ਮਈ ਦਿਵਸ ਦਾ ਵਿਰਸਾ

ਮਈ ਦਾ ਮਹੀਨਾ ਦੁਨੀਆਂ ਭਰ ਵਿਚ ਮਿਹਨਤੀ ਲੋਕਾਂ ਦੇ ਹੱਕੀ ਸੰਘਰਸ਼ਾਂ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ। ਮਈ ਮਹੀਨੇ ਦੀ ਪਹਿਲੀ ਤਾਰੀਖ ਨੂੰ ਦੁਨੀਆਂ ਭਰ ਵਿਚ ਮਜ਼ਦੂਰ ਜਮਾਤ ਅਤੇ ਹੋਰ ਮਿਹਨਤੀ ਲੋਕ ਸਿ਼ਕਾਗੋ ਦੇ ਅਮਰ ਸ਼ਹੀਦਾਂ ਨੂੰ ਯਾਦ ਕਰਦੇ ਹਨ ਅਤੇ ਕੀਤੇ ਸੰਘਰਸ਼ਾਂ ਦੀ ਪੜਚੋਲ ਕਰਦਿਆਂ ਲੁੱਟ ਰਹਿਤ ਸਮਾਜ ਦੀ ਸਿਰਜਣਾ ਦੇ ਪ੍ਰਣ ਨੂੰ ਦ੍ਰਿੜਾਉਂਦੇ ਹਨ। ਇਹ ਕੌਮਾਂਤਰੀ ਦਿਵਸ ਸਮੁੱਚੇ ਸੰਸਾਰ ਅਤੇ ਕਿਰਤੀਆਂ ਵਿਚਕਾਰ ਸਮਾਜੀ ਸਾਂਝ ਦੀ ਭਾਵਨਾ ਦਾ ਸੰਚਾਰ ਕਰਦਾ ਹੈ, ਏਕੇ ਦੀ ਮਹੱਤਤਾ ਦੱਸਦਾ ਹੈ।

ਮਈ ਦਿਵਸ ਦਾ ਇਤਿਹਾਸ 19ਵੀਂ ਸਦੀ ਦੇ ਇੰਡਸਟ੍ਰੀਅਲ ਰੈਵੋਲਿਊਸ਼ਨ (ੀਨਦੁਸਟਰਅਿਲ ੍ਰੲਵੋਲੁਟੋਿਨ) ਪਿਛੋਂ ਯੂਰਪ ਵਿਚ ਸ਼ੁਰੂ ਹੋਇਆ, ਜਦੋਂ ਕਾਰਖਾਨੇਦਾਰ ਆਪਣੇ ਕਾਮਿਆਂ ਕੋਲੋਂ ਚਾਨਣ ਸ਼ੁਰੂ ਹੋਣ ਤੋਂ ਚਾਨਣ ਖਤਮ (ਧਅੱਨ ਟੋ ਧੁਸਕ) ਹੋਣ ਤੱਕ ਕੰਮ ਕਰਵਾਉਂਦੇ ਸਨ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਯੂਰਪ ਵਿਚ ਚਾਨਣ ਸਵੇਰੇ ਪੰਜ ਵਜੇ ਤੋਂ ਸ਼ਾਮ ਨੌਂ ਵਜੇ ਤੱਕ ਰਹਿੰਦਾ ਹੈ, ਭਾਵ ਮਜ਼ਦੂਰ ਨੂੰ 17-18 ਘੰਟੇ ਕੰਮ ਕਰਨਾ ਪੈਂਦਾ ਸੀ।
ਇਹ ਸਰਾਸਰ ਧੱਕਾ ਹੁੰਦਾ ਵੇਖ 1816 ਵਿਚ ਅਗਾਂਹਵਧੂ ਸ਼ਖਸੀਅਤਾਂ ਨੇ ਇਸ ਦੇ ਵਿਰੋਧ ਵਿਚ ਆਵਾਜ਼ ਵੀ ਉਠਾਈ, ਜਿਨ੍ਹਾਂ ਵਿਚ ਦੁਨੀਆਂ ਦੇ ਮਸ਼ਹੂਰ ਕਵੀ ਲਾਰਡ ਵਾਇਰਨ ਦਾ ਨਾਮ ਜਿ਼ਕਰਯੋਗ ਹੈ। ਲਾਰਡ ਵਾਇਰਨ ਇੰਗਲੈਂਡ ਦੇ ਲਾਰਡ ਘਰਾਣੇ ਦਾ ਪੁੱਤਰ ਸੀ। ਉਸ ਦਾ ਕੱਪੜਾ ਮਿੱਲਾਂ ਦੇ ਲੁਡੀਜ਼ ਕਾਮਿਆਂ ਨਾਲ ਖੜ੍ਹਨਾ ਰਈਸ ਘਰਾਣੇ ਨੂੰ ਚੰਗਾ ਨਾ ਲੱਗਾ, ਜਿਸ ਦੀ ਸਜ਼ਾ ਵਜੋਂ ਲਾਰਡ ਵਾਇਰਨ ਨੂੰ ਇੰਗਲੈਂਡ ਛੱਡ ਕੇ ਇਟਲੀ ਜਾਣਾ ਪਿਆ, ਪਰ ਕਿਰਤੀਆਂ ਦੇ ਹੱਕ ‘ਚ ਖਲ੍ਹੋਣ ਨਾਲ ਕੰਮ ਦੇ ਸਮੇਂ ਦੀ ਲੜਾਈ ਸ਼ੁਰੂ ਹੋ ਗਈ, ਜੋ 19ਵੀਂ ਸਦੀ ਦੇ ਅੱਠਵੇਂ ਦਹਾਕੇ ਵਿਚ ਜਾ ਕੇ ਗਰਮ ਹੋਈ, ਜਿੱਥੋਂ ‘ਇੱਕ ਦਿਨ ਕੰਮ ਕਰਨ ਦਾ ਸਮਾਂ 8 ਘੰਟੇ ਹੋਵੇ’ ਦਾ ਸੰਘਰਸ਼ ਸ਼ੁਰੂ ਹੋਇਆ।
ਪਹਿਲੀ ਮਈ 1886 ਵਿਚ ਯੂਰਪ ਦੇ ਕਿਰਤੀਆਂ ਦੇ ਸੰਘਰਸ਼ ਨੂੰ ਸਹੀ ਪਾਉਣ ਦਾ ਪ੍ਰਗਟਾਵਾ ਸਾਰੇ ਸੰਸਾਰ ਦੇ ਫੈਕਟਰੀ ਮਜ਼ਦੂਰਾਂ ਨੇ ਇੱਕ ਦਿਨ ਦੀ ਹੜਤਾਲ ਕਰਕੇ ਕੀਤਾ। ਅਮਰੀਕਾ ਦੇ ਵੱਡੇ ਸਨਅਤੀ ਸ਼ਹਿਰਾਂ ਵਿਚ ਜਿਵੇਂ ਸਿਆਟਲ, ਨਿਊ ਯਾਰਕ, ਲਾਸ ਏਂਜਲਸ ਤੇ ਸਿ਼ਕਾਗੋ ਵਿਚ ਮਜ਼ਦੂਰਾਂ ਨੇ ਵੱਡੇ-ਵੱਡੇ ਇਕੱਠ ਕੀਤੇ। ਸਭ ਤੋਂ ਵੱਡਾ ਇਕੱਠ ਸਿ਼ਕਾਗੋ ਵਿਚ ਹੋਇਆ। ਇਸ ਵੱਡੇ ਇਕੱਠ ਨੂੰ ਵੇਖ ਕੇ ਸਿ਼ਕਾਗੋ ਦੀ ਅਫਸਰਸ਼ਾਹੀ ਬੁਖਲਾ ਗਈ ਤੇ ਆਪਣੇ ਖਾਸੇ ਅਨੁਸਾਰ ਤਿੰਨ ਮਈ ਨੂੰ ਮਜ਼ਦੂਰਾਂ ਦੀ ਹੋ ਰਹੀ ਮੀਟਿੰਗ ਉੱਪਰ ਵਹਿਸ਼ੀ ਜ਼ੁਲਮ ਕੀਤਾ, ਜਿਸ ਵਿਚ 6 ਮਜ਼ਦੂਰ ਸ਼ਹੀਦ ਹੋ ਗਏ।
ਦਿਹਾੜੀ ਨੂੰ 8 ਘੰਟੇ ਸਮਾਂ ਬੱਧ ਕਰਨ ਲਈ ਪੁਰਅਮਨ ਮੁਜਾਹਰਾਕਾਰੀ 4 ਮਈ ਨੂੰ ਪੁਲਿਸ ਵਲੋਂ ਕੀਤੇ ਬਰਬਰਤਾ ਭਰਪੂਰ ਤਸ਼ੱਦਦ ਵਿਰੁੱਧ ਘਾਹ ਮੰਡੀ (੍ਹਅੇ ੰਅਰਕੲਟ) ਸਿ਼ਕਾਗੋ ਵਿਚ ਇਕੱਤਰ ਹੋਏ। ਇਸ ਵਿਸ਼ਾਲ ਇਕੱਠ ਨੂੰ ਤੋੜਨ ਜਾਂ ਖਿੰਡਾਉਣ ਲਈ ਹਾਕਮਾਂ ਨੇ ਸਾਜਿ਼ਸ਼ੀ ਢੰਗ ਨਾਲ ਇੱਕ ਬੰਬ ਸੁੱਟਿਆ, ਜਿਸ ਨਾਲ ਇੱਕ ਪੁਲਿਸ ਸਾਰਜੈਂਟ ਮਾਰਿਆ ਗਿਆ। ਇਹ ਘਟਨਾ ਨੂੰ ਬਹਾਨਾ ਬਣਾ ਕੇ ਲਾਗੇ ਬੈਠੀ ਫੌਜ ਦੀ ਟੁਕੜੀ ਨੇ ਗੋਲੀਆਂ ਦੀ ਬੌਛਾੜ ਕਰ ਦਿੱਤੀ ਅਤੇ 4 ਹੋਰ ਮਜ਼ਦੂਰ ਸ਼ਹੀਦ ਹੋ ਗਏ, ਜਿਸ ਦਾ ਕਾਮਿਆਂ ਵਲੋਂ ਸੰਸਾਰ ਪੱਧਰ ਉੱਤੇ ਵਿਰੋਧ ਕਰਦਿਆਂ ਫੈਕਟਰੀ ਮਾਲਕਾਂ ਦੀ ਰਖੇਲ ਪੁਲਿਸ ਦਾ ਅਸਲੀ ਚਿਹਰਾ ਦਿਖਾਇਆ।
ਸਿ਼ਕਾਗੋ ਦੇ ਸਰਕਾਰੀ ਤੰਤਰ ਨੇ ਜਵਾਬੀ ਕਾਰਵਾਈ ਵਿਚ 8 ਮੁਜਾਹਰਾਕਾਰੀ ਮਜ਼ਦੂਰਾਂ ਦੇ ਆਗੂਆਂ ਵਿਰੁੱਧ ਕੋਰਟ ਵਿਚ ਮੁਕੱਦਮਾ ਕਰ ਦਿੱਤਾ। ਮਜ਼ਦੂਰ ਵਿਰੋਧੀ ਸਰਕਾਰਾਂ ਭਾਵੇਂ ਕਸੂਰਵਾਰ ਹੁੰਦੀਆਂ ਹਨ, ਪਰ ਆਪਣਾ ਪੱਖ ਵਿਕਾਊ ਮੀਡੀਏ ਨਾਲ ਅਤੇ ਕਾਨੂੰਨ ਦੇ ਰਾਖਿਆਂ ਨੂੰ ਖਰੀਦ ਕੇ ਆਪਣੇ ਆਪ ਨੂੰ ਬੇਕਸੂਰ ਦਰਸਾਉਂਦੀਆਂ ਹਨ ਤੇ ਹੱਕ ਮੰਗਦੀ ਕਾਮਾ ਜਮਾਤ ਨਾਲ ਧੱਕਾ ਕਰਦੀਆਂ ਹਨ। ਬੇਸ਼ੱਕ ਬੰਬ ਧਮਾਕੇ ਨਾਲ ਸਬੰਧਤ ਕਿਸੇ ਵੀ ਆਗੂ ਦਾ ਕਸੂਰ ਸਿੱਧ ਨਹੀਂ ਹੋ ਸਕਿਆ ਸੀ, ਫਿਰ ਵੀ 7 ਮਜ਼ਦੂਰ ਆਗੂਆਂ-ਅਲਬਰਟ ਪਾਰਸਨਜ਼, ਆਗਸਤ ਸਪਾਈਜ਼, ਮਾਈਕਲ ਸਾਅਬ, ਲੂਈਸ ਲਿੰਗ, ਅਡੌਲਫ ਫਿਸ਼ਰ, ਸੈਮੂਅਲ ਫੀਲਡਨ ਤੇ ਜਾਰਜ ਐਨਗਲ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਅਤੇ ਅੱਠਵੇਂ ਆਗੂ ਆਸਕਰ ਨੀਵ ਨੂੰ 15 ਸਾਲ ਦੀ ਕੈਦ ਸੁਣਾਈ ਗਈ। (ਹੈਰਾਨ ਕਰਨ ਵਾਲੀ ਗੱਲ ਹੈ ਕਿ ਮੁਕੱਦਮੇ ਦੌਰਾਨ ਇਹ ਸਾਬਤ ਵੀ ਹੋ ਗਿਆ ਸੀ ਕਿ ਫਾਂਸੀ ਦੀ ਸਜ਼ਾ ਵਾਲਿਆਂ ਵਿਚੋਂ ਦੋ ਆਗੂ ਹੀ ਮੁਜਾਹਰੇ ਵਿਚ ਸ਼ਾਮਿਲ ਸਨ।)
ਧਨਕੁਬੇਰਾਂ ਵਲੋਂ ਮਜ਼ਦੂਰ ਵਿਰੋਧੀ ਵਰਤੇ ਢੰਗ ਤਰੀਕੇ ਦਾ ਵਿਰੋਧ ਹੋਇਆ। ਅਗਾਂਹਵਧੂ ਅਮਰੀਕਨਾਂ ਅਤੇ ਯੂਰਪੀਅਨਾਂ ਨੇ ਕੋਰਟ ਵਲੋਂ ਦਿੱਤੇ ਫੈਸਲਿਆਂ ਵਿਰੁੱਧ ਚੈਲੰਜ ਕੀਤੇ। ਬਹੁਤੀਆਂ ਦਲੀਲਾਂ ਅਣਸੁਣੀਆਂ ਕਰ ਦਿੱਤੀਆਂ ਗਈਆਂ। ਸਿਰਫ ਫੀਲਡਜ਼ ਅਤੇ ਸ਼ਾਅਬ ਦੀਆਂ ਸਜ਼ਾਵਾਂ ਨੂੰ ਉਮਰ ਕੈਦ ਵਿਚ ਬਦਲਿਆ। ਲੂਈ ਕਿੰਗ ਦਾ ਜੇਲ੍ਹ ਵਿਚ ਦਿਹਾਂਤ ਹੋ ਗਿਆ ਅਤੇ ਬਾਕੀ ਚਾਰ ਨੂੰ 11 ਨਵੰਬਰ 1887 ਨੂੰ ਫਾਂਸੀ ਦੇ ਤਖਤੇ `ਤੇ ਚੜ੍ਹਾ ਕੇ ਸ਼ਹੀਦ ਕਰ ਦਿੱਤਾ। ਫਾਸੀ ਦੇ ਤਖਤੇ ਵੱਲ ਵਧਦਿਆਂ ‘ਸਪਾਈਜ਼’ ਦੇ ਆਖਰੀ ਸ਼ਬਦ ਸਨ, “ਇੱਕ ਸਮਾਂ ਆਵੇਗਾ, ਜਦੋਂ ਸਾਡੀ ਚੁੱਪ ਸਾਡੇ ਸ਼ਬਦਾਂ ਨਾਲੋਂ ਵੱਧ ਬੋਲੇਗੀ। ਇਹ ਮਜ਼ਦੂਰਾਂ ਦੇ ਸਾਂਝੇ ਕਾਰਜ ਲਈ ਬਲੀਦਾਨ ਦੇਣ ਦੀ ਰਵਾਇਤ ਦੀ ਸ਼ੁਰੂਆਤ ਸੀ।
ਜਿਨ੍ਹਾਂ ਤਿੰਨ ਆਗੂਆਂ ਨੂੰ ਉਮਰ ਕੈਦ ਹੋਈ ਸੀ, 1893 ਵਿਚ ਰਿਹਾ ਕਰ ਦਿੱਤਾ ਗਿਆ। ਇਲੀਨਾਏ ਸਟੇਟ ਦੇ ਗਵਰਨਰ ਜੌਹਨ ਪੀਟਰ ਅਲਟਗੈਲਡ ਨੂੰ ਇਹ ਮੰਨਣਾ ਪਿਆ ਸੀ ਕਿ ਮਜ਼ਦੂਰ ਆਗੂਆਂ ਦੇ ਜ਼ੁਰਮ ਸਾਬਤ ਨਹੀਂ ਹੋਏ, ਕੋਰਟ ਵਲੋਂ ਕੀਤੇ ਫੈਸਲੇ ਤੇ ਸਜ਼ਾਵਾਂ ਪੱਖਪਾਤੀ ਸਨ।
ਆਲਮੀ ਕਿਰਤੀ ਲਹਿਰ ਵਲੋਂ ਸਿ਼ਕਾਗੋ ਕੇਸ ਨੂੰ ‘ਹੇਅ ਮਾਰਕਿਟ ਕੇਸ’ ਦਾ ਨਾਮ ਦਿੱਤਾ। 1889 ਵਿਚ ਪੈਰਿਸ ਵਿਖੇ ‘ਅੰਤਰਰਾਸ਼ਟਰੀ ਵਰਕਿੰਗ ਮੈਨ`ਜ਼ ਐਸੋਸੀਏਸ਼ਨ (ੀਨਟੲਰਨਅਟੋਿਨਅਲ ੱੋਰਕਨਿਗ ੰੲਨ’ਸ ੳਸਸੋਚਅਿਟੋਿਨਸ) ਦੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ 1890 ਤੋਂ ਹਰ ਸਾਲ ਪਹਿਲੀ ਮਈ ਦਾ ਦਿਨ ਮਜ਼ਦੂਰ ਜਮਾਤ ਦੇ ‘ਅੰਤਰਰਾਸ਼ਟਰੀ ਇੱਕਮੁੱਠਤਾ ਦਿਵਸ’ ਵਜੋਂ ਮਨਾਇਆ ਜਾਵੇਗਾ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਸ਼ ਕੀਤੀ ਜਾਵੇਗੀ, ਜਿਨ੍ਹਾਂ ਨੇ ਸਾਰੇ ਸੰਸਾਰ ਦੀ ਕਿਰਤੀ ਜਮਾਤ ਨੂੰ 8 ਘੰਟੇ ਦੀ ਦਿਹਾੜੀ ਦਾ ਸਮਾਂ ਹੋਣ ਦੀ ਜਿੱਤ ਪ੍ਰਾਪਤ ਕਰਕੇ ਦਿੱਤੀ।
ਮਈ ਦਿਵਸ ਦੀਆਂ ਸਾਰੇ ਸੰਸਾਰ ਦੇ ਕਿਰਤੀ ਵਰਗ ਨੂੰ ਵਧਾਈਆਂ ਦਿੰਦਿਆਂ ਇਹ ਦੱਸਣਾ ਚਾਹੁੰਦੇ ਹਾਂ ਕਿ ਹੁਣ ਫਿਰ ਦੁਨੀਆਂ ਭਰ ਦੀ ਸਰਮਾਏਦਾਰੀ ਆਪਣਾ ‘ਫਨੀਅਰ ਨਾਗ’ ਵਾਲਾ ਚਿਹਰਾ ਦਿਖਾਉਂਦੀ ਹੋਈ ਇਸ ਹੱਕੀ ਜਿੱਤ ਨੂੰ ਅੱਖੋਂ ਪਰੋਖੇ ਕਰ ਰਹੀ ਹੈ; ਮਜ਼ਦੂਰ ਜਮਾਤ ਨਾਲ ਬੇਇਨਸਾਫੀਆਂ ਕਰਦੀ ਹੋਈ ਮੌਕੇ ਦੀਆਂ ਸਰਕਾਰਾਂ ਨੂੰ ਕੰਮ ਕਰਨ ਦਾ ਸਮਾਂ 12 ਘੰਟੇ ਕਰਨ ਲਈ ਮਜ਼ਬੂਰ ਕਰ ਰਹੀ ਹੈ ਅਤੇ ਕਿਰਤ ਕਾਨੂੰਨਾਂ ‘ਚ ਸੋਧਾਂ ਕਰਵਾ ਕੇ ਮਜ਼ਦੂਰ ਜਮਾਤ ਦਾ ਸੰਘ ਘੁੱਟ ਰਹੀ ਹੈ।
ਅੱਜ ਸਮਾਂ ਮੰਗ ਕਰਦਾ ਹੈ ਕਿ ਮਜ਼ਦੂਰ, ਮੁਲਾਜ਼ਮ, ਕਿਸਾਨ ਅਤੇ ਜਨਤਾ ‘ਏਕੇ’ ਦਾ ਸਬੂਤ ਦਿੰਦਿਆਂ ਵਿਸ਼ਾਲ ਪਲੈਟਫਾਰਮ ਬਣਾ ਕੇ ਆਪਣੇ ਬਣਦੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰੇ ਅਤੇ ਮਿਲੇ ਹੋਏ ਹੱਕਾਂ ਦੀ ਰਾਖੀ ਕਰਨ ਲਈ ਇੱਕ-ਜੁੱਟ ਹੋਵੇ।
-ਮਨਮੋਹਨ ਪੂਨੀ
ਫੋਨ: 1-347-753-5940
ਇੰਡੋ-ਅਮੈਰੀਕਨ ਹੈਰੀਟੇਜ ਫਾਊਂਡੇਸ਼ਨ, ਨਿਊ ਯਾਰਕ।