ਸੁਰਾਂ ਦੇ ਛਣਕਦੇ ਘੁੰਗਰੂ- ਪ੍ਰਕਾਸ਼ ਕੌਰ

ਅੰਗਰੇਜ ਸਿੰਘ ਵਿਰਦੀ
ਫੋਨ: +91-94646-28857
ਪ੍ਰਕਾਸ਼ ਕੌਰ ਪੰਜਾਬੀ ਲੋਕ ਗਾਇਕੀ ਦਾ ਅਜਿਹਾ ਚਿਹਰਾ ਸਨ ਜਿਨ੍ਹਾਂ ਨੇ ਤਕਰੀਬਨ 40 ਸਾਲ ਤਕ ਆਪਣੀ ਸੁਰੀਲੀ ਆਵਾਜ਼ ਨਾਲ ਪੰਜਾਬੀ ਸੰਗੀਤ ਦੀ ਭਰਪੂਰ ਸੇਵਾ ਕੀਤੀ ਅਤੇ ਪੰਜਾਬੀ ਸਭਿਆਚਾਰ ਤੇ ਪੰਜਾਬੀ ਅਦਬ ਨੂੰ ਸੰਗੀਤ ਦੇ ਮਾਧਿਅਮ ਰਾਹੀਂ ਘਰ ਘਰ ਪਹੁੰਚਾਉਣ ਦਾ ਸ਼ਲਾਘਾਯੋਗ ਕੰਮ ਕੀਤਾ। ਪ੍ਰਕਾਸ਼ ਕੌਰ ਭਾਵੇਂ ਕਿਸੇ ਸੰਗੀਤਕ ਘਰਾਣੇ ਨਾਲ ਸਬੰਧਿਤ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੇ ਸੰਗੀਤ ਦੀ ਬਾਕਾਇਦਾ ਤਾਲੀਮ ਹਾਸਲ ਕੀਤੀ ਸੀ ਪਰ ਉਨ੍ਹਾਂ ਦੀ ਆਵਾਜ਼ ਵਿਚ ਇੰਨੀ ਕਸ਼ਿਸ਼ ਅਤੇ ਸੁਰੀਲਾਪਣ ਸੀ ਕਿ ਉਹ ਕਿਸੇ ਵੀ ਔਖੀ ਤਰਜ਼ ਨੂੰ ਅਤੇ ਹਰ ਤਰ੍ਹਾਂ ਦੇ ਗੀਤ ਨੂੰ ਬੜੇ ਸੌਖਿਆਂ ਹੀ ਬੇਹੱਦ ਖੂਬਸੂਰਤੀ ਨਾਲ ਨਿਭਾ ਲੈਂਦੇ ਸਨ।

ਉਨ੍ਹਾਂ ਦੇ ਗਾਏ ਅਣਗਿਣਤ ਗੀਤ ਅੱਜ ਵੀ ਸੰਗੀਤ ਪ੍ਰੇਮੀਆਂ ਦੇ ਕੰਨਾਂ ਵਿਚ ਰਸ ਘੋਲਦੇ ਹਨ। ਆਪਣੀ ਛੋਟੀ ਭੈਣ, ਪੰਜਾਬ ਦੀ ਕੋਇਲ ਕਰ ਕੇ ਜਾਣੀ ਜਾਣ ਵਾਲੀ ਮਹਾਨ ਗਾਇਕਾ ਸੁਰਿੰਦਰ ਕੌਰ ਨਾਲ ਇਕੱਠਿਆਂ ਰਲ ਕੇ ਪ੍ਰਕਾਸ਼ ਕੌਰ ਨੇ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੇ ਬੇਸ਼ੁਮਾਰ ਖੂਬਸੂਰਤ ਗੀਤ ਗਾਏ ਜਿਨ੍ਹਾਂ ਵਿਚ ਵਿਆਹਾਂ ਦੇ ਗੀਤ, ਸੁਹਾਗ, ਘੋੜੀਆਂ, ਸਿੱਠਣੀਆਂ, ਟੱਪੇ, ਮਾਹੀਏ, ਢੋਲੇ, ਲੋਕ ਬੋਲੀਆਂ ਆਦਿ ਹਨ ਜਿਨ੍ਹਾਂ ਦੀ ਮਕਬੂਲੀਅਤ ਅੱਜ ਵੀ ਕਾਇਮ ਹੈ।
ਵੰਡ ਤੋਂ ਪਹਿਲਾਂ ਸਾਂਝੇ ਪੰਜਾਬ ਵਿਚ 19 ਸਤੰਬਰ 1919 ਨੂੰ ਲਾਹੌਰ ਦੇ ਅੰਦਰੂਨੀ ਸ਼ਹਿਰ ਵਿਚ ਸਥਿਤ ਭੱਟੀ ਗੇਟ ਦੇ ਰਹਿਣ ਵਾਲੇ ਸਹਿਜਧਾਰੀ ਸਿੱਖ ਪਿਤਾ ਬਿਸ਼ਨ ਦਾਸ ਅਤੇ ਮਾਤਾ ਮਾਇਆ ਦੇਵੀ ਦੇ ਘਰ ਇਕ ਬੱਚੀ ਨੇ ਜਨਮ ਲਿਆ ਜਿਸ ਦਾ ਨਾਂ ਮਾਪਿਆਂ ਨੇ ਪ੍ਰਕਾਸ਼ ਕੌਰ ਰੱਖਿਆ। ਕੌਣ ਜਾਣਦਾ ਸੀ ਕਿ ਇਹ ਨੰਨ੍ਹੀ ਪ੍ਰਕਾਸ਼ ਵੱਡੀ ਹੋ ਕੇ ਸੰਗੀਤ ਦੀ ਦੁਨੀਆ ਵਿਚ ਅਜਿਹਾ ਮਾਅਰਕਾ ਮਾਰੇਗੀ ਜਿਸ ਨੂੰ ਰਹਿੰਦੀ ਦੁਨੀਆ ਤਕ ਜਾਣਿਆ ਜਾਂਦਾ ਰਹੇਗਾ। 4 ਭੈਣਾਂ ਅਤੇ 5 ਭਰਾਵਾਂ ਵਿਚ ਸਭ ਤੋਂ ਵੱਡੀ ਪ੍ਰਕਾਸ਼ ਨੂੰ ਨਿੱਕੇ ਹੁੰਦੇ ਤੋਂ ਹੀ ਸੰਗੀਤ ਨਾਲ ਲਗਾਓ ਸੀ। ਘਰਦਿਆਂ ਤੋਂ ਛੁਪ ਛੁਪ ਕੇ ਉਸ ਨੂੰ ਗਲੀ ਗੁਆਂਢ ਵਿਚ ਹੋਣ ਵਾਲੇ ਵਿਆਹਾਂ ਮੌਕੇ ਘਰ ਵਿਚ ਔਰਤਾਂ ਵੱਲੋਂ ਬੈਠਾਏ ਜਾਂਦੇ ਗਾਉਣ ਵਿਚ ਸ਼ਾਮਲ ਹੋਣਾ ਚੰਗਾ ਲੱਗਦਾ ਸੀ। ਉਥੇ ਉਹ ਰਬਾਬੀ ਔਰਤਾਂ ਨੂੰ ਗੀਤ ਗਾਉਂਦਿਆਂ ਸੁਣਦੀ ਜੋ ਉਸ ਦੇ ਮਨ ਨੂੰ ਟੁੰਬਦੇ। ਉਨ੍ਹਾਂ ਗੀਤਾਂ ਨੂੰ ਸੁਣ ਕੇ ਹੌਲੀ ਹੌਲੀ ਪ੍ਰਕਾਸ਼ ਵੀ ਗੁਣਗਣਾਉਣ ਲੱਗੀ। ਫਿਰ ਉਹ ਵਿਆਹਾਂ ਵਿਚ ਔਰਤਾਂ ਨਾਲ ਰਲ ਐਸੇ ਗੀਤ ਗਾਉਣ ਲੱਗੀ ਕਿ ਉਥੇ ਮੌਜੂਦ ਸਭ ਔਰਤਾਂ, ਕੁੜੀਆਂ ਚਿੜੀਆਂ ਅਤੇ ਬਜ਼ੁਰਗ ਮਾਵਾਂ ਉਸ ਦੀ ਟੁਣਕਵੀਂ ਆਵਾਜ਼ ਦੇ ਜਾਦੂ ਨਾਲ ਕੀਲੀਆਂ ਜਾਂਦੀਆਂ। ਇਸ ਤਰ੍ਹਾਂ ਗਲੀ ਗੁਆਂਢ ਦੇ ਵਿਆਹ ਸ਼ਾਦੀਆਂ ਦੇ ਮੌਕੇ ‘ਤੇ ਪ੍ਰਕਾਸ਼ ਕੌਰ ਦੀ ਹਾਜ਼ਰੀ ਜ਼ਰੂਰੀ ਸਮਝੀ ਜਾਣ ਲੱਗੀ ਅਤੇ ਸੰਗੀਤ ਵਿਚ ਪ੍ਰਕਾਸ਼ ਦੀ ਰੁਚੀ ਹੋਰ ਵਧਣ ਲੱਗੀ। ਪ੍ਰਕਾਸ਼ ਵਿਚ ਇਹ ਹੁਨਰ ਸੀ ਕਿ ਉਹ ਬਹੁਤ ਛੋਟੀ ਉਮਰ ਤੋਂ ਹੀ ਨਾਮੀ ਗਾਇਕਾਂ ਦੇ ਗਾਏ ਗੀਤਾਂ ਨੂੰ ਇਕ ਵਾਰ ਕੰਨੀ ਸੁਣ ਕੇ ਉਨ੍ਹਾਂ ਨੂੰ ਹੂਬਹੂ ਗਾ ਲੈਂਦੀ ਸੀ। ਉਸ ਨੇ ਸੰਗੀਤ ਦੀ ਸਿੱਖਿਆ ਭਾਵੇਂ ਪ੍ਰਾਪਤ ਨਹੀਂ ਕੀਤੀ ਸੀ ਪਰ ਫਿਰ ਵੀ ਉਹ ਸੁਰ ਤਾਲ ਦੀ ਬਹੁਤ ਪੱਕੀ ਸੀ। ਸ਼ੁਰੂ ਸ਼ੁਰੂ ਵਿਚ ਉਸ ਨੂੰ ਗਾਉਣ ਲਈ ਆਪਣੇ ਘਰਦਿਆਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਉਸ ਜ਼ਮਾਨੇ ਵਿਚ ਧੀਆਂ ਭੈਣਾਂ ਦਾ ਇੰਜ ਗਾਉਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ। ਇਸੇ ਕਰ ਕੇ ਪ੍ਰਕਾਸ਼ ਕੌਰ ਦਾ 15 ਸਾਲ ਦੀ ਛੋਟੀ ਉਮਰ ਵਿਚ ਹੀ ਵਿਆਹ ਕਰ ਦਿੱਤਾ। ਇੰਡੀਅਨ ਰੇਲਵੇ ਵਿਚ ਬਤੌਰ ਇਲੈਕਟ੍ਰੀਕਲ ਇੰਜਨੀਅਰ ਸ. ਹਰਬੰਸ ਸਿੰਘ ਸੂਰੀ ਜੋ ਲਾਹੌਰ ਦੇ ਹੀ ਵਾਸੀ ਸਨ ਤੇ ਲਾਹੌਰ ਹੀ ਇਨ੍ਹਾਂ ਦੀ ਪੋਸਟਿੰਗ ਸੀ, ਨਾਲ ਪ੍ਰਕਾਸ਼ ਕੌਰ ਦਾ ਵਿਆਹ ਹੋਇਆ। ਹਰਬੰਸ ਸਿੰਘ ਸੂਰੀ ਨੇ ਪ੍ਰਕਾਸ਼ ਕੌਰ ਨੂੰ ਗਾਇਕੀ ਦਾ ਆਪਣਾ ਸ਼ੌਕ ਕਾਇਮ ਰੱਖਣ ਵਿਚ ਭਰਭੂਰ ਸਾਥ ਦਿੱਤਾ ਅਤੇ ਹਮੇਸ਼ਾਂ ਉਤਸ਼ਾਹਿਤ ਕੀਤਾ। ਹਾਲਾਂਕਿ ਉਨ੍ਹਾਂ ਦਿਨਾਂ ਵਿਚ ਲੋਕ ਗਾਉਣ ਵਾਲੀਆਂ ਕੁੜੀਆਂ ਨੂੰ ਇੱਜ਼ਤ ਭਰੀ ਨਜ਼ਰ ਨਾਲ ਨਹੀਂ ਦੇਖਦੇ ਸਨ ਪਰ ਪ੍ਰਕਾਸ਼ ਕੌਰ ਦੀ ਦਲੇਰੀ ਸਦਕਾ ਅਤੇ ਪਤੀ ਹਰਬੰਸ ਸਿੰਘ ਸੂਰੀ ਵੱਲੋਂ ਮਿਲੇ ਸਹਿਯੋਗ ਕਰ ਕੇ ਉਸ ਨੇ ਇਹ ਮਿੱਥ ਵੀ ਤੋੜ ਦਿੱਤੀ।
ਸਾਲ 1940 ਵਿਚ ਪ੍ਰਕਾਸ਼ ਕੌਰ ਨੇ ਆਲ ਇੰਡੀਆ ਰੇਡੀਓ ਲਾਹੌਰ ‘ਤੇ ਆਪਣੇ ਗਾਇਕੀ ਦੇ ਸਫਰ ਦੀ ਸ਼ੁਰੂਆਤ ਲਈ ਆਡੀਸ਼ਨ ਪਾਸ ਕੀਤਾ। 1941 ਵਿਚ ਉਸ ਨੇ ਪਿਸ਼ਾਵਰ ਰੇਡੀਓ ਤੋਂ ਆਪਣਾ ਪਹਿਲਾ ਗੀਤ ਗਾਇਆ। ਉਨ੍ਹੀਂ ਦਿਨੀਂ ਰੇਡੀਓ ਤੋਂ ਸਿੱਧੇ ਗੀਤ ਪ੍ਰਸਾਰਿਤ ਕੀਤੇ ਜਾਂਦੇ ਸਨ। ਪ੍ਰਕਾਸ਼ ਕੌਰ ਨੇ ਰੇਡੀਓ ‘ਤੇ ਆਪਣੇ ਖੂਬਸੂਰਤ ਗੀਤਾਂ ਨਾਲ ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਦਾ ਜਾਦੂ ਬਿਖੇਰਨਾ ਸ਼ੁਰੂ ਕੀਤਾ। ਦਿਨਾਂ ਵਿਚ ਹੀ ਉਸ ਦੀ ਗਾਇਕੀ ਦੇ ਚਰਚੇ ਹਰ ਪਾਸੇ ਹੋਣ ਲੱਗੇ। ਲੋਕਾਂ ਨੂੰ ਉਨ੍ਹਾਂ ਦੇ ਗਾਏ ਗੀਤ ਬਹੁਤ ਪਸੰਦ ਆਉਂਦੇ। ਪੰਜਾਬੀ ਸਭਿਆਚਾਰ ਦੀ ਤਰਜਮਾਨੀ ਕਰਦੇ ਉਸ ਦੇ ਗੀਤ ਘਰ ਘਰ ਗੂੰਜਣ ਲੱਗੇ। 1943 ਤਕ ਪਹੁੰਚਦੇ ਪਹੁੰਚਦੇ ਉਹ ਰੇਡੀਓ ਦੀ ਆਲ੍ਹਾ ਦਰਜੇ ਦੀ ਪ੍ਰਵਾਨਿਤ ਗਾਇਕਾ ਬਣ ਚੁੱਕੀ ਸੀ। ਫਿਰ ਇਕ ਦਿਨ ਪ੍ਰਕਾਸ਼ ਕੌਰ ਆਪਣੇ ਤੋਂ 10 ਸਾਲ ਛੋਟੀ ਭੈਣ ਸੁਰਿੰਦਰ ਕੌਰ ਨੂੰ ਆਲ ਇੰਡੀਆ ਰੇਡੀਓ ਆਡੀਸ਼ਨ ਦਿਵਾਉਣ ਲੈ ਕੇ ਆਈ ਜੋ ਸੁਰਿੰਦਰ ਕੌਰ ਨੇ ਬਗੈਰ ਕਿਸੇ ਮੁਸ਼ਕਿਲ ਤੋਂ ਪਾਸ ਕਰ ਲਿਆ। ਹੁਣ ਦੋਵੇ ਭੈਣਾਂ ਆਲ ਇੰਡੀਆ ਰੇਡੀਓ ਲਾਹੌਰ ਦੀਆਂ ਪ੍ਰਵਾਨਿਤ ਗਾਇਕਾਵਾਂ ਬਣ ਚੁੱਕੀਆਂ ਸਨ ਅਤੇ ਦੋਵਾਂ ਨੇ ਇਕੱਠਿਆਂ ਆਲ ਇੰਡੀਆ ਰੇਡੀਓ ਲਾਹੌਰ ਤੋਂ ਕਈ ਗੀਤ ਗਾਏ ਜੋ ਬਹੁਤ ਮਸ਼ਹੂਰ ਹੋਏ। ਰੇਡੀਓ ‘ਤੇ ਗਾਉਂਦਿਆ ਹੀ ਦੋਵੇਂ ਭੈਣਾਂ ਨੇ ਲਾਹੌਰ ਰੇਡੀਓ ਦੇ ਸੰਗੀਤ ਸੈਕਸ਼ਨ ਦੇ ਹੈੱਡ ਬੁੱਧ ਸਿੰਘ ਤਾਨ ਦੇ ਸਹਾਇਕ ਜੀਵਨ ਲਾਲ ਮੱਟੂ ਕੋਲੋਂ ਲਾਈਟ ਕਲਾਸੀਕਲ ਵਿਚ ਸੰਗੀਤ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ।
ਫਿਰ 31 ਅਗਸਤ 1943 ਨੂੰ ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਦੀਆਂ ਆਵਾਜ਼ਾਂ ਵਿਚ ਰਿਕਾਰਡ ਕੀਤਾ ਪਹਿਲਾ ਐਲ.ਪੀ. ਰਿਕਾਰਡ ‘ਮਾਵਾਂ ਤੇ ਧੀਆਂ ਰਲ ਬੈਠੀਆਂ ਨੀਂ ਮਾਏ’ ਐਚ.ਐਮ.ਵੀ. ਕੰਪਨੀ ਨੇ ਰਿਲੀਜ਼ ਕੀਤਾ। ਇਹ ਉਹ ਸਦਾਬਹਾਰ ਗੀਤ ਸੀ ਜੋ ਲੋਕਾਂ ਵਿਚ ਹੁਣ ਵੀ ਪਸੰਦ ਕੀਤਾ ਜਾਂਦਾ ਹੈ। ਸੰਗੀਤ ਨਿਰਦੇਸ਼ਕ ਇਨਾਇਤ ਹੁਸੈਨ ਦੀ ਨਿਰਦੇਸ਼ਨਾ ਵਿਚ ਰਿਕਾਰਡ ਕੀਤੇ ਇਸ ਗੀਤ ਨੇ ਸਫਲਤਾ ਦੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ। ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਦੇ ਨਾਵਾਂ ਦੀ ਚਰਚਾ ਘਰ ਘਰ ਹੋਣ ਲੱਗੀ ਅਤੇ ਨਾਲ ਹੀ ਦੋਵਾਂ ਭੈਣਾਂ ਦੀ ਪ੍ਰਸਿੱਧੀ ਵਿਚ ਵੀ ਅਥਾਹ ਵਾਧਾ ਹੋਇਆ। ਭਾਵੇਂ ਪ੍ਰਕਾਸ਼ ਕੌਰ ਨੂੰ ਅਕਸਰ ਸੁਰਿੰਦਰ ਕੌਰ ਦੇ ਨਾਲ ਜੋੜ ਕੇ ਹੀ ਦੇਖਿਆ ਜਾਂਦਾ ਹੈ ਪਰ ਪੰਜਾਬੀ ਗਾਇਕੀ ਵਿਚ ਉਨ੍ਹਾਂ ਦੀ ਥਾਂ ਵਿਲੱਖਣ ਸੀ ਤੇ ਹਮੇਸ਼ਾਂ ਰਹੇਗੀ। ਸੰਗੀਤਕਾਰ ਇਨਾਇਤ ਹੁਸੈਨ ਨੇ ਹੋਰ ਵੀ ਬਹੁਤ ਸਾਰੇ ਗੀਤ ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਦੀ ਆਵਾਜ਼ ਵਿਚ ਰਿਕਾਰਡ ਕੀਤੇ। ਪ੍ਰਕਾਸ਼ ਕੌਰ ਨੇ ਫਿਲਮਾਂ ਲਈ ਵੀ ਗੀਤ ਗਾਏ।
ਦੇਸ਼ ਵੰਡ ਵੇਲੇ ਪ੍ਰਕਾਸ਼ ਕੌਰ ਵੀ ਆਪਣੇ ਪਰਿਵਾਰ ਨਾਲ ਫਿਰਕੂ ਜਨੂਨੀਆਂ ਤੋਂ ਬਚਦੇ ਬਚਾਉਂਦੇ ਲਾਹੌਰ ਵਿਚਲਾ ਆਪਣਾ ਭਰਿਆ ਭਰਾਇਆ ਘਰ ਬਾਰ ਛੱਡ ਜਾਨਾਂ ਬਚਾ ਕੇ ਅੰਮ੍ਰਿਤਸਰ ਦੇ ਰਫਿਊਜੀ ਕੈਂਪ ਵਿਚ ਆ ਸ਼ਾਮਲ ਹੋਏ। ਕੁਝ ਚਿਰ ਅੰਮ੍ਰਿਤਸਰ ਠਹਿਰਨ ਤੋਂ ਬਾਅਦ ਪ੍ਰਕਾਸ਼ ਕੌਰ ਪਰਿਵਾਰ ਸਹਿਤ ਦਿੱਲੀ ਜਾ ਵੱਸੇ। ਉਥੇ ਹੀ ਉਨ੍ਹਾਂ ਦੇ ਪਤੀ ਦੀ ਨੌਕਰੀ ਰੇਲਵੇ ਵਿਭਾਗ ਵਿਚ ਫਿਰ ਤੋਂ ਸ਼ੁਰੂ ਹੋ ਗਈ। ਪ੍ਰਕਾਸ਼ ਕੌਰ ਨੇ ਵੀ ਆਲ ਇੰਡੀਆ ਰੇਡੀਓ ਦਿੱਲੀ ਤੋਂ ਆਪਣੀ ਗਾਇਕੀ ਦਾ ਸਫਰ ਫਿਰ ਤੋਂ ਸ਼ੁਰੂ ਕਰ ਲਿਆ। ਉਨ੍ਹਾਂ ਦਿਨਾਂ ਵਿਚ ਦਿੱਲੀ ਰਫਿਊਜ਼ੀ ਕੈਂਪਾਂ ਵਿਚ ਸਭ ਤੋਂ ਜਿ਼ਆਦਾ ਗਿਣਤੀ ਪੰਜਾਬੀਆਂ ਦੀ ਸੀ, ਇਸ ਕਰਕੇ ਉਹ ਕੈਂਪ ਪੰਜਾਬੀ ਸੰਗੀਤ ਦੀ ਵੱਡੀ ਮੰਡੀ ਵਜੋਂ ਉਭਰੇ। ਪ੍ਰਕਾਸ਼ ਕੌਰ ਦੀ ਮੰਗ ਇਸ ਖਿੱਤੇ ਵਿਚ ਪਹਿਲੇ ਦਿਨ ਤੋਂ ਹੀ ਬਣ ਗਈ ਸੀ। 1948 ਤੋਂ 1958 ਤਕ ਉਸ ਦੇ ਸਭ ਤੋਂ ਵੱਧ ਹਿੱਟ ਗੀਤ ਬਣੇ।
ਪ੍ਰਕਾਸ਼ ਕੌਰ ਨੇ ਆਪਣੇ 40 ਸਾਲਾ ਦੇ ਗਾਇਕੀ ਦੇ ਸਫਰ ਦੌਰਾਨ ਅਣਗਿਣਤ ਹਿੱਟ ਗੀਤ ਗਾਏ। ਰੇਡੀਓ ‘ਤੇ ਗਾਉਣ ਤੋਂ ਇਲਾਵਾ ਉਸ ਨੇ ਪੰਜਾਬੀ ਫਿਲਮਾਂ ਵਿਚ ਵੀ ਗੀਤ ਗਾਏ। 1964 ਵਿਚ ਆਈ ਨੈਸ਼ਨਲ ਐਵਾਰਡ ਜੇਤੂ ਬਲਰਾਜ ਸਾਹਨੀ ਅਭਿਨੀਤ ਫਿਲਮ ‘ਸਤਲੁਜ ਦੇ ਕੰਢੇ’ ਵਿਚ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦਾ ਇਕੱਠਿਆਂ ਗਾਇਆ ਕੋਰਸ ਗੀਤ ‘ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਲਿਆਂਦਾ’ ਬੇਹੱਦ ਮਕਬੂਲ ਹੋਇਆ ਸੀ। ਅਣਗਿਣਤ ਗੀਤਾਂ ਦੇ ਐਲ.ਪੀ. ਗੀਤ ਰਿਕਾਰਡ ਮਾਰਕੀਟ ਵਿਚ ਉਤਾਰੇ ਗਏ ਜਿਨ੍ਹਾਂ ਦੀ ਰਿਕਾਰਡ ਤੋੜ ਵਿਕਰੀ ਹੋਈ। ਪ੍ਰਕਾਸ਼ ਕੌਰ ਨੇ ਅਣਗਿਣਤ ਹਿੱਟ ਗੀਤ ਗਾਏ ਜਿਨ੍ਹਾਂ ‘ਚ ‘ਮਾਵਾਂ ਤੇ ਧੀਆਂ ਰਲ ਬੈਠੀਆਂ ਨੀਂ ਮਾਏ’, ‘ਡਾਚੀ ਵਾਲਿਆ ਮੋੜ ਮੁਹਾਰ ਵੇ’, ‘ਬਾਜਰੇ ਦਾ ਸਿੱਟਾ’, ‘ਬਣ ਮੋਰਨੀ ਬਾਗਾਂ ਦੇ ਵਿਚ’, ‘ਬਾਰੀ ਬਰਸੀ ਖੱਟਣ ਗਿਆ ਸੀ’, ‘ਚੰਨ ਕਿੱਥਾਂ ਗੁਜ਼ਾਰੀ ਐ ਰਾਤ’, ‘ਇਕ ਮੇਰੀ ਅੱਖ ਕਾਸ਼ਨੀ’, ‘ਟਾਂਡੇ ਚੂਪ ਨਾ ਚਰ੍ਹੀ ਦੇ ਹਾਣੀਆਂ ਵੇ ਘਰ ‘ਚ ਸੰਧੂਰੀ ਅੰਬੀਆਂ’, ‘ਗਲੀਆਂ ਤੇ ਬਾਬੁਲ ਹੋਈਆਂ ਭੀੜੀਆਂ ਧੀ ਚੱਲੀ ਬਗਾਨੇ ਦੇਸ਼ ਬਾਬਲ’, ‘ਸੁਹਾਗ’, ‘ਘੋੜੀਆਂ’, ‘ਟੱਪੇ’, ‘ਮਾਹੀਆ’ ਅਤੇ ‘ਲੋਕ ਬੋਲੀਆਂ’ ਆਦਿ ਪ੍ਰਮੁੱਖ ਹਨ।
ਪ੍ਰਕਾਸ਼ ਕੌਰ ਨੇ ਨੰਦ ਲਾਲ ਨੂਰਪੁਰੀ, ਗਿਆਨ ਚੰਦ ਧਵਨ, ਪ੍ਰਕਾਸ਼ ਸਾਥੀ ਜਿਹੇ ਸ਼ਾਇਰਾਂ ਦੇ ਗੀਤ ਗਾਏ। ਨੰਦ ਲਾਲ ਨੂਰਪੁਰੀ ਦੇ ਲਿਖੇ ਗੀਤ ‘ਚੰਨ ਵੇ ਕੇ ਸ਼ੌਂਕਣ ਮੇਲੇ ਦੀ’, ‘ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ’ ਅਤੇ ‘ਵੇ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ’ ਗਾਏ। ਸੁਰਿੰਦਰ ਕੌਰ ਤੋਂ ਇਲਾਵਾ ਪ੍ਰਕਾਸ਼ ਕੌਰ ਨੇ ਹੋਰ ਵੀ ਆਪਣੇ ਸਮਕਾਲੀ ਗਾਇਕਾਂ ਨਾਲ ਅਣਗਿਣਤ ਗੀਤ ਗਾਏ ਜਿਨ੍ਹਾਂ ਵਿਚ ਆਸਾ ਸਿੰਘ ਮਸਤਾਨਾ, ਬਲਦੇਵ ਮੂੰਗਾ, ਸੁਰਿੰਦਰ ਕੋਹਲੀ, ਤ੍ਰਿਲੋਕ ਕਪੂਰ ਆਦਿ ਪ੍ਰਮੁੱਖ ਹਨ, ਪਰ ਉਸ ਨੇ ਜ਼ਿਆਦਾ ਗੀਤ ਹਜ਼ਾਰਾ ਸਿੰਘ ਰਮਤੇ ਨਾਲ ਗਾਏ ਅਤੇ ਸਟੇਜ ‘ਤੇ ਜੋੜੀ ਵੀ ਹਜ਼ਾਰਾ ਸਿੰਘ ਰਮਤੇ ਨਾਲ ਹੀ ਰਹੀ। ਦੋਵੇਂ ਕਲਾਕਾਰਾਂ ਨੇ ਤਕਰੀਬਨ 11 ਸਾਲ ਇਕੱਠੇ ਮਿਲ ਕੇ ਗਾਇਆ।
ਪ੍ਰਕਾਸ਼ ਕੌਰ ਅਜੇ 62 ਵਰ੍ਹਿਆਂ ਦੀ ਹੀ ਸੀ ਜਦੋਂ ਉਨ੍ਹਾਂ ਨੂੰ ਗੁਰਦਿਆਂ ਦੇ ਰੋਗ ਕਾਰਨ ਤੇ ਕਾਰ ਹਾਦਸੇ ਕਾਰਨ ਪੈਦਾ ਹੋਈਆਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪਿਆ। ਉਨ੍ਹਾਂ ਦੀ ਸਿਹਤ ਵਿਚ ਦਿਨੋਂ ਦਿਨ ਨਿਘਾਰ ਆਉਂਦਾ ਗਿਆ ਅਤੇ ਅਖੀਰ ਪੰਜਾਬ ਦੀ ਇਹ ਧੀ, ਬੁਲੰਦ ਆਵਾਜ਼ ਦੀ ਧਨੀ ਮਹਾਨ ਲੋਕ ਗਾਇਕਾ 2 ਨਵੰਬਰ 1982 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ ਪਰ ਉਨ੍ਹਾਂ ਦੀ ਆਵਾਜ਼ ਅਮਰ ਰਹੇਗੀ।