ਅਸੀਂ ਮਨੁੱਖਤਾ ਖਿਲਾਫ ਜੁਰਮਾਂ ਦੇ ਗਵਾਹ ਬਣ ਰਹੇ ਹਾਂ

ਭਾਰਤ ਵਿਚ ਕਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਮੁਲਕ ਦਾ ਸਾਰਾ ਢਾਂਚਾ ਹਿਲਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸਾਰੇ ਸਾਥੀ ਜਦੋਂ ਪੱਛਮੀ ਬੰਗਾਲ ਵਿਚ ਚੋਣ ਪ੍ਰਚਾਰ ਵਿਚ ਰੁੱਝੇ ਹੋਏ ਸਨ ਤਾਂ ਮੁਲਕ ਦੇ ਬਹੁਤ ਸਾਰੇ ਹਿੱਸਿਆਂ ਵਿਚ ਲੋਕ ਕਰੋਨਾ ਦੀ ਮਾਰ ਹੇਠ ਤੜਫ ਰਹੇ ਸਨ। ਇਨ੍ਹਾਂ ਭਿਅੰਕਰ ਹਾਲਾਤ ਬਾਰੇ ਉਘੀ ਲੇਖਕ ਅਰੁੰਧਤੀ ਰਾਏ ਨੇ ਲੰਮਾ ਲੇਖ ਲਿਖਿਆ ਹੈ ਜਿਸ ਦੀ ਪਹਿਲੀ ਕਿਸ਼ਤ ਪੇਸ਼ ਕੀਤੀ ਜਾ ਰਹੀ ਹੈ।

ਅਰੁੰਧਤੀ ਰਾਏ
ਅਨੁਵਾਦ: ਬੂਟਾ ਸਿੰਘ

ਉਤਰ ਪ੍ਰਦੇਸ਼ ਵਿਚ 2017 `ਚ ਫਿਰਕੂ ਤੌਰ `ਤੇ ਵੰਡੀ ਹੋਈ ਚੋਣ ਮੁਹਿੰਮ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਮੈਦਾਨ `ਚ ਨਿੱਤਰੇ ਤਾਂ ਉਤੇਜਨਾ ਹੋਰ ਵਧ ਗਈ। ਇਕ ਜਨਤਕ ਮੰਚ ਤੋਂ ਉਨ੍ਹਾਂ ਨੇ ਰਾਜ ਸਰਕਾਰ ਜੋ ਵਿਰੋਧੀ ਧਿਰ ਦੇ ਹੱਥ ਵਿਚ ਸੀ – ਉਪਰ ਇਲਜ਼ਾਮ ਲਗਾਇਆ ਕਿ ਉਹ ਸ਼ਮਸ਼ਾਨਾਂ ਦੇ ਮੁਕਾਬਲੇ ਕਬਰਸਤਾਨਾਂ ਉਪਰ ਵਧੇਰੇ ਖਰਚ ਕਰ ਕੇ ਮੁਸਲਮਾਨਾਂ ਨੂੰ ਖੁਸ਼ ਕਰ ਰਹੀ ਹੈ।
ਆਪਣੇ ਸਦਾਬਹਾਰ ਹਿਕਾਰਤ ਭਰੇ ਅੰਦਾਜ਼ ਵਿਚ, ਚੁੱਭਵੀਂ ਗੱਲ ਕਰ ਕੇ ਭੀੜ ਨੂੰ ਉਕਸਾਇਆ। ਉਨ੍ਹਾਂ ਕਿਹਾ, ‘ਪਿੰਡ ਵਿਚ ਜੇ ਕਬਰਸਤਾਨ ਬਣਦਾ ਹੈ ਤਾਂ ਸ਼ਮਸ਼ਾਨ ਵੀ ਬਣਨਾ ਚਾਹੀਦਾ ਹੈ।`
‘ਸ਼ਮਸ਼ਾਨ! ਸ਼ਮਸ਼ਾਨ!` ਮੰਤਰ-ਮੁਗਧ ਭਗਤ ਭੀੜ ਵਿਚੋਂ ਜਵਾਬੀ ਗੂੰਜ ਉਠੀ। ਸ਼ਾਇਦ ਉਹ ਹੁਣ ਖੁਸ਼ ਹੋਣ ਕਿ ਭਾਰਤ ਦੇ ਸ਼ਮਸ਼ਾਨਾਂ ਤੋਂ ਸਮੂਹਿਕ ਅੰਤਿਮ ਸੰਸਕਾਰਾਂ ਨਾਲ ਉਠਦੀਆਂ ਲਾਟਾਂ ਦੀਆਂ ਦੁਖਦਾਈ ਤਸਵੀਰਾਂ ਕੌਮਾਂਤਰੀ ਅਖਬਾਰਾਂ ਦੇ ਪਹਿਲੇ ਪੰਨੇ `ਤੇ ਆ ਰਹੀਆਂ ਹਨ। ਉਨ੍ਹਾਂ ਦੇ ਮੁਲਕ ਦੇ ਸਾਰੇ ਕਬਰਸਤਾਨ ਅਤੇ ਸ਼ਮਸ਼ਾਨ ਸਹੀ ਤਰੀਕੇ ਨਾਲ ਕੰਮ ਕਰ ਰਹੇ ਹਨ, ਆਪੋ-ਆਪਣੀ ਆਬਾਦੀ ਦੇ ਮੁਕਾਬਲੇ ਕਿਤੇ ਜ਼ਿਆਦਾ।
‘ਕੀ 1.3 ਅਰਬ ਆਬਾਦੀ ਵਾਲੇ ਭਾਰਤ ਨੂੰ ਅਲੱਗ-ਥਲੱਗ ਕੀਤਾ ਜਾ ਸਕਦਾ ਹੈ?` ਇਹ ਆਪਣੇ ਆਪ ਨੂੰ ਪੁੱਛੀ ਜਾਣ ਵਾਲੀ ਸਵਾਲਨੁਮਾ ਗੱਲ ‘ਦਿ ਵਾਸ਼ਿੰਗਟਨ ਪੋਸਟ’ ਨੇ ਹਾਲ ਹੀ ਵਿਚ ਆਪਣੇ ਇਕ ਸੰਪਾਦਕੀ `ਚ ਕਹੀ ਜੋ ਭਾਰਤ ਦੀ ਫੈਲ ਰਹੀ ਤਬਾਹੀ ਅਤੇ ਨਵੇਂ, ਤੇਜ਼ੀ ਨਾਲ ਫੈਲਣ ਵਾਲੇ ਕੋਵਿਡ ਨੂੰ ਕੌਮੀ ਹੱਦਾਂ ਵਿਚ ਸੀਮਤ ਕਰਨ ਦੀਆਂ ਮੁਸ਼ਕਿਲਾਂ ਬਾਬਤ ਹੈ। ਇਸ ਦਾ ਜਵਾਬ ਸੀ- ‘ਸੌਖਿਆਂ ਨਹੀਂ`। ਇਸ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਇਹ ਸਵਾਲ ਸਹੀ ਰੂਪ `ਚ ਪੁੱਛਿਆ ਗਿਆ ਹੁੰਦਾ ਜਦੋਂ ਕਰੋਨਾ ਵਾਇਰਸ ਮਹਿਜ਼ ਕੁਝ ਮਹੀਨੇ ਪਹਿਲਾਂ ਬਰਤਾਨਵੀਆ ਅਤੇ ਯੂਰਪ ਵਿਚ ਤਬਾਹੀ ਮਚਾ ਰਿਹਾ ਸੀ; ਲੇਕਿਨ ਭਾਰਤ ਵਿਚ ਸਾਨੂੰ ਇਸ ਦਾ ਬੁਰਾ ਮਨਾਉਣ ਦਾ ਹੱਕ ਬਹੁਤ ਘੱਟ ਹੈ, ਇਸ ਦੀ ਵਜ੍ਹਾ ਹੈ, ਇਸ ਸਾਲ ਆਲਮੀ ਆਰਥਕ ਮੰਚ `ਤੇ ਕਹੇ ਸਾਡੇ ਪ੍ਰਧਾਨ ਮੰਤਰੀ ਦੇ ਸ਼ਬਦ।
ਮੋਦੀ ਨੇ ਐਸੇ ਸਮੇਂ ਭਾਸ਼ਣ ਦਿੱਤਾ ਜਦੋਂ ਯੂਰਪ ਅਤੇ ਅਮਰੀਕਾ ਦੇ ਲੋਕ ਆਲਮੀ ਮਹਾਮਾਰੀ ਦੀ ਦੂਜੀ ਲਹਿਰ ਦੀ ਸਿਖਰ ਦੇ ਸੰਤਾਪ `ਚੋਂ ਗੁਜ਼ਰ ਰਹੇ ਸਨ। ਪ੍ਰਧਾਨ ਮੰਤਰੀ ਕੋਲ ਕਹਿਣ ਲਈ ਹਮਦਰਦੀ ਦਾ ਇਕ ਵੀ ਸ਼ਬਦ ਨਹੀਂ ਸੀ, ਸਿਰਫ ਭਾਰਤ ਦੇ ਬੁਨਿਆਦੀ-ਢਾਂਚੇ ਅਤੇ ਕੋਵਿਡ ਸਬੰਧੀ ਤਿਆਰੀਆਂ ਬਾਰੇ ਲੰਮੀ, ਸ਼ੇਖੀ ਭਰੀ ਆਤਮ-ਸੰਤੁਸ਼ਟੀ ਸੀ। ਮੈਂ ਭਾਸ਼ਣ ਡਾਊਨਲੋਡ ਕਰ ਲਿਆ, ਮੈਨੂੰ ਡਰ ਹੈ ਕਿ ਜਦੋਂ ਮੋਦੀ ਹਕੂਮਤ ਇਤਿਹਾਸ ਨੂੰ ਮੁੜ ਤੋਂ ਲਿਖੇਗੀ, ਜੋ ਛੇਤੀ ਹੀ ਹੋਵੇਗਾ, ਤਾਂ ਇਹ ਭਾਸ਼ਣ ਗਾਇਬ ਹੋ ਸਕਦਾ ਹੈ ਜਾਂ ਇਸ ਨੂੰ ਲੱਭਣਾ ਮੁਸ਼ਕਿਲ ਹੋ ਜਾਵੇਗਾ। ਇਸ ਦੀਆਂ ਕੁਝ ਬੇਹੱਦ ਵੱਡਮੁੱਲੀਆਂ ਝਲਕੀਆਂ ਪੇਸ਼ ਹਨ:
‘ਮਿੱਤਰੋ, ਤਮਾਮ ਸ਼ੰਕਿਆਂ ਦੌਰਾਨ ਅੱਜ ਮੈਂ ਤੁਹਾਡੇ ਸਭ ਦੇ ਸਾਹਮਣੇ 1.3 ਅਰਬ ਤੋਂ ਜ਼ਿਆਦਾ ਭਾਰਤੀਆਂ ਵੱਲੋਂ ਦੁਨੀਆ ਲਈ ਵਿਸ਼ਵਾਸ, ਸਕਾਰਾਤਮਕਤਾ ਅਤੇ ਉਮੀਦ ਦਾ ਸੰਦੇਸ਼ ਲੈ ਕੇ ਆਇਆ ਹਾਂ… ਭਵਿੱਖਬਾਣੀ ਕੀਤੀ ਗਈ ਸੀ ਕਿ ਪੂਰੀ ਦੁਨੀਆ `ਚ ਕਰੋਨਾ ਨਾਲ ਸਭ ਤੋਂ ਪ੍ਰਭਾਵਿਤ ਮੁਲਕ ਭਾਰਤ ਹੋਵੇਗਾ। ਕਿਹਾ ਗਿਆ ਕਿ ਭਾਰਤ ਵਿਚ ਕਰੋਨਾ ਲਾਗ ਦੀ ਸੁਨਾਮੀ ਆਵੇਗੀ, ਕਿਸੇ ਨੇ 70-80 ਕਰੋੜ ਭਾਰਤੀਆਂ ਨੂੰ ਕਰੋਨਾ ਹੋਣ ਦੀ ਗੱਲ ਕਹੀ ਤਾਂ ਕਿਸੇ ਨੇ 20 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਸੀ। ਮਿੱਤਰੋ, ਭਾਰਤ ਦੀ ਕਾਮਯਾਬੀ ਨੂੰ ਕਿਸੇ ਇਕ ਮੁਲਕ ਦੀ ਸਫਲਤਾ ਨਾਲ ਅੰਕਣਾ ਉਚਿਤ ਨਹੀਂ ਹੋਵੇਗਾ। ਜਿਸ ਮੁਲਕ `ਚ ਵਿਸ਼ਵ ਦੀ 18% ਆਬਾਦੀ ਰਹਿੰਦੀ ਹੋਵੇ, ਉਸ ਮੁਲਕ ਨੇ ਕਰੋਨਾ ਉਪਰ ਅਸਰਦਾਰ ਕਾਬੂ ਪਾ ਕੇ ਪੂਰੀ ਦੁਨੀਆ ਨੂੰ ਮਨੁੱਖਤਾ ਦੀ ਬੜੀ ਤ੍ਰਾਸਦੀ ਤੋਂ ਵੀ ਬਚਾਇਆ ਹੈ।`
ਜਾਦੂਗਰ ਮੋਦੀ ਨੇ ਕਰੋਨਾ ਉਪਰ ਅਸਰਦਾਰ ਕਾਬੂ ਪਾਉਂਦੇ ਹੋਏ ਮਨੁੱਖਤਾ ਨੂੰ ਬਚਾਉਣ ਲਈ ਵਾਹ-ਵਾਹ ਖੱਟੀ। ਹੁਣ ਜਦੋਂ ਪਤਾ ਲੱਗਾ ਹੈ ਕਿ ਉਹ ਉਸ ਉਪਰ ਕਾਬੂ ਨਹੀਂ ਪਾ ਸਕੇ ਹਨ, ਤਾਂ ਕੀ ਅਸੀਂ ਇਸ ਦੀ ਸ਼ਿਕਾਇਤ ਕਰ ਸਕਦੇ ਹਾਂ ਕਿ ਕਿਉਂ ਸਾਨੂੰ ਇਉਂ ਦੇਖਿਆ ਜਾ ਰਿਹਾ ਹੈ, ਜਿਵੇਂ ਅਸੀਂ ਰੇਡੀਓਐਕਟਿਵ ਹੋਈਏ?… ਹੋਰ ਮੁਲਕਾਂ ਨੇ ਸਰਹੱਦਾਂ ਬੰਦ ਕਰ ਦਿੱਤੀਆਂ ਹਨ ਅਤੇ ਉਡਾਣਾਂ ਰੱਦ ਕੀਤੀਆਂ ਜਾ ਰਹੀਆਂ ਹਨ? ਸਾਨੂੰ ਆਪਣੇ ਵਾਇਰਸ ਅਤੇ ਆਪਣੇ ਪ੍ਰਧਾਨ ਮੰਤਰੀ ਨਾਲ ਸੀਲਬੰਦ ਕੀਤਾ ਜਾ ਰਿਹਾ ਹੈ; ਸਾਰੀ ਬਿਮਾਰੀ, ਵਿਗਿਆਨ ਦੇ ਕੁਲ ਵਿਰੋਧ, ਨਫਰਤ ਅਤੇ ਬੇਵਕੂਫੀ ਨਾਲ ਜਿਸ ਦੀ ਉਹ, ਉਨ੍ਹਾਂ ਦੀ ਪਾਰਟੀ ਅਤੇ ਹਰ ਤਰ੍ਹਾਂ ਦੀ ਰਾਜਨੀਤੀ ਨੁਮਾਇੰਦਗੀ ਕਰਦੀ ਹੈ।

ਪਿਛਲੇ ਸਾਲ ਜਦੋਂ ਪਹਿਲੀ ਵਾਰ ਕੋਵਿਡ ਭਾਰਤ ਆਇਆ ਅਤੇ ਸ਼ਾਂਤ ਹੋ ਗਿਆ ਤਾਂ ਸਰਕਾਰ ਅਤੇ ਇਸ ਦੇ ਹਮਾਇਤੀ ਜੁਮਲੇਬਾਜ਼ ਕਾਮਯਾਬੀ ਦਾ ਜਸ਼ਨ ਮਨਾ ਰਹੇ ਸਨ। ਸ਼ੇਖਰ ਗੁਪਤਾ ਜੋ ਆਨਲਾਈਨ ਨਿਊਜ਼ ਵੈੱਬਸਾਈਟ ‘ਦਿ ਪ੍ਰਿੰਟ’ ਦੇ ਮੁੱਖ ਸੰਪਾਦਕ ਹਨ, ਨੇ ਟਵੀਟ ਕੀਤਾ ਸੀ, ‘ਭਾਰਤ ਵਿਚ ਪਿਕਨਿਕ ਨਹੀਂ ਹੋ ਰਹੀ ਹੈ; ਲੇਕਿਨ ਸਾਡੀਆਂ ਨਾਲੀਆਂ ਲਾਸ਼ਾਂ ਨਾਲ ਭਰੀਆਂ ਹੋਈਆਂ ਨਹੀਂ ਹਨ, ਹਸਪਤਾਲਾਂ ਵਿਚ ਬੈੱਡਾਂ ਦੀ ਕਮੀ ਨਹੀਂ ਹੈ, ਨਾ ਹੀ ਸ਼ਮਸ਼ਾਨਾਂ ਅਤੇ ਕਬਰਸਤਾਨਾਂ ਵਿਚ ਲੱਕੜੀ ਤੇ ਜਗ੍ਹਾ ਦੀ ਕਮੀ ਹੈ। ਯਕੀਨ ਨਹੀਂ ਆਉਂਦਾ? ਜੇ ਨਹੀਂ ਮੰਨਦੇ ਤਾਂ ਡੇਟਾ ਲੈ ਆਓ, ਸਿਵਾਏ ਇਸ ਦੇ ਕਿ ਤੁਸੀਂ ਸੋਚਦੇ ਹੋ ਕਿ ਤੁਸੀਂ ਭਗਵਾਨ ਹੋ।`
ਇਸ ਸੰਵੇਦਨਸ਼ੀਲ, ਅਸ਼ਿਸ਼ਟ ਅਕਸ ਨੂੰ ਛੱਡ ਵੀ ਦੇਈਏ – ਲੇਕਿਨ ਕੀ ਸਾਨੂੰ ਇਹ ਦੱਸਣ ਲਈ ਕਿਸੇ ਭਗਵਾਨ ਦੀ ਜ਼ਰੂਰਤ ਹੁੰਦੀ ਹੈ ਕਿ ਜ਼ਿਆਦਾਤਰ ਮਹਾਮਾਰੀਆਂ ਦੀ ਦੂਜੀ ਲਹਿਰ ਵੀ ਹੁੰਦੀ ਹੈ, ਇਸ ਲਹਿਰ ਦਾ ਅਗਾਊਂ-ਅੰਦਾਜ਼ਾ ਲਗਾਇਆ ਸੀ, ਹਾਲਾਂਕਿ ਇਸ ਦੀ ਤੇਜ਼ੀ ਨੇ ਵਿਗਿਆਨੀਆਂ ਅਤੇ ਵਾਇਰਸ ਵਿਗਿਆਨੀਆਂ ਤੱਕ ਨੂੰ ਹੈਰਾਨ ਕਰ ਦਿੱਤਾ ਹੈ। ਫਿਰ ਕਿੱਥੇ ਹੈ ਉਹ ਕੋਵਿਡ ਸਬੰਧੀ ਬੁਨਿਆਦੀ ਢਾਂਚਾ ਅਤੇ ਵਾਇਰਸ ਦੇ ਖਿਲਾਫ ‘ਜਨਤਾ ਦੇ ਅੰਦੋਲਨ` ਜਿਨ੍ਹਾਂ ਦੀ ਸ਼ੇਖੀ ਮੋਦੀ ਨੇ ਆਪਣੇ ਭਾਸ਼ਣ ਵਿਚ ਮਾਰੀ ਸੀ? ਹਸਪਤਾਲ `ਚ ਬੈੱਡ ਨਹੀਂ ਮਿਲ ਰਹੇ। ਡਾਕਟਰ ਅਤੇ ਮੈਡੀਕਲ ਸਟਾਫ ਪਸਤ ਹੋਣ ਦੇ ਕੰਢੇ ਹਨ। ਦੋਸਤ ਫੋਨ ਕਰ ਕੇ ਐਸੇ ਵਾਰਡਾਂ ਦੀ ਦਾਸਤਾਨ ਦੱਸਦੇ ਹਨ ਜਿੱਥੇ ਕੋਈ ਸਟਾਫ ਨਹੀਂ ਹੈ, ਤੇ ਜਿੱਥੇ ਜ਼ਿੰਦਾ ਮਰੀਜ਼ਾਂ ਨਾਲੋਂ ਮੁਰਦੇ ਜ਼ਿਆਦਾ ਹਨ।
ਲੋਕ ਹਸਪਤਾਲ ਦੇ ਵਰਾਂਡਿਆਂ, ਸੜਕਾਂ ਜਾਂ ਆਪਣੇ ਘਰਾਂ ਵਿਚ ਮਰ ਰਹੇ ਹਨ। ਦਿੱਲੀ ਵਿਚ ਸ਼ਮਸ਼ਾਨ ਘਾਟਾਂ ਕੋਲ ਲੱਕੜੀ ਖਤਮ ਹੋ ਗਈ ਹੈ। ਵਣ ਵਿਭਾਗ ਨੂੰ ਸ਼ਹਿਰ ਦੇ ਦਰੱਖਤ ਵੱਢਣ ਲਈ ਵਿਸ਼ੇਸ਼ ਇਜਾਜ਼ਤ ਦੇਣੀ ਪਈ ਹੈ। ਪਾਰਕਾਂ ਅਤੇ ਕਾਰ ਪਾਰਕਿੰਗ ਨੂੰ ਸ਼ਮਸ਼ਾਨ ਭੂਮੀ `ਚ ਤਬਦੀਲ ਕੀਤਾ ਜਾ ਰਿਹਾ ਹੈ।
ਭਾਰਤ ਵਿਚ ਬਿਮਾਰੀ ਦੇ ਨਵੇਂ ਸ਼ੇਅਰ ਬਾਜ਼ਾਰ ਵਿਚ ਆਕਸੀਜਨ ਦੀ ਨਵੀਂ ਕਰੰਸੀ ਹੈ। ਉਘੇ ਰਾਜਨੇਤਾ, ਪੱਤਰਕਾਰ, ਵਕੀਲ (ਭਾਰਤ ਦਾ ਕੁਲੀਨ ਵਰਗ) ਟਵਿੱਟਰ ਉਪਰ ਹਸਪਤਾਲਾਂ ਦੇ ਬੈੱਡ ਅਤੇ ਆਕਸੀਜਨ ਦੇ ਸਿਲੰਡਰ ਲਈ ਫਰਿਆਦ ਕਰ ਰਹੇ ਹਨ। ਸਿਲੰਡਰਾਂ ਦੀ ਗੁਪਤ ਮੰਡੀ ਵਧ-ਫੁੱਲ ਰਹੀ ਹੈ। ਆਕਸੀਜਨ ਸੈਚੂਰੇਸ਼ਨ ਮਸ਼ੀਨਾਂ ਅਤੇ ਦਵਾਈਆਂ ਮਿਲਣੀਆਂ ਮੁਸ਼ਕਿਲ ਹਨ।
ਮੰਡੀ ਕੁਝ ਹੋਰ ਚੀਜ਼ਾਂ ਦੀ ਵੀ ਹੈ। ਮੁਕਤ ਮੰਡੀ ਦੇ ਹੇਠਲੇ ਸਿਰੇ `ਤੇ, ਆਪਣੇ ਪਿਆਰਿਆਂ ਦੀ ਆਖਰੀ ਝਲਕ ਲਈ ਰਿਸ਼ਵਤ, ਜਿਨ੍ਹਾਂ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਲਪੇਟ ਕੇ ਅਤੇ ਜਮਾ੍ਹ ਕਰ ਕੇ ਰੱਖਿਆ ਗਿਆ ਹੈ। ਇਕ ਪੁਜਾਰੀ ਦੀ ਵਧੀ ਹੋਈ ਭੇਟਾ ਜੋ ਅੰਤਿਮ ਰਸਮਾਂ ਨਿਭਾਉਣ ਲਈ ਰਾਜ਼ੀ ਹੋਇਆ ਹੈ। ਆਨਲਾਈਨ ਮੈਡੀਕਲ ਮਸ਼ਵਰੇ, ਜਿਸ ਵਿਚ ਪ੍ਰੇਸ਼ਾਨ ਪਰਿਵਾਰਾਂ ਨੂੰ ਬੇਰਹਿਮ ਡਾਕਟਰ ਲੁੱਟ ਰਹੇ ਹਨ।
ਮੇਰੇ ਇਕ ਨੌਜਵਾਨ ਦੋਸਤ ‘ਟੀ’ ਨਾਲ ਜੋ ਹੋਇਆ, ਉਹ ਦਿੱਲੀ ਦੀਆਂ ਸੈਂਕੜੇ ਅਤੇ ਸ਼ਾਇਦ ਹਜ਼ਾਰਾਂ ਐਸੀਆਂ ਦਾਸਤਾਨਾਂ ਵਿਚੋਂ ਇਕ ਹੈ। ‘ਟੀ’ ਆਪਣੀ ਉਮਰ ਦੇ ਤੀਜੇ ਦਹਾਕੇ `ਚ ਹੈ, ਆਪਣੇ ਮਾਂ-ਬਾਪ ਨਾਲ ਦਿੱਲੀ ਦੇ ਬਾਹਰ ਗਾਜ਼ੀਆਬਾਦ ਵਿਚ ਨਿੱਕੇ ਜਿਹੇ ਫਲੈਟ ਵਿਚ ਰਹਿੰਦਾ ਹੈ। ਉਨ੍ਹਾਂ ਤਿੰਨਾਂ ਦਾ ਟੈਸਟ ਪਾਜ਼ੇਟਿਵ ਆ ਗਿਆ। ਉਸ ਦੀ ਮਾਂ ਗੰਭੀਰ ਰੂਪ `ਚ ਬਿਮਾਰ ਸੀ। ਅਜੇ ਇਹ ਮੁੱਢਲੇ ਦਿਨਾਂ ਦੀ ਗੱਲ ਸੀ ਤਾਂ ਚੰਗੇ ਭਾਗੀਂ ਉਸ ਦੀ ਮਾਂ ਲਈ ਇਕ ਹਸਪਤਾਲ ਵਿਚ ਬੈੱਡ ਮਿਲ ਗਿਆ। ਉਸ ਦੇ ਪਿਤਾ ਜਿਨ੍ਹਾਂ ਨੂੰ ਗੰਭੀਰ ਬਾਈਪੋਲਰ ਡਿਪਰੈਸ਼ਨ ਹੈ, ਹਿੰਸਕ ਹੋਣ ਲੱਗੇ ਅਤੇ ਉਨ੍ਹਾਂ ਨੇ ਖੁਦ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੂੰ ਨੀਂਦ ਆਉਣੋਂ ਹਟ ਗਈ। ਉਹ ਆਪਣੇ ਆਪ ਨੂੰ ਗੰਦਾ ਕਰ ਲੈਂਦੇ। ਉਨ੍ਹਾਂ ਦੀ ਮਨੋਚਿਕਿਤਸਕ ਉਨ੍ਹਾਂ ਦੀ ਆਨਲਾਈਨ ਮਦਦ ਕਰਨ ਦੀ ਵਾਹ ਲਾ ਰਹੀ ਸੀ, ਹਾਲਾਂਕਿ ਉਹ ਵੀ ਕਦੇ-ਕਦੇ ਟੁੱਟ ਜਾਂਦੀ, ਕਿਉਂਕਿ ਉਸ ਦੇ ਪਿਤਾ ਹੁਣੇ ਹੀ ਕੋਵਿਡ `ਚੋਂ ਗੁਜ਼ਰੇ ਸਨ। ਉਨ੍ਹਾਂ ਨੇ ਕਿਹਾ ਕਿ ‘ਟੀ’ ਦੇ ਪਿਤਾ ਨੂੰ ਹਸਪਤਾਲ `ਚ ਦਾਖਲ ਕਰਨ ਦੀ ਜ਼ਰੂਰਤ ਸੀ, ਲੇਕਿਨ ਕਿਉਂਕਿ ਉਹ ਪਾਜ਼ੇਟਿਵ ਸਨ ਤਾਂ ਇਸ ਦੀ ਕੋਈ ਸੰਭਾਵਨਾ ਹੀ ਨਹੀਂ ਸੀ। ‘ਟੀ’ ਰਾਤ ਦਰ ਰਾਤ ਜਾਗਦੇ ਹੋਏ ਆਪਣੇ ਪਿਤਾ ਨੂੰ ਸ਼ਾਂਤ ਕਰਦੇ, ਗਿੱਲੇ ਕੱਪੜੇ ਨਾਲ ਉਨ੍ਹਾਂ ਦਾ ਸਰੀਰ ਪੂੰਝਦੇ, ਸਾਫ ਕਰਦੇ। ਹਰ ਵਾਰ ਜਦੋਂ ਮੈਂ ਉਸ ਨਾਲ ਗੱਲ ਕੀਤੀ, ਮੈਨੂੰ ਆਪਣਾ ਸਾਹ ਉਖੜਦਾ ਮਹਿਸੂਸ ਹੋਇਆ।
ਅੰਤ ਇਕ ਦਿਨ ਸੰਦੇਸ਼ ਆ ਗਿਆ: ‘ਪਿਤਾ ਜੀ ਗੁਜ਼ਰ ਗਏ।` ਉਹ ਕੋਵਿਡ ਨਾਲ ਨਹੀਂ, ਸਗੋਂ ਬਲੱਡ ਪ੍ਰੈਸ਼ਰ ਬਹੁਤ ਵਧ ਜਾਣ ਨਾਲ ਫੌਤ ਹੋਏ ਜੋ ਬੇਹੱਦ ਬੇਵਸੀ ਦੇ ਹਾਲਾਤ `ਚ ਬਣੀ ਮਾਨਸਿਕ ਉਥਲ-ਪੁਥਲ ਦਾ ਨਤੀਜਾ ਸੀ।
ਉਨ੍ਹਾਂ ਦੀ ਦੇਹ ਦਾ ਕੀ ਕੀਤਾ ਜਾਵੇ? ਮੈਂ ਮਾਯੂਸੀ `ਚ ਆਪਣੇ ਹਰ ਜਾਣੂ ਨੂੰ ਫੋਨ ਕੀਤੇ। ਜਵਾਬ ਦੇਣ ਵਾਲਿਆਂ ਵਿਚ ਇਕ ਅਨਿਰਬਾਨ ਭੱਟਾਚਾਰੀਆ ਸਨ ਜੋ ਜਾਣੇ-ਪਛਾਣੇ ਸਮਾਜੀ ਕਾਰਕੁੰਨ ਹਰਸ਼ ਮੰਦਰ ਨਾਲ ਕੰਮ ਕਰਦੇ ਹਨ। ਭੱਟਾਚਾਰੀਆ 2016 ਵਿਚ ਆਪਣੇ ਯੂਨੀਵਰਸਿਟੀ ਕੈਂਪਸ `ਚ ਇਕ ਵਿਰੋਧ ਪ੍ਰਦਰਸ਼ਨ ਜਥੇਬੰਦ ਕਰਨ `ਚ ਮਦਦ ਕਰਨ ਲਈ ਰਾਜਧ੍ਰੋਹ ਦੇ ਇਲਜ਼ਾਮ `ਚ ਮੁਕੱਦਮਾ ਭੁਗਤ ਰਹੇ ਹਨ।
ਪਿਛਲੇ ਸਾਲ ਦੀ ਗੰਭੀਰ ਲਾਗ ਤੋਂ ਅਜੇ ਪੂਰੀ ਤਰ੍ਹਾਂ ਠੀਕ ਨਾ ਹੋਏ ਹਰਸ਼ ਮੰਦਰ ਉਪਰ ਵੀ ਨਿਗਰਾਨੀ ਦਾ ਖਤਰਾ ਮੰਡਰਾ ਰਿਹਾ ਹੈ ਅਤੇ ਉਨ੍ਹਾਂ ਦਾ ਅਨਾਥ ਘਰ ਬੰਦ ਕਰਾ ਦਿੱਤੇ ਜਾਣ ਦਾ ਡਰ ਹੈ ਜੋ ਉਹ ਉਦੋਂ ਤੋਂ ਚਲਾ ਰਹੇ ਹਨ ਜਦੋਂ ਉਨ੍ਹਾਂ ਨੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ’ਜ਼ (ਐਨ.ਆਰ.ਸੀ.) ਅਤੇ ਦਸੰਬਰ 2019 `ਚ ਪਾਸ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਖਿਲਾਫ ਲੋਕਾਂ ਨੂੰ ਇਕਜੁੱਟ ਕੀਤਾ ਸੀ। ਐਨ.ਆਰ.ਸੀ. ਅਤੇ ਸੀ.ਏ.ਏ., ਦੋਵੇਂ ਮੁਸਲਮਾਨਾਂ ਨਾਲ ਸ਼ਰੇਆਮ ਵਿਤਕਰਾ ਕਰਨ ਵਾਲੇ ਸਰਕਾਰੀ ਕਦਮ ਸਨ। ਮੰਦਰ ਅਤੇ ਭੱਟਾਚਾਰੀਆ ਉਨ੍ਹਾਂ ਅਨੇਕ ਨਾਗਰਿਕਾਂ ਵਿਚੋਂ ਹਨ ਜਿਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੇ ਸ਼ਾਸਨ ਦੀ ਗੈਰ-ਮੌਜੂਦਗੀ `ਚ ਹੈਲਪਲਾਈਨਾਂ ਅਤੇ ਐਮਰਜੈਂਸੀ ਮਦਦ ਦਾ ਤਾਣਾਬਾਣਾ ਬਣਾਇਆ ਹੈ ਅਤੇ ਐਂਬੂਲੈਂਸਾਂ ਦਾ ਇੰਤਜ਼ਾਮ, ਅੰਤਿਮ ਸੰਸਕਾਰਾਂ ਦੀ ਵਿਵਸਥਾ ਅਤੇ ਲਾਸ਼ਾਂ ਨੂੰ ਲਿਆਉਣ-ਲਿਜਾਣ ਦੇ ਕੰਮ `ਚ ਹਾਲੋ-ਬੇਹਾਲ ਹੋ ਕੇ ਜੁੱਟੇ ਹੋਏ ਹਨ।
ਆਪਣੀ ਮਰਜ਼ੀ ਨਾਲ ਇਸ ਕੰਮ `ਚ ਲੱਗੇ ਇਹ ਲੋਕ ਜੋ ਕਰ ਰਹੇ ਹਨ, ਉਹ ਉਨ੍ਹਾਂ ਨੇ ਲਈ ਮਹਿਫੂਜ਼ ਨਹੀਂ ਹੈ। ਮਹਾਮਾਰੀ ਦੀ ਇਸ ਲਹਿਰ ਦੀ ਲਪੇਟ `ਚ ਆਉਣ ਵਾਲਿਆਂ `ਚ ਨੌਜਵਾਨ ਲੋਕ ਹਨ ਜੋ ਇੰਟੈਂਸਿਵ ਕੇਅਰ ਯੂਨਿਟਾਂ ਵਿਚ ਭਰਤੀ ਕੀਤੇ ਜਾ ਰਹੇ ਹਨ। ਜਦੋਂ ਨੌਜਵਾਨ ਲੋਕ ਮਰਦੇ ਹਨ ਤਾਂ ਸਾਡੇ ਵਿਚੋਂ ਬਜ਼ੁਰਗਾਂ ਦੀ ਜਿਊਣ ਦੀ ਖਵਾਇਸ਼ ਰਤਾ ਕੁ ਹੋਰ ਖੁਰ ਜਾਂਦੀ ਹੈ।

ਹਾਲਾਤ ਆਖਿਰਕਾਰ ਸੰਭਲ ਜਾਣਗੇ, ਬੇਸ਼ੱਕ ਅਜਿਹਾ ਹੋਵੇਗਾ; ਲੇਕਿਨ ਅਸੀਂ ਨਹੀਂ ਜਾਣਦੇ ਕਿ ਉਹ ਦਿਨ ਦੇਖਣ ਲਈ ਸਾਡੇ ਵਿਚੋਂ ਕੌਣ ਬਚਿਆ ਰਹੇਗਾ। ਅਮੀਰ ਸੌਖ ਨਾਲ ਸਾਹ ਲੈਣਗੇ। ਗਰੀਬ ਨਹੀਂ ਲੈ ਸਕਣਗੇ।
ਦਿੱਲੀ ਦੇ ਸਭ ਤੋਂ ਬੜੇ ਪ੍ਰਾਈਵੇਟ ਹਸਪਤਾਲਾਂ ਵਿਚੋਂ ਇਕ ਸਰ ਗੰਗਾ ਰਾਮ ਹਸਪਤਾਲ ਵਿਚ 22 ਅਪਰੈਲ ਦੀ ਰਾਤ ਨੂੰ ਹਾਈ-ਫਲੋਅ ਆਕਸੀਜਨ ਉਪਰ ਪਾਏ ਗੰਭੀਰ ਰੂਪ `ਚ ਬਿਮਾਰ, 25 ਕੋਵਿਡ ਮਰੀਜ਼ ਦਮ ਤੋੜ ਗਏ। ਹਸਪਤਾਲ ਨੇ ਆਪਣੀ ਆਕਸੀਜਨ ਸਪਲਾਈ ਮੁੜ ਭਰਨ ਲਈ ਬਹੁਤ ਸਾਰੇ ਮਾਯੂਸੀ ਵਾਲੇ ਐਮਰਜੈਂਸੀ ਸੰਦੇਸ਼ ਭੇਜੇ। ਇਕ ਦਿਨ ਬਾਦ, ਹਸਪਤਾਲ ਬੋਰਡ ਦੇ ਪ੍ਰਧਾਨ ਕਾਹਲੀ-ਕਾਹਲੀ ਮਾਮਲੇ ਦੀ ਸਫਾਈ ਦਿੰਦੇ ਨਜ਼ਰ ਆਏ: ‘ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਆਕਸੀਜਨ ਸਪੋਰਟ ਦੀ ਘਾਟ ਕਾਰਨ ਮਰੇ ਹਨ।`
24 ਅਪਰੈਲ ਨੂੰ 20 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਦੋਂ ਦਿੱਲੀ ਦੇ ਇਕ ਹੋਰ ਬੜੇ ਹਸਪਤਾਲ ਜੈਪੁਰ ਗੋਲਡਨ ਵਿਚ ਆਕਸੀਜਨ ਦੀ ਸਪਲਾਈ ਖਤਮ ਹੋ ਗਈ। ਉਸੇ ਦਿਨ ਦਿੱਲੀ ਹਾਈਕੋਰਟ `ਚ ਭਾਰਤ ਦੇ ਅਟਾਰਨੀ ਜਨਰਲ ਤੁਸ਼ਾਰ ਮਹਿਤਾ ਨੇ ਭਾਰਤ ਸਰਕਾਰ ਵੱਲੋਂ ਕਿਹਾ: ‘ਰੋਂਦੂ ਬੱਚੇ ਬਣਨ ਤੋਂ ਗੁਰੇਜ਼ ਕਰੋ… ਹੁਣ ਤੱਕ ਅਸੀਂ ਇਹ ਯਕੀਨੀ ਬਣਾ ਲਿਆ ਹੈ ਕਿ ਮੁਲਕ `ਚ ਕੋਈ ਵੀ ਬਿਨਾਂ ਆਕਸੀਜਨ ਦੇ ਨਹੀਂ ਹੈ।`
ਉਤਰ ਪ੍ਰਦੇਸ਼ ਦੇ ਭਗਵੇਂ ਮੁੱਖ ਮੰਤਰੀ ਅਜੇ ਮੋਹਨ ਬਿਸ਼ਟ ਨੇ (ਜੋ ਯੋਗੀ ਅਦਿੱਤਿਆਨਾਥ ਵਜੋਂ ਜਾਣਿਆ ਜਾਂਦਾ ਹੈ) ਨੇ ਐਲਾਨ ਕੀਤਾ ਹੈ ਕਿ ਉਸ ਦੇ ਰਾਜ ਵਿਚ ਕਿਸੇ ਹਸਪਤਾਲ `ਚ ਆਕਸੀਜਨ ਦੀ ਕੋਈ ਘਾਟ ਨਹੀਂ ਹੈ ਅਤੇ ਅਫਵਾਹ ਫੈਲਾਉਣ ਵਾਲਿਆਂ ਨੂੰ ਨੈਸ਼ਨਲ ਸਕਿਉਰਿਟੀ ਐਕਟ ਤਹਿਤ ਬਿਨਾਂ ਜ਼ਮਾਨਤ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਜਾਇਦਾਦ ਜ਼ਬਤ ਕਰ ਲਈ ਜਾਵੇਗੀ।
ਯੋਗੀ ਅਦਿੱਤਿਆਨਾਥ ਕੋਈ ਗੱਲ ਸਰਸਰੀ ਨਹੀਂ ਕਹਿੰਦੇ। ਕੇਰਲ ਦੇ ਇਕ ਮੁਸਲਮਾਨ ਪੱਤਰਕਾਰ ਸਿਦੀਕ ਕੱਪਨ ਉਤਰ ਪ੍ਰਦੇਸ਼ ਵਿਚ ਮਹੀਨਿਆਂ ਤੋਂ ਜੇਲ੍ਹ `ਚ ਬੰਦ ਹਨ, ਜਦੋਂ ਉਹ ਅਤੇ ਦੋ ਹੋਰ ਜਣੇ ਹਾਥਰਸ ਜ਼ਿਲ੍ਹੇ ਵਿਚ ਇਕ ਲੜਕੀ ਦੇ ਸਮੂਹਿਕ ਬਲਾਤਕਾਰ ਅਤੇ ਹੱਤਿਆ ਦੀ ਰਿਪੋਰਟ ਕਰਨ ਲਈ ਉਥੇ ਗਏ ਸਨ। ਕੱਪਨ ਗੰਭੀਰ ਰੂਪ `ਚ ਬਿਮਾਰ ਹਨ ਅਤੇ ਕੋਵਿਡ ਪਾਜ਼ੇਟਿਵ ਹਨ। ਉਨ੍ਹਾਂ ਦੀ ਪਤਨੀ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਦਿੱਤੀ ਪਟੀਸ਼ਨ ਵਿਚ ਦੱਸਿਆ ਕਿ ਉਸ ਦੇ ਪਤੀ ਨੂੰ ਮਥੁਰਾ ਦੇ ਮੈਡੀਕਲ ਕਾਲਜ ਅਤੇ ਹਸਪਤਾਲ `ਚ ਇਕ ਬੈੱਡ ਨਾਲ ‘ਜਾਨਵਰਾਂ ਵਾਂਗ` ਬੰਨ੍ਹ ਕੇ ਰੱਖਿਆ ਗਿਆ ਹੈ (ਸੁਪਰੀਮ ਕੋਰਟ ਨੇ ਉਤਰ ਪ੍ਰਦੇਸ਼ ਸਰਕਾਰ ਨੂੰ ਉਸ ਨੂੰ ਦਿੱਲੀ ਦੇ ਇਕ ਹਸਪਤਾਲ `ਚ ਲਿਜਾਣ ਦਾ ਆਦੇਸ਼ ਦਿੱਤਾ ਹੈ)।
ਸੋ, ਜੇ ਤੁਸੀਂ ਉਤਰ ਪ੍ਰਦੇਸ਼ ਵਿਚ ਰਹਿੰਦੇ ਹੋ ਤਾਂ ਸੰਦੇਸ਼ ਇਹ ਜਾਪਦਾ ਹੈ ਕਿ ਆਪਣੇ ਉਪਰ ਮਿਹਰਬਾਨੀ ਕਰੋ ਅਤੇ ਬਿਨਾਂ ਸ਼ਿਕਾਇਤ ਕੀਤਿਆਂ ਮਰ ਜਾਓ। ਸ਼ਿਕਾਇਤ ਕਰਨ ਵਾਲਿਆਂ ਨੂੰ ਖਤਰਾ ਸਿਰਫ ਉਤਰ ਪ੍ਰਦੇਸ਼ ਤੱਕ ਸੀਮਤ ਨਹੀਂ ਹੈ। ਫਾਸ਼ੀਵਾਦੀ ਹਿੰਦੂ ਰਾਸ਼ਟਰਵਾਦੀ ਜਥੇਬੰਦੀ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.), ਮੋਦੀ ਅਤੇ ਉਸ ਦੇ ਕਈ ਮੰਤਰੀ ਜਿਸ ਦੇ ਮੈਂਬਰ ਹਨ ਅਤੇ ਜਿਸ ਦੀ ਆਪਣੀ ਹਥਿਆਰਬੰਦ ਮਿਲੀਸ਼ੀਆ ਹੈ – ਦੇ ਇਕ ਬੁਲਾਰੇ ਨੇ ਚਿਤਾਵਨੀ ਦਿੱਤੀ ਹੈ ਕਿ ‘ਭਾਰਤ ਵਿਰੋਧੀ ਤਾਕਤਾਂ` ਇਸ ਸੰਕਟ ਸੰਕਟ ਦਾ ਲਾਹਾ ‘ਨਕਾਰਾਤਮਕਤਾ` ਅਤੇ ‘ਬੇਵਿਸ਼ਵਾਸੀ` ਦੀ ਅੱਗ ਭੜਕਾਉਣ ਲਈ ਲੈਣਗੀਆਂ ਅਤੇ ਉਸ ਨੇ ਮੀਡੀਆ ਤੋਂ ‘ਸਕਾਰਾਤਮਕ ਮਾਹੌਲ` ਬਣਾਉਣ `ਚ ਮਦਦ ਕਰਨ ਦੀ ਮੰਗ ਕੀਤੀ ਹੈ। ਟਵਿੱਟਰ ਨੇ ਉਨ੍ਹਾਂ ਦੀ ਮਦਦ ਕਰਦੇ ਹੋਏ ਸਰਕਾਰ ਪ੍ਰਤੀ ਆਲੋਚਨਾਤਮਕ ਰੁਖ ਅਖਤਿਆਰ ਕਰਨ ਵਾਲੇ ਅਕਾਊਂਟ ਜਾਮ ਕਰ ਦਿੱਤੇ।
ਮਨ ਨੂੰ ਧਰਵਾਸ ਦੇਣ ਅਸੀਂ ਕਿਸ ਪਾਸੇ ਝਾਕ ਰੱਖਾਂਗੇ? ਵਿਗਿਆਨ ਤੋਂ? ਕੀ ਅਸੀਂ ਅੰਕੜਿਆਂ ਦੇ ਭਰੋਸੇ ਰਹਾਂਗੇ? ਕਿੰਨੀਆਂ ਮੌਤਾਂ? ਕਿੰਨੇ ਠੀਕ ਹੋਏ? ਕਿੰਨੇ ਇਸ ਦੀ ਲਪੇਟ `ਚ ਆਏ? ਇਸ ਦਾ ਸਿਖਰ ਕਦੋਂ ਆਵੇਗਾ? 27 ਅਪਰੈਲ ਨੂੰ 32144 ਨਵੇਂ ਮਾਮਲਿਆਂ ਅਤੇ 2771 ਮੌਤਾਂ ਦੀ ਖਬਰ ਸੀ।
ਦਿੱਲੀ ਵਿਚ ਵੀ ਟੈਸਟ ਕਰਵਾ ਸਕਣਾ ਬਹੁਤ ਮੁਸ਼ਕਿਲ ਹੈ। ਕਸਬਿਆਂ ਅਤੇ ਸ਼ਹਿਰਾਂ ਵਿਚ ਕਬਰਸਤਾਨਾਂ ਅਤੇ ਸ਼ਮਸ਼ਾਨਾਂ ਵਿਚ ਕੋਵਿਡ-ਨਿਯਮਾਂ ਮੁਤਾਬਿਕ ਹੋਣ ਵਾਲੇ ਅੰਤਿਮ ਸੰਸਕਾਰਾਂ ਦੀ ਗਿਣਤੀ ਦੱਸਦੀ ਹੈ ਕਿ ਮੌਤ ਦੇ ਅੰਕੜੇ ਅਧਿਕਾਰਕ ਗਿਣਤੀ ਨਾਲੋਂ 30 ਗੁਣਾਂ ਜ਼ਿਆਦਾ ਹਨ। ਮਹਾਨਗਰਾਂ ਦੇ ਬਾਹਰ ਕੰਮ ਕਰਨ ਵਾਲੇ ਡਾਕਟਰ ਦੱਸ ਸਕਦੇ ਹਨ ਕਿ ਹਾਲਾਤ ਕੀ ਹਨ। ਜੇ ਦਿੱਲੀ ਟੁੱਟ ਰਹੀ ਹੈ ਤਾਂ ਸਾਨੂੰ ਕਿਵੇਂ ਕਲਪਨਾ ਕਰਨੀ ਚਾਹੀਦੀ ਹੈ ਕਿ ਬਿਹਾਰ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼ ਦੇ ਪਿੰਡਾਂ ਵਿਚ ਕੀ ਹੋ ਰਿਹਾ ਹੈ ਜਿੱਥੇ ਸ਼ਹਿਰਾਂ ਤੋਂ ਕਰੋੜਾਂ ਮਜ਼ਦੂਰ ਆਪਣੇ ਨਾਲ ਵਾਇਰਸ ਲੈ ਕੇ ਆਪਣੇ ਪਰਿਵਾਰਾਂ ਕੋਲ ਆਪਣੇ ਘਰਾਂ ਨੂੰ ਪਰਤ ਰਹੇ ਹਨ? ਉਨ੍ਹਾਂ ਦੇ ਜ਼ਿਹਨ ਵਿਚ 2020 `ਚ ਮੋਦੀ ਦੇ ਦੇਸ਼ ਪੱਧਰੀ ਲੌਕਡਾਊਨ ਦੀ ਦਹਿਸ਼ਤ ਹੈ।
ਇਹ ਦੁਨੀਆ ਦਾ ਸਭ ਤੋਂ ਸਖਤ ਲੌਕਡਾਊਨ ਸੀ, ਜਿਸ ਨੂੰ ਮਹਿਜ਼ ਚਾਰ ਘੰਟਿਆਂ ਦੇ ਨੋਟਿਸ ਉਪਰ ਲਾਗੂ ਕਰ ਦਿੱਤਾ ਗਿਆ ਸੀ। ਇਸ ਨਾਲ ਪਰਵਾਸੀ ਮਜ਼ਦੂਰ ਰੋਜ਼ਗਾਰ ਤੋਂ ਬਿਨਾਂ, ਰਿਹਾਇਸ਼ ਦੇ ਕਿਰਾਏ ਜੋਗੇ ਪੈਸਿਆਂ ਤੋਂ ਬਿਨਾਂ, ਖਾਣੇ ਅਤੇ ਆਵਾਜਾਈ ਦੇ ਸਾਧਨਾਂ ਦੀ ਅਣਹੋਂਦ `ਚ ਸ਼ਹਿਰਾਂ ਵਿਚ ਫਸ ਗਏ ਸਨ। ਕਈਆਂ ਨੂੰ ਆਪਣੇ ਦੂਰ-ਦਰਾਜ ਪਿੰਡਾਂ ਵਿਚਲੇ ਆਪਣੇ ਘਰਾਂ `ਚ ਪਹੁੰਚਣ ਲਈ ਸੈਂਕੜੇ ਮੀਲ ਤੁਰਨਾ ਪਿਆ, ਸੈਂਕੜੇ ਰਸਤੇ `ਚ ਹੀ ਦਮ ਤੋੜ ਗਏ। ਇਸ ਵਾਰ, ਹਾਲਾਂਕਿ ਕੋਈ ਦੇਸ਼ ਪੱਧਰੀ ਲੌਕਡਾਊਨ ਨਹੀਂ ਹੈ, ਮਜ਼ਦੂਰਾਂ ਨੇ ਹੁਣੇ ਚਾਲੇ ਪਾ ਦਿੱਤੇ ਹਨ, ਜਦੋਂ ਆਵਾਜਾਈ ਅਜੇ ਮਿਲ ਰਹੀ ਹੈ, ਜਦੋਂ ਟਰੇਨਾਂ ਅਤੇ ਬੱਸਾਂ ਅਜੇ ਚੱਲ ਰਹੀਆਂ ਹਨ। ਉਹ ਚੱਲ ਪਏ ਹਨ ਕਿਉਂਕਿ ਉਹ ਜਾਣਦੇ ਹਨ ਕਿ ਚਾਹੇ ਉਹ ਇਸ ਵਿਸ਼ਾਲ ਮੁਲਕ ਦੀ ਆਰਥਿਕਤਾ ਦਾ ਇੰਜਣ ਹਨ, ਜਦੋਂ ਕੋਈ ਸੰਕਟ ਆਉਂਦਾ ਹੈ ਤਾਂ ਇਸ ਪ੍ਰਸ਼ਾਸਨ ਦੀਆਂ ਨਜ਼ਰਾਂ `ਚ ਉਨ੍ਹਾਂ ਦੀ ਕੋਈ ਹੋਂਦ ਨਹੀਂ ਹੁੰਦੀ।
ਇਸ ਸਾਲ ਦੇ ਪਲਾਇਨ ਦੇ ਨਤੀਜੇ `ਚ ਇਕ ਵੱਖਰੀ ਤਰ੍ਹਾਂ ਦੀ ਗੜਬੜ ਹੋਈ ਹੈ: ਆਪਣੇ ਪਿੰਡਾਂ ਦੇ ਘਰਾਂ `ਚ ਵੜਨ ਤੋਂ ਪਹਿਲਾਂ ਉਨ੍ਹਾਂ ਲਈ ਕੁਆਰੰਟੀਨ `ਚ ਰਹਿਣ ਲਈ ਕੋਈ ਸੈਂਟਰ ਵੀ ਨਹੀਂ ਹੈ। ਸ਼ਹਿਰਾਂ ਵਿਚ ਫੈਲੇ ਵਾਇਰਸ ਤੋਂ ਪਿੰਡਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਦਾ ਕੋਈ ਦਿਖਾਵਾ ਤੱਕ ਨਹੀਂ ਕੀਤਾ ਜਾ ਰਿਹਾ। ਇਹ ਉਹ ਪਿੰਡ ਹਨ ਜਿੱਥੇ ਲੋਕ ਸੌਖਿਆਂ ਹੀ ਇਲਾਜ ਯੋਗ ਟੱਟੀਆਂ-ਉਲਟੀਆਂ ਅਤੇ ਟੀ.ਬੀ. ਵਰਗੀਆਂ ਬਿਮਾਰੀਆਂ ਨਾਲ ਮਰ ਜਾਂਦੇ ਹਨ। ਉਹ ਕੋਵਿਡ ਦਾ ਸਾਹਮਣਾ ਕਿਵੇਂ ਕਰਨਗੇ? ਕੀ ਉਨ੍ਹਾਂ ਕੋਲ ਕੋਵਿਡ ਟੈਸਟ ਦੀ ਸਹੂਲਤ ਹੈ? ਕੀ ਹਸਪਤਾਲ ਹਨ? ਕੀ ਉਥੇ ਆਕਸੀਜਨ ਹੈ? ਉਸ ਤੋਂ ਅੱਗੇ, ਕੀ ਪਿਆਰ ਹੈ? ਪਿਆਰ ਨੂੰ ਭੁੱਲ ਜਾਓ, ਕੋਈ ਚਿੰਤਾ ਵੀ ਹੈ? ਨਹੀਂ ਹੈ। ਜਿੱਥੇ ਭਾਰਤ ਦਾ ਜਨਤਕ ਦਿਲ ਹੋਣਾ ਚਾਹੀਦਾ ਹੈ, ਉਥੇ ਇਕ ਦਿਲਨੁਮਾ ਖੋਲ ਹੈ ਜਿਸ ਵਿਚ ਸਰਦ ਬੇਪ੍ਰਵਾਹੀ ਭਰੀ ਹੋਈ ਹੈ। (ਚੱਲਦਾ)