ਬੰਗਾਲ ਦੀਆਂ ਚੋਣਾਂ ਅਤੇ ਸਿਆਸਤ ਦੇ ਰੰਗ

ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਨੇ ਸਭ ਨੂੰ ਸੁਖ ਦਾ ਸਾਹ ਦਿਵਾਇਆ ਹੈ। ਸਿਆਸੀ ਮਾਹਿਰਾਂ ਮੁਤਾਬਿਕ, ਇਹ ਸੰਭਵ ਹੈ ਕਿ ਇਸ ਹਾਰ ਨਾਲ ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੂੰ ਕੋਈ ਬਹੁਤਾ ਫਰਕ ਨਾ ਪਵੇ, ਕਿਉਂਕਿ ਉਹ ਆਪਣੀ ਜ਼ਹਿਰੀਲੀ ਸਿਆਸਤ ਵਿਚ ਅੰਨ੍ਹੀ ਹੋ ਕੇ ਲੱਗੀ ਹੋਈ ਹੈ ਪਰ ਇਹ ਗੱਲ ਸਾਫ ਹੈ ਕਿ ਜੇ ਕਿਤੇ ਪੱਛਮੀ ਬੰਗਾਲ ਵਿਚ ਇਸ ਪਾਰਟੀ ਦੀ ਜਿੱਤ ਹੋ ਜਾਂਦੀ ਤਾਂ ਇਸ ਦੀ ਸਿਆਸਤ ਹੋਰ ਬੇਕਾਬੂ ਅਤੇ ਹੋਰ ਨਿਰਦਈ ਜ਼ਰੂਰ ਹੋ ਜਾਣੀ ਸੀ।

ਉਘੇ ਪੱਤਰਕਾਰ ਅਭੈ ਕੁਮਾਰ ਦੂਬੇ ਆਪਣੇ ਇਸ ਲੇਖ ਵਿਚ ਤਿਣਮੂਲ ਕਾਂਗਰਸ ਦੀ ਆਗੂ ਮਮਤਾ ਬੈਨਰਜੀ ਦੀ ਜਿੱਤ ਬਾਰੇ ਚਰਚਾ ਕੀਤੀ ਹੈ।

ਅਭੈ ਕੁਮਾਰ ਦੂਬੇ
ਬੰਗਾਲ ਦੇ ਚੋਣ ਯੁੱਧ ਵਿਚ ਮਮਤਾ ਬੈਨਰਜੀ ਦੀ ਬੇਮਿਸਾਲ ਜਿੱਤ ਦਾ ਵਿਸ਼ਲੇਸ਼ਣ ਕਰਦਿਆਂ ਇਕ ਟੀ.ਵੀ. ਐਂਕਰ ਨੇ ਸਿੱਟਾ ਕੱਢਿਆ ਹੈ ਕਿ ਘੱਟ ਗਿਣਤੀ ਦੀਆਂ ਬਹੁਗਿਣਤੀ ਵੋਟਾਂ, ਔਰਤਾਂ ਦੀਆਂ ਵੋਟਾਂ ਅਤੇ ਬਹੁਗਿਣਤੀ ਦੀਆਂ ਘੱਟ ਗਿਣਤੀ ਵੋਟਾਂ ਨੇ ਮਿਲ ਕੇ ਦੀਦੀ ਨੂੰ ਦੋ ਤਿਹਾਈ ਬਹੁਮਤ ਦਿਵਾਇਆ ਹੈ। ਇਸ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਹਿੰਦੂ ਵੋਟਾਂ ਦੀਦੀ ਨੂੰ ਬਹੁਤ ਘੱਟ ਮਿਲੀਆਂ, ਮੁਸਲਮਾਨ ਵੋਟਾਂ ਦਾ ਬਹੁਤ ਵੱਡਾ ਹਿੱਸਾ ਮਿਲਿਆ ਅਤੇ ਔਰਤਾਂ ਨੇ ਉਨ੍ਹਾਂ ਨੂੰ ਰੱਜ ਕੇ ਵੋਟਾਂ ਪਾਈਆਂ ਪਰ ਇਹ ਦਲੀਲ ਸਪਸ਼ਟ ਨਹੀਂ ਹੈ ਕਿ ਜਿਸ ਘੱਟ ਗਿਣਤੀ ਅਤੇ ਜਿਸ ਬਹੁਗਿਣਤੀ ਦਾ ਇੱਥੇ ਜ਼ਿਕਰ ਕੀਤਾ ਜਾ ਰਿਹਾ ਹੈ, ਉਸ ਵਿਚ ਔਰਤਾਂ ਸ਼ਾਮਿਲ ਹਨ ਜਾਂ ਨਹੀਂ? ਬੰਗਾਲ ਦੇ ਵੋਟਰ ਮੰਡਲ ਵਿਚ 48-49 ਫੀਸਦੀ ਔਰਤਾਂ ਸ਼ਾਮਿਲ ਹਨ। ਇਹ ਹਿੰਦੂ ਵੀ ਹਨ ਅਤੇ ਮੁਸਲਮਾਨ ਵੀ। ਜੇ ਹਿੰਦੂਆਂ ਦੀਆਂ ਅੱਧੀਆਂ ਵੋਟਾਂ ਦਾ ਵੱਡਾ ਹਿੱਸਾ ਮਮਤਾ ਬੈਨਰਜੀ ਨੂੰ ਮਿਲਿਆ ਹੈ ਤਾਂ ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਉਨ੍ਹਾਂ ਦੀ ਪਾਰਟੀ ਨੂੰ ਹਿੰਦੂ ਵੋਟਾਂ ਬਹੁਤ ਘੱਟ ਮਿਲੀਆਂ ਹੋਣ। ਮਮਤਾ ਨੂੰ ਮਿਲਣ ਵਾਲੀਆਂ ਹਿੰਦੂ ਵੋਟਾਂ ਭਾਜਪਾ ਤੋਂ ਕੁਝ ਘੱਟ ਤਾਂ ਹੋ ਸਕਦੀਆਂ ਹਨ ਪਰ ਉਹ ਬਹੁਤ ਘੱਟ ਜਾਂ ਘੱਟ ਗਿਣਤੀ ਦੀ ਸ਼੍ਰੇਣੀ ਵਿਚ ਨਹੀਂ ਆ ਸਕਦੀਆਂ।
ਦਰਅਸਲ, ਜਿਸ ਪਾਰਟੀ ਨੂੰ 48 ਫੀਸਦੀ ਵੋਟਾਂ ਅਤੇ ਉਸ ਕਾਰਨ 214 ਸੀਟਾਂ ਮਿਲੀਆਂ ਹੋਣ, ਉਸ ਨੂੰ ਸਮਾਜ ਦੇ ਹਰ ਤਬਕੇ ਦਾ ਸਮਰਥਨ ਮਿਲੇ ਬਿਨਾਂ ਇਸ ਤਰ੍ਹਾਂ ਦਾ ਬਹੁਮਤ ਨਹੀਂ ਮਿਲ ਸਕਦਾ। ਸੀ.ਐਸ.ਡੀ.ਐਸ. ਲੋਕਨੀਤੀ ਵਲੋਂ ਵੋਟਾਂ ਤੋਂ ਬਾਅਦ ਕੀਤੇ ਗਏ ਸਰਵੇਖਣ ਦੇ ਅੰਕੜੇ ਮੋਟੇ ਤੌਰ ‘ਤੇ ਦੱਸਦੇ ਹਨ ਕਿ ਹਿੰਦੂ ਵੋਟਾਂ ਦਾ ਕਰੀਬ 40 ਫੀਸਦੀ ਤ੍ਰਿਣਮੂਲ ਕਾਂਗਰਸ ਮਿਲਿਆ ਹੈ। ਮੁਸਲਮਾਨ ਵੋਟਾਂ ਦਾ 70 ਫੀਸਦੀ ਵੀ ਉਸ ਦੇ ਖਾਤੇ ਵਿਚ ਪਿਆ ਹੈ। ਔਰਤਾਂ ਦੀਆਂ ਵੋਟਾਂ ਵਿਚ ਵੀ ਤ੍ਰਿਣਮੂਲ ਨੂੰ ਭਾਜਪਾ ‘ਤੇ ਚੜ੍ਹਤ ਪ੍ਰਾਪਤ ਹੋਈ ਹੈ। ਹਰ ਸੌ ਔਰਤ ਵੋਟਰਾਂ ਵਿਚੋਂ ਮਮਤਾ ਨੂੰ 50 ਨੇ ਵੋਟਾਂ ਪਾਈਆਂ ਹੋਣਗੀਆਂ ਅਤੇ ਭਾਜਪਾ ਨੂੰ 37 ਔਰਤਾਂ ਨੇ। ਇਸੇ ਤਰ੍ਹਾਂ ਕਮਜ਼ੋਰ ਜਾਤਾਂ ਦੀ ਚਰਚਾ ਕੀਤੀ ਜਾਵੇ ਤਾਂ ਤਸਵੀਰ ਕੁਝ ਜ਼ਿਆਦਾ ਵੱਖ ਦਿਖਾਈ ਨਹੀਂ ਦਿੰਦੀ। ਜਿਨ੍ਹਾਂ ਹਲਕਿਆਂ ਵਿਚ ਮਤੂਆ (ਨਾਮਸ਼ੂਦਰ) ਵੋਟਰਾਂ ਨਿਰਣਾਇਕ ਸਨ, ਉਥੇ ਵੀ ਤ੍ਰਿਣਮੂਲ ਨੇ ਬਾਜ਼ੀ ਮਾਰੀ ਹੈ। ਇਸ ਸਰਵੇਖਣ ਵਿਚ ਸਾਫ ਤੌਰ ‘ਤੇ ਦਿਖਾਈ ਦਿੰਦਾ ਹੈ ਕਿ ਪਛੜੀਆਂ ਜਾਤਾਂ ਅਤੇ ਅਨੁਸੂਚਿਤ ਜਾਤਾਂ ਵਿਚ ਵੀ ਪੱਲੜਾ ਮਮਤਾ ਦੇ ਪੱਖ ਵਿਚ ਹੀ ਝੁਕਿਆ ਰਿਹਾ ਹੈ।
ਇਨ੍ਹਾਂ ਅੰਕੜਿਆਂ ਨੇ ਇਕ ਗੱਲ ਨਿਰਵਿਵਾਦ ਰੂਪ ਨਾਲ ਸਾਫ ਕਰ ਦਿੱਤੀ ਹੈ ਕਿ ਬੰਗਾਲ ਵਿਚ ਕਿਸੇ ਕਿਸਮ ਦੀ ਸਰਕਾਰ ਵਿਰੋਧੀ ਭਾਵਨਾ ਨਹੀਂ ਸੀ, ਸਰਕਾਰ ਵਿਰੋਧੀ ਲਹਿਰ ਦੀ ਗੱਲ ਤਾਂ ਛੱਡ ਹੀ ਦੇਣੀ ਚਾਹੀਦੀ ਹੈ। ਬਿਹਾਰ ਤੋਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਸਰਕਾਰ ਵਿਰੋਧੀ ਭਾਵਨਾਵਾਂ ਬਾਰੇ ਮੀਡੀਆ ਵਲੋਂ ਕੀਤੇ ਦਾਅਵੇ ਗਲਤ ਨਿਕਲੇ ਹਨ। ਸਿੱਟੇ ਵਜੋਂ ਇਹ ਕਿਹਾ ਜਾ ਸਕਦਾ ਹੈ ਕਿ ਸਰਕਾਰ ਵਿਰੋਧੀ ਭਾਵਨਾ ਦੋ ਤਰ੍ਹਾਂ ਦੀ ਹੁੰਦੀ ਹੈ। ਇਕ ਉਹ ਜੋ ਸੁਭਾਵਿਕ ਤੌਰ ‘ਤੇ ਜ਼ਮੀਨ ‘ਤੇ ਮੌਜੂਦ ਹੁੰਦੀ ਹੈ ਅਤੇ ਹਰ ਸਰਕਾਰ ਨੂੰ ਕਿਸੇ ਨਾ ਕਿਸੇ ਰੂਪ ਵਿਚ ਉਸ ਦਾ ਸਾਹਮਣਾ ਕਰਨਾ ਪੈਂਦਾ ਹੀ ਹੈ। ਦੂਜੀ ਉਹ ਜੋ ਮੀਡੀਆ ਵਾਲੇ ਦਿਖਾਉਂਦੇ ਹਨ; ਭਾਵ ਜੋ ਪੱਤਰਕਾਰਾਂ ਵਲੋਂ ਘੜੀ ਜਾਂਦੀ ਹੈ। ਬਿਹਾਰ ਵਿਚ ਨਿਤੀਸ਼ ਕੁਮਾਰ ਦੇ ਖਿਲਾਫ ਵੀ ਇਸੇ ਤਰ੍ਹਾਂ ਦੀ ਸਰਕਾਰ ਵਿਰੋਧੀ ਭਾਵਨਾ ਦਿਖਾਈ ਜਾ ਰਹੀ ਸੀ। ਬੰਗਾਲ ਵਿਚ ਤਾਂ ਇਸ ਬਾਰੇ ਵਿਚ ਪਰਲੇ ਦਰਜੇ ਦੀਆਂ ਗੱਲਾਂ ਬੇਹੱਦ ਵਧਾ-ਚੜ੍ਹਾ ਕੇ ਪੇਸ਼ ਕੀਤੀਆਂ ਜਾ ਰਹੀਆਂ ਸਨ। ਬੰਗਾਲ ਦੀ ਜ਼ਮੀਨ ਨਾਲ ਤਾਅਲੁਕ ਰੱਖਣ ਦਾ ਦਾਅਵਾ ਕਰਨ ਵਾਲੀ ਅਤੇ ਚੋਣਾਂ ਦੌਰਾਨ ਪੂਰੇ ਪ੍ਰਦੇਸ਼ ਵਿਚ ਰਿਪੋਰਟਿੰਗ ਕਰਨ ਵਾਲੀ ਇਕ ਰਿਪੋਰਟਰ ਦਾ ਤਾਂ ਇੱਥੋਂ ਤੱਕ ਕਹਿਣਾ ਸੀ ਕਿ ਭਾਜਪਾ ਦੀ ਜਿੱਤ ਦੀਆਂ ਸੰਭਾਵਨਾਵਾਂ 175 ਸੀਟਾਂ ਤੋਂ ਸ਼ੁਰੂ ਹੋਣ ਵਾਲੀਆਂ ਹਨ; ਭਾਵ ਉਸ ਨੂੰ ਪੌਣੇ ਦੋ ਸੌ ਸੀਟਾਂ ਮਿਲਣਗੀਆਂ। ਇਹ ਪੱਤਰਕਾਰ ਵੋਟਾਂ ਦੀ ਗਿਣਤੀ ਦੇ ਦਿਨ ਸਵੇਰੇ ਸੱਤ ਵਜੇ ਤੱਕ ਟੀ.ਵੀ. ‘ਤੇ ਇਹੀ ਦਾਅਵਾ ਕਰ ਰਹੀ ਸੀ।
ਇਸ ਤਰ੍ਹਾਂ ਬੁੱਧੀਜੀਵੀ ਹੋਣ ਦਾ ਦਾਅਵਾ ਕਰਨ ਵਾਲੇ ਇਕ ਸੱਜਣ ਆਪਣੇ ਯੂ-ਟਿਊਬ ਇੰਟਰਵਿਊ ਵਿਚ ਵਿਸਥਾਰ ਨਾਲ ਵਿਸ਼ਲੇਸ਼ਣ ਕਰਦਿਆਂ ਸਰਕਾਰ ਵਿਰੋਧੀ ਲਹਿਰ ਦੀ ਤਸਵੀਰ ਖਿੱਚ ਰਹੇ ਸਨ। ਇਸ ‘ਜ਼ਮੀਨ ਨਾਲ ਜੁੜੀ’ ਪੱਤਰਕਾਰ ਅਤੇ ‘ਸੱਜਣ’ ਬੁੱਧੀਜੀਵੀ ਦੀ ਦਲੀਲ ਉਹੀ ਸੀ ਜੋ ਭਾਜਪਾ ਦੇ ਸੂਬਾ ਪ੍ਰਧਾਨ ਦਿਲੀਪ ਘੋਸ਼ ਵਾਰ-ਵਾਰ ਦੇ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਬੰਗਾਲ ਦਾ ਵੋਟਰ ਤ੍ਰਿਣਮੂਲ ਕਾਂਗਰਸ ਦੀ ਦਾਦਾਗਿਰੀ ਤੋਂ ਡਰਿਆ ਹੋਇਆ ਹੈ। ਇਸ ਲਈ ਉਹ ਸਰਵੇਖਣਾਂ ਵਿਚ ਇਹ ਕਹਿਣ ਤੋਂ ਪਰਹੇਜ਼ ਕਰਦਾ ਹੈ ਕਿ ਬੰਗਾਲ ਵਿਚ ਇਸ ਵਾਰ ਤਬਦੀਲੀ ਹੋਣ ਵਾਲੀ ਹੈ। ਚੋਣ ਸਿੱਟਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਸਭ ਗੱਲਾਂ ਜਾਂ ਤਾਂ ਗਲਤਫਹਿਮੀ ਸੀ, ਜਾਂ ਫਿਰ ਜਾਣਬੁੱਝ ਕੇ ਬੋਲਿਆ ਜਾਣ ਵਾਲਾ ਝੂਠ ਸੀ।
ਬੰਗਾਲ ਵਿਚ ਸਰਕਾਰ ਵਿਰੋਧੀ ਭਾਵਨਾਵਾਂ ਦੇਖਣ ‘ਤੇ ਤੁਲੇ ਲੋਕਾਂ ਨੇ ਇਕ ਦੂਜੀ ਹਕੀਕਤ ਵਲੋਂ ਅੱਖਾਂ ਮੀਟ ਰੱਖੀਆਂ ਸਨ। ਉਹ ਹਕੀਕਤ ਹੈ ਮਮਤਾ ਬੈਨਰਜੀ ਵਲੋਂ ਸਥਾਨਕ ਪੱਧਰ ‘ਤੇ ਭ੍ਰਿਸ਼ਟਾਚਾਰ ਕਰਨ ਵਾਲੇ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਨੂੰ ਨੱਥ ਪਾਉਣ ਦੀ ਕਾਰਵਾਈ। ਇਸ ਦੀਆਂ ਬਹੁਤ ਮਿਸਾਲਾਂ ਹਨ; ਜਿਵੇਂ ਦੱਖਣੀ 24 ਪਰਗਨਾ ਅਤੇ ਡਾਇਮੰਡ ਹਾਰਬਰ ਵਿਚ ਮਮਤਾ ਨੇ ਖੁਦ ਸ਼ੌਕਤ ਮੁੱਲਾ ਅਤੇ ਅਬਦੁੱਲ ਇਸਲਾਮ ਵਰਗੇ ਆਪਣੇ ਆਗੂਆਂ ਨੂੰ ਮਜਬੂਰ ਕੀਤਾ ਕਿ ਉਹ ਜਨਤਾ ਤੋਂ ਜਬਰੀ ਉਗਰਾਹੀਆਂ ਰਕਮਾਂ ਮੋੜਨ। ਉਸ ਤਰ੍ਹਾਂ ਦੀਆਂ ਘਟਨਾਵਾਂ ਨੇ ਮਮਤਾ ਦੇ ਅਕਸ ਨੂੰ ਜਨਤਾ ਦੀਆਂ ਨਜ਼ਰਾਂ ਵਿਚ ਅਸਮਾਨ ਦੀਆਂ ਉਚਾਈਆਂ ‘ਤੇ ਪਹੁੰਚਾ ਦਿੱਤਾ। ਅਸਲ ਵਿਚ 2019 ਦੀਆਂ ਲੋਕ ਸਭਾ ਚੋਣਾਂ ਵਿਚ ਜਦੋਂ ਨਤੀਜੇ ਆਸ ਤੋਂ ਉਲਟ ਨਿਕਲੇ ਸਨ ਤਾਂ ਮਮਤਾ ਹੈਰਾਨ ਹੋਈ ਸੀ। ਉਨ੍ਹਾਂ ਨੇ ਦੋ ਪਾਸੜ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਸੀ।
ਇਕ ਪਾਸੇ ਤਾਂ ਉਨ੍ਹਾਂ ਨੇ ਸਾਰੇ ਬੰਗਾਲ ਵਿਚ ਹੇਠਲੇ ਪੱਧਰ ‘ਤੇ ਫੈਲੇ ਭ੍ਰਿਸ਼ਟਾਚਾਰ ਨੂੰ ਸੀਮਤ ਕਰਨ ਦੀ ਮੁਹਿੰਮ ਚਲਾਈ ਤਾਂ ਕਿ ਆਮ ਲੋਕਾਂ ਵਿਚ ਪਾਰਟੀ ਖਿਲਾਫ ਵਧ ਰਹੀ ਨਾਰਾਜ਼ਗੀ ਦੂਰ ਕੀਤੀ ਜਾ ਸਕੇ; ਦੂਜੇ ਪਾਸੇ ਉਸ ਨੇ ਆਪਣੀ ਸਰਕਾਰ ਦੇ ਅਕਸ ਨੂੰ ਮਜ਼ਬੂਤ ਕਰਨ ਦਾ ਨਿਰਣਾ ਕੀਤਾ। ਰੂਪਾਸ੍ਰੀ (ਵਿਆਹੀਆਂ ਔਰਤਾਂ ਲਈ), ਕੰਨਿਆਸ੍ਰੀ (ਵਿਦਿਆਰਥਣਾਂ ਲਈ) ਅਤੇ ਸਬੂਜ ਸਾਥੀ (ਕਿਸਾਨਾਂ ਲਈ) ਵਰਗੀਆਂ ਸਕੀਮਾਂ ਪਹਿਲਾਂ ਤੋਂ ਹੀ ਚੱਲ ਰਹੀਆਂ ਸਨ। ਇਹ ਸਕੀਮਾਂ ਬੰਗਾਲ ਦੇ ਔਰਤ ਸਮਾਜ ਅਤੇ ਗਰੀਬ ਕਿਸਾਨਾਂ ਨੂੰ ਚੋਖਾ ਪ੍ਰਭਾਵਿਤ ਕਰਨ ਵਾਲੀਆਂ ਸਨ। ਮਮਤਾ ਬੈਨਰਜੀ ਨੇ ਇਸ ਵਿਚ ‘ਦੁਆਰੇ ਸਰਕਾਰ’ ਅਤੇ ‘ਦੀਦੀ ਕੇ ਬੋਲੋ’ ਨੂੰ ਹੋਰ ਜੋੜਿਆ। ਦੁਆਰੇ ਸਰਕਾਰ ਕਾਰਨ ਲੋਕਾਂ ਨੂੰ ਲੱਗਾ ਕਿ ਸਰਕਾਰ ਉਨ੍ਹਾਂ ਦੀ ਦਹਿਲੀਜ਼ ਤੱਕ ਪਹੁੰਚ ਸਕਦੀ ਹੈ ਅਤੇ ‘ਦੀਦੀ ਕੇ ਬੋਲੋ’ ਰਾਹੀਂ ਉਹ ਕੇਂਦਰੀਕ੍ਰਿਤ ਫੋਨ ਨੰਬਰ ‘ਤੇ ਆਪਣੀਆਂ ਸ਼ਿਕਾਇਤਾਂ ਮੁੱਖ ਮੰਤਰੀ ਤੱਕ ਪਹੁੰਚਾਉਣ ਲੱਗੇ ਸਨ। ਇਸੇ ਤਰ੍ਹਾਂ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਹਫਤੇ ਵਿਚ ਦੋ ਦਿਨ ਆਂਡੇ ਮਿਲਣ ਲੱਗੇ। ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਅਨੁਸੂਚਿਤ ਜਾਤਾਂ ਦੇ ਲੋਕਾਂ ਨੂੰ ਐਸ.ਸੀ. ਪ੍ਰਮਾਣ ਪੱਤਰ ਬਣਾ ਕੇ ਬਿਨਾਂ ਕਿਸੇ ਖਰਚੇ ਦੇ ਸਹੂਲਤਾਂ ਦਿੱਤੀਆਂ ਜਾਣ।
ਬੰਗਾਲ ਦੀਆਂ ਚੋਣਾਂ ਵਿਚ ਨਾ ਬੁੱਝੀ ਜਾ ਸਕਣ ਵਾਲੀ ਗੁੰਝਲ ਇਹ ਸੀ ਕਿ ਕਾਂਗਰਸ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਗੱਠਜੋੜ ਦਾ ਪ੍ਰਦਰਸ਼ਨ ਕਿਹੋ ਜਿਹਾ ਹੋਵੇਗਾ? ਉਨ੍ਹਾਂ ਨੂੰ ਜੋ ਵੋਟਾਂ ਮਿਲਣਗੀਆਂ, ਉਨ੍ਹਾਂ ਨਾਲ ਕਿਸ ਦਾ ਨੁਕਸਾਨ ਹੋਵੇਗਾ ਅਤੇ ਕਿਸ ਦਾ ਫਾਇਦਾ ਹੋਵੇਗਾ? ਇਹ ਗੱਠਜੋੜ ਦੋ ਤਰ੍ਹਾਂ ਦੀ ਭੂਮਿਕਾ ਨਿਭਾਅ ਸਕਦਾ ਸੀ। ਪਹਿਲਾ ਇਹ ਕਿ ਗੱਠਜੋੜ ਭਾਜਪਾ ਤੋਂ ਆਪਣੀਆਂ ਉਨ੍ਹਾਂ ਵੋਟਾਂ ਦਾ ਇਕ ਹਿੱਸਾ ਵਾਪਸ ਲੈ ਸਕਦਾ ਸੀ ਜੋ ਲੋਕ ਸਭਾ ਚੋਣਾਂ ਵਿਚ ਇਨ੍ਹਾਂ ਪਾਰਟੀਆਂ ਦੇ ਹੱਥੋਂ ਕਿਰ ਗਈਆਂ ਸਨ। ਇਸ ਸੂਰਤ ਵਿਚ ਉਹ ਭਾਜਪਾ ਦਾ ਨੁਕਸਾਨ ਕਰ ਸਕਦਾ ਸੀ। ਦੂਜੀ ਸਥਿਤੀ ਇਹ ਹੋ ਸਕਦੀ ਸੀ ਕਿ ਇੰਡੀਅਨ ਸੈਕੂਲਰ ਫਰੰਟ ਵਰਗੀ ਪਾਰਟੀ ਨਾਲ ਮਿਲ ਕੇ ਇਹ ਗੱਠਜੋੜ ਮੁਸਲਮਾਨ ਵੋਟਾਂ ਵੰਡ ਦਿੰਦਾ ਅਤੇ ਇਸੇ ਤਰ੍ਹਾਂ ਮਮਤਾ ਬੈਨਰਜੀ ਦਾ ਨੁਕਸਾਨ ਕਰਦਾ। ਸਿੱਟੇ ਇਹ ਦੱਸਦੇ ਹਨ ਕਿ ਇਹ ਗੱਠਜੋੜ ਦੋਵਾਂ ਕੰਮਾਂ ਵਿਚ ਹੀ ਨਾਕਾਮ ਰਿਹਾ। ਨਾ ਤਾਂ ਉਸ ਨੇ ਭਾਜਪਾ ਤੋਂ ਆਪਣੀਆਂ ਵੋਟਾਂ ਵਾਪਸ ਲਈਆਂ ਅਤੇ ਨਾ ਹੀ ਮੁਸਲਮਾਨ ਵੋਟਰਾਂ ਵਿਚ ਉਸ ਪ੍ਰਤੀ ਕੋਈ ਆਕਰਸ਼ਣ ਪੈਦਾ ਹੋ ਸਕਿਆ। ਇਸ ਗੱਠਜੋੜ ਨੂੰ ਤਿਆਰ ਕਰਨ ਵਿਚ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਆਗੂ ਮੁਹੰਮਦ ਸਲੀਮ ਨੇ ਮੁੱਖ ਭੂਮਿਕਾ ਨਿਭਾਈ ਸੀ। ਉਹ ਖੁਦ ਆਪਣੀ ਚੋਣ ਬਹੁਤ ਵੱਡੇ ਅੰਤਰ ਨਾਲ ਹਾਰ ਗਏ ਹਨ।
ਇਕ ਹੋਰ ਗੱਲ ਸੀ ਜਿਸ ਨੂੰ ਅੰਗਰੇਜ਼ੀ ਵਿਚ ‘ਬੰਗਾਲੀ ਅਕਸਪ੍ਰੈਸ਼ਨ’ ਕਹਿੰਦੇ ਹਨ। ਇਸ ਦਾ ਮਤਲਬ ਇਹ ਹੁੰਦਾ ਹੈ ਕਿ ਬੰਗਾਲੀਆਂ ਦਾ ਆਪਣੀ ਭਾਸ਼ਾ, ਸਭਿਆਚਾਰ, ਪਹਿਰਾਵੇ, ਖਾਣ-ਪੀਣ ਅਤੇ ਬੰਗਾਲੀਅਤ ਨਾਲ ਬਹੁਤ ਪਿਆਰ ਹੈ। ਭਾਜਪਾ ਦੀ ਚੋਣ ਮੁਹਿੰਮ ਦਾ ਲਹਿਜਾ ਅਤੇ ਰਵੱਈਆ ਇਸ ਬੰਗਾਲੀਅਤ ਲਈ ਖੁੱਲ੍ਹਾ ਖਤਰਾ ਸੀ। ਇਸ ਦਾ ਉਲਟਾ ਅਸਰ ਪੈਣਾ ਸੁਭਾਵਿਕ ਹੀ ਸੀ। ਹਰ ਬੰਗਾਲੀ ਹਿੰਦੀ ਸਮਝਦਾ ਹੈ, ਹਿੰਦੀ ਫਿਲਮਾਂ ਵੀ ਦੇਖਦਾ ਹੈ, ਹਿੰਦੀ ਫਿਲਮਾਂ ਵਿਚ ਬੰਗਾਲੀਆਂ ਦਾ ਯੋਗਦਾਨ ਵੀ ਇਤਿਹਾਸਕ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਹਿੰਦੀ ਵਿਚ ਦਿੱਤੇ ਗਏ ਭਾਸ਼ਨ ਉਨ੍ਹਾਂ ‘ਤੇ ਥੋਪ ਦਿੱਤੇ ਜਾਣ। ਭਾਜਪਾ ਨੇ ਜ਼ਿਦ ਕਰ ਕੇ ਇਹੀ ਕੀਤਾ। ਉਸ ਨੇ ਮਮਤਾ ਬੈਨਰਜੀ ਦੇ ਮੁਕਾਬਲੇ ਕੋਈ ਬੰਗਾਲੀ ਚਿਹਰਾ ਉਤਾਰਨਾ ਜ਼ਰੂਰੀ ਨਹੀਂ ਸਮਝਿਆ। ਜ਼ਾਹਰਾ ਤੌਰ ‘ਤੇ ਭਾਜਪਾ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਹੀ ਪੈਣਾ ਸੀ।