ਬੈਚ ਫੁੱਲ ਗੋਰਸ: ਘੋਰ ਨਾਉਮੀਦੀ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਕੁਦਰਤ ਨੇ ਮਨੁੱਖੀ ਤਬੀਅਤ ਦੇ ਇੰਨੇ ਰੰਗ ਬਣਾਏ ਹਨ ਕਿ ਉਹ ਸ਼ਬਦਾਂ ਰਾਹੀਂ ਬਿਆਨ ਕਰਨੇ ਔਖੇ ਹਨ। ਅਸੀਂ ਹਰ ਇਕ ਲਈ ਉਹੀ ਜਾਂ ਫੇਰਬਦਲ ਕਰ ਕੇ ਇਕੋ ਜਿਹੇ ਸ਼ਬਦ ਵਰਤਦੇ ਰਹਿੰਦੇ ਹਾਂ। ਨਾਉਮੀਦੀ (ਧੲਸਪਅਰਿ) ਹੀ ਲੈ ਲਵੋ, ਇਹ ਐਲਮ, ਜੈਂਸ਼ੀਅਨ, ਗੋਰਸ, ਵਿਲ੍ਹੋ ਆਦਿ ਕਈ ਫੁੱਲ ਦਵਾਈਆਂ ਵਿਚ ਪਾਈ ਜਾਂਦੀ ਹੈ, ਪਰ ਹੈ ਸਭ ਵਿਚ ਵੱਖੋ ਵੱਖਰੀ। ਇਸ ਦੇ ਫਰਕਾਂ ਨੂੰ ਅਸੀਂ ਬੋਲਾਂ ਰਾਹੀਂ ਨਹੀਂ ਨਿਖੇੜ ਸਕਦੇ, ਇਸ ਲਈ ਸਭ ਦੇ ਅਰਥ ਨਾਉਮੀਦੀ ਜਾਂ ਬੇਆਸ ਸ਼ਬਦ ਵਰਤ ਕੇ ਹੀ ਕਰੀ ਜਾਂਦੇ ਹਾਂ; ਪਰ ਵਿਸਲੇਸ਼ਣ ਕਰਨ ਤੋਂ ਪਤਾ ਚਲਦਾ ਹੈ ਕਿ ਇਨ੍ਹਾਂ ਦੀਆਂ ਬਹੁ-ਗਿਣਤੀ ਪਰਤਾਂ ਹਨ। ਦਵਾਈ ਨਿਰਧਾਰਤ ਕਰਨ ਵੇਲੇ ਇਕ ਹੋਮਿਉਪੈਥ ਦਾ ਸਰੋਕਾਰ ਨਾਉਮੀਦੀ ਦੀ ਹਾਜ਼ਰ ਝਲਕ ਨਾਲ ਹੁੰਦਾ ਹੈ। ਇਸ ਝਲਕ ਦੇ ਅਰਥ ਸਮਝਣ ਲਈ ਉਸ ਨੂੰ ਵੱਖ ਵੱਖ ਤਰ੍ਹਾਂ ਦੇ ਸ਼ਬਦ, ਅਲੰਕਾਰ ਤੇ ਮਿਸਾਲਾਂ ਵਰਤਣੇ ਪੈਂਦੇ ਹਨ।

ਗੋਰਸ (ਘੋਰਸੲ) ਦੀ ਨਾਉਮੀਦੀ ਇਸ ਸ਼ਬਦ ਦਾ ਉਹ ਰੂਪ ਹੈ, ਜਿਸ ਵਿਚ ਆਸ ਬਿਲਕੁਲ ਖਤਮ ਹੋ ਗਈ ਹੁੰਦੀ ਹੈ। ਗੋਰਸ ਦੀ ਨਾਉਮੀਦੀ ਵਿਚ ਉਮੀਦ ਨਾਂ ਦੀ ਕੋਈ ਚੀਜ਼ ਬਚੀ ਨਹੀਂ ਹੁੰਦੀ। ਗੋਰਸ ਦਾ ਮਰੀਜ਼ ਆਸ ਪੱਖੋਂ ਠੰਡਾ ਹੋ ਗਿਆ ਹੁੰਦਾ ਹੈ। ਉਸ ਦੀ ਸਥਿਤੀ ਘਰ ਤੋਂ ਹਸਪਤਾਲ ਜਾ ਰਹੇ ਉਸ ਗੰਭੀਰ ਰੋਗੀ ਜਿਹੀ ਹੁੰਦੀ ਹੈ, ਜਿਸ ਦੇ ਦਮ ਹਸਪਤਾਲ ਵਿਚ ਪਹੁੰਚਣ ਤੱਕ ਖਤਮ ਹੋ ਜਾਂਦੇ ਹਨ-ਭਾਵ ਉਸ ਦੇ ਉੱਠ ਖੜ੍ਹਾ ਹੋਣ ਦੀ ਉਮੀਦ ਮੁੱਕ ਚੁਕੀ ਹੁੰਦੀ ਹੈ।
ਫੁੱਲ ਦਵਾਈ ਗੋਰਸ ਬਾਰੇ ਡਾ. ਬੈਚ ਲਿਖਦੇ ਹਨ, “ਬੇ-ਹੱਦ ਬੇਉਮੀਦੀ; ਉਨ੍ਹਾਂ ਨੇ ਉਮੀਦ ਹੀ ਛੱਡ ਦਿੱਤੀ ਹੁੰਦੀ ਹੈ ਕਿ ਉਨ੍ਹਾਂ ਲਈ ਕੁਝ ਹੋਰ ਵਧੇਰੇ ਕੀਤਾ ਜਾ ਸਕਦਾ ਹੈ। ਗੋਰਸ ਦੇ ਲੋਕ ਇੱਦਾਂ ਲਗਦੇ ਹਨ, ਜਿਵੇਂ ਉਨ੍ਹਾਂ ਨੂੰ ਆਪਣੇ ਜੀਵਨ ਦੇ ਬੱਦਲ ਖਦੇੜਨ ਲਈ ਬਹੁਤ ਹੀ ਚਮਕਦਾਰ ਧੁੱਪ ਦੀ ਲੋੜ ਹੋਵੇ।” ਗੋਰਸ ਦੇ ਮਰੀਜ਼ ਇੰਨੇ ਮਾਯੂਸ ਹੋਏ ਹੁੰਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਖੁਸ਼ੀ ਭਰਨ ਲਈ ਅਤਿਅੰਤ ਤਬਦੀਲੀ ਦੀ ਲੋੜ ਹੁੰਦੀ ਹੈ। ਜੋ ਲੋਕ ਕਸ਼ਟਾਂ ਦੇ ਬੋਝ ਨਾਲ ਲਿਫ ਗਏ ਹੁੰਦੇ ਹਨ ਤੇ ਕਸ਼ਟਾਂ ਨੂੰ ਹੀ ਆਪਣਾ ਭਵਿੱਖ ਸਮਝ ਬੈਠਦੇ ਹਨ, ਉਹ ਗੋਰਸ ਦੀ ਰਿਣਾਤਮਕ ਸੋਚ ਦਾ ਸ਼ਿਕਾਰ ਹੋ ਗਏ ਹੁੰਦੇ ਹਨ।
ਇਹ ਬੇਉਮੀਦੀ ਕਈ ਕਾਰਨਾਂ ਕਰ ਕੇ ਹੋ ਸਕਦੀ ਤੇ ਕਈ ਹਾਲਤਾਂ ਵਿਚ ਪਾਈ ਜਾ ਸਕਦੀ ਹੈ। ਕਈ ਵਾਰ ਮਰੀਜ਼ ਅਚਨਚੇਤ ਸਖਤ ਬੀਮਾਰ ਹੋ ਜਾਂਦਾ ਹੈ। ਉਸ ਨੂੰ ਤੇਜ਼ ਗਰਮੀ ਜਾਂ ਤੇਜ ਵਗਦੀ ਠੰਡੀ ਹਵਾ ਲੱਗ ਜਾਂਦੀ ਹੈ। ਉਸ ਨੂੰ ਤੇਜ਼ ਤਾਪ ਚੜ੍ਹ ਜਾਂਦਾ ਹੈ, ਉਸ ਦਾ ਪਸੀਨਾ ਰੁਕ ਜਾਂਦਾ ਹੈ ਤੇ ਉਸ ਦੀਆਂ ਗੱਲ੍ਹਾਂ ਤੇ ਕੰਨ ਲਾਲ ਹੋ ਜਾਂਦੇ ਹਨ। ਅੱਖਾਂ ਵਿਚ ਲਾਲੀ ਚੜ੍ਹ ਆਉਂਦੀ ਹੈ ਤੇ ਖੂਨ ਦਾ ਦੌਰਾ ਤੇਜ ਹੋ ਜਾਂਦਾ ਹੈ। ਉਸ ਦੀ ਨਬਜ਼ ਤੇਜ ਤੇ ਭਾਰੀ ਹੋ ਜਾਂਦੀ ਹੈ, ਪੁੜਪੁੜੀਆਂ ਵਿਚ ਧਮਕ ਪੈਂਦੀ ਹੈ ਤੇ ਬਲੱਡ ਪ੍ਰੈਸ਼ਰ ਸ਼ੂਕਦਾ ਉਤੇ ਚੜ੍ਹ ਜਾਂਦਾ ਹੈ। ਉਸ ਨੂੰ ਸਾਹ ਲੈਣ ਵਿਚ ਤਕਲੀਫ ਆਉਣ ਲਗਦੀ ਹੈ ਤੇ ਉਹ ਬੇਚੈਨੀ ਨਾਲ ਉਠ ਕੇ ਇੱਧਰ ਉੱਧਰ ਗਰਦਨ ਮਾਰਦਾ ਹੈ। ਉਸ ਨੂੰ ਤੀਬਰ ਪਿਆਸ ਲਗਦੀ ਹੈ ਤੇ ਉਹ ਭਰ ਗਿਲਾਸ ਪਾਣੀ ਪੀਂਦਾ ਹੈ। ਸਿਰ ਦਰਦ ਤੇ ਮਾਸ-ਪੇਸ਼ੀਆਂ ਦੇ ਦਰਦ ਉਸ ਦੀਆਂ ਚੀਕਾਂ ਕਢਾ ਦਿੰਦੇ ਹਨ। ਉਸ ਦੀ ਘਬਰਾਹਟ ਇੰਨੀ ਵਧ ਜਾਂਦੀ ਹੈ ਕਿ ਉਸ ਨੂੰ ਮ੍ਰਿਤੂ ਦਾ ਡਰ ਸਤਾਉਣ ਲੱਗ ਜਾਂਦਾ ਹੈ। ਜਿਉਂ ਜਿਉਂ ਉਸ ਦੀ ਬਿਮਾਰੀ ਤੇ ਘਬਰਾਹਟ ਵਧਦੇ ਹਨ, ਉਹ ਆਪਣੇ ਆਪ ਨੂੰ ਇਕ ਹੜ੍ਹ ਜਾਂ ਸੁਨਾਮੀ ਵਿਚ ਡੁੱਬਦਾ ਮਹਿਸੂਸ ਕਰਦਾ ਹੈ। ਉਸ ਨੇ ਆਪਣੇ ਭਲੇ ਵੇਲਿਆਂ ਵਿਚ ਕਈ ਅਜਿਹੇ ਕਿੱਸੇ ਸੁਣੇ ਹੁੰਦੇ ਹਨ, ਜਿਨ੍ਹਾਂ ਅਨੁਸਾਰ ਮਨੁੱਖ ਬਿਮਾਰ ਹੋਏ ਤੇ ਪਲਾਂ ਵਿਚ ਚਲ ਵਸੇ। ਉਸ ਨੂੰ ਵਿਸਵਾਸ਼ ਹੋਣ ਲਗਦਾ ਹੈ ਕਿ ਉਸ ਦਾ ਵੀ ਉਸੇ ਤਰ੍ਹਾਂ ਦਾ ਅੰਤ ਹੋਣ ਲੱਗਾ ਹੈ। ਉਹ ਸਮਝਦਾ ਹੈ ਕਿ ਹੁਣ ਇਸ ਕਹਿਰ ਤੋਂ ਉਸ ਨੂੰ ਕੋਈ ਨਹੀਂ ਬਚਾ ਸਕਦਾ। ਇਹ ਸੋਚ ਕੇ ਉਹ ਬੇਆਸ ਤੇ ਅਣਢਾਲ ਹੋ ਜਾਂਦਾ ਹੈ। ਡਾਕਟਰ ਜਵਾਬ ਦੇ ਦਿੰਦੇ ਹਨ ਤੇ ਰਿਸ਼ਤੇਦਾਰ ਹੱਥ ਜੋੜ ਅਰਜੋਈਆਂ ਕਰਨ ਲੱਗ ਜਾਂਦੇ ਹਨ। ਇਸ ਬੇਆਸ ਤੇ ਤਰਸਯੋਗ ਹਾਲਤ ਵਿਚ ਉਸ ਦਾ ਇਕੋ ਇਕ ਸੱਚਾ ਮਿੱਤਰ ਹੈ, ਜੋ ਨਾ ਸਿਰਫ ਉਸ ਨੂੰ ਬਚਣ ਦੀ ਉਮੀਦ ਬੰਨ੍ਹਾ ਸਕਦਾ ਹੈ, ਸਗੋਂ ਬਚਾ ਵੀ ਸਕਦਾ ਹੈ। ਉਹ ਹੈ ਗੋਰਸ। ਜੇ ਉਹ ਵਧੇਰੇ ਬਿਮਾਰ ਨਾ ਹੋਵੇ, ਉਸ ਨੂੰ ਮੌਤ ਦਾ ਡਰ ਨਾ ਹੋਵੇ ਤੇ ਜੇ ਉਹ ਸਮਝਦਾ ਹੋਵੇ ਕਿ ਉਸ ਦੀ ਬੀਮਾਰੀ ਦਵਾ-ਦਾਰੂ ਆਦਿ ਨਾਲ ਠੀਕ ਹੋ ਜਾਵੇਗੀ ਤਾਂ ਇਹ ਦਵਾਈ ਉਸ ਦੇ ਨੇੜੇ ਨੂੰ ਨਹੀਂ ਜਾਵੇਗੀ। ਯਾਦ ਰਹੇ, ਇਹ ਦਵਾਈ ਮਰੀਜ਼ ਦੇ ਬੀਮਾਰ ਹੋਣ ਤੋਂ ਬਾਅਦ ਦੀ ਹੈ। ਜੇ ਮਰੀਜ਼ ਬਿਮਾਰ ਹੋਣ ਤੋਂ ਪਹਿਲਾਂ ਹੀ ਕਿਸੇ ਬਿਮਾਰੀ ਦੀ ਕਲਪਨਾ ਕਰ ਕੇ ਡਰੇ ਘਬਰਾਵੇ ਤਾਂ ਉਸ ਦੀ ਦਵਾਈ ਹੋਰ ਹੈ।
ਗੋਰਸ ਦੇ ਲੱਛਣ ਕਈ ਹੋਰ ਤਰ੍ਹਾਂ ਵੀ ਉਤਪੰਨ ਹੁੰਦੇ ਹਨ। ਕਈ ਮਰੀਜ਼ ਅਚਨਚੇਤ ਬੀਮਾਰ ਹੋਣ ਦੀ ਥਾਂ ਕਿਸੇ ਬਿਮਾਰੀ ਨਾਲ ਲੰਮੇ ਸਮੇਂ ਤੀਕ ਬੀਮਾਰ ਰਹਿੰਦੇ ਹਨ। ਬੀਮਾਰੀ ਉਨ੍ਹਾਂ ਨੂੰ ਅੰਦਰੋਂ ਖੋਰਾ ਲਾਉਂਦੀ ਰਹਿੰਦੀ ਹੈ ਤੇ ਕਮਜ਼ੋਰ ਕਰ ਦਿੰਦੀ ਹੈ। ਅੰਤ ਨੂੰ ਉਹ ਉੱਠ ਕੇ ਚਲ ਫਿਰ ਵੀ ਨਹੀਂ ਸਕਦੇ। ਹੌਲੀ ਹੌਲੀ ਉਨ੍ਹਾਂ ਦੀ ਆਸ ਟੁੱਟ ਜਾਂਦੀ ਹੈ ਕਿ ਉਹ ਕਦੇ ਠੀਕ ਹੋ ਸਕਣਗੇ! ਉਨ੍ਹਾਂ ਨੂੰ ਆਪਣੀ ਜਿ਼ੰਦਗੀ ਦਾ ਅੰਤ ਸਾਹਮਣੇ ਖੜ੍ਹਾ ਦਿਖਾਈ ਦੇਣ ਲਗਦਾ ਹੈ। ਉਹ ਸੋਚਦੇ ਹਨ ਕਿ ਹੁਣ ਉਹ ਮੌਤ ਦੇ ਮੂੰਹ ਵਿਚ ਆ ਗਏ ਹਨ ਤੇ ਇੱਥੋਂ ਉਨ੍ਹਾਂ ਨੂੰ ਕੋਈ ਨਹੀਂ ਕੱਢ ਸਕਦਾ। ਹਰ ਤਰ੍ਹਾਂ ਦੀਆਂ ਦਵਾਈਆਂ ਤੋਂ ਉਨ੍ਹਾਂ ਦਾ ਵਿਸ਼ਵਾਸ ਉੱਠ ਖੜ੍ਹਦਾ ਹੈ। ਉਹ ਆਪਣੇ ਅੰਤ ਦੀਆਂ ਘੜ੍ਹੀਆਂ ਗਿਣਨ ਲਗਦੇ ਹਨ। ਠੀਕ ਹਾਲਤ ਵਿਚ ਭਾਵੇਂ ਉਹ ਕਿੰਨਾ ਹੀ ਦਲੇਰ ਕਿਉਂ ਨਾ ਰਹੇ ਹੋਣ, ਪਰ ਅਜਿਹੀ ਹਾਲਤ ਵਿਚ ਬੀਮਾਰੀ ਦਾ ਦਰਦ ਤੇ ਮੌਤ ਦਾ ਭੈਅ ਉਨ੍ਹਾਂ ਦਾ ਰੰਗ ਉਡਾ ਦਿੰਦਾ ਹੈ। ਉਨ੍ਹਾਂ ਦੇ ਚਿਹਰੇ `ਤੇ ਹਵਾਈਆਂ ਉੱਡਣ ਲਗਦੀਆਂ ਹਨ। ਚੁਫੇਰੇ ਮਿੱਤਰ ਪਿਆਰਿਆਂ ਦਾ ਝੁਰਮਟ, ਤਰ੍ਹਾਂ ਤਰ੍ਹਾਂ ਦੀਆਂ ਦਿਲ ਢਾਹੂ ਆਵਾਜ਼ਾਂ ਅਤੇ ਰਿਸ਼ਤੇਦਾਰਾਂ ਦੀਆਂ ਸਿਸਕੀਆਂ ਉਨ੍ਹਾਂ ਦੇ ਯਕੀਨ `ਤੇ ਮੁਹਰ ਲਾ ਦਿੰਦੀਆਂ ਹਨ ਕਿ ਹੁਣ ਉਨ੍ਹਾਂ ਦੀ ਜੀਵਨ ਲੀਲਾ ਸਮਾਪਤ ਹੋਣ ਲੱਗੀ ਹੈ। ਉਹ ਸਮਝਦੇ ਹਨ ਕਿ ਹੁਣ ਇਹ ਸੰਸਾਰ, ਇਸ ਦੀ ਸਮਸਤ ਮਾਇਆ ਤੇ ਦਵਾ-ਦਾਰੂਆਂ ਸਮੇਤ ਇਸ ਦੇ ਸਭ ਛੋਟੇ-ਵੱਡੇ ਕਰਮ-ਜੰਜਾਲ ਹੁਣ ਕਿਸੇ ਕੰਮ ਆਉਣ ਵਾਲੇ ਨਹੀਂ।
ਜੇ ਉਹ ਧਾਰਮਿਕ ਸੰਸਕਾਰਾਂ ਵਾਲੇ ਵਿਅਕਤੀ ਹੋਣ ਤਾਂ ਉਨ੍ਹਾਂ ਨੂੰ ਆਪਣੇ ਜੀਵਨ ਦਾ ਲੇਖਾ-ਜੋਖਾ ਦੇਣ ਦਾ ਫਿਕਰ ਵੀ ਸਤਾਉਂਦਾ ਹੈ। ਕਈਆਂ ਨੂੰ ਤਾਂ ਜਮਦੂਤ ਵੀ ਇੱਧਰ ਉੱਧਰ ਖੜ੍ਹੇ ਦਿਖਾਈ ਦਿੰਦੇ ਹਨ। ਕਈਆਂ ਨੂੰ ਆਪਣੇ ਕੀਤੇ ਕਾਲੇ ਕਾਰਨਾਮੇ ਯਾਦ ਆਉਂਦੇ ਹਨ ਤੇ ਨਰਕ ਦੇ ਝਉਲੇ ਪੈਂਦੇ ਹਨ। ਉਨ੍ਹਾਂ ਨੂੰ ਠੰਡਾ ਪਸੀਨਾ ਛੁਟ ਜਾਂਦਾ ਹੈ ਤੇ ਨਬਜ਼ ਬੈਠ ਜਾਂਦੀ ਹੈ। ਚਿਹਰਾ ਪੀਲਾ ਪੈ ਜਾਂਦਾ ਹੈ ਤੇ ਅੱਖਾਂ ਦੁਆਲੇ ਨੀਲੇ ਚੱਕਰ ਬਣ ਜਾਂਦੇ ਹਨ। ਇਹ ਲੱਛਣ ਉਨ੍ਹਾਂ ਦੀ ਨਾਉਮੀਦੀ ਦਾ ਪ੍ਰਤੀਕ ਹੁੰਦੇ ਹਨ। ਅਜਿਹੀ ਹਾਲਤ ਵਿਚ ਗੋਰਸ ਦੀਆਂ ਕੁਝ ਬੂੰਦਾਂ ਜਾਂ ਕੁਝ ਗੋਲੀਆਂ ਉਨ੍ਹਾਂ ਲਈ ਅੰਮ੍ਰਿਤ ਬਣ ਕੇ ਬਹੁੜਦੀਆਂ ਹਨ। ਇਸ ਨਾਲ ਉਨ੍ਹਾਂ ਨੂੰ ਜੀਵਨ ਆਸ ਬੱਝਦੀ ਹੈ। ਉਨ੍ਹਾਂ ਦੇ ਚਿਹਰੇ `ਤੇ ਰੌਣਕ ਪਰਤ ਆਉਂਦੀ ਹੈ ਤੇ ਬੁੱਲ੍ਹਾਂ `ਤੇ ਲਾਲੀ ਦੀ ਲਹਿਰ ਫਿਰਨ ਲਗਦੀ ਹੈ। ਠੰਡਾ ਪਸੀਨਾ ਖੁਸਕ ਹੋ ਜਾਂਦਾ ਹੈ ਤੇ ਉਹ ਖੁਸ਼ਕ ਗਲੇ ਨੂੰ ਤਰ ਕਰਨ ਲਈ ਪਾਣੀ ਮੰਗਦੇ ਹਨ। ਅਰਦਾਸ ਕਰ ਰਹੇ ਰਿਸ਼ਤੇਦਾਰ ਸ਼ੁਕਰਾਨੇ ਵਜੋਂ ਹੱਥ ਜੋੜ ਕੇ ਸੁਖ ਦਾ ਸਾਹ ਭਰਦੇ ਹਨ। ਗੋਰਸ ਦੇ ਲਗਾਤਾਰ ਸੇਵਨ ਨਾਲ ਅਜਿਹੇ ਬੀਮਾਰਾਂ ਦਾ ਇਸ ਰੰਗਲੀ ਦੁਨੀਆਂ ਨਾਲ ਫਿਰ ਤੋਂ ਮੋਹ ਸਥਾਪਤ ਹੋ ਜਾਂਦਾ ਹੈ ਤੇ ਉਨ੍ਹਾਂ ਦੀ ਬਿਮਾਰੀ ਦਾ ਤਸ਼ੱਦਦ ਘਟਣ ਲਗਦਾ ਹੈ। ਕਈ ਦਾਨੀ ਬਣ ਕੇ ਪੁੰਨ ਕਮਾਉਣ ਲੱਗ ਜਾਂਦੇ ਹਨ।
ਕਈ ਵਾਰ ਅਜਿਹੇ ਮਰੀਜ਼ ਵੀ ਸਾਹਮਣੇ ਆਉਂਦੇ ਹਨ, ਜੋ ਚਿਰੋਕਣੇ ਬੀਮਾਰ ਹੁੰਦੇ ਹਨ। ਉਹ ਲੰਮੇ ਸਮੇਂ ਤੋਂ ਡਾਕਟਰਾਂ ਦੇ ਚੱਕਰ ਲਾ ਰਹੇ ਹੁੰਦੇ ਹਨ ਤੇ ਥਾਂ ਥਾਂ ਤੋਂ ਇਲਾਜ ਕਰਵਾ ਕੇ ਥੱਕ ਗਏ ਹੁੰਦੇ ਹਨ। ਉਹ ਹਾਰ ਕੇ ਇਕ ਦਿਨ ਇਹ ਯਕੀਨ ਧਾਰ ਲੈਂਦੇ ਹਨ ਕਿ ਉਨ੍ਹਾਂ ਦਾ ਰੋਗ ਲਾਇਲਾਜ ਹੈ। ਉਹ ਇਸ ਸੰਸਾਰ ਨੂੰ ਫਾਨੀ ਕਹਿ ਕਹਿ ਕੋਸਦੇ ਹਨ। ਉਹ ਡਾਕਟਰਾਂ ਕੋਲ ਜਾਣਾ ਬੰਦ ਕਰ ਦਿੰਦੇ ਹਨ ਤੇ ਘਰੇ ਹੀ ਚੁੱਪ ਕਰ ਕੇ ਮਰਨ ਦੀ ਉਡੀਕ ਕਰਦੇ ਰਹਿੰਦੇ ਹਨ। ਦਰਅਸਲ ਅਜਿਹੇ ਮਰੀਜ਼ਾਂ ਨੂੰ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਹੀ ਨਹੀਂ ਹੁੰਦੀ। ਉਨ੍ਹਾਂ ਦਾ ਇਕੋ ਇਕ ਡਾਕਟਰ ਗੋਰਸ ਹੈ, ਜਿਸ ਦੀਆਂ ਕੁਝ ਬੂੰਦਾਂ ਹੀ ਉਨ੍ਹਾਂ ਨੂੰ ਨੌ-ਬਰ ਨੌ ਕਰ ਦੇਣਗੀਆਂ।
ਪਰ ਜਿਹੜੇ ਗੋਰਸ ਤੋਂ ਵਾਂਝੇ ਰਹਿ ਜਾਂਦੇ ਹਨ, ਉਨ੍ਹਾਂ ਦੇ ਰਿਸ਼ਤੇਦਾਰ ਤੇ ਸਕੇ ਸੰਬੰਧੀ ਉਨ੍ਹਾਂ ਦੀ ਚਿੰਤਾ ਕਰਦੇ ਹੋਏ ਉਨ੍ਹਾਂ ਨੂੰ ਇਲਾਜ ਜਾਰੀ ਰੱਖਣ ਲਈ ਸਮਝਾਉਂਦੇ ਹਨ। ਕਈ ਵਾਰ ਉਨ੍ਹਾਂ ਨੂੰ ਉਹ ਆਪ ਕਿਸੇ ਡਾਕਟਰ ਕੋਲ ਲੈ ਜਾਂਦੇ ਹਨ ਤੇ ਮਜ਼ਬੂਰੀ ਵਸ ਉਹ ਉਨ੍ਹਾਂ ਨਾਲ ਚਲੇ ਵੀ ਜਾਂਦੇ ਹਨ, ਪਰ ਡਾਕਟਰ ਕੋਲ ਜਾ ਕੇ ਵੀ ਉਹ ਸਭ ਤੋਂ ਪਹਿਲਾਂ ਇਹੀ ਦੱਸਦੇ ਹਨ ਕਿ ਉਨ੍ਹਾਂ ਨੇ ਬਹੁਤ ਇਲਾਜ ਕਰਵਾ ਕੇ ਦੇਖ ਲਏ ਹਨ ਤੇ ਹੁਣ ਉਹ ਠੀਕ ਨਹੀਂ ਹੋ ਸਕਦੇ। ਉਹ ਇਹ ਦੱਸਣ ਤੋਂ ਵੀ ਨਹੀਂ ਝਿਜਕਦੇ ਕਿ ਉਨ੍ਹਾਂ ਦੇ ਧੀ-ਪੁੱਤਰ ਜ਼ਿਦ ਕਰ ਕੇ ਉਨ੍ਹਾਂ ਨੂੰ ਉੱਥੇ ਲਿਆਏ ਹਨ। ਉਨ੍ਹਾਂ ਦੀ ਗੱਲ ਮੰਨ ਕੇ ਉਂਜ ਉਹ ਆ ਤਾਂ ਗਏ ਹਨ, ਪਰ ਉਨ੍ਹਾਂ ਨੂੰ ਪਤਾ ਹੈ ਕਿ ਹੁਣ ਉਨ੍ਹਾਂ ਦਾ ਕੁਝ ਨਹੀਂ ਬਣ ਸਕਦਾ। ਜਿਊਣ ਲਈ ਦਵਾਈ ਦਾਰੂ ਦੇ ਨਾਲ ਨਾਲ ਮਨੁੱਖ ਵਿਚ ਜਿਊਣ ਦੀ ਇੱਛਾ ਸ਼ਕਤੀ ਦਾ ਹੋਣਾ ਬੜਾ ਜਰੂਰੀ ਹੈ, ਪਰ ਇਨ੍ਹਾਂ ਬਿਮਾਰਾਂ ਦੀ ਜਿਊਣ ਦੀ ਚਾਹ ਹੀ ਖਤਮ ਹੋ ਗਈ ਹੁੰਦੀ ਹੈ। ਡਾਕਟਰਾਂ ਦਾ ਇਨ੍ਹਾਂ ਬੇਉਮੀਦੇ ਬੀਮਾਰਾਂ ਦਾ ਕੁਝ ਸੰਵਾਰ ਸਕਣਾ ਰੂੰ ਦੇ ਘੋੜੇ ਵਿਚ ਜਾਨ ਪਾਉਣ ਸਮਾਨ ਹੁੰਦਾ ਹੈ।
ਬੈਚ ਫੁੱਲ ਦਵਾਈਆਂ ਤੋਂ ਅਣਜਾਣ ਡਾਕਟਰ ਤਾਂ ਐਸੇ ਮਰੀਜ਼ਾਂ ਦੇ ਸਬੰਧੀਆਂ ਨੂੰ ਉਸੇ ਵੇਲੇ ਦੱਸ ਦਿੰਦੇ ਹਨ, ਇਨ੍ਹਾਂ ਦੀ ਘਰੇ ਲਿਜਾ ਕੇ ਸੇਵਾ ਕਰੋ; ਪਰ ਬੈਚ ਦਵਾਈਆਂ ਦੇ ਮਾਹਿਰ ਤੁਰੰਤ ਗੋਰਸ ਦੀਆਂ ਕੁਝ ਬੂੰਦਾਂ ਉਨ੍ਹਾਂ ਦੇ ਮੂੰਹ ਵਿਚ ਪਾ ਦੇਣਗੇ। ਦਾਅਵੇ ਦੀ ਗੱਲ ਇਹ ਕਿ ਫਿਰ ਇਹੀ ਨਾਉਮੀਦੇ ਮਰੀਜ਼ ਜਾਣ ਵੇਲੇ ਡਾਕਟਰ ਨੂੰ ਇਹ ਪੁੱਛ ਕੇ ਜਾਣਗੇ ਕਿ ਉਹ ਮੁੜ ਕਦੋਂ ਆਉਣ! ਇਸ ਦਾ ਸੇਵਨ ਕਰਨ ਨਾਲ ਉਹ ਬਚ ਹੀ ਨਹੀਂ ਜਾਂਦੇ, ਸਗੋਂ ਚਾਅ ਨਾਲ ਜੀਵਨ ਜਿਊਣ ਦੇ ਰਸਤੇ ਭਾਲਣ ਲਗਦੇ ਹਨ।
ਅੱਜ ਕੱਲ੍ਹ ਕੈਂਸਰ ਦਾ ਪ੍ਰਕੋਪ ਆਮ ਹੈ। ਕਈਆਂ ਨੂੰ ਇਹ ਹੋਇਆ ਹੁੰਦਾ ਹੈ ਤੇ ਕਈ ਇਸ ਦੇ ਡਰ ਨਾਲ ਉਂਜ ਹੀ ਅੱਧੇ ਬੀਮਾਰ ਹੋ ਜਾਂਦੇ ਹਨ। ਕੈਂਸਰ ਬਾਰੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਪ੍ਰਚੱਲਤ ਹਨ। ਕਈ ਕਹਿੰਦੇ ਹਨ ਕਿ ਇਸ ਦਾ ਕੋਈ ਇਲਾਜ ਅਰਥਾਤ ਦਵਾਈ ਨਹੀਂ ਹੈ। ਕਈ ਕਹਿੰਦੇ ਹਨ, ਇਸ ਦਾ ਇਲਾਜ ਬੜਾ ਮਹਿੰਗਾ ਹੈ। ਕਈ ਕਹਿੰਦੇ ਹਨ ਕਿ ਇਸ ਦੀਆਂ ਕੋਈ ਵਿਸ਼ੇਸ਼ ਪੂਰਵ-ਨਿਸ਼ਾਨੀਆਂ ਨਹੀਂ ਹੁੰਦੀਆਂ ਭਾਵ ਇਸ ਦਾ ਪਤਾ ਇਸ ਦੇ ਹੋਣ ਤੋਂ ਬਾਅਦ ਹੀ ਚਲਦਾ ਹੈ। ਕਈ ਇਸ ਨੂੰ ਮੁਢਲੀ, ਮੰਝਲੀ ਤੇ ਅੰਤਿਮ ਸ਼੍ਰੇਣੀਆਂ ਵਿਚ ਵੰਡ ਕੇ ਦੇਖਦੇ ਹਨ।
ਦੁਨਿਆਵੀ ਲੋਕ ਅਕਸਰ ਇਹ ਸਮਝਦੇ ਹਨ ਕਿ ਕੈਂਸਰ ਇਕ ਨਾਮੁਰਾਦ ਬੀਮਾਰੀ ਹੈ। ਜੇ ਇਹ ਮੁਢਲੀ ਅਵਸਥਾ ਟੱਪ ਜਾਵੇ ਤਾਂ ਨਿਸ਼ਚੇ ਹੀ ਜਾਨ-ਲੇਵਾ ਹੈ। ਫਿਰ ਭਾਵੇਂ ਆਪਰੇਸ਼ਨ ਕਰਵਾਉ ਜਾਂ ਕੀਮੋ-ਥੈਰੇਪੀ, ਮਰੀਜ਼ ਨੇ ਮਰਨਾ ਹੀ ਹੈ। ਇਸੇ ਲਈ ਕਿਸੇ ਹਸਪਤਾਲ ਵਿਚ ਕੈਂਸਰ ਦੀ ਰਿਪੋਰਟ ਆਮ ਤੌਰ `ਤੇ ਮਰੀਜ਼ ਨਾਲ ਸਿੱਧਿਆਂ ਸਾਂਝੀ ਨਹੀਂ ਕੀਤੀ ਜਾਂਦੀ। ਵੱਡੇ ਵੱਡੇ ਹਸਪਤਾਲਾਂ ਨੇ ਇਸ ਖਬਰ ਨੂੰ ਸੰਭਲ ਕੇ ਦੱਸਣ ਲਈ ਖਾਸ ਨਿਯਮ ਤੇ ਖਾਸ ਵਿਭਾਗ ਬਣਾਏ ਹੁੰਦੇ ਹਨ। ਇਲਾਜ ਮਾਹਿਰਾਂ ਨੂੰ ਡਰ ਹੁੰਦਾ ਹੈ ਕਿ ਕੈਂਸਰ ਦੀ ਖਬਰ ਸੁਣ ਕੇ ਕਿਤੇ ਮਰੀਜ਼ ਦਾ ਮਨੋਬਲ ਗਰਕ ਨਾ ਜਾਵੇ ਤੇ ਉਹ ਸਦਮੇ ਨਾਲ ਹੀ ਨਾ ਮਰ ਜਾਵੇ। ਭਾਵੇਂ ਇਹ ਵਿਚਾਰ ਇਕ ਖਾਸ ਦਵਾਈ ਪ੍ਰਣਾਲੀ ਦੀ ਦੇਣ ਹੋਣ ਕਾਰਨ ਪੂਰੀ ਤਰ੍ਹਾਂ ਸੱਚ ਨਹੀਂ ਹਨ, ਪਰ ਇਨ੍ਹਾਂ ਨੂੰ ਮੰਨਣ ਜਾਂ ਸੁਣਨ ਨਾਲ ਮਰੀਜ਼ ਦੀ ਮਾਨਸਿਕ ਦਸ਼ਾ ਤੇ ਪ੍ਰਭਾਵ ਪੈਣਾ ਲਾਜ਼ਮੀ ਹੈ। ਜਦੋਂ ਉਹ ਕੈਂਸਰ ਹੋਣ ਦੀ ਖਬਰ ਨਾਲ ਬੇਉਮੀਦੇ ਹੋਏ ਹੋਣ ਤੇ ਆਪਣੀ ਮੌਤ ਨੂੰ ਨਿਸ਼ਚਿਤ ਸਮਝਦੇ ਹੋਣ ਤਾਂ ਸਮਝੋ ਕਿ ਉਹ “ਗੋਰਸ” ਦੀ ਅਵਸਥਾ ਵਿਚ ਪਹੁੰਚ ਗਏ ਹੁੰਦੇ ਹਨ। ਇਸ ਦੇ ਲੈਣ ਨਾਲ ਉਨ੍ਹਾਂ ਵਿਚ ਇਮਿਊਨਿਟੀ (ੀਮਮੁਨਟਿੇ) ਪਰਤ ਆਉਂਦੀ ਹੈ ਤੇ ਮੁੜ ਬੀਮਾਰੀ ਨਾਲ ਲੜਨ ਦਾ ਅਹਿਸਾਸ ਪੈਦਾ ਹੋ ਜਾਂਦਾ ਹੈ।
ਹੋਮਿਉਪੈਥੀ ਤੇ ਬੈਚ ਫੁੱਲ ਚਿਕਿਤਸਾ ਵਿਚ ਇਲਾਜ ਅਲਾਮਤਾਂ ਦੇ ਆਧਾਰ `ਤੇ ਕੀਤਾ ਜਾਂਦਾ ਹੈ। ਇਸ ਲਈ ਇਨ੍ਹਾਂ ਪੱਧਤੀਆਂ ਦੀ ਖੂਬਸੂਰਤੀ ਇਹ ਹੈ ਕਿ ਇਕੋ ਤਰ੍ਹਾਂ ਦੀਆਂ ਅਲਾਮਤਾਂ ਮਿਲਦੇ ਹੋਣ ਤੇ ਕਿਸੇ ਵੀ ਬੀਮਾਰੀ ਦਾ ਇਲਾਜ ਕਰ ਸਕਦੀਆਂ ਹਨ। ਇਹ ਬੜੀ ਅਹਿਮ ਤੇ ਸ਼ਕਤੀਸ਼ਾਲੀ ਗੱਲ ਹੈ, ਜੋ ਦੂਜੀਆਂ ਪੱਧਤੀਆਂ ਵਿਚ ਨਹੀਂ। ਮਿਸਾਲ ਵਜੋਂ ਗੋਰਸ ਕੈਂਸਰ ਠੀਕ ਨਹੀਂ ਕਰਦਾ, ਸਗੋਂ ਕੈਂਸਰ ਦੀ ਬੀਮਾਰੀ ਦੇ ਨਾਂ ਤੋਂ ਹੋਈ ਬੇਉਮੀਦੀ ਦੂਰ ਕਰਦਾ ਹੈ। ਜਦੋਂ ਮਰੀਜ਼ ਦੀ ਬੇਉਮੀਦੀ ਦੂਰ ਹੋ ਜਾਂਦੀ ਹੈ ਤਾਂ ਉਸ ਦੀ ਜੈਵਿਕ ਸ਼ਕਤੀ ਕੈਂਸਰ `ਤੇ ਆਪਣੇ ਆਪ ਭਾਰੂ ਹੋ ਜਾਂਦੀ ਹੈ। ਇਹੀ ਬੇਉਮੀਦੀ ਕਿਸੇ ਹੋਰ ਬਿਮਾਰੀ ਵਿਚ ਵੀ ਪਾਈ ਜਾ ਸਕਦੀ ਹੈ। ਅੱਜ ਕੱਲ੍ਹ ਕਰੋਨਾ ਦੀ ਮਹਾਮਾਰੀ ਫੈਲੀ ਹੋਈ ਹੈ। ਜਿਨ੍ਹਾਂ ਨੂੰ ਕਰੋਨਾ ਹੋਇਆ ਹੋਵੇ ਜਾਂ ਟੈਸਟ ਵਿਚ ਹੀ ਪਾਜ਼ੇਟਿਵ ਆਇਆ ਹੋਵੇ, ਉਨ੍ਹਾਂ ਵਿਚ ਡਰ ਤੇ ਬੇਉਮੀਦੀ ਆਉਣੀ ਸੁਭਾਵਿਕ ਹੈ। ਜੇ ਕਰੋਨਾ ਨਾਲ ਪੀੜਤ ਕੋਈ ਮਰੀਜ਼ ਆਪਣੇ ਬਚਣ ਦੀ ਆਸ ਛੱਡ ਬੈਠਾ ਹੋਵੇ ਅਰਥਾਤ ਜੇ ਉਹ ਸਮਝਦਾ ਹੋਵੇ ਕਿ ਉਸ ਨੇ ਮਰ ਤਾਂ ਜਾਣਾ ਹੀ ਹੈ, ਇਸ ਲਈ ਖਰਚਾ ਕਰਨ ਦੀ ਕੀ ਲੋੜ, ਲਿਹਾਜ਼ਾ ਕਹਿੰਦਾ ਹੋਵੇ ਕਿ ਉਸ ਨੂੰ ਹਸਪਤਾਲ ਵਿਚੋਂ ਕੱਢ ਕੇ ਘਰ ਲੈ ਜਾਇਆ ਜਾਵੇ, ਤਾਂ ਉਸ ਨੂੰ ਗੋਰਸ ਦੇਣ ਦਾ ਵਕਤ ਆ ਗਿਆ ਹੈ। ਬਿਮਾਰੀ ਭਾਵੇਂ ਕੈਂਸਰ ਹੋਵੇ ਜਾਂ ਕਰੋਨਾ, ਜੇ ਮਰੀਜ਼ ਇਲਾਜ ਤੋਂ ਜਾਂ ਜਿਊਣ ਤੋਂ ਬੇਉਮੀਦ ਹੋ ਗਿਆ ਹੋਵੇ ਤਾਂ ਗੋਰਸ ਦੋਹਾਂ ਦਾ ਇਲਾਜ ਕਰ ਦੇਵੇਗੀ!
ਕਈ ਲੋਕ ਜੋ ਵਧੇਰੇ ਘੋਖੀ ਹੁੰਦੇ ਹਨ, ਉਹ ਮੈਡੀਕਲ ਵਿਗਿਆਨ ਦੀਆਂ ਕਈ ਖੋਜਾਂ ਤੋਂ ਪ੍ਰਭਾਵਿਤ ਹੋ ਕੇ ਬੀਮਾਰ ਹੋ ਗਏ ਹੁੰਦੇ ਹਨ। ਕਈ ਕਹਿੰਦੇ ਹਨ, ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਹੋ ਗਿਆ ਹੈ, ਜਿਸ ਦਾ ਕੋਈ ਇਲਾਜ ਨਹੀਂ ਹੈ। ਕਈ ਸ਼ੂਗਰ, ਕੋਲੈਸਟਰੌਲ ਤੇ ਥਾਇਓਰਾਇਡ ਤੋਂ ਭੈਅਭੀਤ ਹੋ ਕੇ ਆਪਣੇ ਆਪ ਨੂੰ ਲਾ-ਇਲਾਜ ਸਮਝਦੇ ਫਿਰਦੇ ਹਨ। ਕਈਆਂ ਨੂੰ ਹੈਰੀਡਿਟੀ ਦਾ ਕੀੜਾ ਵੱਢ ਗਿਆ ਹੁੰਦਾ ਹੈ। ਉਹ ਸਮਝਦੇ ਹਨ ਕਿ ਫਲਾਂ ਤਕਲੀਫ ਉਨ੍ਹਾਂ ਦੇ ਪਿਉ-ਦਾਦੇ ਨੂੰ ਸੀ ਤੇ ਉਹ ਇਸ ਤੋਂ ਕਿਸੇ ਹਾਲਤ ਵਿਚ ਨਹੀਂ ਬਚ ਸਕਦੇ। ਕਈ ਤਾਂ ਇਸ ਦੇ ਪੂਰਵਜਿਆਂ ਵਿਚ ਹੋਣ ਵੇਲੇ ਦੀ ਉਮਰ ਦੇਖ ਕੇ ਆਪਣੀ ਬਿਮਾਰੀ ਜਾਂ ਮੌਤ ਦਾ ਸਮਾਂ ਵੀ ਨਿਸ਼ਚਿਤ ਕਰ ਲੈਂਦੇ ਹਨ। ਇਸ ਵਿਚਾਰ ਨਾਲ ਉਨ੍ਹਾਂ ਦੀ ਉਮੀਦ ਇਸ ਕਦਰ ਜੁੜ ਜਾਂਦੀ ਹੈ ਕਿ ਉਹ ਆਪਣੀ ਬਿਮਾਰੀ ਅੱਗੇ ਹਥਿਆਰ ਸੁੱਟ ਦਿੰਦੇ ਹਨ। ਅਜਿਹੀ ਹਾਲਤ ਵਿਚ ਗੋਰਸ ਹੀ ਉਨ੍ਹਾਂ ਦਾ ਦਿਮਾਗੀ ਕੀੜਾ ਕੱਢ ਕੇ ਉਨ੍ਹਾਂ ਨੂੰ ਸਹੀ ਰਾਹ `ਤੇ ਲਿਆ ਸਕਦੀ ਹੈ, ਪਰ ਜੇ ਉਹ ਸਿਰਫ ਡਰੇ ਹੋਏ ਹੋਣ, ਬੇਉਮੀਦੇ ਨਾ ਹੋਏ ਹੋਣ ਤਾਂ ਦਵਾਈ ਹੋਰ ਹੈ।
ਜਿਵੇਂ ਉਪਰ ਬਿਆਨ ਕੀਤਾ ਗਿਆ ਹੈ ਕਿ ਬੈਚ ਫੁੱਲ ਦਵਾਈਆਂ ਬਿਮਾਰੀ ਠੀਕ ਨਹੀਂ ਕਰਦੀਆਂ, ਸਗੋਂ ਅਲਾਮਤਾਂ ਦੂਰ ਕਰਦੀਆਂ ਹਨ। ਅਲਾਮਤਾਂ ਤੋਂ ਮੁਕਤ ਹੋ ਕੇ ਬਿਮਾਰ ਆਪਣੇ ਆਪ ਬਿਮਾਰੀ ਤੋਂ ਛੁਟਕਾਰਾ ਪਾ ਜਾਂਦਾ ਹੈ। ਜੇ ਨਾ-ਉਮੀਦੀ ਹੈ ਤਾਂ ਕਰੋਨਾ ਹੈ, ਜੋ ਘਾਤਕ ਹੈ ਤੇ ਮਾਰ ਦਿੰਦਾ ਹੈ। ਜੇ ਨਾਉਮੀਦੀ ਦੀ ਅਲਾਮਤ ਨਾ ਹੋਵੇ ਤਾਂ ਉਹੀ ਕਰੋਨਾ ਮਹਿਜ਼ ਇਕ ਜ਼ੁਕਾਮ ਹੈ, ਜੋ ਕੁਝ ਦਿਨਾਂ ਬਾਅਦ ਆਪਣੇ ਆਪ ਠੀਕ ਹੋ ਜਾਂਦਾ ਹੈ। ਇਸ ਲਈ ਇਲਾਜ ਕਰੋਨੇ ਦਾ ਨਹੀਂ, ਬੇਉਮੀਦੀ ਦਾ ਕਰਨਾ ਹੁੰਦਾ ਹੈ। ਇਸ ਅਲਾਮਤ ਨੂੰ ਖਾਰਜ਼ ਕਰਨ ਦੀ ਇਹ ਖਾਸੀਅਤ ਗੋਰਸ ਨੂੰ ਕਰੋਨਾ ਦੀ ਸਿਰਕੱਢ ਦਵਾਈ ਬਣਾਉਂਦੀ ਹੈ।
ਬੇਉਮੀਦੀ ਦੀ ਇਹ ਅਵਸਥਾ ਸਿਰਫ ਸਿਹਤ ਸਮੱਸਿਆਵਾਂ ਵਿਚ ਹੀ ਨਹੀਂ, ਸਗੋਂ ਹੋਰ ਬਹੁਤ ਸਾਰੀਆਂ ਸਥਿਤੀਆਂ ਵਿਚ ਵੀ ਪਾਈ ਜਾਂਦੀ ਹੈ। ਇਸ ਲਈ ਗੋਰਸ ਮੈਡੀਕਲ ਖੇਤਰ ਦੀ ਹੀ ਨਹੀਂ, ਸਗੋਂ ਸਮਾਜਕ ਤੇ ਆਰਥਿਕ ਖੇਤਰ ਦੀ ਦਵਾਈ (ਛੋਮਮੁਨਟਿੇ ੰੲਦਚਿਨਿੲ) ਵੀ ਹੈ। ਮਿਸਾਲ ਵਜੋਂ ਕਈ ਲੋਕ ਲਗਾਤਾਰ ਗਰੀਬੀ ਦੀ ਹਾਲਤ ਵਿਚ ਰਹਿੰਦੇ ਹੋਏ ਇਸ ਗੱਲੋਂ ਨਾਉਮੀਦ ਹੋ ਜਾਂਦੇ ਹਨ ਕਿ ਕਦੇ ਉਨ੍ਹਾਂ ਦੇ ਵੀ ਚੰਗੇ ਦਿਨ ਆਉਣਗੇ। ਉਹ ਲਿੱਸੇ ਹੋ ਕੇ ਪੈਰ ਘੜੀਸਣ ਲੱਗ ਜਾਂਦੇ ਹਨ। ਜਦੋਂ ਸੁਧਾਰ ਦੀ ਉਮੀਦ ਹੀ ਨਹੀਂ ਤਾਂ ਉੱਦਮ ਕੀ ਕਰਨਾ? ਨਾ ਉਹ ਆਪਣੇ ਸੋਸ਼ਕ ਪਛਾਣ ਕੇ ਸੰਘਰਸ਼ ਕਰਦੇ ਹਨ ਤੇ ਨਾ ਆਪ ਕੋਈ ਤਰਕੀਬ ਸੋਚ ਕੇ ਉੱਤੇ ਉੱਠਣ ਦੀ ਕੋਸ਼ਿਸ਼ ਕਰਦੇ ਹਨ। ਕਈ ਤਾਂ ਇੰਨੇ ਬੇਉਮੀਦੇ ਹੋ ਗਏ ਹੁੰਦੇ ਹਨ ਕਿ ਆਪਣੇ ਬੱਚਿਆਂ ਨੂੰ ਵੀ ਸਿੱਖਿਆ ਲਈ ਨਹੀਂ ਪ੍ਰੇਰਦੇ। ਫੁੱਲ ਦਵਾਈ ਗੋਰਸ ਉਨ੍ਹਾਂ ਲਈ ਬਹੁਮੁੱਖੀ ਰਾਹ ਖੋਲ੍ਹੇਗੀ। ਉਨ੍ਹਾਂ ਅੰਦਰ ਉੱਚਾ ਉੱਠਨ ਦੀ ਚਾਹ ਪੈਦਾ ਕਰੇਗੀ ਤੇ ਉਨ੍ਹਾਂ ਨੂੰ ਆਪਣੇ ਵਿਕਾਸ ਦੇ ਕਈ ਰਸਤੇ ਨਜ਼ਰ ਆਉਣੇ ਅਰੰਭ ਹੋ ਜਾਣਗੇ। ਪਰ ਯਾਦ ਰਹੇ, ਗੋਰਸ ਨੇ ਉਨ੍ਹਾਂ ਲਈ ਰੁਜ਼ਗਾਰ ਜਾਂ ਨੌਕਰੀਆਂ ਪੈਦਾ ਨਹੀਂ ਕਰਨੀਆਂ। ਇਸ ਨੇ ਤਾਂ ਇਨ੍ਹਾਂ ਮਾਯੂਸੀ ਭਰੇ ਵਿਅਕਤੀ ਨੂੰ ਨੌਕਰੀਆਂ ਦੀ ਭਾਲ ਤੇ ਪ੍ਰਾਪਤੀ ਲਈ ਤਿਆਰ ਕਰ ਕੇ ਦੂਜੇ ਪ੍ਰਤੀਯਾਸ਼ੀਆਂ ਵਾਂਗ ਸੰਘਰਸ਼ ਕਰਨ ਲਈ ਤਤਪਰ ਕਰਨਾ ਹੈ।
ਅੱਜ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਧਰਨੇ ਲਾਈ ਬੈਠੇ ਹਨ। ਉਨ੍ਹਾਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਨੂੰ ਗੋਰਸ ਦੀ ਕੋਈ ਲੋੜ ਨਹੀਂ ਹੈ, ਪਰ ਕਦੇ ਕਦੇ ਕੋਈ ਖਬਰ ਆਉਂਦੀ ਹੈ ਕਿ ਫਲਾਂ ਸੰਤ ਧਰਨੇ ਦੇ ਲੰਮਾ ਖਿੱਚਣ ਤੋਂ ਮਾਯੂਸ ਹੋ ਕੇ ਆਤਮ ਹੱਤਿਆ ਕਰ ਗਿਆ ਤੇ ਫਲਾਂ ਨੌਜਵਾਨ ਆਗੂ ਤਿੰਨ ਬਿਲ ਵਾਪਸ ਨਾ ਲਏ ਜਾਣ ਕਰਕੇ ਦਿਲਗੀਰ ਹੋ ਗਿਆ ਤੇ ਜ਼ਹਿਰ ਪੀ ਗਿਆ। ਕਈ ਨਿਰਾਸ਼ਾਵਾਦੀ ਅੰਦਰੋ ਅੰਦਰੀ ਅਜੇ ਵੀ ਖੁਦਕਸ਼ੀ ਕਰਨ ਦੇ ਕਿਨਾਰੇ ਹੋਣਗੇ। ਕਈ ਇੱਕਾ ਦੁੱਕਾ ਅਜਿਹੇ ਵੀ ਹੋਣਗੇ, ਜੋ ਸ਼ਰਮੋ-ਸ਼ਰਮੀ ਤਾਂ ਉੱਥੇ ਬੈਠੇ ਹਨ, ਪਰ ਅੰਦਰੋਂ ਬੇਆਸ ਹੋ ਚੁਕੇ ਹੋਣਗੇ। ਕਿਸਾਨ ਨੇਤਾਵਾਂ ਦੇ ਰੋਹਦਾਰ ਭਾਸ਼ਣ ਵੀ ਉਨ੍ਹਾਂ ਦੀ ਧੀਰ ਨਹੀਂ ਬੰਨ੍ਹਾ ਰਹੇ ਹੋਣਗੇ। ਅਜਿਹੇ ਸਾਰੇ ਕਿਸਾਨ ਧਰਨਾਕਾਰੀਆਂ ਨੂੰ ਲਗਾਤਾਰ ਦਸ ਦਿਨ ਗੋਰਸ ਦੀਆਂ ਖੁਰਾਕਾਂ ਦੀ ਲੋੜ ਹੈ। ਇਸ ਉਪਰੰਤ ਉਨ੍ਹਾਂ ਵਿਚ ਨਿਰਾਰਥਿਕਤਾ ਤੇ ਮਾਯੂਸੀ ਦਾ ਆਲਮ ਖਤਮ ਹੋ ਜਾਵੇਗਾ ਤੇ ਉਹ ਆਪਣਾ ਟੀਚਾ ਹਾਸਲ ਕਰਨ ਲਈ ਮੁੜ ਜੋਸ਼ੀਲੇ ਹੋ ਜਾਣਗੇ।
ਇਹ ਕਹਿਣ ਦੀ ਤਾਂ ਲੋੜ ਹੀ ਨਹੀਂ ਕਿ ਉਹ ਕਿਸਾਨ ਜੋ ਕਰਜ ਮੋੜਨ ਬਾਰੇ ਬੇਆਸ ਤੇ ਮਜ਼ਬੂਰ ਹੋ ਕੇ ਖੁਦਕਸ਼ੀਆਂ ਕਰੀ ਜਾਂਦੇ ਹਨ, ਉਨ੍ਹਾਂ ਵਿਚੋਂ ਵੀ ਬਹੁਤੇ ਗੋਰਸ ਦੇ ਮਰੀਜ਼ ਹੀ ਹਨ। ਉਹ ਤਾਂ ਇਸ ਨੂੰ ਅੱਜ ਹੀ ਲੈਣਾ ਸ਼ੁਰੂ ਕਰਨ ਤਾਂ ਜੋ ਉਨ੍ਹਾਂ ਦੀਆਂ ਕੀਮਤੀ ਜਾਨਾਂ ਬਚ ਸਕਣ। ਬੈਚ ਫੁੱਲ ਦਵਾਈਆਂ ਦੀ ਗਿਣਤੀ ਅਠੱਤੀ ਹੈ। ਜੇ ਗੋਰਸ ਨਹੀਂ ਤਾਂ ਕੋਈ ਹੋਰ ਦਵਾਈ ਉਨ੍ਹਾਂ ਦੇ ਕੰਮ ਆ ਜਾਵੇਗੀ। ਇਨ੍ਹਾਂ ਦੀ ਸਹੀ ਚੋਣ ਕਰ ਕੇ ਦੇਣ ਨਾਲ ਭਾਰਤ, ਖਾਸ ਕਰ ਕੇ ਪੰਜਾਬ ਵਿਚ ਦਹਾਕਿਆਂ ਤੋਂ ਚਲੀ ਆ ਰਹੀ ਖੁਦਕੁਸ਼ੀਆਂ ਦੀ ਸਮੱਸਿਆ ਫੌਰਨ ਸੁਲਝ ਜਾਵੇਗੀ। ਆਸ ਕੀਤੀ ਜਾਂਦੀ ਹੈ ਕਿ ਇਹ ਲੇਖ-ਲੜੀ ਪੜ੍ਹ ਕੇ ਕੋਈ ਸਮਾਜ-ਸੇਵੀ ਸੰਸਥਾ ਜਾਂ ਕੋਈ ਉਤਸ਼ਾਹੀ ਤੇ ਪਰਉਪਕਾਰੀ ਕਿਸਾਨ-ਪੁੱਤਰ ਦੇਸ ਦੇ ਗੁਮਰਾਹ ਅੰਨਦਾਤਿਆਂ ਨੂੰ ਬੇਵਕਤੀ ਮੌਤ ਤੋਂ ਜਰੂਰ ਬਚਾਵੇਗਾ।
ਗੋਰਸ ਦਾ ਖੇਤਰ ਬਹੁਤ ਵਿਸ਼ਾਲ ਹੈ। ਨਾਉਮੀਦੀ ਦੇ ਆਧਾਰ `ਤੇ ਇਸ ਨੂੰ ਕਿਤੇ ਵੀ ਵਰਤਿਆ ਜਾ ਸਕਦਾ ਹੈ। ਜੋ ਲੋਕ ਇਮਤਿਹਾਨ ਵਿਚ ਫੇਲ੍ਹ ਹੋ ਕੇ ਨਾਉਮੀਦ ਹੋ ਜਾਂਦੇ ਹਨ ਤੇ ਪੜ੍ਹਾਈ ਛੱਡ ਜਾਂਦੇ ਹਨ, ਉਹ ਇਸ ਨੂੰ ਵਰਤ ਕੇ ਫਿਰ ਕਾਮਯਾਬੀ ਦੀ ਰਾਹ `ਤੇ ਉਤਰ ਸਕਦੇ ਹਨ। ਬਿਜਨਸ ਵਿਚ ਫੇਲ੍ਹ ਹੋ ਕੇ ਜਾਂ ਦਿਵਾਲੀਏ ਹੋ ਕੇ ਨਿਰਾਸ਼ ਹੋਣ ਵਾਲੇ ਜਾਂ ਸ਼ੇਅਰ ਮਾਰਕਿਟ ਵਿਚ ਲੁਟੇ ਵਿਅਕਤੀ ਇਸ ਦਾ ਸੇਵਨ ਕਰਕੇ ਮੁੜ ਖੜ੍ਹੇ ਹੋ ਸਕਦੇ ਹਨ। ਹਿਮਾਲਾ ਦੀ ਚੋਟੀ `ਤੇ ਚੜ੍ਹਨ ਵਿਚ ਨਾਕਾਮਯਾਬ ਹੋਏ ਵਿਅਕਤੀ, ਜੋ ਆਸ ਦੀ ਢੇਰੀ ਢਾਹ ਕੇ ਬੈਠ ਗਏ ਹੋਣ, ਉਹ ਇਸ ਨੂੰ ਲੈ ਕੇ ਅਗਲੇ ਜਥੇ ਦਾ ਹਿੱਸਾ ਬਣ ਸਕਦੇ ਹਨ। ਖੇਡਾਂ ਵਿਚ ਹਾਰ ਕੇ ਬੇਆਸ ਹੋਏ ਖਿਡਾਰੀ ਵੀ ਇਸ ਤੋਂ ਪੂਰਾ ਲਾਭ ਉਠਾ ਸਕਦੇ ਹਨ। ਇਥੋਂ ਤੀਕ ਕਿ ਸੰਤਾਨ ਪ੍ਰਾਪਤੀ ਪੱਖੋਂ ਬੇਆਸ ਹੋਈਆਂ ਔਰਤਾਂ ਵੀ ਇਸ ਦੇ ਸੇਵਨ ਨਾਲ ਮਾਂਵਾਂ ਬਣ ਸਕਦੀਆਂ ਹਨ। ਇਸ ਦਵਾਈ ਦੇ ਪਰਉਪਕਾਰਾਂ ਦੀ ਕੋਈ ਸੰਖਿਆ ਜਾਂ ਸੀਮਾ ਨਹੀਂ ਹੈ।
ਕਈ ਧਾਰਮਿਕ ਰੁਚੀਆਂ ਵਾਲੇ ਸੱਜਣ ਧਾਰਮਿਕ ਵਿਚਾਰਾਂ ਦੇ ਗਲਤ ਅਰਥ ਕੱਢ ਕੇ ਬੇਆਸ ਹੋ ਜਾਂਦੇ ਹਨ। ਉਹ ਸਮਝਣ ਲਗਦੇ ਹਨ ਕਿ ਉਹ ਕੁਝ ਨਹੀਂ ਕਰ ਸਕਦੇ। ਉਨ੍ਹਾਂ ਅਨੁਸਾਰ ਜੋ ਹੋਣਾ ਹੈ, ਸੋ ਹੋਣਾ ਹੀ ਹੈ, ਇਸ ਲਈ ਭਾਣਾ ਮੰਨਣ ਤੋਂ ਬਿਨਾ ਕੁਝ ਨਹੀਂ ਕੀਤਾ ਜਾ ਸਕਦਾ। ਕਈ ਕਹਿੰਦੇ ਹਨ, ਕਰਤੇ ਦੀ ਮਰਜ਼ੀ ਅੱਗੇ ਸਭ ਉੱਦਮ ਫੇਲ੍ਹ ਹਨ। ਇਸ ਲਈ ਕੋਸਿ਼ਸ਼ ਦੀ ਥਾਂ, ਭਗਤੀ ਕਰਨ ਦੀ ਲੋੜ ਹੈ। ਕਈ ਕਹਿੰਦੇ ਹਨ, ਦੁੱਖ-ਸੁੱਖ ਸਭ ਪਰਮਾਤਮਾ ਵਲੋਂ ਆਉਂਦੇ ਹਨ, ਇਸ ਲਈ ਇਨ੍ਹਾਂ ਬਾਰੇ ਸੋਚਣਾ ਬੇਕਾਰ ਹੈ। ਕਈ ਕਹਿੰਦੇ ਹਨ ਕਿ ਗੁਰੂ ਸਾਹਿਬ ਤਾਂ ਅਦੁੱਤੀ ਪੁਰਸ ਸਨ, ਇਸ ਲਈ ਜੋ ਉਹ ਕਰ ਗਏ, ਉਹ ਅਸੀਂ ਨਹੀਂ ਕਰ ਸਕਦੇ। ਕਈ ਕਹਿੰਦੇ ਹਨ, ਸਾਨੂੰ ਉਨ੍ਹਾਂ ਵਾਂਗ ਕਰਨਾ ਹੀ ਨਹੀਂ ਚਾਹੀਦਾ, ਕਿਉਂਕਿ ਉਨ੍ਹਾਂ ਜਿਹੇ ਕਾਰਜ ਤਾਂ ਸਿਰਫ ਉਹੀ ਕਰ ਸਕਦੇ ਹਨ। ਅਜਿਹੇ ਸ਼ਰਧਾਲੂ ਤੇ ਵਿਦਵਾਨ ਆਪਣੇ ਦੁਆਲੇ ਆਤਮ-ਸੁਝਾਓ ਦਾ ਇਕ ਗਿਲਾਫ ਜਿਹਾ ਤਾਣ ਲੈਂਦੇ ਹਨ ਅਤੇ ਉਮੀਦ ਤੇ ਉੱਦਮ ਦੋਵੇਂ ਛੱਡ ਦਿੰਦੇ ਹਨ। ਗੋਰਸ ਉਨ੍ਹਾਂ ਦੀ ਸੋਚ ਨੂੰ ਗੁਰੂ ਸੋਝੀ ਅਨੁਸਾਰ ਸਹੀ ਰਾਹ ਦਿਖਾਵੇਗੀ। ਇਹ ਉਨ੍ਹਾਂ ਨੂੰ ਸੁਝਾਵੇਗੀ ਕਿ ਜੋ ਉਹ ਨਹੀਂ ਕਰ ਸਕਦੇ, ਉਹ ਤਾਂ ਹੋਣਾ ਹੀ ਨਹੀਂ, ਪਰ ਜੋ ਕਰ ਸਕਦੇ ਹਨ ਉਸ ਨੂੰ ਕਰਨ ਤੋਂ ਬੇਮੁਖ ਨਾ ਹੋਣ।
ਇਹ ਕੋਈ ਬੇਉਮੀਦੀ ਤੇ ਲਿਖਿਆ ਸਾਹਿਤਕ ਨਿਬੰਧ ਨਹੀਂ, ਸਗੋਂ ਬਿਮਾਰ ਮਾਨਸਿਕਤਾ ਨਾਲ ਜੁੜੀ ਦਿਲਗੀਰੀ ਦਾ ਵਿਸ਼ਲੇਸ਼ਣਾਤਮਿਕ ਬਿਰਤਾਂਤ ਹੈ, ਜਿਸ ਨੂੰ ਠੀਕ ਕਰਨ ਵਿਚ ਫੁੱਲ ਦਵਾਈ ਗੋਰਸ ਦੀ ਅਹਿਮ ਭੂਮਿਕਾ ਹੈ। ਗੋਰਸ ਸਮੇਤ ਸਭ ਫੁੱਲ ਦਵਾਈਆਂ ਦੀ ਅਸਲ ਕੀਮਤ (ਫਰਅਚਟਚਿਅਲ ੜਅਲੁੲ) ਇਨ੍ਹਾਂ ਨੂੰ ਬੀਮਾਰੀ ਦੀ ਅਵਸਥਾ ਵਿਚ ਪ੍ਰਯੋਗ ਕਰ ਕੇ ਹੀ ਜਾਣੀ ਜਾ ਸਕਦੀ ਹੈ। ਜੋ ਇਸ ਨੂੰ ਜਾਣਨ ਦੀ ਕੋਸਿ਼ਸ਼ ਕਰਦੇ ਹਨ, ਉਨ੍ਹਾਂ ਨੂੰ ਸਿਹਤਯਾਬੀ ਦੇ ਨਾਲ ਨਾਲ “ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ” ਦੇ ਮਹਾਵਾਕ ਦੇ ਅਰਥ ਵੀ ਕੁਝ ਕੁਝ ਜਰੂਰ ਸਮਝ ਆ ਜਾਣਗੇ।