ਕਰੋਨਾ ਮਹਾਮਾਰੀ ਅਤੇ ਸੰਵੇਦਨਹੀਣ ਭਾਜਪਾ ਸਰਕਾਰ

ਹਰਜਿੰਦਰ ਸਿੰਘ ਗੁਲਪੁਰ
ਮੈਲਬੌਰਨ (ਆਸਟ੍ਰੇਲੀਆ)
ਫੋਨ: +0061411218801
ਭਾਰਤ ਬਹੁਤ ਖਤਰਨਾਕ ਦੌਰ ਵਿਚੋਂ ਲੰਘ ਰਿਹਾ ਹੈ। ਕਰੋਨਾ ਮਹਾਮਾਰੀ ਦੇ ਇਸ ਕਹਿਰ ਦੌਰਾਨ ਲੱਖਾਂ ਜਾਨਾਂ ਡਾਕਟਰੀ ਸਹੂਲਤਾਂ ਨਾ ਮਿਲਣ ਕਾਰਨ ਚਲੇ ਗਈਆਂ ਹਨ। ਦੇਸ਼ ਦੀਆਂ ਉਚ ਅਦਾਲਤਾਂ ਵਲੋਂ ਸਰਕਾਰ ਦੇ ਕੰਮ ਕਾਜ ਨੂੰ ਲੈ ਕੇ ਆਏ ਦਿਨ ਸਖਤ ਤੋਂ ਸਖਤ ਟਿੱਪਣੀਆਂ ਹੋ ਰਹੀਆਂ ਹਨ। ਵਿਦੇਸ਼ੀ ਅਖਬਾਰਾਂ ਵਲੋਂ ਭਾਰਤ ਸਰਕਾਰ ਦੀ ਘਟੀਆ ਕਾਰਗੁਜ਼ਾਰੀ ਬਾਰੇ ਲੰਬੇ ਲੰਬੇ ਲੇਖ ਲਿਖੇ ਜਾ ਰਹੇ ਹਨ। ਇਸ ਦੇ ਬਾਵਜੂਦ ਭਾਰਤ ਸਰਕਾਰ ਉਤੇ ਕੋਈ ਅਸਰ ਨਹੀ ਹੋ ਰਿਹਾ। ਕਰੋਨਾ ਕਾਰਨ ਪੂਰੇ ਦੇਸ਼ ਵਿਚ ਹਫੜਾ-ਦਫੜੀ ਵਾਲਾ ਮਾਹੌਲ ਬਣਿਆ ਹੋਇਆ ਹੈ।

ਕਰੋਨਾ ਪੀੜਤਾਂ ਦੀ ਗਿਣਤੀ ਵਿਚ ਆਏ ਦਿਨ ਵਾਧਾ ਹੋ ਰਿਹਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਕਰੋਨਾ ਪੀੜਤਾਂ ਦੀ ਗਿਣਤੀ ਪ੍ਰਤੀ ਦਿਨ ਸਵਾ ਚਾਰ ਲੱਖ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਨਾਲ ਮੌਤ ਦਰ ਵਿਚ ਵੀ ਵਾਧਾ ਹੋ ਰਿਹਾ ਹੈ। ਹਾਲਤ ਇਹ ਹੈ ਕਿ ਸਰਕਾਰ ਦੇ ਸੱਜੇ ਹੱਥ ਨੂੰ ਇਹ ਨਹੀਂ ਪਤਾ ਕਿ ਉਸ ਦਾ ਖੱਬਾ ਹੱਥ ਕੀ ਕਰ ਰਿਹਾ ਹੈ ਅਤੇ ਖੱਬੇ ਹੱਥ ਨੂੰ ਇਹ ਨਹੀਂ ਪਤਾ ਕਿ ਉਸ ਦਾ ਸੱਜਾ ਹੱਥ ਕੀ ਕਰ ਰਿਹਾ ਹੈ। ਸੱਤਾਧਾਰੀ ਅਤੇ ਵਿਰੋਧੀ-ਦੋਵੇਂ ਗਿੜਗਿੜਾ ਰਹੇ ਹਨ। ਜਿਨ੍ਹਾਂ ਨੂੰ ਮਾਣ ਸੀ, ਜੋ ਤਖਤ `ਤੇ ਬਿਰਾਜਮਾਨ ਹਨ, ਉਹ ਔਖੇ ਵੇਲੇ ਉਨ੍ਹਾਂ ਦੀ ਮਦਦ ਕਰਨਗੇ, ਅੱਜ ਉਨ੍ਹਾਂ ਦੀ ਹਾਲਤ ਦੇਖੀ ਨਹੀਂ ਜਾ ਰਹੀ। ਅਨੇਕਾਂ ਵੱਡੇ ਵੱਡੇ ਰਸੂਖਦਾਰ ਵਿਅਕਤੀਆਂ ਨੇ ਡਾਕਟਰੀ ਮਦਦ ਨਾ ਮਿਲਣ ਕਾਰਨ ਦਮ ਤੋੜ ਦਿੱਤਾ ਹੈ। ਇਨ੍ਹਾਂ ਵਿਚ ਵਿਧਾਇਕ ਤੋਂ ਲੈ ਕੇ ਵਜ਼ੀਰ ਤੱਕ ਸ਼ਾਮਿਲ ਹਨ।
ਇਸ ਸਮੇਂ ਸਰਕਾਰ ਦਾ ਪੂਰਾ ਧਿਆਨ ਕਰੋਨਾ ਨੂੰ ਕਾਬੂ ਕਰਨ ਵੱਲ ਹੋਣਾ ਚਾਹੀਦਾ ਹੈ, ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਸਰਕਾਰ ਕਰੋਨਾ ਉਤੇ ਕਾਬੂ ਪਾਉਣ ਦੀ ਥਾਂ ਉਹ ਇਮਾਰਤਾਂ ਬਣਾਉਣ ਵਿਚ ਮਸ਼ਰੂਫ ਹੈ, ਜਿਨ੍ਹਾਂ ਬਿਨਾ ਸਰ ਸਕਦਾ ਹੈ। ਕੇਂਦਰ ਸਰਕਾਰ ਦੋ ਤਰ੍ਹਾਂ ਦੇ ਨਵ ਨਿਰਮਾਣ ਕਰ ਰਹੀ ਹੈ। ਸੰਸਦ ਭਵਨ ਦੀ ਉਸਾਰੀ ਉਤੇ 20 ਹਜ਼ਾਰ ਕਰੋੜ ਰੁਪਏ ਖਰਚੇ ਜਾ ਰਹੇ ਹਨ, ਜਦੋਂ ਕਿ ਪ੍ਰਧਾਨ ਮੰਤਰੀ ਨਿਵਾਸ ਦੇ ਨਿਰਮਾਣ ਉਤੇ ਕਰੀਬ 13 ਹਜਾਰ ਕਰੋੜ ਰੁਪਏ ਖਰਚੇ ਜਾ ਰਹੇ ਹਨ। ਦੇਸ਼ ਵਾਸੀ, ਇੱਕ ਸਾਲ ਵਿਚ ਕਰੋਨਾ ਦੀ ਦੂਹਰੀ ਮਾਰ ਝੱਲ ਰਹੇ ਹਨ। ਦੇਸ਼ ਦੀ ਆਰਥਿਕਤਾ ਦਾ ਬੁਰਾ ਹਾਲ ਹੈ। ਰੋਟੀ ਰੋਜ਼ੀ ਲਈ ਲੋਕ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਸਵਾਲ ਪੈਦਾ ਹੁੰਦਾ ਹੈ ਕਿ ਪਾਣੀ ਵਾਂਗ ਪੈਸਾ ਵਹਾ ਕੇ ਇਨ੍ਹਾਂ ਭਵਨ ਨਿਰਮਾਣਾਂ ਦੀ ਕੀ ਲੋੜ ਸੀ? ਹਾਲ ਦੀ ਘੜੀ ਜੇ ਪੁਰਾਣੇ ਭਵਨਾਂ ਵਿਚ ਰਹਿ ਕੇ ਦੇਸ਼ ਚਲਾਇਆ ਜਾ ਰਿਹਾ ਹੈ ਤਾਂ ਅੱਗੇ ਲਈ ਵੀ ਚਲਾਇਆ ਜਾ ਸਕਦਾ ਹੈ।
ਡਾ. ਵੇਦ ਪ੍ਰਤਾਪ ਵੈਦਿਕ ਅਨੁਸਾਰ ਭਾਜਪਾ ਸਰਕਾਰ ਲਈ ਬੰਗਾਲ ਕਰੋਨਾ ਤੋਂ ਉਪਰ ਹੋ ਗਿਆ ਹੈ। ਮਮਤਾ ਬੈਨਰਜੀ ਨੇ ਅਜੇ ਸਹੁੰ ਵੀ ਨਹੀਂ ਸੀ ਚੁੱਕੀ, ਪਰ ਉਸ ਦੀ ਸਰਕਾਰ ਨੂੰ ਅਸਥਿਰ ਕਰਨ ਦੀਆਂ ਚਾਲਾਂ ਸ਼ੁਰੂ ਵੀ ਹੋ ਗਈਆਂ। ਕਿਸ ਤਰ੍ਹਾਂ ਚੱਲੇਗਾ ਇਹ ਦੇਸ਼? ਬੰਗਾਲ ਵਿਚ ਕੁਝ ਕਾਰਜਕਰਤਾਵਾਂ ਦੀ ਹੋਈ ਮੌਤ ਨੂੰ ਰਾਸ਼ਟਰੀ ਮੁੱਦਾ ਬਣਾਇਆ ਜਾ ਰਿਹਾ ਹੈ ਤਾਂ ਕਿ ਲੋਕਾਂ ਦਾ ਧਿਆਨ ਕਰੋਨਾ ਵਰਗੇ ਮੁੱਖ ਮੁੱਦੇ ਤੋਂ ਭਟਕਾਇਆ ਜਾ ਸਕੇ। ਉਨ੍ਹਾਂ ਨੇ ਤਮਾਮ ਪਾਰਟੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਰਾਜਨੀਤੀ ਕਰਨ ਦੀ ਥਾਂ ਆਪਣੇ ਵਰਕਰਾਂ ਨੂੰ ਆਦੇਸ਼ ਦੇਣ ਕਿ ਉਹ ਹਰ ਲੋੜਵੰਦ ਮਰੀਜ ਤੱਕ ਆਕਸੀਜਨ ਪਹੁੰਚਾਉਣ ਦਾ ਕੰਮ ਕਰਨ। ਇਸ ਨਾਲ ਆਕਸੀਜਨ ਦੀ ਚੋਰ ਬਾਜ਼ਾਰੀ ਨੂੰ ਠੱਲ੍ਹ ਪਵੇਗੀ।
ਵਿਸ਼ਵ ਦੇ ਪ੍ਰਸਿੱਧ ਮੈਡੀਕਲ ਰਸਾਲੇ ‘ਨੇਚਰ’ ਨੇ ਆਪਣੇ ਸੰਪਾਦਕੀ ਵਿਚ ਖੁਲਾਸਾ ਕੀਤਾ ਹੈ ਕਿ ਭਾਰਤ ਅਤੇ ਬ੍ਰਾਜ਼ੀਲ ਨੂੰ ਛੱਡ ਕੇ ਸਾਰੀ ਦੁਨੀਆਂ ਦੇ ਦੇਸ਼ਾਂ ਨੇ ਵਿਗਿਆਨੀਆਂ ਦੀ ਸਲਾਹ ਨੂੰ ਮੰਨਿਆ ਹੈ। ਇਸ ਸਮੇਂ ਭਾਰਤ ਤੇ ਬ੍ਰਾਜ਼ੀਲ ਨੂੰ ਛੱਡ ਕੇ ਅਮਰੀਕਾ ਅਤੇ ਯੂਰਪ ਦੇ ਉਨ੍ਹਾਂ ਦੇਸ਼ਾਂ ਵਿਚ ਕਰੋਨਾ ਦਾ ਕਹਿਰ ਘੱਟ ਹੋਣ ਲੱਗ ਪਿਆ ਹੈ, ਜਿਨ੍ਹਾਂ ਦੇਸ਼ਾਂ ਵਿਚ ਕਰੋਨਾ ਦੀ ਪਹਿਲੀ ਲਹਿਰ ਨੇ ਤਬਾਹੀ ਮਚਾਈ ਸੀ। ਭਾਰਤ ਇਸ ਵਕਤ ਪ੍ਰਤੀ ਦਿਨ ਦੇ ਹਿਸਾਬ ਨਾਲ ਸਭ ਤੋਂ ਜਿ਼ਆਦਾ ਮੌਤਾਂ ਦੀ ਗਿਣਤੀ ਵਿਚ ਪਹਿਲੇ ਨੰਬਰ `ਤੇ ਹੈ। ਪਿਛਲੇ ਹਫਤੇ ਦੇ ਮੁਕਾਬਲੇ ਭਾਰਤ ਵਿਚ ਇਸ ਹਫਤੇ 15% ਜਿ਼ਆਦਾ ਮਰੀਜ ਮਿਲੇ ਹਨ। ਇਸੇ ਤਰ੍ਹਾਂ ਮੌਤ ਦੀ ਗਿਣਤੀ 41% ਵਧੀ ਹੈ। ਬ੍ਰਾਜ਼ੀਲ ਵਿਚ ਨਵੇਂ ਮਰੀਜਾਂ ਦੀ ਗਿਣਤੀ 6% ਵਧੀ ਹੈ, ਜਦੋਂ ਕਿ ਮੌਤ `ਚ 3% ਕਮੀ ਹੋਈ ਹੈ।
ਕਰੋਨਾ ਦੀ ਲਾਗ ਨਾਲ ਸਬੰਧਿਤ ਦੁਨੀਆਂ ਭਰ ਦੇ ਅੰਕੜੇ ਦੇਣ ਵਾਲੀ ਵੈਬਸਾਈਟ ੱੋਰਲਦੋਮੲਟੲਰ।ਨਿਾੋ `ਤੇ ਕੀਤੇ ਵਿਸ਼ਲੇਸ਼ਣ ਤੋਂ ਪਤਾ ਲਗਦਾ ਹੈ ਕਿ ਬਾਹਰੀ ਦੁਨੀਆਂ ਇਸ ਮਹਾਮਾਰੀ ਤੋਂ ਨਿਜਾਤ ਪਾਉਣ ਵੱਲ ਤੇਜੀ ਨਾਲ ਵਧ ਰਹੀ ਹੈ। ਦੂਜੇ ਪਾਸੇ ਭਾਰਤ ਦੀ ਹਾਲਤ ਬਦ ਤੋਂ ਬਦਤਰ ਬਣਦੀ ਜਾ ਰਹੀ ਹੈ। ਭਾਰਤ ਦੀ ਵੱਕਾਰੀ ਸੀਰਮ ਇੰਸਟੀਚਿਊਟ ਦੇ ਕਰਤਾ-ਧਰਤਾ ਅਦਾਰ ਪੂਨਾਵਾਲਾ ਦੇਸ਼ ਛੱਡ ਕੇ ਇੰਗਲੈਂਡ ਚਲੇ ਗਏ ਹਨ ਅਤੇ ਉਤੇ ਵੱਡੀ ਪੱਧਰ `ਤੇ ਧਨ ਨਿਵੇਸ਼ ਕਰਨ ਦੀਆਂ ਗੱਲਾਂ ਕਰ ਰਹੇ ਹਨ।
ਗੁੜਗਾਓਂ ਦੇ ਇੱਕ ਹਸਪਤਾਲ ਵਿਚ ਆਕਸੀਜਨ ਨਾ ਮਿਲਣ ਕਾਰਨ ਸਾਰੇ ਮਰੀਜਾਂ ਦੀ ਮੌਤ ਹੋ ਗਈ। ਇਸ ਦੌਰਾਨ ਹਸਪਤਾਲ ਦਾ ਸਟਾਫ ਹਸਪਤਾਲ ਵਿਚੋਂ ਦੌੜ ਗਿਆ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਰਕਾਰ ਨੂੰ ਕਰੋਨਾ ਸੰਕਟ ਨਾਲ ਨਿਪਟਣ ਲਈ ਨਵੇਂ ਸਿਰਿਓਂ ਵਿਉਂਤਵੰਦੀ ਦੀ ਲੋੜ ਹੈ। ਕੋਰਟ ਅਨੁਸਾਰ ਆਕਸੀਜਨ ਦੀ ਸਪਲਾਈ ਸਹੀ ਢੰਗ ਨਾਲ ਨਹੀਂ ਹੋ ਰਹੀ। ਸਰਕਾਰ ਦਾ ਹਾਲ ਇਹ ਹੈ ਕਿ ਉਹ ਇਸ ਗੰਭੀਰ ਬਿਮਾਰੀ ਦਾ ਕੋਈ ਵਿਗਿਆਨਕ ਹੱਲ ਲੱਭਣ ਦੀ ਥਾਂ ਨੀਮ ਹਕੀਮੀ ਨੂੰ ਉਤਸ਼ਾਹਿਤ ਕਰ ਰਹੀ ਹੈ।
ਕੇਂਦਰ ਸਰਕਾਰ ਦੇ ਸਾਇੰਸ ਅਤੇ ਤਕਨਾਲੋਜੀ ਮੰਤਰਾਲੇ ਨੇ ਰਿਸ਼ੀਕੇਸ਼ ਸਥਿਤ ਮੈਡੀਕਲ ਸੰਸਥਾ ਏਮਜ਼ ਨੂੰ ਫੰਡ ਜਾਰੀ ਕਰਕੇ ਕਿਹਾ ਹੈ ਕਿ ਗਾਇਤਰੀ ਮੰਤਰ ਦੇ ਜਾਪ ਅਤੇ ਪ੍ਰਾਣਾਯਾਮ ਦੇ ਕਰੋਨਾ ਪ੍ਰਭਾਵਾਂ ਨੂੰ ਸਾਬਤ ਕਰਨ ਲਈ ਕਲਿਨਿਕਲ ਖੋਜ ਸ਼ੁਰੂ ਕੀਤੀ ਜਾਵੇ। ਇਸ ਦੀ ਪੁਸ਼ਟੀ ਰਿਸ਼ੀਕੇਸ਼ ਸਥਿਤ ਏਮਜ਼ ਦੀ ਐਸੋਸੀਏਟ ਪ੍ਰੋਫੈਸਰ ਰਿਚਾ ਦੂਆ ਨੇ ਕੀਤੀ ਹੈ। ਇਸ ਤੋਂ ਪਹਿਲਾਂ ਵੀ ਸਿਹਤ ਮੰਤਰਾਲੇ ਨੇ ਬਾਬਾ ਰਾਮਦੇਵ ਵਲੋਂ ਤਿਆਰ ਕੀਤੀਆਂ ਦਵਾਈਆਂ ਨੂੰ ਬਾਜ਼ਾਰ ਵਿਚ ਉਤਾਰਨ ਲਈ ਉਸ ਦੀ ਮਦਦ ਕੀਤੀ ਹੈ। ਇੱਕ ਦਵਾਈ ਲਾਂਚ ਕਰਨ ਸਮੇਂ ਸਿਹਤ ਮੰਤਰੀ ਹਰਸ਼ਵਰਧਨ ਅਤੇ ਨਿਤਿਨ ਗਡਕਰੀ ਨਾਲ ਰਾਮਦੇਵ ਦੀਆਂ ਤਸਵੀਰਾਂ ਮੀਡੀਆ ਵਿਚ ਛਪ ਚੁਕੀਆਂ ਹਨ।
ਭਾਜਪਾ ਸਰਕਾਰ ਨੇ ਇਸ ਮਹਾਮਾਰੀ ਦੇ ਦੌਰ ਵਿਚ ਦੇਸ਼ ਵਾਸੀਆਂ ਨੂੰ ਇੱਕ ਤਰ੍ਹਾਂ ਨਾਲ ਬੇਸਹਾਰਾ ਛੱਡ ਦਿੱਤਾ ਹੈ। ਵਿਸ਼ਵ ਪੱਧਰ `ਤੇ ਭਾਰਤ ਦੀ ਜੱਗ-ਹਸਾਈ ਹੋ ਰਹੀ ਹੈ, ਪਰ ਸੰਵੇਦਨਹੀਣ ਸਰਕਾਰ `ਤੇ ਕੋਈ ਅਸਰ ਨਹੀਂ ਹੋ ਰਿਹਾ। ਬੰਗਾਲ ਦੀ ਹਾਰ ਨੂੰ ਸਵੀਕਾਰ ਕਰਨ ਦੀ ਥਾਂ ਉਥੇ ਫਿਰਕੂ ਨਫਰਤ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਤਿਆ ਹਿੰਦੀ ਡਾਟ ਕਾਮ ਚੈਨਲ ਅਨੁਸਾਰ ਬੰਗਾਲ ਹਿੰਸਾ ਬਾਰੇ ਭਾਜਪਾ ਵਲੋਂ ਜਿਹੜੀਆਂ ਵੀਡੀਓ ਵਾਇਰਲ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਵਿਚੋਂ ਬਹੁਤੀਆਂ ਝੂਠੀਆਂ ਹਨ। ਇਥੋਂ ਤੱਕ ਕਿ ਇੱਕ ਕੇਂਦਰੀ ਰਾਜ ਮੰਤਰੀ ਉਤੇ ਕੀਤੇ ਗਏ ਕਥਿਤ ਹਮਲੇ ਦੀ ਜਿਹੜੀ ਵੀਡੀਓ ਵਾਇਰਲ ਕੀਤੀ ਗਈ ਹੈ, ਉਹ ਕਾਂਗੋ ਦੇਸ਼ ਨਾਲ ਸਬੰਧਿਤ 10 ਸਾਲ ਪੁਰਾਣੀ ਹੈ। ਕੇਂਦਰ ਸਰਕਾਰ ਨੂੰ ਰਾਜਸੀ ਗਿਣਤੀਆਂ-ਮਿਣਤੀਆਂ ਤੋਂ ਉਪਰ ਉਠ ਕੇ ਆਪਣੀ ਸਾਰੀ ਤਾਕਤ ਕਰੋਨਾ ਉਤੇ ਕਾਬੂ ਪਾਉਣ ਲਈ ਵਰਤਣੀ ਚਾਹੀਦੀ ਹੈ। ਦੇਸ਼ ਦੇ ਵਡੇਰੇ ਹਿਤਾਂ ਨੂੰ ਸਾਹਮਣੇ ਰੱਖ ਕੇ ਕਰੋੜਾਂ-ਅਰਬਾਂ ਰੁਪਏ ਦੇ ਬੇਲੋੜੇ ਪ੍ਰਾਜੈਕਟ ਰੱਦ ਕਰ ਦੇਣੇ ਚਾਹੀਦੇ ਹਨ।