ਕੈਪਟਨ ਵੱਲੋਂ ਕੇਂਦਰ ਸਰਕਾਰ ਦੀ ਟੀਕਾਕਰਨ ਨੀਤੀ ਪੱਖਪਾਤੀ ਕਰਾਰ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੀ ਨਵੀਂ ਟੀਕਾਕਰਨ ਨੀਤੀ ਨੂੰ ਸੂਬਿਆਂ ਲਈ ਪੱਖਪਾਤੀ ਕਰਾਰ ਦਿੱਤਾ ਹੈ। ਪਹਿਲੀ ਮਈ ਤੋਂ ਅਮਲ ਵਿਚ ਆਉਣ ਵਾਲੀ ਇਸ ਨੀਤੀ ਤਹਿਤ 18 ਸਾਲ ਤੋਂ ਵੱਧ ਉਮਰ ਵਰਗ ਦਾ ਟੀਕਾਕਰਨ ਹੋਣਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਵਿਡ-19 ਦੇ ਮੌਜੂਦਾ ਹਾਲਾਤ ਦੀ ਸਮੀਖਿਆ ਲਈ ਸੂਬੇ ਦੇ ਮੁੱਖ ਮੰਤਰੀਆਂ ਨਾਲ ਕੀਤੀ ਵਰਚੁਅਲ ਮੀਟਿੰਗ ਦੌਰਾਨ ਕੈਪਟਨ ਨੇ ਪਹਿਲੀ ਮਈ ਤੋਂ ਸ਼ੁਰੂ ਹੋਣ ਵਾਲੇ ਟੀਕਾਕਰਨ ਲਈ ਕੇਂਦਰ ਤੇ ਸੂਬਿਆਂ ਦੀ ਬਰਾਬਰ ਭਾਈਵਾਲੀ ਦੀ ਮੰਗ ਕੀਤੀ ਅਤੇ ਢੁਕਵੀਂ ਆਕਸੀਜਨ ਸਪਲਾਈ ਦਾ ਮੁੱਦਾ ਵੀ ਉਠਾਇਆ। ਮੁੱਖ ਮੰਤਰੀ ਨੇ ਟੀਕਾਕਰਨ ਲਈ ਕੇਂਦਰ ਸਰਕਾਰ ਤੋਂ ਫੰਡਾਂ ਦੀ ਮੰਗ ਵੀ ਕੀਤੀ। ਪੰਜਾਬ ਸਰਕਾਰ ਨੇ ਦੱਸਿਆ ਕਿ ਇਕ ਨਿਰਮਾਤਾ ਵੱਲੋਂ ਐਲਾਨੀਆ ਗਈਆਂ ਦਰਾਂ ‘ਤੇ ਕਰੀਬ 1000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਨੂੰ ਕੌਮੀ ਆਫਤ ਰਿਸਪੌਂਸ ਫੰਡ (ਐਸ.ਡੀ.ਆਰ.ਐਫ.) ਵਿਚੋਂ ਜਾਇਜ ਖਰਚੇ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਹਰਿਆਣਾ, ਹਿਮਾਚਲ ਪ੍ਰਦੇਸ ਤੇ ਉੱਤਰਾਖੰਡ ਤੋਂ ਪੰਜਾਬ ਨੂੰ ਆਕਸੀਜਨ ਦੀ ਹੋ ਰਹੀ ਸਪਲਾਈ ਨੂੰ ਹਾਈਜੈਕ ਕਰਨ ਦੀਆਂ ਕਨਸੋਆਂ ਹਨ। ਮੁੁੱਖ ਮੰਤਰੀ ਨੇ ਕਿਹਾ ਕਿ ਦੂਜੇ ਸੂਬਿਆਂ ਦੇ ਤਰਲ ਆਕਸੀਜਨ ਉਤਪਾਦਕ ਆਪਣੀ ਵਚਨਬੱਧਤਾ ਦਾ ਪਾਲਣ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਸਪਲਾਈ ਦੀ ਘਾਟ ਕਾਰਨ ਪਿਛਲੇ ਇਕ ਹਫਤੇ ਤੋਂ ਟੀਕਾਕਰਨ ਮੁਹਿੰਮ ਦੀ ਰਫਤਾਰ ਮੱਠੀ ਪਈ ਹੈ ਅਤੇ ਮੌਜੂਦਾ ਸਟਾਕ ਸਿਰਫ ਤਿੰਨ ਦਿਨ ਤੱਕ ਹੀ ਚੱਲੇਗਾ। ਮੁੱਖ ਮੰਤਰੀ ਨੇ ਰੈਮਡੇਸਿਵਿਰ ਅਤੇ ਟੋਸੀ ਵਰਗੀਆਂ ਦਵਾਈਆਂ ਦੀ ਘਾਟ ਅਤੇ ਕਾਲਾਬਾਜਾਰੀ ਵੱਲ ਵੀ ਇਸ਼ਾਰਾ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕੇਂਦਰੀ ਸੰਸਥਾਵਾਂ ਜਿਵੇਂ ਕਿ ਏਮਜ ਬਠਿੰਡਾ, ਪੀ.ਜੀ.ਆਈ. ਸੈਟੇਲਾਈਟ ਕੇਂਦਰ ਅਤੇ ਪੰਜਾਬ ਵਿਚਲੇ ਮਿਲਟਰੀ ਹਸਪਤਾਲ ਨੂੰ ਵਾਧੂ ਕੋਵਿਡ ਬੈੱਡ ਮੁਹੱਈਆ ਕਰਾਉਣ ਲਈ ਆਦੇਸ਼ ਦੇਣ। ਮੁੱਖ ਮੰਤਰੀ ਨੇ ਦੱਸਿਆ ਕਿ ਇਕ ਮਹੀਨੇ ਦੌਰਾਨ ਵਾਇਰਲ ਦੀ ਬਦਲ ਰਹੀ ਕਿਸਮ ਬਾਰੇ ਪੰਜਾਬ ਨੂੰ ਕੋਈ ਤਾਜ਼ਾ ਨਤੀਜਾ ਪ੍ਰਾਪਤ ਨਹੀਂ ਹੋਇਆ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੋਵਿਡ ਸਬੰਧੀ ਢੁਕਵੇਂ ਵਿਵਹਾਰ ‘ਤੇ ਸਹਿਮਤੀ ਪ੍ਰਗਟਾਉਣ ਦੀ ਅਪੀਲ ਵੀ ਕੀਤੀ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੋਵਿਡ ਦੇ ਟਾਕਰੇ ਲਈ ਸਖਤ ਅਮਲ ਨਾਲ ਕਈ ਤਰ੍ਹਾਂ ਦੇ ਰੋਕਥਾਮ ਉਪਾਅ ਕੀਤੇ ਗਏ ਹਨ ਜਿਸ ਤਹਿਤ ਵਿਸ਼ੇਸ਼ ਨਿਗਰਾਨ ਟੀਮਾਂ ਨਾਲ ਮਾਈਕਰੋ ਕੰਟੇਨਮੈਂਟ ਜ਼ੋਨਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਸਾਰੇ ਹਸਪਤਾਲਾਂ ਨੂੰ ਕੋਵਿਡ ਮਰੀਜ਼ਾਂ ਲਈ 75 ਫੀਸਦੀ ਬੈੱਡ ਰਾਖਵੇਂ ਰੱਖਣ ਅਤੇ 15 ਮਈ ਤੱਕ ਸਾਰੇ ਚੋਣਵੇਂ ਅਪ੍ਰੇਸ਼ਨਾਂ ਨੂੰ ਮੁਲਤਵੀ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਵਿਚ ਹਿਮਾਚਲ ਪ੍ਰਦੇਸ, ਜੰਮੂ, ਹਰਿਆਣਾ ਅਤੇ ਦਿੱਲੀ ਤੋਂ ਇਲਾਜ ਲਈ ਮਰੀਜ਼ ਆ ਰਹੇ ਹਨ, ਜੋ ਸੰਭਾਵੀ ਤੌਰ ‘ਤੇ ਸਥਾਨਕ ਲੋਕਾਂ ਦੇ ਰਿਸ਼ਤੇਦਾਰ ਹਨ। ਮੁੱਖ ਮੰਤਰੀ ਨੇ ਮੀਟਿੰਗ ਦੌਰਾਨ ਟੈਸਟਿੰਗ ਅਤੇ ਕੰਟੈਕਟ ਟਰੇਸਿੰਗ ਸਬੰਧੀ ਦੱਸਿਆ ਕਿ ਟੈਸਟਿੰਗ 8 ਅਪਰੈਲ ਨੂੰ ਹਰ ਰੋਜ਼ 35-40,000 ਟੈਸਟ ਤੋਂ ਇਕ ਦਿਨ ਵਿਚ 55-60,000 ਟੈਸਟਾਂ ਤੱਕ ਪਹੁੰਚ ਗਈ ਹੈ। ਪੰਜਾਬ ਵਿਚ ਦਸ ਲੱਖ ਦੀ ਆਬਾਦੀ ਪਿੱਛੇ ਟੈਸਟਿੰਗ ਕੌਮੀ ਔਸਤ ਨਾਲੋਂ ਕਾਫੀ ਜਿਆਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਕੰਟੈਕਟ ਟਰੇਸਿੰਗ ਵਧਾ ਕੇ 17.5 ਕੀਤੀ ਗਈ ਹੈ ਅਤੇ ਅਸੀਂ ਇਸ ਨੂੰ 20 ਤੋਂ ਉੱਪਰ ਪਹੁੰਚਾਉਣ ਲਈ ਕੰਮ ਕਰ ਰਹੇ ਹਾਂ।
_______________________________________________
ਰਾਜਾਂ ਨੂੰ 600, ਕੇਂਦਰ ਨੂੰ 150 ‘ਚ ਮਿਲੇਗਾ ਟੀਕਾ
ਨਵੀਂ ਦਿੱਲੀ: ਕਰੋਨਾ ਵਾਇਰਸ ਤੋਂ ਬਚਾਉਣ ਲਈ ਸਵਦੇਸ਼ੀ ਵੈਕਸੀਨ ‘ਕੋਵੈਕਸੀਨ` ਬਣਾਉਣ ਵਾਲੀ ਭਾਰਤ ਬਾਇਓਟੈੱਕ ਨੇ ਐਲਾਨ ਕੀਤਾ ਹੈ ਕਿ ਕੋਵੈਕਸੀਨ ਦੇ ਇਕ ਡੋਜ਼ ਦੀ ਕੀਮਤ ਰਾਜ ਸਰਕਾਰਾਂ ਲਈ 600 ਰੁਪਏ, ਨਿੱਜੀ ਹਸਪਤਾਲਾਂ ਲਈ 1200 ਰੁਪਏ ਅਤੇ ਪਹਿਲੀ ਮਈ ਤੋਂ 18 ਸਾਲ ਉਮਰ ਵਰਗ ਤੋਂ ਉੱਪਰ ਦੇ ਸਾਰੇ ਲੋਕਾਂ ਲਈ ਸ਼ੁਰੂ ਹੋ ਰਹੇ ਟੀਕਾਕਰਨ ਪ੍ਰੋਗਰਾਮ ਵਾਸਤੇ ਕੇਂਦਰ ਸਰਕਾਰ ਲਈ 150 ਰੁਪਏ ਤੈਅ ਕੀਤੀ ਗਈ ਹੈ। ਭਾਰਤ ਬਾਇਓਟੈੱਕ ਨੇ ਕਿਹਾ ਕਿ ਇਸ ਵੱਲੋਂ ਵੈਕਸੀਨ ਦੀ ਇਕ ਡੋਜ਼ 15-20 ਅਮਰੀਕੀ ਡਾਲਰ ਦੀ ਕੀਮਤ `ਤੇ ਬਰਾਮਦ ਕੀਤੀ ਜਾਵੇਗੀ। ਕੋਵੀਸ਼ੀਲਡ ਨਾਂ ਦੀ ਵੈਕਸੀਨ ਬਣਾਉਣ ਵਾਲੀ ਭਾਰਤੀ ਸੀਰਮ ਸੰਸਥਾ ਵੱਲੋਂ ਐਲਾਨੀ ਗਈ ਪ੍ਰਤੀ ਡੋਜ਼ ਦੀ ਕੀਮਤ ਵਾਂਗ ਹੀ ਹੁਣ ਭਾਰਤ ਬਾਇਓਟੈੱਕ ਵੱਲੋਂ ਆਪਣੀ ਵੈਕਸੀਨ ਦੀਆਂ ਕੀਮਤਾਂ ਦਾ ਐਲਾਨ ਕੀਤਾ ਗਿਆ ਹੈ।
__________________________________________________
ਮੋਦੀ ਰਾਜਾਂ ਨਾਲ ਪੱਖਪਾਤ ਕਰ ਰਹੇ: ਭਗਵੰਤ ਮਾਨ
ਚੰਡੀਗੜ੍ਹ: ਆਮ ਆਦਮੀ ਪਾਰਟੀ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਸਰਕਾਰ ‘ਤੇ ਕਈ ਸੂਬਿਆਂ ਨੂੰ ਕੋਵਿਡ-19 ਤੋਂ ਬਚਾਅ ਲਈ ਟੀਕੇ ਅਤੇ ਹੋਰ ਜ਼ਰੂਰੀ ਦਵਾਈਆਂ ਸਮੇਤ ਸਮੱਗਰੀ ਦੇਣ ਵਿਚ ਪੱਖਪਾਤ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੰਗਾਲ ਚੋਣਾਂ ਤੋਂ ਇਲਾਵਾ ਕੁਝ ਨਹੀਂ ਦਿਖ ਰਿਹਾ। ਸ੍ਰੀ ਮਾਨ ਕਿਹਾ ਕਿ ਮੋਦੀ ਭਾਜਪਾ ਦੀ ਸੱਤਾ ਵਾਲੇ ਸੂਬਿਆਂ ਨੂੰ ਵੱਧ ਤਰਜੀਹ ਦੇ ਰਹੇ ਹਨ, ਜਦੋਂ ਕਿ ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਘੱਟ ਗਿਣਤੀ ਵਿਚ ਵੈਕਸੀਨ ਤੇ ਹੋਰ ਡਾਕਟਰੀ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ।