ਬੈਚ ਫੁੱਲ ਹੈਦਰ: ਸਿਰਖਾਊ ਨਿਜਸਵਾਰਥੀ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਬੈਚ ਫੁੱਲ ਦਵਾਈਆਂ ਦਾ ਸਬੰਧ ਵਿਅਕਤੀ ਦੀ ਮਾਨਸਿਕਤਾ ਨਾਲ ਹੈ। ਇਹ ਉਸ ਦੇ ਮਾਨਸਿਕ ਵਿਕਾਰਾਂ ਨੂੰ ਸਹੀ ਕਰ ਕੇ ਉਸ ਦੇ ਸਰੀਰ ਨੂੰ ਦਰੁਸਤ ਕਰਦੀਆਂ ਹਨ। ਗਿਣਤੀ ਵਿਚ ਇਹ ਅਠੱਤੀ ਦਵਾਈਆਂ ਮਨੁੱਖੀ ਸਰੀਰ ਦੇ ਅਠੱਤੀ ਜਾਂ ਇਸ ਤੋਂ ਵੀ ਵੱਧ ਕਿਸਮ ਦੇ ਵਿਕਾਰਾਂ ਜਾਂ ਰਿਣਾਤਮਿਕ ਝੁਕਾਵਾਂ ਨੂੰ ਧਨਆਤਮਿਕ ਮੋੜ ਦਿੰਦੀਆਂ ਹਨ। ਮਨੁੱਖੀ ਸੁਭਾਅ ਦੀਆਂ ਵਿਗੜੀਆਂ ਪ੍ਰਵਿਰਤੀਆਂ ਠੀਕ ਹੋਣ ਨਾਲ ਸਰੀਰਕ ਰੋਗ ਆਪਣੇ ਆਪ ਠੀਕ ਹੋ ਜਾਂਦੇ ਹਨ। ਇਸ ਲਈ ਮਰੀਜ਼ ਨੂੰ ਦਵਾਈ ਲੈਣ ਦਾ ਵਿਚਾਰ ਭਾਵੇਂ ਸਰੀਰਕ ਤਕਲੀਫ ਕਾਰਨ ਆਉਂਦਾ ਹੈ, ਪਰ ਉਸ ਦੀ ਤਕਲੀਫ ਦਾ ਸਮਾਧਾਨ ਉਸ ਦੇ ਸੁਭਾਅ ਤੇ ਆਦਤਾਂ ਦਾ ਅਧਿਐਨ ਕਰ ਕੇ ਉਨ੍ਹਾਂ ਮੁਤਾਬਿਕ ਢੁਕਵੀਂ ਦਵਾਈ ਦੇ ਕੇ ਹੁੰਦਾ ਹੈ। ਬੈਚ ਫੁੱਲ ਚਿਕਿਤਸਾ ਦੀ ਖੇਡ ਮੁੱਖ ਤੌਰ `ਤੇ ਇੰਨੀ ਕੁ ਹੀ ਹੈ।

ਜੇ ਕੋਈ ਇਨਸਾਨ ਆਪਣੇ ਮਾਨਸਿਕ ਤਾਣੇ-ਬਾਣੇ ਤੇ ਸੁਭਾਵਿਕ ਤਾਸੀਰ ਦਾ ਜਾਇਜ਼ਾ ਆਪ ਲਾ ਕੇ ਉਸ ਨੂੰ ਕਿਸੇ ਫੁੱਲ ਦਵਾਈ ਦੇ ਗੁਣਾਂ ਵਿਚ ਤਬਦੀਲ ਕਰ ਕੇ ਉਹ ਦਵਾਈ ਲੈ ਸਕੇ ਤਾਂ ਉਹ ਆਪਣੀ ਸਿਹਤ ਦਾ ਆਪ ਬਾਦਸ਼ਾਹ ਬਣ ਸਕਦਾ ਹੈ।
ਇਹ ਕੋਈ ਮੁਸ਼ਕਿਲ ਕੰਮ ਨਹੀਂ ਹੈ। ਇਸ ਵਿਚ ਮਨੁੱਖੀ ਸਰੀਰ ਦੀ ਅਨਾਟਮੀ, ਫਿਜ਼ਿਆਲੋਜੀ, ਪੈਥੋਲੋਜੀ, ਸਾਈਕਾਲੋਜੀ ਆਦਿ ਦੇ ਗਿਆਨ ਦੀ ਲੋੜ ਨਹੀਂ ਪੈਂਦੀ, ਹਾਲਾਂਕਿ ਇਨ੍ਹਾਂ ਵਿਸ਼ਿਆਂ ਦਾ ਵੱਧ ਤੋਂ ਵੱਧ ਗਿਆਨ ਹੋਣਾ ਹਮੇਸ਼ਾ ਹੀ ਲਾਹੇ ਵਾਲੀ ਗੱਲ ਹੁੰਦੀ ਹੈ। ਡਾ. ਬੈਚ ਦੇ ਉਪਰਾਲੇ ਨੇ ਮਨੁੱਖੀ ਸਿਹਤ ਨੂੰ ਮਨੁੱਖ ਦੇ ਬਿਲਕੁਲ ਕਰੀਬ ਤੇ ਸਨਮੁੱਖ ਲੈ ਆਂਦਾ ਹੈ। ਜਿਵੇਂ ਕਿਸੇ ਟੀ. ਵੀ. ਦੇ ਅਣਗਿਣਤ ਫੰਕਸ਼ਨਾਂ ਨੂੰ ਬਿਨਾ ਕਿਸੇ ਤਕਨੀਕੀ ਗਿਆਨ ਤੋਂ ਇਕ ਆਮ ਰਿਮੋਟ ਦੇ ਕੁਝ ਬਟਨਾਂ ਰਾਹੀਂ ਚਲਾਇਆ ਜਾ ਸਕਦਾ ਹੈ, ਇਵੇਂ ਹੀ ਮਨੁੱਖੀ ਸਿਹਤ ਦੇ ਬਹੁਤੇ ਮਸਲੇ ਬੈਚ ਫੁੱਲ ਔਸ਼ਧੀਆਂ ਦੇਣ ਨਾਲ ਘਰ ਬੈਠੇ ਹੀ ਹੱਲ ਕੀਤੇ ਜਾ ਸਕਦੇ ਹਨ; ਪਰ ਇਸ ਅਨੁਭਵ ਨੂੰ ਗ੍ਰਹਿਣ ਕਰਨ ਤੇ ਇਸ ਦਾ ਲਾਭ ਉਠਾਉਣ ਲਈ ਪਹਿਲਾਂ ਇਨ੍ਹਾਂ ਦਵਾਈਆਂ ਦੇ ਨਾਂਵਾਂ ਤੇ ਲੱਛਣਾਂ ਦੀ ਪਛਾਣ ਹੋਣੀ ਜਰੂਰੀ ਹੈ।
ਇਸ ਸਿਲਸਿਲੇ ਵਿਚ ਬੈਚ ਫੁੱਲ ਦਵਾਈ ਹੈਦਰ (੍ਹੲਅਟਹੲਰ) ਇਕ ਵਿਲੱਖਣ ਤੇ ਵਿਚਿੱਤਰ ਗੁਣਾਂ ਵਾਲੀ ਦਵਾਈ ਹੈ। ਇਸ ਦਾ ਮਰੀਜ਼ ਸਵੈ-ਕੇਂਦ੍ਰਿਤ ਹੁੰਦਾ ਹੈ ਤੇ ਆਪੇ ਤੋਂ ਬਾਹਰ ਨਿਕਲ ਕੇ ਨਹੀਂ ਸੋਚਦਾ। ਉਸ ਨੂੰ ਆਪਣਾ ਆਪ ਤੇ ਆਪਣੀਆਂ ਤਕਲੀਫਾਂ ਸੰਸਾਰ ਦੇ ਸਭ ਮਸਲਿਆਂ ਤੋਂ ਅਹਿਮ ਦਿਸਦੀਆਂ ਹਨ। ਉਹ ਜਿੱਥੇ ਵੀ ਜਾਵੇਗਾ, ਆਪਣੀ ਹੀ ਗੱਲ ਕਰੇਗਾ-ਬਿਮਾਰ ਹੋਵੇਗਾ ਤਾਂ ਬਿਮਾਰੀ ਦੀ ਨਹੀਂ ਤਾਂ ਆਪਣੀਆਂ ਸ਼ੇਖੀਆਂ ਵਿਦਵਤਾ ਜਾਂ ਫੜ੍ਹਾਂ ਦੀ। ਚਾਹੇ ਉਸ ਦੀ ਗੱਲ ਦਾ ਕੋਈ ਸੰਦਰਵ ਨਾ ਵੀ ਹੋਵੇ, ਤਾਂ ਵੀ ਉਹ ਦੂਜਿਆਂ ਨੂੰ ਵਿਚਕਾਰੋਂ ਟੋਕ ਕੇ ਉਨ੍ਹਾਂ ਦਾ ਧਿਆਨ ਆਪਣੇ ਜਾਂ ਆਪਣੀ ਸਮੱਸਿਆ ਵਲ ਖਿੱਚਣ ਦੀ ਕੋਸਿ਼ਸ਼ ਕਰਦਾ ਹੈ। ਜੇ ਉਹ ਅਜਿਹਾ ਨਾ ਕਰੇ ਤਾਂ ਉਸ ਦਾ ਦਮ ਘੁਟਦਾ ਹੈ। ਇਸ ਲਈ ਉਹ ਇਕਾਂਤ ਨੂੰ ਜਾਂ ਇਕੱਲੇਪਣ ਨੂੰ ਪਸੰਦ ਨਹੀਂ ਕਰਦਾ। ਜੇ ਕੋਈ ਉਸ ਕੋਲ ਆ ਜਾਵੇ ਫਿਰ ਤਾਂ ਕਹਿਣੇ ਹੀ ਕਿਆ, ਨਹੀਂ ਤਾਂ ਉਸ ਨੂੰ ਆਪਣਾ ਦੁਖ ਸੁਣਾਉਣ ਲਈ ਕਿਸੇ ਨੂੰ ਬਾਹਰ ਜਾ ਕੇ ਲੱਭਣਾ ਪੈਂਦਾ ਹੈ। ਜੇ ਉੱਥੇ ਵੀ ਕੋਈ ਨਾ ਲੱਭੇ ਤਾਂ ਉਹ ਕਿਸੇ ਨੂੰ ਫੋਨ ਕਰਦਾ ਹੈ ਜਾਂ ਸੁਨੇਹਾ ਲਾ ਕੇ ਕੋਲ ਸੱਦਦਾ ਹੈ, ਪਰ ਅਜਿਹਾ ਘੱਟ ਹੀ ਹੁੰਦਾ ਹੈ ਕਿ ਪਹਿਲੀ ਵਾਰ ਸੁਣਨ ਤੋਂ ਬਾਅਦ ਅੱਕਿਆ ਕੋਈ ਲੋਕ ਉਸ ਨੂੰ ਮੂੰਹ ਲਾਵੇ। ਕਾਰਨ ਇਹ ਕਿ ਉਹ ਆਪਣੀ ਗੱਲ ਹੀ ਸੁਣਾਉਂਦਾ ਹੈ, ਸਗੋਂ ਦੂਜੇ ਦੀ ਸੁਣਦਾ ਵੀ ਨਹੀਂ। ਕਿਉਂਕਿ ਉਹ ਦੂਜਿਆਂ ਦਾ ਖਿਆਲ ਨਹੀਂ ਕਰਦਾ, ਇਸ ਲਈ ਉਹ ਸਮਾਜ ਸੇਵਕ ਜਾਂ ਪਰਉਪਕਾਰੀ ਜੀਵ ਨਹੀਂ ਬਣ ਸਕਦਾ। ਕੋਈ ਉਸ ਨੂੰ ਸ਼ੇਖੀਖੋਰ ਕਹਿੰਦਾ ਹੈ, ਕੋਈ ਮੀਆਂ ਮਿੱਠੂ, ਕੋਈ ਮਹਾਂ-ਬੋਰ, ਕੋਈ ਸਿਰੇ ਦਾ ਮਤਲਬੀ, ਕੋਈ ਸਿਰਖਾਣਾ ਤੇ ਕੋਈ ਲੀਚੜ। ਸੰਖੇਪ ਵਿਚ ਉਹ ਆਪਣੀਆਂ ਤੇ ਆਪਣੇ ਘਰ ਦੀਆਂ ਸਮੱਸਿਆਵਾਂ ਤੋਂ ਅੱਗੇ ਅੱਖ ਨਹੀਂ ਪੁੱਟਦਾ।
ਸਮਾਜ ਵਿਚ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਇਸ ਲਈ ਉਹ ਸਭ ਦੇ ਸੰਪਰਕ ਵਿਚ ਆਉਂਦੇ ਰਹਿੰਦੇ ਹਨ। ਇਨ੍ਹਾਂ ਦੀ ਪਛਾਣ ਕਰਨੀ ਕੋਈ ਬਹੁਤੀ ਔਖੀ ਨਹੀਂ। ਇਹ ਲੋਕ ਬਹੁਤਾ ਬੋਲਦੇ ਹਨ। ਥੋੜ੍ਹੀ ਗੱਲ ਨਾਲ ਇਨ੍ਹਾਂ ਦਾ ਗੁਜ਼ਾਰਾ ਨਹੀਂ ਹੁੰਦਾ। ਜੇ ਇਕ ਵਾਰ ਇਨ੍ਹਾਂ ਦੀ ਗੱਲ ਸੁਣ ਲਵੋ ਤਾਂ ਇਹ ਕਣਤਾਅ ਕੇ ਰੱਖਦੇ ਹਨ। ਇਹ ਆਪਣੇ ਸਮੇਂ ਦਾ ਪੂਰਾ ਲਾਭ ਲੈਂਦੇ ਹਨ ਤੇ ਦੂਜੇ ਦੇ ਸਮੇਂ ਦਾ ਖਿਆਲ ਨਹੀਂ ਕਰਦੇ। ਇਨ੍ਹਾਂ ਦੀ ਗੱਲ ਬਾਤ ਇਕ-ਪਾਸੜ ਤੇ ਇਕਹਿਰੀ ਹੁੰਦੀ ਹੈ। ਜੇ ਇਹ ਬੀਮਾਰ ਹੋਣ ਤਾਂ ਆਪਣੀਆਂ ਤਕਲੀਫਾਂ ਦੇ ਵੇਰਵਿਆਂ ਨੂੰ ਵਾਰ ਵਾਰ ਦੁਹਰਾਈ ਜਾਂਦੇ ਹਨ ਤੇ ਜੇ ਠੀਕ ਠਾਕ ਹੋਣ ਤਾਂ ਆਪਣੇ ਤਜ਼ਰਬਿਆਂ, ਜਾਣਕਾਰੀਆਂ ਤੇ ਕਾਰਨਾਮਿਆਂ ਦੇ ਗੋਗੇ ਗਾਈ ਜਾਣਗੇ। ਕਈ ਵਾਰ ਤਾਂ ਇਹ ਰੋਕਿਆਂ ਵੀ ਨਹੀਂ ਰੁਕਦੇ। ਦੂਜਿਆਂ ਨੂੰ ਅਮੂਕ ਮੂਰਖ ਸਮਝਦੇ ਹਨ ਤੇ ਆਪਣੀਆਂ ਗੱਲਾਂ ਝਾੜ ਕੇ ਚਲਦੇ ਬਣਦੇ ਹਨ। ਜੋ ਇਨ੍ਹਾਂ ਦੀ ਗੱਲ ਨੂੰ ਧਿਆਨ ਨਾਲ ਸੁਣ ਲੈਂਦੇ ਹਨ, ਉਹ ਉਨ੍ਹਾਂ ਦੇ ਨਿਸ਼ਾਨੇ `ਤੇ ਆ ਜਾਂਦੇ ਹਾਂ। ਇਹ ਉਨ੍ਹਾਂ ਕੋਲ ਦੂਜੇ ਦਿਨ ਫਿਰ ਪਹੁੰਚ ਜਾਂਦੇ ਹਨ ਤੇ ਉਹੀ ਸਿਲਸਿਲਾ ਅਰੰਭ ਕਰ ਦਿੰਦੇ ਹਨ। ਇਨ੍ਹਾਂ ਨਾਲ ਬਿਤਾਇਆ ਸਮਾਂ ਨਸ਼ਟ ਹੀ ਸਮਝੋ। ਇਸ ਲਈ ਇਨ੍ਹਾਂ ਨੂੰ ਦੂਰੋਂ ਆਉਂਦਿਆਂ ਦੇਖ ਕੇ ਹੀ ਛਿਪ ਜਾਣ ਨੂੰ ਦਿਲ ਕਰਦਾ ਹੈ, ਪਰ ਇਸ ਵਿਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੁੰਦਾ। ਉਨ੍ਹਾਂ ਦੇ ਮਾਨਸਿਕ ਸੰਤੁਲਨ ਦੀ ਕੋਈ ਤਣੀ ਢਿੱਲੀ ਜਾਂ ਕੋਈ ਵਧੇਰੇ ਕਸੀ ਹੁੰਦੀ ਹੈ, ਜੋ ਉਨ੍ਹਾਂ ਦੀ ਸੋਚ ਤੇ ਵਿਹਾਰ ਨੂੰ ਵਿਗਾੜ ਕੇ ਉਨ੍ਹਾਂ ਦੇ ਸੁਭਾਅ ਦਾ ਪੱਕਾ ਹਿੱਸਾ ਬਣ ਗਈ ਹੁੰਦੀ ਹੈ। ਆਪਣੀ ਇਸ ਆਦਤ ਅਨੁਸਾਰ ਉਹ ਆਪਣੇ ਦੁੱਖਾਂ ਦਾ ਹੱਲ ਦੂਜਿਆਂ ਨੂੰ ਸੁਣਾ ਕੇ ਲੱਭਦੇ ਹਨ। ਕਿਉਂਕਿ ਉਹ ਸਮਝਦੇ ਹਨ ਕਿ ਉਨ੍ਹਾਂ ਦੀ ਗੱਲ ਸੁਣ ਕੇ ਪ੍ਰਸ਼ੰਸਾ ਕਰਨ ਵਾਲਾ ਕੋਈ ਨਹੀਂ ਹੈ, ਇਸ ਲਈ ਉਹ ਆਪਣੇ ਦੁੱਖਾਂ ਜਾਂ ਗੁਣਾਂ ਦਾ ਢੋਲ ਆਪ ਵਜਾਉਂਦੇ ਹਨ।
ਕਾਰਨ ਭਾਵੇਂ ਕੁਝ ਵੀ ਹੋਵੇ, ਪਰ ਗੱਲ ਇੰਨੀ ਹੀ ਹੈ ਕਿ ਹੈਦਰ ਦੇ ਮਰੀਜ਼ ਆਪਾ-ਕੇਂਦਰਿਤ (ੰੲਲਾ-ਚੲਨਟੲਰੲਦ), ਸਵਾਰਥੀ, ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੇ ਗਾਲ੍ਹੜੂ ਤੇ ਕੰਨ ਖਾਣ ਵਾਲੇ ਹੁੰਦੇ ਹਨ। ਕਿਤੇ ਵੀ ਮਿਲਣ, ਕਿਵੇਂ ਵੀ ਮਿਲਣ ਇਨ੍ਹਾਂ ਤੋਂ ਬਚਣ ਦੀ ਲੋੜ ਨਹੀਂ ਤੇ ਇਨ੍ਹਾਂ ਨਾਲ ਉਲਝਣ ਦੀ ਲੋੜ ਨਹੀਂ। ਇਨ੍ਹਾਂ ਦਾ ਇਲਾਜ ਹੈਦਰ ਦੀਆਂ ਕੁਝ ਖੁਰਾਕਾਂ ਹਨ। ਇਹ ਲੈਣ ਤੋਂ ਬਾਅਦ ਇਨ੍ਹਾਂ ਨੂੰ ਸਬਰ, ਸ਼ਾਂਤੀ ਤੇ ਦੂਜਿਆਂ ਦੇ ਸਮੇਂ ਦੀ ਕਦਰ ਕਰਨ ਦੀ ਤੌਫੀਕ ਆ ਜਾਵੇਗੀ। ਇਹ ਵਧੀਆ ਇਨਸਾਨ ਬਣ ਜਾਣਗੇ। ਹੈਦਰ ਲੈਣ ਨਾਲ ਇਨ੍ਹਾਂ ਵਿਚੋਂ ਕਈ ਪ੍ਰਭਾਵਸ਼ਾਲੀ ਪ੍ਰਵਕਤਾ, ਕਈ ਚੰਗੇ ਸੰਗੀਤ ਰਸੀਏ, ਕਈ ਪ੍ਰਚਾਰਕ ਤੇ ਕਈ ਦੂਜਿਆਂ ਦੀ ਮਦਦ ਕਰਨ ਵਾਲੇ ਸਮਾਜ ਸੇਵੀ ਬਣ ਜਾਣਗੇ। ਇਨ੍ਹਾਂ ਦੇ ਆਪਣੇ ਦੁੱਖ ਦਰਦ ਸਮਾਪਤ ਹੋ ਜਾਣਗੇ ਤੇ ਇਹ ਦੂਜਿਆਂ ਦੇ ਦੁੱਖਾਂ ਨੂੰ ਸੁਣ ਸਮਝ ਕੇ ਉਨ੍ਹਾਂ ਦੇ ਜ਼ਖਮਾਂ ਤੇ ਮੱਲ੍ਹਮ ਲਾਉਣ ਵਾਲੇ ਬਣ ਜਾਣਗੇ। ਇਹ ਆਪਣੀਆਂ ਗੱਲਾਂ ਛੱਡ ਕੇ ਦੂਜਿਆਂ ਦੀਆਂ ਗੱਲਾਂ ਸੁਣਨ ਵਿਚ ਦਿਲਚਸਪੀ ਲੈਣਗੇ ਤੇ ਆਪਣੇ ਗਿਆਨ ਦਾ ਘੇਰਾ ਮੋਕਲਾ ਕਰਨਗੇ। ਇਹ ਸੌੜੇਪਣ ਤੋਂ ਉੱਪਰ ਉੱਠ ਕੇ ਪ੍ਰਮਾਰਥੀ ਬਣਨਗੇ ਤੇ ਇਨ੍ਹਾਂ ਦੇ ਜੀਵਨ ਦੀ ਗੁਣਾਤਮਿਕ ਉੱਨਤੀ ਹੋਵੇਗੀ। ਇਨ੍ਹਾਂ ਦੇ ਸੁਭਾਅ ਦੀਆਂ ਢਿੱਲ੍ਹੀਆਂ ਤਾਰਾਂ ਜਰਾ ਕਸੀਆਂ ਜਾਣਗੀਆਂ ਤੇ ਕਸੀਆਂ ਹੋਈਆਂ ਜਰਾ ਨਰਮ ਹੋ ਜਾਣਗੀਆਂ। ਫਿਰ ਇਹ ਇਕ ਨਰੋਏ ਮਾਨਸਿਕ ਤਵਾਜ਼ਨ ਨਾਲ ਨਿਵਾਜ਼ੇ ਜਾਣਗੇ ਤੇ ਲੋਕ ਇਨ੍ਹਾਂ ਕੋਲੋਂ ਬਚਣ ਦੀ ਥਾਂ ਇਨ੍ਹਾਂ ਦੀ ਆਉਭਗਤ ਕਰਨਗੇ। ਕੋਈ ਸਮਝੇ ਤਾਂ ਇਹ ਕੋਈ ਘੱਟ ਕਰਮ ਨਹੀਂ।
ਡਾ. ਬੈਚ ਦੀ ਇਸ ਖੋਜ ਦੀ ਕਰਾਮਾਤ ਅਜ਼ਮਾਇਆਂ ਹੀ ਬਣਦੀ ਹੈ। ਮੇਰਾ ਇਕ ਮਰੀਜ਼ ਜਦੋਂ ਵੀ ਆਉਂਦਾ, ਮੇਰਾ ਬੜਾ ਸਮਾਂ ਖਾਂਦਾ। ਉਹ ਆਉਣ ਤੋਂ ਪਹਿਲਾਂ ਮੈਨੂੰ ਲੰਮੀਆਂ ਲੰਮੀਆਂ ਈਮੇਲਾਂ ਭੇਜਦਾ, ਜਿਨ੍ਹਾਂ ਵਿਚ ਉਹ ਆਪਣੀ ਸਿਹਤ ਦੇ ਇਕ ਇਕ ਪਹਿਲੂ ਬਾਰੇ ਆਪਣੇ ਅਨੁਭਵ ਲਿਖਦਾ। ਉਹ ਤਾਰੀਖ ਤੇ ਸਮਾਂ ਲਿਖ ਕੇ ਬਿਆਨ ਕਰਦਾ ਕਿ ਫਲਾਂ ਦਿਨ ਫਲਾਂ ਵੇਲੇ ਉਸ ਦੀ ਤਕਲੀਫ ਨੇ ਕੀ ਮੋੜ ਖਾਧਾ। ਫਿਰ ਇਨ੍ਹਾਂ ਬਾਰੇ ਗੱਲ ਕਰਨ ਲਈ ਲੰਮਾ ਸਮਾਂ ਮੰਗਦਾ। ਜੇ ਮੈਂ ਉਸ ਨੂੰ ਕਹਿੰਦਾ ਕਿ ਅੱਜ ਫਲਾਂ ਵੇਲੇ ਅੱਧੇ ਘੰਟੇ ਦਾ ਸਮਾਂ ਹੈ ਤਾਂ ਉਹ ਇੰਨੇ ਘੱਟ ਸਮੇਂ ਵਾਲੀ ਵਾਰੀ `ਤੇ ਆਉਣ ਲਈ ਰਜ਼ਾਮੰਦ ਨਾ ਹੁੰਦਾ। ਜਦੋਂ ਵੀ ਆਉਂਦਾ, ਉਹ ਆਪਣੇ ਨਾਲ ਆਪਣੇ ਦੁੱਖਾਂ ਦੀ ਇਕ ਲੰਮੀ ਲਿਸਟ ਤੇ ਲੈਬ-ਟੈਸਟਾਂ ਦੀਆਂ ਕਾਪੀਆਂ ਦਾ ਥੱਬਾ ਲੈ ਕੇ ਆਉਂਦਾ। ਉਹ ਇਨ੍ਹਾਂ ਬਾਰੇ ਇੰਨੀ ਤਫਸੀਲ ਨਾਲ ਗੱਲ ਕਰਦਾ, ਜਿੰਨੀ ਕੋਈ ਸੰਸਦ ਮੈਂਬਰ ਕਿਸੇ ਬਿਲ `ਤੇ ਵੀ ਨਾ ਕਰਦਾ ਹੋਵੇ। ਉਹ ਉਨ੍ਹਾਂ ਬਾਰੇ ਕੀਤੀ ਆਪਣੀ ਗੂਗਲ ਰਿਸਰਚ ਦਾ ਜ਼ਿਕਰ ਕਰਦਾ ਤੇ ਆਪਣੀਆਂ ਤਕਲੀਫਾਂ ਦੀਆਂ ਮੈਡੀਕਲ ਸੰਭਾਵਨਾਵਾਂ ਪੜ੍ਹ ਪੜ੍ਹ ਸੁਣਾਉਂਦਾ। ਕਈ ਵਾਰ ਮੇਰਾ ਧਿਆਨ ਇੱਧਰ ਉੱਧਰ ਹੋ ਜਾਂਦਾ ਤਾਂ ਟੋਕ ਕੇ ਪੁੱਛਦਾ ਕਿ ਕੀ ਮੈਂ ਸੁਣ ਰਿਹਾ ਹਾਂ। ਮੈਂ ਉਸ ਨੂੰ ਸੰਖੇਪ ਵਿਚ ਰਹਿਣ ਲਈ ਕਹਿੰਦਾ, ਪਰ ਉਹ ਕੁਝ ਨਾ ਗੌਲਦਾ। ਬਹਾਨੇ ਬਹਾਨੇ ਮੈਨੂੰ ਪਿਛਲੀਆਂ ਕਹੀਆਂ ਗੱਲਾਂ ਬਾਰੇ ਪ੍ਰਸ਼ਨ ਕਰਦਾ ਤੇ ਵੇਰਵੇ ਨਾਲ ਸਮਝਾਉਣ ਲਈ ਕਹਿੰਦਾ। ਸਭ ਕੁਝ ਕਰ ਕਤਰਨ ਤੋਂ ਬਾਅਦ ਵੀ ਕਿਸੇ ਰਹੀ ਖੁਹੀ ਗੱਲ ਨੂੰ ਢੂੰਡਦਾ ਰਹਿੰਦਾ ਤੇ ਜਾਣ ਤੋਂ ਪੈਰ ਮਲਦਾ ਰਹਿੰਦਾ। ਮੈਂ ਉਸ ਨੂੰ ਸਮਾਂ ਦੇਣ ਤੋਂ ਕਤਰਾਉਂਦਾ ਤੇ ਵਾਹ ਲਗਦੀ ਉਸ ਦਾ ਫੋਨ ਵੀ ਨਾ ਚੁੱਕਦਾ।
ਇਲਾਜ ਦੌਰਾਨ ਉਸ ਨੂੰ ਕਈ ਹੋਮਿਓਪੈਥਿਕ ਦਵਾਈਆਂ ਦਿੱਤੀਆਂ ਗਈਆਂ, ਪਰ ਕਿਸੇ ਨੇ ਵੀ ਚਿਰ-ਸਥਾਈ ਅਸਰ ਨਾ ਕੀਤਾ। ਅਖੀਰ ਨੂੰ ਉਪਰੋਕਤ ਅਲਾਮਤਾਂ ਅਨੁਸਾਰ ਉਸ ਨੂੰ ਹੈਦਰ ਨਾਮਕ ਬੈਚ ਫੁੱਲ ਦਵਾਈ ਦਿੱਤੀ ਗਈ। ਮੈਨੂੰ ਹੈਰਾਨੀ ਹੋਈ ਕਿ ਕਈ ਮਹੀਨੇ ਉਸ ਦਾ ਕੋਈ ਫੋਨ ਨਾ ਆਇਆ। ਫਿਰ ਅਚਾਨਕ ਇਕ ਦਿਨ ਉਸ ਨੇ ਵੱਟਸਐਪ ਉੱਤੇ ਸੰਦੇਸ਼ ਭੇਜ ਕੇ ਫੋਨ ਮੀਟਿੰਗ ਲਈ ਸਮਾਂ ਮੰਗਿਆ। ਲੰਮੀਆਂ ਗੱਲਾਂ ਕਰਨ ਵਾਲੇ ਦਾ ਸੰਖੇਪ ਜਿਹਾ ਸੁਨੇਹਾ ਪੜ੍ਹ ਕੇ ਮੈਨੂੰ ਸਮਝ ਨਾ ਆਈ ਕਿ ਉਹ ਛੋਟੀ ਜਿਹੀ ਗੱਲ ਨਾਲ ਕਿਵੇਂ ਸੰਤੁਸ਼ਟ ਹੋਇਆ ਹੋਵੇਗਾ। ਉਸ ਦਾ ਫੋਨ ਆਉਣ `ਤੇ ਜਦੋਂ ਮੈਂ ਉਸ ਤੋਂ ਉਸ ਦਾ ਹਾਲ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਆਖਰੀ ਦਵਾਈ ਤੋਂ ਬਾਅਦ ਉਹ ਲਗਭਗ ਠੀਕ ਹੈ। ਉਸ ਨੇ ਦੱਸਿਆ ਕਿ ਜ਼ਿੰਦਗੀ ਵਿਚ ਪਹਿਲੀ ਵਾਰ ਜਿਊਣ ਦਾ ਮਜ਼ਾ ਆਇਆ ਹੈ। ਉਸ ਨੇ ਪੁੱਛਿਆ ਕਿ ਕੀ ਉਹ ਉਸ ਦਵਾਈ ਨੂੰ ਹੋਰ ਲਈ ਜਾਵੇ। ਨਾ ਸਿਰਫ ਉਹ ਗੱਲੀਂ-ਬਾਤੀਂ ਸੰਖੇਪ ਹੋ ਗਿਆ ਸੀ, ਸਗੋਂ ਛੋਟੀਆਂ ਛੋਟੀਆਂ ਤਕਲੀਫਾਂ ਲਈ ਸਿਰ ਖਾਣੋਂ ਹਟ ਕੇ ਆਪਣੀ ਸ਼ਕਤੀ ਆਪਣੇ ਕੰਮ ਵਿਚ ਲਾਉਣ ਲੱਗ ਪਿਆ ਸੀ।
ਸਾਲ ਕੁ ਪਹਿਲਾਂ ਇੰਡੀਆ ਰਹਿੰਦੀ ਮੇਰੀ ਇਕ ਰਿਸ਼ਤੇਦਾਰੀ ਵਿਚ ਪੈਂਦੀ ਮਰੀਜ਼ ਨੇ ਕਿਸੇ ਹੋਰ ਰਿਸ਼ਤੇਦਾਰ ਤੋਂ ਫੋਨ ਕਰਵਾਇਆ ਕਿ ਉਹ ਬਹੁਤ ਬੀਮਾਰ ਹੈ। ਫੋਨ ਕਰਨ ਵਾਲੇ ਨੇ ਕਿਹਾ, “ਉਸ ਦੇ ਤਾਂ ਜੀ ਗੋਡੇ ਹੀ ਬਹੁਤ ਦੁਖਦੇ ਨੇ, ਜਿਸ ਕਾਰਕੇ ਉਹ ਚਲ ਫਿਰ ਨਹੀਂ ਸਕਦੀ। ਡਾਕਟਰਾਂ ਨੇ ਦੱਸਿਆ ਹੈ ਕਿ ਉਸ ਦੇ ਜੋੜਾਂ ਦੀ ‘ਗਲੀਸ’ ਖਤਮ ਹੋ ਗਈ ਹੈ। ਸੁੱਕੇ ਜੋੜ ਘਸਣ ਨਾਲ ਰੜਕ ਪੈਂਦੀ ਹੈ ਤੇ ਦਰਦ ਹੁੰਦਾ ਹੈ। ਡਾਕਟਰ ਕਹਿੰਦੇ ਹਨ, ਗੋਡੇ ਬਦਲਾਉਣੇ ਪੈਣਗੇ। ਉਹੀ ਇਕ ਹੱਲ ਹੈ। ਇਸ ਲਈ ਜੀ ਤੁਸੀਂ ਆਪਣੀ ਹੀ ਕੋਈ ਦਵਾਈ ਦੇ ਦਿਓ। ਬੀਬੀ ਜੀ ਕਹਿੰਦੇ ਨੇ, ਪਹਿਲਾਂ ਵੀ ਤੁਹਾਡੀ ਦਵਾਈ ਨਾਲ ਹੀ ਆਰਾਮ ਆਇਆ ਸੀ।” ਮੈਨੂੰ ਯਾਦ ਆਇਆ ਕਿ ਇਹ ਬੀਬੀ ਅੱਜ ਤੋਂ ਪੰਦਰਾਂ ਕੁ ਸਾਲ ਪਹਿਲਾਂ ਮੇਰੇ ਕੋਲੋਂ ਆਪਣੇ ਪੈਰਾਂ ਦੇ ਦਰਦਾਂ ਦੇ ਇਲਾਜ ਲਈ ਆਈ ਸੀ ਤੇ ਦੋ ਕੁ ਮਹੀਨੇ ਦਵਾਈ ਖਾ ਕੇ ਠੀਕ ਹੋ ਗਈ ਸੀ। ਮੈਨੂੰ ਇਹ ਵੀ ਯਾਦ ਆਇਆ ਕਿ ਇਹ ਬੀਬੀ ਬੜੀ ਹੀ ਸਵਾਰਥੀ ਸੀ। ਉਹ ਸਿਰਫ ਆਪਣੇ ਮਤਲਬ ਦੀ ਗੱਲ ਕਰਦੀ ਸੀ ਤੇ ਮਤਲਬ ਤੋਂ ਬਿਨਾ ਕੋਈ ਗੱਲ ਨਹੀਂ ਸੀ ਕਰਦੀ। ਆਉਂਦਿਆਂ ਹੀ ਜੁਰਾਬ ਲਾਹ ਕੇ ਆਪਣਾ ਗਿੱਟਾ ਫੜ ਕੇ ਬੈਠ ਜਾਂਦੀ ਤੇ ਵਾਰ ਵਾਰ ਉਸ ਦੀਆਂ ਤਕਲੀਫਾਂ ਗਿਣਾਈ ਜਾਂਦੀ। ਆਉਂਦਿਆਂ ਹੀ ਕੰਧ `ਤੇ ਲੱਗੀ ਘੜੀ ‘ਤੇ ਨਜ਼ਰ ਗੱਡ ਲੈਂਦੀ ਤੇ ਕਹਿੰਦੀ ਰਹਿੰਦੀ, “ਵੀਰ ਜੀ ਜਲਦੀ ਤੋਰੋ, ਮੇਰੀ ਤਾਂ ਬੱਸ ਲੰਘ ਜੂ।” ਉਸ ਦਾ ਇਹ ਸਵੈ-ਕੇਂਦਰੀ ਵਤੀਰਾ ਮੇਰੇ ਲਈ ਬੜਾ ਅਸਹਿ ਹੁੰਦਾ। ਕਈ ਵਾਰ ਤਾਂ ਮੈਂ ਉਸ ਨੂੰ ਸਮਝਾਉਣ ਲਈ ਉਸ ਨੂੰ ਦੇਖਦਿਆਂ ਹੀ ਉਸ ਦੀ ਦਵਾਈ ਬਣਾ ਕੇ ਮੇਜ਼ `ਤੇ ਰੱਖ ਦਿੰਦਾ ਤੇ ਆਉਂਦਿਆਂ ਹੀ ਕਹਿ ਦਿੰਦਾ, ਜਦੋਂ ਬੱਸ ਦਾ ਟਾਈਮ ਹੋ ਜਾਵੇ, ਚੁੱਕ ਕੇ ਚਲੀ ਜਾਵੇ।
ਇਸ ਬੀਬੀ ਨੂੰ ਉਸ ਵੇਲੇ ਦਿੱਤੀ ਗਈ ਹੋਮਿਓਪੈਥਿਕ ਦਵਾਈ ਮੈਨੂੰ ਯਾਦ ਸੀ, ਪਰ ਮੈਂ ਉਸ ਦਾ ਨਾਂ ਨਹੀਂ ਸੀ ਦੱਸਣਾ ਚਾਹੁੰਦਾ। ਛੇਤੀ ਕੀਤੇ ਦੱਸਣਾ ਚਾਹੀਦਾ ਵੀ ਨਹੀਂ, ਕਿਉਂਕਿ ਮਰੀਜ਼ ਉਸ ਦਾ ਦੁਰਉਪਯੋਗ ਕਰਦਾ ਹੈ। ਉਹ ਉਸ ਦਵਾਈ ਨੂੰ ਉਸੇ ਬਿਮਾਰੀ ਨਾਲ ਜੋੜ ਕੇ ਹਮੇਸ਼ਾ ਖਾਈ ਜਾਂਦਾ ਹੈ ਤੇ ਦੂਜਿਆਂ ਨੂੰ ਸੁਝਾਈ ਜਾਂਦਾ ਹੈ; ਪਰ ਇਹ ਗਲਤ ਹੈ ਕਿਉਂਕਿ ਹੋਮਿਓਪੈਥੀ ਵਿਚ ਤਾਂ ਛੋਟੀ ਜਿਹੀ ਅਲਾਮਤ ਭਿੰਨ ਹੋਣ ਨਾਲ ਦਵਾਈ ਬਦਲ ਜਾਂਦੀ ਹੈ। ਇਸ ਗੱਲ ਨੂੰ ਕੋਈ ਸਮਝਾਇਆਂ ਵੀ ਨਹੀਂ ਸਮਝਦਾ। ਇਸ ਲਈ ਮੈਂ ਉਸ ਨੂੰ ਉਸ ਦੇ ਕਿਰਦਾਰ ਮੁਤਾਬਿਕ ਬੈਚ ਫਲਾਵਰ ਚਿਕਿਤਸਾ ਦੀ ਹੈਦਰ ਨਾਮੀ ਦਵਾਈ ਲੈਣ ਲਈ ਕਿਹਾ। ਮੇਰੀ ਹੈਰਾਨੀ ਦੀ ਹੱਦ ਨਾ ਰਹੀ, ਜਦੋਂ ਖਬਰ ਸੁਣੀ ਕਿ ਉਹ ਠੀਕ ਹੋ ਕੇ ਮੇਰੇ ਤੇ ਦਵਾਈ ਦੇ ਗੁਣ ਗਾ ਰਹੀ ਹੈ। ਮੈਨੂੰ ਇਸ ਗੱਲ ਦੀ ਪੁਸ਼ਟੀ ਉਦੋਂ ਹੋਈ, ਜਦੋਂ ਉਸ ਇਲਾਕੇ ਦੇ ਉਸੇ ਤਕਲੀਫ ਬਾਰੇ ਕਈ ਹੋਰ ਮਰੀਜ਼ਾਂ ਦੇ ਫੋਨ ਆਏ। ਸਭ ਉਸੇ ਦੇ ਹਵਾਲੇ ਨਾਲ ਸਨ। ਯਾਦ ਰਹੇ, ਹੈਦਰ ਦਾ ਮਰੀਜ਼ ਕਿਸੇ ਦੇ ਗੁਣ ਨਹੀਂ ਗਾਉਂਦਾ ਭਾਵੇਂ ਉਹ ਉਸ ਦਾ ਇਲਾਜ ਕਰਨ ਵਾਲਾ ਡਾਕਟਰ ਹੀ ਕਿਉਂ ਨਾ ਹੋਵੇ। ਉਹ ਤਾਂ ਇਕ ਤੋਂ ਬਾਅਦ ਇਕ ਸਮੱਸਿਆ ਗਿਣਾਉਂਦਾ ਰਹਿੰਦਾ ਹੈ।
ਪੰਜਾਬ ਵਿਚ ਰਹਿੰਦਿਆਂ ਇਕ ਦੂਜੇ ਦੇ ਘਰ ਘੁੰਮਦੇ ਘੁਮਾਉਂਦਿਆਂ ਇਉਂ ਹੀ ਹਾਲ ਚਾਲ ਪੁੱਛਣ ਲਈ ਜਾ ਵੜੀਦਾ ਸੀ। ਉਸ ਵੇਲੇ ਕਿਹੜਾ ਫੋਨ ਹੁੰਦੇ ਸਨ, ਬਸ ਮਿਲ ਕੇ ਹੀ ਗੱਲ ਬਾਤ ਹੁੰਦੀ ਸੀ। ਉਦੋਂ ਸਾਡਾ ਇਕ ਸਹਿਕਰਮੀ ਹੁੰਦਾ ਸੀ, ਜੋ ਅੰਗਰੇਜ਼ੀ ਦਾ ਪ੍ਰੋਫੈਸਰ ਹੋਣ ਕਰਕੇ ਸਾਰਾ ਦਿਨ ਟਿਊਸ਼ਨਾਂ ਪੜ੍ਹਾਉਂਦਾ ਰਹਿੰਦਾ ਸੀ। ਆਪ ਤਾਂ ਉਹ ਕਦੇ ਕਿਸੇ ਲਈ ਆਪਣਾ ਬੂਹਾ ਨਾ ਖੋਲ੍ਹਦਾ ਤੇ ਖਾਸ ਜਾਣਕਾਰਾਂ ਨੂੰ ਵੀ ਬਾਰੀ `ਚੋਂ ਜਵਾਬ ਦੇ ਕੇ ਮੋੜ ਦਿੰਦਾ। ਲੋਕ ਠੱਠਾ ਕਰਦੇ ਕਿ ਇਹ ਅੰਦਰ ਨੋਟ ਛਾਪ ਰਿਹਾ ਹੈ, ਪਰ ਜਿਸ ਘੰਟੇ ਉਹ ਟਿਊਸ਼ਨ ਤੋਂ ਵਿਹਲਾ ਹੁੰਦਾ ਤਾਂ ਬੀਵੀ ਬੱਚਿਆਂ ਸਮੇਤ ਕਿਸੇ ਨਾ ਕਿਸੇ ਦੇ ਘਰ ਜਾ ਪਹੁੰਚਦਾ ਤੇ ਫਿਰ ਉੱਥੋਂ ਅਗਲੀ ਟਿਊਸ਼ਨ ਦੇ ਸਮੇਂ ਤੀਕ ਨਾ ਉੱਠਦਾ। ਸਭ ਨੂੰ ਪਤਾ ਹੁੰਦਾ ਸੀ ਕਿ ਇਹ ਫਲਾਂ ਵਜੇ ਵਿਹਲਾ ਹੋ ਕੇ ਆਪਣਾ ਥਕੇਵਾਂ ਲਾਹੁਣ ਤੇ ਦੂਜਿਆਂ ਦਾ ਸਿਰ ਖਾਣ ਲਈ ਆਉਂਦਾ ਹੈ। ਕਹਿੰਦਾ ਕੋਈ ਕੁਝ ਨਾ, ਪਰ ਉਸ ਵੇਲੇ ਸਾਰੇ ਬੂਹਾ ਚੌਕੰਨਾ ਹੋ ਕੇ ਖੋਲ੍ਹਦੇ।
ਮੇਰੇ `ਤੇ ਤਾਂ ਉਸ ਦੀ ਵਿਸ਼ੇਸ਼ ਕਿਰਪਾ ਸੀ ਕਿ ਜਿੰਨੀ ਦੇਰ ਬੈਠਦਾ, ਉਨੀ ਦੇਰ ਆਪਣੀਆਂ ਬਿਮਾਰੀਆਂ ਦੇ ਦੁਖੜੇ ਰੋਂਦਾ ਰਹਿੰਦਾ। ਮੈਂ ਉਸ ਨੂੰ ਸਮਝਾਇਆ ਕਿ ਹੋਮਿਓਪੈਥੀ ਮੁਕੰਮਲ ਇਲਾਜ ਦਾ ਸਿਸਟਮ ਹੈ, ਇੰਨੀਆਂ ਬੀਮਾਰੀਆਂ ਦਾ ਇਲਾਜ ਤੂੰ ਆਪੇ ਪੜ੍ਹ ਕੇ ਬਿਹਤਰ ਕਰ ਸਕਦਾ ਹੈਂ। ਇਸ ਸੁਝਾਓ ਦਾ ਅਸਰ ਮੇਰੇ ਲਈ ਹੀ ਉਲਟਾ ਪਿਆ। ਕਹਿਣ ਲੱਗਾ, ਮੇਰੇ ਕੋਲ ਤਾਂ ਸਮਾਂ ਨਹੀਂ ਤੂੰ ਮੇਰੀ ਪਤਨੀ ਨੂੰ ਸਿਖਾ ਦੇ। ਉਹ ਤੇ ਉਸ ਦੀ ਪਤਨੀ ਇਸੇ ਬਹਾਨੇ ਹਰ ਰੋਜ਼ ਮੇਰੇ ਕੋਲ ਆਉਣ ਲੱਗੇ। ਬੜੀ ਮੁਸ਼ਕਿਲ ਨਾਲ ਮੈਂ ਉਨ੍ਹਾਂ ਨੁੰ ਹੋਮਿਓਪੈਥੀ ਦੀ ਮੁਢਲੀ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੇ ਇਕ ਮਿੱਤਰ ਸ਼ਾਗਿਰਦ ਕੋਲ ਭੇਜ ਕੇ ਖਹਿੜਾ ਛੁਡਾਇਆ। ਹੋਮਿਓਪੈਥੀ ਵਿਚ ਅਜਿਹੇ ਸਿਰਖਾਣੇ ਮਤਲਬੀਆਂ ਲਈ ਕੋਈ ਦਵਾਈ ਨਹੀਂ। ਬੈਚ ਫਲਾਵਰ ਸਿਸਟਮ ਤੋਂ ਮੈਂ ਉਸ ਵੇਲੇ ਅਣਜਾਣ ਸੀ। ਜੇ ਇਸ ਦਾ ਪਤਾ ਹੁੰਦਾ ਤਾਂ ਮੀਆਂ-ਬੀਵੀ ਦੋਹਾਂ ਨੂੰ ਹੈਦਰ ਦੇ ਕੇ ਬੰਦੇ ਜਰੂਰ ਬਣਾਉਂਦਾ।
ਇਹ ਪ੍ਰੋਫੈਸਰ ਤਾਂ ਪੜ੍ਹਿਆ-ਲਿਖਿਆ ਸੀ, ਬਸ ਟਿਊਸ਼ਨਾਂ ਵਿਚ ਰੁਝਿਆ ਹੋਣ ਕਰਕੇ ਸਵੈ-ਕੇਂਦਰਿਤ ਸੀ। ਇੱਥੇ ਅਜਿਹੇ ਵੀ ਵਿਅਕਤੀ ਹਨ, ਜੋ ਪੜ੍ਹਾਈ-ਲਿਖਾਈ ਵਿਚ ਤਾਂ ਬਿਲਕੁਲ ਕੋਰੇ ਹੁੰਦੇ ਹਨ, ਪਰ ਆਪਣੇ ਮਤਲਬ ਪੱਖੋਂ ਦੂਜਿਆਂ ਦੇ ਸਿਰ ਚੜ੍ਹੇ ਰਹਿੰਦੇ ਹਨ। ਕਈ ਕੁਝ ਸਿੱਖਣ ਲਈ, ਕਦੇ ਕੁਝ ਸੰਵਰਾਉਣ ਲਈ, ਕਦੇ ਕੁਝ ਸਮਝਾਉਣ ਲਈ ਤੇ ਕਦੇ ਕੁਝ ਲਿਖਾਉਣ ਜਾਂ ਪੜ੍ਹਾਉਣ ਲਈ। ਉਹ ਆਪ ਕਦੇ ਕੁਝ ਸਿੱਖਦੇ ਨਹੀਂ, ਬਸ ਦੂਜਿਆਂ ਦੇ ਸਹਾਰੇ ਚਲੇ ਚਲਦੇ ਹਨ। ਛੋਟੀ ਛੋਟੀ ਗੱਲ ਲਈ ਦੂਜਿਆਂ ਨੂੰ ਕਣਤਾਉਣ ਤੋਂ ਨਹੀਂ ਝਿਜਕਦੇ। ਅਜਿਹੇ ਵਿਅਕਤੀ ਭਾਰਤ ਵਿਚ ਡਾਕਖਾਨਿਆਂ ਜਾਂ ਬੈਂਕਾਂ ਦੇ ਸਾਹਮਣੇ ਆਮ ਮਿਲ ਜਾਣਗੇ। ਉਹ ਕਦੇ ਪੈਨ ਮੰਗਣਗੇ, ਫਿਰ ਫਾਰਮ ਭਰਨ ਲਈ ਕਹਿਣਗੇ ਤੇ ਕਦੇ ਗਵਾਹੀ ਪਾਉਣ ਲਈ। ਬੈਂਕ ਕਲਰਕ ਦੀ ਤਾਂ ਉਹ ਖਿੜਕੀ ਛੱਡਣ ਵਿਚ ਨਹੀਂ ਆਉਂਦੇ। ਆਪਣੇ ਤੋਂ ਪਿੱਛੇ ਲਾਈਨ ਵਿਚ ਲੱਗੇ ਗਾਹਕਾਂ ਦੀ ਪ੍ਰਵਾਹ ਕੀਤੇ ਬਿਨਾ ਉਹ ਉੱਥੇ ਹੀ ਪੈਰ ਮਲੀ ਜਾਂਦੇ ਹਨ। ਉਨ੍ਹਾਂ ਦੇ ਪ੍ਰਸ਼ਨ ਹੀ ਇੰਨੇ ਜਿ਼ਆਦਾ ਹੁੰਦੇ ਹਨ ਕਿ ਇੱਕ ਵਾਰ ਤਾਂ ਮੇਰੇ ਨਾਲ ਖੜ੍ਹੇ ਇਕ ਦੁਖੀ ਉਡੀਕ ਕਰਤਾ ਨੇ ਕਹਿ ਹੀ ਦਿੱਤਾ, “ਬਾਬੂ ਸਾਹਿਬ ਇਨ੍ਹਾਂ ਦੀ ਗੱਲ ਸਮਝੋ। ਇਹ ਤੁਹਾਨੂੰ ਗੱਡੀ ਵਿਚ ਬਿਠਾ ਕੇ ਘਰ ਛੱਡ ਕੇ ਆਉਣ ਨੂੰ ਕਹਿੰਦੇ ਹਨ!” ਥੋੜ੍ਹਾ ਹੀ ਸਹੀ, ਅਜਿਹੇ ਲੋਕ ਕੰਮ ਦੀ ਰਫਤਾਰ ਵਿਚ ਵਿਘਨ ਪਾਉਂਦੇ ਹਨ। ਉਨ੍ਹਾਂ ਨੂੰ ਆਪਣੇ ਤੌਰ `ਤੇ ਸਿੱਖਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਇਨ੍ਹਾਂ ਨੂੰ ਬੈਚ ਫਲਾਵਰ ਰੈਮਿਡੀ ਹੈਦਰ ਤਾਂ ਲੈਣੀ ਹੀ ਚਾਹੀਦੀ ਹੈ, ਪਰ ਇਸ ਦੇ ਨਾਲ ਚੈਸਟਨਟ ਬੱਡ ਦਾ ਵੀ ਸੇਵਨ ਕਰਨਾ ਚਾਹੀਦਾ ਹੈ। ਤਾਂ ਕੀ ਇਹ ਦਵਾਈਆਂ ਵੀ ਬੈਂਕ ਜਾਂ ਡਾਕਖਾਨੇ ਦੇ ਕਲਰਕ ਹੀ ਰੱਖਣ? ਕਿਤੇ ਤਾਂ ਮਨੁੱਖ ਨੂੰ ਇਸ ਅਹਿਮ ਸਵਾਲ ਬਾਰੇ ਸੋਚਣਾ ਹੀ ਪਵੇਗਾ।
ਮੇਰੀ ਇਕ ਮਰੀਜ਼ ਦੇ ਸਿਰਦਰਦ ਦਾ ਮੈਂ ਇਲਾਜ ਕੀਤਾ। ਫਿਰ ਉਸ ਨੇ ਸੂਗਰ ਦੀ ਦਵਾਈ ਮੰਗਣੀ ਸ਼ੁਰੂ ਕਰ ਦਿੱਤੀ। ਮੇਰੀ ਇਹ ਮਰੀਜ਼ ਵੀ ਪੰਜਾਬ ਵਿਚ ਰਹਿੰਦੀ ਹੈ। ਮੈਂ ਉਸ ਨੂੰ ਖਾਣ ਦੇ ਪਰਹੇਜ਼ ਦੱਸ ਕੇ ਰੋਜ਼ਾਨਾ ਕਸਰਤ ਕਰਨ ਦੀ ਸਲਾਹ ਦਿੱਤੀ। ਕਹਿੰਦੀ, ਨਹੀਂ ਦਵਾਈ ਵੀ ਦਿਓ। ਪਰਉਪਕਾਰ ਸਮਝ ਕੇ ਮੈਂ ਉਸ ਨੂੰ ਬੈਚ ਫਲਾਵਰ ਦਵਾਈ (ਹੈਦਰ ਨਹੀਂ) ਲਿਖ ਕੇ ਭੇਜ ਦਿੱਤੀ। ਉਸ ਨੂੰ ਅਜਿਹੀ ਲਤ ਲੱਗੀ ਕਿ ਵੱਟਸਐਪ `ਤੇ ਹਰ ਰੋਜ਼ ਇਕ ਲੰਮਾ ਵਾਇਸ ਸੁਨੇਹਾ ਬੋਲ ਕੇ ਭੇਜ ਦਿੰਦੀ। ਰੋਜ਼ਾਨਾ ਕਦੇ ਕਿਸੇ ਤੇ ਕਦੇ ਕਿਸੇ ਤਕਲੀਫ ਦਾ ਵਿਵਰਣ ਦਿੱਤਾ ਹੁੰਦਾ। ਕਦੇ ਕਦੇ ਤਾਂ ਗਵਾਂਢ ਦੇ ਮਰੀਜ਼ਾਂ ਲਈ ਵੀ ਦਵਾਈ ਪੁੱਛਦੀ। ਉਸ ਨੂੰ ਲਗਦਾ ਹੈ ਕਿ ਮੇਰਾ ਇਕੋ ਇਕ ਰੁਝੇਵਾਂ ਉਸ ਨੂੰ ਤੇ ਉਸ ਦੇ ਵਾਕਫਾਂ ਨੂੰ ਫਿੱਟ ਰੱਖਣਾ ਸੀ। ਕੋਈ ਸੁਣਨ-ਪੜ੍ਹਨ ਵਾਲਾ ਕਹਿ ਸਕਦਾ ਹੈ, ‘ਛੱਡਦਾ ਪਰੇ, ਤੂੰ ਕਿਹੜਾ ਉਸ ਕੋਲ ਵਿਕਿਆ ਹੋਇਆ ਸੀ।’ ਪਰ ਮੈਂ ਇੱਦਾਂ ਨਹੀਂ ਕਹਿ ਸਕਦਾ। ਉਸ ਅੱਗੇ ਨਾ ਸਹੀ ਮੈਡੀਕਲ ਅਸੂਲ ਅੱਗੇ ਮੈਂ ਬਿਲਕੁਲ ਮਜ਼ਬੂਰ ਹਾਂ। ਮੇਰੇ ਕੋਲ ਆ ਕੇ ਕੋਈ ਦੁਸ਼ਮਣ ਵੀ ਮਦਦ ਮੰਗੇ, ਮੈਂ ਨਾਂਹ ਨਹੀਂ ਕਰ ਸਕਦਾ। ਮੇਰਾ ਕੰਮ ਉਸ ਦਾ ਰੋਗ ਸਮਝ ਕੇ ਇਲਾਜ ਕਰਨਾ ਹੈ। ਹੁਣ ਉਸ ਦਾ ਕੋਈ ਸੁਨੇਹਾ ਆਇਆ ਤਾਂ ਮੈਂ ਉਸ ਨੂੰ ਹੈਦਰ ਲੈਣ ਦੀ ਸਲਾਹ ਦਿਆਂਗਾ।
ਬੈਚ ਫਲਾਵਰ ਰੈਮੇਡੀਜ਼ (ਭਅਚਹ ਾਂਲੋੱੲਰ ੍ਰੲਮੲਦਇਸ) ਦੀ ਇਸ ਲੇਖ ਲੜੀ ਦਾ ਮੰਤਵ ਆਮ ਆਦਮੀ ਨੂੰ ਕੁਦਰਤੀ, ਸੁਖਾਲੇ ਤੇ ਸ਼ਤਾਬੀ ਢੰਗ ਨਾਲ ਸਿਹਤਯਾਬ ਬਣਾਉਣਾ ਤੇ ਮੈਡੀਕਲ ਤੌਰ `ਤੇ ਆਤਮ ਨਿਰਭਰ ਬਣਾਉਣਾ ਹੈ। ਇਸ ਦਾ ਉਦੇਸ਼ ਉਨ੍ਹਾਂ ਨੂੰ ਇਹ ਦੱਸਣਾ ਹੈ ਕਿ ਚੰਗੀ ਸਿਹਤ ਉਨ੍ਹਾਂ ਦੇ ਕਿੰਨਾ ਨੇੜੇ ਹੈ ਤੇ ਉਹ ਪੈਸੇ ਪੁੱਟਦੇ ਇੱਧਰ ਉੱਧਰ ਘੁੰਮਦੇ ਫਿਰ ਰਹੇ ਹਨ; ਪਰ ਇੰਨੀ ਕੁ ਗੱਲ ਸਮਝਣ ਵਿਚ ਵੀ ਕਈਆਂ ਦੇ ਰਸਤੇ ਵਿਚ ‘ਹੈਦਰ’ ਖੜ੍ਹੀ ਹੋ ਜਾਂਦੀ ਹੈ। ਉਹ ਕਿਸੇ ਦਵਾਈ ਨੂੰ ਲੈ ਕੇ ਵਾਰ ਵਾਰ ਪੁੱਛਦੇ ਰਹਿਣਗੇ ਕਿ ਜੀ ਇਸ ਤਕਲੀਫ ਦੀ ਦਵਾਈ ਇਹੀ ਹੈ? ਸ਼ਾਇਦ ਉਹ ਇਹ ਲੇਖ ਪੜ੍ਹਦੇ ਨਹੀਂ ਜਾਂ ਪੜ੍ਹ ਕੇ ਅਣਗੌਲਿਆ ਕਰ ਦਿੰਦੇ ਹਨ। ਉਨ੍ਹਾਂ ਨੂੰ ਇਹ ਵੀ ਸ਼ੌਕ ਨਹੀਂ ਹੁੰਦਾ ਕਿ ਉਹ ਨਵੀਂ ਗੱਲ ਨੂੰ ਸਿੱਖ ਕੇ ਪੱਲੇ ਬੰਨ ਲੈਣ ਤੇ ਇਸ ਪ੍ਰਤੀ ਹੋਰ ਜਾਣਨ ਲਈ ਇਸ ਤੇ ਉਪਲਭਦ ਸਾਹਿਤ ਪੜ੍ਹਨ; ਪਰ ਉਨ੍ਹਾਂ ਦੀ ਸਵੈ-ਕੇਂਦਰਿਤ ਭਾਵਨਾ ਉਨ੍ਹਾਂ ਨੂੰ ਆਪਣੀ ਬੀਮਾਰੀ ਦੀ ਇਕ ਵਿਸ਼ੇਸ਼ ਦਵਾਈ ਨਾਲ ਜੋੜ ਕੇ ਰੱਖ ਦਿੰਦੀ ਹੈ। ਉਹ ਸਵਾਰਥੀ ਭਾਵਨਾ ਨਾਲ ਇਸੇ ਬਾਰੇ ਪੁੱਛਦੇ ਰਹਿਣਗੇ।
ਕਦੇ ਦਵਾਈ ਦੀ ਫੋਟੋ ਖਿੱਚ ਕੇ ਭੇਜਦੇ ਹਨ ਤੇ ਪੁੱਛਦੇ ਹਨ, “ਇਹੀ ਹੈ ਜੀ, ਲੈ ਲਈਏ?” ਕਈ ਕਹਿਣਗੇ, “ਚਾਰ ਕੁ ਦਿਨ ਤਾਂ ਲੈ ਲਈ ਹੈ ਜੀ, ਹੋਰ ਕਿੰਨਾ ਕੁ ਚਿਰ ਲਈਏ?” ਜੇ ਉਨ੍ਹਾਂ ਨੂੰ ਕਹੋ ਕਿ ਇਸ ਦੇ ਉੱਤਰ ਲਈ ਫਲਾਂ ਲੇਖ ਪੜ੍ਹੋ, ਤਾਂ ਕਈ ਪੁੱਛਣਗੇ ਕਿ ਇਹ ਲੇਖ ਕਿੱਥੇ ਹੈ ਜੀ? ਜੇ ਯਾਦ ਕਰਵਾ ਦਿਓ ਕਿ ‘ਪੰਜਾਬ ਟਾਈਮਜ਼’ ਵਿਚ ਹੀ ਹੈ ਤਾਂ ਅਖਬਾਰ ਦਾ ਸਫਾ ਨੰਬਰ ਪੁੱਛਣਗੇ। ਇਕ ਬੀਬੀ ਨੇ ਤਾਂ ਆਪਣੇ ਨਿੱਕੇ ਬਾਲ ਦੀ ਦਵਾਈ ਬਾਰੇ ਛੋਟੀ ਜਿਹੀ ਗੱਲ ਸਮਝਣ ਲਈ ਅੱਠ ਫੋਨ ਕੀਤੇ। ਅਖੀਰ ਉਸ ਨੂੰ ਕਹਿਣਾ ਪਿਆ ਕਿ ਬੀਬੀ ਬੱਚੇ ਦੇ ਇਲਾਜ ਦੇ ਨਾਲ ਤੂੰ ਆਪ ਸੈਂਟਾਉਰੀ ਤੇ ਹੈਦਰ ਨਾਮਕ ਦਵਾਈਆਂ ਲੈ ਤਾਂ ਜੋ ਨਿਜ-ਸਵਾਰਥ ਤੋਂ ਉੱਪਰ ਉੱਠ ਕੇ ਇਨ੍ਹਾਂ ਬਾਰੇ ਸੰਪੂਰਨ ਜਾਣਕਾਰੀ ਪ੍ਰਾਪਤ ਕਰ ਸਕੇਂ।
ਬੈਚ ਫੁੱਲ ਚਿਕਿਤਸਾ ਨੂੰ ਯੋਗਤਾ ਨਾਲ ਸਮਝਣ ਤੇ ਲਾਗੂ ਕਰਨ ਲਈ ਇਹ ਜਾਣਨਾ ਅਤਿ ਜਰੂਰੀ ਹੈ ਕਿ ਇਹ ਮਰੀਜ਼ ਦੇ ਸੁਭਾਅ ਤੇ ਸੋਚ ਅਨੁਸਾਰ ਲਾਭ ਕਰਦੀਆਂ ਹਨ। ਇਹ ਇੱਦਾਂ ਕੰਮ ਨਹੀਂ ਕਰਦੀਆਂ ਕਿ ਕਿਸੇ ਦੇ ਢਿੱਡ ਪੀੜ ਹੈ ਤਾਂ ਅਜਵੈਣ ਦੇ ਦਿਓ। ਇੱਥੇ ਅਜਵੈਣ ਇਕ ਹਥੌੜੇ ਵਜੋਂ ਵਰਤੀ ਜਾਂਦੀ, ਜਿਸ ਨੂੰ ਮਾਰ ਕੇ ਹਰ ਜੰਦਰਾ ਤੋੜਿਆ ਜਾ ਸਕਦਾ ਹੈ। ਪਰ ਤੋੜਨਾ, ਕੱਟਣਾ, ਮਾਰਨਾ ਜਾਂ ਆਪਰੇਸ਼ਨ ਕਰਨਾ ਕਿਸੇ ਰੋਗ ਦਾ ਇਲਾਜ ਨਹੀਂ ਹੈ। ਬੈਚ ਚਿਕਿਤਸਾ ਰਾਹੀਂ ਇਲਾਜ ਕਰਨ ਲਈ ਤਾਂ ਮਰੀਜ਼ ਦਾ ਸੁਭਾਅ ਤੇ ਉਸ ਦਾ ਆਪਣੀ ਮਰਜ਼ ਪ੍ਰਤੀ ਪ੍ਰਤੀਕਰਮ ਦੇਖਣਾ ਪਵੇਗਾ। ਜੇ ਉਹ ਪੇਟ ਦਰਦ ਛੁਪਾਉਂਦਾ ਹੈ ਤੇ ਇਸ ਦੇ ਹੁੰਦਿਆਂ ਵੀ ਮੁਸਕਰਾਉਂਦਾ ਹੈ ਤਾਂ ਐਗਰੀਮਨੀ ਦਿਓ, ਜੇ ਹੰਝੂ ਕੇਰ ਕੇ ਰੋਂਦਾ ਹੈ ਤਾਂ ਚੈਰੀ ਪਲੰਮ ਦਿਓ, ਜੇ ਰਾਤ ਨੂੰ ਉੱਠ ਕੇ ਬੈਠਦਾ ਹੈ ਤਾਂ ਵ੍ਹਾਈਟ ਚੈਸਟਨਟ ਦਿਓ ਤੇ ਜੇ ਇਸ ਨੂੰ ਫੌਰਨ ਦੂਰ ਕਰਨ ਲਈ ਚਾਕੂ ਨਾਲ ਕੱਟ ਕੇ ਬਾਹਰ ਕੱਢਣ ਦੀ ਜਾਂ ਆਪਰੇਸ਼ਨ ਕਰਾਉਣ ਦੀ ਰਟ ਲਾਉਂਦਾ ਹੈ ਤਾਂ ਕਰੈਬ ਐਪਲ ਦਿਓ। ਉਸ ਦੇ ਮਾਨਸਿਕ ਮੜ੍ਹੰਗੇ ਨਾਲ ਮੇਲ ਖਾਣ `ਤੇ ਹੀ ਦਵਾਈ ਲਾਭ ਕਰੇਗੀ।