ਅੰਦਰੂਨੀ ਕਲੇਸ਼ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਿਲਾਂ ਵਧਾਈਆਂ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਕੈਪਟਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪਹਿਲੀ ਵਾਰ ਹੈ ਕਿ ਵਜ਼ੀਰ ਅਤੇ ਵਿਧਾਇਕ ਵੀ ਕੈਪਟਨ ਖਿਲਾਫ ਮੋਰਚਾ ਖੋਲ੍ਹਣ ਲਈ ਸਰਗਰਮ ਹੋਏ ਜਾਪਦੇ ਹਨ।

ਸੂਬੇ ਦੀ ਕਾਂਗਰਸ ਸਰਕਾਰ ਦਾ ਚਾਰ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਪਾਰਟੀ ਅੰਦਰੋਂ ਹੀ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਦਿਨੀਂ ਪਾਰਟੀ ਦੇ ਇਕ ਵਿਧਾਇਕ ਦੇ ਘਰ ਖਾਣੇ ‘ਤੇ ਇਕੱਠੇ ਹੋਏ ਕਈ ਵਿਧਾਇਕਾਂ ਤੇ ਕੁਝ ਮੰਤਰੀਆਂ ਤੋਂ ਬਾਅਦ ਪੰਚਕੂਲਾ ਵਿਖੇ ਦੋ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਵੱਲੋਂ ਸੀਨੀਅਰ ਪਾਰਟੀ ਆਗੂ ਨਵਜੋਤ ਸਿੰਘ ਸਿੱਧੂ ਨਾਲ ਕੀਤੀ ਗਈ ਮੁਲਾਕਾਤ ਨੇ ਸਰਕਾਰੀ ਹਲਕਿਆਂ ‘ਚ ਕਾਫੀ ਹਲਚਲ ਪੈਦਾ ਕਰ ਦਿੱਤੀ ਹੈ।
ਭਾਵੇਂ ਹੁਣ ਤੱਕ ਮੁੱਖ ਮੰਤਰੀ ਅੰਦਰੂਨੀ ਵਿਰੋਧ ਨੂੰ ਨਵਜੋਤ ਸਿੰਘ ਸਿੱਧੂ ਤੱਕ ਹੀ ਸੀਮਤ ਹੋਣ ਦਾ ਦਾਅਵਾ ਕਰ ਰਹੇ ਸਨ, ਪਰ ਹੁਣ ਉਨ੍ਹਾਂ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਹੀ ਸਿੱਧੂ ਨਾਲ ਜਾਣ ਨੂੰ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ। ਪਾਰਟੀ ਸੂਤਰਾਂ ਅਨੁਸਾਰ ਨਾਖੁਸ਼ ਧੜੇ ਵੱਲੋਂ ਬੇਅਦਬੀਆਂ ਦੇ ਮੁੱਦੇ ਉਤੇ ਸਰਕਾਰ ਦੀ ਅਸਫਲਤਾ ਤੇ ਬਾਦਲਾਂ ਪ੍ਰਤੀ ਨਰਮ ਰਵੱਈਏ ਕਾਰਨ ਪਾਰਟੀ ਨੂੰ ਲੱਗ ਰਹੀ ਢਾਹ ਦੇ ਮੁੱਦੇ ਨੂੰ ਲੈ ਕੇ ਪਾਰਟੀ ਹਾਈਕਮਾਨ ਨੂੰ ਜਾਣੂ ਕਰਵਾਉਂਦਿਆਂ ਦਖਲ ਦੀ ਵੀ ਮੰਗ ਕੀਤੀ ਹੈ।
ਸੂਚਨਾ ਅਨੁਸਾਰ ਇਨ੍ਹਾਂ ਨਾਖੁਸ਼ ਮੰਤਰੀਆਂ ਤੇ ਵਿਧਾਇਕਾਂ ਦੀਆਂ ਮੀਟਿੰਗਾਂ ਦੌਰਾਨ ਕੈਪਟਨ ਵੱਲੋਂ ਅਫ਼ਸਰਸ਼ਾਹੀ ਰਾਹੀਂ ਸਰਕਾਰ ਚਲਾਉਣ ਤੇ ਚੁਣੇ ਨੁਮਾਇੰਦਿਆਂ ਨੂੰ ਸਰਕਾਰੀ ਫੈਸਲਿਆਂ ਤੋਂ ਬਾਹਰ ਰੱਖਣ ਦਾ ਤਿੱਖਾ ਵਿਰੋਧ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਤੇ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਵਿਚ ਡੇਰਾ ਸਿਰਸਾ ਮੁਖੀ ਤੇ ਬਾਦਲਾਂ ਨੂੰ ਬਚਾਉਣ ਖਾਤਰ ਇਨ੍ਹਾਂ ਕੇਸਾਂ ਨੂੰ ਸਰਕਾਰੀ ਪੱਧਰ ‘ਤੇ ਖਤਮ ਕਰਨ ਦੀਆਂ ਕੋਸ਼ਿਸ਼ਾਂ ਦੀ ਵੀ ਕਾਫੀ ਨੁਕਤਾਚੀਨੀ ਹੋਈ। ਮੀਟਿੰਗਾਂ ਦੌਰਾਨ ਬਾਦਲਾਂ ਨੂੰ ਬੱਸ ਟਰਾਂਸਪੋਰਟ ਤੇ ਕੇਬਲ ਮਾਫੀਆ ਜਾਰੀ ਰੱਖਣ ਲਈ ਸਰਕਾਰੀ ਪੱਧਰ ‘ਤੇ ਮਿਲਦੇ ਰਹੇ ਸਮਰਥਨ ਦਾ ਵੀ ਵਿਰੋਧ ਹੋਇਆ। ਨਾਖੁਸ਼ ਧੜੇ ਦਾ ਦਾਅਵਾ ਹੈ ਕਿ ਪਾਰਟੀ ਵਿਧਾਇਕਾਂ ਤੇ ਮੰਤਰੀਆਂ ਦਾ ਬਹੁਮਤ ਇਸ ਵੇਲੇ ਪਰੇਸ਼ਾਨੀ ਤੇ ਨਿਰਾਸ਼ਾ ‘ਚ ਹੈ, ਕਿਉਂਕਿ ਕਿਸੇ ਦੀ ਕੋਈ ਸੁਣਵਾਈ ਨਹੀਂ ਹੈ।
ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਇਸ ਮਾਮਲੇ ਵਿਚ ਇਕ ਹੋਰ ਟਵੀਟ ਕੀਤਾ, ਜਿਸ ਵਿਚ ਉਨ੍ਹਾਂ ਗ੍ਰਹਿ ਮੰਤਰੀ ਵਜੋਂ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਹੈ। ਉਨ੍ਹਾਂ ਲਿਖਿਆ ਕਿ ਜਿਸ ਮਾਮਲੇ ਨੂੰ ਲੈ ਕੇ ਸੂਬੇ ਦੇ ਲੋਕ ਨਿਰੰਤਰ ਆਵਾਜ਼ ਬੁਲੰਦ ਕਰ ਰਹੇ ਹਨ ਅਤੇ ਇਨਸਾਫ ਲੈਣ ਲਈ ਖੜ੍ਹੇ ਹੋਏ ਹਨ, ਉਸ ਮਾਮਲੇ ਵਿਚ ਗ੍ਰਹਿ ਮੰਤਰੀ ਦੀ ਨਾਕਾਬਲੀਅਤ ਕਾਰਨ ਸਰਕਾਰ ਹਾਈ ਕੋਰਟ ਦੇ ਆਦੇਸ਼ ਮੰਨਣ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਇਕ ਹੋਰ ਨਵੀਂ ਜਾਂਚ ਟੀਮ ਬਣਾਉਣ ਅਤੇ ਉਸ ਨੂੰ ਜਾਂਚ ਲਈ ਛੇ ਮਹੀਨੇ ਦੇਣ ਦਾ ਮਤਲਬ, ਸਰਕਾਰ ਵਲੋਂ ਲੋਕਾਂ ਨਾਲ ਕੀਤੇ ਸਭ ਤੋਂ ਵੱਡੇ ਚੋਣ ਵਾਅਦੇ ਨੂੰ ਪੂਰਾ ਕਰਨ ਵਿਚ ਹੋਰ ਦੇਰ ਕਰਨਾ ਹੈ। ਬਦਕਿਸਮਤੀ ਨਾਲ ਇਸ ਨੂੰ ਆਉਣ ਵਾਲੀਆਂ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋਣ ਤੱਕ ਲਟਕਾਇਆ ਗਿਆ। ਆਪਣੀਆਂ ਕੁਝ ਸਤਰਾਂ ਰਾਹੀਂ ਸ੍ਰੀ ਸਿੱਧੂ ਨੇ ਅਸਿੱਧੇ ਤੌਰ ‘ਤੇ ਦੋਸ਼ ਲਾਇਆ ਕਿ ਸਰਕਾਰ ਇਸ ਮਾਮਲੇ ਨੂੰ ਚੋਣ ਜ਼ਾਬਤਾ ਲਾਗੂ ਹੋਣ ਤੱਕ ਲਟਕਾਉਣਾ ਚਾਹੁੰਦੀ ਹੈ। ਉਨ੍ਹਾਂ ਇਸ ਨੂੰ ਦੁਖਦਾਈ ਦੱਸਿਆ।
_________________________________________________
ਬਾਦਲਾਂ ਦੀ ਢਾਲ ਬਣੇ ਹੋਏ ਨੇ ਕੈਪਟਨ: ਸਿੱਧੂ
ਚੰਡੀਗੜ੍ਹ: ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੇ ਮੁੜ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਘੇਰਾ ਪਾਉਂਦਿਆਂ ਕਿਹਾ ਕਿ ਉਹ ਬਾਦਲਾਂ ਦੀ ਢਾਲ ਬਣੇ ਹੋਏ ਹਨ ਤੇ ਮਾਫੀਆ ਰਾਜ ਨੂੰ ਉਤਸ਼ਾਹਤ ਕਰ ਰਹੇ ਹਨ। ਸਿੱਧੂ ਨੇ ਟਵੀਟ ਕੀਤਾ: ‘’ਵਿਧਾਇਕ ਇਸ ਗੱਲ `ਤੇ ਸਹਿਮਤ ਹਨ ਕਿ ਪੰਜਾਬ `ਚ ਕਾਂਗਰਸ ਦੀ ਥਾਂ ਬਾਦਲਾਂ ਦੀ ਸਰਕਾਰ ਹੈ। ਸਾਡੀ ਪਾਰਟੀ ਦੇ ਵਿਧਾਇਕਾਂ ਤੇ ਵਰਕਰਾਂ ਦੀ ਥਾਂ ਪੁਲਿਸ ਤੇ ਅਫਸਰਸ਼ਾਹੀ ਬਾਦਲ ਪਰਿਵਾਰ ਦੇ ਕਹੇ ਮੁਤਾਬਕ ਚਲਦੀ ਹੈ। ਰਾਜ ਦੀ ਸਰਕਾਰ ਲੋਕਾਂ ਦੀ ਭਲਾਈ ਕਰਨ ਦੀ ਥਾਂ ਮਾਫੀਆ ਰਾਜ ਦੇ ਅਧੀਨ ਹੈ। ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ `ਤੇ ਨਿਸ਼ਾਨਾ ਸੇਧਦਿਆਂ ਆਖਿਆ ਕਿ ਗ੍ਰਹਿ ਮੰਤਰੀ ਦੀ ਨਾਕਾਬਲੀਅਤ ਕਾਰਨ ਸਰਕਾਰ ਨੂੰ ਹਾਈ ਕੋਰਟ ਦੇ ਹੁਕਮ ਮੰਨਣ ਲਈ ਮਜਬੂਰ ਹੋਣਾ ਪਿਆ ਹੈ, ਜੋ ਕਿ ਦੁਖਦਾਈ ਹੈ। ਆਪਣੀਆਂ ਇਹ ਭਾਵਨਾਵਾਂ ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਪ੍ਰਗਟਾਈਆਂ ਹਨ।