ ਸਟੇਡੀਅਮ ਦਾ ਚੱਕਰ ਲਾਉਂਦਿਆਂ ਦਰਸ਼ਕਾਂ ਨੂੰ ਖੁੱਲ੍ਹੇ ਦਰਸ਼ਨ ਦਿੱਤੇ। ਉਸ ਨੇ ਕੰਨ ਉਤੇ ਗਿੱਠ ਕੁ ਦਾ ਲੜ ਛੱਡ ਕੇ ਚੀਰਾ ਬੰਨ੍ਹਿਆ ਹੋਇਆ ਸੀ ਤੇ ਸ਼ੁਕੀਨ ਐਨਕਾਂ ਲਾਈਆਂ ਹੋਈਆਂ ਸਨ। ਉਂਗਲਾਂ ਵਿਚ ਛਾਪਾਂ ਚਮਕ ਰਹੀਆਂ ਸਨ। ਉਹ ਖਾਸ ਅੰਦਾਜ਼ ਵਿਚ ਸੱਜਾ ਹੱਥ ਤੇ ਪਹਿਲੀ ਉਂਗਲ ਉਠਾ ਕੇ ਦਰਸ਼ਕਾਂ ਦਾ ਅਭਿਨੰਦਨ ਕਰ ਰਿਹਾ ਸੀ। ਨਾਲ ਦੀ ਨਾਲ ਮੱਖਣ ਬਰਾੜ ਟੋਟਕੇ ਸੁਣਾਈ ਜਾਂਦਾ ਸੀ, ਆਪਣਾ ਪੰਜਾਬ ਹੋਵੇ, ਘਰ ਦੀ…। ਮੈਂ ਮੱਖਣ ਨੂੰ ਬਥੇਰਾ ਕਿਹਾ ਕਿ ਉਹ ਉਸ ਚੀਜ਼ ਦਾ ਨਾਂ ਨਾ ਲਵੇ, ਜਿਹੜੀ ਦਰਸ਼ਕਾਂ ਨੂੰ ਕਾਰਾਂ ਦੀਆਂ ਡਿੱਕੀਆਂ ਵੱਲ ਤੋਰ ਦੇਵੇ; ਪਰ ਉਹ ਨਾ ਹੀ ਟਲਿਆ ਤੇ ਕਹਿਣ ਲੱਗਾ, ਪੀਂਦਾ ਉਹ ਵੀ ਜੋ ਘਰੋਂ ਤੰਗ ਹੁੰਦਾ, ਪਰ ਚੜ੍ਹਦੀ ਓਸ ਨੂੰ ਜਿਹੜਾ ਮਲੰਗ ਹੁੰਦਾ!
ਤਦ ਤਕ ‘ਅੰਮ੍ਰਿਤਸਰ ਟਾਈਮਜ਼’ ਦਾ ਸੰਪਾਦਕ ਦਲਜੀਤ ਸਿੰਘ ਸਰਾਂ ਵੀ ਖੇਡ ਮੇਲੇ ‘ਚ ਪੁੱਜ ਚੁੱਕਾ ਸੀ। ਅਖਬਾਰ ਦਾ ਤਾਜ਼ਾ ਅੰਕ ‘ਕਬੱਡੀ ਵਿਸ਼ੇਸ਼ ਅੰਕ’ ਸੀ, ਜਿਸ ਦਾ ਮਹਿਮਾਨ ਸੰਪਾਦਕ ਮੈਨੂੰ ਬਣਾਇਆ ਗਿਆ ਸੀ। ਉਸ ਵਿਚ ਕਬੱਡੀ ਦੀ ਖੇਡ, ਕਬੱਡੀ ਮੇਲੇ, ਪੱਛਮੀ ਮੁਲਕਾਂ ਵਿਚ ਕਬੱਡੀ, ਕਬੱਡੀ ਦੇ ਨਾਮਵਰ ਖਿਡਾਰੀ, ਕਬੱਡੀ ਦੀ ਕੁਮੈਂਟਰੀ ਕਲਾ, ਕਬੱਡੀ ਨੂੰ ਡਰੱਗ ਦਾ ਜੱਫਾ, ਸਟਾਰ ਖਿਡਾਰੀ ਬਲਵਿੰਦਰ ਫਿੱਡਾ, ਹਰਜੀਤ ਬਾਜਾਖਾਨਾ, ਦੇਵੀ ਦਿਆਲ, ਕਬੱਡੀ ਦੇ ਦ੍ਰਿਸ਼ ਤੇ ਕਬੱਡੀ ਦੇ ਗੋਰੇ ਕਾਲੇ ਖਿਡਾਰੀਆਂ ਬਾਰੇ ਲੇਖ ਸ਼ਾਮਲ ਸਨ। ਇੱਕ ਲੇਖ ਮੇਰੇ ਨਾਲ ਖੁੱਲ੍ਹੀਆਂ ਗੱਲਾਂ ਦਾ ਸੀ, ਜਿਸ ਦੇ ਅਖੀਰ ਵਿਚ ਮੈਂ ਆਖਿਆ ਸੀ-ਕੋਈ ਦਿਨ ਖੇਡ ਲੈ ਮੌਜਾਂ ਮਾਣ ਲੈ, ਤੈਂ ਉਡ ਜਾਣਾ ਓਏ ਬੱਦਲਾ ਧੁੰਦ ਦਿਆ…। ਉਸ ‘ਕਬੱਡੀ ਅੰਕ’ ਨੂੰ ਕਬੱਡੀ ਮੇਲੇ ਵਿਚ ਕੁਸ਼ਤੀਆਂ ਦੇ ‘ਕਿੰਗ ਆਫ ਕਿੰਗਜ਼’ ਟਾਈਗਰ ਜੀਤ ਸਿੰਘ ਨੇ ਢਾਈ ਕਿੱਲੋ ਦੇ ਪਹਿਲਵਾਨੀ ਹੱਥਾਂ ਨਾਲ ਰਿਲੀਜ਼ ਕੀਤਾ।
ਸੁਰਿੰਦਰਪ੍ਰੀਤ ਸਿੰਘ ਦੀ ਕਿਤਾਬ ਦਾ ਤਤਕਰਾ ਹੈ: ਅਚਾਨਕ ਮਿਲੀ ਪਹਿਲੀ ਕਾਮਯਾਬੀ, ਟਾਈਗਰਾਂ ਦਾ ਪਿਛੋਕੜ, ਟਾਈਗਰ ਦੇ ਧਰਮ ਭਾਈ ਸ. ਦਰਸ਼ਨ ਸਿੰਘ, ਪਹਿਲਵਾਨ ਬਣਨ ਦਾ ਸ਼ੌਕ ਕਿਵੇਂ ਪੈਦਾ ਹੋਇਆ? ਟਾਈਗਰ ਦਾ ਪਰਿਵਾਰ ਸਹਿਤ ਕੈਨੇਡਾ ਜਾਣਾ, ਕੈਨੇਡਾ ਦੀ ਪਹਿਲੀ ਫੇਰੀ ਤੋਂ ਬਾਅਦ ਦੇਸ਼ ਵਾਪਸੀ, ਕੈਨੇਡਾ ਦਾ ਤਜਰਬਾ ਭਾਰਤ ਵਿਚ ਅਜਮਾਉਣ ਦੇ ਯਤਨ, ਟਾਈਗਰ ਤੇ ਸੁਖਜੀਤ ਦਾ ਵਿਆਹ, ਦੁਨੀਆਦਾਰੀ ਨਾਲ ਵਾਸਤਾ, ਮੰਜਿ਼ਲ ਮਿਲ ਜਾਣ ਤੋਂ ਬਾਅਦ, ਫੁੱਲ ਵੀ ਤੇ ਕੰਡੇ ਵੀ, ਕੌਮਾਂਤਰੀ ਪ੍ਰਸਿੱਧੀ, ਮੈਂ ਟਾਈਗਰ ਹਾਂ, ਟਾਈਗਰ ਜੀਤ ਸਿੰਘ ‘ਜਪਾਨ’, ਪਾਕਿਸਤਾਨ ਵਿਚ ਵੀ ਹੀਰੋ, ਗੁਰਜੀਤ ਸਿੰਘ ਦੇ ਟਾਈਗਰ ਅਲੀ ਸਿੰਘ ਬਣਨ ਦੀ ਕਹਾਣੀ, ਘਰ-ਪਰਿਵਾਰ, ਕਾਰੋਬਾਰ ਤੇ ਮੌਜੂਦਾ ਰੁਝੇਵੇਂ। ਪੇਸ਼ ਹਨ, ਪੁਸਤਕ ਦੇ ਕੁਝ ਅੰਸ਼:
ਕੁਦਰਤ ਨੇ ਦੁਨੀਆਂ ਦੀ ਸਿਰਜਣਾ ਕਰਦੇ ਸਮੇਂ ਜਿਵੇਂ ਕੈਨੇਡਾ ਦੀ ਧਰਤੀ ਲਈ ਆਪਣੇ ਸਾਰੇ ਹੀ ਖਜ਼ਾਨੇ ਖੋਲ੍ਹ ਦਿੱਤੇ ਸਨ। ਝੀਲਾਂ, ਪਹਾੜਾਂ, ਨਦੀਆਂ, ਹਰੇ ਭਰੇ ਮੈਦਾਨਾਂ ਵਾਲਾ ਉਹ ਦੇਸ਼ ਖੂਬਸੂਰਤੀ ਵਿਚ ਆਪਣੀ ਮਿਸਾਲ ਆਪ ਹੀ ਹੈ। ਪਿੱਛੋਂ ਯੂਰਪ ਤੋਂ ਜਾ ਕੇ ਉਥੇ ਵੱਸ ਗਏ ਲੋਕਾਂ ਨੇ ਆਪਣੇ ਉਚਤਮ ਤਕਨੀਕੀ ਗਿਆਨ ਨਾਲ ਉਸ ਨੂੰ ਹੋਰ ਵੀ ਸਜਾ-ਸੰਵਾਰ ਲਿਆ ਹੈ। ਕੈਨੇਡਾ ਦੀਆਂ ਸੜਕਾਂ, ਲੋਕਾਂ ਦੇ ਘਰ, ਵਪਾਰਕ ਤੇ ਪ੍ਰਬੰਧਕੀ ਇਮਾਰਤਾਂ, ਗਲੀਆਂ, ਬਾਜ਼ਾਰ-ਗੱਲ ਕੀ, ਹਰ ਚੀਜ਼ ‘ਚੋਂ ਸੁੰਦਰਤਾ ਵਿਖਾਈ ਦਿੰਦੀ ਹੈ। ਕੈਨੇਡਾ ਦੀ ਨਵਉਸਾਰੀ ਵਿਚ ਗਦਰੀ ਬਾਬਿਆਂ ਤੋਂ ਲੈ ਕੇ ਬਾਅਦ ਵਿਚ ਪਹੁੰਚੇ ਬੇਅੰਤ ਪੰਜਾਬੀਆਂ ਨੇ ਵੀ ਆਪਣਾ ਪੂਰਾ ਯੋਗਦਾਨ ਪਾਇਆ ਹੈ। 1960 ਤੋਂ ਬਾਅਦ ਤਾਂ ਹਰ ਇਕ ਪੰਜਾਬੀ ਦਾ ਪਹਿਲਾ ਸੁਫਨਾ ਕੈਨੇਡਾ ਵਸ ਜਾਣ ਦਾ ਹੀ ਬਣ ਗਿਆ।
1971 ਦੀ ਗੱਲ ਹੈ। ਖੂਬਸੂਰਤ ਕੈਨੇਡਾ ਦੇ ਸੋਹਣੇ ਸ਼ਹਿਰ ਟੋਰਾਂਟੋ ਦੇ ਇਕ ਹਸਪਤਾਲ ਦੀ ਸਾਫ ਸੁਥਰੀ ਤੇ ਸੁੰਦਰ ਦਿੱਖ ਵਾਲੀ ਬਿਲਡਿੰਗ ਵੱਲ ਨੂੰ ਇਕ ਸੋਹਣਾ ਸੁਨੱਖਾ, ਉੱਚੀ ਲੰਮੀ ਕਾਠੀ ਵਾਲਾ ਪੰਜਾਬੀ ਗੱਭਰੂ ਛੋਹਲੇ ਕਦਮੀਂ ਵਧਦਾ ਜਾ ਰਿਹਾ ਸੀ। ਅਸਲ ਵਿਚ ਦੋ ਦਿਨ ਪਹਿਲਾਂ ਉਸ ਦੀ ਆਪਣੇ ਵਰਗੀ ਸੋਹਣੀ ਸੁਨੱਖੀ ਵਹੁਟੀ ਨੇ ਆਪਣੀ ਪਹਿਲੀ ਔਲਾਦ, ਇਕ ਚੰਨ ਜਿਹੇ ਪੁੱਤਰ ਨੂੰ ਜਨਮ ਦਿੱਤਾ ਸੀ ਤੇ ਅੱਜ ਉਨ੍ਹਾਂ ਨੂੰ ਹਸਪਤਾਲੋਂ ਛੁੱਟੀ ਮਿਲਣੀ ਸੀ…ਹਸਪਤਾਲ ਦਾ ਬਿੱਲ 94 ਡਾਲਰ ਸੀ ਤੇ ਦਵਾਈਆਂ ਆਦਿ ਦੇ ਖਰਚੇ ਪਾ ਕੇ ਸਵਾ ਸੌ ਡਾਲਰ ਚਾਹੀਦੇ ਸਨ, ਜਦ ਕਿ ਉਹਦੀ ਜੇਬ ਵਿਚ ਸਿਰਫ ਛੇ ਡਾਲਰ ਸਨ…ਮਾਈਕ ਫੜੀ ਖੜ੍ਹੇ ਅਨਾਊਂਸਰ ਕੋਲ ਪੁੱਜ ਕੇ ਪੰਜਾਬ ਦੇ ਉਸ ਸ਼ੇਰ ਪੁੱਤਰ ਨੇ ਅਚਾਨਕ ਹੀ ਆਪਣੀਆਂ ਮਜ਼ਬੂਤ ਬਾਂਹਵਾਂ ਅਸਮਾਨ ਵੱਲ ਚੁੱਕ ਕੇ ਸ਼ੇਰ ਵਾਂਗ ਭਬਕ ਮਾਰੀ, ਮੈਂ ਕਰੂੰ ਇਸ ਕਿੰਗ ਜੌਨ੍ਹੀ ਦਾ ਮੁਕਾਬਲਾ। ਇਹ ਸੁਣਦਿਆਂ ਇਕ ਵਾਰੀ ਤਾਂ ਖਾਮੋਸ਼ੀ ਛਾ ਗਈ। ਦਰਸ਼ਕ ਹੈਰਾਨੀ ਨਾਲ ਉਸ ਵੱਲ ਦੇਖਣ ਲੱਗੇ। ਅਨਾਊਂਸਰ ਨੇ ਪੁੱਛਿਆ, “ਤੁਹਾਡੀ ਤਾਰੀਫ ਸ਼੍ਰੀਮਾਨ ਜੀ?” “ਮੈਂ ਕਿੰਗ ਆਫ ਕਿੰਗਜ਼ ਜਗਜੀਤ ਸਿੰਘ ਹਾਂਸ।” ਅਨਾਊਂਸਰ ਨੇ ਅਨਾਊਂਸ ਕੀਤਾ, “ਕਿੰਗ ਜੌਨ੍ਹੀ ਵੈਲਵੇਲਾਇਨ ਦਾ ਮੁਕਾਬਲਾ ਹੁਣ ਕਿੰਗ ਆਫ ਕਿੰਗਜ਼ ਜੀਤ ਸਿੰਘ ਕਰੇਗਾ।”
…ਜੀਤ ਸਿੰਘ ਨੇ ਆਪਣੇ ਉਸਤਾਦ ਨੂੰ ਯਾਦ ਕਰਦਿਆਂ ਸ਼ੇਰ ਵਾਂਗ ਦਹਾੜ ਮਾਰੀ ਤੇ ਆਪਣੀ ਕਿਸਮ ਦਾ ਇਕ ਭਰਪੂਰ ਵਾਰ ਜੌਨ੍ਹੀ ‘ਤੇ ਕਰ ਦਿੱਤਾ। ਹਾਥੀ ਵਰਗਾ ਭਾਰੀ ਭਰਕਮ ਜੌਨ੍ਹੀ ਕਿਸੇ ਵੱਢੇ ਹੋਏ ਭਾਰੇ ਰੁੱਖ ਵਾਂਗ ਰਿੰਗ ‘ਚ ਡਿੱਗ ਪਿਆ। ਰੈਫਰੀ ਨੇ ਉਹਦੇ ਕੰਨ ਕੋਲ ਮੂੰਹ ਲਿਜਾ ਕੇ ਪੁੱਠੀ ਗਿਣਤੀ ਸ਼ੁਰੂ ਕਰ ਦਿੱਤੀ, ਪਰ ਉਹ ਉਠ ਨਾ ਸਕਿਆ। ਆਖਰ ਸਮਾਂ ਪੂਰ ਹੋਣ ‘ਤੇ ਉਹ ਜੀਤ ਸਿੰਘ ਵੱਲ ਮੁੜਿਆ ਤੇ ਉਸ ਦੀ ਬਾਂਹ ਫੜ ਕੇ ਉਤਾਂਹ ਚੁੱਕ ਦਿੱਤੀ। ਪ੍ਰਬੰਧਕਾਂ ਵੱਲੋਂ ਜੀਤ ਸਿੰਘ ਹਾਂਸ ਨੂੰ ਜੇਤੂ ਬੈਲਟ ਦੇਣ ਨਾਲ ਛੇ ਹਜ਼ਾਰ ਡਾਲਰ ਵਿਚੋਂ ਦੋ ਸੌ ਡਾਲਰ ਟੈਕਸ ਕੱਟ ਕੇ ਬਾਕੀ ਰਕਮ ਨਗਦ ਦੇ ਦਿੱਤੀ ਗਈ। ਉਧਰ ਅਖਬਾਰਾਂ ਦੇ ਫੋਟੋਗਰਾਫਰ ਤੇ ਟੀ. ਵੀ. ਵਾਲੇ ਧੜਾ ਧੜ ਉਹਦੀਆਂ ਫੋਟੋਆਂ ਖਿੱਚਣ ਲੱਗੇ। ਕਈਆਂ ਕਲੱਬਾਂ ਦੇ ਪ੍ਰਤੀਨਿਧ ਉਸ ਨੂੰ ਆਪਣੀ ਕਲੱਬ ਵੱਲੋਂ ਕੁਸ਼ਤੀਆਂ ਲੜਨ ਲਈ ਲੱਖਾਂ ਡਾਲਰ ਸਾਲਾਨਾ ਦੀਆਂ ਪੇਸ਼ਕਸ਼ਾਂ ਦੇ ਨਾਲ ਬੰਗਲਾ, ਕਾਰ ਆਦਿ ਦੀ ਸਹੂਲਤ, ਮੁਫਤ ਹਵਾਈ ਸਫਰ ਦੀ ਸੁਵਿਧਾ ਤੇ ਫਾਈਵ ਸਟਾਰ ਹੋਟਲਾਂ ਵਿਚ ਠਹਿਰਾਉਣ ਦੀਆਂ ਪੇਸ਼ਕਸ਼ਾਂ ਕਰਨ ਲੱਗੇ।
ਪੈਸਾ ਹੁਣ ਟਾਈਗਰ ਜੀਤ ਸਿੰਘ ਪਹਿਲਵਾਨ ਦੀ ਪ੍ਰਾਬਲਮ ਨਹੀਂ ਸੀ ਰਹਿ ਗਿਆ। ਉਸ ਨੂੰ ਜਪਾਨ ਦੇ ਅਮੀਰ ਕਲੱਬ ਨੇ ਖਰੀਦ ਲਿਆ, ਜਿਥੇ ਉਸ ਨੇ ਹੈਵੀ ਵੇਟ ਦੇ ਮੰਨੇ-ਦੰਨੇ ਪਹਿਲਵਾਨ ਇਚੀਮਾ ਨੂੰ ਹਰਾ ਦਿੱਤਾ। 1972 ਤੋਂ ਸ਼ੁਰੂ ਹੋਇਆ ਜਿੱਤਾਂ ਦਾ ਦੌਰ 1975-76 ਵਿਚ ਜੋਬਨ ‘ਤੇ ਪੁੱਜ ਗਿਆ। 1975 ਵਿਚ ਟੋਕੀਓ ਵਿਖੇ ਉਸ ਨੇ ਵਿਸ਼ਵ ਚੈਂਪੀਅਨਸਿ਼ਪ ਜਿੱਤ ਲਈ। 1980 ਵਿਚ ਪਾਕਿਸਤਾਨ ਜਾ ਝੰਡੇ ਗੱਡੇ। ਪਾਕਿਸਤਾਨ ਦੇ ਸਦਰ ਜਨਰਲ ਜ਼ੀਆ-ਉਲ-ਹੱਕ ਨੇ ਉਸ ਨੂੰ ਖਾਣੇ ‘ਤੇ ਸੱਦਿਆ। ਪਾਕਿਸਤਾਨੀ ਭਰਾਵਾਂ ਨੇ ਉਸ ਨੂੰ ਤੋਹਫਿਆਂ ਨਾਲ ਲੱਦ ਦਿੱਤਾ। ਅਜੀਬ ਰਿਸ਼ਤਾ ਹੈ ਭਾਰਤ-ਪਾਕਿ ਦੀ ਦੋਸਤੀ ਤੇ ਦੁਸ਼ਮਣੀ ਦਾ!
ਟਾਈਗਰ ਅਲੀ ਸਿੰਘ
ਟਾਈਗਰ ਜੀਤ ਸਿੰਘ ਦਾ ਸਭ ਤੋਂ ਵੱਡਾ ਲੜਕਾ ਹੈ, ਗੁਰਜੀਤ ਸਿੰਘ ਹਾਂਸ। ਉਸ ਨੂੰ ਵੀ ਬਾਪ ਵਰਗਾ ਪਹਿਲਵਾਨ ਬਣਨ ਦੀ ਚੇਟਕ ਲੱਗ ਗਈ। ਟਾਈਗਰ ਦੀ ਦੋਸਤੀ ਮੁੱਕੇਬਾਜ਼ੀ ਦੇ ਸ਼ਹਿਨਸ਼ਾਹ ਮੁਹੰਮਦ ਅਲੀ ਨਾਲ ਵੀ ਸੀ। ਇਕ ਵਾਰ ਮੁਹੰਮਦ ਅਲੀ ਉਨ੍ਹਾਂ ਦੇ ਘਰ ਆਇਆ ਹੋਇਆ ਸੀ। ਟਾਈਗਰ ਨੇ ਗੁਰਜੀਤ ਨੂੰ ਪੁੱਛਿਆ, “ਵਿੱਕੀ ਤੂੰ ਰੈਸਲਰ ਬਣਨਾ?” “ਹਾਂ ਡੈਡੀ।” “ਬੇਟੇ ਅਲੀ ਅੰਕਲ ਸੰਸਾਰ ਦੇ ਮਹਾਨ ਮੁੱਕੇਬਾਜ਼ ਹਨ। ਆ ਇਨ੍ਹਾਂ ਤੋਂ ਅਸ਼ੀਰਵਾਦ ਲੈ।”
ਤਦੇ ਗੁਰਜੀਤ ਅਗਾਂਹ ਵਧਿਆ ਤੇ ਮੁਹੰਮਦ ਅਲੀ ਦੇ ਪੈਰਾਂ ਨੂੰ ਹੱਥ ਲਾ ਕੇ ਕਿਹਾ, “ਮੈਂ ਵੀ ਪਹਿਲਵਾਨ ਬਣਨਾ ਚਾਹੁੰਦਾ ਹਾਂ ਅੰਕਲ। ਮੈਨੂੰ ਅਸ਼ੀਰਵਾਦ ਦਿਓ ਤੇ ਰੈਸਲਿੰਗ ਦੇ ਗੁਰ ਸਿਖਾਓ।”
ਮੁਹੰਮਦ ਅਲੀ ਦਾ ਆਪਣਾ ਕੋਈ ਪੁੱਤਰ ਨਹੀਂ ਸੀ, ਸਿਰਫ ਧੀਆਂ ਸਨ। ਗੁਰਜੀਤ ਨੇ ਜਦੋਂ ਪੈਰੀਂ ਹੱਥ ਲਾ ਕੇ ਬੇਨਤੀ ਕੀਤੀ ਤਾਂ ਮੁਹੰਮਦ ਅਲੀ ਦੀਆਂ ਅੱਖਾਂ ਸਿਮ ਆਈਆਂ। ਭਰੀਆਂ ਅੱਖਾਂ ਨਾਲ ਉਸ ਨੇ ਗੁਰਜੀਤ ਨੂੰ ਬਾਹਾਂ ‘ਚ ਲੈ ਲਿਆ, “ਜ਼ਰੂਰ ਮੇਰੇ ਬੱਚੇ! ਤੂੰ ਸੰਸਾਰ ਦਾ ਇਕ ਨੰਬਰ ਰੈਸਲਰ ਬਣੇਗਾ। ਤੇਰੇ ਪਿਤਾ ਵਾਂਗ ਮੇਰਾ ਅਸ਼ੀਰਵਾਦ ਵੀ ਸਦਾ ਤੇਰੇ ਨਾਲ ਰਹੇਗਾ। ਮੇਰੇ ਪਾਸ ਜੋ ਵੀ ਗੁਰ ਹਨ, ਤੈਨੂੰ ਜ਼ਰੂਰ ਦਿਆਂਗਾ।”
ਫਿਰ ਉਸ ਨੇ ਟਾਈਗਰ ਜੀਤ ਸਿੰਘ ਨੂੰ ਕਿਹਾ ਸੀ, “ਟਾਈਗਰ ਬ੍ਰਦਰ, ਮੇਰੇ ਕੋਈ ਪੁੱਤਰ ਨਹੀਂ। ਅੱਜ ਤੋਂ ਇਹ ਬੱਚਾ ਤੇਰਾ ਹੀ ਨਹੀਂ, ਮੇਰਾ ਵੀ ਬੇਟਾ ਹੈ। ਮੈਂ ਇਸ ਨੂੰ ਮਹਾਨ ਰੈਸਲਰ ਬਣਾਵਾਂਗਾ। ਮੇਰੀ ਬੇਨਤੀ ਐ ਮੇਰਾ ਨਾਂ ਵੀ ਇਸ ਬੱਚੇ ਦੇ ਨਾਂ ਨਾਲ ਜੋੜ ਦੇ।”
ਪਰਿਵਾਰ ਨੇ ਪਿਤਾ ਜਗਜੀਤ ਸਿੰਘ ਦਾ ‘ਟਾਈਗਰ’, ਕੋਚ ਮੁਹੰਮਦ ਅਲੀ ਦਾ ‘ਅਲੀ’ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਬਖਸਿ਼ਆ ‘ਸਿੰਘ’ ਜੋੜ ਕੇ ਉਸ ਦਾ ਨਾਂ ਰੱਖਿਆ ‘ਟਾਈਗਰ ਅਲੀ ਸਿੰਘ’ ਜਿਸ ਨੇ ਟਾਈਗਰ ਜੀਤ ਸਿੰਘ ਵਾਂਗ ਹੀ ਫਰੀ ਸਟਾਈਲ ਕੁਸ਼ਤੀਆਂ ਵਿਚ ਧੁੰਮਾਂ ਪਾਈਆਂ।