ਸੁਣਿਓ! ਗਹੁ ਨਾਲ, ਮੈਂ ਪੰਜਾਬ ਬੋਲਦਾਂ…

ਡਾ. ਸੁਖਦੇਵ ਸਿੰਘ ਝੰਡ
ਫੋਨ: 647-567-9128
ਜੀ ਹਾਂ! ਮੈਂ ਪੰਜਾਬ ਬੋਲ ਰਿਹਾਂ, ਤੇ ਮੇਰੀ ਕਹਾਣੀ ਧਿਆਨ ਨਾਲ ਸੁਣਨ ਵਾਲੀ ਹੈ। ਪੁਰਾਤਨ ਸਮੇਂ ਵਿਚ ਇਹ ਕਹਾਣੀ ਪੰਜ ਹਜ਼ਾਰ ਸਾਲ ਪੁਰਾਣੀ ਸਿੰਧ ਘਾਟੀ ਦੀ ਸੱਭਿਅਤਾ ਨਾਲ ਜੁੜਦੀ ਹੈ, ਜਦੋਂ ਇਸ ਨੂੰ ‘ਸਪਤ ਸਿੰਧੂ’ (ਸੱਤ ਦਰਿਆਵਾਂ ਦੀ ਧਰਤੀ) ਕਿਹਾ ਜਾਂਦਾ ਸੀ। ਉਸ ਸਮੇਂ ਦੇ ਸ਼ਹਿਰਾਂ ‘ਹੜੱਪਾ’ ਤੇ ਮਹਿੰਜੋਦਾੜੋ’ ਦੀ ਹੋਈ ਖੁਦਾਈ ਤੋਂ ਬਾਅਦ ਮੇਰੇ ਨਾਲ ਜੁੜੀ ਇਸ ਸੱਭਿਅਤਾ ਦੇ ਨਕਸ਼ ਉੱਘੜੇ ਹੋਏ ਸਾਫ ਦਿਖਾਈ ਦਿੱਤੇ। ਹੋਰ ਅੱਗੇ ਚੱਲੀਏ ਤਾਂ ਇਤਿਹਾਸ ਗਵਾਹ ਹੈ ਕਿ

ਤੂਫਾਨ ਵਾਂਗ ਚੜ੍ਹਦੇ ਆਉਂਦੇ ਯੂਨਾਨ ਦੇ ਰਾਜੇ ਸਿਕੰਦਰ ਨੂੰ 325 ਬੀ.ਸੀ. ਵਿਚ ਮੇਰੇ ਸਪੂਤ ਰਾਜੇ ਪੋਰਸ ਨੇ ਬੜੀ ਬਹਾਦਰੀ ਨਾਲ ਠੱਲ੍ਹਿਆ ਸੀ। ਸਿਕੰਦਰ ਕੋਲੋਂ ਹਾਰ ਜਾਣ ਦੇ ਬਾਵਜੂਦ ਜਦੋਂ ਉਸ ਨੇ ਸਿਕੰਦਰ ਵੱਲੋਂ ਕੀਤੇ ਗਏ ਸੁਆਲ ਕਿ ‘ਤੇਰੇ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਵੇ’ ਦਾ ਜੁਆਬ ਬੜੀ ਨਿਡਰਤਾ ਅਤੇ ਦਲੇਰੀ ਨਾਲ ਦਿੱਤਾ ਸੀ, “ਜਿਹੜਾ ਇਕ ਜੇਤੂ ਰਾਜਾ ਹਾਰੇ ਹੋਏ ਰਾਜੇ ਨਾਲ ਕਰਦਾ ਹੈ,” ਜਿਸ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਰਾਜੇ ਪੋਰਸ ਨੂੰ ਉਸ ਦਾ ਰਾਜ ਵਾਪਸ ਕਰ ਦਿੱਤਾ ਸੀ।
ਸੋਲ੍ਹਵੀਂ ਸਦੀ ਵਿਚ ਪੂਰੇ ਹਿੰਦੋਸਤਾਨ ਸਮੇਤ ਮੇਰੇ ਉਪਰ ਹਮਲੇ ਕਰਨ ਵਾਲੇ ਬਾਬਰ ਨੂੰ ਮੇਰੇ ਸੱਚੇ-ਸਪੂਤ ਗੁਰੂ ‘ਬਾਬੇ ਨਾਨਕ’ ਨੇ ‘ਜਾਬਰ’ ਕਹਿ ਕੇ ਉਸ ਨੂੰ ਤਕੜਾ ਉਲ੍ਹਾਮਾ ਦਿੱਤਾ ਸੀ:
ਖੁਰਾਸਾਨ ਖਸਮਾਨਾ ਕੀਆ ਹਿੰਦੋਸਤਾਨ ਡਰਾਇਆ॥
ਆਪੈ ਦੋਸੁ ਨਾ ਦੇਈ ਕਰਤਾ ਜਮ ਕਰਿ ਮੁਗਲ ਚੜ੍ਹਾਇਆ॥
ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ॥ (ਮਹਲਾ ਪਹਿਲਾ)
ਆਧੁਨਿਕ ਸਮੇਂ ਦੀ ਆਪਣੀ ਕਹਾਣੀ ਮੈਂ ਆਪਣੇ ਬਹਾਦਰ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਅਰੰਭ ਕਰਦਾ ਹਾਂ, ਜਿਸ ਨੇ 1708 ਵਿਚ ਗੁਰੂ ਗੋਬਿੰਦ ਸਿੰਘ ਜੀ ਤੋਂ ‘ਥਾਪੜਾ’ ਲੈ ਕੇ ਮੁਗਲ-ਰਾਜ ਨਾਲ ਮੱਥਾ ਲਾਇਆ ਸੀ। ਉਸ ਨੇ ਸਰਹਿੰਦ ਨੂੰ ਮਲੀਆ-ਮੇਟ ਕਰਕੇ ਉਸ ਦੇ ਨਵਾਬ ਕੋਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਅਤੇ ਨਾਲ ਹੀ ਮੈਨੂੰ ਮੁਗਲਾਂ ਕੋਲੋਂ ਆਜ਼ਾਦ ਕਰਾ ਕੇ 1709-10 ਵਿਚ ‘ਆਜ਼ਾਦ ਸਿੱਖ ਰਾਜ’ ਦੀ ਸਥਾਪਨਾ ਕੀਤੀ ਸੀ। ਉਸ ਨੇ ਵਾਹੀ ਕਰਨ ਵਾਲੇ ਕਿਸਾਨਾਂ ਨੂੰ ਜ਼ਮੀਨ ਦੀ ਮਾਲਕੀ ਦੇ ਅਧਿਕਾਰ ਦਿੱਤੇ ਅਤੇ ਉਨ੍ਹਾਂ ਨੂੰ ‘ਮੁਜ਼ਾਰਿਆਂ’ ਤੋਂ ਜ਼ਮੀਨਾਂ ਦੇ ‘ਮਾਲਕ’ ਬਣਾਇਆ। ਇਹ ਵੱਖਰੀ ਗੱਲ ਹੈ ਕਿ 1716 ਵਿਚ ਉਸ ਦੀ ਹੋਈ ਸ਼ਹੀਦੀ ਤੋਂ ਬਾਅਦ ਮੇਰੇ ਉਪਰ ਫਿਰ ਰਾਜ ਮੁਗਲਾਂ ਅਤੇ ਅਫਗਾਨੀਆਂ ਦਾ ਹੋ ਗਿਆ।
ਭਾਰਤ ਉਪਰ ਹਮਲੇ ਕਰਨ ਵਾਲੇ ਅਬਦਾਲੀ (ਦੁਰਾਨੀ), ਗਜ਼ਨਵੀ ਤੇ ਹੋਰ ਹਮਲਾਵਰ ਮੇਰੀ ਹਿੱਕ ਦੇ ਉਪਰੋਂ ਲੰਘ ਕੇ ਅੱਗੇ ਲੁੱਟਣ ਲਈ ਜਾਂਦੇ ਰਹੇ। ਮੈਂ ਕਮਜ਼ੋਰ ਸਾਂ ਅਤੇ ਮੈਂ ਉਨ੍ਹਾਂ ਦਾ ਮੁਕਾਬਲਾ ਨਾ ਕਰ ਸਕਿਆ; ਪਰ ਮੇਰੇ ਗਿਣੇ-ਚੁਣੇ ਸਿਰਲੱਥ ਤੇ ਸੂਰਬੀਰ ਯੋਧੇ, ਜਿਨ੍ਹਾਂ ਦਾ ਉਦੋਂ ਜੰਗਲਾਂ ਵਿਚ ਘੋੜਿਆਂ ਦੀਆਂ ਕਾਠੀਆਂ ਉਪਰ ‘ਨਿਵਾਸ’ ਸੀ, ਉਹ ਹਮਲਾਵਰਾਂ ਕੋਲੋਂ ਲੁੱਟ ਦਾ ਮਾਲ ਖੋਹ ਲੈਂਦੇ ਸਨ ਅਤੇ ਉਨ੍ਹਾਂ ਵੱਲੋਂ ਬੰਦੀ ਬਣਾਈਆਂ ਗਈਆਂ ਭਾਰਤੀ ਧੀਆਂ/ਭੈਣਾਂ ਨੂੰ ਉਨ੍ਹਾਂ ਜਰਵਾਣਿਆਂ ਕੋਲੋਂ ਆਜ਼ਾਦ ਕਰਵਾ ਕੇ ਉਨ੍ਹਾਂ ਦੇ ਮਾਪਿਆਂ ਤੱਕ ਸੁਰੱਖਿਅਤ ਪਹੁੰਚਾਉਂਦੇ ਰਹੇ। ਇਹ ਸਿਲਸਿਲਾ 1748 ਤੋਂ 1763 ਤੱਕ ਚੱਲਦਾ ਰਿਹਾ।
ਫਿਰ 1764-65 ਵਿਚ ਮੇਰੇ ਉਪਰ 12 ਵੱਖ-ਵੱਖ ਸਿੱਖ ਮਿਸਲਾਂ ਦਾ ਰਾਜ ਬਣ ਗਿਆ, ਜਿਸ ਨੂੰ 1780 ਵਿਚ ਸੁ਼ਕਰਚੱਕੀਆ ਮਿਸਲ ਵਿਚ ਜਨਮੇ ਰਣਜੀਤ ਸਿੰਘ ਨੇ ਹੋਰ ਸਿੱਖ ਮਿਸਲਾਂ ਦੇ ਨਾਲ ਲੜ-ਭਿੜ ਕੇ ਜਾਂ ਉਨ੍ਹਾਂ ਦੇ ਨਾਲ ਸਮਝੌਤੇ ਕਰਕੇ ਇਕ ਵਾਰ ਫਿਰ ਸਿੱਖ ਰਾਜ ਦੀ ਸਥਾਪਨਾ ਕੀਤੀ, ਜਿਸ ਵਿਚ ਅਜੋਕੇ ਪਾਕਿਸਤਾਨ ਦੇ ਸੂਬੇ ਮੁਲਤਾਨ, ਪੇਸ਼ਾਵਰ ਤੇ ਜੰਮੂ-ਕਸ਼ਮੀਰ (ਭਾਰਤ ਤੇ ਪਾਕਿਸਤਾਨ ਦੋਹਾਂ ਦੇ) ਵੀ ਸ਼ਾਮਲ ਸਨ ਅਤੇ ਜਿਸ ਦੀਆਂ ਹੱਦਾਂ ਅਟਕ ਤੋਂ ਲੈ ਕੇ ਸਤਲੁਜ ਦਰਿਆ ਤੱਕ ਸਨ। ਇਸ ਮਹਾਰਾਜੇ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਏ ਨੇ ਕਿਸੇ ਵੀ ਹਮਲਾਵਰ ਨੂੰ ਅਟਕ ਦਰਿਆ ਪਾਰ ਨਹੀਂ ਸੀ ਕਰਨ ਦਿੱਤਾ ਅਤੇ ਉਨ੍ਹਾਂ ਨੂੰ ਇਸ ਤੋਂ ਦੂਰ ਹੀ ਅਟਕਾਈ ਰੱਖਿਆ ਸੀ। ਇੰਗਲੈਂਡ ਤੋਂ ਵਪਾਰ ਕਰਨ ਆਈ ਅੰਗਰੇਜ਼ੀ ‘ਈਸਟ ਇੰਡੀਆ ਕੰਪਨੀ’ ਧੱਕੇ ਨਾਲ 1757 ਵਿਚ ਬਾਕੀ ਸਾਰੇ ਭਾਰਤ ਦੀ ਮਾਲਕ ਬਣ ਬੈਠੀ, ਪਰ ਉਹ ਵੀ ਮੇਰੇ ਸ਼ਕਤੀਸ਼ਾਲੀ ਮਹਾਰਾਜਾ ਰਣਜੀਤ ਸਿੰਘ ਤੋਂ ਡਰਦੀ ਮਾਰੀ ਮੇਰੇ ਤੋਂ ਕਈ ਸਾਲ ਦੂਰ ਹੀ ਰਹੀ ਅਤੇ ਉਸ ਨੂੰ ਮਹਾਰਾਜੇ ਨਾਲ 1809 ਵਿਚ ‘ਫਿਲੌਰ ਦੀ ਇਤਿਹਾਸਕ ਸੰਧੀ’ ਕਰਨੀ ਪਈ ਸੀ। 1839 ਵਿਚ ਇਸ ਬੁੱਧੀਮਾਨ ਮਹਾਰਾਜੇ ਦੀ ਮੌਤ ਪਿਛੋਂ ਸਿੱਖ ਸਰਦਾਰਾਂ ਵਿਚ ਹੋਈ ਖਾਨਾਜੰਗੀ ਤੋਂ ਬਾਅਦ ਸਿੱਖ-ਰਾਜ ਕਮਜ਼ੋਰ ਹੋ ਜਾਣ ਕਾਰਨ ਅੰਗਰੇਜ਼ਾਂ ਵੱਲੋਂ ਇਸ ਸੰਧੀ ਦੀ ਉਲੰਘਣਾ ਕਰਦਿਆਂ ਫੇਰੂ ਸ਼ਹਿਰ, ਸਭਰਾਵਾਂ ਅਤੇ ਮੁੱਦਕੀ ਦੀਆਂ ਲੜਾਈਆਂ ਤੋਂ ਬਾਅਦ ਮੈਨੂੰ ਵੀ ਆਪਣੇ ਰਾਜ ਵਿਚ ਸ਼ਾਮਲ ਕਰ ਲਿਆ ਗਿਆ।
…ਤੇ ਫਿਰ ਭਾਰਤ ਦੀ ਆਜ਼ਾਦੀ ਦੀ ਲੜਾਈ ਅਰੰਭ ਹੋ ਜਾਂਦੀ ਹੈ। 1857 ਦੇ ‘ਗਦਰ’ ਨੂੰ ਭਾਵੇਂ ਇਤਿਹਾਸ ਵਿਚ ‘ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ’ ਦਾ ਨਾਂ ਦਿੱਤਾ ਜਾਂਦਾ ਹੈ, ਪਰ ਉਹ ਮੁੱਖ ਤੌਰ ‘ਤੇ ਭਾਰਤ ਦੀਆਂ ਵੱਖ-ਵੱਖ ਰਿਆਸਤਾਂ ਦੇ ਰਾਜਿਆਂ ਵੱਲੋਂ ਅੰਗਰੇਜ਼ਾਂ ਤੋਂ ਆਪਣੇ ਰਾਜਾਂ ਨੂੰ ਬਚਾਉਣ ਦੀ ਹੀ ਲੜਾਈ ਸੀ, ਉਹ ਲੜਾਈ ਭਾਵੇਂ ਦਿੱਲੀ ਦੇ ਰਾਜੇ ਬਹਾਦਰ ਸ਼ਾਹ ਜ਼ਫਰ, ਮੈਸੂਰ ਰਿਆਸਤ ਦੇ ਟੀਪੂ ਸੁਲਤਾਨ, ਮੇਵਾੜ ਦੇ ਰਾਣਾ ਸਾਂਘਾ, ਗਵਾਲੀਅਰ ਦੇ ਤਾਂਤੀਆ ਤੋਪੇ ਦੀ ਸੀ ਜਾਂ ਝਾਂਸੀ ਰਿਆਸਤ ਦੀ ‘ਝਾਂਸੀ ਦੀ ਰਾਣੀ’ ਜਾਂ ਹੋਰ ਛੋਟੀਆਂ ਰਿਆਸਤਾਂ ਦੇ ਰਾਜਿਆਂ ਦੀ ਸੀ, ਪਰ ਇਹ ਕਿਸੇ ਯੋਜਨਾਬੱਧ ਢੰਗ ਨਾਲ ਇੱਕਮੁੱਠਤਾ ਨਾਲ ਲੜੀ ਜਾਣ ਵਾਲੀ ਲੜਾਈ ਨਹੀਂ ਸੀ। ਨਤੀਜੇ ਵਜੋਂ, ਇਸ ਵਿਚ ਇਨ੍ਹਾਂ ਰਾਜਿਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਅੰਗਰੇਜ਼ਾਂ ਦੀ ਜਿੱਤ ਹੋਈ।
ਭਾਰਤ ਦੀ ਆਜ਼ਾਦੀ ਲਈ ਲੜੀ ਗਈ ‘ਅਸਲੀ ਲੜਾਈ’ ਵਿਚ ਮੇਰੇ ਸੂਰਬੀਰਾਂ ਨੇ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਭਾਵੇਂ ਮੇਰੀ ਆਬਾਦੀ ਭਾਰਤ ਦੀ ਕੁਲ ਆਬਾਦੀ ਦਾ ਸਿਰਫ ਦੋ ਕੁ ਫੀਸਦੀ ਹਿੱਸਾ ਹੀ ਸੀ। ਕੁਰਬਾਨੀਆਂ ਦੇਣ ਵਾਲਿਆਂ ਵਿਚ ਅਗਲਾ ਨੰਬਰ ਬੰਗਾਲ ਦੇ ਯੋਧਿਆਂ ਦਾ ਸੀ ਅਤੇ ਬਾਕੀ ਸੂਬਿਆਂ ਵਾਲੇ ਤਾਂ ਇਸ ਪੱਖੋਂ ਸਾਡੇ ਦੋਹਾਂ ਤੋਂ ਬਹੁਤ ਪਿੱਛੇ ਰਹੇ। ਮੇਰੇ ‘ਗਦਰੀ ਬਾਬਿਆਂ’ ਨੇ ਅਮਰੀਕਾ ਦੇ ਸ਼ਹਿਰ ਸੈਨ ਫਰਾਂਸਿਸਕੋ ਵਿਚ 1913 ਵਿਚ ‘ਗਦਰ ਲਹਿਰ’ ਦੀ ਸ਼ੁਰੂਆਤ ਕੀਤੀ। ਲੋਕਾਂ ਨੂੰ ਆਜ਼ਾਦੀ ਪ੍ਰਤੀ ਜਾਗਰੂਕ ਕਰਨ ਲਈ ਉਨ੍ਹਾਂ ਉਰਦੂ, ਪੰਜਾਬੀ ਤੇ ਬੰਗਾਲੀ ਭਾਸ਼ਾਵਾਂ ਵਿਚ ਅਖਬਾਰ ‘ਗਦਰ’ ਅਰੰਭ ਕੀਤਾ। ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ, ਲਾਲਾ ਹਰਦਿਆਲ ਤੇ ਹਰਨਾਮ ਸਿੰਘ ਟੁੰਡੀਲਾਟ ਵਰਗੇ ਇਸ ਦੇ ਸੰਚਾਲਕ ਖਬਰਾਂ ਤੇ ਲੇਖ ਲਿਖਦੇ, ਹੱਥ ਵਾਲੇ ਟੋਕੇ ਵਾਂਗ ਚੱਲਣ ਵਾਲੀ ‘ਪਿ੍ਰੰਟਿੰਗ-ਪ੍ਰੈੱਸ’ ਨਾਲ ਇਸ ਅਖਬਾਰ ਦੀਆਂ ਹਜ਼ਾਰਾਂ ਕਾਪੀਆਂ ਤਿਆਰ ਕਰਦੇ ਅਤੇ ਸਾਈਕਲਾਂ ‘ਤੇ ਜਾ ਕੇ ਇਸ ਨੂੰ ਲੋਕਾਂ ਦੇ ਘਰੀਂ ਪਹੁੰਚਾਉਂਦੇ। ਇਸ ਦਾ ਪਹਿਲਾ ਅੰਕ ਉਰਦੂ ਵਿਚ ਪਹਿਲੀ ਨਵੰਬਰ 1913 ਨੂੰ ਛਪਿਆ। 1914 ਵਿਚ ਮੇਰਾ ਪੁੱਤਰ ਬਾਬਾ ਗੁਰਦਿੱਤ ਸਿੰਘ 400 ਦੇ ਕਰੀਬ ਪੰਜਾਬੀਆਂ ਨਾਲ ਭਰਿਆ ਹੋਇਆ ‘ਗੁਰੂ ਨਾਨਕ ਜਹਾਜ਼’ (ਕਾਮਾਗਾਟਾ ਮਾਰੂ) ਭਾਰਤ ਤੋਂ ਲੈ ਕੇ ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਸਮੁੰਦਰੀ ਪਾਣੀਆਂ ਵਿਚ ਜਾ ਪਹੁੰਚਾ, ਪਰ ਸਮੇਂ ਦੀ ਅੰਗਰੇਜ਼ ਸਰਕਾਰ ਨੇ ਉਸ ਨੂੰ ਕੰਢੇ ਨਾ ਲੱਗਣ ਦਿੱਤਾ ਅਤੇ ਦੋ ਮਹੀਨੇ ਸਮੁੰਦਰ ਵਿਚ ਖੜ੍ਹਾ ਰਹਿਣ ਪਿੱਛੋਂ ਉਸ ਨੂੰ ਵਾਪਸ ਪਰਤਣਾ ਪਿਆ ਅਤੇ ਵਾਪਸੀ ‘ਤੇ ਕਲਕੱਤੇ ਦੇ ਬੱਜਬੱਜ-ਘਾਟ ‘ਤੇ ਉਸ ਦੇ ਮੁਸਾਫਰਾਂ ਨੂੰ ਭਾਰਤ ਦੀ ਅੰਗਰੇਜ਼ ਸਰਕਾਰ ਦੀਆਂ ਗੋਲੀਆਂ ਦਾ ਸਾਹਮਣਾ ਕਰਨਾ ਪਿਆ।
ਮੇਰੇ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਦੇ ‘ਜੱਲ੍ਹਿਆਂ ਵਾਲੇ ਬਾਗ’ ਵਿਚ 13 ਅਪਰੈਲ 1919 ਨੂੰ ਵਿਸਾਖੀ ਵਾਲੇ ਦਿਨ ਹਿੰਦੂ, ਸਿੱਖ, ਮੁਸਲਿਮ ਭੈਣ-ਭਰਾਵਾਂ ਦਾ ਸਾਂਝਾ ਜਲਸਾ ਹੋਇਆ, ਜਿਸ ਵਿਚ ਆਗੂਆਂ ਵੱਲੋਂ ਭਾਰਤ ਲਈ ਆਜ਼ਾਦੀ ਦੀ ਮੰਗ ਕੀਤੀ ਗਈ। ਅੰਗਰੇਜ਼ ਸਰਕਾਰ ਦੇ ਗਵਰਨਰ ਮਾਈਕਲ ਓਡਵਾਇਰ ਦੇ ਹੁਕਮਾਂ ‘ਤੇ ਜਨਰਲ ਡਾਇਰ ਵੱਲੋਂ ਮੇਰੇ ਇਨ੍ਹਾਂ ਨਿਹੱਥੇ ਦੇਸ਼-ਭਗਤਾਂ ਉਪਰ ਅੰਨ੍ਹੇ-ਵਾਹ ਗੋਲੀਆਂ ਚਲਵਾਈਆਂ ਗਈਆਂ, ਜਿਨ੍ਹਾਂ ਨਾਲ ਇਕ ਹਜ਼ਾਰ ਤੋਂ ਵੱਧ ਸ਼ਹੀਦ ਅਤੇ ਦੋ ਹਜ਼ਾਰ ਤੋਂ ਵਧੇਰੇ ਜ਼ਖਮੀ ਹੋ ਗਏ ਸਨ। ਇਸ ਖੂਨੀ ਕਾਂਡ ਦਾ ਬਦਲਾ ਮੇਰੇ ਹੋਣਹਾਰ ਸਪੁੱਤਰ ਊਧਮ ਸਿੰਘ ਉਰਫ ‘ਰਾਮ ਮੁਹੰਮਦ ਸਿੰਘ ਆਜ਼ਾਦ’ ਨੇ 21 ਸਾਲ ਬਾਅਦ ਲੰਡਨ ਜਾ ਕੇ ਕੈਕਸਟਨ ਹਾਲ ਵਿਚ ਚੱਲ ਰਹੇ ਇਕ ਸਮਾਗਮ ਦੌਰਾਨ ਫੜ੍ਹਾਂ ਮਾਰਦੇ ਮਾਈਕਲ ਓਡਵਾਇਰ ਨੂੰ ਸਾਰਿਆਂ ਦੇ ਸਾਹਮਣੇ ਸ਼ੱਰੇਆਮ ਗੋਲੀਆਂ ਮਾਰ ਕੇ ਲਿਆ ਅਤੇ ਇਸ ਦੇ ਬਦਲੇ ਹੋਈ ਸਜ਼ਾ ਵਿਚ 30 ਜੂਨ 1940 ਨੂੰ ਫਾਂਸੀ ਦਾ ਰੱਸਾ ਚੁੰਮਿਆ।
24 ਸਾਲਾਂ ਦੇ ਮੇਰੇ ਨੌਜੁਆਨ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਦੀ ਖਾਤਰ 23 ਮਾਰਚ 1931 ਨੂੰ ਆਪਣੇ ਸਾਥੀਆਂ-ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫਾਂਸੀਆਂ ਦੇ ਰੱਸੇ ਆਪਣੇ ਹੱਥੀ ਆਪਣੇ ਗਲਾਂ ਵਿਚ ਪਾਏ। ਉਨ੍ਹਾਂ ਦੇ ਸਾਥੀਆਂ ਬੀ. ਕੇ. ਦੱਤ, ਸਚਿਨ ਨਾਥ ਸਾਨਿਆਲ, ਮਦਨ ਲਾਲ ਢੀਂਗਰਾ ਤੇ ਹੋਰ ਕਿਹੜੇ-ਕਿਹੜੇ ਨਾਂ ਗਿਣਾਵਾਂ? ਇਹ ਤਾਂ ਬੜੀ ਲੰਮੀ ਲੜੀ ਏ ਅਤੇ ਗਿਣਦਿਆਂ ਬੜਾ ਸਮਾਂ ਲੱਗੇਗਾ। ਕਈ ਕਹਿੰਦੇ ਨੇ, ਭਾਰਤ ਨੂੰ ਆਜ਼ਾਦੀ ਬਾਪੂ ਗਾਂਧੀ ਦੇ ਚਰਖਾ ਕੱਤਣ ਨਾਲ ਮਿਲੀ ਹੈ, ਜੋ ਕੋਰਾ ਝੂਠ ਹੈ। ਨਿਰੀਆਂ ਭੁੱਖ-ਹੜਤਾਲਾਂ, ਮਰਨ-ਵਰਤਾਂ ਅਤੇ ਜੇਲ੍ਹਾਂ ਵਿਚ ਜਾਣ ਨਾਲ ਹੀ ਇਹ ਆਜ਼ਾਦੀ ਨਹੀਂ ਮਿਲੀ, ਸਗੋਂ ਇਸ ਲਈ ਤਾਂ ਸ਼ਹੀਦਾਂ ਦਾ ਡੁੱਲ੍ਹਿਆ ਹੋਇਆ ਮਣਾਂ-ਮੂੰਹੀਂ ਖੂਨ ਹੀ ਕੰਮ ਆਇਆ, ਜਿਸ ਦੇ ਨਾਲ ਇਸ ਨੂੰ ਚੋਖਾ ਲਾਲ ਰੰਗ ਚੜ੍ਹਿਆ।
ਹਾਰ-ਹੰਭ ਕੇ ਆਖਰ ਅੰਗਰੇਜ਼ਾਂ ਨੇ 15 ਅਗਸਤ 1947 ਨੂੰ ਭਾਰਤ ਛੱਡਣ ਦਾ ਫੈਸਲਾ ਕੀਤਾ, ਪਰ ਜਾਂਦੇ-ਜਾਂਦੇ ਉਹ ਮੇਰੇ ਅਤੇ ਬੰਗਾਲ ਦੇ ਸੂਬੇ ਵਿਚ ਵੰਡੀਆਂ ਪਾ ਗਏ। ਸਾਨੂੰ ਦੋਹਾਂ ਨੂੰ ਦੋ-ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਅਤੇ ਇਨ੍ਹਾਂ ਦੇ ਪੂਰਬੀ ਤੇ ਪੱਛਮੀ ਭਾਗਾਂ ਵਿਚ ਹਿੰਦੂ, ਸਿੱਖ ਅਤੇ ਮੁਸਲਿਮ ਆਬਾਦੀ ਦੇ ਤਬਾਦਲੇ ਦੇ ਹੁਕਮ ਚਾੜ੍ਹ ਦਿੱਤੇ। ਇਸ ਦੇ ਨਾਲ ਹੀ ਇਨ੍ਹਾਂ ਤਿੰਨਾਂ ਕੌਮਾਂ ਵਿਚ ਭਾਰੀ ਨਫਰਤ ਦੀ ਅੱਗ ਫੈਲਾਅ ਦਿੱਤੀ ਗਈ, ਜਿਸ ਦੇ ਨਤੀਜੇ ਵਜੋਂ ਦੋਹਾਂ ਸੂਬਿਆਂ ਵਿਚ ਲੱਖਾਂ ਲੋਕ ਆਪਸੀ ਹਿੰਸਾ ਦੀ ਭੇਟ ਚੜ੍ਹ ਗਏ ਅਤੇ ਕਈ ਕਰੋੜਾਂ ਦੇ ਹਿਸਾਬ ਨਾਲ ਜਾਇਦਾਦਾਂ ਦਾ ਅੱਗ ਵਿਚ ਸੜ ਕੇ ਮਾਲੀ ਨੁਕਸਾਨ ਹੋਇਆ। ਮੇਰੇ ਆਪਣੇ 10 ਲੱਖ ਦੇ ਕਰੀਬ ਪੁੱਤਰ/ਧੀਆਂ ਇਸ ਮਾਰੂ ਕਾਂਡ ਵਿਚ ਸ਼ਹੀਦ ਹੋ ਗਏ ਅਤੇ ਮੈਂ ਲਹੂ ਦੇ ਹੰਝੂ ਵਹਾਉਂਦਾ ਰਹਿ ਗਿਆ।
ਮੇਰੇ ‘ਪੰਜ-ਆਬ’ (ਪੰਜ ਦਰਿਆ) ਵੀ ਵੰਡ ਕੇ ‘ਢਾਈ-ਢਾਈ ਆਬ’ ਕਰ ਦਿੱਤੇ ਗਏ। ਸਤਲੁਜ, ਬਿਆਸ ਤੇ ਅੱਧਾ ਰਾਵੀ ਪੂਰਬੀ ਪੰਜਾਬ ਵਿਚ ਅਤੇ ਜੇਹਲਮ, ਚਨਾਬ ਤੇ ਅੱਧਾ ਰਾਵੀ ਪੱਛਮੀ ਪੰਜਾਬ ਵਿਚ ਵਗਣ ਲੱਗੇ। ਇਹ ਦਰਦਨਾਕ ਕਾਂਡ ਅਜੇ ਮੈਨੂੰ ਨਹੀਂ ਭੁੱਲਿਆ ਸੀ ਕਿ ਜੂਨ 1984 ਵਿਚ ਅੰਮ੍ਰਿਤਸਰ ਅਤੇ ਨਵੰਬਰ 1984 ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇਕ ਵਾਰ ਫਿਰ ਵੱਡੇ ਖੂਨੀ ਕਾਂਡ ਹੋ ਗਏ, ਜਿਨ੍ਹਾਂ ਵਿਚ ਸਮੇਂ ਦੀ ਸਰਕਾਰ ਵੱਲੋਂ ਮੇਰੇ ਸਿੱਖ ਬੱਚਿਆਂ ਦੀ ਨਸਲਕੁਸ਼ੀ ਕਰਨ ਦੀ ਕੋਝੀ ਕੋਸਿ਼ਸ਼ ਕੀਤੀ ਗਈ। ਮੈਂ ਫਿਰ ਖੂਨ ਦੇ ਅੱਥਰੂ ਵਹਾਏ, ਪਰ ਇਨ੍ਹਾਂ ਨੂੰ ਵੇਖਣ ਤੇ ਸਮਝਣ ਵਾਲਾ ਕੌਣ ਸੀ? ਜਿਨ੍ਹਾਂ ਨੇ ਇਹ ਵੇਖਣੇ ਸਨ, ਉਹ ਤਾਂ ਖੁਦ ਆਪ ਇਹ ਸਭ ਕਰਵਾਉਣ ਵਾਲਿਆਂ ਵਿਚ ਸ਼ਾਮਲ ਸਨ ਅਤੇ ਉਨ੍ਹਾਂ ਨੂੰ ਬਾਅਦ ਵਿਚ ਉੱਚ-ਪਦਵੀਆਂ ਤੇ ਮੰਤਰੀਆਂ ਦੀਆਂ ਕੁਰਸੀਆਂ ਨਾਲ ਨਿਵਾਜਿਆ ਗਿਆ।
ਮੇਰੇ ਬਾਰੇ ਇਕ ਬੜੀ ਮਸ਼ਹੂਰ ਕਹਾਵਤ ਹੈ, ਅਖੇ “ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ।”
ਇਤਿਹਾਸ ਗਵਾਹ ਹੈ ਕਿ ਮੇਰੇ ਜਾਇਆਂ ਨੂੰ ਸਮੇਂ-ਸਮੇਂ ਨਵੀਆਂ-ਨਵੀਆਂ ਮੁਹਿੰਮਾਂ ਦਾ ਸਾਹਮਣਾ ਕਰਨਾ ਪਿਆ ਹੈ; ਤੇ ਇਹ ਇਤਿਹਾਸ ਹੁਣ ਵੀ ਦੁਹਰਾਇਆ ਜਾ ਰਿਹਾ ਹੈ। ਮੇਰੇ ਜਾਏ ਕਿਸਾਨ ਜੂਨ 2020 ਤੋਂ ਸੰਘਰਸ਼ ‘ਤੇ ਹਨ। ਪੰਜਾਬ ਵਿਚ ਨਵੇਂ ਬਿਜਲੀ ਬਿੱਲ ਦੇ ਆਉਣ ‘ਤੇ ਜਿਸ ਅਨੁਸਾਰ ਬਿਜਲੀ ਦੀਆਂ ਦਰਾਂ ਵਿਚ ਚੋਖਾ ਵਾਧਾ ਕੀਤਾ ਗਿਆ ਸੀ ਅਤੇ ਕਿਸਾਨੀ ਦੇ ਕੰਮਾਂ ਲਈ ਇਸ ਸਮੇਂ ਮੁਫਤ ਬਿਜਲੀ ਨਾਲ ਚੱਲ ਰਹੇ ਟਿਊਬਵੈਲਾਂ ਉਪਰ ਕਿਸਾਨਾਂ ਨੂੰ ਬਿੱਲ ਭੇਜਣ ਦੀ ਵਿਵਸਥਾ ਸੀ, ਦੇ ਵਿਰੋਧ ਵਿਚ ਪੰਜਾਬ ਦੇ ਕਿਸਾਨਾਂ ਨੇ ਰੇਲ-ਗੱਡੀਆਂ ਰੋਕਣ ਲਈ ਰੇਲ-ਪਟੜੀਆਂ ਅਤੇ ਪਲੇਟਫਾਰਮਾਂ ‘ਤੇ ਧਰਨੇ ਦਿੱਤੇ। ਸੜਕਾਂ ਉਪਰ ਬਣੇ ਟੌਲ-ਪਲਾਜਿ਼ਆਂ ਨੂੰ ਹਟਾਉਣ ਲਈ ਵੀ ਉਨ੍ਹਾਂ ਨੇ ਧਰਨੇ ਦਿੱਤੇ। ਅੰਬਾਨੀਆਂ-ਅਡਾਨੀਆਂ ਦੇ ਪੈਟਰੋਲ-ਪੰਪਾਂ ਅਤੇ ਉਨ੍ਹਾਂ ਦੇ ਵੱਡੇ-ਵੱਡੇ ਸਟੋਰਾਂ ਤੇ ਗੋਦਾਮਾਂ ਨੂੰ ਵੀ ਘੇਰਿਆ।
ਸਤੰਬਰ ਮਹੀਨੇ ਵਿਚ ਖੇਤੀਬਾੜੀ ਵਾਲੇ ‘ਤਿੰਨ ਕਾਲੇ ਬਿੱਲ’ ਕੇਂਦਰ ਸਰਕਾਰ ਨੇ ਪਾਰਲੀਮੈਂਟ ਦੇ ਦੋਹਾਂ ਹਾਊਸਾਂ ਵਿਚ ਪਾਸ ਕਰਵਾ ਕੇ ਰਾਸ਼ਟਰਪਤੀ ਦੇ ਦਸਤਖਤਾਂ ਤੋਂ ਬਾਅਦ ਕਾਨੂੰਨ ਬਣਾ ਦਿੱਤੇ, ਜਿਨ੍ਹਾਂ ਦਾ ਵਿਰੋਧ ਕਰਨ ਲਈ ਇਹ ਧਰਨੇ ਹੋਰ ਤੇਜ਼ ਹੋਏ ਅਤੇ ਇਹ ਸੰਘਰਸ਼ 26 ਨਵੰਬਰ ਨੂੰ ਦਿੱਲੀ ਦੇ ਸਿੰਘੂ ਬਾਰਡਰ ਅਤੇ ਟਿੱਕਰੀ ਬਾਰਡਰ ਉਪਰ ਲਿਜਾਣ ਦਾ ਫੈਸਲਾ ਹੋ ਗਿਆ। ਉਹ ਇਹ ਸਭ ਰੋਕਾਂ ਪਾਰ ਕਰਕੇ ਆਪਣੀ ਮੰਜਿ਼ਲ ਵੱਲ ਵਧਦੇ ਗਏ। ਉਨ੍ਹਾਂ ਦੇ ਨਾਲ ਮੇਰੇ ਹਰਿਆਣਵੀ ‘ਭਤੀਜੇ-ਭਤੀਜੀਆਂ’ ਵੀ ਮਿਲ ਗਏ। ਉਨ੍ਹਾਂ ਮਿਲ ਕੇ ਜਲ-ਤੋਪਾਂ ਦੇ ਮੂੰਹ ਮੋੜ ਦਿੱਤੇ ਅਤੇ ਦਿੱਲੀ ਦੀਆਂ ਬਰੂਹਾਂ ‘ਤੇ ਜਾ ਕੇ ਹੀ ਸਾਹ ਲਿਆ। ਉਧਰੋਂ ਕੁਝ ਦਿਨਾਂ ਬਾਅਦ ਉੱਤਰ ਪ੍ਰਦੇਸ਼, ਉੱਤਰਾ ਖੰਡ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕਿਸਾਨ ਵੀ ਗਾਜ਼ੀਪੁਰ ਵਾਲੇ ਬਾਰਡਰ ‘ਤੇ ਆ ਕੇ ਡੱਟ ਗਏ।
ਹੁਣ ਤਾਜਾ ਸੂਰਤੇ-ਹਾਲ ਇਹ ਹਨ ਕਿ ਮੇਰੇ ਕਿਸਾਨ ਪੁੱਤਰ ਦਿੱਲੀ ਦੀਆਂ ਬਰੂਹਾਂ ‘ਤੇ ਪੂਰੀ ਤਰ੍ਹਾਂ ਡਟੇ ਹੋਏ ਹਨ। ਮੇਰੇ ਪੁੱਤਰਾਂ-ਧੀਆਂ ਨੂੰ ਗਰਮੀ ਦੀ ਕੋਈ ਪ੍ਰਵਾਹ ਨਹੀਂ ਹੈ। ਕੇਂਦਰ ਸਰਕਾਰ ਇਸ ਕਿਸਾਨ ਮੋਰਚੇ ਨੂੰ ਹੋਰ ਲਮਕਾ ਕੇ ਫੇਲ੍ਹ ਕਰਨਾ ਚਾਹੁੰਦੀ ਹੈ। ਇਸੇ ਲਈ ਹੀ ਉਹ ਘੇਸਲ ਮਾਰ ਕੇ ਬੈਠੀ ਹੋਈ ਹੈ ਅਤੇ ਕਿਸਾਨ ਆਗੂਆਂ ਨਾਲ ਕੋਈ ਗੱਲ ਨਹੀਂ ਕਰ ਰਹੀ। ਉਹ ਕਿਸਾਨਾਂ ਦਾ ਹੌਂਸਲਾ ਅਤੇ ਹੱਠ ਪਰਖਣਾ ਚਾਹੁੰਦੀ ਹੈ ਅਤੇ ਉਹ ਵੀ ਇਸ ਦੇ ਲਈ ਪੂਰੀ ਤਰ੍ਹਾਂ ਤਿਆਰ ਹਨ। ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਭਾਰਤ ਦੇ ਕਿਸਾਨਾਂ ਦੇ ਇਸ ਮਸਲੇ ਦਾ ਹੱਲ ਲੱਭਣ ਲਈ ਕਿਸਾਨ ਆਗੂਆਂ ਨੂੰ ਇਕੱਲੇ-ਇਕੱਲੇ ਨੂੰ ਪਹੁੰਚ ਕਰਨ ਦੀ ਕੋਸਿ਼ਸ਼ ਕਰ ਰਹੀ ਹੈ, ਪਰ ਕਿਸਾਨ ਆਗੂਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰ ਨੂੰ ਇਸ ਸਬੰਧੀ ਉਨ੍ਹਾਂ ਨਾਲ ਅੱਗੇ ਵਾਂਗ ਕਿਸਾਨ ਲੀਡਰਾਂ ਨਾਲ ਸਮੂਹਿਕ ਤੌਰ ‘ਤੇ ਹੀ ਗੱਲਬਾਤ ਕਰਨੀ ਹੋਵੇਗੀ ਅਤੇ ਉਹ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਸੰਪਰਕ ਕਰਕੇ ਉਨ੍ਹਾਂ ਨੂੰ ਆਪਸ ਵਿਚ ਪਾੜਨ ਦਾ ਯਤਨ ਨਾ ਕਰੇ।
ਕੇਂਦਰ ਸਰਕਾਰ ਕਰੋਨਾ ਮਹਾਮਾਰੀ ਦਾ ਬਹਾਨਾ ਲਾ ਕੇ ਉਨ੍ਹਾਂ ਨੂੰ ਉੱਥੋਂ ਉਠਾਉਣ ਦੀ ਕੋਸਿ਼ਸ਼ ਵੀ ਕਰ ਰਹੀ ਹੈ, ਪਰ ਕਿਸਾਨ ਇਸ ਪੱਖੋਂ ਪੂਰੀ ਤਰ੍ਹਾਂ ਸੁਚੇਤ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉੱਥੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਉਨ੍ਹਾਂ ਲਈ ਇਹ ਜਿਊਣ-ਮਰਨ ਦਾ ਸੁਆਲ ਹੈ। ਟਿੱਕਰੀ ਬਾਰਡਰ ‘ਤੇ ਆਧੁਨਿਕ ਸਿਹਤ ਸਹੂਲਤਾਂ ਵਾਲਾ ਹਸਪਤਾਲ ਬਣਾਇਆ ਗਿਆ ਹੈ, ਜਿਸ ਵਿਚ ਅਮਰੀਕਾ ਤੋਂ ਗਏ ਡਾ. ਸਵੈਮਾਨ ਸਿੰਘ ਦੀ ਅਗਵਾਈ ਵਿਚ 40 ਡਾਕਟਰਾਂ ਦੀ ਟੀਮ ਬਾਖੂਬੀ ਕੰਮ ਕਰ ਰਹੀ ਹੈ। ਕਿਸਾਨ ਕਹਿੰਦੇ ਹਨ ਕਿ ਉਹ ਕਰੋਨਾ ਨਾਲ ਤਾਂ ਸ਼ਾਇਦ ਨਾ ਹੀ ਮਰਨ, ਪਰ ਇਨ੍ਹਾਂ ਤਿੰਨਾਂ ਕਾਲੇ ਖੇਤੀਬਾੜੀ ਕਾਨੂੰਨਾਂ ਕਾਰਨ ਨੇੜ-ਭਵਿੱਖ ਵਿਚ ਉਨ੍ਹਾਂ ਦੀ ਮੌਤ ਯਕੀਨੀ ਹੈ। ਇਸ ਲਈ ਉਨ੍ਹਾਂ ਦਾ ਇਸ ਮੋਰਚੇ ਨੂੰ ਉੱਥੇ ਜਾਰੀ ਰੱਖਣਾ ਅਤੀ ਜ਼ਰੂਰੀ ਹੈ।