ਖੁਦ ਨੂੰ ਪਿਆਰ ਕਰੋ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਮਾਂਵਾਂ ਦੇ ਪਿਆਰ ਅਤੇ ਉਨ੍ਹਾਂ ਦੀ ਅਹਿਮੀਅਤ ਦਾ ਗੁਣਗਾਨ ਕੀਤਾ ਸੀ, “ਮਾਂਵਾਂ ਹੀ ਬੱਚਿਆਂ ਦੇ ਮੱਥਿਆਂ `ਤੇ ਉਗਮਦੀਆਂ ਨੇ ਉਮੀਦ, ਉਤਸ਼ਾਹ, ਉਮਾਹ, ਉਦਮ ਤੇ ਉਦੇਸ਼ ਦਾ ਸਿਰਨਾਂਵਾਂ।…

ਮਾਂ ਹੀ ਮਕਾਨ ਨੂੰ ਘਰ, ਚੁੱਲ੍ਹੇ ਨੂੰ ਚੌਂਕਾ, ਵਿਹੜੇ ਨੂੰ ਭਾਗਾਂ-ਭਰਿਆ, ਘਰ ਨੂੰ ਸਵਰਗ ਅਤੇ ਸਬੰਧਾਂ ਵਿਚਲੀ ਸੁਗੰਧ ਅਤੇ ਸੰਵੇਦਨਾ ਹੁੰਦੀ। ਮਾਂਵਾਂ ਸਦਕਾ ਹੀ ਮਨੁੱਖ ਸੋਗ, ਸਰਾਪ, ਸੰਤਾਪ, ਸਿਸਕੀਆਂ ਨੂੰ ਸਹਿ ਕੇ ਜਿ਼ੰਦਗੀ ਨੂੰ ਜਿਊਣਯੋਗਾ ਕਰਦਾ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਖੁਦ ਨੂੰ ਪਿਆਰ ਕਰਨ ਦੀ ਅਪੀਲ ਕਰਦਿਆਂ ਇਸ ਦੇ ਫਾਇਦੇ ਗਿਣਾਏ ਹਨ; ਕਿਉਂਕਿ ਉਹ ਆਖਦੇ ਹਨ, “ਸਭ ਤੋਂ ਉਤਮ ਹੈ ਖੁਦ ਨਾਲ ਪਿਆਰ ਕਰਨਾ; ਖੁਦ ਨੂੰ ਕੀਤਾ ਪਿਆਰ ਕਦੇ ਪੁਰਾਣਾ ਨਹੀਂ ਹੁੰਦਾ। ਖੁਦ ਨੂੰ ਪਿਆਰ ਕੀਤਿਆਂ ਹੀ ਪਤਾ ਲੱਗਦਾ ਕਿ ਬਾਹਰੀ ਦਿੱਖ ਨੂੰ ਸਾਫ-ਸੁਥਰੀ ਅਤੇ ਆਕਰਸ਼ਕ ਬਣਾਉਣ ਦੇ ਨਾਲ-ਨਾਲ, ਅੰਦਰ ਨੂੰ ਰੁਸ਼ਨਾਉਣ ਲਈ ਚਿਰਾਗ ਜਗਾਉਣ ਦੀ ਵੀ ਲੋੜ ਹੁੰਦੀ। ਖੁਦ ਨੂੰ ਪਿਆਰ ਦਾ ਅਰਥ ਹੈ ਕਿ ਤੁਸੀਂ ਆਪਣਾ ਵਿਕਾਸ ਤੇ ਵਿਸਥਾਰ ਕਿਵੇਂ ਕਰਨਾ?” ਉਹ ਆਖਦੇ ਹਨ, “ਖੁਦ ਨੂੰ ਪਿਆਰ ਕਰਨ ਲਈ ਜਰੂਰੀ ਹੈ ਕਿ ਖੁਦ ਆਪਣੇ ਵਿਕਾਸ ਤੇ ਉਤਪਤੀ ਦੀ ਕਾਮਨਾ, ਕਾਰਨ, ਕਾਰਕ ਅਤੇ ਕੀਰਤੀ ਬਣੋ। ਖੁਦ ਨੂੰ ਪਿਆਰ ਕੀਤਿਆਂ ਅਤੇ ਅਦਬ ਕੀਤਿਆਂ ਹੀ ਤੁਸੀਂ ਸਮਾਜ ਕੋਲੋਂ ਪਿਆਰ ਜਾਂ ਅਦਬ ਪ੍ਰਾਪਤ ਕਰ ਸਕਦੇ ਹੋ।”

ਡਾ. ਗੁਰਬਖਸ਼ ਸਿੰਘ ਭੰਡਾਲ

ਪਿਆਰ ਸੂਖਮ ਅਹਿਸਾਸ, ਸਕੂਨ ਭਰੀ ਭਾਵਨਾ, ਲਰਜ਼ਦੇ ਚਾਅ, ਚਾਅਵਾਂ ਦਾ ਅਸੀਮ ਪ੍ਰਵਾਹ ਅਤੇ ਸੂਹੇ ਰੰਗਾਂ ਵਿਚ ਰੰਗੇ ਜਾਣ ਦਾ ਅਨੁਭਵ।
ਪਿਆਰ ਵਿਚ ਕੋਸੇ ਕੋਸੇ ਹੋ ਜਾਂਦੇ ਯੱਖ ਪਲ, ਇਕੱਲ ਵਿਚੋਂ ਏਕਾਂਤ ਦੀ ਖੁਸ਼ਬੂ, ਘਰ ਨੂੰ ਭਾਗ ਲਗਦੇ, ਕੰਧਾਂ ਭਰਦੀਆਂ ਹੁੰਗਾਰਾ, ਕਮਰਿਆਂ ਦੀ ਸਰਗੋਸ਼ੀ ਵਿਚ ਨਿੱਕੇ-ਨਿੱਕੇ ਹਾਸਿਆਂ ਅਤੇ ਵੱਡੀਆਂ ਪੂਰਤੀਆਂ ਦਾ ਰੌਣਕ-ਮੇਲਾ। ਕੰਧਾਂ ‘ਤੇ ਉਗੀਆਂ ਤਰੀਖਾਂ ਵੀ ਮਿੱਟ ਜਾਂਦੀਆਂ ਅਤੇ ਰੌਸ਼ਨਦਾਨਾਂ ਵਿਚ ਆਉਂਦੇ ਤਾਜੀ ਤੇ ਮਹਿਕੀ ਪੌਣ ਦੇ ਬੁੱਲੇ।
ਪਿਆਰ, ਬੋਲਾਂ ਵਿਚ ਭਰੀ ਮਿਠਾਸ, ਹੋਠਾਂ ਦੀ ਚੁੱਪ ਦੇ ਨਾਮ ਗੀਤ, ਅੱਖਾਂ ਵਿਚ ਸੰਦਲੀ ਸੁਪਨਿਆਂ ਦੀ ਸੂਹੀ ਰੰਗਤ ਅਤੇ ਮੁਖੜੇ `ਤੇ ਗੰਧਮੀ ਚਾਹਤਾਂ ਦੀ ਗਹਿਗੱਚਤਾ।
ਪਿਆਰ ਦੇ ਬਹੁਤ ਸਾਰੇ ਰੰਗ ਅਤੇ ਪਰਤਾਂ। ਕਦੇ ਕੁਦਰਤ ਨਾਲ, ਕਦੇ ਕਿਤਾਬਾਂ ਨਾਲ, ਕਦੇ ਕਮਰੇ ਨਾਲ, ਕਦੇ ਕਿਰਤ ਨਾਲ, ਕਦੇ ਕਾਇਨਾਤ ਨਾਲ, ਕਦੇ ਕਲਾ ਨਾਲ ਅਤੇ ਕਦੇ ਕਲਮ ਨਾਲ। ਪਿਆਰ ਤਾਂ ਆਪਣਿਆਂ ਨਾਲ, ਪਸ਼ੂਆਂ-ਪਰਿੰਦਿਆਂ ਨਾਲ, ਫੁੱਲਾਂ-ਰੁੱਖਾਂ ਨਾਲ ਵੀ। ਇਹ ਜਰੂਰੀ ਤਾਂ ਹੈ, ਪਰ ਸਭ ਤੋਂ ਉਤਮ ਹੈ ਖੁਦ ਨਾਲ ਪਿਆਰ ਕਰਨਾ; ਕਿਉਂਕਿ ਖੁਦ ਦੇ ਪਿਆਰ ਵਿਚੋਂ ਵੀ ਪਿਆਰ ਦੀਆ ਬਹੁਤ ਸਾਰੀਆਂ ਸਾਹ-ਰਗਾਂ ਉਤਪੰਨ ਹੁੰਦੀਆਂ। ਇਨ੍ਹਾਂ ਨੂੰ ਕੋਈ ਵੀ ਨਾਮ ਦਿੱਤਾ ਜਾ ਸਕਦਾ। ਕੁਝ ਕੁ ਦੀ ਅਹਿਮੀਅਤ, ਲੋੜ, ਲਾਭ, ਨਿਯਮਤਾ ਅਤੇ ਨਿਰੰਤਰਤਾ ਸੀਮਤ ਹੁੰਦੀ, ਜੋ ਕੁਝ ਚਿਰ ਬਾਅਦ ਬੇਲੋੜੀ, ਬੇਥਵੀ ਜਾਂ ਬੇਗਾਨੀ ਜਾਪਣ ਲੱਗਦੀ; ਪਰ ਖੁਦ ਨੂੰ ਕੀਤਾ ਪਿਆਰ ਕਦੇ ਪੁਰਾਣਾ ਨਹੀਂ ਹੁੰਦਾ। ਸਦਾ ਨਵਾਂ ਨਰੋਇਆ, ਨਵੇਂ ਰੰਗ, ਰੂਪ, ਰਹਿਤਲ ਅਤੇ ਰੂਹ-ਰੇਜ਼ਤਾ ਸੰਗ ਸਾਹਾਂ ਦੀ ਸਰਦਲ ‘ਤੇ ਦਸਤਕ ਦਿੰਦਾ।
ਖੁਦ ਨੂੰ ਪਿਆਰ, ਬਹੁਤ ਘੱਟ ਲੋਕ ਕਰਦੇ। ਉਹ ਤਾਂ ਦੁਨਿਆਵੀ, ਆਰਥਿਕ, ਸਮਾਜਿਕ, ਰਾਜਨੀਤਕ ਜਾਂ ਧਾਰਮਿਕ ਰੂਪਾਂ ਵਿਚਲੇ ਪਿਆਰ ਨੂੰ ਅਸਲੀਅਤ ਸਮਝ ਕੇ ਆਪਣੀ ਉਮਰ ਨੂੰ ਬੇਅਰਥਾ ਹੀ ਵਿਹਾਜ ਲੈਂਦੇ। ਖੁਦ ਨੂੰ ਪਿਆਰ ਕਰਨਾ ਦਾ ਚੇਤਾ ਹੀ ਨਹੀਂ ਆਉਂਦਾ।
ਦਰਸਅਲ ਖੁਦ ਨੂੰ ਪਿਆਰ ਦਾ ਮਤਲਬ ਹੈ, ਆਪਣੇ ਸਮੁੱਚ ਨੂੰ ਪਿਆਰ ਕਰਨਾ, ਆਪਣੇ ਵਿਅਕਤੀਤਵ, ਕਿੱਤੇ, ਸ਼ਖਸੀ ਬਿੰਬ, ਕਰਮ-ਸਾਧਨਾ, ਕਰਮਯੋਗਤਾ ਅਤੇ ਕਿਰਤ ਨੂੰ ਪਿਆਰ ਕਰਨਾ। ਆਪਣੇ ਹਿੱਸੇ ਦੀ ਜਿ਼ੰਦਗੀ ਨੂੰ ਪਿਆਰ ਕਰਨਾ ਅਤੇ ਆਪਣੇ ਹਿੱਸੇ ਦੇ ਅੰਬਰ ਨਾਲ ਰਾਤਾਂ ‘ਚ ਉਜਿਆਰਾ ਧਰਨਾ।
ਖੁਦ ਨੂੰ ਪਿਆਰ ਕਰਨ ਲਈ ਜਰੂਰੀ ਹੈ ਕਿ ਖੁਦ ਆਪਣੇ ਵਿਕਾਸ ਤੇ ਉਤਪਤੀ ਦੀ ਕਾਮਨਾ, ਕਾਰਨ, ਕਾਰਕ ਅਤੇ ਕੀਰਤੀ ਬਣੋ। ਆਪਣੀਆਂ ਜੀਵਨ ਤਰਜ਼ੀਹਾਂ ਨੂੰ ਇਸ ਤਰ੍ਹਾਂ ਵਿਉਂਤੋਂ ਕਿ ਤੁਹਾਡੀਆਂ ਅਸੀਮਤ ਸਮਰੱਥਾਵਾਂ, ਛੁਪੀਆਂ ਕਲਾਵਾਂ ਅਤੇ ਮਨ ਵਿਚ ਦੱਬੀਆਂ ਰੀਝਾਂ ਨੂੰ ਪੁੰਗਰਨ ਤੇ ਮੌਲਣ ਦਾ ਮੌਕਾ ਮਿਲੇ। ਖੁਦ ਲਈ ਬਿਰਖ ਤੇ ਛਾਂ ਬਣਨਾ। ਸੁਹਜਮਈ ਤੇ ਸੂਖਨਮਈ ਕਿਰਿਆਸ਼ੀਲਤਾ, ਜੀਵਨ-ਯੋਗ ਬਣ ਜਾਵੇਗੀ।
ਜਦ ਅਸੀਂ ਖੁਦ ਨੂੰ ਪਿਆਰ ਕਰਦੇ ਹਾਂ ਤਾਂ ਸਾਨੂੰ ਆਪਣੀਆਂ ਕਮੀਆਂ, ਕੁਤਾਹੀਆਂ, ਕਮੀਨਗੀਆਂ ਅਤੇ ਕਰਤੂਤਾਂ ਦਾ ਪਤਾ ਹੁੰਦਾ। ਅਸੀਂ ਇਨ੍ਹਾਂ ਨੂੰ ਦੂਰ ਕਰ, ਗੰਦਗੀ ਭਰੇ ਪਲਾਂ ਅਤੇ ਬਦਬੂਦਾਰ ਵਰਤਾਰਿਆਂ ਨੂੰ ਤਿਆਗ, ਮਹਿਕੀਲੇ ਵਰਤਾਰਿਆਂ ਦਾ ਵਣਜ ਕਰਨ ਵੰਨੀਂ ਉਲਾਰ ਹੁੰਦੇ। ਖੁਦ ਨੂੰ ਪਿਆਰ ਵਿਚੋਂ ਹੀ ਖੁਦ ਨੂੰ ਸੰੁਦਰ, ਸਾਵਾਂ, ਸਹਿਜ ਸੰਤੋਖੀ ਤੇ ਸਮਰਪਿਤ ਹੋਣ ਅਤੇ ਸਾਦਗੀ ਨੂੰ ਅਪਨਾਉਣ ਦਾ ਅਹਿਸਾਸ ਹੁੰਦਾ।
ਖੁਦ ਨੂੰ ਪਿਆਰ ਕੀਤਿਆਂ ਹੀ ਪਤਾ ਲੱਗਦਾ ਕਿ ਬਾਹਰੀ ਦਿੱਖ ਨੂੰ ਸਾਫ-ਸੁਥਰੀ ਅਤੇ ਆਕਰਸ਼ਕ ਬਣਾਉਣ ਦੇ ਨਾਲ-ਨਾਲ, ਅੰਦਰ ਨੂੰ ਰੁਸ਼ਨਾਉਣ ਲਈ ਚਿਰਾਗ ਜਗਾਉਣ ਦੀ ਵੀ ਲੋੜ ਹੁੰਦੀ, ਜਿਸ ਨਾਲ ਚਾਨਣ-ਚਾਨਣ ਹੋਇਆ ਅੰਦਰ, ਬਾਹਰਲੀ ਦੁਨੀਆਂ ਨੂੰ ਚੁੰਧਿਆ ਅਤੇ ਰੁਸ਼ਨਾ ਸਕਦਾ। ਜਦ ਰੌਸ਼ਨੀ ਅੰਦਰ ਤੋਂ ਬਾਹਰ ਵੱਲ ਨੂੰ ਸਫਰ ਕਰਦੀ ਤਾਂ ਰੌਸ਼ਨ ਰੋਸ਼ਨ ਹੋ ਜਾਂਦੇ ਸਮਾਜਿਕ ਮਾਰਗ ਅਤੇ ਚਾਨਣ ਬਣਦਾ ਜੀਵਨ-ਪ੍ਰਮੁੱਖਤਾ ਦਾ ਵਰਤਾਰਾ।
ਖੁਦ ਨੂੰ ਪਿਆਰ ਕਰਨਾ, ਨਿਰੰਤਰ ਸਾਧਨਾ, ਨਿੱਤਨੇਮ, ਕਰਮਯੋਗਤਾ, ਕਰਮ-ਕੀਰਤੀ ਕਾਮਨਾ। ਸਰੀਰਕ ਕਿਰਿਆਵਾਂ ਵਾਂਗ ਇਸ ਨੂੰ ਵਾਰ ਵਾਰ ਕਰਨ ਅਤੇ ਇਸ ‘ਤੇ ਪਈ ਧੂੜ/ਕਾਲਖ ਨੂੰ ਲਾਹ ਕੇ ਚਮਕਾਉਣ ਦਾ ਕਾਰਨ।
ਖੁਦ ਨੂੰ ਪਿਆਰ ਕੀਤਿਆਂ ਹੀ ਅਸੀਂ ਕਿਰਤ ਕਰਦਿਆਂ, ਸਮੁੱਚ ਵਿਚ ਹਾਜ਼ਰ-ਨਾਜ਼ਰ, ਪੂਰਨ ਸਮਰੱਥਾ, ਤਾਕਤ ਅਤੇ ਤਨਦੇਹੀ ਨਾਲ ਨਵੇਂ ਕੀਰਤੀਮਾਨ ਸਥਾਪਤ ਕਰਦੇ। ਕਿਰਤ ਵਿਚੋਂ ਕਰਤਾਰੀ ਸ਼ਕਤੀਆਂ ਦਾ ਉਦੈ ਹੋਣਾ ਹੀ ਇਹ ਸਾਬਤ ਕਰਦਾ ਕਿ ਕਿਰਤੀ ਖੁਦ ਨੂੰ ਪਿਆਰ ਕਰਦਾ।
ਖੁਦ ਨੂੰ ਪਿਆਰ ਦੇ ਪ੍ਰਗਟਾਅ ਲਈ ਬੋਲਾਂ ਦੀ ਲੋੜ ਨਹੀਂ, ਨਾ ਹੀ ਸ਼ਬਦਾਂ ਦੀ ਮੁਥਾਜ਼ੀ। ਪਿਆਰ ਮਨੁੱਖ ਵਿਚੋਂ ਆਪਣੇ ਆਪ ਪ੍ਰਗਟਦਾ। ਕਿਰਤ ਵਿਚੋਂ ਲਿਸ਼ਕੋਰਦਾ, ਕਲਾ ਵਿਚੋਂ ਪ੍ਰਤੱਖ। ਕਿਰਦਾਰ, ਰਫਤਾਰ, ਗੁਫਤਾਰ ਅਤੇ ਵਿਹਾਰ ਵਿਚੋਂ ਦਿੱਸਦਾ।
ਖੁਦ ਨੂੰ ਪਿਆਰ ਕਰਨ ਵਾਲਿਆਂ ਦੇ ਮੱਥੇ `ਤੇ ਸੂਰਜਾਂ ਦਾ ਵਾਸ। ਨੈਣਾਂ ਵਿਚ ਸਤਰੰਗੀ ਆਭਾ, ਦਿੱਖ ਵਿਚ ਦਿੱਬ-ਦ੍ਰਿਸ਼ਟੀ ਦਾ ਰੈਣ-ਬਸੇਰਾ ਅਤੇ ਕਾਇਆ ਵਿਚ ਕਾਇਨਾਤ ਦੀਆਂ ਅਸੀਮ ਬਖਸਿ਼ਸ਼ਾਂ ਦੀ ਰਹਿਮਤ।
ਖੁਦ ਨੂੰ ਪਿਆਰ ਕਰਨ ਵਾਲਿਆਂ ਦੇ ਆਭਾ-ਮੰਡਲ ਵਿਚ ਵਿਚਰਨ ਵਾਲੇ ਲੋਕ ਵੀ ਉਨ੍ਹਾਂ ਦੇ ਰੰਗ ਵਿਚ ਰੰਗੇ ਜਾਂਦੇ। ਇਸੇ ਲਈ ਖੁਦ ਨੂੰ ਪਿਆਰ ਕਰਨ ਵਾਲੇ ਮਹਾਤਮਾ ਕਿਸੇ ਰੱਬ ਨੂੰ ਪੂਜਣ ਲਈ ਨਹੀਂ ਕਹਿੰਦੇ। ਉਨ੍ਹਾਂ ਦਾ ਜੋਰ ਖੁਦ ਨੂੰ ਪੂਜਣ `ਤੇ ਹੁੰਦਾ। ਪਰਮਾਤਮਾ ਕਿਸੇ ਧਾਰਮਿਕ ਅਸਥਾਨ ਵਿਚ ਨਹੀਂ ਵੱਸਦਾ। ਸਗੋਂ ਮਨੁੱਖ ਦੇ ਅੰਦਰ ਵੱਸਦਾ ਅਤੇ ਖੁਦ ਨੂੰ ਪਿਆਰ ਦਾ ਮਤਲਬ ਹੈ, ਰੱਬ ਨੂੰ ਪਿਆਰ ਕਰਨਾ। ਉਸ ਵਿਚ ਅਭੇਦ ਹੋਣਾ। ਉਸ ਦੇ ਭਾਣੇ ਵਿਚ ਜੀਵਨ ਨੂੰ ਨਿਰਧਾਰਤ ਕਰਨਾ। ਸ਼ੁਭ-ਕਰਮਨ ਅਤੇ ਸ਼ੁਭ-ਚਿੰਤਨ ਨੂੰ ਸੋਚ ਦਾ ਹਿੱਸਾ ਬਣਾਉਣਾ।
ਖੁਦ ਨੂੰ ਪਿਆਰ ਤੋਂ ਮੁਨਕਰੀ ਦਾ ਮਤਲਬ ਹੈ, ਖੁਦ ਦੇ ਅੰਦਰ ਵੱਸਦੀ ਖੁਦਾਈ, ਬੰਦਿਆਈ ਅਤੇ ਚੰਗਿਆਈ ਤੋਂ ਮੁਨਕਰ ਹੋ, ਬੇਦਾਵਾ ਦੇਣਾ।
ਖੁਦ ਨੂੰ ਪਿਆਰ ਕਰਨ ਵਾਲੇ ਹੀ ਕਿਤਾਬ ਦੇ ਰੂਪ ਵਿਚ ਸਭ ਤੋਂ ਸੰੁਦਰ ਸਾਥ ਭਾਲਦੇ। ਕਮਰੇ ਨੂੰ ਕਰਮਸ਼ਾਲਾ ਬਣਾਉਂਦੇ। ਕਲਮ ਨੂੰ ਕਲਾਕਾਰੀ ਦਾ ਮੁਜੱਸਮਾ ਅਤੇ ਉਨ੍ਹਾਂ ਦੇ ਪੋਟਿਆਂ ਵਿਚੋਂ ਕਸਤੂਰੀ ਦੀ ਮਹਿਕ ਆਉਂਦੀ।
ਖੁਦ ਨੂੰ ਪਿਆਰ ਕਰਨ ਵਾਲੇ ਹੀ ਆਪਣੀ ਛੱਤ `ਤੇ ਚੰਦਰਮਾ ਉਤਾਰਦੇ। ਦਿਲ ਦੀਆਂ ਰਮਜਾਂ ਸਾਂਝੀਆਂ ਕਰਦੇ, ਚਾਨਣੀ ਵਿਚ ਨਹਾਉਂਦੇ ਅਤੇ ਪੁੰਨਿਆ ਨੂੰ ਜੀਵਨ-ਅੰਧਰਾਤਿਆਂ ਦੇ ਨਾਮ ਕਰਦੇ। ਤਾਰਿਆਂ ਨਾਲ ਗੱਲਾਂ ਕਰਨ, ਅੰਬਰ ਨੂੰ ਆਪਣੀ ਗਲਵੱਕੜੀ ਵਿਚ ਲੈਣ ਅਤੇ ਇਸ ਦੀਆਂ ਅਸੀਮਤਾ ਵਿਚੋਂ ਆਪਣੇ ਨਿੱਕੇਪਣ ਦਾ ਅਹਿਸਾਸ ਮਨ ਵਿਚ ਪੈਦਾ ਹੋ ਜਾਵੇ ਤਾਂ ਮਨੁੱਖ ਨੂੰ ਆਪਣੀ ਔਕਾਤ ਸਦਾ ਯਾਦ ਰਹਿੰਦੀ। ਤਾਂ ਹੀ ਖੁਦ ਦੇ ਪ੍ਰੇਮੀ ਆਪਣੇ ਪੈਰ ਧਰਤੀ ਤੋਂ ਨਹੀਂ ਚੁੱਕਦੇ। ਉਨ੍ਹਾਂ ਲਈ ਆਪਣੀ ਰਹਿਤਲ, ਪਿੰਡ ਦੀ ਮਿੱਟੀ, ਪੁਰਾਣਾ ਘਰ, ਕੱਚੀ ਹਵੇਲੀ, ਖੂਹ ਤੇ ਖਰਾਸ ਅਤੇ ਛੱਪੜਾਂ ਵਿਚ ਲਾਈਆਂ ਤਾਰੀਆਂ ਸਦਾ ਯਾਦ ਰਹਿੰਦੀਆਂ, ਭਾਵੇਂ ਉਹ ਕਿੱਡੇ ਵੀ ਰੁਤਬੇ `ਤੇ ਪਹੁੰਚ ਜਾਣ।
ਖੁਦ ਨੂੰ ਪਿਆਰ ਕਰਨ ਨਾਲ ਮਿੱਟ ਜਾਂਦੀਆਂ ਨੇ ਮਰਦ/ਔਰਤ ਦੀਆਂ ਵਿੱਥਾਂ, ਜਾਤਾਂ/ਪਾਤਾਂ ਦੀਆਂ ਵਿਰਲਾਂ, ਹੱਦਾਂ/ਸਰਹੱਦਾਂ ਦੇ ਬਖੇੜੇ ਅਤੇ ਅਮੀਰ/ਗਰੀਬ ਵਿਚਲਾ ਅੰਤਰ। ਖੁਦ ਦੇ ਪਿਆਰ ਲਈ ਅਸੀਂ ਖੁਦ ਹੀ ਪ੍ਰੇਮੀ ਅਤੇ ਖੁਦ ਹੀ ਪਿਆਰ ਕਰਨ ਵਾਲੇ। ਖੁਦ ਹੀ ਆਪਣੀਆਂ ਸੀਮਾਵਾਂ ਤੇ ਸੇਧਾਂ ਨਿਰਧਾਰਤ ਕਰਦੇ। ਖੁਦ ਹੀ ਸੁਪਨੇ ਉਣਦੇ ਅਤੇ ਖੁਦ ਹੀ ਇਨ੍ਹਾਂ ਦੀ ਪੂਰਤੀ ਬਣਦੇ।
ਖੁਦ ਵਿਚੋਂ ਖੁਦ ਦੀ ਪ੍ਰਾਪਤੀ ਨੂੰ ਮਨ ਦੀ ਸਲੇਟ ‘ਤੇ ਉਕਰਨਾ ਹੀ, ਖੁਦ ਨੂੰ ਪਿਆਰ ਕਰਨ ਦਾ ਸਭ ਤੋਂ ਵੱਡਾ ਹਾਸਲ ਅਤੇ ਇਸ ਹਾਸਲ ਨੂੰ ਹੀ ਲੋਚਦਾ ਏ ਹਰ ਕੋਈ।
ਖੁਦ ਨੂੰ ਪਿਆਰ ਕਰਨ ‘ਤੇ ਮਿੱਟ ਜਾਂਦੀ ਈਰਖਾ, ਨਫਰਤ, ਕੁੜੱਤਣ, ਘ੍ਰਿਣਾ, ਬਦਲਾਖੋਰੀ, ਧਾਰਮਿਕ ਕੱਟੜਤਾ, ਕਠੋਰਤਾ, ਕਮੀਨਗੀ ਤੇ ਕੋਹਝਾਪਣ ਅਤੇ ਉਗਮ ਪੈਂਦੀ ਏ ਸੁਹਲ, ਸੰਜਮ, ਸੀਰਤ, ਸੂਰਤ, ਸਾਦਗੀ, ਸਿਰੜ ਅਤੇ ਸਦਭਾਵਨਾ ਦੀ ਸਰਘ-ਜੋਤ।
ਖੁਦ ਨੂੰ ਪਿਆਰ ਕੀਤਿਆਂ ਹੁੰਦਾ ਏ ਆਪਣੇਪਣ ਦਾ ਅਹਿਸਾਸ, ਮਨ ਵਿਚ ਪੈਦਾ ਹੁੰਦਾ ਏ ਹੁਲਾਸ, ਜੁੜਦਾ ਏ ਤਿੜਕਿਆ ਵਿਸ਼ਵਾਸ, ਪੂਰੀ ਹੁੰਦੀ ਹੈ ਅਪੂਰਨ ਆਸ ਅਤੇ ਬੱਝਦਾ ਏ ਹਾਰਿਆਂ ਨੂੰ ਮੰਜਿ਼ਲਾਂ ਸਰ ਕਰਨ ਦਾ ਧਰਵਾਸ।
ਖੁਦ ਨੂੰ ਪਿਆਰ ਕੀਤਿਆਂ ਹੀ ਬਚਪਨੇ, ਜਵਾਨੀ, ਬਜੁ਼ਰਗੀ ਵਿਚਲੇ ਪਾੜੇ ਪੂਰੇ ਜਾਂਦੇ। ਜੀਵਨ ਦੀ ਸਰਘੀ, ਦੁਪਹਿਰ, ਲੌਢਾ ਵੇਲਾ ਜਾਂ ਸ਼ਾਮ ਵਿਚਲੀ ਵੱਖਰਤਾ ਵਿਅਰਥ। ਉਮਰਾਂ ਦਾ ਪਰਛਾਵਾਂ ਅਲੋਪ। ਮਜੀਠੀ ਰੰਗ ਵਿਚ ਰੰਗੇ ਹੋਏ ਮਨ ਵਿਚ ਜੀਵਨੀ ਉਤਰਾਅ-ਚੜਾਅ ਅਤੇ ਆਉਣ ਵਾਲੀਆਂ ਸਰਦ-ਰਾਤਾਂ ਜਾਂ ਤਪਦੀਆਂ ਦੁਪਹਿਰਾਂ ਨਾਲ ਨਹੀਂ ਪੈਂਦਾ ਕੋਈ ਵੀ ਫਰਕ। ਇਕਸਾਰ, ਇਕਸੁਰ ਅਤੇ ਇਕੱਤਰਤਾ ਵਿਚ ਹੋ ਜਾਂਦੀ ਏ ਸਾਹ-ਸੁਰੰਗੀ। ਜੀਵਨ ਧੜਕਣ ਵਿਚੋਂ ਗੈਰ-ਹਾਜ਼ਰ ਹੋ ਜਾਂਦੀ ਅਵਾਰਗੀ, ਬੇਚੈਨੀ ਅਤੇ ਅਵਾਜ਼ਾਰੀ।
ਖੁਦ ਦੇ ਪ੍ਰੇਮੀ ਹੁੰਦੇ ਨੇ ਮਨੁੱਖ ਤੋਂ ਪਰਮ-ਮਨੁੱਖ ਵੱਲ ਦਾ ਸਫਰ-ਨਾਮਾ। ਮਾਨਵ ਤੋਂ ਇਨਸਾਨ ਬਣਨ ਦਾ ਕਰਮਨਾਮਾ ਅਤੇ ਬਿਖਰੇ ਹਰਫਾਂ ਤੋਂ ਸੁਰਖ-ਇਤਿਹਾਸ ਦੀ ਤਵਾਰੀਖ।
ਖੁਦ ਨੂੰ ਪਿਆਰ ਕਰਨ ਦੇ ਹਿੱਸੇ ਆਇਆ ਏ ਆਪਣੇ ਦੀਦਿਆਂ ਵਿਚ ਆਪਣੇ ਉਜਵਲ ਰੂਪ ਨੂੰ ਨਿਹਾਰਨਾ, ਆਪਣੀਆਂ ਪੈੜਾਂ ਦੇ ਨਕਸ਼ਾਂ ਦੀ ਨਿਸ਼ਾਨਦੇਹੀ ਕਰਨਾ, ਆਪਣੇ ਹੀ ਕੀਰਤੀਮਾਨਾਂ ਵਿਚੋਂ ਆਪਣੇ ਸਫਰ ਦੀਆਂ ਯਾਦਾਂ ਨੂੰ ਤਾਜਾ ਕਰਨਾ ਅਤੇ ਆਪਣੀ ਵਿਲੱਖਣਤਾ, ਵਿਸ਼ੇਸ਼ਤਾ ਅਤੇ ਵਿਕੋਲਿਤਰੇਪਣ ਨੂੰ ਵਕਤ ਦੀ ਤਵਾਰੀਖ ਦੇ ਨਾਮ ਕਰਨਾ। ਇਹ ਸੰਭਵ ਸਿਰਫ ਖੁਦ ਦੇ ਪਿਆਰ ਵਿਚੋਂ ਹੀ ਹੁੰਦਾ।
ਖੁਦ ਨੂੰ ਪਿਆਰ ਕਰਨ ਵਾਲੇ ਹੀ ਸਮਾਜਿਕ ਦਾਇਰਿਆਂ ਦੇ ਸਤੰਭ। ਨਵੀਆਂ ਨਸਲਾਂ ਲਈ ਰੋਲ ਮਾਡਲ। ਉਨ੍ਹਾਂ ਦੀਆਂ ਪੈੜਾਂ ਵਿਚ ਤੁਰਦਿਆਂ, ਖੁਦ ਦੀਆਂ ਪੈੜਾਂ ਵੀ ਸਿਰਜਣਹਾਰੀਆਂ ਹੋ ਜਾਂਦੀਆਂ। ਹਰ ਪੈੜ ਵਿਚੋਂ ਹੀ ਨਵੀਆਂ ਪੈੜਾਂ ਨੇ ਜਨਮ ਲੈਣਾ ਹੁੰਦਾ। ਇਕ ਮੰਜਿ਼ਲ `ਤੇ ਪਹੁੰਚ ਕੇ ਦੂਸਰੀ ਮੰਜਿ਼ਲ ਦੇ ਸਿਰਨਾਵੇਂ ਦੇ ਨਕਸ਼ ਮਨ ਵਿਚ ਉਕਰਨੇ ਸ਼ੁਰੂ ਹੁੰਦੇ।
ਖੁਦ ਨੂੰ ਪਿਆਰ ਕਰਨ ਲਈ ਜਰੂਰੀ ਹੈ ਕਿ ਆਪਣੀ ਖੁਸ਼ੀ ਲਈ ਕਿਸੇ ਦੇ ਮੁੱਖ ‘ਤੇ ਮਾਯੂਸੀ ਨਾ ਉਕਰੋ। ਆਪਣੀ ਪ੍ਰਾਪਤੀ ਲਈ ਕਿਸੇ ਲਈ ਖਾਈ ਨਾ ਬਣੋ। ਨਾ ਹੀ ਖੁਦ ਨੂੰ ਇੰਨਾ ਗਿਰਾਓ ਕਿ ਆਪਣੀ ਕੀਮਤ ਹੀ ਪੈਰਾਂ ਵਿਚ ਰੋਲ ਦਿਓ। ਤੁਹਾਡਾ ਸਮਾਜ ਵਿਚ ਇਕ ਸਥਾਨ ਅਤੇ ਇਸ ਤੋਂ ਹੇਠਾਂ ਡਿੱਗਣਾ, ਤੁਹਾਡੀ ਬੇਰੁਹਮਤੀ। ਫਿਰ ਤੁਸੀਂ ਖੁਦ ਹੀ ਆਪਣੇ ਲਈ ਵੀ ਨਫਰਤ ਦੇ ਪਾਤਰ ਬਣ ਜਾਂਦੇ। ਆਪਣੀਆਂ ਹੀ ਨਜ਼ਰਾਂ ਵਿਚ ਡਿੱਗੇ ਹੋਏ ਲੋਕਾਂ ਨੂੰ ਆਪਣੀਆਂ ਹੀ ਨਜ਼ਰਾਂ ਵਿਚ ਉਪਰ ਉਠਣ ਲਈ ਕਈ ਵਾਰ ਉਮਰਾਂ ਲੱਗ ਜਾਂਦੀਆਂ।
ਖੁਦ ਨੂੰ ਪਿਆਰ ਦਾ ਅਰਥ ਹੈ ਕਿ ਤੁਸੀਂ ਆਪਣਾ ਵਿਕਾਸ ਤੇ ਵਿਸਥਾਰ ਕਿਵੇਂ ਕਰਨਾ? ਚੰਗਾ ਮਹਿਸੂਸ ਕਰਦਿਆਂ ਵੀ ਹੋਰ ਚੰਗਾ ਮਹਿਸੂਸ ਕਰਨ ਲਈ ਕਿਹੜੇ ਯਤਨ ਕਰਨੇ ਚਾਹੀਦੇ? ਕਿਹੜੇ ਕਦਮਾਂ ਨਾਲ ਤੁਹਾਡੀਆਂ ਰਾਹਾਂ ਨੂੰ ਮਹਿਕ ਨਸੀਬ ਹੋਵੇਗੀ।
ਖੁਦ ਨੂੰ ਪਿਆਰ ਕੀਤਿਆਂ ਅਤੇ ਅਦਬ ਕੀਤਿਆਂ ਹੀ ਤੁਸੀਂ ਸਮਾਜ ਕੋਲੋਂ ਪਿਆਰ ਜਾਂ ਅਦਬ ਪ੍ਰਾਪਤ ਕਰ ਸਕਦੇ ਹੋ। ਅਦਬ ਕਮਾਇਆ ਜਾਂਦਾ। ਖਰੀਦਿਆ ਜਾਂ ਖੋਹਿਆ ਨਹੀਂ ਜਾ ਸਕਦਾ। ਇਸ ਲਈ ਜਰੂਰੀ ਹੈ ਖੁਦ ਨਾਲ ਪਿਆਰ।
ਇਸ ਦੇ ਉਲਟ ਜਦ ਤੁਸੀਂ ਦੂਸਰਿਆਂ ਨੂੰ ਖੁਸ਼ ਕਰਨ ਲਈ ਆਪਣੇ ਹਿੱਤ ਕੁਰਬਾਨ ਕਰਦੇ ਹੋ, ਗਲਤ ਫੈਸਲੇ ਕਰਦੇ ਹੋ, ਮਾੜੀਆਂ ਨਸੀਹਤਾਂ ਦਿੰਦੇ ਹੋ, ਗਲਤ ਧਾਰਨਾਵਾਂ ਮਨ ਵਿਚ ਪੈਦਾ ਕਰਦੇ ਹੋ ਜਾਂ ਕਿਸੇ ਦਾ ਭਾਵਨਾਤਮਿਕ, ਸਰੀਰਕ ਜਾਂ ਮਾਨਸਿਕ ਸ਼ੋਸ਼ਣ ਕਰਦੇ ਹੋ ਤਾਂ ਮਨ ਵਿਚ ਗੁਨਾਹ ਦੀ ਭਾਵਨਾ ਪੈਦਾ ਹੁੰਦੀ, ਜੋ ਤੁਹਾਨੂੰ ਉਚਾਟ ਕਰਦੀ। ਤੁਹਾਡੀਆਂ ਖੁਸ਼ੀਆਂ ਖੋਂਹਦੀ, ਤੁਹਾਡੀ ਤਲੀ `ਤੇ ਉਦਾਸੀ, ਨਮੋਸ਼ੀ, ਨਕਾਰਾਤਮਕਤਾ ਦਾ ਦਾਗ ਲਾਉਂਦੀ। ਅਜਿਹੀ ਮਾਨਸਿਕ ਅਵਸਥਾ ਦੇ ਪੈਦਾ ਹੋਣ ਤੋਂ ਬਚਣ ਲਈ ਜਰੂਰੀ ਹੈ ਕਿ ਖੁਦ ਨੂੰ ਪਿਆਰ ਕਰੋ। ਖੁਦ ਨੂੰ ਪਿਆਰ ਕਰਦੇ ਸਮੇਂ ਤੁਸੀਂ ਕੁਝ ਵੀ ਅਜਿਹਾ ਨਹੀਂ ਕਰੋਗੇ, ਜੋ ਤੁਹਾਨੂੰ ਸੂਲੀ `ਤੇ ਟੰਗੇਗਾ।
ਖੁਦ ਨੂੰ ਪਿਆਰ ਕੀਤਿਆਂ ਪੱਤੜਝ ਵਿਚੋਂ ਵੀ ਬਹਾਰ ਦਾ ਝਉਲਾ ਪਵੇਗਾ। ਬੋਟਾਂ ਦੀ ਚਹਿਕਣੀ ਅਤੇ ਹਵਾ ਦੀ ਰੁਮਕਣੀ ਸਕੂਨ ਦੇਵੇਗੀ। ਉਦਾਸ ਪਲਾਂ ਵਿਚੋਂ ਹੁਲਾਸ, ਢਹਿੰਦੀਆਂ ਕਲਾਂ ਵਿਚੋਂ ਧਰਵਾਸ, ਮੱਸਿਆਂ ਦੀ ਰਾਤ ਵਿਚ ਜਗਮਗਾਉਂਦਾ ਅਕਾਸ਼ ਅਤੇ ਵਿਨਾਸ਼ ਵਿਚੋਂ ਵੀ ਵਿਕਾਸ ਦਾ ਨਜ਼ਰੀਆ ਉਤਪੰਨ ਹੋਵੇਗਾ।
ਖੁਦ ਨੂੰ ਪਿਆਰ ਕਰਨ ਦੀ ਆਦਤ ਨੂੰ ਜੀਵਨ-ਸ਼ੈਲੀ ਬਣਾਉਣ ਲਈ ਜਰੂਰੀ ਹੈ ਕਿ ਤੁਹਾਡੀ ਗੱਲਬਾਤ ਅਤੇ ਦਿੱਖ ਵਿਚ ਸਕਾਤਾਰਮਕਤਾ ਹੋਵੇ। ਮਨ ਦੀ ਪਕਿਆਈ, ਤਕੜਾਈ ਅਤੇ ਸਚਿਆਈ ਵਿਚੋਂ ਹੀ ਉਚੀ-ਸੁੱਚੀ ਅਤੇ ਉਸਾਰੂ ਸੋਚ, ਤੁਹਾਡੀ ਸਮੁੱਚੀ ਊਰਜਾ ਨੂੰ ਸਕਾਰਾਤਮਕ ਪਾਸੇ ਲਾ, ਇਸ ਵਿਚੋਂ ਲਾਭਦਾਇਕ ਸਿੱਟਿਆਂ ਨੂੰ ਜੀਵਨ ਦਾ ਮਾਣ ਬਣਾਉਂਦੀ।
ਜਰੂਰੀ ਹੈ ਆਪਣੀਆਂ ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਸਮਾਜਿਕ ਲੋੜਾਂ ਦਾ ਪੂਰਨ ਖਿਆਲ ਰੱਖ ਕੇ, ਇਨ੍ਹਾਂ ਦੀ ਪੂਰਤੀ ਲਈ ਸੰਜਮ, ਸਖਤ ਮਿਹਨਤ ਅਤੇ ਦਿਆਨਤਦਾਰੀ ਨੂੰ ਕਰਮ-ਧਰਮ ਬਣਾਇਆ ਜਾਵੇ। ਕਦਰਾਂ-ਕੀਮਤਾਂ `ਤੇ ਪਹਿਰਾ ਦੇਣ ਵਾਲੇ, ਆਪਣੇ ਵਰਤਾਰੇ ਵਿਚੋਂ ਸਮਾਜ ਦੇ ਨਾਮ ਮਹਿਕ ਕਰਨ ਵਾਲੇ, ਪਿਆਰ ਦੇ ਸੱਚੇ ਸੁੱਚੇ ਪੁਜਾਰੀ।
ਖੁਦ ਨੂੰ ਪਿਆਰ ਕਰਨ ਲਈ ਜਰੂਰੀ ਹੈ ਖੁਦ ਨੂੰ ਮੁਆਫ ਵੀ ਕਰੋ। ਦੂਸਰਿਆਂ ਨੂੰ ਉਨ੍ਹਾਂ ਦੇ ਕੁਕਰਮਾਂ ਲਈ ਮੁਆਫ ਕਰਨਾ, ਜੀਵਨ-ਯੁੱਗਤੀ ਬਣਾਓ ਕਿਉਂਕਿ ਮੁਆਫ ਕਰਨ ਵਾਲੇ ਹਮੇਸ਼ਾ ਹੀ ਮਹਾਨ ਹੁੰਦੇ।
ਖੁਦ ਨੂੰ ਪਿਆਰਯੋਗ ਬਣਾਉਣ ਲਈ ਅਤਿਅੰਤ ਜਰੂਰੀ ਹੈ ਕਿ ਖੁਦ ਲਈ ਸੁਪਨਾ ਲਓ, ਇਸ ਦੀਆਂ ਸੇਧਾਂ, ਸੰਭਾਵਨਾਵਾਂ ਅਤੇ ਸੀਮਾਵਾਂ ਨੂੰ ਨਿਸ਼ਚਿਤ ਕਰੋ। ਇਨ੍ਹਾਂ ਦੀ ਪ੍ਰਾਪਤੀ ਨੂੰ ਜੀਵਨ-ਮਕਸਦ ਬਣਾਓ। ਇਨ੍ਹਾਂ ਦੀ ਪੂਰਨਤਾ ਨਾਲ ਤੁਹਾਨੂੰ ਆਪਣੀ ਸਮਰੱਥਾ ਅਤੇ ਸਿਦਕ ਤੇ ਨਾਜ਼ ਹੋਵੇਗਾ ਅਤੇ ਤੁਸੀਂ ਖੁਦ ਨੂੰ ਪਿਆਰ ਕਰਨ ਲੱਗ ਪਵੋਗੇ।
ਖੁਦ ਨੂੰ ਖੁਦ ਦੇ ਪਿਆਰ ਦੇ ਰੰਗ ਵਿਚ ਰੰਗਣ ਵਾਲੇ ਦਰਅਸਲ ਖੁਦ ਬਾਰੇ ਬਹੁਤ ਸੁਚੇਤ ਅਤੇ ਸਾਵਧਾਨ ਹੁੰਦੇ। ਖੁਦ ਦੀ ਫਿਕਰਮੰਦੀ, ਸੰਵਾਦ ਅਤੇ ਸੁਚੇਤਨਾ ਵਿਚੋਂ ਹੀ ਅਸੀਂ ਖੁਦ ਨੂੰ ਨਵੀਆਂ ਬੁਲੰਦੀਆਂ ਦਾ ਹਾਣੀ ਬਣਾ ਕੇ, ਖੁਦ ਨੂੰ ਹੋਰ ਪਿਆਰਾ ਤੇ ਨਿਆਰਾ ਬਣਾਉਂਦੇ। ਤੇ ਫਿਰ ਖੁਦ `ਤੇ ਪਿਆਰ ਹੋਣਾ ਤਾਂ ਲਾਜ਼ਮੀ ਹੁੰਦਾ।
ਖੁਦ ਨੂੰ ਹੋਰ ਹੁਸੀਨ, ਅਜ਼ੀਜ਼, ਤੇ ਅਜ਼ੀਮ ਬਣਾਉਣ ਲਈ ਜੀਵਨ ਦਾ ਮਕਸਦ ਹੋਣਾ ਜਰੂਰੀ। ਅਜਿਹਾ ਮਕਸਦ, ਜਿਸ ਵਿਚੋਂ ਜੀਵਨ ਦਾ ਸੁੱਚਮ ਅਤੇ ਉਚਮ ਨਿਆਰਾ, ਜਿਸ ਨਾਲ ਮਨੁੱਖਤਾ ਦਾ ਮੁੱਖ ਹੋਰ ਉਜਵਲ ਹੋਵੇ, ਜਿਸ ਸਦਕਾ ਖੁਬਸੂਰਤ ਜਿ਼ੰਦਗੀ ਨੂੰ ਹੋਰ ਖੂਬਸੂਰਤ ਅਤੇ ਖੂਬਸੀਰਤ ਹੋਣ ਦਾ ਮਾਣ ਹੋਵੇ। ਬੇ-ਮਕਸਦੇ ਲੋਕ ਕਿਵੇਂ ਖੁਦ ਨੂੰ ਪਿਆਰ ਕਰਨ ਦੇ ਕਾਬਲ ਬਣਾ ਸਕਦੇ?
ਖੁਦ ਨੂੰ ਪਿਆਰ ਕਰਨ ਲਈ ਜਰੂਰੀ ਹੈ ਕਿ ਆਪਣੀਆਂ ਨਜ਼ਰਾਂ ਵਿਚ ਸਹੀ ਤੇ ਸੱਚੇ ਹੋਵੋ, ਕਿਉਂਕਿ ਦੁਨੀਆਂ ਦਾ ਕੀ ਆ। ਉਹ ਤਾਂ ਰੱਬ ਨੂੰ ਵੀ ਬਹੁਤ ਕੁਝ ਕਹਿ ਦਿੰਦੀ ਆ।
ਖੁਦ ਨੂੰ ਪਿਆਰ ਕਰਨ `ਤੇ ਅਸੀਂ ਆਪਣੇ ਸਰੀਰ, ਮਨ ਅਤੇ ਰੂਹ ਵਿਚ ਸੰਤੁਲਨ ਬਣਾ ਕੇ, ਜੀਵਨ ਦੇ ਸੰਧੂਰੀ ਰੰਗਾਂ ਦੀ ਕਲਾਕਾਰੀ ਨਾਲ ਜੀਵਨ ਦੀ ਬਹੁਪ੍ਰਤੀਤੀਆਂ ਵਿਚੋਂ ਜੀਵਨ-ਲਿਸ਼ਕੋਰ ਨੂੰ ਰੂਹ-ਰੰਗਤਾ ਅਤੇ ਰੂਹ-ਰੇਜ਼ਤਾ ਦੇ ਨਾਮ ਕਰਦੇ। ਜਿ਼ੰਦਗੀ ਦੀ ਦਾਤਾਂ ਨਾਲ ਵਰਸੋਏ ਜਾ ਸਕਦੇ ਹਾਂ। ਸਭ ਤੋਂ ਅਸਰਮਈ, ਅਨੰਦਮਈ, ਅਸੀਸਮਈ ਅਤੇ ਅਰਥਮਈ ਹੈ-ਕਾਇਆ, ਮਨ ਅਤੇ ਅੰਤਰੀਵ ਦੀ ਰੂਹਦਾਰੀ।
ਖੁਦ ਨੂੰ ਪਿਆਰ ਕਰਨ ਦਾ ਕੇਹਾ ਆਲਮ ਕਿ,
ਟਿੱਕੀ ਹੋਈ ਰਾਤ ਗੁੰਮਸੁੰਮ ਹੈ, ਪਰ ਖਾਮੋਸ਼ ਨਹੀਂ,
ਕਿਵੇਂ ਕਹਾਂ ਕਿ ਖੁਦ ਦੇ ਪਿਆਰ ‘ਚ ਮਦਹੋਸ਼ ਨਹੀਂ,
ਇੰਨਾ ਡੁੱਬ ਗਿਆ ਹਾਂ ਖੁਦਾਈ ਦੇ ਆਲਮ ‘ਚ ਮੈਂ,
ਕਿ ਪਿਆਸ ਬਹੁਤ ਹੈ ਪਰ ਪੀਣ ਦੀ ਹੋਸ਼ ਨਹੀਂ।
ਖੁਦ ਨੂੰ ਪਿਆਰ ਕਰਨ ਦਾ ਮਤਲਬ ਹੈ, ਆਪਣੇ ਬੀਤੇ ਨੂੰ ਯਾਦ ਰੱਖਣਾ। ਆਉਣ ਵਾਲੇ ਕੱਲ੍ਹ ਨੂੰ ਕਿਆਸ ਕਰਨਾ ਅਤੇ ਵਰਤਮਾਨ ਨੂੰ ਭਰਪੂਰਤਾ ਸੰਗ ਜਿਊਣਾ। ਕਦੇ ਲਿਖਿਆ ਸੀ,
ਮੈਂ ‘ਅੱਜ’ ਹਾਂ, ਮੈਂ ‘ਅੱਜ’ `ਚੋਂ
ਬੀਤੇ ‘ਕੱਲ’ ਦੀ ਨਿਸ਼ਾਨਦੇਹੀ ਤਾਂ ਕਰ ਸਕਦਾਂ
ਪਰ
‘ਕੱਲ’ ਨੂੰ ‘ਅੱਜ’ ਨਹੀਂ ਬਣਾ ਸਕਦਾ।
ਮੈਂ ‘ਅੱਜ’ ਹਾਂ
ਮੈਂ ਆਉਣ ਵਾਲੇ ‘ਕੱਲ’ ਨੂੰ ਚਿਤਵ ਸਕਦਾਂ
ਪਰ
ਆਉਣ ਵਾਲਾ ‘ਕੱਲ’, ‘ਕੱਲ’ ਹੀ ਹੋਵੇਗਾ
‘ਅੱਜ’ ਨਹੀਂ ਹੋ ਸਕਦਾ
ਕਿਉਂਕਿ
‘ਕੱਲ’ ਕਦੇ ਵੀ ਵਤਰਮਾਨ ਨਹੀਂ ਹੁੰਦਾ
ਇਸ ਲਈ
‘ਅੱਜ’ ਨੂੰ ‘ਅੱਜ’ ਸਮਝ ਕੇ ਹੀ ਮਾਣੋ।
‘ਖੁਦ ਨੂੰ ਪਿਆਰ ਕਰੋ’ ਤੋਂ ‘ਖੁਦ ਨੂੰ ਪੂਜੋ’ ਤੀਕ ਦੇ ਮਾਣਮੱਤੇ ਅਤੇ ਰੂਹ-ਰੱਤੇ ਜੀਵਨੀ ਸਫਰ ਨੂੰ ਹਮਸਫਰ ਬਣਾ ਕੇ ਦੇਖਣਾ, ਜੀਵਨ ਦੇ ਰੰਗ-ਢੰਗ ਹੀ ਬਦਲ ਜਾਣਗੇ।