ਕਰੋਨਾ ਦੇ ਕਹਿਰ ‘ਚ ਮਦਦ ਲਈ ਦੁਨੀਆਂ ਭਰ ‘ਚ ਸਿੱਖਾਂ ਦੀ ਵਾਹ-ਵਾਹ

ਨਵੀਂ ਦਿੱਲੀ: ਕਰੋਨਾ ਦੇ ਕਹਿਰ ਵਿਚ ਸਿੱਖ ਭਾਈਚਾਰਾ ਮੁੜ ਲੋਕਾਂ ਦੀ ਮਦਦ ਲਈ ਅੱਗੇ ਆਇਆ ਹੈ। ਦੇਸ਼ ਭਰ ਵਿਚ ਸਿੱਖ ਸੰਸਥਾਵਾਂ ਵੱਲੋਂ ਆਕਸੀਜਨ ਦੇ ਲੰਗਰ ਦੀਆਂ ਖਬਰਾਂ ਆ ਰਹੀਆਂ ਹਨ। ਸਿੱਖ ਭਾਈਚਾਰੇ ਨੇ ਮਹਾਮਾਰੀ ਦੇ ਖਤਰਨਾਕ ਦੌਰ ‘ਚ ਵੱਖ-ਵੱਖ ਸ਼ਹਿਰਾਂ ਦੀਆਂ ਸੜਕਾਂ, ਬਾਜ਼ਾਰਾਂ, ਮੁਹੱਲਿਆਂ ਅਤੇ ਜਨਤਕ ਸਥਾਨਾਂ ਉਤੇ ‘ਆਕਸੀਜਨ ਲੰਗਰ‘ ਦੀ ਨਿਵੇਕਲੀ ਸੇਵਾ ਦੀ ਸ਼ੁਰੂਆਤ ਕਰਕੇ ਪੂਰੀ ਦੁਨੀਆਂ ਦਾ ਦਿਲ ਜਿੱਤ ਲਿਆ ਹੈ। ਸਿੱਖ ਭਾਈਚਾਰੇ ਵੱਲੋਂ ਮਨੁੱਖੀ ਜਾਨਾਂ ਬਚਾਉਣ ਲਈ ਸ਼ੁਰੂ ਕੀਤੀ ਪਹਿਲ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

ਕੋਵਿਡ ਮਾਮਲਿਆਂ ‘ਚ ਹੋਏ ਵਾਧੇ ਤੋਂ ਬਾਅਦ ਆਕਸੀਜਨ ਸਪਲਾਈ ਅਤੇ ਡਾਕਟਰੀ ਸਹਾਇਤਾ ਦੀ ਭਾਰੀ ਘਾਟ ਦੌਰਾਨ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਅਤੇ ਸਿੱਖ ਭਾਈਚਾਰੇ ਨੇ ਨਿੱਜੀ ਪੱਧਰ ਉਤੇ ਲੋਕਾਂ ਦੀ ਸੇਵਾ ਕਰਨ ਦੀ ਜਿੰਮੇਵਾਰੀ ਆਪਣੇ ਸਿਰ ਲਈ ਹੋਈ ਹੈ ਅਤੇ ‘ਆਕਸੀਜਨ ਲੰਗਰ‘ ਦੇ ਨਾਂ ਉਤੇ ਗੁਰਦੁਆਰਿਆਂ ਅਤੇ ਲੋਕਾਂ ਦੇ ਦਰਵਾਜ਼ਿਆਂ ‘ਤੇ ਇਹ ਸੇਵਾ ਮੁਹੱਈਆ ਕਰਨ ਦੇ ਨਵੇਂ ਤਰੀਕੇ ਲੱਭੇ ਹਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਭੋਜਨ ਮੁਹੱਈਆ ਕਰਵਾ ਰਹੀ ਹੈ, ਉਥੇ ਹੀ ਉਨ੍ਹਾਂ ਨੇ ਸ਼ਹਿਰ ਦੇ ਕਈ ਗੁਰਦੁਆਰਿਆਂ ਦੇ ਬਾਹਰ ਵੀ ਆਕਸੀਜਨ ਲੰਗਰ ਲਗਾਏ ਹਨ। ਕਮੇਟੀ ਵੱਲੋਂ ਮਰੀਜ਼ਾਂ ਨੂੰ ਮੁਫਤ ਐਂਬੂਲੈਂਸ ਸੇਵਾ ਅਤੇ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਆਕਸੀਜਨ ਪਲਾਂਟ ਸਥਾਪਿਤ ਕਰਨ ਦੇ ਨਾਲ-ਨਾਲ ਕਾਨਸੰਟ੍ਰੇਟਰ ਰਾਹੀਂ ਹਵਾ ਤੋਂ ਆਕਸੀਜਨ ਤਿਆਰ ਕਰਕੇ ਮੈਡੀਕਲ ਸੇਵਾਵਾਂ ਦੇਣ ਦਾ ਫੈਸਲਾ ਕੀਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਕਰੋਨਾ ਕਾਰਨ ਬਣੇ ਮੌਜੂਦਾ ਹਾਲਾਤਾਂ ਨਾਲ ਨਜਿੱਠਣ ਲਈ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਆਕਸੀਜਨ ਪਲਾਂਟ ਤਿਆਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਰੋਨਾ ਮਰੀਜ਼ਾਂ ਲਈ ਪਹਿਲਾਂ ਤੋਂ ਰਾਖਵੇਂ ਰੱਖੇ ਗਏ ਉਕਤ ਹਸਪਤਾਲ ‘ਚ ਕਮੇਟੀ ਵੱਲੋਂ 100 ਬੈੱਡਾਂ ਅਤੇ 37 ਵੈਂਟੀਲੇਟਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਮੌਜੂਦਾ ਸਮੇਂ ਵਧ ਰਹੇ ਕਰੋਨਾ ਕੇਸਾਂ ਨੂੰ ਧਿਆਨ ‘ਚ ਰੱਖਦਿਆਂ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਦੀਵਾਨ ਹਾਲ ‘ਚ ਦੋ ਭਾਗਾਂ ‘ਚ 25-25 ਬੈੱਡਾਂ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 25 ਬੈੱਡਾਂ ਦਾ ਆਰਜ਼ੀ ਵਾਰਡ ਵੀ ਤਿਆਰ ਕੀਤਾ ਜਾ ਰਿਹਾ ਹੈ।
ਸਮਾਜ ਸੇਵੀ ਸੰਸਥਾ ਖਾਲਸਾ ਏਡ ਵੱਲੋਂ ਜਿੱਥੇ ਜ਼ਰੂਰਤਮੰਦਾਂ ਨੂੰ ਮੁਫਤ ਆਕਸੀਜਨ, ਮਾਸਕ, ਸੈਨੇਟਾਈਜਰ, ਰਾਸ਼ਨ ਅਤੇ ਹੋਰ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਥੇ ਹੀ ਵਲੰਟੀਅਰਾਂ ਵੱਲੋਂ ਸਸਕਾਰ ਲਈ ਮੁਫਤ ਲੱਕੜੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਉਧਰ ਹੇਮਕੁੰਟ ਫਾਉਂਡੇਸ਼ਨ ਵੱਲੋਂ ਆਕਸੀਜਨ ਦੀ ਘਾਟ ਦੇ ਮੱਦੇਨਜਰ ਇਕ ਹੋਰ ਨਵੀਨਤਾਕਾਰੀ ਹੱਲ ਕੱਢਿਆ ਗਿਆ ਹੈ ਅਤੇ ਫਾਊਂਡੇਸ਼ਨ ਦੇ ਵਲੰਟੀਅਰ ਆਪਣੀਆਂ ਨਿੱਜੀ ਕਾਰਾਂ, ਟੈਕਸੀਆਂ ਅਤੇ ਆਟੋ ਰਿਕਸ਼ਿਆਂ ‘ਚ ਮਰੀਜ਼ਾਂ ਨੂੰ ਲਿਟਾ ਕੇ ਆਕਸੀਜਨ ਉਪਲਬਧ ਕਰਵਾ ਰਹੇ ਹਨ। ਹੇਮਕੁੰਟ ਫਾਊਂਡੇਸ਼ਨ ਨੇ ਮਰੀਜ਼ਾਂ ਲਈ ਖਾਣਾ, ਬਿਸਤਰੇ, ਕੰਬਲ, ਵਾਟਰ ਕੂਲਰ, ਪਾਣੀ ਦੀਆਂ ਟੈਂਕੀਆਂ ਅਤੇ ਪੋਰਟੇਬਲ ਟਾਇਲਟ ਦੀ ਸਹੂਲਤ ਵੀ ਉਪਲਬਧ ਕਰਵਾਈ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਥੇ ਗੁਰਦੁਆਰਾ ਰਕਾਬਗੰਜ ਸਾਹਿਬ ‘ਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਸਥਾਪਤ ਕੀਤੇ ਗੁਰੂ ਤੇਗ ਬਹਾਦਰ ਕਰੋਨਾ ਕੇਅਰ ਸੈਂਟਰ ਨੇ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ 300 ਬੈੱਡ ਮੁਹੱਈਆ ਹੋਣਗੇ ਜਦਕਿ 100 ਬੈੱਡ ਜਲਦੀ ਹੀ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਇਸ ਸੈਂਟਰ ਨੂੰ ਦੋ ਕਰੋੜ ਰੁਪਏ ਦੀ ਮਦਦ ਦੇਣ ਲਈ ਫਿਲਮ ਅਦਾਕਾਰ ਅਮਿਤਾਭ ਬੱਚਨ ਦਾ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਵਰਲਡ ਪੰਜਾਬੀ ਆਰਗ਼ੇਨਾਈਜ਼ੇਸ਼ਨ ਦੇ ਵਿਕਰਮ ਸਿੰਘ ਸਾਹਨੀ ਨੇ 200 ਆਕਸੀਜਨ ਕੰਸਨਟਰੇਟਰ ਦਿੱਤੇ ਹਨ ਤੇ ਹੋਰ ਗਈ ਕਈ ਲੋਕਾਂ ਨੇ ਸੇਵਾਵਾਂ ਦੀ ਜਿੰਮੇਵਾਰੀ ਲਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪਹਿਲਾਂ ਇਹ ਕੇਂਦਰ 250 ਬੈੱਡਾਂ ਦਾ ਬਣਾਉਣ ਦਾ ਵਿਚਾਰ ਕੀਤਾ ਸੀ ਪਰ ਦਿੱਲੀ ਸਰਕਾਰ ਨੇ ਇਸ ਨੂੰ ਵਧਾ ਕੇ 400 ਬੈੱਡਾਂ ਦਾ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਥੇ ਮਰੀਜ਼ਾਂ ਨੂੰ ਆਕਸੀਜਨ ਤੋਂ ਇਲਾਵਾ ਦਵਾਈਆਂ ਤੇ ਖਾਣਾ ਮੁਫਤ ਮਿਲੇਗਾ।
_________________________________
ਖਾਲਸਾ ਏਡ ਵੱਲੋਂ ਸੌ ਆਕਸੀਜਨ ਕੰਸਨਟਰੇਟਰ ਭੇਟ
ਮੁਹਾਲੀ: ਪੰਜਾਬ ਸਰਕਾਰ ਦੀ ਕੋਵਿਡ-19 ਵਿਰੁੱਧ ਜੰਗ ਵਿਚ ਖਾਲਸਾ ਏਡ ਨੇ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਨੂੰ 100 ਆਕਸੀਜਨ ਕੰਸਨਟਰੇਟਰ ਦਾਨ ਕੀਤੇ ਹਨ। ਇਹ ਕੰਸਨਟਰੇਟਰ ਐਨ.ਐਚ.ਐਮ. ਦੇ ਪੰਜਾਬ ਮੰਡੀ ਬੋਰਡ ਕੰਪਲੈਕਸ ਦੇ ਸੈਕਟਰ-65 ਮੁਹਾਲੀ ਸਥਿਤ ਬਣਾਏ ਗਏ ਕੋਵਿਡ-19 ਸਟੋਰ ਵਿਖੇ ਡਲਿਵਰ ਕੀਤੇ ਗਏ ਹਨ। ਖਾਲਸਾ ਏਡ ਦੇ ਵਾਲੰਟੀਅਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਕੰਸਨਟਰੇਟਰ ਖੁਦ ਹੀ ਆਕਸੀਜਨ ਜਨਰੇਟ ਕਰ ਸਕਦੇ ਹਨ।