ਪੰਜਾਬ ਕਾਂਗਰਸ ਵਿਚਾਲੇ ਚੱਲ ਰਹੀ ਠੰਢੀ ਜੰੰਗ ਨੇ ਹੁਣ ਭਾਂਬੜ ਦਾ ਰੂਪ ਧਰਿਆ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਕੋਟਕਪੂਰਾ ਗੋਲੀ ਕਾਂਡ ਖਿਲਾਫ ਬਣੀ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਨੂੰ ਖਾਰਜ ਕੀਤੇ ਜਾਣ ਮਗਰੋਂ ਸਾਬਕਾ ਮੰਤਰੀ ਤੇ ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ਨੇ ਸਿਆਸੀ ਤੌਰ ‘ਤੇ ਲਕੀਰ ਖਿੱਚਣੀ ਸ਼ੁਰੂ ਕਰ ਦਿੱਤੀ ਸੀ। ਦਿਨੋ-ਦਿਨ ਨਵਜੋਤ ਸਿੱਧੂ ਆਪਣਾ ਪਾਰਾ ਸਿਖਰ ‘ਤੇ ਲਿਜਾ ਰਹੇ ਹਨ ਜਿਸ ਨੂੰ ਲੈ ਕੇ ਕੈਪਟਨ ਸਰਕਾਰ ਵਿਚ ਘੁਸਰ-ਮੁਸਰ ਕਾਫੀ ਵਧ ਗਈ ਹੈ।

ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇਕ ਵਾਰ ਫਿਰ ਕਟਹਿਰੇ ਵਿਚ ਖੜ੍ਹਾ ਕਰ ਕੇ ਸਿਆਸੀ ਜੰਗ ਭਖਾ ਦਿੱਤੀ ਹੈ। ਉਧਰ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੰਗ ਉਠਾਈ ਹੈ ਕਿ ਪੰਜਾਬ ਸਰਕਾਰ ਵੱਲੋਂ ਕੇਸਾਂ ਦੀ ਪੈਰਵਾਈ ਲਈ ਏਜੀ ਦਫਤਰ ਨੂੰ ਛੱਡ ਕੇ ਬਾਹਰੋਂ ਹਾਇਰ ਕੀਤੇ ਗਏ ਸਾਰੇ ਵਕੀਲਾਂ ਨੂੰ ਪ੍ਰਤੀ ਪੇਸ਼ੀ ਦਿੱਤੀਆਂ ਗਈਆਂ ਫੀਸਾਂ ਬਾਰੇ ਵ੍ਹਾਈਟ ਪੇਪਰ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹੁਣ ਫੌਰੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਦਾ ਸਰਕਾਰ ਵਿਚ ਭਰੋਸਾ ਕਾਇਮ ਰੱਖਿਆ ਜਾ ਸਕੇ।
ਅੰਦਰੋ-ਅੰਦਰੀ ਚੱਲ ਰਹੀ ਠੰਢੀ ਜੰੰਗ ਹੁਣ ਭਾਂਬੜ ਬਣਦੀ ਜਾਪਦੀ ਹੈ। ਨਵਜੋਤ ਸਿੱਧੂ ਨੇ ਬੇਅਦਬੀ ਦੇ ਮਾਮਲੇ ‘ਤੇ ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਸਵਾਲ ਉਠਾਏ ਹਨ, ਉਥੇ ਹੀ ਸੋਸ਼ਲ ਮੀਡੀਆ ‘ਤੇ ਆਮ ਲੋਕ ਨਵਜੋਤ ਸਿੱਧੂ ‘ਤੇ ਵੀ ਉਂਗਲ ਉਠਾ ਰਹੇ ਹਨ। ਨਵਜੋਤ ਸਿੱਧੂ ਲੰਘੇ ਕਈ ਦਿਨਾਂ ਤੋਂ ਟਵੀਟ ਕਰ ਕੇ ਅਸਿੱਧੇ ਢੰਗ ਨਾਲ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ। ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਖਾਰਜ ਹੋਣ ਮਗਰੋਂ ਮੁੱਖ ਮੰਤਰੀ ਨੇ ਹਾਲੇ ਤੱਕ ਕੋਈ ਜਨਤਕ ਸਪੱਸ਼ਟੀਕਰਨ ਨਹੀਂ ਦਿੱਤਾ ਹੈ। ਉਧਰ, ਕਾਂਗਰਸ ਹਾਈਕਮਾਂਡ ਵੱਲੋਂ ਵੀ ਪੰਜਾਬ ਦੀ ਉਲਝ ਰਹੀ ਸਿਆਸੀ ਤਾਣੀ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ। ਇਸੇ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਾਂਗਰਸ ਹਾਈਕਮਾਂਡ ਨੂੰ ਇਕ ਚਿੱਠੀ ਲਿਖ ਕੇ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਵਿਚਾਲੇ ਚੱਲ ਰਹੀ ਖਿੱਚੋਤਾਣ ਵਿਚ ਦਖਲ ਦੇਣ ਦੀ ਮੰਗ ਕੀਤੀ ਹੈ। ਸ੍ਰੀ ਵੇਰਕਾ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਅਦਾਲਤ ਦੇ ਫੈਸਲੇ ਦੀ ਕਾਪੀ ਪ੍ਰਾਪਤ ਹੋਣ ਮਗਰੋਂ ਕਾਨੂੰਨੀ ਨੁਕਤੇ ਵਿਚਾਰਨੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੁਕਤਿਆਂ ਨੂੰ ਪਾਰਟੀ ਵਿਚ ਰੱਖਣਾ ਚਾਹੀਦਾ ਸੀ ਅਤੇ ਪਾਰਟੀ ਪਲੇਟਫਾਰਮ ‘ਤੇ ਮੰਥਨ ਕਰਨਾ ਚਾਹੀਦਾ ਸੀ, ਨਾ ਕਿ ਜਨਤਕ ਤੌਰ ‘ਤੇ। ਉਨ੍ਹਾਂ ਕਿਹਾ ਕਿ ਸਰਕਾਰ ਤਾਂ ਇਸ ਵੇਲੇ ਕੋਵਿਡ ਅਤੇ ਕਣਕ ਦੀ ਖਰੀਦ ਦੀ ਚੁਣੌਤੀ ਨਾਲ ਨਜਿੱਠਣ ਲੱਗੀ ਹੋਈ ਹੈ। ਇਸ ਤਰ੍ਹਾਂ ਦੇ ਹਾਲਾਤ ਵਿਚ ਕੋਈ ਮੁੱਦਾ ਉਠਾਉਣ ਨਾਲ ਸਰਕਾਰ ਦਾ ਧਿਆਨ ਭਟਕਦਾ ਹੈ। ਉਨ੍ਹਾਂ ਕਿਹਾ ਕਿ ਹਾਈਕਮਾਂਡ ਨੂੰ ਦਖਲ ਦੇ ਕੇ ਇਹ ਮਾਮਲਾ ਹੱਲ ਕਰਨਾ ਚਾਹੀਦਾ ਹੈ।
ਨਵਜੋਤ ਸਿੱਧੂ ਨੇ ਮੁੱਖ ਮੰਤਰੀ ‘ਤੇ ਨਿਸ਼ਾਨਾ ਸੇਧਦਾ ਇਕ ਹੋਰ ਟਵੀਟ ਕੀਤਾ ਜਿਸ ‘ਚ ਕਿਹਾ ਗਿਆ ਹੈ, ‘ਕੀ ਗ੍ਰਹਿ ਮੰਤਰੀ ਲਈ ਬੇਅਦਬੀ ਕੇਸ ਸਭ ਤੋਂ ਅਹਿਮ ਨਹੀਂ ਸੀ? ਆਪਣੀ ਜਿੰਮੇਵਾਰੀ ਕਿਸੇ ਦੇ ਸਿਰ ਮੜ੍ਹਨੀ ਅਤੇ ਸਿਰਫ ਐਡਵੋਕੇਟ ਜਨਰਲ ਨੂੰ ਹੀ ਬਲੀ ਦਾ ਬੱਕਰਾ ਬਣਾਉਣ ਦਾ ਮਤਲਬ ਹੈ ਕਿ ਨਜ਼ਰਸਾਨੀ ਦਾ ਕੰਟਰੋਲ ਕਾਰਜਕਾਰੀ ਅਥਾਰਿਟੀ ਦੇ ਹੱਥਾਂ ਵਿਚ ਨਹੀਂ ਹੈ? ਫਿਰ ਐਡਵੋਕੇਟ ਜਨਰਲ ਦੀ ਲਗਾਮ ਕਿਸ ਦੇ ਹੱਥ ਹੈ। ਜ਼ਿੰਮੇਵਾਰੀਆਂ ਤੋਂ ਭੱਜਣ ਦੀ ਇਸ ਖੇਡ ਵਿਚ ਕਾਨੂੰਨੀ ਟੀਮ ਦੇ ਮੈਂਬਰ ਤਾਂ ਮਹਿਜ ਪਿਆਦੇ ਹਨ।‘ ਨਵਜੋਤ ਸਿੱਧੂ ਦੇ ਇਸ ਟਵੀਟ ਨੂੰ ਆਮ ਲੋਕਾਂ ਨੇ ਰਲੇ-ਮਿਲੇ ਪ੍ਰਤੀਕਰਮ ਦਿੱਤੇ ਹਨ ਅਤੇ ਸਿੱਧੂ ‘ਤੇ ਵਿਅੰਗ ਵੀ ਕੱਸੇ ਹਨ।
_________________________________________________
ਬੇਅਦਬੀ ਕੇਸਾਂ ਦੀ ਜਾਂਚ ਲਈ ‘ਸਿਟ` ਕਾਇਮ ਹੋਵੇ: ਬਾਜਵਾ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੰਗ ਕੀਤੀ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਤਾਜ਼ਾ ਫੈਸਲੇ ਦੇ ਮੱਦੇਨਜ਼ਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੀਆਂ ਘਟਨਾਵਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਗਠਨ ਜਲਦੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ‘ਚ ਜਾਂਚ ਰਿਪੋਰਟ ਵੀ ਤੁਰਤ ਆਉਣੀ ਚਾਹੀਦੀ ਹੈ।
ਕਾਂਗਰਸ ਆਗੂ ਨੇ ਕਿਹਾ ਕਿ ਹਾਈ ਕੋਰਟ ਨੇ ਆਪਣੇ ਫੈਸਲੇ ਵਿਚ ਇਹ ਵੀ ਕਿਹਾ ਹੈ ਕਿ ਇਨ੍ਹਾਂ ਕੇਸਾਂ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਲੋੜ ਹੈ, ਜੋ ਨਿਰੰਤਰ ਇਨਸਾਫ ਦੀ ਉਡੀਕ ਕਰ ਰਹੇ ਹਨ। ਸ੍ਰੀ ਬਾਜਵਾ ਨੇ ਕਿਹਾ, ‘ਮੈਂ ਵੀ ਇਹੀ ਰਾਇ ਜ਼ਾਹਰ ਕੀਤੀ ਸੀ ਕਿ ਸਾਡੀ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਚੋਣ ਵਾਅਦੇ ਦੇ ਆਧਾਰ ‘ਤੇ ਸੱਤਾ ‘ਚ ਲਿਆਂਦਾ ਸੀ। ਇਸ ਲਈ, ਉਨ੍ਹਾਂ ਨੂੰ ਸਰਕਾਰ ਵੱਲੋਂ ਇਨਸਾਫ ਲਈ ਇੰਤਜ਼ਾਰ ਨਹੀਂ ਕਰਵਾਇਆ ਜਾਣਾ ਚਾਹੀਦਾ ਅਤੇ ਤੇਜੀ ਨਾਲ ਜਾਂਚ ਕਰਨੀ ਸਮੇਂ ਦੀ ਲੋੜ ਸੀ।”