ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਪਿੰਡ ਵਿਚ ਤਿੰਨ ਮੰਜ਼ਲੀ ਕੋਠੀæææਬਹੁਤੇ ਕਮਰਿਆਂ ਨਾਲ ਅਟੈਚ ਬਾਥਰੂਮæææਬਾਥਰੂਮਾਂ ਵਿਚ ਇੰਪੋਰਟਡ ਟੱਬ ਅਤੇ ਗੀਜ਼ਰ ਲੱਗੇ ਹੋਏæææਏæਸੀæ ਦੀ ਠੰਢੀ ਠਾਰ ਸਹੂਲਤæææਬਿਜਲੀ ਕੱਟਾਂ ਦਾ ਮੂੰਹ-ਤੋੜ ਜਵਾਬ ਦੇਣ ਲਈ ਵੱਡਾ ਜੈਨਰੇਟਰ ਇਕ ਖੂੰਜੇ ਵਿਚ ਤਿਆਰ-ਬਰ-ਤਿਆਰ ਖੜ੍ਹਾæææਸਕੂਲ ਗਰਾਊਂਡ ਵਰਗੇ ਖੁੱਲ੍ਹੇ ਵਿਹੜੇ ਵਿਚ ਖੜ੍ਹੇ ਦੋ ਟਰੈਕਟਰਾਂ ਦੇ ਨਾਲ ਨਾਲ ਏæਸੀæ ਗੱਡੀ, ਮੋਟਰਸਾਇਕਲ ਅਤੇ ਸਕੂਟਰæææ ਸਭ ਘਰ ਦੀ ਸ਼ਾਨ ਵਧਾ ਰਹੇ ਨੇ। ਇਸ ਭਰੇ-ਭੁਕੰਨੇ ਘਰ ਦੇ ਤਿੰਨ ਮਾਲਕ ਮੁੰਡਿਆਂ ਵਿਚੋਂ ਦੋ ਯੂਰਪੀ ਦੇਸ਼ਾਂ ਵਿਚ ਵੈਲ-ਸੈਟਲਡ ਹਨ। ਉਨ੍ਹਾਂ ਨੇ ਚਾਲੀ ਕਿੱਲਿਆਂ ਦੀ ਖੇਤੀ ਦਾ ਹਿਸਾਬ-ਕਿਤਾਬ, ਪਿੰਡ ਰਹਿੰਦੇ ਭਰਾ ਤੋਂ ਕਦੀ ਨਹੀਂ ਮੰਗਿਆæææਖੇਤੀ ਵੱਟਕ ਦਾ ਲੇਖਾ ਜੋਖਾ ਕਰਨਾ ਤਾਂ ਦੂਰ ਦੀ ਗੱਲ, ਉਹ ਸਗੋਂ ਵਰ੍ਹੇ-ਛਿਮਾਹੀਂ ਪਿੰਡ ਨੂੰ ‘ਮਦਦ’ ਭੇਜਦੇ ਰਹਿੰਦੇ ਨੇæææਤਿੰਨਾਂ ਦੇ ਸਤਿ-ਸੰਤੋਖ ਦੀਆਂ ਗੱਲਾਂ ਲਾਗੇ-ਚਾਗੇ ਦੇ ਪਿੰਡਾਂ ਵਿਚ ਹੁੰਦੀਆਂ ਨੇ।
ਪੂਰੀ ਸਰਦਾਰੀ ਭੋਗ ਰਿਹਾ ਪਿੰਡ ਵਾਲਾ, ਛੋਟੇ ਜਿਹੇ ਪਰਿਵਾਰ ਦਾ ਮਾਲਕ ਮੁੰਡਾ ਹੱਥ ਦਾ ਵੀ ਬਹੁਤ ਸਖੀæææਪਿੰਡ ‘ਚ ਕਿਸੇ ਗਰੀਬ-ਗੁਰਬੇ ਦੀ ਧੀ ਦੇ ਵਿਆਹ ਮੌਕੇ ਮਾਇਕ ਮਦਦ ਵੀ ਕਰ ਦਿੰਦਾæææਪੇਂਡੂ ਵਰਤ-ਵਰਤਾਰੇ ਅਨੁਸਾਰ ਕੋਈ ਨਾ ਕੋਈ ਅਹੁਦਾ ਵੀ ਉਹਦੇ ਕੋਲ ਜ਼ਰੂਰ ਹੁੰਦਾæææਜੋ ਦੋਹਾਂ ਟਰਾਲੀਆਂ ‘ਤੇ ਸ਼ਾਨ ਨਾਲ ਲਿਖਵਾਇਆ ਜਾਂਦਾæææ ‘ਭਾਗ ਸਿੰਘ ਸਰਪੰਚ’ ਜਾਂ ਕਿਸੇ ਹੋਰ ਪਦਵੀ ਦਾ ਨਾਂ।
ਅਧਖੜ ਉਮਰ ਦੇ ਨੇੜੇ-ਤੇੜੇ ਪਹੁੰਚੇ ਅਤਿ ਚੰਗੇ ਭਾਗਾਂ ਵਾਲੇ ਇਸ ਭਾਗ ਸਿੰਹੁ ਨੇ ਭਾਗਾਂ ਨੂੰ ਹੋਰ ਚਮਕਾਉਣ ਲਈ ਬਾਹਰ ਦਾ ਕੰਮ ਬਣਾ ਲਿਆ। ਯੂਰਪ ਵਾਲੇ ਭਰਾਵਾਂ ਦੀਆਂ ਹੱਥ ਬੰਨ੍ਹ-ਬੰਨ੍ਹ ਕੀਤੀਆਂ ਅਰਜੋਈਆਂ ਨੂੰ ਦਰਕਿਨਾਰ ਕਰ ਕੇ ਸ੍ਰੀਮਾਨ ਜੀ ਪਰਦੇਸ ਰਹਿੰਦੇ ਆਪਣੇ ਦੂਰ-ਨੇੜੇ ਦੇ ਰਿਸ਼ਤੇਦਾਰਾਂ ਘਰੇ ਜਾ ਪਹੁੰਚੇæææਇਕ-ਦੋ ਹਫ਼ਤੇ ਲੰਮੇ-ਚੌੜੇ ਸਟੋਰਾਂ ਅਤੇ ਪਾਰਕਾਂ-ਪੂਰਕਾਂ ਦੀਆਂ ਸੈਰਾਂ ਕਰਨ ਬਾਅਦ ਡਾਲਰ ਬਣਾਉਣ ਦੇ ਵਸੀਲੇ ਬਾਰੇ ਸਕੀਮਾਂ ਬਣਨ ਲੱਗੀਆਂ। ਅੰਗਰੇਜ਼ੀ ਵੱਲੋਂ ਹੱਥ ਤੰਗ ਹੋਣ ਕਰ ਕੇ ਜੌਬ ਲੱਭਣੀ ਮੁਸ਼ਕਿਲ ਹੋ ਗਈ।
ਇਕ ਦਿਨ ਰੁਟੀਨ ‘ਚ ਹੀ ਫੋਨ ਉਤੇ ਗੱਲਾਂ ਕਰਦਿਆਂ ਮੈਂ ਹੋਰ ਉਰਲੀਆਂ-ਪਰਲੀਆਂ ਬਥੇਰੀਆਂ ਮਾਰੀ ਗਿਆ, ਪਰ ਜੌਬ ਬਾਰੇ ਪੁੱਛਣ ਦਾ ਮੇਰਾ ਹੀਆ ਨਾ ਪਵੇ। ਸੁਰਜੀਤ ਪਾਤਰ ਦੀ ਕਵਿਤਾ ਦੀਆਂ ਸਤਰਾਂ ‘ਪਿੰਡ ਜਿਨ੍ਹਾਂ ਦੇ ਗੱਡੇ ਚੱਲਣ, ਹੁਕਮ ਅਤੇ ਸਰਦਾਰੀ’ ਚੇਤੇ ਕਰ ਕੇ ਮੇਰੀ ਜੀਭ ਇਹ ਇਜਾਜ਼ਤ ਹੀ ਨਾ ਦੇਵੇ ਕਿ ਉਹਨੂੰ ਪੁੱਛਾਂ ਕਿ ਕੰਮ-ਕੁੰਮ ਦਾ ਕੋਈ ਜੁਗਾੜ ਬਣਿਆ ਕਿ ਨਹੀਂ? ਪਾਣੀ ਪਾ-ਪਾ ਲੱਸੀ ਵਧਾਉਣ ਵਾਂਗ ਜਦ ਸਾਡੀ ਵਾਰਤਾਲਾਪ ‘ਹੋਰ ਫਿਰ’ ਵਾਲੇ ਟਰਕਾਊ ਲਫ਼ਜ਼ ‘ਤੇ ਪਹੁੰਚ ਗਈ, ਤਦ ਫਿਰ ਨਵੇਂ ਪਰਵਾਸੀ ਨੇ ਇਸ ‘ਹੋਰ ਫਿਰ’ ਦਾ ਆਪੇ ਅਰਥ ਕੱਢਦਿਆਂ ਦੱਸਿਆ, “ਆਹ ਯਾਰ, ਜਿਹੜਾ ਐਥੇ ‘ਲੈਵਨ-ਸਲੈਵਨ’ ਕਹਿੰਦੇ ਆ, ਇਕ-ਦੋ ਜਗ੍ਹਾ ਪੁੱਛਿਆ ਐ, ਸਾਲੇ ਸਿਰ ਈ ਫੇਰ ਦਿੰਦੇ ਆ! ਕਹਿੰਦੇ ਕੰਮਾਂ ਦਾ ਮੰਦਾ ਪਿਆ ਹੋਇਐ!!”
‘ਓ ਭਈਆ, ਜੈਨਰੇਟਰ ਚਲਾ ਦੋæææਭਈਆ ਪੱਠੇ ਵਾਢ ਲੇ ਆਓæææਮੋਟਰ ਚਲਾ ਆਓæææਓ ਭਈਆ ਯਿਹ ਕਰੋ, ਵੋਹ ਕੋਰ’ ਵਰਗੇ ਹੁਕਮ ਚਲਾਉਣ ਵਾਲੇ ਅਤੇ ਪਿੰਡ ਰਹਿੰਦੇ ਭਈਆਂ ਦੀ ਹੇੜ ਦੇ ‘ਸ਼ਰਦਾਰ ਜੀ’ ਦੇ ਮੂੰਹੋਂ ‘ਲੈਵਨ-ਸਲੈਵਨ’ ਉਤੇ ਕੰਮ ਲੱਭਣ ਦੀ ਗੱਲ ਸੁਣ ਕੇ ਮੇਰੀ ਪੰਜਾਬੀਅਤ ਨੂੰ ਬੜੀ ਸੰਗ ਆਈ, ਪਰ ਸ਼ਰਮਿੰਦਾ ਹੋਣ ਦੀ ਬਜਾਏ ਮੈਂ ਹੱਸਣ ਨੂੰ ਤਰਜੀਹ ਦਿੱਤੀ।
ਪਿਛਲੀ ਵਾਰੀ ਅਮਰੀਕਾ ਤੋਂ ਪਿੰਡ ਜਾਣ ਦੀ ਤਿਆਰੀ ਕਰਨ ਤੋਂ ਦੋ ਕੁ ਹਫ਼ਤੇ ਪਹਿਲਾਂ, ਮੈਂ ਆਮ ਵਾਂਗ ਸ਼ਾਮ ਦੀ ਸੈਰ ਕਰਨ ਲਈ ਲਾਗੇ ਦੇ ਪਾਰਕ ਵਿਚ ਚਲਾ ਗਿਆ। ਤੁਰਨ ਵਾਲੀ ਪਟੜੀ ‘ਤੇ ਕਾਹਲੀ ਕਾਹਲੀ ਤੁਰਿਆ ਜਾ ਰਿਹਾ ਸਾਂ ਕਿ ਅੱਗਿਉਂ ਦੋ ਗੋਰੀਆਂ ਆ ਗਈਆਂ ਜਿਨ੍ਹਾਂ ਨੇ ਬਘਿਆੜਾਂ ਵਰਗੇ ਦੋ ਕੁੱਤਿਆਂ ਦੀਆਂ ਸੰਗਲੀਆਂ ਫੜੀਆਂ ਹੋਈਆਂ ਸਨ। ਮੇਰੇ ਲਾਗੇ ਪਹੁੰਚ ਕੇ ਦੋਹਾਂ ਕੁੱਤਿਆਂ ਨੇ ਅਤਿ ਚੁੱਕ ਲਈ। ਰਾਖ਼ਸ਼ਾਂ ਵਰਗੇ ਮੂੰਹ ਬਣਾ ਬਣਾ ਕੇ ਉਹ ਮੇਰੇ ‘ਤੇ ਟੁੱਟ ਟੁੱਟ ਪੈਣ ਲੱਗੇ। ਜੇ ਦੋਵੇਂ ਗੋਰੀਆਂ ਉਚੀ ਉਚੀ ‘ਨੋæææਨੋ’ ਕਹਿ ਕੇ ਕੁੱਤਿਆਂ ਦੀਆਂ ਧੌਣਾਂ ਵਾਲੀਆਂ ਪਟੀਆਂ ਨੂੰ ਫੁਰਤੀ ਨਾਲ ਨਾ ਫੜਦੀਆਂ ਤਾਂ ਮੈਨੂੰ ਉਨ੍ਹਾਂ ਦੋਹਾਂ ਨੇ ਜ਼ਰੂਰ ਚੀਰ ਕੇ ਰੱਖ ਦੇਣਾ ਸੀ। ਅਜਿਹਾ ਸਵਾਗਤ ਮੇਰੇ ਵੱਖਰੇ ਸਰੂਪ ਯਾਨਿ ਦਸਤਾਰ ਅਤੇ ਖੁੱਲ੍ਹੀ ਦਾੜ੍ਹੀ ਕਾਰਨ ਹੀ ਹੋਇਆ।
ਖ਼ੈਰ! ਥੋੜ੍ਹਾ ਦੂਰ ਹਟ ਕੇ ਲੰਘਦੇ ਨੂੰ ਮੈਨੂੰ, ਗੋਰੀਆਂ ਨੇ ਕਈ ਵਾਰ ‘ਸੌਰੀ ਸੌਰੀ’ ਕਿਹਾ, ਪਰ ਕਈ ਦਿਨ ਮੇਰੇ ‘ਤੇ ਹੀਣ ਭਾਵਨਾ ਛਾਈ ਰਹੀ। ਕਈ ਦਿਨ ਮੈਂ ਪਰਦੇਸੀ ਹੋਣ ਦੇ ਕਾਰਨਾਂ ‘ਚ ਖੁੱਭਿਆ ਰਿਹਾ, ਪਰ ਛੇਤੀ ਪਿੰਡ ਜਾਣ ਦੇ ਚਾਅ ਵਿਚ ਇਹ ਹੀਣ ਭਾਵਨਾ ਵੀ ਛਾਈਂ-ਮਾਈਂ ਹੋ ਗਈ।
ਪਿੰਡ ਵਾਲੇ ਪੁਰਖਿਆਂ ਦੇ ਘਰ ਪਹੁੰਚ ਕੇ ਅਨੰਦ ਮੰਗਲ ਕੀਤਾ। ਹੁੱਬ ਹੁੱਬ ਕੇ ਵਤਨ ਦੀਆਂ ਰੋਟੀਆਂ ਖਾਧੀਆਂ ਤੇ ਸੌਂ ਗਏ। ਤੜਕੇ ਅੰਮ੍ਰਿਤ ਵੇਲੇ ਕਈ ਚਿਰਾਂ ਬਾਅਦ ਗੁਰਦੁਆਰੇ ਦੇ ਸਪੀਕਰ ਦੀ ‘ਵਾਜ਼ ਕੰਨੀਂ ਪਈ, ‘ਹਉ ਆਇਆ ਦੂਰਹੁ ਚੱਲ ਕੈæææ।’ ਫਟਾ ਫਟ ਉਠਿਆ। ਇਸ਼ਨਾਨ-ਪਾਨ ਕਰ ਕੇ ਗੁਰਦੁਆਰੇ ਵੱਲ ਨੂੰ ਤੁਰ ਪਿਆ। ਘਰੋਂ ਨਿਕਲ ਕੇ ਜਦ ਮੈਂ ਠਾਕਰੀ ਦੇ ਘਰ ਕੋਲੋਂ ਲੰਘਣ ਲੱਗਾ ਤਾਂ ਉਸ ਦੇ ਚੌਂਤਰੇ ਉਪਰ ਬੈਠੇ ਪੰਜ-ਛੇ ਕੁੱਤੇ ਮੇਰੇ ਵੱਲ ਬਊਂæææਬਊਂ ਕਰ ਕੇ ਇਉਂ ਭੱਜੇ, ਜਿਵੇਂ ਪਹਿਲਾਂ ਤੋਂ ਮਿਲੀ ਹੋਈ ਸੂਹ ‘ਤੇ ਐਕਸ਼ਨ ਲੈਂਦਿਆਂ ਸੀæਆਰæਪੀæ ਵਾਲੇ ਕਿਸੇ ਸ਼ੱਕੀ ਨੂੰ ਦਬੋਚਣ ਲਈ ਦੌੜੇ ਹੋਣ। ਮੈਂ ਹੱਕਾ ਬੱਕਾ ਰਹਿ ਗਿਆ। ਅੱਕੀਂ ਪਲਾਹੀਂ ਹੱਥ ਮਾਰਨ ਵਾਂਗ ਮੈਂ ਆਲੇ-ਦੁਆਲੇ ਕੋਈ ਸੋਟਾ ਸੋਟੀ ਭਾਲਣ ਲੱਗਾ। ਸ਼ੁਕਰ ਹੋਇਆ ਕਿ ਇੰਨੇ ਨੂੰ ਮੰਜੇ ‘ਤੇ ਪਈ ਪਈ ਠਾਕਰੀ ਉਠ ਕੇ ਬਹਿ ਗਈ ਜੋ ਸ਼ਾਇਦ ਜਾਗਦੀ ਹੀ ਪਈ ਸੀ। ਕੁੱਤਿਆਂ ਦੀ ਚਾਣਚੱਕ ਚੜ੍ਹਾਈ ਅਤੇ ਉਨ੍ਹਾਂ ਦਾ ਭੌਂਕਣਾ ਸੁਣ ਕੇ ਉਸ ਨੇ ਜ਼ੋਰ ਦੀ ਆਵਾਜ਼ ਨਾਲ ਕੁੱਤਿਆਂ ਨੂੰ ਵਰਜਿਆ। ਉਹ ਡੰਗੋਰੀ ਲੈ ਕੇ ਮੇਰੀ ਮਦਦ ਲਈ ਅਹੁਲੀ। ਕੁੱਤੇ ਥੋੜ੍ਹਾ ਢਿੱਲੇ ਪੈ ਗਏæææਮੈਂ ਜੀ-ਭਿਆਣਾ ਜਿਹਾ ਹੋਇਆ ਸੋਚਾਂ, ‘ਮਨਾ! ਕੈਲੀਫੋਰਨੀਆ ਦੇ ਕੁੱਤਿਆਂ ਨੇ ਤਾਂ ਪਰਦੇਸੀ ਨੂੰ ਭੌਂਕਣਾ ਹੀ ਸੀ, ਆਹ ਆਪਣੇ ਦੇਸੀ ਕੁੱਤੇ, ਆਪਣੇ ਦੇਸੀ ਨੂੰ ਹੀ ਪਰਦੇਸੀ ਸਮਝ ਕੇ ਦੁਰ-ਦੁਰ ਕਰੀ ਜਾਂਦੇ ਹਨ। ਕਿਹਾ ਤਾਂ ਕੁੱਤੇ ਨੂੰ ਜਾਂਦਾ ਹੈ ਕਿ ਉਹ ‘ਘਰ ਦਾ, ਨਾ ਘਾਟ ਦਾ’ ਪਰ ਅੱਜ ਇਹ ਕਹਾਵਤ ਮੇਰੇ ‘ਤੇ ਢੁਕ ਰਹੀ ਹੈ।’
ਇਨ੍ਹਾਂ ਬਹਿ ਗੁਣੀਆਂ ਵਿਚ ਉਲਝਿਆ ਮੈਂ ਕੁੱਤਿਆਂ ਨੂੰ ਘੂਰ ਰਿਹਾ ਸਾਂ। ਭਰਵੱਟਿਆਂ ‘ਤੇ ਹੱਥ ਰੱਖ ਕੇ ਮੇਰੇ ਨੇੜੇ ਨੂੰ ਹੁੰਦਿਆਂ ਠਾਕਰੀ ਨੇ ਮੈਨੂੰ ਸਿਆਣ ਲਿਆ। ਆਪਣੇ ਹੀ ਪਿੰਡ ਦਾ ‘ਮੁੰਡਾ’ ਨਿਕਲਿਆ ਹੋਣ ਕਰ ਕੇ ਉਹ ਕੁੱਤਿਆਂ ਵੱਲ ਸੋਟੀ ਉਲਾਰਦਿਆਂ ਬੋਲੀ, “ਜਲ ਜਾਣੀਏ ਕਤ੍ਹੀੜੇ, ਕੁਸ਼ ਸ਼ਰਮ ਕਰ।” ਮੈਂ ਖੜ੍ਹਾ ਸੋਚਾਂ ਕਿ ਕੁੱਤੇ ਵਿਚਾਰੇ ਕਾਹਦੀ ਸ਼ਰਮ ਕਰਨ? ਉਨ੍ਹਾਂ ਤਾਂ ਓਪਰੇ ਬੰਦੇ ਨੂੰ ਭੌਂਕਣ ਦਾ ਆਪਣਾ ਜੱਦੀ-ਪੁਸ਼ਤੀ ਫਰਜ਼ ਨਿਭਾਇਆ ਹੈ। ਸ਼ਰਮ ਤਾਂ ਬੰਦਿਆਂ ਨੂੰ ਕਰਨੀ ਚਾਹੀਦੀ ਹੈ।
ਆਪਣੇ ਪੁਸ਼ਤੈਨੀ ਪਿੰਡ ਦੀ ਕੁੱਤਾ-ਮੰਡਲੀ ਹੱਥੋਂ ਬੇਇਜ਼ੱਤੀ ਹੋਣ ਤੋਂ ਥੋੜ੍ਹੇ ਕੁ ਦਿਨਾਂ ਮਗਰੋਂ ਪੰਜਾਬ ਵਿਚ ਅਸੰਬਲੀ ਚੋਣਾਂ ਦਾ ਮੈਦਾਨ ਭਖ ਪਿਆ। ਜ਼ੋਰਾਂ-ਸ਼ੋਰਾਂ ਨਾਲ ਜਲਸੇ-ਜਲੂਸ ਹੋਣ ਲੱਗ ਪਏ। ਮਂੈ ਵੀ ਮਨਪ੍ਰੀਤ ਸਿੰਘ ਬਾਦਲ ਦੀਆਂ ਕਈ ਚੋਣ ਰੈਲੀਆਂ ਵਿਚ ਬਾਹਾਂ ਉਲਾਰ ਉਲਾਰ ਕੇ ਤੀਜੇ ਮੋਰਚੇ ਨੂੰ ਵੋਟਾਂ ਪਾਉਣ ਦੀਆਂ ਅਪੀਲਾਂ ਕੀਤੀਆਂ। ਅਖ਼ਬਾਰੀ ਬਿਆਨ ਵੀ ਠਾਹ ਠਾਹ ਦਾਗੇ। ਵੋਟਾਂ ਪੈਣ ਵਾਲੇ ਦਿਨ ਮੈਂ ਆਪਣੇ ਪਿੰਡ ਵਾਲੇ ਬੂਥ ਉਤੇ ਚਾਈਂ ਚਾਈਂ ਪਹੁੰਚਿਆ। ਪਰਚੀਆਂ ਕੱਟਣ ਦੀ ਸੇਵਾ ਨਿਭਾ ਰਹੇ ਮੁੰਡਿਆਂ ਮੂੰਹੋਂ ਇਹ ਗੱਲ ਸੁਣ ਕੇ ਮੈਂ ਛਿੱਥਾ ਜਿਹਾ ਪੈ ਗਿਆ, “ਅੰਕਲ, ਵੋਟਰ ਸੂਚੀ ਵਿਚ ਤਾਂ ਤੁਹਾਡਾ ਨਾਂ ਈ ਹੈ ਨ੍ਹੀਂ।”
ਨਿੰਮੋ-ਝੂਣਾ ਜਿਹਾ ਹੋ ਕੇ ਘਰ ਮੁੜਦੇ ਨੂੰ ਮੈਨੂੰ ਵੇਦ ਵਿਆਸ ਦਾ ‘ਵਾਕ’ ਯਾਦ ਆ ਰਿਹਾ ਸੀ। ਇਸ ਤੱਤ-ਵੇਤਾ ਨੇ ਲਿਖਿਆ ਹੋਇਐ, ‘ਪੰਜ ਆਦਮੀ ਜਿਉਂਦੇ ਹੀ ਲਾਸ਼ਾਂ ਹਨ-ਦਲਿੱਦਰੀ, ਰੋਗੀ, ਮੂਰਖ, ਪਰਦੇਸੀ ਅਤੇ ਨੌਕਰ।’
Leave a Reply