ਲੋਕਾਂ ਦੀਆਂ ਆਸਾਂ `ਤੇ ਖਰੀ ਨਾ ਉਤਰੀ ਮੋਦੀ ਸਰਕਾਰ

ਨਵੀਂ ਦਿੱਲੀ: ਇਸ ਸਮੇਂ ਇਕ ਪਾਸੇ ਪੂਰਾ ਮੁਲਕ ਕਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ ਤੇ ਦੂਜੇ ਪਾਸੇ ਕੇਂਦਰ ਵਿਚ 7 ਸਾਲ ਪੂਰੇ ਕਰਨ ਉਤੇ ਭਾਜਪਾ ਨੂੰ ਚਾਅ ਚੜ੍ਹਿਆ ਹੋਇਆ ਹੈ। ਭਾਵੇਂ ਭਗਵਾ ਧਿਰ ਨੇ ਕਰੋਨਾ ਕਾਰਨ ਬਣੇ ਹਾਲਾਤ ਵਿਚ ਵੱਡੇ ਜਸ਼ਨ ਸਮਾਗਮਾਂ ਤੋਂ ਟਾਲਾ ਵੱਟਣ ਦਾ ਫੈਸਲਾ ਕੀਤਾ ਹੈ ਪਰ ਇਨ੍ਹਾਂ 7 ਵਰ੍ਹਿਆਂ ਦੀਆਂ ‘ਪ੍ਰਾਪਤੀਆਂ` ਲੋਕਾਂ ਦੇ ਕੰਨੀ ਪਾਉਣ ਲਈ ਹਰ ਵਾਹ ਲਾ ਰਹੀ ਹੈ। ਦੂਜੇ ਪਾਸੇ ਸਿਆਸੀ ਵਿਰੋਧੀ ਧਿਰਾਂ ਮੋਦੀ ਸਰਕਾਰ ਦੀਆਂ ਨਕਾਮੀਆਂ ਦਾ ਲੰਮਾ ਚੌੜਾ ਚਿੱਠਾ ਲੈ ਕੇ ਮੈਦਾਨ ਵਿਚ ਨਿੱਤਰੀਆਂ ਹੋਈਆਂ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੇ ਸੱਤ ਸਾਲ ਪੂਰੇ ਹੋਣ `ਤੇ ‘ਮਨ ਕੀ ਬਾਤ` ਵਿਚ ਪਿੰਡਾਂ ਤੱਕ ਪਹੁੰਚਾਈ। ਬਿਜਲੀ, ਸੜਕਾਂ ਬਣਾਉਣ, ਦਿਹਾਤੀ ਘਰਾਂ ਵਿਚ ਪਾਣੀ ਪਹੁੰਚਾਉਣ, ਬੈਂਕ ਖਾਤੇ ਖੋਲ੍ਹਣ, ਡਿਜੀਟਲ ਤਰੀਕੇ ਨਾਲ ਪੈਸੇ ਦੇ ਲੈਣ ਦੇਣ ਵਿਚ ਵਾਧੇ ਅਤੇ ਕਈ ਹੋਰ ਪ੍ਰਾਪਤੀਆਂ ਦਾ ਜਿ਼ਕਰ ਕਰ ਕੇ ਆਪਣੀਆਂ ਪ੍ਰਾਪਤੀਆਂ ਗਿਣਵਾਈਆਂ। ਜੰਮੂ ਕਸ਼ਮੀਰ ਵਿਚ ਧਾਰਾ 370 ਖਤਮ ਕਰਨ ਅਤੇ ਰਾਮ ਮੰਦਿਰ ਨੂੰ ਵੀ ਉਨ੍ਹਾਂ ਆਪਣੀ ਪ੍ਰਾਪਤੀ ਵਜੋਂ ਦੱਸਣ ਦੀ ਕੋਸ਼ਿਸ਼ ਕੀਤੀ।
ਦੂਜੇ ਪਾਸੇ ਕਾਂਗਰਸ ਸਣੇ ਹੋਰ ਵਿਰੋਧੀ ਧਿਰਾਂ ਨੇ ਕਰੋਨਾ ਨਾਲ ਲੜਾਈ ਵਿਚ ਅਸਫਲਤਾ, ਨੋਟਬੰਦੀ, ਜੀ.ਐਸ.ਟੀ. ਕਾਰਨ ਅਰਥ ਵਿਵਸਥਾ ਨੂੰ ਲੱਗੀ ਢਾਹ, ਕੇਂਦਰ ਤੇ ਸੂਬਿਆਂ ਵਿਚ ਵਧ ਰਿਹਾ ਪਾੜਾ, ਪਰਵਾਸੀ ਮਜ਼ਦੂਰਾਂ ਅਤੇ ਹੋਰ ਵਰਗਾਂ ਦੀ ਮੰਦਹਾਲੀ ਮੰਦੀ ਬਾਰੇ ਤਿੱਖੇ ਸਵਾਲ ਕੀਤੇ ਜਾ ਰਹੇ ਹਨ।
ਇਨ੍ਹਾਂ ਨਕਾਮੀਆਂ ਨੂੰ ਆਪਣੀ ਗਲਤੀ ਮੰਨਣ ਤੇ ਇਸ ਤੋਂ ਕੁਝ ਸਿੱਖਣ ਦੀ ਥਾਂ ਭਾਜਪਾ ਅਜਿਹੇ ਮੁੱਦੇ ਉਤੇ ਚੁੱਪ ਧਾਰੀ ਰੱਖਣ ਵਿਚ ਹੀ ਆਪਣਾ ਭਲਾ ਸਮਝ ਰਹੀ ਹੈ। ਅਜਿਹੇ ਮੌਕੇ ਪ੍ਰਧਾਨ ਮੰਤਰੀ ਨੇ 6 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ `ਤੇ ਬੈਠੇ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਬਾਰੇ ਕੋਈ ਗੱਲ ਨਹੀਂ ਕੀਤੀ। ਇਨ੍ਹਾਂ ਸੱਤ ਸਾਲਾਂ ਵਿਚ ਹੀ ਦੇਸ਼ ਵਿਚ ਹਜੂਮੀ ਹਿੰਸਾ ਦੀਆਂ ਅਨੇਕ ਵਾਰਦਾਤਾਂ ਹੋਈਆਂ ਅਤੇ ਸੰਪਰਦਾਇਕ ਪਾੜਾ ਵਧਿਆ। ਕੋਵਿਡ-19 ਦੇ ਮਾਮਲੇ ਵਿਚ ਸਰਕਾਰੀ ਨੀਤੀਆਂ ਦੀ ਅਸਫਲਤਾ ਵੀ ਸਭ ਦੇ ਸਾਹਮਣੇ ਹੈ। ਮੋਦੀ ਸਰਕਾਰ ਭਾਵੇਂ ਆਪਣੀਆਂ ਨਕਾਮੀਆਂ ਵੱਲ ਝਾਤ ਮਾਰਨ ਲਈ ਤਿਆਰ ਨਹੀਂ ਪਰ ਕੁਝ ਸਰਵੇਖਣਾਂ ਵਿਚ ਸਾਫ ਹੋਇਆ ਹੈ ਕਿ ਮੁਲਕ ਦੀ ਵੱਡੀ ਆਬਾਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਡਾਢੀ ਨਰਾਸ਼ ਹੈ।
ਏ.ਬੀ.ਪੀ.-ਸੀ-ਵੋਟਰਜ਼ ਵੱਲੋਂ ਜਾਰੀ ਕੀਤੇ ਸਰਵੇਖਣ ਮੁਤਾਬਕ ਮੋਦੀ ਸਰਕਾਰ ਤੋਂ 37 ਫੀਸਦੀ ਲੋਕ ਬੇਹੱਦ ਅਸੰਤੁਸ਼ਟ ਹਨ ਅਤੇ 25 ਫੀਸਦੀ ਲੋਕ ਇਕ ਹੱਦ ਤੱਕ ਹੀ ਸੰਤੁਸ਼ਟ ਹਨ। ਇਨ੍ਹਾਂ ਅੰਕੜਿਆਂ ਨਾਲ ਮੋਦੀ ਸਰਕਾਰ ਪ੍ਰਤੀ ਜਨਤਾ ਦੀ ਨਾਰਾਜ਼ਗੀ ਦੀ ਤਰਤੀਬ ਦਾ ਪਤਾ ਲੱਗਦਾ ਹੈ। ਸਰਵੇਖਣ ਮੁਤਾਬਕ ਮੋਦੀ ਸਰਕਾਰ ਖਿਲਾਫ ਨਾਰਾਜ਼ਗੀ ਦਾ ਮੁੱਖ ਕਾਰਨ ਮਹਾਂਮਾਰੀ ਹੈ, ਫਿਰ ਕਿਸਾਨ ਅੰਦੋਲਨ ਹੈ, ਫਿਰ ਸੀ.ਏ.ਏ. ਹੈ ਅਤੇ ਫਿਰ ਵਿਦੇਸ਼ ਨੀਤੀ ਹੈ।