ਪੰਜਾਬੀ ਅਤੇ ਪਰਵਾਸ

ਡਾ. ਸੁਖਦੇਵ ਸਿੰਘ
ਫੋਨ: +91-94177-15730
ਆਈਲੈਟਸ ਪਾਸ ਕਰ ਕੇ ਵਿਦੇਸ਼ ਜਾ ਰਹੇ ਲੜਕੇ ਦੇ ਮਾਪਿਆਂ ਵਲੋਂ ਪਿੰਡ ਵਿਚ ਗੁਰਦੁਆਰੇ ਦੇ ਗ੍ਰੰਥੀ ਕੋਲੋਂ ਸ਼ੁਕਰਾਨੇ ਦੀ ਅਰਦਾਸ ਕਰਵਾਉਣਾ ਅਤੇ ਹੋਰ ਮਾਪਿਆਂ ਵਲੋਂ ਆਪਣੇ ਬੱਚਿਆਂ ਦੇ ਇਹ ਟੈਸਟ ਪਾਸ ਹੋਣ ਵਾਸਤੇ ਸੁੱਖਾਂ ਸੁੱਖਣ ਬਾਰੇ ਬੋਲੇ ਧਾਰਮਿਕ ਸ਼ਬਦ ਪੰਜਾਬ ਦੇ ਧੁਰ ਅੰਦਰ ਤਕ ਉਪਜ ਰਹੀਆਂ ਆਰਥਕ, ਸਮਾਜਕ ਤੇ ਮਨੋਵਿਗਿਆਨਕ ਤਬਦੀਲੀਆਂ ਬਾਰੇ ਇੱਕ ਪ੍ਰੱਤਖ ਇਸ਼ਾਰਾ ਲਗਿਆ। ਜਿਥੇ ਪਹਿਲਾਂ ਲੋਕ ਘਰ ਦੀ ਖੈਰ ਸੁੱਖ, ਕੰਮਾਂ ਵਿਚ ਵਾਧੇ ਅਤੇ ਪਰਿਵਾਰਾਂ ਦੀ ਤੰਦਰੁਸਤੀ ਦੀ ਮੰਗ ਕਰਦੇ ਸਨ, ਉਥੇ ਹੁਣ ਵਿਦੇਸ਼ ਵਾਸਤੇ ਪੇਪਰ ਪਾਸ ਜਾਂ ਬਾਹਰ ਦਾ ਕੰਮ ਬਣਨ ਦੀਆਂ ਅਰਦਾਸਾਂ? ਰੱਬ ਖੈਰ ਕਰੇ! ਅੱਜ ਪੰਜਾਬ ਦੇ ਹਰ ਵੱਡੇ ਸ਼ਹਿਰ ਤੋਂ ਲੈ ਕੇ ਛੋਟੇ ਪਿੰਡਾਂ ਤੱਕ ਹਰ ਘਰ ਵਿਚ ਵਿਦੇਸ਼ ਜਾਣ ਦੀਆਂ ਬਹਿਸਾਂ ਸੁਣੀਆਂ ਜਾ ਸਕਦੀਆਂ ਹਨ। ਇਸ ਦਾ ਪ੍ਰਤੱਖ ਪ੍ਰਮਾਣ ਹਨ ਥਾਂ-ਥਾਂ ਖੁੱਲ੍ਹੇ ਆਈਲੈਟਸ (ਆਇਲਜ਼) ਸੈਂਟਰਾਂ ਅਤੇ ਬਾਇਉਮੀਟਰੀ ਸੈਂਟਰਾਂ ‘ਤੇ ਜੁੜਦੀਆਂ ਭੀੜਾਂ।

ਮੋਟੇ ਤੌਰ ‘ਤੇ ਇਕੱਲੇ ਪੰਜਾਬ ਵਿਚ ਹੀ 15000 ਦੇ ਕਰੀਬ ਆਈਲੈਟਸ (ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ) ਸੈਂਟਰ ਆਂਕੇ ਗਏ ਹਨ, ਜਦਕਿ ਹਜ਼ਾਰਾਂ ਦੀ ਤਾਦਾਤ ਵਿਚ ਏਜੰਟ ਸੈਂਟਰ ਕਾਰਜਸ਼ੀਲ ਹਨ। ਕਈ ਪੰਜਾਬੀ ਪਿੰਡਾਂ ਵਿਚ ਤਾਂ ਨੌਜੁਆਨ ਲੜਕਿਆਂ ਦੀ ਅਣਹੋਂਦ ਦੇ ਚਰਚੇ ਹਨ। ਪਿਛਲੀਆਂ ਪੰਚਾਇਤੀ ਚੋਣਾਂ ਦੌਰਾਨ ਤਾਂ ਕਈ ਪਿੰਡਾਂ ਵਿਚੋਂ ਉਮੀਦਵਾਰ ਨਾ ਮਿਲਣ ਦੀਆਂ ਖਬਰਾਂ ਵੀ ਪੜ੍ਹਨ ਨੂੰ ਮਿਲੀਆਂ। ਜਿਥੇ ਕੁਝ ਲੋਕ ਪਰਵਾਸ ਨੂੰ ਜਾਇਜ਼ ਤੇ ਸਮੇਂ ਦੀ ਜ਼ਰੂਰਤ ਮੰਨਦੇ ਹਨ, ਉਥੇ ਬਹੁਤ ਸਾਰੇ ਇਸ ਕਰ ਕੇ ਪੰਜਾਬ ਵਿਚਲੇ ਬਦਲਾਓ, ਖਾਲੀਪਣ ਤੇ ਆਉਣ ਵਾਲੇ ਸਮੇਂ ਵਿਚ ਪੈਦਾ ਹੋਣ ਵਾਲੀਆਂ ਹੋਰ ਮੁਸ਼ਕਿਲਾਂ ਬਾਰੇ ਗੰਭੀਰ ਹਨ।
ਪੁਰਾਣੇ ਕਬੀਲਿਆਂ ਅਤੇ ਖੇਤੀ ਆਧਾਰਿਤ ਸਮਾਜਿਕ ਬਣਤਰਾਂ ਵਿਚ ਵੀ ਵਪਾਰਕ ਕਾਫਲੇ ਦੂਰ-ਦੁਰੇਡੀਆਂ ਥਾਵਾਂ ‘ਤੇ ਜਾਂਦੇ ਪਰ ਵਸੇਬਾ ਵਧੇਰੇ ਕਰਕੇ ਜਨਮ ਭੋਇੰ ‘ਤੇ ਆਪਣੇ ਜੀਆਂ ਵਿਚ ਹੀ ਹੁੰਦਾ, ਜਦਕਿ ਕੁਝ ਵਿਸ਼ੇਸ਼ ਸਮਿਆਂ ਤਹਿਤ ਕਈ ਕਬੀਲੇ ਹੋਰ ਥਾਂ ਜਾ ਵਸਦੇ। ਮਿਆਂਮਾਰ (ਬਰਮਾ) ਵਿਚ ਜਾ ਕੇ ਕੰਮ/ਠੇਕੇਦਾਰੀ ਕਰ ਕੇ ਪੈਸਾ ਕਮਾ ਕੇ ਲਿਆਉਣਾ ਤਾਂ ਸਾਡੇ ਲੋਕ ਅਖਾਣਾਂ ਵਿਚ ਬਦਲ ਗਿਆ ਸੀ: ‘ਨਾ ਜਾਈਂ ਬਰਮਾ ਨੂੰ, ਭਾਗ ਜਾਣਗੇ ਨਾਲ’। ਕੁਝ ਸਮਾਂ ਪਹਿਲਾਂ ਤਕ ਫੌਜਾਂ ਵਿਚੋਂ ਰਿਟਾਇਰਮੈਂਟ ਉਪਰੰਤ ਵਧੇਰੇ ਫੌਜੀ ਆਪਣੇ ਪਿੰਡੀਂ ਆ ਵਸਦੇ। ਇਸੇ ਤਰ੍ਹਾਂ ਖਾੜੀ ਦੇਸ਼ਾਂ ਤੋਂ ਕਮਾਈ ਕਰ ਕੇ ਵੀ ਬਹੁਤੇ ਲੋਕ ਘਰਾਂ ਨੂੰ ਵਾਪਸੀ ਕਰਦੇ। ਪਿਛਲੇ ਕੁਝ ਸਾਲਾਂ ਵਿਚ ਸਾਡੇ ਦੇਸ਼ ਤੇ ਖਾਸ ਕਰ ਪੰਜਾਬ ਤੋਂ ਪਰਵਾਸ ਉਪਰੰਤ ਪੱਕੇ ਵਸੇਬੇ ਦਾ ਰੁਝਾਨ ਪੈਦਾ ਹੋ ਗਿਆ ਹੈ। ਲਗਭਗ ਇੱਕ ਸਦੀ ਪਹਿਲਾਂ ਦੁਆਬੇ ਤੋਂ ਪੱਛਮੀ ਦੇਸ਼ਾਂ ਨੂੰ ਸ਼ੁਰੂ ਹੋਏ ਪਰਵਾਸ ਨੇ ਹੁਣ ਸਾਰੇ ਪੰਜਾਬ ਨੂੰ ਕਲਾਵੇ ਵਿਚ ਲੈ ਲਿਆ ਹੈ। ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਬਾਰੇ ਲਿਟਰੇਚਰ ਤੋਂ ਅੰਦਾਜ਼ਾ ਹੁੰਦਾ ਹੈ 25 ਲੱਖ ਦੇ ਕਰੀਬ ਪੰਜਾਬੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਵਸ ਰਹੇ ਹਨ। ਅਜੋਕੇ ਸਮੇਂ ਪੰਜਾਬੀ ਪਰਵਾਸੀ ਬਹੁਲਤਾ ਵਾਲੇ ਦੇਸ਼ ਹਨ: ਕੈਨੇਡਾ, ਅਮਰੀਕਾ, ਬ੍ਰਿਟੇਨ, ਸਪੇਨ, ਆਸਟਰੇਲੀਆ, ਨਿਊੁਜ਼ੀਲੈਂਡ ਆਦਿ।
ਪਰਵਾਸ ਦੇ ਅਜੋਕੇ ਰੁਝਾਨ ਦਾ ਜੇ ਤੱਥ ਆਧਾਰਿਤ ਵਿਸ਼ਲੇਸ਼ਣ ਕਰੀਏ ਤਾਂ ਪਤਾ ਲੱਗੇਗਾ ਕਿ ਆਪਣੀ ਜਨਮ ਤੇ ਕਰਮ ਭੂਮੀ ਨੂੰ ਛੱਡ ਕੇ ਵਿਦੇਸ਼ਾਂ ਵਿਚ ਵਸੇਬੇ ਕਰਨ ਦਾ ਕੋਈ ਇੱਕ ਕਾਰਨ ਨਹੀਂ ਬਲਕਿ ਆਰਥਕ, ਸਮਾਜਕ, ਮਨੋਵਿਗਿਆਨਕ, ਰਾਜਨੀਤਕ ਅਤੇ ਸਮਾਜ ਵਿਚ ਉਭਰ ਰਹੇ ਹਾਲਾਤ ਸਮੇਤ ਅਨੇਕਾਂ ਹਨ। ਭਾਰਤ ਦੇ ਹੋਰ ਇਲਾਕਿਆਂ ਵਾਂਗ ਪੰਜਾਬ ਵੀ ਖੇਤੀ ਆਧਾਰਿਤ ਸਮਾਜ ਸੀ ਅਤੇ ਹੁਣ ਵੀ ਹੈ। ਜਿ਼ੰਦਗੀ ਸਾਦੀ ਸੀ ਪਰ ਜੀਵਨ ਹੁਲਾਸ ਵਾਲਾ ਸੀ। ‘ਜੋ ਸੁਖ ਛਜੂ ਦੇ ਚੁਬਾਰੇ ਨਾ ਉਹ ਬਲਖ ਨਾ ਬੁਖ਼ਾਰੇ’ ਵਰਗੀ ਭਾਵਨਾ ਸੀ।
ਹੁਣ ਹਾਲਾਤ ਬਦਲ ਗਏ ਹਨ। ਖੇਤੀ ਆਧਾਰਿਤ ਪੇਂਡੂ ਵਸੋਂ ਵਾਸਤੇ ਰੋਟੀ ਦਾ ਮਸਲਾ ਖੜ੍ਹਾ ਹੋ ਰਿਹਾ ਹੈ। ਪੰਜਾਬ ਸਮੇਤ ਦੇਸ਼ ਦੀ ਖੇਤੀ ਗਹਿਰੇ ਸੰਕਟ ਵਿਚ ਹੈ। ਜ਼ਮੀਨ ਦੀ ਪੁਸ਼ਤੀ ਵੰਡ ਕਾਰਨ ਵਾਹੀਯੋਗ ਜੋਤਾਂ ਦਾ ਆਕਾਰ ਘਟਣਾ, ਖੇਤੀ ਲਾਗਤਾਂ ਵਿਚ ਅਥਾਹ ਵਾਧਾ, ਉਤਪਾਦਨ ਦਾ ਢੁਕਵਾਂ ਮੁੱਲ ਨਾ ਮਿਲਣਾ, ਖਾਦਾਂ ਦੀ ਕੀਮਤ (ਡੀ.ਏ.ਪੀ., ਯੂਰੀਆ) ਵਿਚ ਅਥਾਹ ਵਾਧਾ ਤੇ ਸਮਰਥਨ ਮੁੱਲ ਤੋਂ ਸਰਕਾਰਾਂ ਦਾ ਕਿਨਾਰਾ ਕਰਨ ਦੀ ਤਿਆਰੀ, ਨਵੇਂ ਖੇਤੀ ਕਾਨੂੰਨ, ਸਮਾਜਕ ਜ਼ਰੂਰਤਾਂ ਦੀ ਪੂਰਤੀ ਆਦਿ ਕਰ ਕੇ ਨਿਰੋਲ ਖੇਤੀ ਆਧਾਰਿਤ ਪਰਿਵਾਰਾਂ ਦਾ ਗੁਜ਼ਾਰਾ ਦਿਨ-ਬ-ਦਿਨ ਔਖਾ ਹੋ ਰਿਹਾ ਹੈ ਅਤੇ ਹਾਲਾਤ ਹੋਰ ਵਿਗੜਨ ਦਾ ਖਦਸ਼ਾ ਹੈ। ਖੇਤੀ ਵਿਚੋਂ ਮੁਨਾਫਾ ਨਾ ਹੋਣ ਕਾਰਨ ਕਿਸਾਨਾਂ ਦੀ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ। ਕਰਜ਼ਾ ਨਾ ਮੋੜ ਸਕਣ ਦੀ ਸੂਰਤ ਵਿਚ ਅਤੇ ਕੁਝ ਹੋਰ ਕਾਰਨਾਂ ਕਰ ਕੇ ਆਤਮ-ਹਤਿਆਵਾਂ ਹੋ ਰਹੀਆਂ ਹਨ। ਪਿਛਲੇ ਤਿੰਨ ਦਹਾਕਿਆਂ ਵਿਚ ਮੋਟੇ ਤੌਰ ‘ਤੇ ਪੰਜਾਬ ਵਿਚ 20 ਹਜ਼ਾਰ ਦੇ ਕਰੀਬ ਕਿਸਾਨ ਅਤੇ ਖੇਤ ਮਜ਼ਦੁਰ ਖੁਦਕੁਸ਼ੀਆਂ ਕਰ ਚੁੱਕੇ ਹਨ ਜਦਕਿ ਭਾਰਤ ਵਿਚ ਇਹ ਅੰਕੜਾ 4 ਲੱਖ ਦੇ ਕਰੀਬ ਹੈ।
ਬਹੁਤ ਛੋਟੀਆਂ ਜੋਤਾਂ ਕਰ ਕੇ ਭਾਰਤ ਵਿਚ ਲੱਖਾਂ ਕਿਸਾਨ ਪਿਛਲੇ ਤਿੰਨ ਦਹਾਕਿਆਂ ਦੌਰਾਨ ਖੇਤੀ ਛੱਡ ਚੁੱਕੇ ਹਨ ਅਤੇ ਛੱਡ ਰਹੇ ਹਨ। ਪੰਜਾਬ ਵਿਚ ਵੀ ਇਹ ਪ੍ਰਕਿਰਿਆ ਤੇਜ਼ੀ ਫੜ ਰਹੀ ਹੈ। ਇਸ ਲਈ ਵਧੇਰੇ ਲੋਕ ਭਵਿੱਖ ਤੋਂ ਚਿੰਤਤ ਹੋ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜ ਰਹੇ ਹਨ। ਖੇਤੀ ਤੋਂ ਬਾਹਰ ਜੇ ਰੁਜ਼ਗਾਰ ਦੇ ਮੌਕੇ ਦੇਖੀਏ ਤਾਂ ਕਿਤੇ ਵੀ ਆਸ ਦੀ ਕਿਰਨ ਨਹੀਂ ਦਿਸਦੀ। ਪ੍ਰਾਈਵੇਟ ਸੈਕਟਰ ਵਿਚ ਰੁਜ਼ਗਾਰ ਦੀ ਖੜੋਤ ਅਤੇ ਪਬਲਿਕ ਸੈਕਟਰ ਵਿਚ ਅਸਲੋਂ ਹਨੇਰਾ ਤੇ ਵਧੇਰੇ ਬੱਚਿਆਂ ਦਾ ਖੇਤੀ ਵੱਲ ਝੁਕਾਅ ਨਾ ਹੋਣ ਕਰਕੇ ਵਿਦੇਸ਼ਾਂ ਨੂੰ ਵਹੀਰਾਂ ਤੇਜ਼ ਹੋ ਰਹੀਆਂ ਹਨ। ਅੱਜ 70-80% ਦੇ ਕਰੀਬ +2 ਪਾਸ ਪਾੜ੍ਹੇ ਆਈਲੈਟਸ ਕਰ ਕੇ ਵਿਦੇਸ਼ਾਂ ਵਿਚ ਵੱਖ-ਵੱਖ ਕੋਰਸਾਂ ਲਈ ਕਾਲਜਾਂ-ਯੂਨੀਵਰਸਿਟੀਆਂ ਦੀਆਂ ਮੋਟੀਆਂ ਫੀਸਾਂ ਭਰ ਕੇ ਜਾਣ ਨੂੰ ਤਤਪਰ ਹਨ ਜਦਕਿ ਲੱਖਾਂ ਹੀ ਹੋਰ ਜਾਇਜ਼/ਨਾਜਾਇਜ਼ ਵਿਆਹਾਂ ਦੇ ਜ਼ਰੀਏ, ਏਜੰਟਾਂ ਜਾਂ ਗੈਰ-ਕਾਨੂੰਨੀ ਢੰਗਾਂ ਰਾਹੀਂ ਬਾਹਰਲੇ ਮੁਲਕਾਂ ਵਿਚ ਦਾਖਲ ਹੁੰਦੇ ਜਾਂ ਯਤਨ ਕਰਦੇ ਹਨ। ਇਨ੍ਹਾਂ ਵਿਚੋਂ ਕੁਝ ਲੱਖਾਂ ਰੁਪਏ ਲਾ ਕੇ ਬਾਹਰ ਜਾਣ ਵਿਚ ਕਾਮਯਾਬ ਹੁੰਦੇ ਹਨ ਜਦਕਿ ਹਜ਼ਾਰਾਂ ਹੋਰ ਜਾਇਦਾਦਾਂ ਵੇਚ ਕੇ ਵੀ ਨਹੀਂ ਜਾ ਸਕਦੇ ਅਤੇ ਅਨੇਕਾਂ ਨਾਜਾਇਜ਼ ਢੰਗਾਂ ਰਾਹੀਂ ਜਾਂਦੇ ਮੌਤ ਦੇ ਮੂੰਹ ਜਾ ਡਿਗਦੇ ਹਨ ਜਾਂ ਜੇਲ੍ਹਾਂ ਦੀ ਹਵਾ ਖਾਂਦੇ ਹਨ।
ਅੱਜ ਸਾਡੇ ਦੇਸ਼ ਦੀ ਰਾਜਨੀਤਕ ਦੀ ਦਸ਼ਾ ਅਤੇ ਦਿਸ਼ਾ ਕਿਸੇ ਤੋਂ ਛੁਪੀ ਨਹੀਂ। ਤਰੱਕੀ ਦਾ ਜ਼ਰੂਰੀ ਪੱਖ ਹੁੰਦਾ ਹੈ ਦੇਸ਼ ਵਾਸੀਆਂ ਦਾ ਸ਼ਕਤੀਕਰਨ ਤੇ ਰਾਜਨੀਤੀ ਵਿਚ ਭਾਗੀਦਾਰੀ। ਆਜ਼ਾਦੀ ਦੀ ਪੌਣੀ ਸਦੀ ਬਾਅਦ ਵੀ ਲਗਦਾ ਹੈ ਕਿ ਆਮ ਲੋਕ ਬੇਸਹਾਰਾ ਹੀ ਮਹਿਸੂਸ ਕਰ ਰਹੇ ਹਨ। ਜੇ ਕਿਸੇ ਦਾ ਕੋਈ ਜੁਗਾੜ ਨਹੀਂ ਤਾਂ ਆਪਣੇ ਨਾਗਰਿਕ ਹੱਕਾਂ ਦੇ ਬਲਬੂਤੇ ਕਿਸੇ ਸਰਕਾਰੇ-ਦਰਬਾਰੇ, ਵੱਖ-ਵੱਖ ਸੰਸਥਾਵਾਂ ਤੇ ਹੁਣ ਅਦਾਲਤਾਂ ਵਿਚ ਕੋਈ ਪੁਛ-ਪ੍ਰਤੀਤ ਨਹੀਂ। ਨਾਗਰਿਕਾਂ ਦੀ ਭਲਾਈ ਅਤੇ ਜੀਵਨ ਵਿਚ ਤਰੱਕੀ ਹਿੱਤ ਉਸਾਰੇ ਦੇਸ਼ ਦੇ ਪਬਲਿਕ ਢਾਂਚਿਆਂ ਤੇ ਆਮ ਨਾਗਰਿਕ ਵਿਚ ਖਾਈ ਬਹੁਤ ਡੂੰਘੀ ਹੋ ਰਹੀ। ਪੂੰਜੀਵਾਦੀ ਨਿਜ਼ਾਮ ਦੇ ਗਲਬੇ ਕਾਰਨ ਜਿਥੇ ਪਬਲਿਕ ਸੈਕਟਰ ਦਾ ਖਾਤਮਾ ਹੋ ਰਿਹਾ ਹੈ, ਉਥੇ ਰਾਜ ਕਰਨ ਵਾਲੇ ਤੇ ਪੂੰਜੀਪਤੀਆਂ ਵਿਚ ਆਰਥਕ ਨਾ-ਬਰਾਬਰੀ ਇੰਨੀ ਵਧ ਗਈ ਹੈ ਕਿ ਆਮ ਨਾਗਰਿਕ ਹੀਆ ਨਹੀਂ ਕਰ ਸਕਦਾ। ਅੰਮ੍ਰਿਤਾ ਪ੍ਰੀਤਮ ਦਾ ਕਥਨ ‘ਕੈਦੋ ਸਮੇਂ ਦੇ ਹੋਰ ਵੀ ਡਾਢੇ ਤੇ ਚਾਕ ਸਮੇਂ ਦੇ ਹੋਰ ਮਜਬੂਰ ਹੋ ਗਏ’ ਅੱਜ ਵੀ ਢੁਕਵਾਂ ਮਹਿਸੂਸ ਹੁੰਦਾ ਹੈ। ਰਾਜਨੀਤੀ ਦਾ ਗਲਬਾ ਹਰ ਸੰਸਥਾ ‘ਤੇ ਭਾਰੂ ਹੈ। 1991 ਤੋਂ ਲਾਗੂ ਨਵੀਆਂ ਆਰਥਿਕ ਨੀਤੀਆਂ ਕਰ ਕੇ ਵੱਖ-ਵੱਖ ਪੱਖ, ਖਾਸ ਕਰ ਸਿਖਿਆ ਤੇ ਸਿਹਤ ਦੇ ਪ੍ਰਾਈਵੇਟ ਸੈਕਟਰ ਅਧੀਨ ਆਉਣ ਕਾਰਨ ਖਰਚੇ ਹੱਦੋਂ ਵਧ ਰਹੇ ਹਨ ਤੇ ਲੋਕ ਬੱਚਿਆਂ ਨੂੰ +2 ਦੀ ਪੜ੍ਹਾਈ ਕਰਾ ਕੇ ਔਖੇ-ਸੌਖੇ ਬਾਹਰ ਭੇਜਣ ਵਿਚ ਬਿਹਤਰੀ ਸਮਝ ਰਹੇ ਹਨ।
ਸਮਾਜ ਵਿਚ ਵਧ ਰਿਹਾ ਹਿੰਸਕ ਵਰਤਾਰਾ, ਆਮ ਨਾਗਰਿਕਾਂ ਦੇ ਬਣਦੇ ਹੱਕਾਂ ਤੇ ਸਨਮਾਨ ਦੀ ਅਣਦੇਖੀ, ਵੱਖ-ਵੱਖ ਤਰ੍ਹਾਂ ਦੇ ਜੁਰਮ, ਚੋਰੀਆਂ, ਕਤਲ, ਲੜਕੀਆਂ ਨਾਲ ਛੇੜਖਾਨੀ, ਬਲਾਤਕਾਰ, ਲਾਕਾਨੂੰਨੀ, ਨਸ਼ਿਆਂ ਕਰ ਕੇ ਮੌਤਾਂ ਬਾਰੇ ਛਪਦੀਆਂ ਖਬਰਾਂ, ਧਰਮਾਂ ਦੇ ਨਾਮ ‘ਤੇ ਉਲਝਣਾਂ, ਆਮ ਲੋਕਾਂ ਨੂੰ ਮਾਨਸਿਕ ਪੱਖੋਂ ਚਿੰਤਤ ਕਰ ਰਹੀਆਂ ਹਨ ਜਿਸ ਕਰ ਕੇ ਬਹੁਤ ਸਾਰੇ ਲੋਕਾਂ ਦੀ ਜ਼ਬਾਨ ‘ਤੇ ਹੈ ਕਿ ‘ਹੁਣ ਇਥੇ ਕੁਝ ਨਹੀਂ ਰਿਹਾ, ਬੱਚਿਆਂ ਨੂੰ ਬਾਹਰ ਭੇਜਣਾ ਬਿਹਤਰ ਹੈ’। ਲੇਖਕ ਦੇ ਇਕ ਵਿਦਿਆਰਥੀ ਵੱਲੋਂ ਇਕ ਖੋਜ ਕਾਰਜ ਵਿਚੋਂ ਸਿੱਟਾ ਨਿਕਲਿਆ ਕਿ 90% ਕਿਸਾਨ ਆਪਣੇ ਬੱਚਿਆਂ ਨੂੰ ਖੇਤੀ ਦੇ ਧੰਦੇ ਵਿਚ ਨਾ ਪਾ ਨੌਕਰੀ ‘ਚ ਜਾਂ ਵਿਦੇਸ਼ ਭੇਜਣਾ ਚਾਹੁੰਦੇ ਹਨ। ਹਰੇ ਇਨਕਲਾਬ ਦੇ ਚੰਗੇ ਮਾੜੇ ਨਤੀਜਿਆਂ ਨੇ ਜਿਥੇ ਪੰਜਾਬ ਦਾ ਕੁਦਰਤੀਪਣ ਖੋਹਿਆ ਹੈ, ਉਥੇ ਹੁਣ ਮਨੁੱਖੀ ਸ਼ਕਤੀ ਵੀ ਖੋਹ ਰਹੀ ਹੈ। ਉਂਝ ਵੀ ਵਧੇਰੇ ਮਾਪੇ ਵੀ ਬੱਚਿਆਂ ਨੂੰ ਬਾਹਰ ਤੋਰ ਆਪਣੀ ਜਿ਼ੰਮੇਦਾਰੀ ਤੋਂ ਫਾਰਗ ਹੋਣਾ ਚਾਹੁੰਦੇ ਹਨ। ਨਵੀਂ ਪੰਜਾਬੀ ਪਨੀਰੀ ਇਥੇ ਸੰਘਰਸ਼ ਦੇ ਰਾਹ ਤੋਂ ਵੀ ਕਿਨਾਰਾ ਕਰਦੀ ਦਿਸਦੀ ਹੈ। ਪੰਜਾਬ ਵਿਚ ਵਧੇਰੇ ਕੰਮ ਬਾਹਰਲੇ ਰਾਜਾਂ ਵਿਚੋਂ ਆਏ ਲੋਕ ਕਰ ਰਹੇ ਹਨ।
ਮਨੁੱਖੀ ਜੀਵਨ ਵਿਚ ਤਕਨਾਲੋਜੀ ਦੀ ਆਮਦ ਤੇ ਬਾਹਰਲੇ ਦੇਸ਼ਾਂ ਦੇ ਸਿਸਟਮ, ਤਲਿਸਮੀ ਖਿੱਚ ਆਦਿ ਕਰ ਕੇ ਵੀ ਲੋਕ ਵਿਦੇਸ਼ਾਂ ਨੂੰ ਤਰਜੀਹ ਦੇਣ ਲਗ ਪਏ ਹਨ। ਚੰਗੇਰੇ ਭਵਿੱਖ ਦੀ ਆਸ ਲਈ ਮਾਪਿਆਂ ਵਲੋਂ ਬੱਚਿਆਂ ਨੂੰ ਹਰ ਹੀਲੇ ਬਾਹਰ ਸੈੱਟ ਕਰਵਾਉਣ ਦੀ ਪ੍ਰਕਿਰਿਆ ਕਰ ਕੇ ਦੇਸ਼ ਅਤੇ ਵਿਦੇਸ਼ ਦੀਆਂ ਗੁੰਝਲਦਾਰ ਸਮਸਿਆਵਾਂ, ਆਪਣਿਆਂ/ਬਗਾਨਿਆਂ ਵਲੋਂ ਇਥੇ ਉਥੇ ਆਰਥਕ, ਮਾਨਸਿਕ ਤੇ ਜਿਸਮਾਨੀ ਸ਼ੋਸ਼ਣ ਅਤੇ ਮਾਨਵੀ ਰਿਸ਼ਤਿਆਂ ਦੀ ਟੁਟ ਭੱਜ ਵਿਚੋਂ ਉਪਜ ਰਹੀ ਗਹਿਰੀ ਮਾਨਸਿਕ ਪੀੜਾ ਹੁਣ ਸਾਹਿਤਕ ਲਿਖਤਾਂ ਦਾ ਵਿਸ਼ਾ ਬਣ ਰਹੀ ਹੈ। ਪਰਵਾਸ ਦਾ ਪ੍ਰਸ਼ਨ ਬਹੁਤ ਗੁੰਝਲਦਾਰ ਹੈ ਜਿਸ ਦਾ ਦਾ ਕੋਈ ਸੌਖਾ ਜਵਾਬ ਨਹੀਂ ਪਰ ਸਮਾਜ ਦੇ ਭਵਿਖ ਲਈ ਖੁੱਲ੍ਹੀ ਸੋਚ ਨਾਲ ਵਿਚਾਰਨ ਦੀ ਲੋੜ ਹੈ। ਜੇ ਪਰਵਾਸ ਨੂੰ ਠੱਲ੍ਹ ਪਾਉਣੀ ਹੈ ਤਾਂ ਆਰਥਕ ਵਸੀਲਿਆਂ ਨੂੰ ਉਪਜਾਉਣ ਦੇ ਨਾਲ ਨਾਲ ਲੋਕਾਂ ਨੂੰ ਆਪਣੀ ਧਰਤੀ ਨਾਲ ਜੁੜੇ ਰੱਖਣ ਹਿੱਤ, ਉਪਰੋਕਤ ਅਨੇਕਾਂ ਉਪਰਾਲਿਆਂ ਬਾਰੇ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੈ। ਗੁਰੂਆਂ, ਭਗਤਾਂ, ਪੀਰਾਂ, ਫਕੀਰਾਂ, ਸੂਫੀਆਂ, ਸੰਤਾਂ, ਨਾਥਾਂ, ਯੋਗੀਆਂ ਦੀ ਏਸ ਧਰਤੀ ਨੂੰ ਮੌਲਦਾ ਰੱਖਣ ਲਈ ਵਾਰਸਾਂ ਦੀ ਲੜੀ ਦੀ ਜ਼ਰੂਰਤ ਹੈ।